ਤੁਹਾਡਾ ਕੀ ਦਸਤੂਰ ਹੈ?
1 ਮਸੀਹੀ ਸਭਾਵਾਂ ਸਾਡੀ ਭਗਤੀ ਦਾ ਇਕ ਅਹਿਮ ਹਿੱਸਾ ਹਨ। ਇਸ ਲਈ ਪੌਲੁਸ ਨੇ ਸਾਨੂੰ ਠੀਕ ਹੀ ਕਿਹਾ ਕਿ ਅਸੀਂ ਆਪਸ ਵਿਚ ਇਕੱਠੇ ਹੋਣਾ ਨਾ ਛੱਡੀਏ “ਜਿਵੇਂ ਕਈਆਂ ਦਾ ਦਸਤੂਰ ਹੈ।” (ਟੇਢੇ ਟਾਈਪ ਸਾਡੇ।)—ਇਬ. 10:25.
2 ਕੀ ਮਸੀਹੀ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਮਿਲਣ ਬਾਰੇ ਤੁਹਾਡੀ ਵੀ ਇਹੋ ਮਨੋਬਿਰਤੀ ਹੈ? ਇਸ ਬਾਰੇ ਤੁਹਾਡੇ ਦਸਤੂਰ ਤੋਂ ਕੀ ਪਤਾ ਲੱਗਦਾ ਹੈ? ਕੀ ਤੁਸੀਂ ਸਾਰੀਆਂ ਸਭਾਵਾਂ ਵਿਚ, ਇੱਥੋਂ ਤਕ ਕਿ ਕਲੀਸਿਯਾ ਪੁਸਤਕ ਅਧਿਐਨ ਵਿਚ ਵੀ ਬਾਕਾਇਦਾ ਹਾਜ਼ਰ ਹੁੰਦੇ ਹੋ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਸਭਾਵਾਂ ਵਿਚ ਨਾ ਜਾਣਾ ਤੁਹਾਡਾ ਦਸਤੂਰ ਬਣ ਗਿਆ ਹੈ? ਤੁਹਾਡੀ ਜ਼ਿੰਦਗੀ ਵਿਚ ਸਭਾਵਾਂ ਦੀ ਕੀ ਅਹਿਮੀਅਤ ਹੈ? ਕੀ ਤੁਸੀਂ ਦੂਜਿਆਂ ਨੂੰ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਲਈ ਉਤਸ਼ਾਹਿਤ ਕਰਦੇ ਹੋ? ਕੀ ਤੁਸੀਂ ਸਮਾਰਕ ਸਮਾਰੋਹ ਵਿਚ ਆਏ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਬਾਕਾਇਦਾ ਸਭਾਵਾਂ ਵਿਚ ਆਉਣ?
3 ਰੋਜ਼-ਮੱਰਾ ਦੀ ਜ਼ਿੰਦਗੀ ਵਿਚ ਭਾਵੇਂ ਅਸੀਂ ਕਿੰਨੇ ਵੀ ਰੁੱਝੇ ਕਿਉਂ ਨਾ ਹੋਈਏ, ਸਾਨੂੰ ਪੌਲੁਸ ਦੀ ਸਲਾਹ ਦੀ ਅਹਿਮੀਅਤ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇਹ ਗੱਲ ਤਾਂ ਠੀਕ ਹੈ ਕਿ ਕਦੇ-ਕਦੇ ਸਿਹਤ ਖ਼ਰਾਬ ਹੋ ਜਾਂਦੀ ਹੈ ਜਾਂ ਅਜਿਹੇ ਮੁਸ਼ਕਲ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਕਾਰਨ ਇਕ ਮਸੀਹੀ ਲਈ ਸਭਾਵਾਂ ਵਿਚ ਆਉਣਾ ਮੁਮਕਿਨ ਨਹੀਂ ਹੁੰਦਾ, ਪਰ ਫਿਰ ਵੀ ਇਹ ਸਾਡਾ ਦਸਤੂਰ ਨਹੀਂ ਬਣਨਾ ਚਾਹੀਦਾ। (ਰੋਮੀ. 2:21) ਇਕ ਮਸੀਹੀ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕਈ ਪਰਮੇਸ਼ੁਰੀ ਕੰਮ ਵੀ ਸ਼ਾਮਲ ਹੁੰਦੇ ਹਨ, ਪਰ ਫਿਰ ਵੀ ਉਸ ਨੂੰ ਚੰਗ ਚੰਗੇਰੀਆਂ ਜਾਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਪਹਿਲ ਦੇਣ ਦੀ ਲੋੜ ਹੈ। (ਫ਼ਿਲਿ. 1:10) ਮਸੀਹੀਆਂ ਦੀਆਂ ਜ਼ਿਆਦਾ ਮਹੱਤਵਪੂਰਣ ਗੱਲਾਂ ਵਿਚ ਸਭਾਵਾਂ ਵੀ ਸ਼ਾਮਲ ਹਨ ਜੋ ਸਾਡੀ ਅਧਿਆਤਮਿਕ ਭਲਾਈ ਲਈ ਬਹੁਤ ਜ਼ਰੂਰੀ ਹਨ।
ਇਕ-ਦੂਜੇ ਨੂੰ ਉਭਾਰੋ
4 ਰੋਮ ਦੇ ਭੈਣ-ਭਰਾਵਾਂ ਨੂੰ ਲਿਖਦੇ ਸਮੇਂ ਪੌਲੁਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਬਹੁਤ ਤਰਸਦਾ ਸੀ। ਕਿਉਂ? ਕਿਉਂਕਿ ਉਹ ਉਨ੍ਹਾਂ ਨੂੰ ਕੋਈ ਅਧਿਆਤਮਿਕ ਦਾਨ ਦੇਣਾ ਚਾਹੁੰਦਾ ਸੀ ਤਾਂਕਿ ਉਹ “ਤਕੜੇ” ਹੋ ਜਾਣ। (ਰੋਮੀ. 1:11) ਉਸ ਨੂੰ ਪਤਾ ਸੀ ਕਿ ਭੈਣ-ਭਰਾਵਾਂ ਨਾਲ ਸੰਗਤੀ ਕਰਨੀ ਕਿੰਨੀ ਮਹੱਤਵਪੂਰਣ ਤੇ ਜ਼ਰੂਰੀ ਸੀ ਕਿਉਂਕਿ ਪੌਲੁਸ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ “ਦੋਵੇਂ ਧਿਰਾਂ ਉਤਸਾਹ ਪ੍ਰਾਪਤ” ਕਰ ਸਕਦੀਆਂ ਹਨ। (ਰੋਮੀ. 1:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਾਂ ਜਿਵੇਂ ਨਿਊ ਵਰਲਡ ਟ੍ਰਾਂਸਲੇਸ਼ਨ ਰੈਫਰੈਂਸ ਬਾਈਬਲ ਦਾ ਫੁਟਨੋਟ ਕਹਿੰਦਾ ਹੈ: “ਇਕੱਠੇ ਉਤਸ਼ਾਹ ਹਾਸਲ ਕਰੀਏ।” ਰਸੂਲ ਹੋਣ ਦੇ ਬਾਵਜੂਦ ਵੀ ਪੌਲੁਸ ਨੇ ਮਸੀਹੀਆਂ ਨਾਲ ਸੰਗਤੀ ਕਰ ਕੇ ਉਤਸ਼ਾਹ ਹਾਸਲ ਕਰਨ ਦੀ ਜ਼ਰੂਰਤ ਨੂੰ ਜਾਣਿਆ।
5 ਇਸੇ ਤਰ੍ਹਾਂ ਸਾਨੂੰ ਵੀ ਆਪਣੀਆਂ ਸਭਾਵਾਂ ਵਿਚ ਇਕ-ਦੂਜੇ ਨੂੰ ਪ੍ਰੇਮ ਤੇ ਸ਼ੁਭ ਕਰਮਾਂ ਲਈ ਉਭਾਰਨਾ ਚਾਹੀਦਾ ਹੈ। ਇਕ ਦੋਸਤਾਨਾ ਮੁਸਕਾਨ ਤੇ ਦੂਜਿਆਂ ਦਾ ਨਿੱਘਾ ਸੁਆਗਤ ਕਰਨ ਨਾਲ ਉਨ੍ਹਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ। ਹੌਸਲਾ ਵਧਾਉਣ ਵਾਲੀਆਂ ਟਿੱਪਣੀਆਂ ਅਤੇ ਚੰਗੀ ਤਰ੍ਹਾਂ ਤਿਆਰ ਕੀਤੇ ਭਾਸ਼ਣਾਂ ਨੂੰ ਸੁਣ ਕੇ ਅਤੇ ਦੂਜਿਆਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਹੋਏ ਦੇਖ ਕੇ, ਨਾਲੇ ਸਭਾਵਾਂ ਵਿਚ ਭਰਾਵਾਂ ਨਾਲ ਸੰਗਤੀ ਕਰ ਕੇ ਵੀ ਸਾਨੂੰ ਬੜਾ ਉਤਸ਼ਾਹ ਮਿਲ ਸਕਦਾ ਹੈ। ਭਾਵੇਂ ਅਸੀਂ ਸ਼ਾਮ ਤਕ ਥੱਕ ਜਾਂਦੇ ਹਾਂ, ਪਰ ਆਮ ਤੌਰ ਤੇ ਅਸੀਂ ਦੇਖਾਂਗੇ ਕਿ ਸਭਾਵਾਂ ਵਿਚ ਆਉਣ ਤੋਂ ਬਾਅਦ ਸਾਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ। ਆਪਣੇ ਮਸੀਹੀ ਭੈਣ-ਭਰਾਵਾਂ ਦੀ ਦੋਸਤੀ ਤੇ ਉਨ੍ਹਾਂ ਦੇ ਪਿਆਰ ਤੋਂ ਸਾਨੂੰ ‘ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜਨ’ ਦੀ ਹੱਲਾ-ਸ਼ੇਰੀ ਮਿਲਦੀ ਹੈ। (ਇਬ. 12:1) ਪਰਮੇਸ਼ੁਰ ਦੇ ਬਚਨ ਨੂੰ ਧਿਆਨ ਨਾਲ ਸੁਣਨ ਦੁਆਰਾ ਅਸੀਂ ਬਿਨਾਂ ਡਗਮਗਾਏ ਆਪਣੀ ਆਸ ਨੂੰ ਮਜ਼ਬੂਤੀ ਨਾਲ ਫੜੀ ਰੱਖਾਂਗੇ ਤੇ ਲੋਕਾਂ ਨੂੰ ਇਸ ਆਸ ਬਾਰੇ ਦੱਸ ਸਕਾਂਗੇ। ਸੱਚ-ਮੁੱਚ ਸਭਾਵਾਂ ਵਿਚ ਆਉਣ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ।
6 ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਪ੍ਰੇਮ ਤੇ ਭਲੇ ਕੰਮਾਂ ਲਈ ਉਕਸਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਆਪਸ ਵਿਚ ਇਕੱਠੇ ਹੋਣ ਨੂੰ ਛੱਡ ਦੇਣ ਦੇ ਦਸਤੂਰ ਜਾਂ ਆਦਤ ਨੂੰ ਨਹੀਂ ਅਪਣਾਉਣਾ ਚਾਹੀਦਾ। ਦੂਜਿਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਮਦਦ ਕਰਨ ਦਾ ਸਾਨੂੰ ਪੂਰਾ ਜਤਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਸਭਾਵਾਂ ਵਿਚ ਬਾਕਾਇਦਾ ਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਹੜੇ ਸਮਾਰਕ ਸਮਾਰੋਹ ਵਿਚ ਆਏ ਸਨ। ਇਸ ਤਰ੍ਹਾਂ ਅਸੀਂ ਦੂਜਿਆਂ ਲਈ ਪਿਆਰ ਤੇ ਮਸੀਹੀ ਸਭਾਵਾਂ ਲਈ ਕਦਰ ਦਿਖਾਵਾਂਗੇ।