ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਅਕਤੂਬਰ ਸਫ਼ੇ 2-5
  • 1920—ਸੌ ਸਾਲ ਪਹਿਲਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1920—ਸੌ ਸਾਲ ਪਹਿਲਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉਨ੍ਹਾਂ ਨੇ ਮਾਅਰਕੇ ਦਾ ਜੋਸ਼ ਦਿਖਾਇਆ
  • ਅਸੀਂ ਆਪਣੇ ਪ੍ਰਕਾਸ਼ਨ ਛਾਪਣੇ ਸ਼ੁਰੂ ਕੀਤੇ
  • “ਆਓ ਅਸੀਂ ਸ਼ਾਂਤੀ ਨਾਲ ਰਹੀਏ”
  • “ZG” ਨੂੰ ਵੰਡਿਆ ਗਿਆ
  • ਯੂਰਪ ਵਿਚ ਦੁਬਾਰਾ ਪ੍ਰਚਾਰ ਦੇ ਕੰਮ ਦਾ ਪ੍ਰਬੰਧ ਕੀਤਾ ਗਿਆ
  • ਅਨਿਆਂ ਦਾ ਪਰਦਾਫ਼ਾਸ਼ ਕੀਤਾ
  • 1919​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • 1918—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • 1922​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • 1923​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਅਕਤੂਬਰ ਸਫ਼ੇ 2-5
ਜੋਸਫ਼ ਐੱਫ਼.  ਰਦਰਫ਼ਰਡ ਅਤੇ ਹੋਰ ਭਰਾ ਰੇਲ-ਗੱਡੀ ਕੋਲ ਖੜ੍ਹੇ ਹੋਏ

ਭਰਾ ਜੋਸਫ਼ ਐੱਫ਼. ਰਦਰਫ਼ਰਡ ਅਤੇ ਦੂਸਰੇ ਭਰਾ ਯੂਰਪ ਵਿਚ ਦੌਰੇ ਦੌਰਾਨ

1920—ਸੌ ਸਾਲ ਪਹਿਲਾਂ

1920 ਦੇ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਯਹੋਵਾਹ ਦੇ ਲੋਕਾਂ ਵਿਚ ਕੰਮ ਕਰਨ ਦਾ ਜੋਸ਼ ਫਿਰ ਤੋਂ ਭਰ ਆਇਆ। ਉਨ੍ਹਾਂ ਨੇ ਸਾਲ 1920 ਲਈ ਬਾਈਬਲ ਦਾ ਇਹ ਹਵਾਲਾ ਚੁਣਿਆ “ਪ੍ਰਭੂ ਮੇਰੀ ਸ਼ਕਤੀ ਅਤੇ ਮਹਿਮਾ ਹੈ।”—ਜ਼ਬੂ. 118:14, CL.

ਯਹੋਵਾਹ ਨੇ ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੂੰ ਤਕੜਾ ਕੀਤਾ। ਉਸ ਸਾਲ ਦੌਰਾਨ ਕੋਲਪੋਰਟਰਾਂ ਯਾਨੀ ਪਾਇਨੀਅਰਾਂ ਦੀ ਗਿਣਤੀ 225 ਤੋਂ ਵੱਧ ਕੇ 350 ਹੋ ਗਈ। ਨਾਲੇ ਉਸ ਸਾਲ ਪਹਿਲੀ ਵਾਰ 8,000 ਤੋਂ ਵੀ ਜ਼ਿਆਦਾ ਪ੍ਰਚਾਰਕਾਂ ਨੇ ਆਪਣੀ ਪ੍ਰਚਾਰ ਦੀ ਰਿਪੋਰਟ ਮੁੱਖ ਦਫ਼ਤਰ ਭੇਜੀ। ਯਹੋਵਾਹ ਨੇ ਉਨ੍ਹਾਂ ਦੀ ਮਿਹਨਤ ʼਤੇ ਬਰਕਤ ਪਾਈ।

ਉਨ੍ਹਾਂ ਨੇ ਮਾਅਰਕੇ ਦਾ ਜੋਸ਼ ਦਿਖਾਇਆ

ਉਸ ਸਮੇਂ ਭਰਾ ਜੋਸਫ਼ ਐੱਫ਼. ਰਦਰਫ਼ਰਡ ਬਾਈਬਲ ਸਟੂਡੈਂਟਸ ਦੇ ਕੰਮ ਦੀ ਅਗਵਾਈ ਕਰ ਰਿਹਾ ਸੀ। ਉਸ ਨੇ 21 ਮਾਰਚ 1920 ਨੂੰ ਇਹ ਭਾਸ਼ਣ ਦਿੱਤਾ: “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਬਾਈਬਲ ਵਿਦਿਆਰਥੀਆਂ ਨੇ ਲੋਕਾਂ ਨੂੰ ਇਸ ਸਭਾ ʼਤੇ ਆਉਣ ਦਾ ਸੱਦਾ ਦੇਣ ਲਈ ਦਿਨ-ਰਾਤ ਇਕ ਕਰ ਦਿੱਤਾ। ਉਨ੍ਹਾਂ ਨੇ ਨਿਊਯਾਰਕ ਸਿਟੀ ਵਿਚ ਇਕ ਬਹੁਤ ਵੱਡਾ ਥੀਏਟਰ ਕਿਰਾਏ ʼਤੇ ਲਿਆ ਅਤੇ ਤਕਰੀਬਨ 3,20,000 ਸੱਦਾ-ਪੱਤਰ ਵੰਡੇ।

ਅਖ਼ਬਾਰ ਵਿਚ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ” ਨਾਂ ਦੇ ਭਾਸ਼ਣ ਦਾ ਇਸ਼ਤਿਹਾਰ

ਲੋਕਾਂ ਨੇ ਇਸ ਸੱਦੇ ਪ੍ਰਤੀ ਇੰਨਾ ਵਧੀਆ ਹੁੰਗਾਰਾ ਭਰਿਆ ਜਿਸ ਦੀ ਬਾਈਬਲ ਸਟੂਡੈਂਟਸ ਨੇ ਕਦੇ ਉਮੀਦ ਹੀ ਨਹੀਂ ਕੀਤੀ ਸੀ। ਇਸ ਥੀਏਟਰ ਵਿਚ ਸਿਰਫ਼ 5,000 ਲੋਕ ਹੀ ਬੈਠ ਸਕਦੇ ਸਨ ਜਿਸ ਕਰਕੇ ਲਗਭਗ 7,000 ਲੋਕਾਂ ਨੂੰ ਵਾਪਸ ਮੋੜਨਾ ਪਿਆ। ਪਹਿਰਾਬੁਰਜ ਨੇ ਇਸ ਨੂੰ “ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਦੀ ਇਕ ਹੋਰ ਸਭ ਤੋਂ ਵਧੀਆ ਸਭਾ” ਕਿਹਾ।

ਬਾਈਬਲ ਸਟੂਡੈਂਟਸ ਇਸ ਸੰਦੇਸ਼ ਦਾ ਐਲਾਨ ਕਰਨ ਵਾਲਿਆਂ ਵਜੋਂ ਜਾਣੇ-ਜਾਣ ਲੱਗ ਪਏ ਕਿ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਹਾਲੇ ਉਨ੍ਹਾਂ ਨੇ ਬਹੁਤ ਸਾਰੀਆਂ ਥਾਵਾਂ ʼਤੇ ਰਾਜ ਦੇ ਸੰਦੇਸ਼ ਦਾ ਐਲਾਨ ਕਰਨਾ ਸੀ। ਪਰ ਉਨ੍ਹਾਂ ਵਿਚ ਮਾਅਰਕੇ ਦਾ ਜੋਸ਼ ਸੀ। ਆਈਡਾ ਓਮਸਟੈੱਡ ਨੇ 1902 ਵਿਚ ਸਭਾਵਾਂ ʼਤੇ ਜਾਣਾ ਸ਼ੁਰੂ ਕੀਤਾ ਸੀ, ਉਸ ਨੇ ਕਿਹਾ, “ਅਸੀਂ ਜਾਣਦੇ ਸੀ ਕਿ ਭਵਿੱਖ ਵਿਚ ਮਨੁੱਖਜਾਤੀ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣੀਆਂ ਸਨ ਅਤੇ ਅਸੀਂ ਸੇਵਕਾਈ ਦੌਰਾਨ ਸਾਰਿਆਂ ਨੂੰ ਇਹ ਖ਼ੁਸ਼ ਖ਼ਬਰੀ ਦੱਸਣ ਵਿਚ ਕਦੇ ਢਿੱਲ ਨਹੀਂ ਕੀਤੀ।”

ਅਸੀਂ ਆਪਣੇ ਪ੍ਰਕਾਸ਼ਨ ਛਾਪਣੇ ਸ਼ੁਰੂ ਕੀਤੇ

ਬੈਥਲ ਦੇ ਭਰਾਵਾਂ ਨੇ ਕੁਝ ਪ੍ਰਕਾਸ਼ਨ ਆਪ ਛਾਪਣੇ ਸ਼ੁਰੂ ਕਰ ਦਿੱਤੇ ਤਾਂਕਿ ਸਾਰਿਆਂ ਨੂੰ ਸੱਚਾਈ ਦਾ ਗਿਆਨ ਮਿਲਦਾ ਰਹੇ। ਉਨ੍ਹਾਂ ਨੇ ਕੁਝ ਮਸ਼ੀਨਾਂ ਖ਼ਰੀਦੀਆਂ ਅਤੇ ਇਨ੍ਹਾਂ ਨੂੰ ਕਿਰਾਏ ʼਤੇ ਲਈ ਇਮਾਰਤ ਵਿਚ ਲਾ ਦਿੱਤਾ। ਇਹ ਇਮਾਰਤ 35 ਮਰਟਲ ਐਵਨਿਊ, ਬਰੁਕਲਿਨ ਵਿਚ ਸੀ ਜੋ ਬੈਥਲ ਤੋਂ ਥੋੜ੍ਹੀ ਹੀ ਦੂਰ ਸੀ।

ਭਰਾ ਲੀਓ ਪੈੱਲ ਅਤੇ ਵਾਲਟਰ ਕੈੱਸਲਰ ਨੇ ਜਨਵਰੀ 1920 ਵਿਚ ਬੈਥਲ ਸੇਵਾ ਸ਼ੁਰੂ ਕੀਤੀ। ਵਾਲਟਰ ਕਹਿੰਦਾ ਹੈ, “ਜਦੋਂ ਅਸੀਂ ਬੈਥਲ ਪਹੁੰਚੇ, ਤਾਂ ਛਪਾਈ ਵਿਭਾਗ ਦੇ ਨਿਗਰਾਨ ਨੇ ਸਾਡੇ ਵੱਲ ਦੇਖ ਕੇ ਕਿਹਾ, ‘ਖਾਣਾ ਸ਼ੁਰੂ ਹੋਣ ਵਿਚ ਅਜੇ ਡੇਢ ਘੰਟਾ ਬਾਕੀ ਹੈ।’ ਅਤੇ ਸਾਨੂੰ ਬੇਸਮੈਂਟ ਤੋਂ ਕਿਤਾਬਾਂ ਨਾਲ ਭਰੇ ਡੱਬੇ ਉਤਾਹਾਂ ਲਿਆਉਣ ਲਈ ਕਿਹਾ।”

ਲੀਓ ਨੇ ਦੱਸਿਆ ਕਿ ਅਗਲੇ ਦਿਨ ਕੀ ਹੋਇਆ: “ਸਾਨੂੰ 35 ਮਰਟਲ ਐਵਨਿਊ ਦੀ ਪਹਿਲੀ ਮੰਜ਼ਲ ਦੀਆਂ ਕੰਧਾਂ ਧੋਣ ਦਾ ਕੰਮ ਦਿੱਤਾ ਗਿਆ। ਇਹ ਮੇਰੇ ਲਈ ਹੁਣ ਤਕ ਦਾ ਸਭ ਤੋਂ ਗੰਦਾ ਕੰਮ ਸੀ। ਪਰ ਮੈਂ ਇਹ ਕੰਮ ਯਹੋਵਾਹ ਲਈ ਕਰ ਰਿਹਾ ਸੀ, ਇਸ ਕਰਕੇ ਮੈਂ ਖ਼ੁਸ਼ ਸੀ।”

ਦੋ ਭਰਾ ਇਕ ਮਸ਼ੀਨ ਚਲਾਉਂਦੇ ਹੋਏ

ਮਸ਼ੀਨ ਜਿਸ ਨਾਲ ਪਹਿਰਾਬੁਰਜ ਦੀ ਛਪਾਈ ਕੀਤੀ ਗਈ ਸੀ

ਕੁਝ ਹਫ਼ਤਿਆਂ ਦੇ ਅੰਦਰ ਹੀ ਜੋਸ਼ੀਲੇ ਵਲੰਟੀਅਰ ਪਹਿਰਾਬੁਰਜ ਦੀ ਛਪਾਈ ਕਰ ਰਹੇ ਸਨ। ਦੂਜੀ ਮੰਜ਼ਲ ʼਤੇ ਪਈ ਛਪਾਈ ਦੀ ਮਸ਼ੀਨ ਰਾਹੀਂ 1 ਫਰਵਰੀ 1920 ਦੇ ਪਹਿਰਾਬੁਰਜ ਅੰਕ ਦੀਆਂ 60 ਹਜ਼ਾਰ ਕਾਪੀਆਂ ਛਾਪੀਆਂ ਗਈਆਂ। ਇਸ ਸਮੇਂ ਦੌਰਾਨ, ਭਰਾਵਾਂ ਨੇ ਬੇਸਮੈਂਟ ਵਿਚ ਵੀ ਇਕ ਮਸ਼ੀਨ ਲਾਈ ਜਿਸ ਨੂੰ ਉਹ “ਬੈਟਲਸ਼ਿਪ” ਕਹਿੰਦੇ ਸਨ। 14 ਅਪ੍ਰੈਲ 1920 ਦੇ ਅੰਕ ਤੋਂ ਗੋਲਡਨ ਏਜ ਦੀ ਛਪਾਈ ਵੀ ਸ਼ੁਰੂ ਹੋ ਗਈ। ਬਿਨਾਂ ਸ਼ੱਕ, ਯਹੋਵਾਹ ਨੇ ਇਨ੍ਹਾਂ ਖ਼ੁਸ਼ਦਿਲ ਕਾਮਿਆਂ ਦੀ ਮਿਹਨਤ ʼਤੇ ਬਰਕਤ ਪਾਈ।

“ਮੈਂ ਇਹ ਕੰਮ ਯਹੋਵਾਹ ਲਈ ਕਰ ਰਿਹਾ ਸੀ, ਇਸ ਕਰਕੇ ਮੈਂ ਖ਼ੁਸ਼ ਸੀ”

“ਆਓ ਅਸੀਂ ਸ਼ਾਂਤੀ ਨਾਲ ਰਹੀਏ”

ਯਹੋਵਾਹ ਦੇ ਵਫ਼ਾਦਾਰ ਲੋਕ ਹੁਣ ਨਵੇਂ ਸਿਰਿਓਂ ਆਪਣੀ ਸੇਵਕਾਈ ਅਤੇ ਮਸੀਹੀ ਸੰਗਤ ਦਾ ਆਨੰਦ ਮਾਣ ਰਹੇ ਸਨ। ਪਰ ਕੁਝ ਬਾਈਬਲ ਸਟੂਡੈਂਟਸ 1917 ਤੋਂ 1919 ਦੌਰਾਨ ਆਈਆਂ ਮੁਸ਼ਕਲ ਘੜੀਆਂ ਕਰਕੇ ਸੰਗਠਨ ਨੂੰ ਛੱਡ ਗਏ ਸਨ। ਉਨ੍ਹਾਂ ਦੀ ਮਦਦ ਕਰਨ ਲਈ ਕੀ ਕੀਤਾ ਜਾ ਸਕਦਾ ਸੀ?

1 ਅਪ੍ਰੈਲ 1920 ਦੇ ਪਹਿਰਾਬੁਰਜ ਵਿਚ ਇਕ ਲੇਖ ਦਾ ਵਿਸ਼ਾ ਸੀ “ਆਓ ਅਸੀਂ ਸ਼ਾਂਤੀ ਨਾਲ ਰਹੀਏ।” ਇਸ ਵਿਚ ਇਹ ਪਿਆਰ ਭਰੇ ਸ਼ਬਦ ਲਿਖੇ ਸਨ: “ਸਾਨੂੰ ਪੂਰਾ ਭਰੋਸਾ ਹੈ ਕਿ . . . ਜੋ ਯਹੋਵਾਹ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਨ . . . ਉਹ ਆਪਣੀਆਂ ਪਿਛਲੀਆਂ ਗ਼ਲਤੀਆਂ ਨੂੰ ਭੁੱਲ ਕੇ . . . ਏਕਤਾ ਵਿਚ ਬੱਝੇ ਰਹਿਣ ਲਈ ਤਿਆਰ ਹੋਣਗੇ।”

ਬਹੁਤਿਆਂ ਨੇ ਇਨ੍ਹਾਂ ਸ਼ਬਦਾਂ ਪ੍ਰਤੀ ਹੁੰਗਾਰਾ ਭਰਿਆ। ਇਕ ਵਿਆਹੇ ਜੋੜੇ ਨੇ ਲਿਖਿਆ: “ਸਾਨੂੰ ਅਹਿਸਾਸ ਹੈ ਕਿ ਇਕ ਤੋਂ ਜ਼ਿਆਦਾ ਸਾਲ ਪ੍ਰਚਾਰ ਵਿਚ ਕੋਈ ਹਿੱਸਾ ਨਾ ਲੈ ਕੇ ਅਸੀਂ ਗ਼ਲਤੀ ਕੀਤੀ ਜਦ ਕਿ ਦੂਜੇ ਪ੍ਰਚਾਰ ਕਰਨ ਵਿਚ ਲੱਗੇ ਹੋਏ ਸਨ। . . . ਅਸੀਂ ਇਸ ਤਰ੍ਹਾਂ ਦੀ ਗ਼ਲਤੀ ਫਿਰ ਨਹੀਂ ਕਰਾਂਗੇ।” ਇਨ੍ਹਾਂ ਕਾਮਿਆਂ ਕੋਲ ਅੱਗੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਸੀ।

“ZG” ਨੂੰ ਵੰਡਿਆ ਗਿਆ

21 ਜੂਨ 1920 ਨੂੰ ਬਾਈਬਲ ਸਟੂਡੈਂਟਸ ਨੇ “ZG” ਨੂੰ ਵੰਡਣ ਲਈ ਇਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ। “ZG” ਇਕ ਰਸਾਲਾ ਸੀ ਜੋ ਕਿ ਭੇਦ ਪ੍ਰਗਟ ਹੋਇਆ (ਅੰਗ੍ਰੇਜ਼ੀ) ਕਿਤਾਬ ਦਾ ਹੀ ਐਡੀਸ਼ਨ ਸੀ।a ਜਦੋਂ 1918 ਵਿਚ ਇਸ ਕਿਤਾਬ ʼਤੇ ਪਾਬੰਦੀ ਲਾ ਦਿੱਤੀ ਗਈ ਸੀ, ਤਾਂ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਨੂੰ ਲੁਕੋ ਕੇ ਰੱਖ ਦਿੱਤਾ ਗਿਆ ਸੀ।

ਸਿਰਫ਼ ਕੋਲਪੋਰਟਰਾਂ ਯਾਨੀ ਪਾਇਨੀਅਰਾਂ ਨੂੰ ਹੀ ਨਹੀਂ, ਸਗੋਂ ਸਾਰੇ ਪ੍ਰਚਾਰਕਾਂ ਨੂੰ ਇਸ ਮੁਹਿੰਮ ਵਿਚ ਹਿੱਸਾ ਲੈਣ ਲਈ ਕਿਹਾ ਗਿਆ ਸੀ। “ਜੋ ਬਪਤਿਸਮਾ-ਪ੍ਰਾਪਤ ਵਿਅਕਤੀ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਨ, ਉਨ੍ਹਾਂ ਨੂੰ ਖ਼ੁਸ਼ੀ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਹੁਣ ਸਾਰਿਆਂ ਦਾ ਇਹ ਟੀਚਾ ਹੋਣਾ ਚਾਹੀਦਾ ਹੈ: ‘ਮੈਂ ਇਹ ਕਰਾਂਗਾ’ ZG ਵੰਡਾਂਗਾ।” ਐਡਮੰਡ ਹੂਪਰ ਦੱਸਦਾ ਹੈ ਕਿ ਇਹ ਮੁਹਿੰਮ ਬਹੁਤਿਆਂ ਲਈ ਘਰ-ਘਰ ਪ੍ਰਚਾਰ ਕਰਨ ਦਾ ਪਹਿਲਾ ਮੌਕਾ ਸੀ। ਉਹ ਅੱਗੇ ਕਹਿੰਦਾ ਹੈ, “ਸਾਨੂੰ ਹੁਣ ਅਹਿਸਾਸ ਹੋਇਆ ਕਿ ਇਸ ਕੰਮ ਵਿਚ ਹੁਣ ਬਹੁਤ ਵਾਧਾ ਹੋਣ ਵਾਲਾ ਸੀ।”

ਯੂਰਪ ਵਿਚ ਦੁਬਾਰਾ ਪ੍ਰਚਾਰ ਦੇ ਕੰਮ ਦਾ ਪ੍ਰਬੰਧ ਕੀਤਾ ਗਿਆ

ਪਹਿਲੇ ਵਿਸ਼ਵ ਯੁੱਧ ਦੌਰਾਨ ਦੂਜੇ ਦੇਸ਼ਾਂ ਵਿਚ ਰਹਿੰਦੇ ਬਾਈਬਲ ਸਟੂਡੈਂਟਸ ਨਾਲ ਗੱਲਬਾਤ ਕਰਨੀ ਮੁਸ਼ਕਲ ਸੀ। ਇਸ ਲਈ ਭਰਾ ਰਦਰਫ਼ਰਡ ਉੱਥੋਂ ਦੇ ਭਰਾਵਾਂ ਨੂੰ ਹੌਸਲਾ ਦੇਣਾ ਅਤੇ ਫਿਰ ਤੋਂ ਪ੍ਰਚਾਰ ਕੰਮ ਦਾ ਪ੍ਰਬੰਧ ਕਰਨਾ ਚਾਹੁੰਦਾ ਸੀ। ਸੋ 12 ਅਗਸਤ 1920 ਨੂੰ ਉਹ ਅਤੇ ਚਾਰ ਹੋਰ ਭਰਾ ਬਰਤਾਨੀਆ, ਯੂਰਪ ਅਤੇ ਮੱਧ ਪੂਰਬ ਲਈ ਰਵਾਨਾ ਹੋ ਗਏ।

ਜੋਸਫ਼ ਐੱਫ਼. ਰਦਰਫ਼ਰਡ ਅਤੇ ਹੋਰ ਭਰਾ ਊਠ ’ਤੇ ਸਵਾਰ ਹੋਏ

ਭਰਾ ਰਦਰਫ਼ਰਡ ਮਿਸਰ ਵਿਚ

ਜਦੋਂ ਭਰਾ ਰਦਰਫ਼ਰਡ ਨੇ ਬਰਤਾਨੀਆ ਦਾ ਦੌਰਾ ਕੀਤਾ, ਤਾਂ ਬਾਈਬਲ ਸਟੂਡੈਂਟਸ ਨੇ ਤਿੰਨ ਵੱਡੇ ਸੰਮੇਲਨਾਂ ਅਤੇ 12 ਸਭਾਵਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਸਾਰੀਆਂ ਸਭਾਵਾਂ ʼਤੇ ਤਕਰੀਬਨ 50,000 ਲੋਕ ਹਾਜ਼ਰ ਹੋਏ। ਇਸ ਦੌਰੇ ਦਾ ਨਿਚੋੜ ਕੱਢਦੇ ਹੋਏ ਪਹਿਰਾਬੁਰਜ ਨੇ ਕਿਹਾ: “ਸਾਰਿਆਂ ਨੂੰ ਬਹੁਤ ਹੌਸਲਾ ਮਿਲਿਆ। ਉਨ੍ਹਾਂ ਨੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਿਆ ਤੇ ਰਲ਼ ਕੇ ਕੰਮ ਕੀਤਾ ਅਤੇ ਉਸ ਸਮੇਂ ਬਹੁਤ ਸਾਰੇ ਦੁਖੀ ਦਿਲਾਂ ਨੂੰ ਦਿਲਾਸਾ ਮਿਲਿਆ।” ਪੈਰਿਸ ਵਿਚ ਭਰਾ ਰਦਰਫ਼ਰਡ ਨੇ ਫਿਰ ਤੋਂ ਇਸ ਵਿਸ਼ੇ ʼਤੇ ਗੱਲ ਕੀਤੀ: “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਜਦੋਂ ਭਾਸ਼ਣ ਸ਼ੁਰੂ ਹੋਇਆ, ਤਾਂ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਹਾਜ਼ਰ ਹੋਏ ਲੋਕਾਂ ਵਿੱਚੋਂ ਤਿੰਨ ਸੌ ਲੋਕੀਂ ਹੋਰ ਜਾਣਨਾ ਚਾਹੁੰਦੇ ਸਨ।

ਇਕ ਪੋਸਟਰ ਵਿਚ “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ” ਨਾਂ ਦੇ ਭਾਸ਼ਣ ਦਾ ਇਸ਼ਤਿਹਾਰ

ਲੰਡਨ ਦੇ ਰੋਏਲ ਆਲਬ੍ਰਟ ਹਾਲ ਵਿਚ ਹੋਏ ਭਾਸ਼ਣ ਦਾ ਇਸ਼ਤਿਹਾਰ

ਫਿਰ ਕੁਝ ਭਰਾ ਅਗਲੇ ਕੁਝ ਹਫ਼ਤਿਆਂ ਦੌਰਾਨ ਐਥਿਨਜ਼, ਕਾਹਿਰਾ ਅਤੇ ਯਰੂਸ਼ਲਮ ਗਏ। ਇਨ੍ਹਾਂ ਥਾਵਾਂ ʼਤੇ ਸੱਚਾਈ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਹੋਰ ਮਦਦ ਕਰਨ ਲਈ ਭਰਾ ਰਦਰਫ਼ਰਡ ਨੇ ਯਰੂਸ਼ਲਮ ਨੇੜੇ ਰਮੱਲਾ ਨਾਂ ਦੇ ਕਸਬੇ ਵਿਚ ਪ੍ਰਕਾਸ਼ਨਾਂ ਦੇ ਡਿਪੂ ਦਾ ਪ੍ਰਬੰਧ ਕੀਤਾ। ਫਿਰ ਉਹ ਯੂਰਪ ਵਾਪਸ ਚਲਾ ਗਿਆ। ਉਸ ਨੇ ਮੱਧ ਯੂਰਪ ਵਿਚ ਆਫ਼ਿਸ ਸਥਾਪਿਤ ਕੀਤਾ ਅਤੇ ਪ੍ਰਕਾਸ਼ਨ ਛਾਪਣ ਦਾ ਪ੍ਰਬੰਧ ਵੀ ਕੀਤਾ।

ਅਨਿਆਂ ਦਾ ਪਰਦਾਫ਼ਾਸ਼ ਕੀਤਾ

ਸਾਲ 1920 ਦੀ ਪਤਝੜ ਵਿਚ ਬਾਈਬਲ ਸਟੂਡੈਂਟਸ ਨੇ ਦ ਗੋਲਡਨ ਏਜ ਨੰ. 27 ਰੀਲੀਜ਼ ਕੀਤਾ। ਇਹ ਇਕ ਖ਼ਾਸ ਅੰਕ ਸੀ ਜਿਸ ਵਿਚ 1918 ਵਿਚ ਬਾਈਬਲ ਸਟੂਡੈਂਟਸ ʼਤੇ ਹੋਏ ਅਤਿਆਚਾਰ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। ਬੈਟਲਸ਼ਿਪ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦਿਨ-ਰਾਤ ਚੱਲਦੀ ਰਹੀ ਅਤੇ ਇਸ ʼਤੇ ਦ ਗੋਲਡਨ ਏਜ ਰਸਾਲੇ ਦੀਆਂ ਚਾਲੀ ਲੱਖ ਕਾਪੀਆਂ ਛਾਪੀਆਂ ਗਈਆਂ।

ਪੁਲਿਸ ਵੱਲੋਂ ਖਿੱਚੀ ਗਈ ਐਮਾ ਮਾਰਟਿਨ ਦੀ ਤਸਵੀਰ

ਇਸ ਰਸਾਲੇ ਨੂੰ ਪੜ੍ਹਨ ਵਾਲਿਆਂ ਨੇ ਐਮਾ ਮਾਰਟਿਨ ਦੇ ਅਨੋਖੇ ਮੁਕੱਦਮੇ ਬਾਰੇ ਜਾਣਿਆ। ਭੈਣ ਮਾਰਟਿਨ ਕੈਲੇਫ਼ੋਰਨੀਆ ਦੇ ਸੈਨ ਬਰਨਾਰਡੀਨੋ ਨਾਂ ਦੇ ਸ਼ਹਿਰ ਵਿਚ ਇਕ ਕੋਲਪੋਰਟਰ ਸੀ। 17 ਮਾਰਚ 1918 ਨੂੰ ਉਹ ਤੇ ਈ. ਹੈਮ, ਈ. ਜੇ. ਸੋਨਨਬਰਗ ਅਤੇ ਈ. ਏ. ਸਟੀਵਨਸ ਨਾਂ ਦੇ ਤਿੰਨ ਭਰਾ ਬਾਈਬਲ ਸਟੂਡੈਂਟਸ ਦੀ ਇਕ ਸਭਾ ʼਤੇ ਗਏ।

ਇਕ ਆਦਮੀ ਉੱਥੇ ਬਾਈਬਲ ਬਾਰੇ ਸਿੱਖਣ ਲਈ ਨਹੀਂ ਆਇਆ ਸੀ। ਉਸ ਨੇ ਬਾਅਦ ਵਿਚ ਦੱਸਿਆ, “ਮੈਂ ਇਸ ਸਭਾ ʼਤੇ . . . ਵਿਰੋਧੀ ਧਿਰ ਦੇ ਵਕੀਲ ਦੇ ਕਹਿਣ ʼਤੇ ਗਿਆ ਸੀ। ਮੈਂ ਉੱਥੇ ਸਬੂਤ ਭਾਲਣ ਗਿਆ ਸੀ।” ਉਸ ਨੂੰ ਉਹ “ਸਬੂਤ” ਮਿਲ ਗਿਆ ਜਿਸ ਦੀ ਉਹ ਭਾਲ ਵਿਚ ਸੀ ਯਾਨੀ ਭੇਦ ਪ੍ਰਗਟ ਹੋਇਆ (ਅੰਗ੍ਰੇਜ਼ੀ) ਕਿਤਾਬ ਦੀ ਇਕ ਕਾਪੀ। ਕੁਝ ਦਿਨਾਂ ਬਾਅਦ ਭੈਣ ਮਾਰਟਿਨ ਅਤੇ ਉਨ੍ਹਾਂ ਤਿੰਨ ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ʼਤੇ ਐੱਸਪੋਇਨੇਜ਼ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਕਿਉਂਕਿ ਉਨ੍ਹਾਂ ਨੇ ਉਸ ਕਿਤਾਬ ਦੀਆਂ ਕਾਪੀਆਂ ਵੰਡੀਆਂ ਸਨ ਜਿਸ ʼਤੇ ਪਾਬੰਦੀ ਲੱਗੀ ਹੋਈ ਸੀ।

ਐਮਾ ਅਤੇ ਉਨ੍ਹਾਂ ਤਿੰਨ ਭਰਾਵਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। 17 ਮਈ 1920 ਨੂੰ ਉਨ੍ਹਾਂ ਲਈ ਅਪੀਲ ਕਰਨ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਜਲਦੀ ਹਾਲਾਤ ਠੀਕ ਹੋ ਗਏ।

20 ਜੂਨ 1920 ਨੂੰ ਭਰਾ ਰਦਰਫ਼ਰਡ ਨੇ ਅਮਰੀਕਾ ਵਿਚ ਹੋਏ ਇਕ ਵੱਡੇ ਸੰਮੇਲਨ ʼਤੇ ਉਨ੍ਹਾਂ ਦਾ ਤਜਰਬਾ ਦੱਸਿਆ। ਇਨ੍ਹਾਂ ਮਸੀਹੀਆਂ ਨਾਲ ਹੋਏ ਵਰਤਾਅ ਬਾਰੇ ਸੁਣ ਕੇ ਹਾਜ਼ਰੀਨ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਕ ਚਿੱਠੀ ਭੇਜੀ। ਉਨ੍ਹਾਂ ਨੇ ਲਿਖਿਆ: “ਅਸੀਂ . . . ਐੱਸਪੋਇਨੇਜ਼ ਕਾਨੂੰਨ ਅਧੀਨ . . . ਐਮਾ ਮਾਰਟਿਨ ਦੀ ਸਜ਼ਾ . . . ਨੂੰ ਅਨਿਆਂ ਸਮਝਦੇ ਹਾਂ। ਫੈਡਰਲ ਅਫ਼ਸਰਾਂ ਨੇ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰ ਕੇ . . . ਐਮਾ ਮਾਰਟਿਨ . . . ਨੂੰ ਝੂਠੇ ਕੇਸ . . . ਵਿਚ ਫਸਾ ਕੇ ਜੇਲ੍ਹ ਭੇਜਿਆ। ਇਹ ਸਰਾਸਰ . . . ਜ਼ੁਲਮ ਹੈ।”

ਅਗਲੇ ਦਿਨ ਰਾਸ਼ਟਰਪਤੀ ਵੁੱਡਰੋਅ ਵਿਲਸਨ ਨੇ ਇਕਦਮ ਭੈਣ ਮਾਰਟਿਨ ਅਤੇ ਭਰਾ ਹੈਮ, ਸੋਨਨਬਰਗ ਅਤੇ ਸਟੀਵਨਸ ਦੀ ਸਜ਼ਾ ਮਾਫ਼ ਕਰ ਦਿੱਤੀ। ਉਨ੍ਹਾਂ ਨੂੰ ਹੁਣ ਕੈਦ ਵਿਚ ਰਹਿਣ ਦੀ ਕੋਈ ਲੋੜ ਨਹੀਂ ਸੀ।

ਜਿੱਦਾਂ-ਜਿੱਦਾਂ ਸਾਲ 1920 ਖ਼ਤਮ ਹੁੰਦਾ ਗਿਆ, ਬਾਈਬਲ ਸਟੂਡੈਂਟਸ ਕੋਲ ਖ਼ੁਸ਼ ਹੋਣ ਦੇ ਕਈ ਕਾਰਨ ਸਨ। ਸਾਡੇ ਮੁੱਖ ਦਫ਼ਤਰ ਵਿਚ ਕੰਮ ਵਧਦਾ ਗਿਆ। ਸੱਚੇ ਮਸੀਹੀਆਂ ਨੇ ਪਹਿਲਾਂ ਨਾਲੋਂ ਕਿਤੇ ਵੱਧ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਦੱਸਿਆ ਕਿ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਇਹੀ ਇੱਕੋ-ਇਕ ਹੱਲ ਹੈ। (ਮੱਤੀ 24:14) 1921 ਵਿਚ ਰਾਜ ਦੀਆਂ ਸੱਚਾਈਆਂ ਦਾ ਹੋਰ ਵੀ ਐਲਾਨ ਕੀਤਾ ਗਿਆ।

a ਭੇਦ ਪ੍ਰਗਟ ਹੋਇਆ ਨਾਂ ਦੀ ਕਿਤਾਬ ਸ਼ਾਸਤਰ ਦਾ ਅਧਿਐਨ ਦਾ ਸੱਤਵਾਂ ਖੰਡ ਸੀ। “ZG” ਇਕ ਰਸਾਲਾ ਸੀ ਜੋ 1 ਮਾਰਚ 1918 ਦੇ ਪਹਿਰਾਬੁਰਜ ਦੇ ਅੰਕ ਦੀ ਜਗ੍ਹਾ ਛਾਪਿਆ ਗਿਆ ਸੀ। “Z” ਦਾ ਮਤਲਬ ਸੀ, ਜ਼ਾਇਨਸ ਵਾਚ ਟਾਵਰ (Zion’s Watch Tower) ਅਤੇ “G” ਅੰਗ੍ਰੇਜ਼ੀ ਦੀ ਵਰਣਮਾਲਾ ਦਾ ਸੱਤਵਾਂ ਅੱਖਰ ਹੈ ਜੋ ਸੱਤਵੇਂ ਖੰਡ ਵੱਲ ਸੰਕੇਤ ਕਰਦਾ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ