ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਅਕਤੂਬਰ ਸਫ਼ੇ 6-12
  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਪਹਿਲਾ ਭਾਗ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਪਹਿਲਾ ਭਾਗ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਹਰ ਹਫ਼ਤੇ ਸਟੱਡੀ ਕਰਾਓ
  • ਹਰ ਵਾਰ ਸਟੱਡੀ ਲਈ ਤਿਆਰੀ ਕਰੋ
  • ਉਸ ਨੂੰ ਹਰ ਰੋਜ਼ ਯਹੋਵਾਹ ਨਾਲ ਗੱਲ ਕਰਨੀ ਸਿਖਾਓ
  • ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਵਿਦਿਆਰਥੀ ਦੀ ਮਦਦ ਕਰੋ
  • ਉਸ ਨੂੰ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਦਿਓ
  • ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਅਕਤੂਬਰ ਸਫ਼ੇ 6-12

ਅਧਿਐਨ ਲੇਖ 41

ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਪਹਿਲਾ ਭਾਗ

“ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਮਸੀਹ ਦੀ ਚਿੱਠੀ ਹੋ ਜਿਸ ਨੂੰ ਅਸੀਂ ਆਪਣੀ ਸੇਵਕਾਈ ਰਾਹੀਂ . . . ਲਿਖਿਆ ਹੈ।”—2 ਕੁਰਿੰ. 3:3.

ਗੀਤ 40 ਰਾਜ ਨੂੰ ਪਹਿਲੀ ਥਾਂ ਦੇਵੋ

ਖ਼ਾਸ ਗੱਲਾਂa

ਇਕ ਨੌਜਵਾਨ ਭੈਣ ਬਪਤਿਸਮਾ ਲੈਂਦੀ ਹੋਈ

ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਂਦਿਆਂ ਦੇਖਦੇ ਹਨ! (ਪੈਰਾ 1 ਦੇਖੋ)

1. ਦੂਜਾ ਕੁਰਿੰਥੀਆਂ 3:1-3 ਮੁਤਾਬਕ ਤਰੱਕੀ ਕਰਨ ਵਾਲੀਆਂ ਬਾਈਬਲ ਸਟੱਡੀਆਂ ਕਰਾਉਣੀਆਂ ਸਾਡੇ ਲਈ ਸਨਮਾਨ ਦੀ ਗੱਲ ਕਿਉਂ ਹੈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

ਤੁਹਾਨੂੰ ਕਿਵੇਂ ਲੱਗਦਾ ਹੈ ਜਦੋਂ ਤੁਹਾਡੀ ਮੰਡਲੀ ਦਾ ਕੋਈ ਬਾਈਬਲ ਵਿਦਿਆਰਥੀ ਬਪਤਿਸਮਾ ਲੈਂਦਾ ਹੈ? ਬਿਨਾਂ ਸ਼ੱਕ, ਤੁਹਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ! (ਮੱਤੀ 28:19) ਨਾਲੇ ਜੇ ਤੁਸੀਂ ਉਸ ਵਿਦਿਆਰਥੀ ਨਾਲ ਸਟੱਡੀ ਕੀਤੀ ਸੀ, ਤਾਂ ਤੁਸੀਂ ਉਸ ਨੂੰ ਬਪਤਿਸਮਾ ਲੈਂਦਾ ਦੇਖ ਕੇ ਫੁੱਲੇ ਨਹੀਂ ਸਮਾਉਂਦੇ! (1 ਥੱਸ. 2:19, 20) ਇਹ ਚੇਲੇ ਸਿਰਫ਼ ਸਟੱਡੀ ਕਰਾਉਣ ਵਾਲਿਆਂ ਲਈ ਹੀ ਨਹੀਂ, ਸਗੋਂ ਪੂਰੀ ਮੰਡਲੀ ਲਈ “ਸਿਫ਼ਾਰਸ਼ੀ ਚਿੱਠੀਆਂ” ਹਨ।—2 ਕੁਰਿੰਥੀਆਂ 3:1-3 ਪੜ੍ਹੋ।

2. (ੳ) ਸਾਨੂੰ ਕਿਹੜੇ ਅਹਿਮ ਸਵਾਲਾਂ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਅਤੇ ਕਿਉਂ? (ਅ) ਬਾਈਬਲ ਸਟੱਡੀ ਕੀ ਹੈ? (ਫੁਟਨੋਟ ਦੇਖੋ।)

2 ਕਿੰਨੀ ਵਧੀਆ ਗੱਲ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਦੁਨੀਆਂ ਭਰ ਵਿਚ ਹਰ ਮਹੀਨੇ ਤਕਰੀਬਨ 1,00,00,000 ਬਾਈਬਲ ਸਟੱਡੀਆਂb ਕਰਾਈਆਂ ਗਈਆਂ। ਇਨ੍ਹਾਂ ਸਾਲਾਂ ਦੌਰਾਨ, ਹਰ ਸਾਲ ਤਕਰੀਬਨ 2,80,000 ਜਣੇ ਯਹੋਵਾਹ ਦੇ ਗਵਾਹ ਬਣੇ ਅਤੇ ਯਿਸੂ ਮਸੀਹ ਦੇ ਨਵੇਂ ਚੇਲੇ। ਅਸੀਂ ਬਾਕੀ ਸਟੱਡੀ ਕਰਨ ਵਾਲਿਆਂ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਜਦੋਂ ਤਕ ਯਹੋਵਾਹ ਧੀਰਜ ਨਾਲ ਲੋਕਾਂ ਨੂੰ ਮਸੀਹ ਦੇ ਚੇਲੇ ਬਣਨ ਦਾ ਸਮਾਂ ਤੇ ਮੌਕਾ ਦੇ ਰਿਹਾ ਹੈ, ਉਦੋਂ ਤਕ ਅਸੀਂ ਪੂਰੀ ਵਾਹ ਲਾ ਕੇ ਲੋਕਾਂ ਦੀ ਜਲਦੀ ਤੋਂ ਜਲਦੀ ਬਪਤਿਸਮਾ ਲੈਣ ਵਿਚ ਮਦਦ ਕਰਨੀ ਚਾਹੁੰਦੇ ਹਾਂ। ਸਮਾਂ ਖੰਭ ਲਾ ਕੇ ਉੱਡ ਰਿਹਾ ਹੈ।—1 ਕੁਰਿੰ. 7:29ੳ; 1 ਪਤ. 4:7.

3. ਇਸ ਲੇਖ ਵਿਚ ਅਸੀਂ ਬਾਈਬਲ ਸਟੱਡੀਆਂ ਕਰਾਉਣ ਬਾਰੇ ਕੀ ਦੇਖਾਂਗੇ?

3 ਚੇਲੇ ਬਣਾਉਣ ਦੇ ਕੰਮ ਦੀ ਅਹਿਮੀਅਤ ʼਤੇ ਜ਼ੋਰ ਦੇਣ ਲਈ ਬ੍ਰਾਂਚ ਆਫ਼ਿਸਾਂ ਤੋਂ ਪੁੱਛਿਆ ਗਿਆ ਕਿ ਬਾਈਬਲ ਵਿਦਿਆਰਥੀਆਂ ਦੀ ਤਰੱਕੀ ਕਰ ਕੇ ਬਪਤਿਸਮਾ ਲੈਣ ਵਿਚ ਕਿੱਦਾਂ ਮਦਦ ਕੀਤੀ ਜਾ ਸਕਦੀ ਹੈ। ਇਸ ਲੇਖ ਅਤੇ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਤਜਰਬੇਕਾਰ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ਤੋਂ ਕੀ ਸਿੱਖ ਸਕਦੇ ਹਾਂ।c (ਕਹਾ. 11:14; 15:22) ਉਨ੍ਹਾਂ ਨੇ ਦੱਸਿਆ ਕਿ ਸਿੱਖਿਅਕ ਅਤੇ ਵਿਦਿਆਰਥੀ ਕੀ ਕਰ ਸਕਦੇ ਹਨ ਤਾਂਕਿ ਬਾਈਬਲ ਸਟੱਡੀ ਤੋਂ ਵਿਦਿਆਰਥੀ ਨੂੰ ਹੋਰ ਜ਼ਿਆਦਾ ਫ਼ਾਇਦਾ ਹੋਵੇ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਹਰ ਵਿਦਿਆਰਥੀ ਨੂੰ ਕਿਹੜੇ ਪੰਜ ਕੰਮ ਕਰਨ ਦੀ ਲੋੜ ਹੈ ਤਾਂਕਿ ਉਹ ਤਰੱਕੀ ਕਰ ਕੇ ਬਪਤਿਸਮਾ ਲੈ ਸਕੇ।

ਹਰ ਹਫ਼ਤੇ ਸਟੱਡੀ ਕਰਾਓ

ਤਸਵੀਰਾਂ: 1.ਇਕ ਭੈਣ ਦਰਵਾਜ਼ੇ ’ਤੇ ਖੜ੍ਹ ਕੇ ਇਕ ਔਰਤ ਨੂੰ ਬਾਈਬਲ ਸਟੱਡੀ ਕਰਾਉਂਦੀ ਹੋਈ। 2. ਇਕ ਹੋਰ ਮੌਕੇ ’ਤੇ ਭੈਣ ਉਸ ਔਰਤ ਦੇ ਘਰ ਅੰਦਰ ਸਟੱਡੀ ਕਰਾਉਂਦੀ ਹੋਈ।

ਵਿਦਿਆਰਥੀ ਨੂੰ ਪੁੱਛੋ ਕਿ ਜੇ ਤੁਸੀਂ ਇਕੱਠੇ ਬੈਠ ਕੇ ਬਾਈਬਲ ʼਤੇ ਚਰਚਾ ਕਰ ਸਕਦੇ ਹੋ (ਪੈਰੇ 4-6 ਦੇਖੋ)

4. ਦਰਵਾਜ਼ੇ ʼਤੇ ਕਰਾਈਆਂ ਜਾਣ ਵਾਲੀਆਂ ਸਟੱਡੀਆਂ ਬਾਰੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

4 ਬਹੁਤ ਸਾਰੇ ਭੈਣ-ਭਰਾ ਦਰਵਾਜ਼ੇ ʼਤੇ ਹੀ ਬਾਈਬਲ ਸਟੱਡੀਆਂ ਕਰਾਉਂਦੇ ਹਨ। ਭਾਵੇਂ ਬਾਈਬਲ ਵਿਚ ਦਿਲਚਸਪੀ ਵਧਾਉਣ ਦਾ ਇਹ ਵਧੀਆ ਤਰੀਕਾ ਹੈ, ਪਰ ਦਰਵਾਜ਼ੇ ʼਤੇ ਖੜ੍ਹ ਕੇ ਥੋੜ੍ਹੇ ਸਮੇਂ ਲਈ ਗੱਲਬਾਤ ਹੁੰਦੀ ਹੈ ਤੇ ਸ਼ਾਇਦ ਹਰ ਹਫ਼ਤੇ ਗੱਲ ਨਾ ਹੋਵੇ। ਕਈ ਭੈਣ-ਭਰਾ ਉਨ੍ਹਾਂ ਦੀ ਦਿਲਚਸਪੀ ਹੋਰ ਵਧਾਉਣ ਲਈ ਉਨ੍ਹਾਂ ਦਾ ਫ਼ੋਨ ਨੰਬਰ ਲੈ ਲੈਂਦੇ ਹਨ ਅਤੇ ਫਿਰ ਫ਼ੋਨ ਜਾਂ ਮੈਸਿਜ ਕਰ ਕੇ ਵੀ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਸ਼ਾਇਦ ਇੱਦਾਂ ਦੀ ਗੱਲਬਾਤ ਮਹੀਨਿਆਂ ਬੱਧੀ ਚੱਲਦੀ ਰਹੇ ਤੇ ਉਹ ਤਰੱਕੀ ਕਰਨ ਵਾਲੀ ਬਾਈਬਲ ਸਟੱਡੀ ਨਾ ਬਣੇ। ਪਰ ਕੀ ਵਿਦਿਆਰਥੀ ਸਮਰਪਣ ਕਰਨ ਤੇ ਬਪਤਿਸਮਾ ਲੈਣ ਲਈ ਤਿਆਰ ਹੋਵੇਗਾ, ਜੇ ਉਹd ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਲਈ ਸਿਰਫ਼ ਇੰਨਾ ਹੀ ਸਮਾਂ ਲਾਉਂਦਾ ਤੇ ਜਤਨ ਕਰਦਾ ਹੈ? ਸ਼ਾਇਦ ਨਹੀਂ।

5. ਲੂਕਾ 14:27-33 ਮੁਤਾਬਕ ਯਿਸੂ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਜੋ ਚੇਲੇ ਬਣਾਉਣ ਦੇ ਕੰਮ ਵਿਚ ਸਾਡੀ ਮਦਦ ਕਰ ਸਕਦੀ ਹੈ?

5 ਇਕ ਮੌਕੇ ʼਤੇ ਯਿਸੂ ਨੇ ਸਮਝਾਇਆ ਕਿ ਇਕ ਵਿਅਕਤੀ ਨੂੰ ਉਸ ਦਾ ਚੇਲਾ ਬਣਨ ਲਈ ਕੀ ਕਰਨਾ ਪਵੇਗਾ। ਉਸ ਨੇ ਉਸ ਵਿਅਕਤੀ ਦੀ ਮਿਸਾਲ ਦਿੱਤੀ ਜੋ ਬੁਰਜ ਬਣਾਉਣਾ ਚਾਹੁੰਦਾ ਹੈ ਅਤੇ ਉਸ ਰਾਜੇ ਬਾਰੇ ਗੱਲ ਕੀਤੀ ਜੋ ਲੜਾਈ ਕਰਨ ਜਾਣਾ ਚਾਹੁੰਦਾ ਹੈ। ਯਿਸੂ ਨੇ ਕਿਹਾ ਕਿ ਬੁਰਜ ਬਣਾਉਣ ਵਾਲੇ ਨੂੰ “ਪਹਿਲਾਂ ਬੈਠ ਕੇ ਪੂਰਾ ਹਿਸਾਬ” ਲਗਾਉਣਾ ਚਾਹੀਦਾ ਹੈ ਕਿ ਉਸ ਕੋਲ ਬੁਰਜ ਬਣਾਉਣ ਲਈ ਪੈਸੇ ਹਨ ਜਾਂ ਨਹੀਂ ਅਤੇ ਰਾਜੇ ਨੂੰ ਪਹਿਲਾਂ ਬੈਠ ਕੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਕਿ ਉਸ ਦੀ ਫ਼ੌਜ ਜਿੱਤ ਸਕਦੀ ਹੈ ਜਾਂ ਨਹੀਂ। (ਲੂਕਾ 14:27-33 ਪੜ੍ਹੋ।) ਇਸੇ ਤਰ੍ਹਾਂ ਯਿਸੂ ਚਾਹੁੰਦਾ ਸੀ ਕਿ ਜਿਹੜਾ ਵਿਅਕਤੀ ਉਸ ਦਾ ਚੇਲਾ ਬਣਨਾ ਚਾਹੁੰਦਾ ਹੈ, ਉਹ ਧਿਆਨ ਨਾਲ ਸੋਚੇ ਕਿ ਯਿਸੂ ਦਾ ਚੇਲਾ ਬਣਨ ਦਾ ਕੀ ਮਤਲਬ ਹੈ। ਇਸ ਲਈ ਸਾਨੂੰ ਹਰ ਹਫ਼ਤੇ ਉਨ੍ਹਾਂ ਨੂੰ ਆਪਣੇ ਨਾਲ ਸਟੱਡੀ ਕਰਨ ਦਾ ਹੌਸਲਾ ਦੇਣਾ ਚਾਹੀਦਾ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?

6. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਟੱਡੀਆਂ ਤਰੱਕੀ ਕਰਨ?

6 ਦਰਵਾਜ਼ੇ ʼਤੇ ਕਰਾਈਆਂ ਜਾਣ ਵਾਲੀਆਂ ਸਟੱਡੀਆਂ ਨਾਲ ਜ਼ਿਆਦਾ ਸਮਾਂ ਗੱਲ ਕਰੋ। ਹਰ ਵਾਰ ਮਿਲਣ ਤੇ ਤੁਸੀਂ ਉਸ ਨਾਲ ਬਾਈਬਲ ਵਿੱਚੋਂ ਇਕ ਤੋਂ ਵੱਧ ਆਇਤਾਂ ʼਤੇ ਚਰਚਾ ਕਰ ਸਕਦੇ ਹੋ। ਜਦੋਂ ਘਰ-ਮਾਲਕ ਨੂੰ ਜ਼ਿਆਦਾ ਦੇਰ ਤਕ ਗੱਲ ਕਰਨ ਦੀ ਆਦਤ ਪੈ ਜਾਵੇ, ਤਾਂ ਉਸ ਨੂੰ ਪੁੱਛੋ ਕਿ ਅਸੀਂ ਕਿਤੇ ਬੈਠ ਕੇ ਗੱਲ ਕਰ ਸਕਦੇ ਹਾਂ। ਘਰ-ਮਾਲਕ ਦੇ ਜਵਾਬ ਤੋਂ ਪਤਾ ਲੱਗੇਗਾ ਕਿ ਉਹ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੈ ਕਿ ਨਹੀਂ। ਸਮੇਂ ਦੇ ਬੀਤਣ ਨਾਲ, ਤੁਸੀਂ ਉਸ ਨੂੰ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨ ਲਈ ਪੁੱਛ ਸਕਦੇ ਹੋ ਤਾਂਕਿ ਉਹ ਹੋਰ ਤਰੱਕੀ ਕਰ ਸਕੇ। ਪਰ ਹਰ ਹਫ਼ਤੇ ਇਕ ਜਾਂ ਦੋ ਵਾਰ ਸਟੱਡੀ ਕਰਾਉਣ ਦੇ ਨਾਲ-ਨਾਲ ਤੁਹਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ।

ਹਰ ਵਾਰ ਸਟੱਡੀ ਲਈ ਤਿਆਰੀ ਕਰੋ

ਤਸਵੀਰਾਂ: 1. ਭੈਣ ਪਹਿਲਾਂ ਤੋਂ ਹੀ ਸਟੱਡੀ ਲਈ ਤਿਆਰੀ ਕਰਦੀ ਹੋਈ। 2. ਬਾਅਦ ਵਿਚ ਭੈਣ ਜਵਾਬਾਂ ’ਤੇ ਨਿਸ਼ਾਨ ਲਾਉਣ ਵਿਚ ਵਿਦਿਆਰਥਣ ਦੀ ਮਦਦ ਕਰਦੀ ਹੋਈ।

ਬਾਈਬਲ ਸਟੱਡੀ ਲਈ ਚੰਗੀ ਤਿਆਰੀ ਕਰੋ ਅਤੇ ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ (ਪੈਰੇ 7-9 ਦੇਖੋ)

7. ਸਿੱਖਿਅਕ ਹਰ ਵਾਰ ਬਾਈਬਲ ਸਟੱਡੀ ਲਈ ਤਿਆਰੀ ਕਿਵੇਂ ਕਰ ਸਕਦਾ ਹੈ?

7 ਸਿੱਖਿਅਕ ਵਜੋਂ, ਤੁਹਾਨੂੰ ਹਰ ਵਾਰ ਬਾਈਬਲ ਸਟੱਡੀ ਲਈ ਤਿਆਰੀ ਕਰਨ ਦੀ ਲੋੜ ਹੈ। ਤੁਸੀਂ ਇਹ ਤਿਆਰੀ ਪੈਰਿਆਂ ਅਤੇ ਦਿੱਤੀਆਂ ਆਇਤਾਂ ਨੂੰ ਪੜ੍ਹ ਕੇ ਕਰ ਸਕਦੇ ਹੋ। ਮੁੱਖ ਗੱਲਾਂ ਨੂੰ ਆਪਣੇ ਮਨ ਵਿਚ ਬਿਠਾਓ। ਪਾਠ ਦੇ ਵਿਸ਼ੇ, ਸਿਰਲੇਖਾਂ, ਸਵਾਲਾਂ, “ਪੜ੍ਹੋ” ਆਇਤਾਂ, ਤਸਵੀਰਾਂ ਅਤੇ ਵੀਡੀਓ ਬਾਰੇ ਸੋਚੋ ਜੋ ਇਸ ਵਿਸ਼ੇ ਨੂੰ ਸਮਝਾਉਣ ਵਿਚ ਤੁਹਾਡੀ ਮਦਦ ਕਰਦੀਆਂ ਹਨ। ਫਿਰ ਆਪਣੇ ਵਿਦਿਆਰਥੀ ਨੂੰ ਮਨ ਵਿਚ ਰੱਖਦਿਆਂ ਪਹਿਲਾਂ ਤੋਂ ਹੀ ਸੋਚੋ ਕਿ ਤੁਸੀਂ ਇਹ ਜਾਣਕਾਰੀ ਸੌਖੇ ਅਤੇ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਪੇਸ਼ ਕਰ ਸਕਦੇ ਹੋ ਤਾਂਕਿ ਤੁਹਾਡਾ ਵਿਦਿਆਰਥੀ ਆਸਾਨੀ ਨਾਲ ਇਸ ਨੂੰ ਸਮਝ ਸਕੇ ਅਤੇ ਇਸ ਨੂੰ ਲਾਗੂ ਕਰ ਸਕੇ।—ਨਹ. 8:8; ਕਹਾ. 15:28ੳ.

8. ਕੁਲੁੱਸੀਆਂ 1:9, 10 ਵਿਚ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਬਾਈਬਲ ਸਟੱਡੀਆਂ ਲਈ ਪ੍ਰਾਰਥਨਾ ਕਰਨ ਬਾਰੇ ਅਸੀਂ ਕੀ ਸਿੱਖਦੇ ਹਾਂ?

8 ਤਿਆਰੀ ਕਰਨ ਵਿਚ ਆਪਣੇ ਵਿਦਿਆਰਥੀ ਅਤੇ ਉਸ ਦੀਆਂ ਲੋੜਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਵੀ ਸ਼ਾਮਲ ਹੈ। ਆਪਣੇ ਵਿਦਿਆਰਥੀ ਨੂੰ ਬਾਈਬਲ ਤੋਂ ਚੰਗੀ ਤਰ੍ਹਾਂ ਸਿਖਾਉਣ ਲਈ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਗੱਲਾਂ ਉਸ ਦੇ ਦਿਲ ਤਕ ਪਹੁੰਚ ਸਕਣ। (ਕੁਲੁੱਸੀਆਂ 1:9, 10 ਪੜ੍ਹੋ।) ਸੋਚੋ ਕਿ ਵਿਦਿਆਰਥੀ ਨੂੰ ਸ਼ਾਇਦ ਕਿਹੜੀਆਂ ਗੱਲਾਂ ਸਮਝਣੀਆਂ ਤੇ ਸਵੀਕਾਰ ਕਰਨੀਆਂ ਔਖੀਆਂ ਲੱਗਣ। ਯਾਦ ਰੱਖੋ ਕਿ ਤੁਹਾਡਾ ਟੀਚਾ ਹੈ ਕਿ ਤੁਸੀਂ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ।

9. ਸਿੱਖਿਅਕ ਆਪਣੇ ਵਿਦਿਆਰਥੀ ਨੂੰ ਸਟੱਡੀ ਦੀ ਤਿਆਰੀ ਕਰਨੀ ਕਿੱਦਾਂ ਸਿਖਾ ਸਕਦਾ ਹੈ?

9 ਅਸੀਂ ਉਮੀਦ ਕਰਦੇ ਹਾਂ ਕਿ ਲਗਾਤਾਰ ਸਟੱਡੀ ਕਰਨ ਕਰਕੇ ਵਿਦਿਆਰਥੀ ਯਹੋਵਾਹ ਅਤੇ ਯਿਸੂ ਵੱਲੋਂ ਕੀਤੇ ਕੰਮਾਂ ਲਈ ਕਦਰ ਦਿਖਾਵੇਗਾ ਅਤੇ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੇਗਾ। (ਮੱਤੀ 5:3, 6) ਸਟੱਡੀ ਤੋਂ ਪੂਰਾ ਫ਼ਾਇਦਾ ਲੈਣ ਲਈ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਉੱਤੇ ਧਿਆਨ ਦੇਣ ਦੀ ਲੋੜ ਹੈ। ਇਸ ਗੱਲ ਵਿਚ ਉਸ ਦੀ ਮਦਦ ਕਰਨ ਲਈ ਉਸ ਨੂੰ ਸਮਝਾਓ ਕਿ ਹਰ ਵਾਰ ਸਟੱਡੀ ਲਈ ਤਿਆਰੀ ਕਰਨੀ ਅਤੇ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਉੱਤੇ ਲਾਗੂ ਕਰਨਾ ਕਿੰਨਾ ਜ਼ਰੂਰੀ ਹੈ। ਸਿੱਖਿਅਕ ਕਿਵੇਂ ਮਦਦ ਕਰ ਸਕਦਾ ਹੈ? ਵਿਦਿਆਰਥੀ ਨੂੰ ਦਿਖਾਓ ਕਿ ਤਿਆਰੀ ਕਿਵੇਂ ਕੀਤੀ ਜਾਂਦੀ ਹੈ।e ਸਮਝਾਓ ਕਿ ਉਹ ਸਵਾਲਾਂ ਦੇ ਸਿੱਧੇ-ਸਿੱਧੇ ਜਵਾਬ ਕਿਵੇਂ ਲੱਭ ਸਕਦਾ ਹੈ ਅਤੇ ਦਿਖਾਓ ਕਿ ਉਨ੍ਹਾਂ ਸ਼ਬਦਾਂ ਜਾਂ ਵਾਕਾਂ ਉੱਪਰ ਨਿਸ਼ਾਨ ਲਾਵੇ ਜਿਨ੍ਹਾਂ ਨਾਲ ਉਹ ਜਵਾਬ ਯਾਦ ਰੱਖ ਸਕੇ। ਫਿਰ ਉਸ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਲਈ ਕਹੋ। ਇੱਦਾਂ ਕਰ ਕੇ ਤੁਹਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਉਸ ਨੂੰ ਪੜ੍ਹੀਆਂ ਗੱਲਾਂ ਕਿੰਨੀਆਂ ਕੁ ਸਮਝ ਆਈਆਂ ਹਨ। ਤੁਸੀਂ ਆਪਣੇ ਵਿਦਿਆਰਥੀ ਨੂੰ ਇਕ ਹੋਰ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹੋ।

ਉਸ ਨੂੰ ਹਰ ਰੋਜ਼ ਯਹੋਵਾਹ ਨਾਲ ਗੱਲ ਕਰਨੀ ਸਿਖਾਓ

ਤਸਵੀਰਾਂ: 1. ਭੈਣ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਹੋਈ। 2. ਬਾਅਦ ਵਿਚ ਬਾਈਬਲ ਵਿਦਿਆਰਥਣ ਆਪ ਪ੍ਰਾਰਥਨਾ ਕਰਦੀ ਹੋਈ।

ਆਪਣੇ ਬਾਈਬਲ ਵਿਦਿਆਰਥੀ ਨੂੰ ਯਹੋਵਾਹ ਨਾਲ ਗੱਲਬਾਤ ਕਰਨੀ ਸਿਖਾਓ (ਪੈਰੇ 10-11 ਦੇਖੋ)

10. ਹਰ ਰੋਜ਼ ਬਾਈਬਲ ਪੜ੍ਹਨੀ ਜ਼ਰੂਰੀ ਕਿਉਂ ਹੈ ਅਤੇ ਬਾਈਬਲ ਪੜ੍ਹਾਈ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰਨਾ ਚਾਹੀਦਾ ਹੈ?

10 ਆਪਣੇ ਸਿੱਖਿਅਕ ਨਾਲ ਹਰ ਹਫ਼ਤੇ ਸਟੱਡੀ ਕਰਨ ਤੋਂ ਇਲਾਵਾ ਵਿਦਿਆਰਥੀ ਆਪ ਵੀ ਹਰ ਰੋਜ਼ ਕੁਝ ਕਰ ਸਕਦਾ ਹੈ ਜਿਸ ਤੋਂ ਉਸ ਨੂੰ ਫ਼ਾਇਦਾ ਹੋਵੇਗਾ। ਉਹ ਹਰ ਰੋਜ਼ ਯਹੋਵਾਹ ਨਾਲ ਗੱਲਬਾਤ ਕਰ ਸਕਦਾ ਹੈ। ਕਿਵੇਂ? ਯਹੋਵਾਹ ਦੀ ਗੱਲ ਸੁਣ ਕੇ ਅਤੇ ਉਸ ਨਾਲ ਗੱਲ ਕਰ ਕੇ। ਉਹ ਰੋਜ਼ ਬਾਈਬਲ ਪੜ੍ਹ ਕੇ ਪਰਮੇਸ਼ੁਰ ਦੀ ਗੱਲ ਸੁਣ ਸਕਦਾ ਹੈ। (ਯਹੋ. 1:8; ਜ਼ਬੂ. 1:1-3) ਉਸ ਨੂੰ ਦੱਸੋ ਕਿ ਉਹ jw.org/pa ʼਤੇ ਦਿੱਤੇ “ਬਾਈਬਲ ਪੜ੍ਹਾਈ ਲਈ ਸ਼ਡਿਉਲ” ਨੂੰ ਕਿਵੇਂ ਵਰਤ ਸਕਦਾ ਹੈ।f ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਬਾਈਬਲ ਪੜ੍ਹਦਿਆਂ ਉਹ ਸੋਚ-ਵਿਚਾਰ ਕਰੇ ਕਿ ਉਸ ਨੇ ਯਹੋਵਾਹ ਬਾਰੇ ਕੀ ਸਿੱਖਿਆ ਅਤੇ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦਾ ਹੈ। ਇੱਦਾਂ ਕਰ ਕੇ ਉਹ ਬਾਈਬਲ ਪੜ੍ਹਾਈ ਤੋਂ ਪੂਰਾ ਫ਼ਾਇਦਾ ਲੈ ਸਕੇਗਾ।—ਰਸੂ. 17:11; ਯਾਕੂ. 1:25.

11. ਵਿਦਿਆਰਥੀ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਰਨੀ ਕਿਵੇਂ ਸਿੱਖ ਸਕਦਾ ਹੈ ਅਤੇ ਉਸ ਨੂੰ ਬਾਕਾਇਦਾ ਯਹੋਵਾਹ ਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

11 ਆਪਣੇ ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਹਰ ਰੋਜ਼ ਪ੍ਰਾਰਥਨਾ ਕਰ ਕੇ ਯਹੋਵਾਹ ਨਾਲ ਗੱਲ ਕਰੇ। ਹਰ ਵਾਰ ਸਟੱਡੀ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਵਿਦਿਆਰਥੀ ਨਾਲ ਤੇ ਵਿਦਿਆਰਥੀ ਲਈ ਦਿਲੋਂ ਪ੍ਰਾਰਥਨਾ ਕਰੋ। ਉਹ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਸਿੱਖੇਗਾ ਕਿ ਉਸ ਨੂੰ ਯਿਸੂ ਮਸੀਹ ਦੇ ਨਾਂ ਉੱਤੇ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 6:9; ਯੂਹੰ. 15:16) ਜ਼ਰਾ ਕਲਪਨਾ ਕਰੋ ਕਿ ਹਰ ਰੋਜ਼ ਬਾਈਬਲ ਰਾਹੀਂ ਯਹੋਵਾਹ ਦੀ ਗੱਲ ਸੁਣ ਕੇ ਅਤੇ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰ ਕੇ ਤੁਹਾਡੇ ਵਿਦਿਆਰਥੀ ਦੀ ਪਰਮੇਸ਼ੁਰ ਦੇ ਨੇੜੇ ਆਉਣ ਵਿਚ ਕਿੰਨੀ ਮਦਦ ਹੋਵੇਗੀ! (ਯਾਕੂ. 4:8) ਹਰ ਰੋਜ਼ ਇੱਦਾਂ ਕਰਨ ਨਾਲ ਤੁਹਾਡੇ ਵਿਦਿਆਰਥੀ ਦੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਹੋ ਸਕਦੀ ਹੈ। ਹੋਰ ਕਿਹੜੀ ਗੱਲ ਉਸ ਦੀ ਮਦਦ ਕਰੇਗੀ?

ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਵਿਦਿਆਰਥੀ ਦੀ ਮਦਦ ਕਰੋ

12. ਇਕ ਸਿੱਖਿਅਕ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦਾ ਹੈ?

12 ਬਾਈਬਲ ਸਟੱਡੀ ਦੌਰਾਨ ਸਿੱਖੀਆਂ ਗੱਲਾਂ ਦਾ ਅਸਰ ਵਿਦਿਆਰਥੀ ਦੇ ਸਿਰਫ਼ ਮਨ ʼਤੇ ਹੀ ਨਹੀਂ, ਸਗੋਂ ਦਿਲ ʼਤੇ ਵੀ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਦਿਲ ਸਾਡੀਆਂ ਇੱਛਾਵਾਂ ਤੇ ਭਾਵਨਾਵਾਂ ਨੂੰ ਦਰਸਾਉਂਦਾ ਹੈ ਜੋ ਸਾਨੂੰ ਕੰਮ ਕਰਨ ਲਈ ਪ੍ਰੇਰਦੀਆਂ ਹਨ। ਯਿਸੂ ਤਰਕ ਕਰ ਕੇ ਸਿਖਾਉਂਦਾ ਸੀ ਜਿਸ ਦਾ ਅਸਰ ਲੋਕਾਂ ਦੇ ਮਨਾਂ ʼਤੇ ਪਿਆ। ਪਰ ਲੋਕ ਯਿਸੂ ਦੇ ਚੇਲੇ ਇਸ ਲਈ ਬਣੇ ਕਿਉਂਕਿ ਉਸ ਦੀਆਂ ਗੱਲਾਂ ਦਾ ਅਸਰ ਉਨ੍ਹਾਂ ਦੇ ਦਿਲ ʼਤੇ ਵੀ ਪਿਆ। (ਲੂਕਾ 24:15, 27, 32) ਤੁਹਾਡੇ ਵਿਦਿਆਰਥੀ ਨੂੰ ਜਾਣਨ ਦੀ ਲੋੜ ਹੈ ਕਿ ਯਹੋਵਾਹ ਇਕ ਅਸਲੀ ਸ਼ਖ਼ਸ ਹੈ ਜਿਸ ਨਾਲ ਉਹ ਰਿਸ਼ਤਾ ਜੋੜ ਸਕਦਾ ਹੈ ਅਤੇ ਜਿਸ ਨੂੰ ਆਪਣਾ ਪਿਤਾ, ਪਰਮੇਸ਼ੁਰ ਤੇ ਦੋਸਤ ਬਣਾ ਸਕਦਾ ਹੈ। (ਜ਼ਬੂ. 25:4, 5) ਬਾਈਬਲ ਸਟੱਡੀ ਕਰਾਉਂਦਿਆਂ ਵਿਦਿਆਰਥੀ ਦਾ ਧਿਆਨ ਸਾਡੇ ਪਰਮੇਸ਼ੁਰ ਦੇ ਵਧੀਆ ਗੁਣਾਂ ਵੱਲ ਖਿੱਚੋ। (ਕੂਚ 34:5, 6; 1 ਪਤ. 5:6, 7) ਭਾਵੇਂ ਤੁਸੀਂ ਕਿਸੇ ਵੀ ਵਿਸ਼ੇ ʼਤੇ ਗੱਲ ਕਰ ਰਹੇ ਹੋ, ਪਰ ਵਿਦਿਆਰਥੀ ਦਾ ਧਿਆਨ ਇਸ ਗੱਲ ʼਤੇ ਲਗਾਓ ਕਿ ਯਹੋਵਾਹ ਕਿੱਦਾਂ ਦਾ ਪਰਮੇਸ਼ੁਰ ਹੈ। ਪਿਆਰ, ਦਇਆ ਅਤੇ ਤਰਸ ਵਰਗੇ ਯਹੋਵਾਹ ਦੇ ਗੁਣਾਂ ਦੀ ਕਦਰ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ। ਯਿਸੂ ਨੇ ਕਿਹਾ ਕਿ “ਪਹਿਲਾ ਅਤੇ ਸਭ ਤੋਂ ਵੱਡਾ ਹੁਕਮ” ਇਹ ਹੈ ਕਿ ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ।’ (ਮੱਤੀ 22:37, 38) ਆਪਣੇ ਵਿਦਿਆਰਥੀ ਦੇ ਦਿਲ ਵਿਚ ਪਰਮੇਸ਼ੁਰ ਲਈ ਗੂੜ੍ਹਾ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰੋ।

13. ਤੁਸੀਂ ਆਪਣੇ ਵਿਦਿਆਰਥੀ ਦੀ ਯਹੋਵਾਹ ਨੂੰ ਜਾਣਨ ਵਿਚ ਕਿਵੇਂ ਮਦਦ ਕਰ ਸਕਦੇ ਹੋ? ਇਕ ਮਿਸਾਲ ਦਿਓ।

13 ਆਪਣੇ ਵਿਦਿਆਰਥੀ ਨਾਲ ਗੱਲਬਾਤ ਕਰਦਿਆਂ ਦੱਸੋ ਕਿ ਤੁਸੀਂ ਯਹੋਵਾਹ ਨੂੰ ਕਿਉਂ ਪਿਆਰ ਕਰਦੇ ਹੋ। ਇਸ ਨਾਲ ਸ਼ਾਇਦ ਤੁਹਾਡੇ ਵਿਦਿਆਰਥੀ ਨੂੰ ਅਹਿਸਾਸ ਹੋਵੇ ਕਿ ਉਸ ਨੂੰ ਖ਼ੁਦ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਜੋੜਨ ਦੀ ਲੋੜ ਹੈ। (ਜ਼ਬੂ. 73:28) ਮਿਸਾਲ ਲਈ, ਕੀ ਸਟੱਡੀ ਕੀਤੇ ਜਾਣ ਵਾਲੇ ਪ੍ਰਕਾਸ਼ਨ ਜਾਂ ਕਿਸੇ ਆਇਤ ਵਿਚ ਯਹੋਵਾਹ ਦੇ ਪਿਆਰ, ਬੁੱਧ, ਨਿਆਂ ਜਾਂ ਤਾਕਤ ਬਾਰੇ ਕੁਝ ਦੱਸਿਆ ਗਿਆ ਹੈ ਜਿਸ ਦਾ ਤੁਹਾਡੇ ਦਿਲ ʼਤੇ ਗੂੜ੍ਹਾ ਅਸਰ ਪਿਆ ਹੈ? ਇਸ ਬਾਰੇ ਆਪਣੇ ਵਿਦਿਆਰਥੀ ਨੂੰ ਦੱਸੋ। ਉਸ ਨੂੰ ਇਹ ਵੀ ਦੱਸੋ ਕਿ ਇਹ ਸਿਰਫ਼ ਇਕ ਕਾਰਨ ਹੈ ਜਿਸ ਕਰਕੇ ਤੁਸੀਂ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦੇ ਹੋ। ਬਪਤਿਸਮਾ ਲੈਣ ਲਈ ਹਰ ਬਾਈਬਲ ਵਿਦਿਆਰਥੀ ਨੂੰ ਇਕ ਹੋਰ ਕੰਮ ਕਰਨ ਦੀ ਲੋੜ ਹੈ।

ਉਸ ਨੂੰ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਦਿਓ

ਤਸਵੀਰਾਂ: 1. ਭੈਣ ਇਕ ‘ਪਹਿਰਾਬੁਰਜ,’ ਇਕ ਵੀਡੀਓ ਅਤੇ ਸਭਾਵਾਂ ਲਈ ਸੱਦਾ-ਪੱਤਰ ਵਰਤ ਕੇ ਬਾਈਬਲ ਵਿਦਿਆਰਥਣ ਨੂੰ ਸਮਝਾਉਂਦੀ ਹੋਈ ਕਿ ਸਾਡੀਆਂ ਸਭਾਵਾਂ ’ਤੇ ਕੀ ਹੁੰਦਾ ਹੈ। 2. ਭੈਣ ‘ਪਹਿਰਾਬੁਰਜ’ ਅਧਿਐਨ ਦੌਰਾਨ ਟਿੱਪਣੀ ਕਰਦੀ ਹੋਈ ਉਸ ਦੀ ਵਿਦਿਆਰਥਣ ਉਸ ਨਾਲ ਬੈਠ ਕੇ ਧਿਆਨ ਨਾਲ ਸੁਣਦੀ ਹੋਈ।

ਆਪਣੇ ਵਿਦਿਆਰਥੀ ਨੂੰ ਜਲਦ ਤੋਂ ਜਲਦ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਦਿਓ! (ਪੈਰੇ 14-15 ਦੇਖੋ)

14. ਇਬਰਾਨੀਆਂ 10:24, 25 ਵਿਚ ਸਭਾਵਾਂ ਬਾਰੇ ਕੀ ਦੱਸਿਆ ਗਿਆ ਹੈ ਜਿਸ ਨਾਲ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਹੋ ਸਕਦੀ ਹੈ?

14 ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਤਰੱਕੀ ਕਰ ਕੇ ਬਪਤਿਸਮਾ ਲੈਣ। ਉਨ੍ਹਾਂ ਦੀ ਮਦਦ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਦੇਈਏ। ਤਜਰਬੇਕਾਰ ਸਿੱਖਿਅਕ ਦੱਸਦੇ ਹਨ ਕਿ ਜਿਹੜੇ ਬਾਈਬਲ ਵਿਦਿਆਰਥੀ ਜਲਦੀ ਸਭਾਵਾਂ ʼਤੇ ਆਉਣ ਲੱਗ ਪੈਂਦੇ ਹਨ, ਉਹ ਛੇਤੀ ਤਰੱਕੀ ਕਰਦੇ ਹਨ। (ਜ਼ਬੂ. 111:1) ਕੁਝ ਸਿੱਖਿਅਕ ਆਪਣੇ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਉਹ ਬਾਈਬਲ ਬਾਰੇ ਅੱਧਾ ਗਿਆਨ ਸਟੱਡੀ ਕਰ ਕੇ ਅਤੇ ਅੱਧਾ ਗਿਆਨ ਸਭਾਵਾਂ ʼਤੇ ਆ ਕੇ ਲੈ ਸਕਦੇ ਹਨ। ਆਪਣੇ ਵਿਦਿਆਰਥੀ ਨਾਲ ਇਬਰਾਨੀਆਂ 10:24, 25 ਪੜ੍ਹੋ ਅਤੇ ਉਸ ਨੂੰ ਸਭਾਵਾਂ ʼਤੇ ਆਉਣ ਦੇ ਫ਼ਾਇਦੇ ਦੱਸੋ। ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ?​g ਨਾਂ ਦੀ ਵੀਡੀਓ ਦਿਖਾਓ। ਹਰ ਸਭਾ ʼਤੇ ਆਉਣ ਦੀ ਆਦਤ ਪਾਉਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰੋ।

15. ਵਿਦਿਆਰਥੀ ਨੂੰ ਬਾਕਾਇਦਾ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਦੇਣ ਲਈ ਅਸੀਂ ਕੀ ਕਰ ਸਕਦੇ ਹਾਂ?

15 ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡਾ ਵਿਦਿਆਰਥੀ ਅਜੇ ਤਕ ਇਕ ਵੀ ਸਭਾ ʼਤੇ ਨਹੀਂ ਆਇਆ ਜਾਂ ਬਾਕਾਇਦਾ ਸਭਾਵਾਂ ʼਤੇ ਨਹੀਂ ਆਉਂਦਾ? ਪੂਰੇ ਜੋਸ਼ ਨਾਲ ਦੱਸੋ ਕਿ ਤੁਸੀਂ ਪਿਛਲੀ ਸਭਾ ਤੋਂ ਕੀ ਸਿੱਖਿਆ। ਸਭਾ ʼਤੇ ਆਉਣ ਦਾ ਸੱਦਾ ਦੇਣ ਨਾਲੋਂ ਇਹ ਗੱਲ ਜ਼ਿਆਦਾ ਫ਼ਾਇਦੇਮੰਦ ਹੈ। ਉਸ ਹਫ਼ਤੇ ਸਭਾ ʼਤੇ ਪੜ੍ਹਿਆ ਜਾਣ ਵਾਲਾ ਪਹਿਰਾਬੁਰਜ ਜਾਂ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਉਸ ਨੂੰ ਦਿਓ। ਉਸ ਨੂੰ ਦੱਸੋ ਕਿ ਅਗਲੀ ਸਭਾ ਵਿਚ ਕਿਹੜੀਆਂ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ ਅਤੇ ਉਸ ਨੂੰ ਪੁੱਛੋ ਕਿ ਉਸ ਨੂੰ ਕਿਹੜਾ ਭਾਗ ਦਿਲਚਸਪ ਲੱਗਦਾ ਹੈ। ਤੁਹਾਡਾ ਵਿਦਿਆਰਥੀ ਪਹਿਲੀ ਵਾਰੀ ਸਭਾ ਵਿਚ ਆ ਕੇ ਜੋ ਕੁਝ ਦੇਖੇਗਾ, ਉਹ ਉਸ ਨੇ ਹੋਰ ਕਿਸੇ ਵੀ ਧਾਰਮਿਕ ਸਭਾ ਵਿਚ ਨਹੀਂ ਦੇਖਿਆ ਹੋਣਾ। (1 ਕੁਰਿੰ. 14:24, 25) ਸਭਾ ਵਿਚ ਤੁਹਾਡਾ ਵਿਦਿਆਰਥੀ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੀ ਉਹ ਰੀਸ ਕਰ ਸਕਦਾ ਹੈ ਅਤੇ ਜੋ ਤਰੱਕੀ ਕਰ ਕੇ ਬਪਤਿਸਮਾ ਲੈਣ ਵਿਚ ਉਸ ਦੀ ਮਦਦ ਕਰ ਸਕਦੇ ਹਨ।

16. ਸਾਨੂੰ ਬਾਈਬਲ ਸਟੱਡੀਆਂ ਕਿਵੇਂ ਕਰਾਉਣੀਆਂ ਚਾਹੀਦੀਆਂ ਹਨ ਤਾਂਕਿ ਵਿਦਿਆਰਥੀ ਬਪਤਿਸਮਾ ਲੈ ਸਕਣ ਅਤੇ ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?

16 ਅਸੀਂ ਬਾਈਬਲ ਸਟੱਡੀਆਂ ਕਿਵੇਂ ਕਰਾ ਸਕਦੇ ਹਾਂ ਤਾਂਕਿ ਵਿਦਿਆਰਥੀ ਬਪਤਿਸਮਾ ਲੈ ਸਕਣ? ਅਸੀਂ ਵਿਦਿਆਰਥੀ ਨੂੰ ਹਰ ਹਫ਼ਤੇ ਸਟੱਡੀ ਕਰਨ ਅਤੇ ਹਰ ਵਾਰ ਤਿਆਰੀ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਇੱਦਾਂ ਕਰ ਕੇ ਅਸੀਂ ਹਰ ਵਿਦਿਆਰਥੀ ਦੀ ਗੰਭੀਰਤਾ ਨਾਲ ਸਟੱਡੀ ਕਰਨ ਵਿਚ ਮਦਦ ਕਰ ਸਕਦੇ ਹਾਂ। ਸਾਨੂੰ ਉਸ ਨੂੰ ਯਹੋਵਾਹ ਨਾਲ ਹਰ ਰੋਜ਼ ਗੱਲਬਾਤ ਕਰਨ ਅਤੇ ਉਸ ਨਾਲ ਨਿੱਜੀ ਰਿਸ਼ਤਾ ਜੋੜਨ ਦੀ ਵੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਨਾਲੇ ਸਾਨੂੰ ਵਿਦਿਆਰਥੀ ਨੂੰ ਸਭਾਵਾਂ ʼਤੇ ਆਉਣ ਦੀ ਵੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (“ਵਿਦਿਆਰਥੀਆਂ ਨੂੰ ਬਪਤਿਸਮਾ ਲੈਣ ਲਈ ਕੀ ਕਰਨ ਦੀ ਲੋੜ ਹੈ?” ਨਾਂ ਦੀ ਡੱਬੀ ਦੇਖੋ।) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਿੱਖਿਅਕ ਹੋਰ ਕਿਹੜੇ ਪੰਜ ਕੰਮਾਂ ਰਾਹੀਂ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕਦੇ ਹਨ।

ਇਕ ਭੈਣ ਆਪਣੀ ਖ਼ੁਸ਼ਦਿਲ ਬਾਈਬਲ ਵਿਦਿਆਰਥਣ ਨਾਲ ਬਾਈਬਲ ਸਟੱਡੀ ਕਰਦੀ ਹੋਈ

ਵਿਦਿਆਰਥੀਆਂ ਨੂੰ ਬਪਤਿਸਮਾ ਲੈਣ ਲਈ ਕੀ ਕਰਨ ਦੀ ਲੋੜ ਹੈ?

  1. 1. ਹਰ ਹਫ਼ਤੇ ਸਟੱਡੀ ਕਰੋ

    • ਬਾਕਾਇਦਾ ਸਟੱਡੀ ਕਰਨ ਲਈ ਲੋੜੀਂਦਾ ਸਮਾਂ ਅਤੇ ਤਾਕਤ ਲਾਓ

    • ਜੇ ਹੋ ਸਕੇ, ਤਾਂ ਹਫ਼ਤੇ ਵਿਚ ਦੋ ਵਾਰ ਸਟੱਡੀ ਕਰੋ

  2. 2. ਹਰ ਵਾਰ ਲਈ ਤਿਆਰੀ ਕਰੋ

    • ਪਾਠ ਪਹਿਲਾਂ ਤੋਂ ਪੜ੍ਹ ਕੇ ਰੱਖੋ

    • ਉਨ੍ਹਾਂ ਸ਼ਬਦਾਂ ਜਾਂ ਵਾਕਾਂ ʼਤੇ ਨਿਸ਼ਾਨ ਲਾਓ ਜਿਨ੍ਹਾਂ ਤੋਂ ਸਵਾਲਾਂ ਦੇ ਜਵਾਬ ਮਿਲਦੇ ਹਨ

    • ਸੋਚੋ ਕਿ ਇਹ ਗੱਲਾਂ ਵਿਦਿਆਰਥੀਆਂ ʼਤੇ ਕਿਵੇਂ ਲਾਗੂ ਹੁੰਦੀਆਂ ਹਨ

  3. 3. ਹਰ ਰੋਜ਼ ਯਹੋਵਾਹ ਨਾਲ ਗੱਲਬਾਤ ਕਰੋ

    • ਹਰ ਰੋਜ਼ ਬਾਈਬਲ ਪੜ੍ਹ ਕੇ ਯਹੋਵਾਹ ਦੀ ਗੱਲ ਸੁਣੋ

    • ਸੋਚੋ ਕਿ ਬਾਈਬਲ ਯਹੋਵਾਹ ਬਾਰੇ ਕੀ ਸਿਖਾਉਂਦੀ ਹੈ

    • ਰੋਜ਼ ਪ੍ਰਾਰਥਨਾ ਕਰ ਕੇ ਯਹੋਵਾਹ ਨਾਲ ਗੱਲ ਕਰੋ

  4. 4. ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜੋ

    • ਯਹੋਵਾਹ ਨੂੰ ਅਸਲੀ ਸ਼ਖ਼ਸ ਵਜੋਂ ਦੇਖੋ

    • ਯਹੋਵਾਹ ਦੇ ਵਧੀਆ ਗੁਣਾਂ ਅਤੇ ਸ਼ਖ਼ਸੀਅਤ ਦੀ ਕਦਰ ਕਰੋ

    • ਯਹੋਵਾਹ ਨੂੰ ਦਿਲੋਂ ਪਿਆਰ ਕਰਨਾ ਸਿੱਖੋ

  5. 5. ਸਭਾਵਾਂ ʼਤੇ ਹਾਜ਼ਰ ਹੋਵੋ

    • ਸਭਾਵਾਂ ਨੂੰ ਬਾਈਬਲ ਸਟੱਡੀ ਦਾ ਹਿੱਸਾ ਮੰਨੋ

    • ਸੋਚੋ ਕਿ ਸਭਾਵਾਂ ʼਤੇ ਹਾਜ਼ਰ ਹੋ ਕੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ

    • ਉਨ੍ਹਾਂ ਨੂੰ ਮਿਲੋ ਜਿਨ੍ਹਾਂ ਦੀ ਚੰਗੀ ਮਿਸਾਲ ਦੀ ਉਹ ਰੀਸ ਕਰ ਸਕਦੇ ਹਨ

ਤੁਸੀਂ ਕੀ ਸਿੱਖਿਆ?

  • ਅਸੀਂ ਦਰਵਾਜ਼ੇ ʼਤੇ ਕੀਤੀ ਜਾਣ ਵਾਲੀ ਚਰਚਾ ਨੂੰ ਹੋਰ ਅਸਰਦਾਰ ਕਿਵੇਂ ਬਣਾ ਸਕਦੇ ਹਾਂ?

  • ਅਸੀਂ ਵਿਦਿਆਰਥੀਆਂ ਨੂੰ ਯਹੋਵਾਹ ਨਾਲ ਗੱਲ ਕਰਨੀ ਕਿਵੇਂ ਸਿਖਾ ਸਕਦੇ ਹਾਂ ਅਤੇ ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?

  • ਅਸੀਂ ਵਿਦਿਆਰਥੀਆਂ ਨੂੰ ਸਭਾਵਾਂ ʼਤੇ ਆਉਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ?

ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!

a ਕਿਸੇ ਵਿਅਕਤੀ ਨੂੰ ਕੁਝ ਸਿਖਾਉਣ ਦਾ ਮਤਲਬ ਹੈ ਕਿ ਉਸ ਦੀ ਨਵੇਂ ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਵਿਚ ਮਦਦ ਕਰਨੀ। 2020 ਦਾ ਬਾਈਬਲ ਦਾ ਹਵਾਲਾ ਮੱਤੀ 28:19 ਹੈ। ਇਹ ਹਵਾਲਾ ਸਾਨੂੰ ਯਾਦ ਕਰਾਉਂਦਾ ਹੈ ਕਿ ਲੋਕਾਂ ਨੂੰ ਬਾਈਬਲ ਸਟੱਡੀ ਕਰਾਉਣੀ ਅਤੇ ਉਨ੍ਹਾਂ ਦੀ ਯਿਸੂ ਮਸੀਹ ਦੇ ਚੇਲਿਆਂ ਵਜੋਂ ਬਪਤਿਸਮਾ ਲੈਣ ਵਿਚ ਮਦਦ ਕਰਨੀ ਕਿੰਨੀ ਜ਼ਰੂਰੀ ਹੈ। ਇਸ ਲੇਖ ਅਤੇ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਸ ਅਹਿਮ ਕੰਮ ਵਿਚ ਸੁਧਾਰ ਕਿਵੇਂ ਕਰ ਸਕਦੇ ਹਾਂ।

b ਸ਼ਬਦਾਂ ਦਾ ਮਤਲਬ: ਜੇ ਤੁਸੀਂ ਕਿਸੇ ਵਿਅਕਤੀ ਨਾਲ ਬਾਕਾਇਦਾ ਅਤੇ ਢੰਗ ਸਿਰ ਬਾਈਬਲ ਤੋਂ ਚਰਚਾ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ। ਜੇ ਤੁਸੀਂ ਉਸ ਨੂੰ ਦਿਖਾਇਆ ਹੈ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ, ਉਸ ਨਾਲ ਦੋ ਵਾਰੀ ਸਟੱਡੀ ਕੀਤੀ ਹੈ ਅਤੇ ਤੁਹਾਨੂੰ ਉਮੀਦ ਹੈ ਕਿ ਸਟੱਡੀ ਜਾਰੀ ਰਹੇਗੀ, ਤਾਂ ਤੁਸੀਂ ਉਸ ਨੂੰ ਆਪਣੀ ਰਿਪੋਰਟ ਵਿਚ ਲਿਖ ਸਕਦੇ ਹੋ।

c ਇਨ੍ਹਾਂ ਲੇਖਾਂ ਵਿਚ ਜੁਲਾਈ 2004 ਤੋਂ ਮਈ 2005 ਦੀ ਸਾਡੀ ਰਾਜ ਸੇਵਕਾਈ ਵਿਚ ਆਏ “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ” ਨਾਂ ਦੇ ਲੜੀਵਾਰ ਲੇਖਾਂ ਵਿੱਚੋਂ ਵੀ ਸੁਝਾਅ ਦਿੱਤੇ ਗਏ ਹਨ।

d ਇਨ੍ਹਾਂ ਲੇਖਾਂ ਵਿਚ ਦੱਸੀਆਂ ਗੱਲਾਂ ਔਰਤਾਂ ਤੇ ਵੀ ਲਾਗੂ ਹੁੰਦੀਆਂ ਹਨ ਜੋ ਬਾਈਬਲ ਸਟੱਡੀ ਕਰਦੀਆਂ ਹਨ।

e ਆਪਣੇ ਬਾਈਬਲ ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ ਨਾਂ ਦੀ ਚਾਰ ਮਿੰਟ ਦੀ ਵੀਡੀਓ ਦੇਖਣ ਲਈ JW ਲਾਇਬ੍ਰੇਰੀ ਵਿਚ MEDIA > OUR MEETINGS AND MINISTRY > IMPROVING OUR SKILLS ਹੇਠ ਦੇਖੋ।

f “ਲਾਇਬ੍ਰੇਰੀ” > “ਕਿਤਾਬਾਂ ਅਤੇ ਬਰੋਸ਼ਰ” ਹੇਠਾਂ ਦੇਖੋ।

g JW ਲਾਇਬ੍ਰੇਰੀ ਵਿਚ MEDIA > OUR MEETINGS AND MINISTRY > TOOLS FOR THE MINISTRY ਹੇਠ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ