ਸਮੇਂ ਦਾ ਇਸਤੇਮਾਲ ਅਕਲਮੰਦੀ ਨਾਲ ਕਰੋ
1 ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਸਾਨੂੰ ਅਧਿਆਤਮਿਕ ਕੰਮਾਂ ਨੂੰ ਅਹਿਮੀਅਤ ਦੇਣ ਲਈ ਪ੍ਰੇਰਦੀ ਹੈ। ਉਸ ਦਾ ਬਚਨ ਸਾਨੂੰ ‘ਪਹਿਲਾਂ ਉਹ ਦੇ ਰਾਜ ਨੂੰ ਭਾਲਣ’ ਅਤੇ “ਚੰਗ ਚੰਗੇਰੀਆਂ ਗੱਲਾਂ” ਯਾਨੀ ਜ਼ਰੂਰੀ ਗੱਲਾਂ ਨੂੰ ਪਹਿਲ ਦੇਣ ਦੀ ਹਿਦਾਇਤ ਕਰਦਾ ਹੈ। (ਮੱਤੀ 6:33; ਫ਼ਿਲਿ. 1:10) ਅਸੀਂ ਘੱਟ ਜ਼ਰੂਰੀ ਕੰਮਾਂ ਵਿਚ ਰੁੱਝੇ ਰਹਿਣ ਦੀ ਬਜਾਇ ਰਾਜ ਦੇ ਕੰਮਾਂ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ?—ਅਫ਼. 5:15-17.
2 ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦਿਓ: ਇਨ੍ਹਾਂ ਕੰਮਾਂ ਲਈ ਸਮਾਂ ਤੈ ਕਰੋ ਤਾਂਕਿ ਗ਼ੈਰ-ਜ਼ਰੂਰੀ ਕੰਮ ਇਸ ਸਮੇਂ ਨਾ ਕੀਤੇ ਜਾਣ। ਕੁਝ ਭੈਣ-ਭਰਾ ਹਰ ਮਹੀਨੇ ਕਲੰਡਰ ਉੱਤੇ ਲਿਖ ਲੈਂਦੇ ਹਨ ਕਿ ਉਨ੍ਹਾਂ ਨੇ ਕਿਸ ਦਿਨ ਕਿਹੜੇ ਸਮੇਂ ਪ੍ਰਚਾਰ ਕਰਨ ਜਾਣਾ ਹੈ। ਫਿਰ ਉਹ ਧਿਆਨ ਰੱਖਦੇ ਹਨ ਕਿ ਇਸ ਸਮੇਂ ਉਹ ਕੋਈ ਹੋਰ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਅਸੀਂ ਸਭਾਵਾਂ, ਨਿੱਜੀ ਅਧਿਐਨ ਅਤੇ ਸੰਮੇਲਨਾਂ ਦੇ ਸੰਬੰਧ ਵਿਚ ਵੀ ਕਰ ਸਕਦੇ ਹਾਂ। ਕਈਆਂ ਨੇ ਹਰ ਰੋਜ਼ ਬਾਈਬਲ ਪੜ੍ਹਨ ਦਾ ਪੱਕਾ ਸਮਾਂ ਰੱਖਿਆ ਹੋਇਆ ਹੈ। ਹਰ ਮਹੱਤਵਪੂਰਣ ਕੰਮ ਲਈ ਪੱਕਾ ਸਮਾਂ ਰੱਖੋ ਅਤੇ ਇਸ ਸਮੇਂ ਤੇ ਦੂਜੀਆਂ ਗੱਲਾਂ ਨੂੰ ਬਿਨਾਂ ਵਜ੍ਹਾ ਰੁਕਾਵਟ ਨਾ ਬਣਨ ਦਿਓ।—ਉਪ. 3:1; 1 ਕੁਰਿੰ. 14:40.
3 ਸੰਸਾਰ ਦੀ ਵਰਤੋਂ ਘੱਟ ਕਰੋ: ਕੁਝ ਦੇਸ਼ਾਂ ਵਿਚ ਆਸਾਨੀ ਨਾਲ ਖੇਡਾਂ, ਮਨੋਰੰਜਨ ਤੇ ਹੋਰ ਚੀਜ਼ਾਂ ਦਾ ਆਨੰਦ ਲਿਆ ਜਾ ਸਕਦਾ ਹੈ ਤੇ ਆਪਣੇ ਸ਼ੌਕ ਪੂਰੇ ਕੀਤੇ ਜਾ ਸਕਦੇ ਹਨ। ਕਈ ਆਪਣਾ ਬਹੁਤਾ ਸਮਾਂ ਟੈਲੀਵਿਯਨ ਦੇਖਣ ਜਾਂ ਕੰਪਿਊਟਰ ਤੇ ਬੈਠੇ ਰਹਿਣ ਵਿਚ ਬਿਤਾ ਦਿੰਦੇ ਹਨ। ਪਰ ਮਨੋਰੰਜਨ ਕਰਨ ਅਤੇ ਇਸ ਦੁਨੀਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਵਿਚ ਰੁੱਝੇ ਰਹਿਣ ਨਾਲ ਸਾਨੂੰ ਕੁਝ ਹਾਸਲ ਨਹੀਂ ਹੋਵੇਗਾ। (1 ਯੂਹੰ. 2:15-17) ਇਸ ਲਈ ਬਾਈਬਲ ਸਾਨੂੰ ਸੰਸਾਰ ਦੀ ਵਰਤੋਂ ਘੱਟ ਕਰਨ ਲਈ ਕਹਿੰਦੀ ਹੈ। (1 ਕੁਰਿੰ. 7:31) ਇਸ ਵਧੀਆ ਸਲਾਹ ਤੇ ਚੱਲ ਕੇ ਅਸੀਂ ਯਹੋਵਾਹ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲੀ ਥਾਂ ਦਿੰਦੇ ਹਾਂ।—ਮੱਤੀ 6:19-21.
4 ਇਸ ਦੁਨੀਆਂ ਦਾ ਬਾਕੀ ਰਹਿੰਦਾ ਸਮਾਂ ਖ਼ਤਮ ਹੋਣ ਹੀ ਵਾਲਾ ਹੈ। ਜੋ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ, ਉਹ ਖ਼ੁਸ਼ ਹੋਣਗੇ ਤੇ ਪਰਮੇਸ਼ੁਰ ਦੀ ਮਿਹਰ ਪਾਉਣਗੇ। (ਕਹਾ. 8:32-35; ਯਾਕੂ. 1:25) ਇਸ ਲਈ ਆਓ ਆਪਾਂ ਆਪਣੇ ਕੀਮਤੀ ਸਮੇਂ ਦਾ ਇਸਤੇਮਾਲ ਅਕਲਮੰਦੀ ਨਾਲ ਕਰੀਏ।