ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚੋ
1 ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ “ਪਾਲਨਾ” ਕਰਨੀ ਸਿਖਾਉਣ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ। (ਮੱਤੀ 28:19, 20) ਜੇ ਇਕ ਵਿਅਕਤੀ ਨੇ ਮਸੀਹ ਦੇ ਹੁਕਮਾਂ ਦੀ “ਪਾਲਨਾ” ਕਰਨੀ ਹੈ, ਤਾਂ ਇਨ੍ਹਾਂ ਦੀ ਜਾਣਕਾਰੀ ਉਸ ਦੇ ਦਿਲ ਤਕ ਪਹੁੰਚਣੀ ਚਾਹੀਦੀ ਹੈ। (ਜ਼ਬੂ. 119:112) ਤੁਸੀਂ ਉਸ ਵਿਅਕਤੀ ਦੇ ਦਿਲ ਤਕ ਕਿੱਦਾਂ ਪਹੁੰਚ ਸਕਦੇ ਹੋ ਜਿਸ ਨਾਲ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ?
2 ਯਹੋਵਾਹ ਦੇ ਨਿਰਦੇਸ਼ਨ ਲਈ ਪ੍ਰਾਰਥਨਾ ਕਰੋ: ਚੇਲੇ ਬਣਾਉਣ ਦਾ ਕੰਮ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ। ਇਸ ਕੰਮ ਵਿਚ ਅਸੀਂ ਉਸ ਦੀ ਬਰਕਤ ਨਾਲ ਹੀ ਕਾਮਯਾਬ ਹੋ ਸਕਦੇ ਹਾਂ, ਨਾ ਕਿ ਆਪਣੀ ਕਾਬਲੀਅਤ ਨਾਲ। (ਰਸੂ. 16:14; 1 ਕੁਰਿੰ. 3:7) ਇਸ ਲਈ, ਦੂਜਿਆਂ ਨੂੰ ਸੱਚਾਈ ਸਿਖਾਉਣ ਵਿਚ ਯਹੋਵਾਹ ਦੀ ਮਦਦ ਲਈ ਪ੍ਰਾਰਥਨਾ ਕਰਨੀ ਬੇਹੱਦ ਜ਼ਰੂਰੀ ਹੈ।—ਯਸਾ. 50:4.
3 ਵਿਦਿਆਰਥੀ ਦੇ ਵਿਸ਼ਵਾਸਾਂ ਨੂੰ ਜਾਣੋ: ਲੋਕੀ ਕੀ ਵਿਸ਼ਵਾਸ ਕਰਦੇ ਹਨ ਤੇ ਕਿਉਂ ਕਰਦੇ ਹਨ, ਇਹ ਜਾਣਨ ਨਾਲ ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਅਸੀਂ ਕੀ ਕਹਿਣਾ ਹੈ। ਵਿਦਿਆਰਥੀ ਕਿਸੇ ਖ਼ਾਸ ਸਿੱਖਿਆ ਤੇ ਕਿਉਂ ਵਿਸ਼ਵਾਸ ਕਰਦਾ ਹੈ? ਕਿਸ ਗੱਲ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਹ ਸਿੱਖਿਆ ਸਹੀ ਹੈ? ਅਜਿਹੀ ਜਾਣਕਾਰੀ ਸਾਨੂੰ ਸਮਝਦਾਰੀ ਨਾਲ ਗੱਲ ਕਰਨ ਵਿਚ ਮਦਦ ਦੇ ਸਕਦੀ ਹੈ।—ਰਸੂ. 17:22, 23.
4 ਬਾਈਬਲ ਤੇ ਆਧਾਰਿਤ ਤਰਕਸੰਗਤ ਦਲੀਲ ਦਿਓ: ਵਿਦਿਆਰਥੀ ਨੂੰ ਤਰਕਸੰਗਤ ਤਰੀਕੇ ਨਾਲ ਸੱਚਾਈ ਦੱਸੋ। (ਰਸੂ. 17:24-31) ਸਾਨੂੰ ਆਪਣੀ ਆਸ ਦਾ ਠੋਸ ਸਬੂਤ ਦੇਣਾ ਚਾਹੀਦਾ ਹੈ। (1 ਪਤ. 3:15) ਪਰ ਹਮੇਸ਼ਾ ਪਿਆਰ ਤੇ ਧੀਰਜ ਨਾਲ ਇਸ ਤਰ੍ਹਾਂ ਕਰੋ।
5 ਦ੍ਰਿਸ਼ਟਾਂਤ ਵੀ ਦਿਓ: ਦ੍ਰਿਸ਼ਟਾਂਤ ਨਾ ਸਿਰਫ਼ ਵਿਦਿਆਰਥੀ ਲਈ ਕਿਸੇ ਮੁੱਦੇ ਨੂੰ ਸਮਝਣਾ ਆਸਾਨ ਬਣਾਉਂਦੇ ਹਨ, ਸਗੋਂ ਉਸ ਦੇ ਦਿਲ ਨੂੰ ਵੀ ਛੂਹ ਲੈਂਦੇ ਹਨ। ਇਹ ਦਿਲ-ਦਿਮਾਗ਼ ਦੋਵਾਂ ਤੇ ਅਸਰ ਕਰਦੇ ਹਨ। ਯਿਸੂ ਅਕਸਰ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਸੀ। (ਮਰ. 4:33, 34) ਬੇਸ਼ੱਕ, ਦ੍ਰਿਸ਼ਟਾਂਤਾਂ ਦੇ ਅਸਰਦਾਰ ਹੋਣ ਲਈ ਜ਼ਰੂਰੀ ਹੈ ਕਿ ਇਹ ਚਰਚਾ ਕੀਤੀ ਜਾ ਰਹੀ ਗੱਲਬਾਤ ਨਾਲ ਅਤੇ ਵਿਦਿਆਰਥੀ ਦੀ ਜ਼ਿੰਦਗੀ ਨਾਲ ਢੁਕਦੇ ਹੋਣ।
6 ਸੱਚਾਈ ਉੱਤੇ ਚੱਲਣ ਦੇ ਫ਼ਾਇਦਿਆਂ ਬਾਰੇ ਦੱਸੋ: ਲੋਕੀ ਜਾਣਨਾ ਚਾਹੁੰਦੇ ਹਨ ਕਿ ਉਹ ਜੋ ਕੁਝ ਸਿੱਖ ਰਹੇ ਹਨ, ਉਸ ਤੇ ਅਮਲ ਕਰਨ ਨਾਲ ਕੀ ਫ਼ਾਇਦੇ ਹੁੰਦੇ ਹਨ। ਦੂਜਾ ਤਿਮੋਥਿਉਸ 3:14-17 ਵਿਚ ਦਿੱਤੇ ਪੌਲੁਸ ਦੇ ਬੁੱਧੀਮਾਨੀ ਭਰੇ ਸ਼ਬਦਾਂ ਨੂੰ ਸਮਝਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰੋ।
7 ਜੇ ਕੋਈ ਤੁਹਾਡੇ ਸਿਖਾਉਣ ਦੇ ਬਾਵਜੂਦ ਸੱਚਾਈ ਨੂੰ ਸਵੀਕਾਰ ਨਹੀਂ ਕਰਦਾ, ਤਾਂ ਨਿਰਾਸ਼ ਨਾ ਹੋਵੋ। ਸਾਰੇ ਲੋਕਾਂ ਦੇ ਦਿਲ ਸੱਚਾਈ ਸਵੀਕਾਰ ਨਹੀਂ ਕਰਨਗੇ। (ਮੱਤੀ 13:15) ਪਰ ਕੁਝ ਲੋਕ ਜ਼ਰੂਰ ਵਿਸ਼ਵਾਸੀ ਬਣਨਗੇ। (ਰਸੂ. 17:32-34) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਲੋਕਾਂ ਦੇ ਦਿਲਾਂ ਵਿਚ ਖ਼ੁਸ਼ ਖ਼ਬਰੀ ਬਿਠਾਉਣ ਲਈ ਤੁਸੀਂ ਜੋ ਜਤਨ ਕਰ ਰਹੇ ਹੋ, ਉਨ੍ਹਾਂ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਯਿਸੂ ਦੇ ਹੁਕਮਾਂ ਨੂੰ ਮੰਨਣ ਤੇ ਉਨ੍ਹਾਂ ਦੀ “ਪਾਲਨਾ” ਕਰਨ ਵਿਚ ਮਦਦ ਮਿਲੇ।