ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਅਕਤੂਬਰ ਸਫ਼ੇ 6-11
  • ਤੁਹਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ਦਾ ਅਧਿਐਨ ਕਰੋ
  • ਯਹੋਵਾਹ ਦੇ ਮਿਆਰਾਂ ʼਤੇ ਚੱਲੋ
  • ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿਓ
  • ਇਕ ਭਰਾ ਦੀ ਮਿਸਾਲ
  • ਖ਼ੁਸ਼ ਹਨ “ਖ਼ੁਸ਼ਦਿਲ ਪਰਮੇਸ਼ੁਰ” ਦੀ ਸੇਵਾ ਕਰਨ ਵਾਲੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਖ਼ੁਸ਼ ਰਹਿਣ ਦਾ ਅਸਲੀ ਰਾਜ਼
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਸੱਚੀ ਖ਼ੁਸ਼ੀ—ਇਸ ਦਾ ਰਾਜ਼ ਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸੱਚੀ ਖ਼ੁਸ਼ੀ ਕਿੱਦਾਂ ਪਾਈਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਅਕਤੂਬਰ ਸਫ਼ੇ 6-11

ਅਧਿਐਨ ਲੇਖ 41

ਤੁਹਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ!

“ਖ਼ੁਸ਼ ਹੈ ਹਰ ਉਹ ਇਨਸਾਨ ਜਿਹੜਾ ਯਹੋਵਾਹ ਦਾ ਡਰ ਮੰਨਦਾ ਹੈ, ਜਿਹੜਾ ਉਸ ਦੇ ਰਾਹਾਂ ʼਤੇ ਚੱਲਦਾ ਹੈ।”​—ਜ਼ਬੂ. 128:1.

ਗੀਤ 110 “ਯਹੋਵਾਹ ਦਾ ਆਨੰਦ”

ਖ਼ਾਸ ਗੱਲਾਂa

1. ਖ਼ੁਸ਼ ਰਹਿਣ ਲਈ ਇਨਸਾਨਾਂ ਨੂੰ ਕੀ ਕਰਨ ਦੀ ਲੋੜ ਹੈ?

ਸੱਚੀ ਖ਼ੁਸ਼ੀ ਥੋੜ੍ਹੇ ਸਮੇਂ ਲਈ ਨਹੀਂ, ਸਗੋਂ ਹਮੇਸ਼ਾ ਲਈ ਰਹਿੰਦੀ ਹੈ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਮਝਾਇਆ ਸੀ ਕਿ ਸਾਨੂੰ ਸੱਚੀ ਖ਼ੁਸ਼ੀ ਕਿੱਦਾਂ ਮਿਲ ਸਕਦੀ ਹੈ। ਉਸ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ‘ਉਸ ਦੀ ਅਗਵਾਈ ਲਈ ਤਰਸਦੇ’ ਹਨ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ, ਇਸ ਲਈ ਉਸ ਦੀ ਭਗਤੀ ਕਰਨ ਵਾਲੇ ਹੀ ਖ਼ੁਸ਼ ਰਹਿ ਸਕਦੇ ਹਨ।​—1 ਤਿਮੋ. 1:11.

“ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ।”​—ਮੱਤੀ 5:10 (ਪੈਰੇ 2-3 ਦੇਖੋ)d

2-3. (ੳ) ਯਿਸੂ ਮੁਤਾਬਕ ਕਿਹੜੇ ਲੋਕ ਖ਼ੁਸ਼ ਰਹਿ ਸਕਦੇ ਹਨ? (ਅ) ਇਸ ਲੇਖ ਵਿਚ ਅਸੀਂ ਕਿਹੜੀ ਗੱਲ ʼਤੇ ਗੌਰ ਕਰਾਂਗੇ ਅਤੇ ਕਿਉਂ?

2 ਕੀ ਅਸੀਂ ਸਿਰਫ਼ ਉਦੋਂ ਹੀ ਖ਼ੁਸ਼ ਰਹਿ ਸਕਦੇ ਹਾਂ ਜਦੋਂ ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਜਾਂ ਦੁੱਖ-ਤਕਲੀਫ਼ ਨਹੀਂ ਹੁੰਦੀ? ਨਹੀਂ, ਇਸ ਤਰ੍ਹਾਂ ਨਹੀਂ ਹੈ। ਯਿਸੂ ਨੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਖ਼ੁਸ਼ ਹਨ ਜਿਹੜੇ ਸੋਗ ਮਨਾਉਂਦੇ ਹਨ।” ਇਹ ਉਹ ਲੋਕ ਹਨ ਜੋ ਆਪਣੇ ਪਾਪਾਂ ਦੇ ਬੋਝ ਹੇਠ ਦੱਬੇ-ਕੁਚਲੇ ਹੋਏ ਮਹਿਸੂਸ ਕਰਦੇ ਹਨ ਜਾਂ ਜੋ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲਣ ਕਰਕੇ ਬਹੁਤ ਪਰੇਸ਼ਾਨ ਹਨ। ਯਿਸੂ ਕਹਿ ਰਿਹਾ ਸੀ ਕਿ ਇਹ ਲੋਕ ਵੀ ਖ਼ੁਸ਼ ਰਹਿ ਸਕਦੇ ਹਨ। ਉਸ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ‘ਸਹੀ ਕੰਮ ਕਰਨ ਕਰਕੇ ਸਤਾਇਆ’ ਜਾਂਦਾ ਹੈ ਜਾਂ ਮਸੀਹ ਦੇ ਚੇਲੇ ਹੋਣ ਕਰਕੇ ‘ਬੇਇੱਜ਼ਤ’ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲ ਸਕਦੀ ਹੈ। (ਮੱਤੀ 5:4, 10, 11) ਪਰ ਇੰਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਇਕ ਇਨਸਾਨ ਖ਼ੁਸ਼ ਕਿਵੇਂ ਰਹਿ ਸਕਦਾ ਹੈ?

3 ਯਿਸੂ ਇੱਥੇ ਇਹ ਨਹੀਂ ਸਿਖਾ ਰਿਹਾ ਸੀ ਕਿ ਸਾਨੂੰ ਸੱਚੀ ਖ਼ੁਸ਼ੀ ਤਾਂ ਹੀ ਮਿਲੇਗੀ ਜੇ ਸਾਡੀ ਜ਼ਿੰਦਗੀ ਵਿਚ ਦੁੱਖ-ਮੁਸੀਬਤਾਂ ਨਾ ਹੋਣ। ਇਸ ਦੀ ਬਜਾਇ ਉਹ ਸਿਖਾ ਰਿਹਾ ਸੀ ਕਿ ਸੱਚੀ ਖ਼ੁਸ਼ੀ ਪਾਉਣ ਲਈ ਪਰਮੇਸ਼ੁਰ ਬਾਰੇ ਗਿਆਨ ਲੈਣਾ ਅਤੇ ਉਸ ਦੇ ਨੇੜੇ ਰਹਿਣਾ ਜ਼ਰੂਰੀ ਹੈ। (ਯਾਕੂ. 4:8) ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸੱਚੀ ਖ਼ੁਸ਼ੀ ਪਾਉਣ ਲਈ ਅਸੀਂ ਕਿਹੜੇ ਤਿੰਨ ਕਦਮ ਚੁੱਕ ਸਕਦੇ ਹਾਂ।

ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ਦਾ ਅਧਿਐਨ ਕਰੋ

4. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਸਾਨੂੰ ਸੱਚੀ ਖ਼ੁਸ਼ੀ ਮਿਲੇ? (ਜ਼ਬੂਰ 1:1-3)

4 ਪਹਿਲਾ ਕਦਮ: ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਦਾ ਅਧਿਐਨ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਇਨਸਾਨਾਂ ਤੇ ਜਾਨਵਰਾਂ ਲਈ ਜੀਉਂਦੇ ਰਹਿਣ ਵਾਸਤੇ ਖਾਣਾ-ਪੀਣਾ ਜ਼ਰੂਰੀ ਹੈ। ਪਰ ਸਿਰਫ਼ ਇਨਸਾਨ ਹੀ ਪਰਮੇਸ਼ੁਰ ਦਾ ਗਿਆਨ ਲੈ ਸਕਦੇ ਹਨ ਅਤੇ ਉਨ੍ਹਾਂ ਲਈ ਇੱਦਾਂ ਕਰਨਾ ਜ਼ਰੂਰੀ ਵੀ ਹੈ। ਯਿਸੂ ਨੇ ਕਿਹਾ ਸੀ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਇਸ ਲਈ ਸਾਨੂੰ ਹਰ ਰੋਜ਼ ਪਰਮੇਸ਼ੁਰ ਦੇ ਅਨਮੋਲ ਬਚਨ ਨੂੰ ਪੜ੍ਹਨਾ ਅਤੇ ਉਸ ਦਾ ਅਧਿਐਨ ਕਰਨਾ ਚਾਹੀਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਵੀ ਕਿਹਾ: ‘ਖ਼ੁਸ਼ ਹੈ ਉਹ ਆਦਮੀ ਜਿਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।’​—ਜ਼ਬੂਰ 1:1-3 ਪੜ੍ਹੋ।

5-6. (ੳ) ਬਾਈਬਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਬਾਈਬਲ ਪੜ੍ਹਨ ਨਾਲ ਸਾਡੀ ਕਿਵੇਂ ਮਦਦ ਹੁੰਦੀ ਹੈ?

5 ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਸ ਨੇ ਬਾਈਬਲ ਵਿਚ ਦੱਸਿਆ ਹੈ ਕਿ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ। ਅਸੀਂ ਬਾਈਬਲ ਵਿੱਚੋਂ ਸਿੱਖਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹਾਂ। ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਅਸੀਂ ਉਸ ਤੋਂ ਆਪਣੇ ਪਾਪਾਂ ਦੀ ਮਾਫ਼ੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ। ਸਾਨੂੰ ਉਸ ਦੇ ਬਚਨ ਵਿੱਚੋਂ ਸੁਨਹਿਰੇ ਭਵਿੱਖ ਲਈ ਕੀਤੇ ਉਸ ਦੇ ਵਾਅਦਿਆਂ ਬਾਰੇ ਵੀ ਪਤਾ ਲੱਗਦਾ ਹੈ। (ਯਿਰ. 29:11) ਕੀ ਬਾਈਬਲ ਵਿੱਚੋਂ ਇਹ ਸਾਰੀਆਂ ਸੱਚਾਈਆਂ ਜਾਣ ਕੇ ਸਾਡਾ ਦਿਲ ਖ਼ੁਸ਼ੀ ਨਾਲ ਨਹੀਂ ਝੂਮ ਉੱਠਦਾ?

6 ਅਸੀਂ ਜਾਣਦੇ ਹਾਂ ਕਿ ਬਾਈਬਲ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਲਾਗੂ ਕਰ ਕੇ ਖ਼ੁਸ਼ ਰਹਿ ਸਕਦੇ ਹਾਂ। ਜਦੋਂ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਬਹੁਤ ਪਰੇਸ਼ਾਨ ਹੁੰਦੇ ਹੋ, ਤਾਂ ਯਹੋਵਾਹ ਦੇ ਬਚਨ ਨੂੰ ਪੜ੍ਹਨ ਅਤੇ ਉਸ ʼਤੇ ਸੋਚ-ਵਿਚਾਰ ਕਰਨ ਵਿਚ ਹੋਰ ਵੀ ਜ਼ਿਆਦਾ ਸਮਾਂ ਲਾਓ। ਯਿਸੂ ਨੇ ਕਿਹਾ: “ਧੰਨ [ਯਾਨੀ ਖ਼ੁਸ਼] ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”​—ਲੂਕਾ 11:28.

7. ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

7 ਪਰਮੇਸ਼ੁਰ ਦਾ ਬਚਨ ਪੜ੍ਹਨ ਲੱਗੇ ਕਾਹਲੀ ਨਾ ਕਰੋ, ਸਗੋਂ ਧਿਆਨ ਨਾਲ ਪੜ੍ਹੋ। ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਕਿਸੇ ਨੇ ਤੁਹਾਡਾ ਮਨਪਸੰਦ ਖਾਣਾ ਬਣਾਇਆ, ਪਰ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਸੀ ਜਾਂ ਤੁਸੀਂ ਪਹਿਲਾਂ ਹੀ ਕਿਸੇ ਗੱਲ ਬਾਰੇ ਸੋਚ ਰਹੇ ਸੀ ਜਿਸ ਕਰਕੇ ਤੁਸੀਂ ਬਿਨਾਂ ਸੁਆਦ ਲਏ ਫਟਾਫਟ ਖਾਣਾ ਖਾ ਲਿਆ। ਪਰ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੋਇਆ ਕਿ ਤੁਹਾਨੂੰ ਖਾਣਾ ਫਟਾਫਟ ਨਹੀਂ, ਸਗੋਂ ਸੁਆਦ ਨਾਲ ਹੌਲੀ-ਹੌਲੀ ਖਾਣਾ ਚਾਹੀਦਾ ਸੀ। ਬਾਈਬਲ ਪੜ੍ਹਨ ਵੇਲੇ ਵੀ ਇਸ ਤਰ੍ਹਾਂ ਹੋ ਸਕਦਾ ਹੈ। ਜਦੋਂ ਤੁਸੀਂ ਕਾਹਲੀ-ਕਾਹਲੀ ਵਿਚ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਇਸ ਵਿਚਲਾ ਸੰਦੇਸ਼ ਸਮਝ ਨਹੀਂ ਪਾਉਂਦੇ ਅਤੇ ਤੁਹਾਨੂੰ ਬਾਈਬਲ ਪੜ੍ਹਨ ਦਾ ਮਜ਼ਾ ਨਹੀਂ ਆਉਂਦਾ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮਾਂ ਲਾ ਕੇ ਪਰਮੇਸ਼ੁਰ ਦੇ ਬਚਨ ਨੂੰ ਪੂਰੇ ਮਜ਼ੇ ਨਾਲ ਪੜ੍ਹੋ। ਤੁਸੀਂ ਜੋ ਪੜ੍ਹ ਰਹੇ ਹੋ ਉਸ ਬਾਰੇ ਕਲਪਨਾ ਕਰੋ, ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਅਤੇ ਸੋਚੋ ਕਿ ਤੁਸੀਂ ਉਸ ਤੋਂ ਕੀ ਸਿੱਖ ਸਕਦੇ ਹੋ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲੇਗੀ।

8. “ਵਫ਼ਾਦਾਰ ਅਤੇ ਸਮਝਦਾਰ ਨੌਕਰ” ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਰਿਹਾ ਹੈ? (ਫੁਟਨੋਟ ਵੀ ਦੇਖੋ।)

8 ਸਾਨੂੰ ਸਹੀ ਸਮੇਂ ਤੇ ਪਰਮੇਸ਼ੁਰ ਦਾ ਗਿਆਨ ਦੇਣ ਲਈ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਠਹਿਰਾਇਆ ਹੈ। ਇਹ ਨੌਕਰ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਅਤੇ ਸਾਨੂੰ ਭਰਪੂਰ ਮਾਤਰਾ ਵਿਚ ਪਰਮੇਸ਼ੁਰ ਬਾਰੇ ਗਿਆਨ ਦੇ ਰਿਹਾ ਹੈ।b (ਮੱਤੀ 24:45) ਇਹ ਨੌਕਰ ਜਿਹੜੇ ਵੀ ਪ੍ਰਕਾਸ਼ਨ ਤਿਆਰ ਕਰਦਾ ਹੈ, ਉਹ ਬਾਈਬਲ ʼਤੇ ਆਧਾਰਿਤ ਹੁੰਦੇ ਹਨ। (1 ਥੱਸ. 2:13) ਇਹ ਪ੍ਰਕਾਸ਼ਨ ਪੜ੍ਹ ਕੇ ਸਾਨੂੰ ਯਹੋਵਾਹ ਦੀ ਸੋਚ ਪਤਾ ਲੱਗਦੀ ਹੈ। ਇਸੇ ਕਰਕੇ ਸਾਨੂੰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਅਤੇ jw.org ਵੈੱਬਸਾਈਟ ʼਤੇ ਦਿੱਤੇ ਲੇਖ ਪੜ੍ਹਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਸਾਨੂੰ ਮੀਟਿੰਗਾਂ ਦੀ ਵਧੀਆ ਤਿਆਰੀ ਕਰਨੀ ਚਾਹੀਦੀ ਹੈ ਅਤੇ ਹਰ ਮਹੀਨੇ ਦਾ JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਦੇਖਣਾ ਚਾਹੀਦਾ ਹੈ। ਭਰਪੂਰ ਮਾਤਰਾ ਵਿਚ ਪਰਮੇਸ਼ੁਰ ਬਾਰੇ ਗਿਆਨ ਲੈ ਕੇ ਅਸੀਂ ਦੂਜਾ ਕਦਮ ਵੀ ਚੁੱਕ ਸਕਾਂਗੇ ਜਿਸ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ।

ਯਹੋਵਾਹ ਦੇ ਮਿਆਰਾਂ ʼਤੇ ਚੱਲੋ

9. ਸੱਚੀ ਖ਼ੁਸ਼ੀ ਪਾਉਣ ਲਈ ਦੂਜਾ ਕਦਮ ਕਿਹੜਾ ਹੈ?

9 ਦੂਜਾ ਕਦਮ: ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲ ਕੇ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਖ਼ੁਸ਼ ਹੈ ਹਰ ਉਹ ਇਨਸਾਨ ਜਿਹੜਾ ਯਹੋਵਾਹ ਦਾ ਡਰ ਮੰਨਦਾ ਹੈ, ਜਿਹੜਾ ਉਸ ਦੇ ਰਾਹਾਂ ʼਤੇ ਚੱਲਦਾ ਹੈ।” (ਜ਼ਬੂ. 128:1) ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਕਿ ਉਸ ਲਈ ਗਹਿਰਾ ਆਦਰ ਹੋਣ ਕਰਕੇ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਸ ਦਾ ਦਿਲ ਦੁਖੀ ਹੋਵੇ। (ਕਹਾ. 16:6) ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਉਸ ਦੀਆਂ ਨਜ਼ਰਾਂ ਵਿਚ ਕੀ ਸਹੀ ਅਤੇ ਕੀ ਗ਼ਲਤ ਹੈ। ਇਸ ਲਈ ਅਸੀਂ ਉਸ ਦੇ ਮਿਆਰਾਂ ʼਤੇ ਚੱਲਦੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰ. 7:1) ਜੇ ਅਸੀਂ ਉਹ ਕੰਮ ਕਰਾਂਗੇ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ ਅਤੇ ਉਹ ਕੰਮ ਨਹੀਂ ਕਰਾਂਗੇ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ, ਤਾਂ ਅਸੀਂ ਖ਼ੁਸ਼ ਰਹਾਂਗੇ।​—ਜ਼ਬੂ. 37:27; 97:10; ਰੋਮੀ. 12:9.

10. ਰੋਮੀਆਂ 12:2 ਮੁਤਾਬਕ ਯਹੋਵਾਹ ਦੇ ਮਿਆਰਾਂ ਨੂੰ ਜਾਣਨ ਤੋਂ ਇਲਾਵਾ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ?

10 ਰੋਮੀਆਂ 12:2 ਪੜ੍ਹੋ। ਇਕ ਵਿਅਕਤੀ ਸ਼ਾਇਦ ਜਾਣਦਾ ਹੈ ਕਿ ਸਿਰਫ਼ ਯਹੋਵਾਹ ਕੋਲ ਹੀ ਸਹੀ ਅਤੇ ਗ਼ਲਤ ਬਾਰੇ ਮਿਆਰ ਠਹਿਰਾਉਣ ਦਾ ਹੱਕ ਹੈ, ਪਰ ਉਸ ਲਈ ਪਰਮੇਸ਼ੁਰ ਦੇ ਮਿਆਰਾਂ ਨੂੰ ਮੰਨਣਾ ਵੀ ਜ਼ਰੂਰੀ ਹੈ। ਇਸ ਗੱਲ ਨੂੰ ਸਮਝਣ ਲਈ ਇਕ ਉਦਾਹਰਣ ʼਤੇ ਗੌਰ ਕਰੋ। ਇਕ ਵਿਅਕਤੀ ਜਾਣਦਾ ਹੈ ਕਿ ਸਰਕਾਰ ਕੋਲ ਇਹ ਤੈਅ ਕਰਨ ਦਾ ਹੱਕ ਹੈ ਕਿ ਸੜਕ ʼਤੇ ਗੱਡੀ ਕਿੰਨੀ ਰਫ਼ਤਾਰ ਨਾਲ ਚਲਾਈ ਜਾਣੀ ਚਾਹੀਦੀ ਹੈ। ਪਰ ਸ਼ਾਇਦ ਉਹ ਖ਼ੁਦ ਇਸ ਗੱਲ ਨੂੰ ਨਾ ਮੰਨੇ ਅਤੇ ਜਿਸ ਰਫ਼ਤਾਰ ਨਾਲ ਗੱਡੀ ਚਲਾਉਣੀ ਚਾਹੀਦੀ ਹੈ, ਉਸ ਤੋਂ ਵੀ ਜ਼ਿਆਦਾ ਰਫ਼ਤਾਰ ਨਾਲ ਗੱਡੀ ਚਲਾਵੇ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੇ ਮਿਆਰਾਂ ʼਤੇ ਚੱਲਣ ਵਿਚ ਹੀ ਸਾਡੀ ਭਲਾਈ ਹੈ। (ਕਹਾ. 12:28) ਦਾਊਦ ਨੇ ਵੀ ਆਪਣੀ ਜ਼ਿੰਦਗੀ ਵਿਚ ਇਹ ਗੱਲ ਸਵੀਕਾਰ ਕੀਤੀ ਅਤੇ ਉਸ ਨੇ ਯਹੋਵਾਹ ਬਾਰੇ ਕਿਹਾ: “ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈਂ। ਤੇਰੀ ਹਜ਼ੂਰੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ; ਤੇਰੇ ਸੱਜੇ ਹੱਥ ਰਹਿ ਕੇ ਮੈਨੂੰ ਸਦਾ ਆਨੰਦ ਮਿਲਦਾ ਹੈ।”​—ਜ਼ਬੂ. 16:11.

11-12. (ੳ) ਜਦੋਂ ਅਸੀਂ ਨਿਰਾਸ਼ ਜਾਂ ਪਰੇਸ਼ਾਨ ਹੁੰਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਅ) ਫ਼ਿਲਿੱਪੀਆਂ 4:8 ਵਿਚ ਦਿੱਤੀ ਸਲਾਹ ਮਨੋਰੰਜਨ ਦੀ ਚੋਣ ਕਰਨ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?

11 ਜਦੋਂ ਅਸੀਂ ਨਿਰਾਸ਼ ਜਾਂ ਕਿਸੇ ਮੁਸ਼ਕਲ ਵਿਚ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਇਨ੍ਹਾਂ ਤੋਂ ਆਪਣਾ ਧਿਆਨ ਹਟਾਉਣ ਲਈ ਕੋਈ ਕੰਮ ਕਰਨ ਬਾਰੇ ਸੋਚੀਏ। ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਹੈ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹਾ ਕੋਈ ਕੰਮ ਨਾ ਕਰ ਬੈਠੀਏ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ।​—ਅਫ਼. 5:10-12, 15-17.

12 ਫ਼ਿਲਿੱਪੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ ‘ਉਹ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੰਦੇ ਰਹਿਣ ਜਿਹੜੀਆਂ ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ ਅਤੇ ਸ਼ੁੱਧ ਹਨ।’ (ਫ਼ਿਲਿੱਪੀਆਂ 4:8 ਪੜ੍ਹੋ।) ਭਾਵੇਂ ਕਿ ਪੌਲੁਸ ਇੱਥੇ ਖ਼ਾਸ ਕਰਕੇ ਮਨੋਰੰਜਨ ਦੇ ਵਿਸ਼ੇ ਬਾਰੇ ਗੱਲ ਨਹੀਂ ਕਰ ਰਿਹਾ ਸੀ, ਪਰ ਇਸ ਆਇਤ ਵਿਚ ਦਿੱਤੀ ਸਲਾਹ ਮਨੋਰੰਜਨ ਚੁਣਨ ਵਿਚ ਸਾਡੀ ਮਦਦ ਕਰ ਸਕਦੀ ਹੈ। ਕੋਈ ਫ਼ਿਲਮ ਦੇਖਣ ਤੋਂ ਪਹਿਲਾਂ ਅਸੀਂ ਸੋਚ ਸਕਦੇ ਹਾਂ: ਕੀ ਇਹ ਫ਼ਿਲਮ ਸਹੀ ਹੈ, ਸਾਫ਼-ਸੁਥਰੀ ਹੈ, ਪਿਆਰ ਪੈਦਾ ਕਰਨ ਵਾਲੀ ਹੈ, ਚੰਗੀਆਂ ਤੇ ਸ਼ੁੱਧ ਗੱਲਾਂ ਨਾਲ ਭਰੀ ਹੋਈ ਹੈ? ਇਸੇ ਤਰ੍ਹਾਂ ਕੋਈ ਗਾਣਾ ਸੁਣਨ, ਕੋਈ ਕਿਤਾਬ ਪੜ੍ਹਨ ਜਾਂ ਕੋਈ ਵੀਡੀਓ ਗੇਮ ਖੇਡਣ ਤੋਂ ਪਹਿਲਾਂ ਅਸੀਂ ਖ਼ੁਦ ਨੂੰ ਇਹੀ ਸਵਾਲ ਪੁੱਛ ਸਕਦੇ ਹਾਂ। ਇਹ ਸਾਰੀਆਂ ਗੱਲਾਂ ਸੋਚਣ ਨਾਲ ਅਸੀਂ ਜਾਣ ਸਕਾਂਗੇ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਅਤੇ ਕੀ ਗ਼ਲਤ। ਜੇ ਅਸੀਂ ਯਹੋਵਾਹ ਦੇ ਮਿਆਰਾਂ ਨੂੰ ਮੰਨਾਂਗੇ, ਤਾਂ ਸਾਡੀ ਜ਼ਮੀਰ ਸਾਫ਼ ਰਹੇਗੀ। (ਜ਼ਬੂ. 119:1-3) ਫਿਰ ਅਸੀਂ ਤੀਜਾ ਕਦਮ ਚੁੱਕਣ ਲਈ ਵੀ ਤਿਆਰ ਹੋਵਾਂਗੇ ਜਿਸ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ।​—ਰਸੂ. 23:1.

ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿਓ

13. ਅਸੀਂ ਕਿਹੜਾ ਤੀਜਾ ਕਦਮ ਚੁੱਕ ਕੇ ਸੱਚੀ ਖ਼ੁਸ਼ੀ ਪਾ ਸਕਦੇ ਹਾਂ? (ਯੂਹੰਨਾ 4:23, 24)

13 ਤੀਜਾ ਕਦਮ: ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿੰਦੇ ਰਹੋ। ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਸਿਰਫ਼ ਤੇ ਸਿਰਫ਼ ਯਹੋਵਾਹ ਹੀ ਸਾਡੀ ਸੱਚੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:11; 14:6, 7) ਇਸ ਲਈ ਸਾਡੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਉਸ ਤਰੀਕੇ ਨਾਲ ਹੀ ਕਰੀਏ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ “ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ” ਕਰੀਏ। (ਯੂਹੰਨਾ 4:23, 24 ਪੜ੍ਹੋ।) ਸਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਲੋੜ ਹੈ ਤਾਂਕਿ ਅਸੀਂ ਬਾਈਬਲ ਵਿਚ ਲਿਖੀਆਂ ਸੱਚਾਈਆਂ ਮੁਤਾਬਕ ਹੀ ਉਸ ਦੀ ਭਗਤੀ ਕਰ ਸਕੀਏ। ਅਸੀਂ ਸ਼ਾਇਦ ਕਿਸੇ ਅਜਿਹੇ ਦੇਸ਼ ਵਿਚ ਰਹਿੰਦੇ ਹਾਂ ਜਿੱਥੇ ਸਾਡੇ ਕੰਮ ʼਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਜਾਂ ਕੁਝ ਕੰਮਾਂ ʼਤੇ ਰੋਕ ਲਾਈ ਗਈ ਹੈ। ਉੱਥੇ ਵੀ ਸਾਨੂੰ ਯਹੋਵਾਹ ਦੀ ਭਗਤੀ ਦੇ ਕੰਮਾਂ ਨੂੰ ਪਹਿਲੀ ਥਾਂ ਦਿੰਦੇ ਰਹਿਣਾ ਚਾਹੀਦਾ ਹੈ। ਅੱਜ ਸਾਡੇ 100 ਤੋਂ ਵੀ ਜ਼ਿਆਦਾ ਭੈਣ-ਭਰਾ ਜੇਲ੍ਹਾਂ ਵਿਚ ਬੰਦ ਹਨ, ਉਹ ਵੀ ਸਿਰਫ਼ ਇਸ ਕਰਕੇ ਕਿਉਂਕਿ ਉਹ ਯਹੋਵਾਹ ਦੇ ਗਵਾਹ ਹਨ। ਜੇਲ੍ਹਾਂ ਵਿਚ ਹੋਣ ਦੇ ਬਾਵਜੂਦ ਵੀ ਉਹ ਪ੍ਰਾਰਥਨਾ ਕਰਨ, ਅਧਿਐਨ ਕਰਨ, ਸਾਡੇ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਦੂਜਿਆਂ ਨੂੰ ਦੱਸਣ ਲਈ ਜੋ ਵੀ ਕਰ ਸਕਦੇ ਹਨ, ਉਹ ਖ਼ੁਸ਼ੀ-ਖ਼ੁਸ਼ੀ ਕਰਦੇ ਹਨ।c ਜੇ ਸਾਡੇ ʼਤੇ ਵੀ ਜ਼ੁਲਮ ਕੀਤੇ ਜਾਂਦੇ ਹਨ ਜਾਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਇਹ ਗੱਲ ਯਾਦ ਰੱਖ ਕੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਸਾਰਾ ਕੁਝ ਸਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਸਾਨੂੰ ਇਨਾਮ ਵੀ ਜ਼ਰੂਰ ਦੇਵੇਗਾ।​—ਯਾਕੂ. 1:12; 1 ਪਤ. 4:14.

ਇਕ ਭਰਾ ਦੀ ਮਿਸਾਲ

14. ਤਜ਼ਾਕਿਸਤਾਨ ਵਿਚ ਰਹਿਣ ਵਾਲੇ ਨੌਜਵਾਨ ਭਰਾ ਨਾਲ ਕੀ ਹੋਇਆ ਅਤੇ ਕਿਉਂ?

14 ਸਾਡੇ ਕਈ ਭੈਣ-ਭਰਾ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘੇ ਹਨ। ਪਰ ਉਨ੍ਹਾਂ ਨੇ ਉਹ ਤਿੰਨ ਕਦਮ ਚੁੱਕੇ ਜਿਨ੍ਹਾਂ ਬਾਰੇ ਅਸੀਂ ਇਸ ਲੇਖ ਵਿਚ ਚਰਚਾ ਕੀਤੀ ਹੈ। ਇਸ ਕਰਕੇ ਉਹ ਸੱਚ-ਮੁੱਚ ਖ਼ੁਸ਼ ਰਹਿ ਸਕੇ ਹਨ। ਜ਼ਰਾ ਗੌਰ ਕਰੋ ਕਿ ਤਜ਼ਾਕਿਸਤਾਨ ਦੇ ਰਹਿਣ ਵਾਲੇ 19 ਸਾਲਾਂ ਦੇ ਭਰਾ ਜੋਵਿਡੌਨ ਬਾਬਾਜੋਨੋਵ ਨਾਲ ਕੀ ਹੋਇਆ ਸੀ। ਇਸ ਭਰਾ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ 4 ਅਕਤੂਬਰ 2019 ਨੂੰ ਉਸ ਨੂੰ ਉਸ ਦੇ ਘਰੋਂ ਗਿਰਫ਼ਤਾਰ ਕਰ ਲਿਆ ਗਿਆ ਅਤੇ ਕਈ ਮਹੀਨਿਆਂ ਤਕ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ। ਉਸ ਨਾਲ ਇਸ ਤਰ੍ਹਾਂ ਸਲੂਕ ਕੀਤਾ ਗਿਆ ਜਿਵੇਂ ਉਹ ਕੋਈ ਅਪਰਾਧੀ ਹੋਵੇ। ਕਈ ਦੇਸ਼ਾਂ ਦੇ ਮੀਡੀਆ ਨੇ ਦੱਸਿਆ ਕਿ ਉਸ ਨਾਲ ਕੀ-ਕੀ ਹੋ ਰਿਹਾ ਸੀ। ਖ਼ਬਰਾਂ ਵਿਚ ਆਇਆ ਕਿ ਉਸ ਨੂੰ ਬਹੁਤ ਮਾਰਿਆ-ਕੁੱਟਿਆ ਗਿਆ ਅਤੇ ਫ਼ੌਜੀਆਂ ਨੇ ਉਸ ʼਤੇ ਦਬਾਅ ਪਾਇਆ ਕਿ ਉਹ ਫ਼ੌਜ ਵਿਚ ਭਰਤੀ ਹੋਣ ਦੀ ਸੌਂਹ ਚੁੱਕੇ ਤੇ ਵਰਦੀ ਪਾਵੇ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਜੇਲ੍ਹ ਹੋ ਗਈ। ਪਰ ਕੁਝ ਸਮੇਂ ਬਾਅਦ ਤਜ਼ਾਕਿਸਤਾਨ ਦੇ ਰਾਸ਼ਟਰਪਤੀ ਨੇ ਉਸ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਜੋਵਿਡੌਨ ਨੇ ਆਪਣੀ ਵਫ਼ਾਦਾਰੀ ਅਤੇ ਖ਼ੁਸ਼ੀ ਨੂੰ ਬਣਾਈ ਰੱਖਿਆ। ਕਿਵੇਂ? ਉਹ ਲਗਾਤਾਰ ਪਰਮੇਸ਼ੁਰ ਬਾਰੇ ਗਿਆਨ ਲੈਂਦਾ ਰਿਹਾ।

ਤਸਵੀਰਾਂ: ਜੋਵਿਡੌਨ ਬਾਬਾਜੋਨੋਵ। 1. ਉਹ ਜੇਲ੍ਹ ਦੀ ਖਿੜਕੀ ਤੋਂ ਬਾਹਰ ਦੇਖਦਾ ਹੋਇਆ। 2. ਉਹ ਖਾਣ-ਪੀਣ ਦੀਆਂ ਚੀਜ਼ਾਂ ਵਾਲੇ ਬੈਗ ʼਤੇ ਲਿਖਿਆ ਉਸ ਦਿਨ ਦਾ ਹਵਾਲਾ ਪੜ੍ਹਦਾ ਹੋਇਆ। 3. ਉਹ ਪ੍ਰਾਰਥਨਾ ਕਰਦਾ ਹੋਇਆ।

ਜੋਵਿਡੋਨ ਯਹੋਵਾਹ ਬਾਰੇ ਗਿਆਨ ਲੈਂਦਾ ਰਿਹਾ, ਉਸ ਦੇ ਮਿਆਰਾਂ ਮੁਤਾਬਕ ਚੱਲਦਾ ਰਿਹਾ ਅਤੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲੀ ਥਾਂ ਦਿੰਦਾ ਰਿਹਾ (ਪੈਰੇ 15-17 ਦੇਖੋ)

15. ਜੇਲ੍ਹ ਵਿਚ ਵੀ ਜੋਵਿਡੌਨ ਪਰਮੇਸ਼ੁਰ ਦਾ ਗਿਆਨ ਕਿਵੇਂ ਲੈਂਦਾ ਰਿਹਾ?

15 ਜਦੋਂ ਜੋਵਿਡੌਨ ਜੇਲ੍ਹ ਵਿਚ ਸੀ, ਉਦੋਂ ਉਸ ਕੋਲ ਨਾ ਤਾਂ ਬਾਈਬਲ ਸੀ ਤੇ ਨਾ ਹੀ ਕੋਈ ਪ੍ਰਕਾਸ਼ਨ। ਫਿਰ ਵੀ ਉਹ ਪਰਮੇਸ਼ੁਰ ਬਾਰੇ ਗਿਆਨ ਲੈਂਦਾ ਰਿਹਾ। ਕਿਵੇਂ? ਉੱਥੋਂ ਦੇ ਭੈਣ-ਭਰਾ ਜਿਸ ਬੈਗ ਵਿਚ ਉਸ ਲਈ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਜਾਂਦੇ ਸਨ, ਉਸ ʼਤੇ ਉਹ ਉਸ ਦਿਨ ਦਾ ਹਵਾਲਾ ਲਿਖ ਦਿੰਦੇ ਸਨ। ਇਸ ਤਰ੍ਹਾਂ ਜੋਵਿਡੌਨ ਉਸ ਬਾਈਬਲ ਹਵਾਲੇ ਨੂੰ ਪੜ੍ਹ ਲੈਂਦਾ ਸੀ ਅਤੇ ਸਾਰਾ ਦਿਨ ਉਸ ʼਤੇ ਸੋਚ-ਵਿਚਾਰ ਕਰਦਾ ਰਹਿੰਦਾ ਸੀ। ਜੋਵਿਡੌਨ ਨੇ ਰਿਹਾ ਹੋਣ ਤੋਂ ਬਾਅਦ ਉਨ੍ਹਾਂ ਭੈਣਾਂ-ਭਰਾਵਾਂ ਨੂੰ ਇਹ ਸਲਾਹ ਦਿੱਤੀ ਜਿਨ੍ਹਾਂ ʼਤੇ ਹਾਲੇ ਤਕ ਕੋਈ ਸਖ਼ਤ ਅਜ਼ਮਾਇਸ਼ਾਂ ਨਹੀਂ ਆਈਆਂ: “ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਆਜ਼ਾਦੀ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਪਰਮੇਸ਼ੁਰ ਦਾ ਬਚਨ ਅਤੇ ਹੋਰ ਪ੍ਰਕਾਸ਼ਨ ਪੜ੍ਹ ਕੇ ਉਸ ਬਾਰੇ ਆਪਣਾ ਗਿਆਨ ਵਧਾਉਂਦੇ ਰਹੋ।”

16. ਜੋਵਿਡੌਨ ਨੇ ਕਿਨ੍ਹਾਂ ਗੱਲਾਂ ʼਤੇ ਆਪਣਾ ਧਿਆਨ ਲਾਇਆ?

16 ਸਾਡਾ ਭਰਾ ਜੋਵਿਡੌਨ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਿਆ। ਗ਼ਲਤ ਇੱਛਾਵਾਂ ʼਤੇ ਧਿਆਨ ਲਾਉਣ ਅਤੇ ਬੁਰੇ ਕੰਮਾਂ ਵਿਚ ਹਿੱਸਾ ਲੈਣ ਦੀ ਬਜਾਇ ਉਸ ਨੇ ਯਹੋਵਾਹ ਅਤੇ ਉਸ ਦੇ ਮਿਆਰਾਂ ʼਤੇ ਆਪਣਾ ਧਿਆਨ ਲਾਇਆ। ਉਹ ਪਰਮੇਸ਼ੁਰ ਦੁਆਰਾ ਬਣਾਈ ਖ਼ੂਬਸੂਰਤ ਸ੍ਰਿਸ਼ਟੀ ਨੂੰ ਦੇਖਦਾ ਸੀ ਅਤੇ ਉਸ ਦੀ ਤਾਰੀਫ਼ ਕਰਦਾ ਸੀ। ਹਰ ਸਵੇਰ ਉਹ ਪੰਛੀਆਂ ਦੀ ਚਹਿਚਹਾਟ ਸੁਣ ਕੇ ਉੱਠਦਾ ਸੀ। ਰਾਤ ਨੂੰ ਉਹ ਚੰਦ ਅਤੇ ਤਾਰਿਆਂ ਨੂੰ ਤੱਕਦਾ ਰਹਿੰਦਾ ਸੀ। ਉਸ ਨੇ ਕਿਹਾ: “ਯਹੋਵਾਹ ਦੇ ਇਨ੍ਹਾਂ ਸਾਰੇ ਤੋਹਫ਼ਿਆਂ ਤੋਂ ਮੈਨੂੰ ਖ਼ੁਸ਼ੀ ਅਤੇ ਹੌਸਲਾ ਮਿਲਿਆ।” ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਸਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ। ਜਦੋਂ ਅਸੀਂ ਯਹੋਵਾਹ ਦੇ ਇਨ੍ਹਾਂ ਸਾਰੇ ਪ੍ਰਬੰਧਾਂ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਸਾਡਾ ਦਿਲ ਖ਼ੁਸ਼ੀ ਨਾਲ ਭਰਿਆ ਰਹਿੰਦਾ ਹੈ ਜਿਸ ਤੋਂ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲਦੀ ਹੈ।

17. ਜੇ ਅਸੀਂ ਵੀ ਮੁਸ਼ਕਲਾਂ ਦੌਰਾਨ ਜੋਵਿਡੌਨ ਵਾਂਗ ਵਫ਼ਾਦਾਰ ਰਹਿੰਦੇ ਹਾਂ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ? (1 ਪਤਰਸ 1:6, 7)

17 ਜੋਵਿਡੌਨ ਨੇ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿੱਤੀ। ਉਹ ਜਾਣਦਾ ਸੀ ਕਿ ਉਸ ਲਈ ਸੱਚੇ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਕਿੰਨਾ ਜ਼ਰੂਰੀ ਹੈ। ਯਿਸੂ ਨੇ ਕਿਹਾ: “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।” (ਲੂਕਾ 4:8) ਫ਼ੌਜ ਦੇ ਕਮਾਂਡਰ ਅਤੇ ਫ਼ੌਜੀ ਚਾਹੁੰਦੇ ਸਨ ਕਿ ਜੋਵਿਡੌਨ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਵੇ। ਉਹ ਉਸ ʼਤੇ ਜਿੰਨਾ ਜ਼ਿਆਦਾ ਦਬਾਅ ਪਾਉਂਦੇ ਸਨ, ਉਹ ਦਿਨ-ਰਾਤ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉੱਨੀ ਜ਼ਿਆਦਾ ਮਦਦ ਮੰਗਦਾ ਸੀ ਕਿ ਉਹ ਕਦੇ ਹਾਰ ਨਾ ਮੰਨੇ ਅਤੇ ਕਦੇ ਵੀ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਨਾ ਕਰੇ। ਚਾਹੇ ਜੋਵਿਡੌਨ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ, ਪਰ ਉਸ ਨੇ ਕਦੇ ਵੀ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਨਹੀਂ ਕੀਤਾ। ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਮਾਰਿਆ-ਕੁੱਟਿਆ ਗਿਆ ਅਤੇ ਜੇਲ੍ਹ ਵਿਚ ਸੁੱਟਿਆ ਗਿਆ ਜਿਸ ਕਰਕੇ ਉਸ ਦੀ ਨਿਹਚਾ ਦੀ ਪਰਖ ਹੋਈ। ਪਰ ਹੁਣ ਉਹ ਬਹੁਤ ਜ਼ਿਆਦਾ ਖ਼ੁਸ਼ ਹੈ ਕਿਉਂਕਿ ਉਸ ਦੀ ਨਿਹਚਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਗਈ ਹੈ।​—1 ਪਤਰਸ 1:6, 7 ਪੜ੍ਹੋ।

18. ਅਸੀਂ ਸੱਚੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ?

18 ਯਹੋਵਾਹ ਜਾਣਦਾ ਹੈ ਕਿ ਸਾਨੂੰ ਸੱਚੀ ਖ਼ੁਸ਼ੀ ਕਿੱਦਾਂ ਮਿਲ ਸਕਦੀ ਹੈ। ਜੇ ਤੁਸੀਂ ਇਸ ਲੇਖ ਵਿਚ ਦੱਸੇ ਤਿੰਨ ਕਦਮ ਚੁੱਕੋਗੇ, ਤਾਂ ਤੁਸੀਂ ਮੁਸ਼ਕਲਾਂ ਦੇ ਬਾਵਜੂਦ ਸੱਚੀ ਖ਼ੁਸ਼ੀ ਬਣਾਈ ਰੱਖ ਸਕੋਗੇ। ਫਿਰ ਤੁਸੀਂ ਵੀ ਇਹ ਗੱਲ ਕਹਿ ਸਕੋਗੇ: “ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”​—ਜ਼ਬੂ. 144:15.

ਇਹ ਤਿੰਨ ਕਦਮ ਚੁੱਕ ਕੇ ਸਾਨੂੰ ਸੱਚੀ ਖ਼ੁਸ਼ੀ ਕਿਵੇਂ ਮਿਲਦੀ ਹੈ?

  • ਪਹਿਲਾ ਕਦਮ: ਪਰਮੇਸ਼ੁਰ ਬਾਰੇ ਗਿਆਨ ਲੈ ਕੇ

  • ਦੂਜਾ ਕਦਮ: ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲ ਕੇ

  • ਤੀਜਾ ਕਦਮ: ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦੇ ਕੇ

ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ

a ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਮੌਜ-ਮਸਤੀ ਕਰ ਕੇ, ਬਹੁਤ ਸਾਰੀ ਧਨ-ਦੌਲਤ ਕਮਾ ਕੇ, ਸ਼ੌਹਰਤ ਅਤੇ ਉੱਚਾ ਰੁਤਬਾ ਹਾਸਲ ਕਰ ਕੇ ਹੀ ਉਹ ਖ਼ੁਸ਼ ਰਹਿ ਸਕਦੇ ਹਨ। ਪਰ ਇੱਦਾਂ ਸੱਚੀ ਖ਼ੁਸ਼ੀ ਨਹੀਂ ਮਿਲਦੀ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਸੱਚੀ ਖ਼ੁਸ਼ੀ ਕਿੱਦਾਂ ਪਾ ਸਕਦੇ ਹਨ। ਇਸ ਲੇਖ ਵਿਚ ਅਸੀਂ ਗੌਰ ਕਰਾਂਗੇ ਕਿ ਕਿਹੜੇ ਤਿੰਨ ਕਦਮ ਚੁੱਕ ਕੇ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ।

b 15 ਅਗਸਤ 2014 ਦੇ ਪਹਿਰਾਬੁਰਜ ਵਿਚ “ਕੀ ਤੁਹਾਨੂੰ ‘ਸਹੀ ਸਮੇਂ ਤੇ ਭੋਜਨ’ ਮਿਲ ਰਿਹਾ ਹੈ?” ਨਾਂ ਦਾ ਲੇਖ ਦੇਖੋ।

c ਹੋਰ ਜਾਣਕਾਰੀ ਲੈਣ ਲਈ jw.org ʼਤੇ “Imprisoned for Their Faith” ਦੇਖੋ।

d ਤਸਵੀਰ ਬਾਰੇ ਜਾਣਕਾਰੀ: ਇੱਥੇ ਦਿਖਾਇਆ ਗਿਆ ਹੈ ਕਿ ਇਕ ਭਰਾ ਨੂੰ ਗਿਰਫ਼ਤਾਰ ਕਰ ਕੇ ਉਸ ʼਤੇ ਮੁਕੱਦਮਾ ਚਲਾਉਣ ਲਈ ਅਦਾਲਤ ਲਿਜਾਇਆ ਜਾ ਰਿਹਾ ਹੈ ਅਤੇ ਬਾਕੀ ਭੈਣ-ਭਰਾ ਉਸ ਦਾ ਹੌਸਲਾ ਵਧਾਉਣ ਲਈ ਉੱਥੇ ਖੜ੍ਹੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ