ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਅਕਤੂਬਰ ਸਫ਼ੇ 13-19
  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਨੂੰ ਸਿਖਾਉਣ ਦਿਓ
  • ਜੋਸ਼ ਅਤੇ ਪੂਰੇ ਵਿਸ਼ਵਾਸ ਨਾਲ ਸਿਖਾਓ
  • ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ
  • ਸਮਰਪਣ ਅਤੇ ਬਪਤਿਸਮੇ ਦੇ ਟੀਚੇ ʼਤੇ ਜ਼ੋਰ ਦਿਓ
  • ਸਮੇਂ-ਸਮੇਂ ʼਤੇ ਦੇਖੋ ਕਿ ਵਿਦਿਆਰਥੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ
  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਪਹਿਲਾ ਭਾਗ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਅਕਤੂਬਰ ਸਫ਼ੇ 13-19

ਅਧਿਐਨ ਲੇਖ 42

ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ

“ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।”—1 ਤਿਮੋ. 4:16.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

ਖ਼ਾਸ ਗੱਲਾਂa

1. ਅਸੀਂ ਕਿਵੇਂ ਜਾਣਦੇ ਹਾਂ ਕਿ ਚੇਲੇ ਬਣਾਉਣ ਦਾ ਕੰਮ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਹੈ?

ਚੇਲੇ ਬਣਾਉਣ ਦਾ ਕੰਮ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਹੈ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਮੱਤੀ 28:19, 20 ਵਿਚ ਦਰਜ ਹੁਕਮ ਦਿੰਦੇ ਵੇਲੇ ਯਿਸੂ ਨੇ ਕਿਹਾ: “ਜਾਓ . . . ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।” ਅਸੀਂ ਬਪਤਿਸਮੇ ਦੀ ਅਹਿਮੀਅਤ ਬਾਰੇ ਕੀ ਜਾਣਦੇ ਹਾਂ? ਮੁਕਤੀ ਪਾਉਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਬਪਤਿਸਮੇ ਦੇ ਉਮੀਦਵਾਰ ਨੂੰ ਨਿਹਚਾ ਕਰਨੀ ਚਾਹੀਦੀ ਹੈ ਕਿ ਮੁਕਤੀ ਸਿਰਫ਼ ਯਿਸੂ ਦੀ ਕੁਰਬਾਨੀ ਅਤੇ ਉਸ ਨੂੰ ਜੀਉਂਦਾ ਕੀਤੇ ਜਾਣ ਕਰਕੇ ਹੀ ਮੁਮਕਿਨ ਹੋਈ ਹੈ। ਇਸ ਕਰਕੇ ਪਤਰਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ: “ਬਪਤਿਸਮਾ ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਹੁਣ ਤੁਹਾਨੂੰ . . . ਬਚਾ ਰਿਹਾ ਹੈ।” (1 ਪਤ. 3:21) ਇਸ ਲਈ ਜਦੋਂ ਇਕ ਵਿਦਿਆਰਥੀ ਬਪਤਿਸਮਾ ਲੈਂਦਾ ਹੈ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਦਾ ਹੈ।

2. ਦੂਜਾ ਤਿਮੋਥਿਉਸ 4:1, 2 ਅਨੁਸਾਰ ਸਾਨੂੰ ਕਿੱਦਾਂ ਦੇ ਸਿੱਖਿਅਕ ਬਣਨਾ ਚਾਹੀਦਾ ਹੈ?

2 ਚੇਲੇ ਬਣਾਉਣ ਲਈ ਸਾਨੂੰ ਆਪਣੀ “ਸਿਖਾਉਣ ਦੀ ਕਲਾ” ਨੂੰ ਨਿਖਾਰਨ ਦੀ ਲੋੜ ਹੈ। (2 ਤਿਮੋਥਿਉਸ 4:1, 2 ਪੜ੍ਹੋ।) ਕਿਉਂ? ਕਿਉਂਕਿ ਯਿਸੂ ਨੇ ਕਿਹਾ: “ਜਾਓ . . . ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਸਿਖਾਓ।” ਪੌਲੁਸ ਰਸੂਲ ਨੇ ਇਹ ਕੰਮ ‘ਕਰਦੇ ਰਹਿਣ’ ਲਈ ਕਿਹਾ। ਕਿਉਂ? ਕਿਉਂਕਿ ‘ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਓਗੇ।’ ਇਸ ਚੰਗੇ ਕਾਰਨ ਕਰਕੇ ਪੌਲੁਸ ਨੇ ਕਿਹਾ: “ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” (1 ਤਿਮੋ. 4:16) ਸਿੱਖਿਆ ਦੇ ਕੰਮ ਨੂੰ ਚੇਲੇ ਬਣਾਉਣ ਦੇ ਕੰਮ ਨਾਲ ਜੋੜਿਆ ਗਿਆ ਹੈ। ਇਸ ਕਰਕੇ ਅਸੀਂ ਵਧੀਆ ਸਿੱਖਿਅਕ ਬਣਨਾ ਚਾਹੁੰਦੇ ਹਾਂ।

3. ਇਸ ਲੇਖ ਵਿਚ ਅਸੀਂ ਬਾਈਬਲ ਸਟੱਡੀਆਂ ਕਰਾਉਣ ਬਾਰੇ ਕੀ ਦੇਖਾਂਗੇ?

3 ਅਸੀਂ ਬਾਕਾਇਦਾ ਲੱਖਾਂ ਹੀ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੇ ਹਾਂ। ਪਰ ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਵਿੱਚੋਂ ਹੋਰ ਲੋਕਾਂ ਦੀ ਯਿਸੂ ਮਸੀਹ ਦੇ ਬਪਤਿਸਮਾ-ਪ੍ਰਾਪਤ ਚੇਲੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਪੰਜ ਹੋਰ ਕੰਮ ਦੇਖਾਂਗੇ ਜੋ ਹਰ ਸਿੱਖਿਅਕ ਨੂੰ ਕਰਨ ਦੀ ਲੋੜ ਹੈ ਤਾਂਕਿ ਉਹ ਆਪਣੇ ਵਿਦਿਆਰਥੀ ਦੀ ਤਰੱਕੀ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕਰ ਸਕੇ।

ਬਾਈਬਲ ਨੂੰ ਸਿਖਾਉਣ ਦਿਓ

ਤਸਵੀਰਾਂ: 1. ਪਿਛਲੇ ਲੇਖ ਵਿਚ ਦਿਖਾਈ ਗਈ ਭੈਣ ਆਪਣੀ ਬਾਈਬਲ ਵਿਦਿਆਰਥਣ ਨਾਲ ਬਾਈਬਲ ਸਟੱਡੀ ਕਰਦੀ ਹੋਈ ਉਹ ਹੱਦੋਂ ਵੱਧ ਹਾਵ-ਭਾਵ ਵਰਤ ਕੇ ਸਮਝਾਉਂਦੀ ਹੋਈ ਅਤੇ ਉਸ ਦੀ ਬਾਈਬਲ ਮੇਜ਼ ’ਤੇ ਮੂਧੀ ਪਈ ਹੋਈ ਇਕ ਸਿਆਣੀ ਭੈਣ ਅਤੇ ਬਾਈਬਲ ਵਿਦਿਆਰਥਣ ਉਲਝਣ ਵਿਚ ਪਈਆਂ ਹੋਈਆਂ। 2. ਬਾਅਦ ਵਿਚ ਉਹ ਤਜਰਬੇਕਾਰ ਭੈਣ ਉਸ ਭੈਣ ਨੂੰ ਆਪਣੀ ਸਿਖਾਉਣ ਦੀ ਕਲਾ ਨੂੰ ਨਿਖਾਰਨ ਲਈ ਸੁਝਾਅ ਦਿੰਦੀ ਹੋਈ।

ਬਾਈਬਲ ਤੋਂ ਹੋਰ ਵਧੀਆ ਤਰੀਕੇ ਨਾਲ ਸਿਖਾਉਣ ਲਈ ਇਕ ਤਜਰਬੇਕਾਰ ਸਿੱਖਿਅਕ ਤੋਂ ਮਦਦ ਮੰਗੋ (ਪੈਰੇ 4-6 ਦੇਖੋ)f

4. ਬਾਈਬਲ ਸਟੱਡੀ ਕਰਾਉਂਦੇ ਵੇਲੇ ਇਕ ਸਿੱਖਿਅਕ ਨੂੰ ਸੰਜਮ ਕਿਉਂ ਰੱਖਣਾ ਚਾਹੀਦਾ ਹੈ? (ਫੁਟਨੋਟ ਵੀ ਦੇਖੋ।)

4 ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਪਿਆਰ ਕਰਦੇ ਹਾਂ। ਇਸ ਕਰਕੇ ਹੋ ਸਕਦਾ ਕਿ ਅਸੀਂ ਲੰਬੇ ਸਮੇਂ ਤਕ ਇਨ੍ਹਾਂ ਗੱਲਾਂ ਬਾਰੇ ਖ਼ੁਦ ਗੱਲ ਕਰੀ ਜਾਈਏ। ਪਰ ਪਹਿਰਾਬੁਰਜ ਸਟੱਡੀ, ਮੰਡਲੀ ਦੀ ਬਾਈਬਲ ਸਟੱਡੀ ਜਾਂ ਵਿਦਿਆਰਥੀ ਦੀ ਸਟੱਡੀ ਕਰਾਉਣ ਵਾਲੇ ਨੂੰ ਖ਼ੁਦ ਜ਼ਿਆਦਾ ਨਹੀਂ ਬੋਲਣਾ ਚਾਹੀਦਾ। ਜੇ ਸਿੱਖਿਅਕ ਚਾਹੁੰਦਾ ਹੈ ਕਿ ਬਾਈਬਲ ਸਿਖਾਉਣ ਦਾ ਕੰਮ ਕਰੇ, ਤਾਂ ਉਸ ਨੂੰ ਸੰਜਮ ਰੱਖਣਾ ਚਾਹੀਦਾ ਹੈ ਅਤੇ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜੋ ਉਸ ਨੂੰ ਪਤਾ ਹੈ, ਉਹ ਸਾਰਾ ਕੁਝ ਦੱਸਣ ਦੀ ਲੋੜ ਨਹੀਂ।b (ਯੂਹੰ. 16:12) ਸੋਚੋ ਕਿ ਬਪਤਿਸਮਾ ਲੈਣ ਵੇਲੇ ਤੁਹਾਨੂੰ ਬਾਈਬਲ ਦਾ ਕਿੰਨਾ ਗਿਆਨ ਸੀ ਅਤੇ ਹੁਣ ਤੁਸੀਂ ਬਾਈਬਲ ਬਾਰੇ ਕਿੰਨਾ ਜਾਣਦੇ ਹੋ। ਉਦੋਂ ਤੁਹਾਨੂੰ ਸਿਰਫ਼ ਬੁਨਿਆਦੀ ਗੱਲਾਂ ਦੀ ਹੀ ਸਮਝ ਸੀ। (ਇਬ. 6:1) ਅੱਜ ਤੁਸੀਂ ਜੋ ਜਾਣਦੇ ਹੋ, ਉਸ ਬਾਰੇ ਸਿੱਖਣ ਲਈ ਤੁਹਾਨੂੰ ਬਹੁਤ ਸਾਲ ਲੱਗੇ ਹਨ। ਇਸ ਲਈ ਨਵੇਂ ਵਿਦਿਆਰਥੀਆਂ ਨੂੰ ਇੱਕੋ ਵਾਰ ਸਾਰਾ ਕੁਝ ਸਿਖਾਉਣ ਦੀ ਕੋਸ਼ਿਸ਼ ਨਾ ਕਰੋ।

5. (ੳ) ਪਹਿਲਾ ਥੱਸਲੁਨੀਕੀਆਂ 2:13 ਅਨੁਸਾਰ ਅਸੀਂ ਆਪਣੇ ਵਿਦਿਆਰਥੀ ਦੀ ਕੀ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ? (ਅ) ਅਸੀਂ ਇਕ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ?

5 ਅਸੀਂ ਆਪਣੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ ਕਿ ਉਹ ਜੋ ਸਿੱਖ ਰਿਹਾ ਹੈ, ਉਹ ਪਰਮੇਸ਼ੁਰ ਦੇ ਬਚਨ ਤੋਂ ਹੈ। (1 ਥੱਸਲੁਨੀਕੀਆਂ 2:13 ਪੜ੍ਹੋ।) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਪਣੇ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਦਿਓ। ਹਰ ਵਾਰ ਆਪਣੇ ਵਿਦਿਆਰਥੀ ਨੂੰ ਬਾਈਬਲ ਦੀਆਂ ਆਇਤਾਂ ਸਮਝਾਉਣ ਦੀ ਬਜਾਇ ਕੁਝ ਆਇਤਾਂ ਉਸ ਨੂੰ ਸਮਝਾਉਣ ਲਈ ਕਹੋ। ਆਪਣੇ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਉਸ ʼਤੇ ਕਿਵੇਂ ਲਾਗੂ ਹੁੰਦੀਆਂ ਹਨ। ਉਸ ਨੂੰ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਹ ਪੜ੍ਹੀਆਂ ਆਇਤਾਂ ਬਾਰੇ ਕੀ ਸੋਚਦਾ ਅਤੇ ਮਹਿਸੂਸ ਕਰਦਾ ਹੈ। (ਲੂਕਾ 10:25-28) ਮਿਸਾਲ ਲਈ, ਉਸ ਨੂੰ ਪੁੱਛੋ: “ਇਸ ਆਇਤ ਵਿੱਚੋਂ ਤੁਹਾਨੂੰ ਯਹੋਵਾਹ ਦੇ ਕਿਹੜੇ ਗੁਣ ਬਾਰੇ ਪਤਾ ਲੱਗਾ?” “ਤੁਸੀਂ ਇਸ ਬਾਈਬਲ ਸੱਚਾਈ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ?” “ਸਿੱਖੀਆਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ?” (ਕਹਾ. 20:5) ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀ ਕਿੰਨਾ ਕੁ ਜਾਣਦਾ ਹੈ, ਸਗੋਂ ਇਹ ਜ਼ਰੂਰੀ ਹੈ ਕਿ ਉਹ ਸਿੱਖੀਆਂ ਗੱਲਾਂ ਦੀ ਕਿੰਨੀ ਕੁ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਹੈ।

6. ਕਿਸੇ ਤਜਰਬੇਕਾਰ ਸਿੱਖਿਅਕ ਨੂੰ ਬਾਈਬਲ ਸਟੱਡੀ ʼਤੇ ਲੈ ਕੇ ਜਾਣਾ ਸ਼ਾਇਦ ਵਧੀਆ ਕਿਉਂ ਹੋਵੇ?

6 ਕੀ ਤੁਸੀਂ ਕਦੇ ਆਪਣੀ ਬਾਈਬਲ ਸਟੱਡੀ ʼਤੇ ਤਜਰਬੇਕਾਰ ਸਿੱਖਿਅਕਾਂ ਨੂੰ ਲੈ ਕੇ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਉਨ੍ਹਾਂ ਨੂੰ ਇਹ ਨੋਟ ਕਰਨ ਲਈ ਕਹਿ ਸਕਦੇ ਹੋ ਕਿ ਤੁਸੀਂ ਕਿੱਦਾਂ ਸਟੱਡੀ ਕਰਾਉਂਦੇ ਹੋ ਅਤੇ ਬਾਈਬਲ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਵਰਤਦੇ ਹੋ। ਤੁਸੀਂ ਨਿਮਰ ਬਣ ਕੇ ਹੀ ਆਪਣੀ ਸਿਖਾਉਣ ਦੀ ਕਲਾ ਵਿਚ ਨਿਖਾਰ ਲਿਆ ਸਕਦੇ ਹੋ। (ਰਸੂਲਾਂ ਦੇ ਕੰਮ 18:24-26 ਵਿਚ ਨੁਕਤਾ ਦੇਖੋ।) ਸਟੱਡੀ ਤੋਂ ਬਾਅਦ ਤਜਰਬੇਕਾਰ ਪ੍ਰਚਾਰਕ ਨੂੰ ਪੁੱਛੋ, ‘ਕੀ ਤੁਹਾਨੂੰ ਲੱਗਦਾ ਹੈ ਕਿ ਵਿਦਿਆਰਥੀ ਨੂੰ ਬਾਈਬਲ ਦੀਆਂ ਸੱਚਾਈਆਂ ਸਮਝ ਆ ਰਹੀਆਂ ਹਨ?’ ਜੇ ਤੁਹਾਨੂੰ ਇਕ ਜਾਂ ਜ਼ਿਆਦਾ ਹਫ਼ਤਿਆਂ ਲਈ ਕਿਤੇ ਹੋਰ ਜਾਣਾ ਪਵੇ, ਤਾਂ ਤੁਸੀਂ ਉਸ ਪ੍ਰਚਾਰਕ ਨੂੰ ਸਟੱਡੀ ਕਰਾਉਣ ਲਈ ਵੀ ਕਹਿ ਸਕਦੇ ਹੋ। ਇਸ ਤਰ੍ਹਾਂ ਉਸ ਦੀ ਸਟੱਡੀ ਲਗਾਤਾਰ ਚੱਲੇਗੀ ਅਤੇ ਵਿਦਿਆਰਥੀ ਸਮਝ ਸਕੇਗਾ ਕਿ ਸਟੱਡੀ ਕਰਨੀ ਕਿੰਨੀ ਜ਼ਰੂਰੀ ਹੈ। ਕਦੇ ਵੀ ਇਹ ਨਾ ਸੋਚੋ ਕਿ ਸਟੱਡੀ “ਤੁਹਾਡੀ” ਹੈ ਅਤੇ ਕੋਈ ਹੋਰ ਇਹ ਸਟੱਡੀ ਨਹੀਂ ਕਰਾ ਸਕਦਾ। ਇਸ ਦੀ ਬਜਾਇ, ਤੁਸੀਂ ਚਾਹੁੰਦੇ ਹੋ ਕਿ ਉਸ ਨੂੰ ਸਟੱਡੀ ਤੋਂ ਫ਼ਾਇਦਾ ਹੋਵੇ ਤਾਂਕਿ ਉਹ ਲਗਾਤਾਰ ਸੱਚਾਈ ਵਿਚ ਤਰੱਕੀ ਕਰਦਾ ਰਹੇ।

ਜੋਸ਼ ਅਤੇ ਪੂਰੇ ਵਿਸ਼ਵਾਸ ਨਾਲ ਸਿਖਾਓ

ਤਸਵੀਰਾਂ: 1. ਭੈਣ ਬਾਈਬਲ ਵਿਦਿਆਰਥਣ ਨੂੰ ਇਕ ਅਸਲੀ ਤਜਰਬੇ ਦੀ ਵੀਡੀਓ ਦਿਖਾਉਂਦੀ ਹੋਈ। 2. ਬਾਈਬਲ ਵਿਦਿਆਰਥਣ ਆਪਣੇ ਵਿਸ਼ਵਾਸਾਂ ਬਾਰੇ ਆਪਣੇ ਪਤੀ ਨੂੰ ਦੱਸਦੀ ਹੋਈ।

ਆਪਣੇ ਵਿਦਿਆਰਥੀ ਦੀ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਵਿਚ ਮਦਦ ਕਰਨ ਲਈ ਤਜਰਬੇ ਦੱਸੋ (ਪੈਰੇ 7-9 ਦੇਖੋ)g

7. ਕਿਹੜੀ ਗੱਲ ਵਿਦਿਆਰਥੀ ਦੀ ਸੱਚਾਈ ਨੂੰ ਪਿਆਰ ਕਰਨ ਵਿਚ ਮਦਦ ਕਰੇਗੀ?

7 ਵਿਦਿਆਰਥੀ ਨੂੰ ਤੁਹਾਡਾ ਜੋਸ਼ ਅਤੇ ਬਾਈਬਲ ਦੀਆਂ ਸੱਚਾਈਆਂ ʼਤੇ ਤੁਹਾਡਾ ਯਕੀਨ ਦਿੱਸਣਾ ਚਾਹੀਦਾ ਹੈ। (1 ਥੱਸ. 1:5) ਫਿਰ ਉਹ ਸੱਚਾਈ ਨੂੰ ਪਿਆਰ ਕਰਨਾ ਸਿੱਖੇਗਾ। ਸ਼ਾਇਦ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ। ਫਿਰ ਉਸ ਨੂੰ ਅਹਿਸਾਸ ਹੋਵੇਗਾ ਕਿ ਬਾਈਬਲ ਵਿਚ ਵਧੀਆ ਸਲਾਹਾਂ ਹਨ ਜਿਨ੍ਹਾਂ ਦਾ ਉਸ ਨੂੰ ਵੀ ਫ਼ਾਇਦਾ ਹੋ ਸਕਦਾ ਹੈ।

8. ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ ਅਤੇ ਤੁਸੀਂ ਇੱਦਾਂ ਕਿਉਂ ਕਰੋਗੇ?

8 ਬਾਈਬਲ ਸਟੱਡੀ ਕਰਾਉਂਦੇ ਵੇਲੇ ਆਪਣੇ ਵਿਦਿਆਰਥੀ ਨੂੰ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਦੱਸੋ ਜਿਨ੍ਹਾਂ ਨੇ ਉਸ ਵਰਗੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। ਤੁਸੀਂ ਸਟੱਡੀ ʼਤੇ ਅਜਿਹੇ ਕਿਸੇ ਭੈਣ-ਭਰਾ ਨੂੰ ਲੈ ਕੇ ਜਾ ਸਕਦੇ ਹੋ ਜਿਸ ਦੀ ਮਿਸਾਲ ਤੋਂ ਵਿਦਿਆਰਥੀ ਨੂੰ ਫ਼ਾਇਦਾ ਹੋਵੇ। ਜਾਂ ਤੁਸੀਂ ਸਾਡੀ ਵੈੱਬਸਾਈਟ ਤੋਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ”c ਨਾਂ ਦੇ ਲੜੀਵਾਰ ਲੇਖ ਵਰਤ ਸਕਦੇ ਹੋ। ਅਜਿਹੇ ਲੇਖ ਅਤੇ ਵੀਡੀਓ ਤੁਹਾਡੇ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਫ਼ਾਇਦਾ ਹੁੰਦਾ ਹੈ।

9. ਤੁਸੀਂ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀਆਂ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ?

9 ਜੇ ਤੁਹਾਡਾ ਵਿਦਿਆਰਥੀ ਵਿਆਹਿਆ ਹੋਇਆ ਹੈ, ਤਾਂ ਕੀ ਉਸ ਦਾ ਜੀਵਨ ਸਾਥੀ ਵੀ ਸਟੱਡੀ ਕਰ ਰਿਹਾ ਹੈ? ਜੇ ਨਹੀਂ, ਤਾਂ ਉਸ ਨੂੰ ਸਟੱਡੀ ਕਰਨ ਲਈ ਪੁੱਛੋ। ਆਪਣੇ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਦੀ ਹੱਲਾਸ਼ੇਰੀ ਦਿਓ। (ਯੂਹੰ. 1:40-45) ਕਿਵੇਂ? ਤੁਸੀਂ ਉਸ ਨੂੰ ਪੁੱਛ ਸਕਦੇ ਹੋ: “ਤੁਸੀਂ ਪਰਿਵਾਰ ਦੇ ਮੈਂਬਰ ਨੂੰ ਇਹ ਸੱਚਾਈ ਕਿੱਦਾਂ ਸਮਝਾਓਗੇ?” ਜਾਂ “ਆਪਣੇ ਦੋਸਤ ਨੂੰ ਇਹ ਸੱਚਾਈ ਸਮਝਾਉਣ ਲਈ ਕਿਹੜੀ ਆਇਤ ਵਰਤੋਗੇ?” ਇਸ ਤਰੀਕੇ ਨਾਲ ਤੁਸੀਂ ਆਪਣੇ ਵਿਦਿਆਰਥੀ ਦੀ ਸਿੱਖਿਅਕ ਬਣਨ ਵਿਚ ਮਦਦ ਕਰ ਰਹੇ ਹੋਵੋਗੇ। ਫਿਰ ਇਕ ਦਿਨ ਉਹ ਬਪਤਿਸਮਾ-ਰਹਿਤ ਪ੍ਰਚਾਰਕ ਵਜੋਂ ਪ੍ਰਚਾਰ ਵਿਚ ਹਿੱਸਾ ਲੈਣ ਦੇ ਕਾਬਲ ਬਣ ਸਕੇਗਾ। ਤੁਸੀਂ ਆਪਣੇ ਵਿਦਿਆਰਥੀ ਨੂੰ ਪੁੱਛ ਸਕਦੇ ਹੋ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦਾ ਹੈ ਜੋ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੈ? ਜੇ ਹਾਂ, ਤਾਂ ਜਲਦੀ ਤੋਂ ਜਲਦੀ ਉਸ ਵਿਅਕਤੀ ਨਾਲ ਸੰਪਰਕ ਕਰੋ ਅਤੇ ਉਸ ਨੂੰ ਸਟੱਡੀ ਕਰਨ ਬਾਰੇ ਪੁੱਛੋ। ਉਸ ਨੂੰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?​d ਨਾਂ ਦੀ ਵੀਡੀਓ ਦਿਖਾਓ।

ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ

ਤਸਵੀਰਾਂ: 1. ਭੈਣ ਬਾਈਬਲ ਵਿਦਿਆਰਥਣ ਨੂੰ ਕਿੰਗਡਮ ਹਾਲ ਵਿਚ ਇਕ ਹੋਰ ਭੈਣ ਨਾਲ ਮਿਲਾਉਂਦੀ ਹੋਈ। 2. ਭੈਣ, ਉਸ ਦੀ ਵਿਦਿਆਰਥਣ ਅਤੇ ਪਤੀ ਉਸ ਭੈਣ ਦੇ ਘਰ ਗੱਲਬਾਤ ਕਰਦੇ ਹੋਏ ਜਿਸ ਨੂੰ ਵਿਦਿਆਰਥਣ ਪਹਿਲਾਂ ਮਿਲੀ ਸੀ।

ਆਪਣੇ ਵਿਦਿਆਰਥੀ ਨੂੰ ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ (ਪੈਰੇ 10-11 ਦੇਖੋ)h

10. ਪਹਿਲਾ ਥੱਸਲੁਨੀਕੀਆਂ 2:7, 8 ਅਨੁਸਾਰ ਇਕ ਸਿੱਖਿਅਕ ਪੌਲੁਸ ਦੀ ਰੀਸ ਕਿਵੇਂ ਕਰ ਸਕਦਾ ਹੈ?

10 ਸਿੱਖਿਅਕਾਂ ਨੂੰ ਆਪਣੇ ਵਿਦਿਆਰਥੀਆਂ ਵਿਚ ਦਿਲੋਂ ਦਿਲਚਸਪੀ ਲੈਣੀ ਚਾਹੀਦੀ ਹੈ। ਉਨ੍ਹਾਂ ਬਾਰੇ ਇਹ ਨਜ਼ਰੀਆ ਰੱਖੋ ਕਿ ਉਹ ਭਵਿੱਖ ਵਿਚ ਤੁਹਾਡੇ ਮਸੀਹੀ ਭੈਣ ਜਾਂ ਭਰਾ ਬਣ ਸਕਦੇ ਹਨ। (1 ਥੱਸਲੁਨੀਕੀਆਂ 2:7, 8 ਪੜ੍ਹੋ।) ਉਨ੍ਹਾਂ ਲਈ ਦੁਨੀਆਂ ਵਿਚ ਆਪਣੇ ਦੋਸਤਾਂ ਨੂੰ ਛੱਡਣ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਹਨ। ਸਾਨੂੰ ਮੰਡਲੀ ਵਿਚ ਸੱਚੇ ਦੋਸਤ ਲੱਭਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ। ਆਪਣੇ ਵਿਦਿਆਰਥੀ ਨਾਲ ਦੋਸਤੀ ਕਰਨ ਲਈ ਸਿਰਫ਼ ਬਾਈਬਲ ਸਟੱਡੀ ਦੌਰਾਨ ਹੀ ਨਹੀਂ, ਸਗੋਂ ਹੋਰ ਮੌਕਿਆਂ ʼਤੇ ਵੀ ਉਸ ਨਾਲ ਸਮਾਂ ਬਿਤਾਓ। ਤੁਸੀਂ ਉਸ ਨੂੰ ਫ਼ੋਨ, ਮੈਸਿਜ ਕਰ ਕੇ ਜਾਂ ਉਸ ਦੇ ਘਰ ਜਾ ਕੇ ਦਿਖਾ ਸਕਦੇ ਹੋ ਕਿ ਤੁਸੀਂ ਉਸ ਦੀ ਪਰਵਾਹ ਕਰਦੇ ਹੋ।

11. ਅਸੀਂ ਮੰਡਲੀ ਵਿਚ ਵਿਦਿਆਰਥੀ ਦੀ ਕੀ ਕਰਨ ਵਿਚ ਮਦਦ ਕਰ ਸਕਦੇ ਹਾਂ ਅਤੇ ਕਿਉਂ?

11 ਕਿਹਾ ਜਾਂਦਾ ਹੈ: “ਬੱਚੇ ਨੂੰ ਪਾਲਣਾ ਇਕ ਜਣੇ ਦਾ ਕੰਮ ਨਹੀਂ।” ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ: “ਕੋਈ ਵੀ ਚੇਲਾ ਇਕ ਜਣੇ ਦੀ ਮਿਹਨਤ ਸਦਕਾ ਨਹੀਂ ਬਣਦਾ।” ਇਸੇ ਕਰਕੇ ਵਧੀਆ ਸਿੱਖਿਅਕ ਆਪਣੇ ਵਿਦਿਆਰਥੀਆਂ ਨੂੰ ਮੰਡਲੀ ਵਿਚ ਹੋਰ ਭੈਣਾਂ-ਭਰਾਵਾਂ ਨਾਲ ਮਿਲਾਉਂਦੇ ਹਨ ਜਿਨ੍ਹਾਂ ਦਾ ਉਨ੍ਹਾਂ ʼਤੇ ਚੰਗਾ ਅਸਰ ਪੈ ਸਕਦਾ ਹੈ। ਵਿਦਿਆਰਥੀ ਪਰਮੇਸ਼ੁਰ ਦੇ ਲੋਕਾਂ ਨਾਲ ਚੰਗੀ ਸੰਗਤੀ ਦਾ ਆਨੰਦ ਮਾਣ ਸਕਦੇ ਹਨ ਜੋ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਅਤੇ ਮੁਸ਼ਕਲਾਂ ਦੌਰਾਨ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਵਿਦਿਆਰਥੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਮੰਡਲੀ ਅਤੇ ਸਾਡੇ ਮਸੀਹੀ ਭਾਈਚਾਰੇ ਦਾ ਹਿੱਸਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਮਸੀਹੀ ਪਰਿਵਾਰ ਵੱਲ ਖਿੱਚਿਆ ਆਵੇ। ਇਸ ਤਰ੍ਹਾਂ ਉਹ ਸੌਖਿਆਂ ਹੀ ਉਨ੍ਹਾਂ ਲੋਕਾਂ ਨਾਲ ਸੰਗਤੀ ਕਰਨ ਤੋਂ ਬਚ ਸਕਦਾ ਹੈ ਜੋ ਯਹੋਵਾਹ ਨੂੰ ਪਿਆਰ ਕਰਨ ਵਿਚ ਉਸ ਦੀ ਮਦਦ ਨਹੀਂ ਕਰਦੇ। (ਕਹਾ. 13:20) ਜੇ ਉਸ ਦੇ ਪੁਰਾਣੇ ਦੋਸਤ ਉਸ ਨਾਲ ਦੋਸਤੀ ਤੋੜ ਦਿੰਦੇ ਹਨ, ਤਾਂ ਉਸ ਨੂੰ ਪਤਾ ਹੋਵੇਗਾ ਕਿ ਉਹ ਯਹੋਵਾਹ ਦੇ ਸੰਗਠਨ ਵਿਚ ਸੱਚੇ ਦੋਸਤ ਬਣਾ ਸਕਦਾ ਹੈ।—ਮਰ. 10:29, 30; 1 ਪਤ. 4:4.

ਸਮਰਪਣ ਅਤੇ ਬਪਤਿਸਮੇ ਦੇ ਟੀਚੇ ʼਤੇ ਜ਼ੋਰ ਦਿਓ

ਬਾਈਬਲ ਵਿਦਿਆਰਥਣ ਬਪਤਿਸਮਾ ਲੈ ਕੇ ਬਾਹਰ ਆਉਂਦੀ ਹੋਈ ਉਸ ਦਾ ਪਤੀ, ਉਸ ਦੀ ਸਿੱਖਿਅਕ ਅਤੇ ਮੰਡਲੀ ਦੇ ਹੋਰ ਭੈਣ-ਭਰਾ ਖ਼ੁਸ਼ੀ ਨਾਲ ਤਾੜੀਆਂ ਮਾਰਦੇ ਹੋਏ

ਦਿਲੋਂ ਸਟੱਡੀ ਕਰਨ ਵਾਲਾ ਵਿਦਿਆਰਥੀ ਕਦਮ-ਬ-ਕਦਮ ਬਪਤਿਸਮੇ ਤਕ ਪਹੁੰਚ ਸਕਦਾ ਹੈ! (ਪੈਰੇ 12-13 ਦੇਖੋ)

12. ਸਾਨੂੰ ਆਪਣੇ ਵਿਦਿਆਰਥੀਆਂ ਨਾਲ ਸਮਰਪਣ ਅਤੇ ਬਪਤਿਸਮੇ ਬਾਰੇ ਕਿਉਂ ਗੱਲ ਕਰਨੀ ਚਾਹੀਦੀ ਹੈ?

12 ਸਮਰਪਣ ਅਤੇ ਬਪਤਿਸਮੇ ਬਾਰੇ ਖੁੱਲ੍ਹ ਕੇ ਗੱਲ ਕਰੋ। ਕਿਉਂ? ਕਿਉਂਕਿ ਅਸੀਂ ਸਟੱਡੀ ਇਸ ਲਈ ਕਰਾਉਂਦੇ ਹਾਂ ਤਾਂਕਿ ਅਸੀਂ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕੀਏ। ਜਦੋਂ ਵਿਦਿਆਰਥੀ ਨੂੰ ਲਗਾਤਾਰ ਬਾਈਬਲ ਸਟੱਡੀ ਕਰਦਿਆਂ ਕੁਝ ਮਹੀਨੇ ਹੋ ਜਾਂਦੇ ਹਨ ਅਤੇ ਖ਼ਾਸਕਰ ਜਦੋਂ ਉਹ ਸਭਾਵਾਂ ਤੇ ਆਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਉਹ ਦੀ ਯਹੋਵਾਹ ਦਾ ਗਵਾਹ ਬਣਨ ਵਿਚ ਮਦਦ ਕਰਨੀ ਚਾਹੁੰਦੇ ਹਾਂ।

13. ਬਪਤਿਸਮੇ ਤਕ ਪਹੁੰਚਣ ਲਈ ਇਕ ਵਿਦਿਆਰਥੀ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ?

13 ਦਿਲੋਂ ਸਟੱਡੀ ਕਰਨ ਵਾਲਾ ਵਿਅਕਤੀ ਕਦਮ-ਬ-ਕਦਮ ਬਪਤਿਸਮੇ ਤਕ ਪਹੁੰਚ ਸਕਦਾ ਹੈ। ਪਹਿਲਾ, ਵਿਦਿਆਰਥੀ ਯਹੋਵਾਹ ਨੂੰ ਜਾਣ ਕੇ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ʼਤੇ ਨਿਹਚਾ ਜ਼ਾਹਰ ਕਰਦਾ ਹੈ। (ਯੂਹੰ. 3:16; 17:3) ਫਿਰ ਵਿਦਿਆਰਥੀ ਯਹੋਵਾਹ ਦਾ ਦੋਸਤ ਬਣਦਾ ਹੈ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਰਿਸ਼ਤਾ ਜੋੜਦਾ ਹੈ। (ਇਬ. 10:24, 25; ਯਾਕੂ. 4:8) ਇਸ ਤੋਂ ਬਾਅਦ, ਵਿਦਿਆਰਥੀ ਬੁਰੇ ਕੰਮ ਛੱਡ ਦਿੰਦਾ ਹੈ ਅਤੇ ਆਪਣੇ ਪਾਪਾਂ ਤੋਂ ਤੋਬਾ ਕਰਦਾ ਹੈ। (ਰਸੂ. 3:19) ਨਾਲੇ ਉਹ ਆਪਣੇ ਵਿਸ਼ਵਾਸਾਂ ਬਾਰੇ ਵੀ ਦੂਜਿਆਂ ਨੂੰ ਦੱਸਦਾ ਹੈ। (2 ਕੁਰਿੰ. 4:13) ਫਿਰ ਉਹ ਯਹੋਵਾਹ ਅੱਗੇ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦਾ ਹੈ। (1 ਪਤ. 3:21; 4:2) ਇਹ ਸਾਰਿਆਂ ਲਈ ਕਿੰਨਾ ਹੀ ਖ਼ੁਸ਼ੀਆਂ ਭਰਿਆ ਦਿਨ ਹੁੰਦਾ ਹੈ! ਜਦੋਂ ਵਿਦਿਆਰਥੀ ਆਪਣੇ ਟੀਚੇ ਵੱਲ ਵਧਣ ਲਈ ਕੋਈ ਵੀ ਕਦਮ ਚੁੱਕਦਾ ਹੈ, ਤਾਂ ਦਿਲੋਂ ਉਸ ਦੀ ਤਾਰੀਫ਼ ਕਰੋ ਅਤੇ ਉਸ ਨੂੰ ਸੱਚਾਈ ਵਿਚ ਤਰੱਕੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿਓ।

ਸਮੇਂ-ਸਮੇਂ ʼਤੇ ਦੇਖੋ ਕਿ ਵਿਦਿਆਰਥੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ

14. ਇਕ ਸਿੱਖਿਅਕ ਆਪਣੇ ਵਿਦਿਆਰਥੀ ਦੀ ਤਰੱਕੀ ਬਾਰੇ ਕਿਵੇਂ ਜਾਣ ਸਕਦਾ ਹੈ?

14 ਵਿਦਿਆਰਥੀ ਦੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕਰਨ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਪਰ ਇਕ ਸਮੇਂ ʼਤੇ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੈ ਜਾਂ ਨਹੀਂ। ਕੀ ਤੁਸੀਂ ਵਿਦਿਆਰਥੀ ਦੇ ਕੰਮਾਂ ਤੋਂ ਦੇਖ ਸਕਦੇ ਹੋ ਕਿ ਉਹ ਯਿਸੂ ਦੇ ਹੁਕਮਾਂ ʼਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ? ਜਾਂ ਕੀ ਉਹ ਸਿਰਫ਼ ਬਾਈਬਲ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੈ?

15. ਇਕ ਸਿੱਖਿਅਕ ਕਿੱਦਾਂ ਜਾਣ ਸਕਦਾ ਹੈ ਕਿ ਉਸ ਦੇ ਵਿਦਿਆਰਥੀ ਨੇ ਤਰੱਕੀ ਕੀਤੀ ਹੈ ਜਾਂ ਨਹੀਂ?

15 ਵਿਦਿਆਰਥੀ ਜੋ ਤਰੱਕੀ ਕਰ ਰਿਹਾ ਹੈ, ਉਸ ਬਾਰੇ ਬਾਕਾਇਦਾ ਸੋਚੋ। ਮਿਸਾਲ ਲਈ, ਕੀ ਉਹ ਦੱਸਦਾ ਹੈ ਕਿ ਉਹ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਕੀ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ? (ਜ਼ਬੂ. 116:1, 2) ਕੀ ਉਸ ਨੂੰ ਬਾਈਬਲ ਪੜ੍ਹ ਕੇ ਮਜ਼ਾ ਆਉਂਦਾ ਹੈ? (ਜ਼ਬੂ. 119:97) ਕੀ ਉਹ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ? (ਜ਼ਬੂ. 22:22) ਕੀ ਉਸ ਨੇ ਆਪਣੀ ਜ਼ਿੰਦਗੀ ਵਿਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਹਨ? (ਜ਼ਬੂ. 119:112) ਕੀ ਉਸ ਨੇ ਸਿੱਖੀਆਂ ਗੱਲਾਂ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣਾ ਸ਼ੁਰੂ ਕੀਤਾ ਹੈ? (ਜ਼ਬੂ. 9:1) ਸਭ ਤੋਂ ਜ਼ਰੂਰੀ ਸਵਾਲ: ਕੀ ਉਹ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ? (ਜ਼ਬੂ. 40:8) ਜੇ ਵਿਦਿਆਰਥੀ ਇਨ੍ਹਾਂ ਗੱਲਾਂ ਵਿਚ ਤਰੱਕੀ ਨਹੀਂ ਕਰ ਰਿਹਾ, ਤਾਂ ਸਮਝਦਾਰੀ ਨਾਲ ਇਸ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰੋ। ਫਿਰ ਇਸ ਮਾਮਲੇ ਬਾਰੇ ਉਸ ਨਾਲ ਪਿਆਰ ਨਾਲ, ਪਰ ਸਿੱਧੀ-ਸਿੱਧੀ ਗੱਲ ਕਰੋ।e

16. ਕਿਹੜੀਆਂ ਗੱਲਾਂ ਤੋਂ ਪਤਾ ਲੱਗ ਸਕਦਾ ਹੈ ਕਿ ਇਕ ਬਾਈਬਲ ਸਟੱਡੀ ਬੰਦ ਕਰ ਦੇਣੀ ਚਾਹੀਦੀ ਹੈ?

16 ਸਮੇਂ-ਸਮੇਂ ʼਤੇ ਇਹ ਜਾਂਚ ਕਰਦੇ ਰਹੋ ਕਿ ਤੁਹਾਨੂੰ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ। ਖ਼ੁਦ ਨੂੰ ਪੁੱਛੋ: ‘ਕੀ ਵਿਦਿਆਰਥੀ ਸਟੱਡੀ ਦੀ ਤਿਆਰੀ ਨਹੀਂ ਕਰਦਾ? ਕੀ ਉਸ ਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਪਸੰਦ ਨਹੀਂ ਹੈ? ਕੀ ਉਸ ਵਿਚ ਹਾਲੇ ਵੀ ਮਾੜੀਆਂ ਆਦਤਾਂ ਹਨ? ਕੀ ਉਹ ਅਜੇ ਵੀ ਕਿਸੇ ਝੂਠੇ ਧਰਮ ਦਾ ਮੈਂਬਰ ਹੈ?’ ਜੇ ਹਾਂ, ਤਾਂ ਉਸ ਦੀ ਸਟੱਡੀ ਜਾਰੀ ਰੱਖਣੀ ਇੱਦਾਂ ਹੋਵੇਗੀ ਜਿਵੇਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਤੈਰਨਾ ਸਿਖਾ ਰਹੇ ਹੋਈਏ ਜੋ ਗਿੱਲਾ ਹੀ ਨਹੀਂ ਹੋਣਾ ਚਾਹੁੰਦਾ। ਜੇ ਵਿਦਿਆਰਥੀ ਸਿੱਖੀਆਂ ਗੱਲਾਂ ਦੀ ਕੋਈ ਕਦਰ ਨਹੀਂ ਕਰਦਾ ਅਤੇ ਤਬਦੀਲੀਆਂ ਕਰਨ ਲਈ ਤਿਆਰ ਨਹੀਂ ਹੈ, ਤਾਂ ਕੀ ਉਸ ਦੀ ਸਟੱਡੀ ਕਰਾਉਣ ਦਾ ਕੋਈ ਫ਼ਾਇਦਾ ਹੈ?

17. ਪਹਿਲਾ ਤਿਮੋਥਿਉਸ 4:16 ਮੁਤਾਬਕ ਸਾਰੇ ਬਾਈਬਲ ਸਿੱਖਿਅਕਾਂ ਨੂੰ ਕੀ ਕਰਨਾ ਚਾਹੀਦਾ ਹੈ?

17 ਅਸੀਂ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਤਰੱਕੀ ਕਰ ਕੇ ਬਪਤਿਸਮਾ ਲੈਣ ਵਿਚ ਮਦਦ ਕਰਨੀ ਚਾਹੁੰਦੇ ਹਾਂ। ਇਸ ਲਈ ਅਸੀਂ ਬਾਈਬਲ ਨੂੰ ਸਿਖਾਉਣ ਦਿੰਦੇ ਹਾਂ ਅਤੇ ਪੂਰੇ ਜੋਸ਼ ਤੇ ਵਿਸ਼ਵਾਸ ਨਾਲ ਸਿਖਾਉਂਦੇ ਹਾਂ। ਅਸੀਂ ਵਿਦਿਆਰਥੀ ਨੂੰ ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿੰਦੇ ਹਾਂ। ਨਾਲੇ ਅਸੀਂ ਸਮੇਂ-ਸਮੇਂ ʼਤੇ ਵਿਦਿਆਰਥੀ ਦੀ ਤਰੱਕੀ ਦੀ ਜਾਂਚ ਕਰਦੇ ਹਾਂ ਅਤੇ ਸਮਰਪਣ ਤੇ ਬਪਤਿਸਮੇ ਦੇ ਟੀਚੇ ʼਤੇ ਜ਼ੋਰ ਦਿੰਦੇ ਹਾਂ। (“ਵਿਦਿਆਰਥੀਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਨ ਲਈ ਸਿੱਖਿਅਕਾਂ ਨੂੰ ਕੀ ਕਰਨ ਦੀ ਲੋੜ ਹੈ?” ਨਾਂ ਦੀ ਡੱਬੀ ਦੇਖੋ।) ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਜ਼ਿੰਦਗੀਆਂ ਬਚਾਉਣ ਵਾਲੇ ਕੰਮ ਵਿਚ ਹਿੱਸਾ ਲੈ ਸਕਦੇ ਹਾਂ! ਆਓ ਆਪਾਂ ਆਪਣੇ ਬਾਈਬਲ ਵਿਦਿਆਰਥੀ ਦੀ ਪੂਰੀ ਵਾਹ ਲਾ ਕੇ ਮਦਦ ਕਰੀਏ ਤਾਂਕਿ ਉਹ ਬਪਤਿਸਮਾ ਲੈ ਸਕੇ।

ਇਕ ਭੈਣ ਖ਼ੁਸ਼ੀ ਨਾਲ ਆਪਣੀ ਬਾਈਬਲ ਵਿਦਿਆਰਥਣ ਨਾਲ ਬਾਈਬਲ ਸਟੱਡੀ ਕਰਦੀ ਹੋਈ

ਵਿਦਿਆਰਥੀਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਨ ਲਈ ਸਿੱਖਿਅਕਾਂ ਨੂੰ ਕੀ ਕਰਨ ਦੀ ਲੋੜ ਹੈ?

  1. 1. ਬਾਈਬਲ ਨੂੰ ਸਿਖਾਉਣ ਦਿਓ

    • ਸੰਜਮ ਰੱਖਦਿਆਂ ਬਹੁਤਾ ਨਾ ਬੋਲੋ

    • ਆਪਣੀ ਸਿਖਾਉਣ ਦੀ ਕਲਾ ਨਿਖਾਰਨ ਲਈ ਤਜਰਬੇਕਾਰ ਸਿੱਖਿਅਕਾਂ ਦੀ ਮਦਦ ਲਓ

  2. 2. ਜੋਸ਼ ਅਤੇ ਵਿਸ਼ਵਾਸ ਨਾਲ ਸਿਖਾਓ

    • ਵਿਦਿਆਰਥੀ ਨੂੰ ਦਿਖਾਓ ਕਿ ਤੁਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰਦੇ ਹੋ

    • ਵਿਦਿਆਰਥੀ ਨੂੰ ਉਨ੍ਹਾਂ ਦੇ ਤਜਰਬੇ ਦੱਸੋ ਜਿਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਲਾਗੂ ਕੀਤਾ

    • ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਦਿਓ

  3. 3. ਵਿਦਿਆਰਥੀ ਨੂੰ ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ

    • ਆਪਣੇ ਵਿਦਿਆਰਥੀ ਵਿਚ ਦਿਲੋਂ ਦਿਲਚਸਪੀ ਲਓ

    • ਉਸ ਨੂੰ ਉਨ੍ਹਾਂ ਨਾਲ ਮਿਲਾਓ ਜਿਨ੍ਹਾਂ ਦਾ ਉਸ ʼਤੇ ਚੰਗਾ ਅਸਰ ਪੈ ਸਕਦਾ ਹੈ

    • ਉਸ ਨੂੰ ਅਹਿਸਾਸ ਕਰਾਓ ਕਿ ਉਹ ਮੰਡਲੀ ਦਾ ਹਿੱਸਾ ਹੈ

  4. 4. ਸਮਰਪਣ ਅਤੇ ਬਪਤਿਸਮੇ ਦੇ ਟੀਚੇ ʼਤੇ ਜ਼ੋਰ ਦਿਓ

    • ਵਿਦਿਆਰਥੀ ਦੀ ਬਪਤਿਸਮਾ ਲੈਣ ਦੇ ਯੋਗ ਬਣਨ ਵਿਚ ਮਦਦ ਕਰੋ

    • ਖੁੱਲ੍ਹੇ ਦਿਲ ਨਾਲ ਉਸ ਦੀ ਤਾਰੀਫ਼ ਕਰੋ ਅਤੇ ਉਸ ਨੂੰ ਹੌਸਲਾ ਦਿਓ

  5. 5. ਸਮੇਂ-ਸਮੇਂ ʼਤੇ ਵਿਦਿਆਰਥੀ ਦੀ ਤਰੱਕੀ ਦੀ ਜਾਂਚ ਕਰੋ

    • ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੈ ਜਾਂ ਨਹੀਂ

    • ਜੇ ਉਹ ਤਰੱਕੀ ਨਹੀਂ ਕਰ ਰਿਹਾ, ਤਾਂ ਉਸ ਨਾਲ ਪਿਆਰ ਨਾਲ, ਪਰ ਸਿੱਧੀ-ਸਿੱਧੀ ਗੱਲ ਕਰੋ

ਤੁਸੀਂ ਕੀ ਸਿੱਖਿਆ?

  • ਸਿੱਖਿਅਕ ਬਾਈਬਲ ਸਟੱਡੀ ਕਰਾਉਂਦੇ ਵੇਲੇ ਧੀਰਜ ਕਿਵੇਂ ਰੱਖ ਸਕਦਾ ਹੈ?

  • ਭੈਣਾਂ-ਭਰਾਵਾਂ ਦੇ ਨੇੜੇ ਆਉਣ ਵਿਚ ਅਸੀਂ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

  • ਸਾਨੂੰ ਸਮਰਪਣ ਅਤੇ ਬਪਤਿਸਮੇ ਦੇ ਟੀਚੇ ʼਤੇ ਜ਼ੋਰ ਦੇਣ ਤੋਂ ਹਿਚਕਿਚਾਉਣਾ ਕਿਉਂ ਨਹੀਂ ਚਾਹੀਦਾ?

ਗੀਤ 7 ਸਮਰਪਣ ਦਾ ਵਾਅਦਾ

a ਬਾਈਬਲ ਸਟੱਡੀ ਕਰਾਉਂਦਿਆਂ ਸਾਡੇ ਕੋਲ ਇਕ ਖ਼ਾਸ ਸਨਮਾਨ ਹੈ। ਅਸੀਂ ਆਪਣੇ ਵਿਦਿਆਰਥੀਆਂ ਦੀ ਉਸ ਤਰੀਕੇ ਨਾਲ ਸੋਚਣ ਅਤੇ ਕੰਮ ਕਰਨ ਵਿਚ ਮਦਦ ਕਰ ਸਕਦੇ ਹਾਂ ਜਿੱਦਾਂ ਯਹੋਵਾਹ ਚਾਹੁੰਦਾ ਹੈ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਆਪਣੀ ਸਿਖਾਉਣ ਦੀ ਕਲਾ ਨੂੰ ਕਿਵੇਂ ਨਿਖਾਰ ਸਕਦੇ ਹਾਂ।

b ਸਤੰਬਰ 2016 ਦੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ “ਸਟੱਡੀ ਕਰਾਉਂਦੇ ਸਮੇਂ ਇਹ ਗ਼ਲਤੀਆਂ ਕਰਨ ਤੋਂ ਬਚੋ” ਨਾਂ ਦਾ ਲੇਖ ਦੇਖੋ।

c “ਸਾਡੇ ਬਾਰੇ” > “ਤਜਰਬੇ” ʼਤੇ ਜਾਓ।

d JW ਲਾਇਬ੍ਰੇਰੀ ਵਿਚ MEDIA > OUR MEETINGS AND MINISTRY > TOOLS FOR THE MINISTRY ਹੇਠਾਂ ਦੇਖੋ।

e ਮਾਰਚ 2020 ਦੇ ਪਹਿਰਾਬੁਰਜ ਵਿਚ “ਯਹੋਵਾਹ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਬਪਤਿਸਮੇ ਲਈ ਜ਼ਰੂਰੀ ਹਨ” ਅਤੇ “ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?” ਨਾਂ ਦੇ ਲੇਖ ਦੇਖੋ।

f ਤਸਵੀਰਾਂ ਬਾਰੇ ਜਾਣਕਾਰੀ: ਬਾਈਬਲ ਸਟੱਡੀ ਕਰਾਉਣ ਤੋਂ ਕੁਝ ਸਮੇਂ ਬਾਅਦ ਤਜਰਬੇਕਾਰ ਭੈਣ ਸਟੱਡੀ ਕਰਾਉਣ ਵਾਲੀ ਭੈਣ ਦੀ ਮਦਦ ਕਰਦੀ ਹੋਈ ਕਿ ਉਹ ਸਟੱਡੀ ਦੌਰਾਨ ਜ਼ਿਆਦਾ ਬੋਲਣ ਤੋਂ ਕਿਵੇਂ ਬਚ ਸਕਦੀ ਹੈ।

g ਤਸਵੀਰਾਂ ਬਾਰੇ ਜਾਣਕਾਰੀ: ਸਟੱਡੀ ਦੌਰਾਨ ਵਿਦਿਆਰਥੀ ਨੇ ਚੰਗੀ ਪਤਨੀ ਬਣਨਾ ਸਿੱਖਿਆ ਅਤੇ ਬਾਅਦ ਵਿਚ ਸਿੱਖੀਆਂ ਗੱਲਾਂ ਆਪਣੇ ਪਤੀ ਨੂੰ ਦੱਸਦੀ ਹੋਈ।

h ਤਸਵੀਰਾਂ ਬਾਰੇ ਜਾਣਕਾਰੀ: ਵਿਦਿਆਰਥੀ ਅਤੇ ਉਸ ਦਾ ਪਤੀ ਇਕ ਜੋੜੇ ਦੇ ਘਰ ਸੰਗਤੀ ਦਾ ਆਨੰਦ ਮਾਣਦੇ ਹੋਏ ਜਿਸ ਨੂੰ ਉਹ ਕਿੰਗਡਮ ਹਾਲ ਵਿਚ ਮਿਲੀ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ