ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਅਕਤੂਬਰ ਸਫ਼ੇ 2-5
  • 1922​—ਸੌ ਸਾਲ ਪਹਿਲਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1922​—ਸੌ ਸਾਲ ਪਹਿਲਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਕਮਾਲ ਦਾ ਆਈਡੀਆ”
  • ਰੇਡੀਓ ਰਾਹੀਂ ਹਜ਼ਾਰਾਂ ਹੀ ਲੋਕਾਂ ਨੂੰ ਪ੍ਰਚਾਰ ਕੀਤਾ ਗਿਆ
  • “ਏ. ਡੀ. ਵੀ”
  • ਇਕ ਅਹਿਮ ਕੰਮ
  • 1919​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • 1924​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • 1921​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • 1920—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਅਕਤੂਬਰ ਸਫ਼ੇ 2-5
ਸਾਲ 1922 ਵਿਚ ਹੋਏ ਸੰਮੇਲਨ ਦੀ ਸਟੇਜ। ਸਟੇਜ ਦੇ ਉੱਪਰ ਇਕ ਬੈਨਰ ʼਤੇ ਲਿਖਿਆ ਹੋਇਆ ਹੈ: “ਰਾਜੇ ਅਤੇ ਰਾਜ ਦੀ ਘੋਸ਼ਣਾ ਕਰੋ।” ਸਟੇਜ ਦੇ ਪਿੱਛੇ “ਏ. ਡੀ. ਵੀ.” ਲਿਖਿਆ ਹੋਇਆ ਹੈ।

ਸੰਮੇਲਨ ਦੇ ਸਟੇਜ ਉੱਤੇ ਬੈਨਰ ਲਟਕਦਾ ਹੋਇਆ

1922 ਸੌ ਸਾਲ ਪਹਿਲਾਂ

‘ਪਰਮੇਸ਼ੁਰ ਸਾਨੂੰ ਪ੍ਰਭੂ ਯਿਸੂ ਮਸੀਹ ਰਾਹੀਂ ਜਿੱਤ ਦਿਵਾਉਂਦਾ ਹੈ!’ (1 ਕੁਰਿੰ. 15:57) ਸਾਲ 1922 ਲਈ ਇਹ ਬਾਈਬਲ ਦਾ ਹਵਾਲਾ ਸੀ। ਇਸ ਹਵਾਲੇ ਤੋਂ ਬਾਈਬਲ ਸਟੂਡੈਂਟਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਉਨ੍ਹਾਂ ਨੂੰ ਵਫ਼ਾਦਾਰੀ ਦਾ ਇਨਾਮ ਜ਼ਰੂਰ ਦੇਵੇਗਾ। ਉਸੇ ਸਾਲ ਯਹੋਵਾਹ ਨੇ ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੂੰ ਇਨਾਮ ਦਿੱਤਾ। ਯਹੋਵਾਹ ਦੀ ਬਰਕਤ ਸਦਕਾ ਉਨ੍ਹਾਂ ਨੇ ਖ਼ੁਦ ਕਿਤਾਬਾਂ ਛਾਪਣ ਤੇ ਉਨ੍ਹਾਂ ਦੀਆਂ ਜਿਲਦਾਂ ਬੰਨ੍ਹਣ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ ਰੇਡੀਓ ਦੇ ਜ਼ਰੀਏ ਰਾਜ ਦੀਆਂ ਸੱਚਾਈਆਂ ਦੂਰ-ਦੂਰ ਤਕ ਪਹੁੰਚਾਉਣੀਆਂ ਸ਼ੁਰੂ ਕੀਤੀਆਂ। ਉਸੇ ਸਾਲ ਜਦੋਂ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਵਿਚ ਇਕ ਇਤਿਹਾਸਕ ਸੰਮੇਲਨ ਹੋਇਆ, ਤਾਂ ਇਹ ਗੱਲ ਇਕ ਵਾਰ ਫਿਰ ਤੋਂ ਸਾਬਤ ਹੋਈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਰਕਤ ਦੇ ਰਿਹਾ ਸੀ। ਇਸ ਸੰਮੇਲਨ ਵਿਚ ਬਾਈਬਲ ਸਟੂਡੈਂਟਸ ਹਾਜ਼ਰ ਹੋਏ ਅਤੇ ਇਸ ਸੰਮੇਲਨ ਦਾ ਅਸਰ ਅੱਜ ਵੀ ਯਹੋਵਾਹ ਦੇ ਸੰਗਠਨ ʼਤੇ ਸਾਫ਼ ਨਜ਼ਰ ਆਉਂਦਾ ਹੈ।

“ਕਮਾਲ ਦਾ ਆਈਡੀਆ”

ਜਿੱਦਾਂ-ਜਿੱਦਾਂ ਪ੍ਰਚਾਰ ਦਾ ਕੰਮ ਅੱਗੇ ਵਧ ਰਿਹਾ ਸੀ, ਉੱਦਾਂ-ਉੱਦਾਂ ਪ੍ਰਕਾਸ਼ਨਾਂ ਦੀ ਹੋਰ ਵੀ ਜ਼ਿਆਦਾ ਲੋੜ ਪੈ ਰਹੀ ਸੀ। ਬਰੁਕਲਿਨ ਬੈਥਲ ਵਿਚ ਭਰਾ ਰਸਾਲੇ ਛਾਪਦੇ ਸਨ, ਪਰ ਉਹ ਮੋਟੀ ਜਿਲਦ ਦੀਆਂ ਕਿਤਾਬਾਂ ਹੋਰ ਕੰਪਨੀਆਂ ਤੋਂ ਹੀ ਛਪਵਾਉਂਦੇ ਸਨ। ਫਿਰ ਇਕ ਸਮਾਂ ਇੱਦਾਂ ਦਾ ਆਇਆ ਕਿ ਜਿਸ ਕੰਪਨੀ ਤੋਂ ਅਸੀਂ ਕਿਤਾਬਾਂ ਛਪਵਾਉਂਦੇ ਸੀ, ਉਹ ਉੱਨੀਆਂ ਕਿਤਾਬਾਂ ਨਹੀਂ ਛਾਪ ਸਕੀ ਜਿੰਨੀਆਂ ਦੀ ਸਾਨੂੰ ਪ੍ਰਚਾਰ ਵਿਚ ਲੋੜ ਸੀ। ਇੱਦਾਂ ਕਈ ਮਹੀਨਿਆਂ ਤਕ ਚੱਲਦਾ ਰਿਹਾ। ਇਸ ਲਈ ਸਾਡੀ ਫੈਕਟਰੀ ਦੇ ਮੈਨੇਜਰ ਭਰਾ ਰੌਬਰਟ ਮਾਰਟਿਨ ਨੂੰ ਭਰਾ ਰਦਰਫ਼ਰਡ ਨੇ ਪੁੱਛਿਆ, ਕੀ ਇਹ ਸੰਭਵ ਹੈ ਕਿ ਅਸੀਂ ਖ਼ੁਦ ਕਿਤਾਬਾਂ ਛਾਪਣੀਆਂ ਸ਼ੁਰੂ ਕਰ ਦੇਈਏ।

ਨਿਊਯਾਰਕ ਵਿਚ ਬਰੁਕਲਿਨ ਦੇ ਕੌਂਕੋਰਡ ਸਟ੍ਰੀਟ ਵਿਚ ਸਾਡੀ ਫੈਕਟਰੀ

ਭਰਾ ਮਾਰਟਿਨ ਨੇ ਯਾਦ ਕਰਦੇ ਹੋਏ ਕਿਹਾ, “ਇਹ ਕਮਾਲ ਦਾ ਆਈਡੀਆ ਸੀ ਕਿਉਂਕਿ ਅਸੀਂ ਆਪਣੀ ਫੈਕਟਰੀ ਵਿਚ ਖ਼ੁਦ ਕਿਤਾਬਾਂ ਛਾਪ ਸਕਦੇ ਸੀ।” ਇਸ ਲਈ ਭਰਾਵਾਂ ਨੇ ਬਰੁਕਲਿਨ ਦੇ 18 ਕੌਂਕੋਰਡ ਸਟ੍ਰੀਟ ਵਿਚ ਇਕ ਜਗ੍ਹਾ ਕਿਰਾਏ ʼਤੇ ਲੈ ਲਈ ਅਤੇ ਛਪਾਈ ਲਈ ਮਸ਼ੀਨਾਂ ਵਗੈਰਾ ਖ਼ਰੀਦ ਲਈਆਂ।

ਅਸੀਂ ਖ਼ੁਦ ਕਿਤਾਬਾਂ ਦੀ ਛਪਾਈ ਦਾ ਕੰਮ ਸ਼ੁਰੂ ਕਰਨ ਲੱਗੇ ਸੀ, ਇਸ ਕਰਕੇ ਭੈਣ-ਭਰਾ ਬਹੁਤ ਖ਼ੁਸ਼ ਸਨ। ਪਰ ਹੋਰ ਕੰਪਨੀਆਂ ਵਾਲੇ ਖ਼ੁਸ਼ ਨਹੀਂ ਸਨ। ਜਿਹੜੀ ਕੰਪਨੀ ਤੋਂ ਪਹਿਲਾਂ ਅਸੀਂ ਕਿਤਾਬਾਂ ਛਪਵਾਉਂਦੇ ਸੀ, ਉਸ ਕੰਪਨੀ ਦਾ ਪ੍ਰਧਾਨ ਸਾਡੀ ਨਵੀਂ ਫੈਕਟਰੀ ਦੇਖਣ ਆਇਆ। ਫੈਕਟਰੀ ਨੂੰ ਦੇਖ ਕੇ ਉਸ ਨੇ ਕਿਹਾ: “ਤੁਸੀਂ ਛਪਾਈ ਦੀਆਂ ਮਸ਼ੀਨਾਂ ਤਾਂ ਬਹੁਤ ਵਧੀਆ ਖ਼ਰੀਦ ਲਈਆਂ ਹਨ, ਪਰ ਤੁਹਾਨੂੰ ਕਿਸੇ ਨੂੰ ਇਹ ਚਲਾਉਣੀਆਂ ਤਾਂ ਆਉਂਦੀਆਂ ਨਹੀਂ। ਦੇਖ ਲਿਓ, ਛੇ ਮਹੀਨੇ ਦੇ ਅੰਦਰ-ਅੰਦਰ ਇਹ ਸਾਰੀਆਂ ਮਸ਼ੀਨਾਂ ਖ਼ਰਾਬ ਹੋ ਜਾਣੀਆਂ ਅਤੇ ਇਹ ਫੈਕਟਰੀ ਕਬਾੜਖ਼ਾਨਾ ਬਣ ਜਾਣੀ।”

ਭਰਾ ਮਾਰਟਿਨ ਨੇ ਕਿਹਾ: “ਉਸ ਆਦਮੀ ਦੀ ਗੱਲ ਸਹੀ ਵੀ ਲੱਗਦੀ ਹੈ, ਪਰ ਅਸੀਂ ਸਾਰਾ ਕੁਝ ਪ੍ਰਭੂ ਦੇ ਹੱਥ ਛੱਡ ਦਿੰਦੇ ਹਾਂ ਤੇ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੀ ਮਦਦ ਕਰੇਗਾ।” ਭਰਾ ਮਾਰਟਿਨ ਦੀ ਗੱਲ ਸਹੀ ਸਾਬਤ ਹੋਈ। ਜਲਦ ਹੀ ਅਸੀਂ ਇਸੇ ਫੈਕਟਰੀ ਵਿੱਚੋਂ ਹਰ ਰੋਜ਼ 2,000 ਕਿਤਾਬਾਂ ਛਾਪਣ ਲੱਗੇ।

ਫੈਕਟਰੀ ਵਿਚ ਲਾਈਨੋਟਾਈਪ ਮਸ਼ੀਨ ਨੂੰ ਚਲਾਉਣ ਵਾਲੇ ਭਰਾ

ਰੇਡੀਓ ਰਾਹੀਂ ਹਜ਼ਾਰਾਂ ਹੀ ਲੋਕਾਂ ਨੂੰ ਪ੍ਰਚਾਰ ਕੀਤਾ ਗਿਆ

ਕਿਤਾਬਾਂ ਛਾਪਣ ਦੇ ਨਾਲ-ਨਾਲ ਯਹੋਵਾਹ ਦੇ ਲੋਕ ਨਵੇਂ ਤਰੀਕੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗੇ। ਇਹ ਨਵਾਂ ਤਰੀਕਾ ਸੀ, ਰੇਡੀਓ ਰਾਹੀਂ ਪ੍ਰਚਾਰ ਕਰਨਾ। 26 ਫਰਵਰੀ 1922 ਦੀ ਐਤਵਾਰ ਦੁਪਹਿਰ ਨੂੰ ਭਰਾ ਰਦਰਫ਼ਰਡ ਨੇ ਪਹਿਲੀ ਵਾਰ ਰੇਡੀਓ ʼਤੇ ਭਾਸ਼ਣ ਦਿੱਤਾ। ਭਰਾ ਦੇ ਭਾਸ਼ਣ ਦਾ ਵਿਸ਼ਾ ਸੀ, “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਜਿਹੜੇ ਰੇਡੀਓ ਸਟੇਸ਼ਨ ʼਤੇ ਭਰਾ ਨੇ ਭਾਸ਼ਣ ਦਿੱਤਾ, ਉਹ ਅਮਰੀਕਾ ਦੇ ਕੈਲੇਫ਼ੋਰਨੀਆ ਪ੍ਰਾਂਤ ਦੇ ਲਾਸ ਏਂਜਲੀਜ਼ ਸ਼ਹਿਰ ਵਿਚ ਸੀ।

ਉਸ ਭਾਸ਼ਣ ਨੂੰ ਤਕਰੀਬਨ 25,000 ਲੋਕਾਂ ਨੇ ਸੁਣਿਆ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕਦਰਦਾਨੀ ਜ਼ਾਹਰ ਕਰਦਿਆਂ ਚਿੱਠੀਆਂ ਲਿਖੀਆਂ। ਉਨ੍ਹਾਂ ਵਿੱਚੋਂ ਇਕ ਚਿੱਠੀ ਭਰਾ ਵਿਲਾਰਡ ਐਸ਼ਫਰਡ ਦੀ ਸੀ। ਇਹ ਭਰਾ ਸਾਂਤਾ ਆਨਾ, ਕੈਲੇਫ਼ੋਰਨੀਆ ਵਿਚ ਰਹਿੰਦਾ ਸੀ। ਉਸ ਨੇ ਭਰਾ ਰਦਰਫ਼ਰਡ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਭਾਸ਼ਣ “ਬਹੁਤ ਵਧੀਆ ਅਤੇ ਦਿਲਚਸਪ” ਸੀ। ਉਸ ਨੇ ਇਹ ਵੀ ਲਿਖਿਆ: “ਸਾਡੇ ਘਰ ਵਿਚ ਤਿੰਨ ਜਣੇ ਬੀਮਾਰ ਸਨ ਜਿਸ ਕਰਕੇ ਸਾਡੇ ਘਰ ਵਿੱਚੋਂ ਕੋਈ ਵੀ ਤੁਹਾਡਾ ਭਾਸ਼ਣ ਸੁਣਨ ਨਹੀਂ ਜਾ ਸਕਦਾ ਸੀ। ਜੇ ਤੁਸੀਂ ਸਾਡੇ ਘਰ ਦੇ ਬਿਲਕੁਲ ਲਾਗੇ ਆ ਕੇ ਵੀ ਭਾਸ਼ਣ ਦਿੰਦੇ, ਤਾਂ ਵੀ ਅਸੀਂ ਤੁਹਾਡਾ ਭਾਸ਼ਣ ਸੁਣਨ ਨਹੀਂ ਆ ਸਕਦੇ ਸੀ।”

ਅਗਲੇ ਕੁਝ ਹਫ਼ਤਿਆਂ ਦੌਰਾਨ ਰੇਡੀਓ ʼਤੇ ਹੋਰ ਜ਼ਿਆਦਾ ਭਾਸ਼ਣ ਦਿੱਤੇ ਗਏ। ਉਸੇ ਸਾਲ ਦੇ ਅਖ਼ੀਰ ਵਿਚ ਪਹਿਰਾਬੁਰਜ ਵਿਚ ਦੱਸਿਆ ਗਿਆ ਕਿ “ਰੇਡੀਓ ਰਾਹੀਂ ਘੱਟੋ-ਘੱਟ 3 ਲੱਖ ਲੋਕਾਂ ਨੇ ਸਾਡਾ ਸੰਦੇਸ਼ ਸੁਣਿਆ।”

ਲੋਕਾਂ ਨੇ ਰੇਡੀਓ ʼਤੇ ਦਿੱਤੇ ਜਾਣ ਵਾਲੇ ਸਾਡੇ ਭਾਸ਼ਣਾਂ ਦੀ ਤਾਰੀਫ਼ ਕੀਤੀ ਅਤੇ ਚਿੱਠੀਆਂ ਵੀ ਲਿਖੀਆਂ। ਇਸ ਲਈ ਬਾਈਬਲ ਸਟੂਡੈਂਟਸ ਨੇ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਟੇਟਨ ਆਈਲੈਂਡ ਵਿਚ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ, ਇਹ ਜਗ੍ਹਾ ਬਰੁਕਲਿਨ ਬੈਥਲ ਤੋਂ ਬਹੁਤੀ ਦੂਰ ਨਹੀਂ ਸੀ। ਇਸ ਸਟੇਸ਼ਨ ਦਾ ਨਾਂ ਡਬਲਯੂ. ਬੀ. ਬੀ. ਆਰ. ਰੱਖਿਆ ਗਿਆ ਅਤੇ ਅਗਲੇ ਕੁਝ ਸਾਲਾਂ ਵਿਚ ਹੀ ਇਸ ਰਾਹੀਂ ਬਹੁਤ ਵੱਡੇ ਪੱਧਰ ʼਤੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਜਾਣ ਲੱਗੀ।

“ਏ. ਡੀ. ਵੀ”

15 ਜੂਨ 1922 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਕਿ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਵਿਚ 5-13 ਸਤੰਬਰ 1922 ਨੂੰ ਸੰਮੇਲਨ ਹੋਵੇਗਾ। ਜਿੱਦਾਂ-ਜਿੱਦਾਂ ਬਾਈਬਲ ਸਟੂਡੈਂਟਸ ਸੰਮੇਲਨ ਵਿਚ ਪਹੁੰਚ ਰਹੇ ਸਨ, ਉਨ੍ਹਾਂ ਦੇ ਚਿਹਰਿਆਂ ʼਤੇ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।

ਉਸ ਸੰਮੇਲਨ ਦੇ ਸ਼ੁਰੂਆਤੀ ਭਾਸ਼ਣ ਵਿਚ ਭਰਾ ਰਦਰਫ਼ਰਡ ਨੇ ਉੱਥੇ ਹਾਜ਼ਰ ਹੋਏ ਲੋਕਾਂ ਨੂੰ ਕਿਹਾ: ‘ਮੈਨੂੰ ਪੂਰਾ ਭਰੋਸਾ ਹੈ ਕਿ ਪ੍ਰਭੂ ਸਾਡੇ ਸੰਮੇਲਨ ʼਤੇ ਬਰਕਤ ਜ਼ਰੂਰ ਦੇਵੇਗਾ ਅਤੇ ਇਸ ਸੰਮੇਲਨ ਰਾਹੀਂ ਇੰਨੇ ਵੱਡੇ ਪੱਧਰ ʼਤੇ ਗਵਾਹੀ ਦਿੱਤੀ ਜਾਵੇਗੀ ਜਿੰਨੀ ਪਹਿਲਾਂ ਕਦੇ ਨਹੀਂ ਦਿੱਤੀ ਗਈ।’ ਇਸ ਸੰਮੇਲਨ ਵਿਚ ਜਿੰਨੇ ਵੀ ਭਰਾਵਾਂ ਨੇ ਭਾਸ਼ਣ ਦਿੱਤੇ, ਸਾਰਿਆਂ ਨੇ ਆਪਣੇ ਭਾਸ਼ਣਾਂ ਵਿਚ ਵਾਰ-ਵਾਰ ਪ੍ਰਚਾਰ ਦਾ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ।

ਸਾਲ 1922 ਵਿਚ ਸੀਡਰ ਪਾਇੰਟ, ਓਹੀਓ ਵਿਚ ਹੋਇਆ ਸੰਮੇਲਨ

ਸ਼ੁੱਕਰਵਾਰ 8 ਸਤੰਬਰ ਨੂੰ ਤਕਰੀਬਨ 8,000 ਲੋਕ ਸੰਮੇਲਨ ਵਿਚ ਹਾਜ਼ਰ ਹੋਏ। ਉਹ ਸਾਰੇ ਭਰਾ ਰਦਰਫ਼ਰਡ ਦਾ ਭਾਸ਼ਣ ਸੁਣਨ ਲਈ ਉਤਾਵਲੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਸੱਦਾ ਪੱਤਰ ʼਤੇ ਅੰਗ੍ਰੇਜ਼ੀ ਵਿਚ ਜੋ “ਏ. ਡੀ. ਵੀ.” ਛਪਿਆ ਹੋਇਆ ਸੀ, ਭਰਾ ਉਸ ਦਾ ਮਤਲਬ ਜ਼ਰੂਰ ਦੱਸੇਗਾ। ਜਦੋਂ ਭੈਣ-ਭਰਾ ਸੀਟਾਂ ʼਤੇ ਬੈਠ ਰਹੇ ਸਨ, ਤਾਂ ਉਨ੍ਹਾਂ ਨੇ ਸਟੇਜ ਦੇ ਉੱਪਰ ਇਕ ਲੰਬਾ ਸਾਰਾ ਕੱਪੜਾ ਲਪੇਟਿਆ ਹੋਇਆ ਜ਼ਰੂਰ ਦੇਖਿਆ ਹੋਣਾ। ਉੱਥੇ ਇਕ ਭਰਾ ਆਰਥਰ ਕਲਾਊਸ ਵੀ ਸੀ ਜੋ ਓਕਲਾਹੋਮਾ ਦੇ ਟਲਸਾ ਸ਼ਹਿਰ ਤੋਂ ਆਇਆ ਸੀ। ਉਸ ਨੇ ਅਜਿਹੀ ਸੀਟ ਲੱਭੀ ਜਿੱਥੋਂ ਭਾਸ਼ਣ ਚੰਗੀ ਤਰ੍ਹਾਂ ਸੁਣਾਈ ਦੇ ਸਕਦਾ ਸੀ ਕਿਉਂਕਿ ਉਸ ਸਮੇਂ ਉੱਥੇ ਨਾ ਤਾਂ ਮਾਈਕ ਸੀ ਤੇ ਨਾ ਹੀ ਸਪੀਕਰ।

“ਅਸੀਂ ਭਰਾ ਦੇ ਭਾਸ਼ਣ ਦਾ ਇਕ-ਇਕ ਸ਼ਬਦ ਧਿਆਨ ਨਾਲ ਸੁਣ ਰਹੇ ਸੀ।”

ਸੰਮੇਲਨ ʼਤੇ ਭਾਸ਼ਣਕਾਰ ਵਧੀਆ ਤਰੀਕੇ ਨਾਲ ਭਾਸ਼ਣ ਦੇ ਸਕੇ ਅਤੇ ਸੁਣਨ ਵਾਲੇ ਚੰਗੀ ਤਰ੍ਹਾਂ ਭਾਸ਼ਣ ਸੁਣ ਸਕਣ, ਇਸ ਲਈ ਚੇਅਰਮੈਨ ਨੇ ਘੋਸ਼ਣਾ ਕੀਤੀ ਕਿ ਭਰਾ ਰਦਰਫ਼ਰਡ ਦੇ ਭਾਸ਼ਣ ਦੌਰਾਨ ਕਿਸੇ ਨੂੰ ਵੀ ਹਾਲ ਵਿਚ ਨਹੀਂ ਆਉਣ ਦਿੱਤਾ ਜਾਵੇਗਾ। ਭਰਾ ਦਾ ਭਾਸ਼ਣ ਸਵੇਰੇ 9:30 ਵਜੇ ਸ਼ੁਰੂ ਹੋਇਆ। ਉਸ ਨੇ ਆਪਣਾ ਭਾਸ਼ਣ ਮੱਤੀ 4:17 ਵਿਚ ਦਰਜ ਯਿਸੂ ਦੇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ: “ਸਵਰਗ ਦਾ ਰਾਜ ਨੇੜੇ ਆ ਗਿਆ ਹੈ।” ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਕਿੱਦਾਂ ਸੁਣਨਗੇ, ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ: “ਯਿਸੂ ਨੇ ਖ਼ੁਦ ਦੱਸਿਆ ਸੀ ਕਿ ਉਹ ਆਪਣੀ ਮੌਜੂਦਗੀ ਦੌਰਾਨ ਵਾਢੀ ਕਰ ਕੇ ਸੱਚੇ ਅਤੇ ਵਫ਼ਾਦਾਰ ਲੋਕਾਂ ਨੂੰ ਇਕੱਠਾ ਕਰੇਗਾ।”

ਭਰਾ ਕਲਾਊਸ ਜੋ ਹਾਲ ਵਿਚ ਬੈਠਾ ਸੀ, ਯਾਦ ਕਰਦੇ ਹੋਏ ਦੱਸਦਾ ਹੈ: “ਅਸੀਂ ਭਰਾ ਦੇ ਭਾਸ਼ਣ ਦਾ ਇਕ-ਇਕ ਸ਼ਬਦ ਧਿਆਨ ਨਾਲ ਸੁਣ ਰਹੇ ਸੀ।” ਪਰ ਅਚਾਨਕ ਹੀ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਹਾਲ ਤੋਂ ਬਾਹਰ ਜਾਣਾ ਪਿਆ। ਉਹ ਹਾਲ ਵਿੱਚੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਉਹ ਬਾਹਰ ਚਲਾ ਗਿਆ, ਤਾਂ ਉਸ ਨੂੰ ਵਾਪਸ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ।

ਕੁਝ ਮਿੰਟਾਂ ਬਾਅਦ ਭਰਾ ਦੀ ਸਿਹਤ ਠੀਕ ਹੋ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਹਾਲ ਵੱਲ ਆ ਰਿਹਾ ਸੀ, ਤਾਂ ਉਸ ਨੇ ਤਾੜੀਆਂ ਦੀ ਗੂੰਜ ਸੁਣੀ। ਇਸ ਕਰਕੇ ਉਹ ਇਹ ਜਾਣਨ ਲਈ ਬਹੁਤ ਉਤਾਵਲਾ ਹੋ ਗਿਆ ਕਿ ਅੰਦਰ ਕੀ ਹੋ ਰਿਹਾ ਸੀ। ਉਸ ਨੇ ਸੋਚਿਆ ਕਿ ਉਹ ਬਾਕੀ ਦਾ ਭਾਸ਼ਣ ਸੁਣ ਕੇ ਹੀ ਰਹੇਗਾ, ਚਾਹੇ ਇਸ ਲਈ ਉਸ ਨੂੰ ਹਾਲ ਦੀ ਛੱਤ ʼਤੇ ਹੀ ਕਿਉਂ ਨਾ ਚੜ੍ਹਨਾ ਪਵੇ। ਭਰਾ ਉਸ ਸਮੇਂ ਸਿਰਫ਼ 23 ਸਾਲ ਦਾ ਸੀ ਅਤੇ ਉਹ ਸੱਚੀ ਛੱਤ ʼਤੇ ਚੜ੍ਹ ਗਿਆ। ਉਸ ਨੇ ਦੇਖਿਆ ਕਿ ਹਾਲ ਦੇ ਰੌਸ਼ਨਦਾਨ ਖੁੱਲ੍ਹੇ ਹੋਏ ਸਨ। ਉਹ ਰੌਸ਼ਨਦਾਨ ਵਿਚ ਬੈਠ ਗਿਆ ਅਤੇ ਉਸ ਨੇ ਦੇਖਿਆ ਕਿ “ਉੱਥੋਂ ਭਾਸ਼ਣ ਸਾਫ਼-ਸਾਫ਼ ਸੁਣਾਈ ਦੇ ਰਿਹਾ ਸੀ।”

ਭਰਾ ਆਰਥਰ ਛੱਤ ਉੱਤੇ ਇਕੱਲਾ ਨਹੀਂ ਸੀ, ਉਸ ਨਾਲ ਹੋਰ ਵੀ ਕਈ ਭਰਾ ਸਨ। ਉਨ੍ਹਾਂ ਵਿੱਚੋਂ ਇਕ ਸੀ, ਫਰੈਂਕ ਜੌਨਸਨ। ਭਰਾ ਫਰੈਂਕ ਉਸ ਵੱਲ ਭੱਜਦਾ ਹੋਇਆ ਆਇਆ ਤੇ ਉਸ ਨੂੰ ਪੁੱਛਿਆ, “ਕੀ ਤੇਰੇ ਕੋਲ ਚਾਕੂ ਹੈਗਾ?”

ਉਸ ਨੇ ਕਿਹਾ, “ਹਾਂ, ਹੈਗਾ।”

ਭਰਾ ਫਰੈਂਕ ਨੇ ਉਸ ਨੂੰ ਕਿਹਾ: “ਯਹੋਵਾਹ ਨੇ ਸਾਡੀ ਪ੍ਰਾਰਥਨਾ ਸੁਣ ਲਈ ਕਿ ਤੂੰ ਇੱਥੇ ਆ ਗਿਆ। ਕੀ ਤੂੰ ਵੱਡਾ ਸਾਰਾ ਕੱਪੜਾ ਲਪੇਟਿਆ ਹੋਇਆ ਦੇਖ ਰਿਹਾ ਹੈ? ਇਹ ਬੈਨਰ ਆ, ਤੂੰ ਜੱਜ ਦਾ ਭਾਸ਼ਣ ਧਿਆਨ ਨਾਲ ਸੁਣੀ।a ਜਦੋਂ ਜੱਜ ਉੱਚੀ-ਉੱਚੀ ‘ਘੋਸ਼ਣਾ ਕਰੋ, ਘੋਸ਼ਣਾ ਕਰੋ’ ਕਹੇਗਾ, ਤਾਂ ਤੂੰ ਇਨ੍ਹਾਂ ਚਾਰ ਰੱਸੀਆਂ ਨੂੰ ਕੱਟ ਦੇਈ।”

ਆਰਥਰ ਤੇ ਉਸ ਦਾ ਇਕ ਦੋਸਤ ਹੱਥ ਵਿਚ ਚਾਕੂ ਫੜੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਭਰਾ ਰਦਰਫ਼ਰਡ ਕਹਿਣ “ਘੋਸ਼ਣਾ ਕਰੋ, ਘੋਸ਼ਣਾ ਕਰੋ” ਅਤੇ ਉਹ ਬੈਨਰ ਦੀਆਂ ਰੱਸੀਆਂ ਕੱਟ ਦੇਣ। ਅਖ਼ੀਰ ਉਹ ਘੜੀ ਆ ਹੀ ਗਈ ਅਤੇ ਭਰਾ ਰਦਰਫ਼ਰਡ ਵੀ ਪੂਰੇ ਜੋਸ਼ ਵਿਚ ਸਨ। ਭਰਾ ਰਦਰਫ਼ਰਡ ਨੇ ਬਹੁਤ ਉੱਚੀ ਆਵਾਜ਼ ਵਿਚ ਕਿਹਾ: “ਪ੍ਰਭੂ ਦੇ ਵਫ਼ਾਦਾਰ ਰਹੋ ਅਤੇ ਉਸ ਦੇ ਸੱਚੇ ਗਵਾਹ ਬਣੋ। ਜਾਓ ਉਦੋਂ ਤਕ ਲੜਦੇ ਰਹੋ ਜਦੋਂ ਤਕ ਝੂਠੇ ਧਰਮਾਂ ਦਾ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦਾ। ਦੁਨੀਆਂ ਦੇ ਕੋਨੇ-ਕੋਨੇ ਵਿਚ ਰਾਜ ਦਾ ਸੰਦੇਸ਼ ਸੁਣਾਓ। ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਇਹ ਸਮਾਂ ਬਹੁਤ ਅਹਿਮ ਹੈ। ਸਾਡਾ ਰਾਜਾ ਰਾਜ ਕਰ ਰਿਹਾ ਹੈ ਅਤੇ ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ!”

ਆਰਥਰ ਦੱਸਦਾ ਹੈ ਕਿ ਉਸ ਨੇ ਅਤੇ ਹੋਰ ਭਰਾਵਾਂ ਨੇ ਬੈਨਰ ਦੀਆਂ ਰੱਸੀਆਂ ਨੂੰ ਕੱਟ ਦਿੱਤਾ ਤੇ ਬੈਨਰ ਬਹੁਤ ਵਧੀਆਂ ਢੰਗ ਨਾਲ ਖੁੱਲ੍ਹ ਗਿਆ। ਉਸ ਉੱਤੇ ਲਿਖਿਆ ਸੀ, “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ।” ਇਸ ਤੋਂ ਸਾਰੇ ਸਮਝ ਗਏ ਕਿ “ਏ. ਡੀ. ਵੀ.” ਦਾ ਕੀ ਮਤਲਬ ਸੀ। (ADV ਅੰਗ੍ਰੇਜ਼ੀ ਸ਼ਬਦ Advertise ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਘੋਸ਼ਣਾ ਕਰਨੀ।)

ਇਕ ਅਹਿਮ ਕੰਮ

ਸੀਡਰ ਪਾਇੰਟ, ਓਹੀਓ ਵਿਚ ਹੋਏ ਸੰਮੇਲਨ ਕਰਕੇ ਭੈਣਾਂ-ਭਰਾਵਾਂ ਦੀ ਮਦਦ ਹੋਈ ਕਿ ਉਹ ਆਪਣਾ ਧਿਆਨ ਪ੍ਰਚਾਰ ਦੇ ਅਹਿਮ ਕੰਮ ʼਤੇ ਲਾ ਸਕਣ। ਜਿਹੜੇ ਭੈਣ-ਭਰਾ ਇਹ ਕੰਮ ਕਰਨਾ ਚਾਹੁੰਦੇ ਸਨ, ਉਹ ਇਸ ਵਿਚ ਹਿੱਸਾ ਲੈ ਕੇ ਬਹੁਤ ਖ਼ੁਸ਼ ਸਨ। ਇਕ ਭਰਾ ਜੋ ਕੋਲਪੋਰਟਰ (ਜਿਨ੍ਹਾਂ ਨੂੰ ਅੱਜ ਪਾਇਨੀਅਰ ਕਿਹਾ ਜਾਂਦਾ ਹੈ।) ਸੀ ਅਤੇ ਉਹ ਅਮਰੀਕਾ ਦੇ ਓਕਲਾਹੋਮਾ ਤੋਂ ਸੀ। ਉਸ ਨੇ ਚਿੱਠੀ ਵਿਚ ਲਿਖਿਆ: ‘ਅਸੀਂ ਜਿਸ ਇਲਾਕੇ ਵਿਚ ਪ੍ਰਚਾਰ ਕਰਦੇ ਸੀ, ਉੱਥੋਂ ਦੇ ਜ਼ਿਆਦਾਤਰ ਲੋਕ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਸਨ ਅਤੇ ਬਹੁਤ ਗ਼ਰੀਬ ਸਨ। ਕਈ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਗੋਲਡਨ ਏਜ (ਅੱਜ ਜਾਗਰੂਕ ਬਣੋ!) ਰਸਾਲੇ ਵਿਚ ਦਿੱਤਾ ਸੰਦੇਸ਼ ਸੁਣਾਉਂਦੇ ਸੀ, ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਸਨ। ਸਾਨੂੰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਦਿਲਾਸਾ ਦੇ ਕੇ ਬਹੁਤ ਖ਼ੁਸ਼ੀ ਮਿਲਦੀ ਸੀ।’

ਯਿਸੂ ਨੇ ਕਿਹਾ ਸੀ: “ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ।” (ਲੂਕਾ 10:2) ਬਾਈਬਲ ਸਟੂਡੈਂਟਸ ਜਾਣ ਗਏ ਸਨ ਕਿ ਸਮਾਂ ਬਹੁਤ ਘੱਟ ਹੈ ਤੇ ਰਾਜ ਦਾ ਸੰਦੇਸ਼ ਸੁਣਾਉਣਾ ਕਿੰਨਾ ਜ਼ਿਆਦਾ ਅਹਿਮ ਹੈ। ਇਸ ਲਈ ਉਨ੍ਹਾਂ ਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਦੁਨੀਆਂ ਦੇ ਕੋਨੇ-ਕੋਨੇ ਵਿਚ ਪ੍ਰਚਾਰ ਕਰਨਗੇ।

a ਉਸ ਸਮੇਂ ਭਰਾ ਰਦਰਫ਼ਰਡ ਨੂੰ “ਜੱਜ” ਵੀ ਕਿਹਾ ਜਾਂਦਾ ਸੀ ਕਿਉਂਕਿ ਭਰਾ ਉਸ ਸਮੇਂ ਅਮਰੀਕਾ ਦੇ ਮਿਸੂਰੀ ਪ੍ਰਾਂਤ ਦੀ ਇਕ ਅਦਾਲਤ ਵਿਚ ਕਦੇ-ਕਦੇ ਇਕ ਖ਼ਾਸ ਜੱਜ ਦੇ ਤੌਰ ਤੇ ਕੰਮ ਕਰਦਾ ਸੀ।

ਪੂਰੀ ਦੁਨੀਆਂ ਦੇ ਲੋਕਾਂ ਨੂੰ ਗਵਾਹੀ

26 ਫਰਵਰੀ 1922 ਵਿਚ ਬਾਈਬਲ ਸਟੂਡੈਂਟਸ ਨੇ ਪੂਰੀ ਦੁਨੀਆਂ ਵਿਚ ਗਵਾਹੀ ਦੇਣ ਦੇ ਕੰਮ ਵਿਚ ਹਿੱਸਾ ਲਿਆ। ਇਸ ਲਈ ਉਨ੍ਹਾਂ ਨੇ ਪੂਰੀ ਦੁਨੀਆਂ ਵਿਚ ਖ਼ਾਸ ਮੀਟਿੰਗਾਂ ਰੱਖੀਆਂ। ਦਿਲਚਸਪੀ ਰੱਖਣ ਵਾਲੇ ਲੋਕ ਇਨ੍ਹਾਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਇਹ ਭਾਸ਼ਣ ਸੁਣ ਸਕਦੇ ਸਨ, “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।”

ਇਹ ਭਾਸ਼ਣ ਘੱਟੋ-ਘੱਟ 33 ਭਾਸ਼ਾਵਾਂ ਵਿਚ ਦਿੱਤਾ ਗਿਆ। ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਜਿਹੜੇ ਵੀ ਭਰਾ ਪਬਲਿਕ ਭਾਸ਼ਣ ਦੇਣ ਦੇ ਕਾਬਲ ਸਨ, ਉਨ੍ਹਾਂ ਨੇ ਇਹ ਭਾਸ਼ਣ ਦਿੱਤਾ। ਬਾਈਬਲ ਵਿਦਿਆਰਥੀਆਂ ਨੇ ਗ੍ਰੇਟ ਬ੍ਰਿਟੇਨ ਵਿਚ 306 ਮੀਟਿੰਗਾਂ ਰੱਖੀਆਂ ਅਤੇ ਇਨ੍ਹਾਂ ਮੀਟਿੰਗਾਂ ਵਿਚ 67,010 ਲੋਕ ਹਾਜ਼ਰ ਹੋਏ। ਬੈਲਜੀਅਮ, ਫਰਾਂਸ ਅਤੇ ਸਵਿਟਜ਼ਰਲੈਂਡ ਵਿਚ 15,000 ਤੋਂ ਜ਼ਿਆਦਾ ਫਰਾਂਸੀਸੀ ਬੋਲਣ ਵਾਲੇ ਲੋਕ ਹਾਜ਼ਰ ਹੋਏ। ਜਦੋਂ ਬਾਈਬਲ ਸਟੂਡੈਂਟਸ ਨੇ ਦੇਖਿਆ ਕਿ ਇੰਨੇ ਸਾਰੇ ਲੋਕ ਭਾਸ਼ਣ ਸੁਣਨ ਲਈ ਆਏ ਸਨ, ਤਾਂ ਉਨ੍ਹਾਂ ਨੇ ਉਸੇ ਸਾਲ 25 ਜੂਨ, 29 ਅਕਤੂਬਰ ਅਤੇ 10 ਦਸੰਬਰ ਨੂੰ ਹੋਰ ਮੀਟਿੰਗਾਂ ਰੱਖੀਆਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ