ਦੁਨੀਆਂ ਦੇ ਸਭ ਤੋਂ ਜ਼ਿਆਦਾ ਖ਼ੁਸ਼ ਲੋਕ
1 “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂ. 144:15) ਇਹ ਸ਼ਬਦ ਦੱਸਦੇ ਹਨ ਕਿ ਯਹੋਵਾਹ ਦੇ ਗਵਾਹ ਧਰਤੀ ਉੱਤੇ ਸਭ ਤੋਂ ਜ਼ਿਆਦਾ ਖ਼ੁਸ਼ ਲੋਕ ਹਨ। ਇੱਕੋ-ਇਕ ਸੱਚੇ ਤੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਨਾਲ ਜਿੰਨੀ ਖ਼ੁਸ਼ੀ ਮਿਲਦੀ ਹੈ, ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦੀ। ਕਿਉਂਕਿ ਯਹੋਵਾਹ ਇਕ “ਖ਼ੁਸ਼ ਪਰਮੇਸ਼ੁਰ” ਹੈ, ਇਸ ਲਈ ਉਸ ਦੀ ਭਗਤੀ ਕਰਨ ਵਾਲੇ ਲੋਕ ਵੀ ਖ਼ੁਸ਼ ਹਨ। (1 ਤਿਮੋ. 1:11, ਨਿ ਵ) ਸਾਡੀ ਭਗਤੀ ਦੇ ਕਿਹੜੇ ਕੁਝ ਪਹਿਲੂ ਸਾਡੀ ਖ਼ੁਸ਼ੀ ਵਿਚ ਵਾਧਾ ਕਰਦੇ ਹਨ?
2 ਖ਼ੁਸ਼ ਹੋਣ ਦੇ ਕਾਰਨ: ਯਿਸੂ ਨੇ ਸਾਨੂੰ ਯਕੀਨ ਦਿਵਾਇਆ ਕਿ “ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ” ਰਹਿਣ ਨਾਲ ਖ਼ੁਸ਼ੀ ਮਿਲਦੀ ਹੈ। (ਮੱਤੀ 5:3, ਨਿ ਵ) ਬਾਈਬਲ ਦਾ ਬਾਕਾਇਦਾ ਅਧਿਐਨ ਕਰਨ ਅਤੇ ਆਪਣੀਆਂ ਸਾਰੀਆਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੁਆਰਾ ਇਹ ਲੋੜ ਪੂਰੀ ਹੁੰਦੀ ਹੈ। ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿੱਖ ਕੇ ਅਸੀਂ ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਆਜ਼ਾਦ ਹੋਏ ਹਾਂ। (ਯੂਹੰ. 8:32) ਬਾਈਬਲ ਨੇ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਵੀ ਸਿਖਾਇਆ ਹੈ। (ਯਸਾ. 48:17) ਇਸੇ ਕਰਕੇ ਅਸੀਂ ਆਪਣੇ ਖ਼ੁਸ਼ ਮਸੀਹੀ ਭੈਣ-ਭਰਾਵਾਂ ਦੀ ਸੰਗਤੀ ਦਾ ਆਨੰਦ ਮਾਣਦੇ ਹਾਂ।—1 ਥੱਸ. 2:19, 20; 1 ਪਤ. 2:17.
3 ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ਨੂੰ ਮੰਨਣ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਬਚਾਅ ਹੁੰਦਾ ਹੈ ਤੇ ਯਹੋਵਾਹ ਨੂੰ ਵੀ ਖ਼ੁਸ਼ੀ ਹੁੰਦੀ ਹੈ। (ਕਹਾ. 27:11) ਇਕ ਅਖ਼ਬਾਰ ਦੇ ਰਿਪੋਰਟਰ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਦੇ ਸਖ਼ਤ ਮਿਆਰ ਹੋਣ ਦੇ ਬਾਵਜੂਦ ਵੀ ਉਹ ਦੁਖੀ ਨਜ਼ਰ ਨਹੀਂ ਆਉਂਦੇ। ਇਸ ਦੇ ਉਲਟ, ਜਵਾਨ ਤੇ ਬੁੱਢੇ ਬੜੇ ਖ਼ੁਸ਼ ਨਜ਼ਰ ਆਉਂਦੇ ਹਨ ਅਤੇ ਉਹ ਕੱਟੜਪੰਥੀ ਨਹੀਂ ਹਨ।” ਅਸੀਂ ਕਿਵੇਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਵੀ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋ ਸਕਣ?
4 ਖ਼ੁਸ਼ੀ ਪ੍ਰਾਪਤ ਕਰਨ ਵਿਚ ਦੂਜਿਆਂ ਦੀ ਮਦਦ ਕਰੋ: ਦੁਨੀਆਂ ਵਿਚ ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਹੈ ਤੇ ਲੋਕਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪਰ ਸਾਡਾ ਭਵਿੱਖ ਉੱਜਲ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਕ ਦਿਨ ਸਾਰੇ ਦੁੱਖਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। (ਪਰ. 21:3, 4) ਇਸ ਲਈ ਅਸੀਂ ਨੇਕਦਿਲ ਲੋਕਾਂ ਨੂੰ ਲੱਭਣ ਲਈ ਪੂਰੇ ਜੋਸ਼ ਨਾਲ ਪ੍ਰਚਾਰ ਕਰਦੇ ਹਾਂ ਤਾਂਕਿ ਅਸੀਂ ਉਨ੍ਹਾਂ ਨਾਲ ਆਪਣੀ ਆਸ਼ਾ ਅਤੇ ਯਹੋਵਾਹ ਬਾਰੇ ਆਪਣੇ ਵਿਸ਼ਵਾਸਾਂ ਨੂੰ ਸਾਂਝਾ ਕਰ ਸਕੀਏ।—ਹਿਜ਼. 9:4.
5 ਇਕ ਪਾਇਨੀਅਰ ਭੈਣ ਨੇ ਕਿਹਾ: “ਯਹੋਵਾਹ ਅਤੇ ਉਸ ਬਾਰੇ ਸੱਚਾਈ ਜਾਣਨ ਵਿਚ ਲੋਕਾਂ ਦੀ ਮਦਦ ਕਰਨ ਨਾਲ ਜਿੰਨੀ ਖ਼ੁਸ਼ੀ ਮਿਲਦੀ ਹੈ ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦੀ।” ਆਓ ਆਪਾਂ ਹੋਰ ਜ਼ਿਆਦਾ ਲੋਕਾਂ ਨੂੰ ਬਾਈਬਲ ਸਟੱਡੀਆਂ ਸਵੀਕਾਰ ਕਰਨ ਲਈ ਉਤਸ਼ਾਹਿਤ ਕਰਨ ਦਾ ਹਰ ਸੰਭਵ ਜਤਨ ਕਰੀਏ। ਯਹੋਵਾਹ ਦੀ ਸੇਵਾ ਕਰਨ ਨਾਲ ਤੇ ਉਸ ਦੀ ਸੇਵਾ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰਨ ਨਾਲ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ।—ਰਸੂ. 20:35.