ਮੈਂ ਬਾਈਬਲ ਦਾ ਕਿਹੜਾ ਤਰਜਮਾ ਇਸਤੇਮਾਲ ਕਰਾਂ?
ਜਿਹੜੇ ਭੈਣ-ਭਰਾ ਅੰਗ੍ਰੇਜ਼ੀ ਬੋਲਣ ਵਾਲੇ ਖੇਤਰਾਂ ਵਿਚ ਪ੍ਰਚਾਰ ਕਰਦੇ ਹਨ, ਉਨ੍ਹਾਂ ਲਈ ਦ ਨਿਊ ਵਰਲਡ ਟ੍ਰਾਂਸਲੇਸ਼ਨ ਆਫ ਦ ਹੋਲੀ ਸਕ੍ਰਿਪਚਰਸ ਨਾਲੋਂ ਵਧੀਆ ਹੋਰ ਕੋਈ ਔਜ਼ਾਰ ਨਹੀਂ ਹੋ ਸਕਦਾ। ਪਰ ਸਾਡੇ ਖੇਤਰ ਵਿਚ ਜ਼ਿਆਦਾਤਰ ਲੋਕ ਪੰਜਾਬੀ ਪੜ੍ਹਨੀ ਪਸੰਦ ਕਰਦੇ ਹਨ। ਇਹ ਕਿੰਨਾ ਚੰਗਾ ਹੋਵੇਗਾ ਜੇ ਲੋਕ ਆਪਣੀ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਜਾਣ ਸਕਣ ਕਿ ਇਹ ਕੀ ਕਹਿੰਦਾ ਹੈ।
ਪੰਜਾਬੀ ਵਿਚ ਘੱਟੋ-ਘੱਟ ਦੋ ਅਤੇ ਹਿੰਦੀ ਵਿਚ ਘੱਟੋ-ਘੱਟ ਸੱਤ ਬਾਈਬਲਾਂ ਉਪਲਬਧ ਹਨ। ਇਸ ਤੋਂ ਇਲਾਵਾ, ਭਾਰਤ ਵਿਚ ਬੋਲੀਆਂ ਜਾਂਦੀਆਂ 1,650 ਭਾਸ਼ਾਵਾਂ ਵਿੱਚੋਂ ਕਈ ਭਾਸ਼ਾਵਾਂ ਵਿਚ ਬਾਈਬਲਾਂ ਹਨ ਪਰ ਇਨ੍ਹਾਂ ਵਿੱਚੋਂ ਕਈ ਬਾਈਬਲਾਂ ਆਸਾਨੀ ਨਾਲ ਨਹੀਂ ਮਿਲਦੀਆਂ। ਬਾਈਬਲ ਦੀ ਮਦਦ ਨਾਲ ਪ੍ਰਚਾਰ ਕਰਨ ਲਈ ਅਸੀਂ ਉਹੀ ਬਾਈਬਲ ਇਸਤੇਮਾਲ ਕਰਨੀ ਪਸੰਦ ਕਰਦੇ ਹਾਂ ਜਿਹੜੀ ਆਸਾਨੀ ਨਾਲ ਸਮਝ ਆਉਣ ਵਾਲੀ ਭਾਸ਼ਾ ਵਿਚ ਸਹੀ-ਸਹੀ ਅਨੁਵਾਦ ਕੀਤੀ ਗਈ ਹੋਵੇ ਅਤੇ ਜਿਸ ਨੂੰ ਜ਼ਿਆਦਾਤਰ ਲੋਕੀ ਵਰਤਦੇ ਹੋਣ। ਪਰ ਦੁੱਖ ਦੀ ਗੱਲ ਹੈ ਕਿ ਕਈ ਅਨੁਵਾਦ ਇਨ੍ਹਾਂ ਦੋਹਾਂ ਗੱਲਾਂ ਉੱਤੇ ਖਰੇ ਨਹੀਂ ਉਤਰਦੇ, ਇਸ ਲਈ ਅਸੀਂ ਉਹੀ ਬਾਈਬਲ ਇਸਤੇਮਾਲ ਕਰਦੇ ਹਾਂ ਜਿਹੜੀ ਆਮ ਲੋਕ ਸਾਡੇ ਖੇਤਰ ਵਿਚ ਇਸਤੇਮਾਲ ਕਰਦੇ ਹਨ। ਜੇ ਤੁਸੀਂ ਪਹਿਰਾਬੁਰਜ ਦੇ ਦੂਜੇ ਸਫ਼ੇ ਨੂੰ ਖੋਲ੍ਹੋ, ਤਾਂ ਤੁਸੀਂ ਉੱਥੇ ਦੇਖੋਗੇ ਕਿ ਸੋਸਾਇਟੀ ਉਸ ਖ਼ਾਸ ਬਾਈਬਲ ਜਾਂ ਬਾਈਬਲਾਂ ਦਾ ਜ਼ਿਕਰ ਕਰਦੀ ਹੈ ਜਿਨ੍ਹਾਂ ਵਿੱਚੋਂ ਸਾਡੇ ਪ੍ਰਕਾਸ਼ਨਾਂ ਵਿਚ ਹਵਾਲੇ ਦਿੱਤੇ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹੀ ਬਾਈਬਲ ਖੇਤਰ ਸੇਵਕਾਈ ਵਿਚ, ਬਾਈਬਲ ਸਟੱਡੀਆਂ ਕਰਾਉਣ ਜਾਂ ਕਿੰਗਡਮ ਹਾਲ ਵਿਚ ਵਰਤੋ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਖ਼ਾਸ ਬਾਈਬਲੀ ਜਾਂ ਸਿਧਾਂਤਕ ਵਿਸ਼ਿਆਂ ਨੂੰ ਸਪੱਸ਼ਟ ਕਰਨ ਲਈ ਦੂਜੇ ਅਨੁਵਾਦਾਂ ਨੂੰ ਨਹੀਂ ਵਰਤਿਆ ਜਾ ਸਕਦਾ। ਪਰ ਇਕਸਾਰਤਾ ਰੱਖਣ ਲਈ ਅਸੀਂ ਇਕ ਬਾਈਬਲ ਨੂੰ ਸਟੈਂਡਰਡ ਵਜੋਂ ਵਰਤਦੇ ਹਾਂ।
ਆਪਣੀ ਬਾਈਬਲ ਤੋਂ ਜਾਣੂ ਹੋਣਾ: ਜੇ ਤੁਹਾਡੇ ਕੋਲ ਪੰਜਾਬੀ ਦੀ ਪਵਿੱਤਰ ਬਾਈਬਲ ਨਹੀਂ ਹੈ, ਤਾਂ ਇਕ ਪੰਜਾਬੀ ਬਾਈਬਲ ਲੈ ਲਓ। ਫਿਰ ਇਸ ਤੋਂ ਜਾਣੂ ਹੋਵੋ। ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ, ਪਰ ਕੀ ਪੂਰੀ ਪੰਜਾਬੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਹੈ? ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਇਬਰਾਨੀ ਸ਼ਬਦ ਨਿਫ਼ੇਸ਼ ਨੂੰ ਅੰਗ੍ਰੇਜ਼ੀ ਵਿਚ ਹਰ ਥਾਂ ਸੋਲ (Soul) ਅਨੁਵਾਦ ਕੀਤਾ ਗਿਆ ਹੈ। ਪਰ ਇਸ ਸ਼ਬਦ ਨੂੰ ਪੰਜਾਬੀ ਬਾਈਬਲ ਵਿਚ ਕਿਵੇਂ ਅਨੁਵਾਦ ਕੀਤਾ ਗਿਆ ਹੈ? ਬਹੁਤ ਸਾਰੀਆਂ ਸੱਚਾਈਆਂ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਤਾਂ ਸਪੱਸ਼ਟ ਹਨ, ਪਰ ਪੰਜਾਬੀ ਬਾਈਬਲ ਵਿਚ ਨਹੀਂ, ਜਿਵੇਂ ਕਿ ਯਿਸੂ ਨੇ ਆਪਣੇ ਆਖ਼ਰੀ ਪਸਾਹ ਦੇ ਤਿਉਹਾਰ ਵੇਲੇ ਰੋਟੀ ਅਤੇ ਦਾਖਰਸ ਬਾਰੇ ਜੋ ਕਿਹਾ ਸੀ, ਉਸ ਨੇ ਆਪਣੇ ਨਾਲ ਸੂਲੀ ਤੇ ਟੰਗੇ ਡਾਕੂ ਨੂੰ ਜੋ ਕਿਹਾ ਸੀ ਅਤੇ ਉਹ ਆਇਤ ਜਿਸ ਵਿਚ ਯਿਸੂ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਆਪਸੀ ਰਿਸ਼ਤੇ ਬਾਰੇ ਦੱਸਿਆ ਗਿਆ ਹੈ। (ਮੱਤੀ 26:26; ਲੂਕਾ 23:43; ਯੂਹੰ. 1:1) ਜੇ ਈਸਾਈ-ਜਗਤ ਦੀਆਂ ਸਿੱਖਿਆਵਾਂ ਕਰਕੇ ਕੁਝ ਆਇਤਾਂ ਦਾ ਗ਼ਲਤ ਅਨੁਵਾਦ ਕੀਤਾ ਗਿਆ ਹੈ, ਤਾਂ ਕੀ ਅਸੀਂ ਦੂਜੀਆਂ ਆਇਤਾਂ ਲੱਭ ਸਕਦੇ ਹਾਂ ਜੋ ਬਾਈਬਲ ਦੀਆਂ ਇਨ੍ਹਾਂ ਸੱਚਾਈਆਂ ਨੂੰ ਸਾਡੀ ਭਾਸ਼ਾ ਵਿਚ ਸਪੱਸ਼ਟ ਕਰਦੀਆਂ ਹਨ?
ਬਾਈਬਲ ਵਿਸ਼ਿਆਂ ਉੱਤੇ ਚਰਚਾ (ਅੰਗ੍ਰੇਜ਼ੀ) ਪੁਸਤਿਕਾ ਵਿਚ ਫ਼ਾਇਦੇਮੰਦ ਆਇਤਾਂ ਦਿੱਤੀਆਂ ਗਈਆਂ ਹਨ, ਇਸ ਲਈ ਕਿਉਂ ਨਾ ਤੁਸੀਂ ਸਮੇਂ-ਸਮੇਂ ਤੇ ਇਸ ਵਿਚ ਜ਼ਿਕਰ ਕੀਤੇ ਗਏ ਵਿਸ਼ਿਆਂ ਤੇ ਵਿਚਾਰ ਕਰੋ ਅਤੇ ਦੇਖੋ ਕਿ ਤੁਹਾਡੀ ਪੰਜਾਬੀ ਬਾਈਬਲ ਵਿਚ ਦਿੱਤੀਆਂ ਆਇਤਾਂ ਉਨ੍ਹਾਂ ਵਿਸ਼ਿਆਂ ਨੂੰ ਸਪੱਸ਼ਟ ਕਰਦੀਆਂ ਹਨ ਕਿ ਨਹੀਂ?
ਤੁਸੀਂ ਆਪਣੀ ਭਾਸ਼ਾ ਵਿਚ ਉਪਲਬਧ ਦੂਜੇ ਅਨੁਵਾਦਾਂ ਦੀ ਨਿੱਜੀ ਲਾਇਬ੍ਰੇਰੀ ਵੀ ਬਣਾ ਸਕਦੇ ਹੋ ਤਾਂਕਿ ਤੁਸੀਂ ਤੁਲਨਾ ਕਰ ਕੇ ਦੇਖ ਸਕੋ ਕਿ ਬਾਈਬਲ ਸੱਚਾਈਆਂ ਨੂੰ ਕਿਸ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ। ਇਹ ਅਨੁਵਾਦ ਬਾਈਬਲ ਦੇ ਉਨ੍ਹਾਂ ਸ਼ਬਦਾਂ ਦਾ ਸਹੀ ਅਰਥ ਦੱਸਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਸ਼ਾਇਦ ਸਟੈਂਡਰਡ ਬਾਈਬਲ ਸਪੱਸ਼ਟ ਨਹੀਂ ਕਰਦੀ। ਇਹ ਤੁਹਾਡੇ ਨਿੱਜੀ ਅਧਿਐਨ ਨੂੰ ਹੋਰ ਜ਼ਿਆਦਾ ਫ਼ਾਇਦੇਮੰਦ ਬਣਾ ਸਕਦੇ ਹਨ ਅਤੇ ਜੇ ਤੁਸੀਂ ਇਨ੍ਹਾਂ ਅਨੁਵਾਦਾਂ ਨੂੰ ਬਾਈਬਲ ਵਿਸ਼ਿਆਂ ਦੀ ਰਿਸਰਚ ਕਰਨ ਜਾਂ ਰੋਜ਼ ਬਾਈਬਲ ਪੜ੍ਹਨ ਲਈ ਇਸਤੇਮਾਲ ਕਰਦੇ ਹੋ, ਤਾਂ ਇਹ ਤੁਹਾਡੀ ਤਰਕ ਕਰਨ ਦੀ ਸ਼ਕਤੀ ਨੂੰ ਵਧਾ ਸਕਦੇ ਹਨ।
ਪੰਜਾਬੀ ਪ੍ਰਕਾਸ਼ਨ ਪਰਮੇਸ਼ੁਰ ਦੇ ਬਚਨ ਦਾ ਸਹੀ ਅਰਥ ਦੱਸਣ ਵਿਚ ਮਦਦ ਕਰਦੇ ਹਨ: ਤਕਰੀਬਨ 50 ਸਾਲਾਂ ਤੋਂ ਯਹੋਵਾਹ ਦੇ ਗਵਾਹ ਆਪਣੇ ਪ੍ਰਕਾਸ਼ਨਾਂ ਵਿਚ ਅਧਿਆਤਮਿਕ ਵਿਸ਼ਿਆਂ ਦੀ ਚਰਚਾ ਕਰਨ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਇਸਤੇਮਾਲ ਕਰਦੇ ਆਏ ਹਨ। ਪਰ ਨਿਊ ਵਰਲਡ ਟ੍ਰਾਂਸਲੇਸ਼ਨ ਅਜੇ ਸਾਡੀ ਭਾਸ਼ਾ ਵਿਚ ਉਪਲਬਧ ਨਹੀਂ ਹੈ, ਇਸ ਲਈ ਸੋਸਾਇਟੀ ਪੰਜਾਬੀ ਦੇ ਕੁਝ ਲੇਖਾਂ ਅਤੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਹਵਾਲਿਆਂ ਅਤੇ ਸ਼ਬਦਾਂ ਨੂੰ ਇਸ ਤਰੀਕੇ ਨਾਲ ਸਮਝਾਉਣ ਦਾ ਧਿਆਨ ਰੱਖਦੀ ਹੈ ਕਿ ਪੰਜਾਬੀ ਬਾਈਬਲ ਪੜ੍ਹਨ ਵਾਲੇ ਲੋਕਾਂ ਨੂੰ ਆਸਾਨੀ ਨਾਲ ਗੱਲ ਸਮਝ ਆ ਜਾਵੇ। ਇਸ ਤਰ੍ਹਾਂ ਸਾਡੇ ਹਾਲ ਹੀ ਦੇ ਪ੍ਰਕਾਸ਼ਨ ਸਾਨੂੰ ਆਪਣੀ ਭਾਸ਼ਾ ਵਿਚ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨ ਵਿਚ ਮਦਦ ਕਰਦੇ ਹਨ। ਇਸ ਲਈ ਹਰੇਕ ਪਰਿਵਾਰ ਜਾਂ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਆਪਣੀ ਲਾਇਬ੍ਰੇਰੀ ਵਿਚ ਪੰਜਾਬੀ ਦੇ ਨਵੇਂ ਪ੍ਰਕਾਸ਼ਨਾਂ ਨੂੰ ਰੱਖੇ ਤਾਂਕਿ ਜਦੋਂ ਸੇਵਕਾਈ ਵਿਚ ਬਾਈਬਲ ਸੰਬੰਧੀ ਸਵਾਲ ਪੁੱਛੇ ਜਾਂਦੇ ਹਨ, ਤਾਂ ਉਹ ਇਨ੍ਹਾਂ ਵਿੱਚੋਂ ਜਵਾਬ ਦੇ ਸਕਣ ਜਾਂ ਕਿੰਗਡਮ ਹਾਲ ਵਿਚ ਭਾਸ਼ਣ ਦੇਣ ਵੇਲੇ ਇਨ੍ਹਾਂ ਦਾ ਇਸਤੇਮਾਲ ਕਰ ਸਕਣ। ਇਨ੍ਹਾਂ ਔਜ਼ਾਰਾਂ ਦਾ ਇਸਤੇਮਾਲ ਕਰ ਕੇ ਅਸੀਂ ਆਪਣੀ ਭਾਸ਼ਾ ਵਿਚ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕਰਨ ਵਿਚ ਮਾਹਰ ਹੁੰਦੇ ਹਾਂ।—2 ਤਿਮੋ. 2:15.
ਸੱਚ-ਮੁੱਚ ਪਰਮੇਸ਼ੁਰ ਦਾ ਬਚਨ ਜੀਉਂਦਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਹੈ। (ਇਬ. 4:12) ਆਪਣੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਹਮੇਸ਼ਾ ਪੂਰੀ ਬਾਈਬਲ ਲੈ ਕੇ ਜਾਓ। ਆਓ ਆਪਾਂ ਪਰਮੇਸ਼ੁਰ ਦੇ ਬਚਨ ਨੂੰ ਚੰਗੇ ਤਰੀਕੇ ਨਾਲ ਵਰਤ ਕੇ ਲੋਕਾਂ ਨੂੰ ਦਿਖਾਈਏ ਕਿ ਅਸੀਂ ਇਸ ਦਾ ਕਿੰਨਾ ਆਦਰ ਕਰਦੇ ਹਾਂ।—ਯੂਹੰ. 17:7.
ਪਵਿੱਤਰ ਬਾਈਬਲ ਪੰਜਾਬੀ (OV)
ਪਵਿੱਤਰ ਬਾਈਬਲ ਨਵਾਂ ਅਨੁਵਾਦ ਪੰਜਾਬੀ (NV)
द होली बाइबल हिन्दी (OV)
द होली बाइबल हिन्दी (ROV)
ए न्यू हिन्दी ट्रांस्लेशन (NHT)
हिन्दी ईज़ी-टू-रीड वर्शन
किताब-ए-मुकद्दस (रोमन लिपि)
हिन्दुस्तानी बाइबल (सिर्फ यूनानी शास्त्र, देवनागरी लिपि)
नयी हिन्दी बाइबल