‘ਵੱਖ ਕਰ ਕੇ ਰੱਖੋ’
ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਭੌਤਿਕ ਲੋੜਾਂ ਵੱਲ ਧਿਆਨ ਦੇਣ ਦੀ ਲੋੜ ਸੀ। ਉਨ੍ਹਾਂ ਲੋੜਾਂ ਨੂੰ ਪੂਰਿਆਂ ਕਰਨ ਲਈ ਸਾਰੇ ਮਸੀਹੀਆਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੀ ਹੈਸੀਅਤ ਅਨੁਸਾਰ ਦਾਨ ਕਰਨ ਲਈ ਕੁਝ ਪੈਸੇ ‘ਵੱਖ ਕਰ ਕੇ ਰੱਖਣ।’ (1 ਕੁਰਿੰ. 16:1-3) ਆਪਣੀ ਖੁੱਲ੍ਹ-ਦਿਲੀ ਦੇ ਕਾਰਨ ਸਾਰੇ ‘ਪਰਮੇਸ਼ੁਰ ਦੇ ਬਹੁਤੇ ਧੰਨਵਾਦ’ ਕਰ ਕੇ ਬਹੁਤ ਖ਼ੁਸ਼ ਸਨ।—2 ਕੁਰਿੰ. 9:11, 12.
ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦਾ ਕੰਮ ਵਧਦਾ ਜਾ ਰਿਹਾ ਹੈ ਜਿਸ ਕਰਕੇ ਪਹਿਲਾਂ ਨਾਲੋਂ ਜ਼ਿਆਦਾ ਆਰਥਿਕ ਮਦਦ ਦੀ ਲੋੜ ਹੈ। ਇਸ ਲਈ ਸਾਨੂੰ ਵੀ ਇਸ ਲੋੜ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਬਾਕਾਇਦਾ ਕੁਝ ‘ਵੱਖ ਕਰ ਕੇ ਰੱਖਣਾ’ ਚਾਹੀਦਾ ਹੈ। (2 ਕੁਰਿੰ. 8:3, 4) ਪਿਛਲੇ ਸਾਲ ਸੋਸਾਇਟੀ ਉੱਤੇ ਲੱਗੀਆਂ ਆਰਥਿਕ ਪਾਬੰਦੀਆਂ ਬਾਰੇ ਸੁਣ ਕੇ ਬਹੁਤ ਸਾਰੇ ਭੈਣ-ਭਰਾਵਾਂ ਨੇ ਪਹਿਲਾਂ ਨਾਲੋਂ ਜ਼ਿਆਦਾ ‘ਵੱਖ ਕਰ ਕੇ ਰੱਖਣ’ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਇਹ ਜਤਨ ਬੜੇ ਸ਼ਲਾਘਾਯੋਗ ਹਨ ਤੇ ਇਸ ਨਾਲ ਯਹੋਵਾਹ ਦੀਆਂ ਭਰਪੂਰ ਬਰਕਤਾਂ ਮਿਲਦੀਆਂ ਹਨ।—ਮਲਾ. 3:10.
ਕੁਝ ਪੈਸੇ ਦਾਨ ਲਈ ਵੱਖਰੇ ਰੱਖਣੇ ਚੰਗੀ ਆਦਤ ਹੈ ਤਾਂਕਿ ਅਸੀਂ ਜਦੋਂ ਵੀ ਆਪਣੇ ਲਈ ਜਾਂ ਖੇਤਰ ਵਾਸਤੇ ਰਸਾਲੇ ਜਾਂ ਦੂਜਾ ਸਾਹਿੱਤ ਲੈਂਦੇ ਹਾਂ, ਤਾਂ ਉਸ ਵੇਲੇ ਅਸੀਂ ਦਾਨ ਦੇ ਸਕੀਏ। ਯਾਦ ਰੱਖੋ ਕਿ ਖੁੱਲ੍ਹੇ ਦਿਲ ਨਾਲ ਦਾਨ ਦੇਣ ਨਾਲ ਨਾ ਸਿਰਫ਼ ਸਾਹਿੱਤ ਨੂੰ ਛਾਪਣ ਤੇ ਭੇਜਣ ਵਿਚ ਸੋਸਾਇਟੀ ਦੀ ਮਦਦ ਹੁੰਦੀ ਹੈ, ਸਗੋਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਵੱਖੋ-ਵੱਖਰੇ ਕੰਮਾਂ ਵਿਚ ਵੀ ਮਦਦ ਮਿਲਦੀ ਹੈ। ਬੱਚਿਆਂ ਨੂੰ ਵੀ ਇਸ ਵਿਚ ਯੋਗਦਾਨ ਪਾਉਣ ਲਈ ਉਤਸ਼ਾਹ ਦਿਓ। ਜਦੋਂ ਬੱਚੇ ਮਾਤਾ-ਪਿਤਾ ਤੋਂ ਜੇਬ-ਖ਼ਰਚ ਲਈ ਮਿਲੇ ਪੈਸਿਆਂ ਵਿੱਚੋਂ ਆਪ ਕੁਝ ਪੈਸੇ “ਵੱਖ ਕਰ ਕੇ” ਰੱਖਦੇ ਹਨ, ਭਾਵੇਂ ਕਿ ਇਹ ਥੋੜ੍ਹੇ ਹੀ ਹੋਣ, ਪਰ ਇਸ ਨਾਲ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ।
ਪਰ ਕਈ ਵਾਰੀ ਅਸੀਂ ਕੁਝ ਪੈਸੇ ਵੱਖਰੇ ਰੱਖਣੇ ਭੁੱਲ ਜਾਂਦੇ ਹਾਂ। ਇਕ ਕਲੀਸਿਯਾ ਦੇ ਬਜ਼ੁਰਗਾਂ ਨੇ ਦੇਖਿਆ ਕਿ ਸੋਸਾਇਟੀ ਨੂੰ ਭੇਜਿਆ ਜਾਣ ਵਾਲਾ ਕੁਲ ਚੰਦਾ ਪਿਛਲੇ ਸਾਲਾਂ ਵਿਚ ਭੇਜੇ ਗਏ ਚੰਦੇ ਨਾਲੋਂ ਕਾਫ਼ੀ ਘੱਟ ਸੀ ਜਦ ਕਿ ਕਲੀਸਿਯਾ ਦੇ ਚੰਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਉਨ੍ਹਾਂ ਨੇ ਹਿਸਾਬ ਲਾਇਆ ਕਿ ਦੇਸ਼ ਦੇ ਹਰ ਪ੍ਰਕਾਸ਼ਕ ਨੂੰ ਹਰ ਮਹੀਨੇ ਕਿੰਨਾ ਕੁ ਦਾਨ ਦੇਣ ਦੀ ਲੋੜ ਹੈ ਤਾਂਕਿ ਰਾਜ ਦੇ ਕੰਮਾਂ ਦੇ ਖ਼ਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਭਰਾ ਇਸ ਗੱਲ ਤੇ ਸਹਿਮਤ ਹੋ ਗਏ ਕਿ ਉਨ੍ਹਾਂ ਦੀ ਕਲੀਸਿਯਾ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਹਰ ਮਹੀਨੇ ਇਕ ਨਿਯਤ ਰਕਮ ਚੰਦੇ ਦੇ ਤੌਰ ਤੇ ਭੇਜੇਗੀ। ਜੇ ਵਿਸ਼ਵ-ਵਿਆਪੀ ਕੰਮ ਲਈ ਰੱਖੇ ਚੰਦੇ ਦੇ ਡੱਬੇ ਵਿੱਚੋਂ ਚੰਦਾ ਘੱਟ ਮਿਲਦਾ ਹੈ, ਤਾਂ ਉਹ ਕਲੀਸਿਯਾ ਦੇ ਫੰਡ ਵਿੱਚੋਂ ਪੈਸੇ ਕੱਢ ਕੇ ਉਹ ਘਾਟਾ ਪੂਰਾ ਕਰੇਗੀ।
ਇਕ ਹੋਰ ਕਲੀਸਿਯਾ ਨੇ ਧਿਆਨ ਦਿੱਤਾ ਕਿ ਕੀਮਤੀ ਰਸਾਲਿਆਂ ਦੀਆਂ ਬਹੁਤ ਸਾਰੀਆਂ ਕਾਪੀਆਂ ਬੇਕਾਰ ਪਈਆਂ ਹੋਈਆਂ ਸਨ। ਬਜ਼ੁਰਗਾਂ ਨੇ ਬੰਦਰਗਾਹ ਤੇ ਰਸਾਲੇ ਵੰਡਣ ਦਾ ਖ਼ਾਸ ਪ੍ਰਬੰਧ ਕੀਤਾ ਤੇ ਪ੍ਰਕਾਸ਼ਕਾਂ ਨੂੰ ਸਿਖਾਇਆ ਕਿ ਲੋਕਾਂ ਦਾ ਧਿਆਨ ਦਾਨ ਦੇਣ ਦੇ ਸਨਮਾਨ ਵੱਲ ਕਿਵੇਂ ਖਿੱਚਣਾ ਹੈ। ਨਤੀਜੇ ਵਜੋਂ, ਉਸ ਮਹੀਨੇ ਕਲੀਸਿਯਾ ਨੇ ਸੰਸਥਾ ਨੂੰ 15,000 ਰੁਪਏ ਚੰਦੇ ਦੇ ਤੌਰ ਤੇ ਘੱਲੇ।
ਕੀ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਕੁਝ ‘ਵੱਖ ਕਰ ਕੇ ਰੱਖਣ’ ਬਾਰੇ ਸੋਚਿਆ ਹੈ? ਭੌਤਿਕ ਦਾਨ ਵੱਖੋ-ਵੱਖਰੇ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ। (1 ਨਵੰਬਰ 2001, ਪਹਿਰਾਬੁਰਜ ਦੇ ਸਫ਼ੇ 28-29 ਦੇਖੋ।) ਦਾਨ ਦੇਣਾ ਸਾਡੇ ਲਈ ਸੱਚ-ਮੁੱਚ ਇਕ ਵਿਸ਼ੇਸ਼-ਸਨਮਾਨ ਹੈ ਜਿਸ ਤੋਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ।—ਰਸੂ. 20:35.