ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਅਕਤੂਬਰ ਸਫ਼ੇ 3-5
  • 1918—ਸੌ ਸਾਲ ਪਹਿਲਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1918—ਸੌ ਸਾਲ ਪਹਿਲਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਾਂਤੀ ਦੀਆਂ ਗੱਲਾਂ
  • ਵਿਰੋਧੀਆਂ ਦੀ ਹਾਰ
  • ਪ੍ਰਗਟ ਹੋਇਆ ਭੇਦ ਕਿਤਾਬ ਪ੍ਰਤੀ ਹੁੰਗਾਰਾ
  • ਕੈਦ!
  • ਪ੍ਰਚਾਰ ਦਾ ਕੰਮ ਹੁੰਦਾ ਰਿਹਾ
  • ਵੱਡੇ ਸੰਮੇਲਨ
  • ਅੱਗੇ ਕੀ ਹੋਇਆ?
  • ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • 1920—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • 1919​—ਸੌ ਸਾਲ ਪਹਿਲਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਅਕਤੂਬਰ ਸਫ਼ੇ 3-5
ਅਖ਼ਬਾਰਾਂ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਸਟੂਡੈਂਟਸ ਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ

1918 ਸੌ ਸਾਲ ਪਹਿਲਾਂ

1 ਜਨਵਰੀ 1918 ਦੇ ਪਹਿਰਾਬੁਰਜ ਦੇ ਸ਼ੁਰੂ ਵਿਚ ਇਹ ਸ਼ਬਦ ਲਿਖੇ ਹੋਏ ਸਨ: “ਸਾਲ 1918 ਵਿਚ ਕੀ ਹੋਵੇਗਾ?” ਯੂਰਪ ਵਿਚ ਅਜੇ ਵੀ ਪਹਿਲਾ ਵਿਸ਼ਵ ਯੁੱਧ ਲੱਗਾ ਹੋਇਆ ਸੀ, ਪਰ ਸਾਲ ਦੇ ਸ਼ੁਰੂ ਵਿਚ ਹੋਈਆਂ ਘਟਨਾਵਾਂ ਤੋਂ ਲੱਗਦਾ ਸੀ ਕਿ ਬਾਈਬਲ ਸਟੂਡੈਂਟਸ ਅਤੇ ਦੁਨੀਆਂ ਦੇ ਲੋਕਾਂ ਲਈ ਵਧੀਆ ਸਮਾਂ ਆਵੇਗਾ।

ਸ਼ਾਂਤੀ ਦੀਆਂ ਗੱਲਾਂ

8 ਜਨਵਰੀ 1918 ਨੂੰ ਰਾਸ਼ਟਰਪਤੀ ਵੂਡਰੋ ਵਿਲਸਨ ਨੇ ਯੂ. ਐੱਸ. ਦੀ ਇਕ ਰਾਜਨੀਤਿਕ ਪਾਰਟੀ ਨੂੰ ਭਾਸ਼ਣ ਦਿੱਤਾ ਜਿਸ ਵਿਚ ਉਸ ਨੇ 14 ਸੁਝਾਅ ਦੱਸੇ। ਉਸ ਨੂੰ ਲੱਗਾ ਕਿ “ਪੂਰੀ ਤੇ ਸਥਾਈ ਸ਼ਾਂਤੀ” ਲਿਆਉਣ ਲਈ ਇਹ ਸੁਝਾਅ ਜ਼ਰੂਰੀ ਸਨ। ਉਸ ਨੇ ਦੇਸ਼ਾਂ ਵਿਚ ਸਹਿਯੋਗ, ਹਥਿਆਰਾਂ ਵਿਚ ਕਟੌਤੀ ਅਤੇ “ਦੇਸ਼ਾਂ ਦਾ ਸੰਘ” ਕਾਇਮ ਕਰਨ ਦਾ ਸੁਝਾਅ ਪੇਸ਼ ਕੀਤਾ ਜਿਸ ਤੋਂ “ਛੋਟੇ-ਵੱਡੇ ਦੇਸ਼ਾਂ” ਨੂੰ ਫ਼ਾਇਦਾ ਹੋਣਾ ਸੀ। ਬਾਅਦ ਵਿਚ ਪਹਿਲਾ ਵਿਸ਼ਵ ਯੁੱਧ ਖ਼ਤਮ ਕਰਨ ਲਈ ਉਸ ਵੱਲੋਂ ਦੱਸੇ “14 ਸੁਝਾਵਾਂ” ਨੂੰ ਰਾਸ਼ਟਰ-ਸੰਘ ਬਣਾਉਣ ਅਤੇ ਵਾਸਾਈ ਦੀ ਸੰਧੀ ਲਾਗੂ ਕਰਨ ਲਈ ਵਰਤਿਆ ਜਾਣਾ ਸੀ।

ਵਿਰੋਧੀਆਂ ਦੀ ਹਾਰ

ਪਿਛਲੇ ਸਾਲa ਹੋਈ ਹਲਚਲ ਦੇ ਬਾਵਜੂਦ ਵੀ, ਬਾਈਬਲ ਸਟੂਡੈਂਟਸ ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੀ ਸਾਲਾਨਾ ਸਭਾ ਵਿਚ ਹੋਈਆਂ ਘਟਨਾਵਾਂ ਤੋਂ ਲੱਗਾ ਕਿ ਉਨ੍ਹਾਂ ਦੇ ਹਾਲਾਤ ਸੁਧਰਨ ਵਾਲੇ ਸਨ।

5 ਜਨਵਰੀ 1918 ਵਿਚ ਹੋਈ ਸਭਾ ਵਿਚ ਉਨ੍ਹਾਂ ਕੁਝ ਆਦਮੀਆਂ ਨੇ ਸੰਗਠਨ ʼਤੇ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਬੈਥਲ ਵਿੱਚੋਂ ਕੱਢ ਦਿੱਤਾ ਗਿਆ ਸੀ। ਵਫ਼ਾਦਾਰ ਸਫ਼ਰੀ ਨਿਗਾਹਬਾਨ ਰਿਚਰਡ ਐੱਚ. ਬਾਰਬਰ ਨੇ ਸਭਾ ਨੂੰ ਪ੍ਰਾਰਥਨਾ ਨਾਲ ਸ਼ੁਰੂ ਕੀਤਾ। ਪਿਛਲੇ ਸਾਲ ਪਰਮੇਸ਼ੁਰ ਦੀ ਸੇਵਾ ਵਿਚ ਕੀਤੇ ਕੰਮਾਂ ਦੀ ਰਿਪੋਰਟ ਦੱਸਣ ਤੋਂ ਬਾਅਦ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਜੋ ਹਰ ਸਾਲ ਕੀਤੀ ਜਾਂਦੀ ਸੀ। ਭਰਾ ਬਾਰਬਰ ਨੇ ਜੋਸਫ਼ ਰਦਰਫ਼ਰਡ ਤੇ ਹੋਰ ਛੇ ਭਰਾਵਾਂ ਦੇ ਨਾਂ ਦਿੱਤੇ। ਫਿਰ ਵਿਰੋਧੀ ਧਿਰ ਦੇ ਵਕੀਲ ਨੇ ਵੀ ਸੱਤ ਆਦਮੀਆਂ ਦੇ ਨਾਂ ਦਿੱਤੇ। ਇਨ੍ਹਾਂ ਵਿਚ ਉਨ੍ਹਾਂ ਆਦਮੀਆਂ ਦੇ ਨਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਬੈਥਲ ਵਿੱਚੋਂ ਕੱਢ ਦਿੱਤਾ ਗਿਆ ਸੀ। ਉਹ ਚੋਣਾਂ ਹਾਰ ਗਏ। ਜਿਨ੍ਹਾਂ ਕੋਲ ਸੰਗਠਨ ਦੇ ਸ਼ੇਅਰ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਭਰਾ ਰਦਰਫ਼ਰਡ ਤੇ ਹੋਰ ਛੇ ਵਫ਼ਾਦਾਰ ਭਰਾਵਾਂ ਨੂੰ ਡਾਇਰੈਕਟਰਾਂ ਵਜੋਂ ਚੁਣਿਆ।

ਇਸ ਸਭਾ ਵਿਚ ਹਾਜ਼ਰ ਹੋਣ ਵਾਲੇ ਬਹੁਤ ਸਾਰੇ ਭਰਾਵਾਂ ਨੇ ਕਿਹਾ ਕਿ ‘ਉਹ ਬਹੁਤ ਖ਼ੁਸ਼ ਸਨ ਕਿਉਂਕਿ ਉਹ ਜਿੰਨੀਆਂ ਵੀ ਸਭਾਵਾਂ ਵਿਚ ਹਾਜ਼ਰ ਹੋਏ, ਉਨ੍ਹਾਂ ਵਿੱਚੋਂ ਇਸ ਸਭਾ ʼਤੇ ਯਹੋਵਾਹ ਦੀ ਸਭ ਤੋਂ ਜ਼ਿਆਦਾ ਮਿਹਰ ਸੀ।’ ਪਰ ਉਨ੍ਹਾਂ ਦੀ ਖ਼ੁਸ਼ੀ ਜ਼ਿਆਦਾ ਦੇਰ ਤਕ ਨਹੀਂ ਰਹੀ।

ਪ੍ਰਗਟ ਹੋਇਆ ਭੇਦ ਕਿਤਾਬ ਪ੍ਰਤੀ ਹੁੰਗਾਰਾ

ਬਾਈਬਲ ਸਟੂਡੈਂਟਸ ਕਈ ਮਹੀਨਿਆਂ ਤੋਂ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵੰਡ ਰਹੇ ਸਨ। ਨੇਕਦਿਲ ਲੋਕਾਂ ਨੇ ਇਸ ਵਿਚ ਦੱਸੀਆਂ ਬਾਈਬਲ ਦੀਆਂ ਸੱਚਾਈਆਂ ਪ੍ਰਤੀ ਵਧੀਆ ਹੁੰਗਾਰਾ ਭਰਿਆ।

ਕੈਨੇਡਾ ਤੋਂ ਈ. ਐੱਫ਼. ਕ੍ਰਿਸਟ ਨਾਂ ਦੇ ਸਫ਼ਰੀ ਨਿਗਾਹਬਾਨ ਨੇ ਇਕ ਜੋੜੇ ਬਾਰੇ ਦੱਸਿਆ ਜਿਨ੍ਹਾਂ ਨੇ ਪ੍ਰਗਟ ਹੋਇਆ ਭੇਦ ਨਾਂ ਦੀ ਕਿਤਾਬ ਪੜ੍ਹੀ ਅਤੇ ਸਿਰਫ਼ ਪੰਜਾਂ ਹਫ਼ਤਿਆਂ ਵਿਚ ਹੀ ਉਨ੍ਹਾਂ ਨੇ ਸੱਚਾਈ ਕਬੂਲ ਕਰ ਲਈ। ਉਸ ਨੇ ਦੱਸਿਆ: “ਪਤੀ-ਪਤਨੀ ਦੋਵਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਅਤੇ ਤਰੱਕੀ ਕਰਨ ਲੱਗੇ।”

ਇਕ ਆਦਮੀ ਨੂੰ ਅਹਿਸਾਸ ਹੋਇਆ ਕਿ ਜਿਹੜੀ ਚੀਜ਼ ਉਸ ਦੇ ਵੱਜੀ ਸੀ ਉਹ ਪ੍ਰਗਟ ਹੋਇਆ ਭੇਦ ਨਾਂ ਦੀ ਕਿਤਾਬ ਸੀ। ਉਸ ਨੇ ਬਾਅਦ ਵਿਚ ਇਹ ਕਿਤਾਬ ਪੜ੍ਹੀ

ਇਕ ਹੋਰ ਆਦਮੀ ਜਿਸ ਨੂੰ ਇਹ ਕਿਤਾਬ ਮਿਲੀ ਸੀ, ਉਸ ਨੇ ਜਲਦੀ ਹੀ ਇਸ ਕਿਤਾਬ ਵਿਚ ਦਿੱਤੀ ਜਾਣਕਾਰੀ ਆਪਣੇ ਦੋਸਤਾਂ ਨਾਲ ਸਾਂਝੀ ਕੀਤੀ। ਇਸ ਵਿਚ ਦਿੱਤੇ ਸੰਦੇਸ਼ ਦਾ ਉਸ ʼਤੇ ਡੂੰਘਾ ਅਸਰ ਪਿਆ। ਉਸ ਨੇ ਕਿਹਾ: ‘ਮੈਂ ਥਰਡ ਐਵੀਨਿਊ ਵਿਚ ਤੁਰਿਆ ਜਾ ਰਿਹਾ ਸੀ ਅਤੇ ਮੇਰੇ ਮੋਢੇ ʼਤੇ ਕੋਈ ਚੀਜ਼ ਆ ਵੱਜੀ। ਮੈਂ ਸੋਚਿਆ ਕਿ ਇਹ ਇੱਟ ਸੀ, ਪਰ ਇਹ ਤਾਂ ਪ੍ਰਗਟ ਹੋਇਆ ਭੇਦ ਕਿਤਾਬ ਸੀ। ਮੈਂ ਇਸ ਨੂੰ ਘਰ ਲੈ ਆਇਆ ਅਤੇ ਪੂਰੀ ਕਿਤਾਬ ਪੜ੍ਹੀ। ਮੈਨੂੰ ਪਤਾ ਲੱਗਾ ਕਿ ਇਕ ਪਾਦਰੀ ਨੇ ਗੁੱਸੇ ਵਿਚ ਇਹ ਕਿਤਾਬ ਆਪਣੀ ਤਾਕੀ ਵਿੱਚੋਂ ਥੱਲੇ ਸੁੱਟੀ ਸੀ। ਇਸ ਪਾਦਰੀ ਦੇ ਕਿਤਾਬ ਥੱਲੇ ਸੁੱਟਣ ਕਰਕੇ ਕਈ ਲੋਕਾਂ ਨੇ ਸੱਚਾਈ ਸਿੱਖੀ। ਉਸ ਪਾਦਰੀ ਦੇ ਸੰਦੇਸ਼ ਜਾਂ ਕਿਸੇ ਹੋਰ ਕੰਮ ਤੋਂ ਇੰਨੇ ਲੋਕਾਂ ਨੂੰ ਬਾਈਬਲ ਬਾਰੇ ਪਤਾ ਨਹੀਂ ਲੱਗਾ ਹੋਣਾ ਜਿੰਨਾ ਸਿਰਫ਼ ਇਸ ਇਕ ਕੰਮ ਕਰਕੇ ਪਤਾ ਲੱਗਾ ਸੀ। ਪਾਦਰੀ ਦੁਆਰਾ ਗੁੱਸੇ ਵਿਚ ਕਿਤਾਬ ਸੁੱਟਣ ਕਰਕੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਕਰਨ ਦਾ ਮੌਕਾ ਮਿਲਿਆ।’

ਬਹੁਤ ਸਾਰੇ ਹੋਰ ਲੋਕ ਵੀ ਇਸ ਕਿਤਾਬ ਬਾਰੇ ਉਸ ਪਾਦਰੀ ਵਾਂਗ ਸੋਚਦੇ ਸਨ। ਕੈਨੇਡੀਅਨ ਸਰਕਾਰ ਨੇ 12 ਫਰਵਰੀ 1918 ਨੂੰ ਇਹ ਕਹਿੰਦਿਆਂ ਇਸ ਕਿਤਾਬ ʼਤੇ ਪਾਬੰਦੀ ਲਾ ਦਿੱਤੀ ਸੀ ਕਿ ਇਸ ਕਿਤਾਬ ਵਿਚ ਯੁੱਧ ਅਤੇ ਸਰਕਾਰ ਖ਼ਿਲਾਫ਼ ਗੱਲਾਂ ਲਿਖੀਆਂ ਹੋਈਆਂ ਹਨ। ਥੋੜ੍ਹੀ ਦੇਰ ਬਾਅਦ, ਅਮਰੀਕਾ ਦੀ ਸਰਕਾਰ ਨੇ ਵੀ ਇੱਦਾਂ ਹੀ ਕੀਤਾ। ਸਰਕਾਰੀ ਅਧਿਕਾਰੀਆਂ ਨੇ ਸੰਗਠਨ ਦੀ ਅਗਵਾਈ ਕਰਨ ਵਾਲਿਆਂ ਖ਼ਿਲਾਫ਼ ਸਬੂਤ ਲੱਭਣ ਲਈ ਬੈਥਲ ਅਤੇ ਨਿਊਯਾਰਕ, ਪੈਨਸਿਲਵੇਨੀਆ ਤੇ ਕੈਲੇਫ਼ੋਰਨੀਆ ਦੇ ਦਫ਼ਤਰਾਂ ਵਿਚ ਛਾਪਾ ਮਾਰਿਆ। 14 ਮਾਰਚ 1918 ਨੂੰ ਅਮਰੀਕਾ ਦੇ ਨਿਆਂ ਵਿਭਾਗ ਨੇ ਪ੍ਰਗਟ ਹੋਇਆ ਭੇਦ ਕਿਤਾਬ ʼਤੇ ਇਹ ਕਹਿੰਦਿਆਂ ਪਾਬੰਦੀ ਲਾ ਦਿੱਤੀ ਕਿ ਇਸ ਕਿਤਾਬ ਦੇ ਛਾਪੇ ਜਾਣ ਅਤੇ ਵੰਡੇ ਜਾਣ ਕਰਕੇ ਐੱਸਪੋਇਨੇਜ਼ ਕਾਨੂੰਨ ਦੀ ਉਲੰਘਣਾ ਹੋਈ ਹੈ ਕਿਉਂਕਿ ਲੋਕ ਯੁੱਧ ਵਿਚ ਸਹਿਯੋਗ ਨਹੀਂ ਦੇ ਰਹੇ।

ਕੈਦ!

7 ਮਈ 1918 ਵਿਚ ਨਿਆਂ ਵਿਭਾਗ ਨੇ ਜੋਵਾਨੀ ਡ ਕੇਕਾ, ਜੋਰਜ ਫਿਸ਼ਰ, ਐਲੇਗਜ਼ੈਂਡਰ ਮੈਕਮਿਲਨ, ਰੌਬਰਟ ਮਾਰਟਿਨ, ਫਰੈਡਰਿਕ ਰੋਬਿਸਨ, ਜੋਸਫ਼ ਰਦਰਫ਼ਰਡ, ਵਿਲੀਅਮ ਵੈਨ ਐਮਬਰਗ ਅਤੇ ਕਲੇਅਟਨ ਵੁਡਵਰਥ ਖ਼ਿਲਾਫ਼ ਵਾਰੰਟ ਲੈ ਲਏ। ਉਨ੍ਹਾਂ ʼਤੇ ਦੋਸ਼ ਲਗਾਇਆ ਗਿਆ ਕਿ “ਉਨ੍ਹਾਂ ਨੇ ਕਾਨੂੰਨ ਤੋੜਿਆ ਹੈ, ਨਾਫ਼ਰਮਾਨੀ ਕੀਤੀ ਹੈ ਅਤੇ ਜਾਣ-ਬੁੱਝ ਕੇ ਕੀਤੇ ਉਨ੍ਹਾਂ ਦੇ ਇਸ ਕੰਮ ਕਰਕੇ ਲੋਕ ਦਗ਼ਾ ਕਰ ਰਹੇ ਹਨ ਤੇ ਅਮਰੀਕਾ ਦੀ ਫ਼ੌਜ ਅਤੇ ਸਮੁੰਦਰੀ ਸੈਨਾ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਹਨ।” 5 ਜੂਨ 1918 ਵਿਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਇਆ। ਪਰ ਇਹ ਲਗਭਗ ਪੱਕਾ ਸੀ ਕਿ ਉਨ੍ਹਾਂ ਨੂੰ ਸਜ਼ਾ ਹੋਵੇਗੀ। ਕਿਉਂ?

ਅਮਰੀਕਾ ਦੇ ਜੱਜਾਂ ਦੇ ਸਮੂਹ ਨੇ ਗਵਾਹਾਂ ʼਤੇ ਐੱਸਪੋਇਨੇਜ਼ ਕਾਨੂੰਨ ਤੋੜਨ ਦਾ ਦੋਸ਼ ਲਾਇਆ। ਉਨ੍ਹਾਂ ਮੁਤਾਬਕ ਇਹ ਕਾਨੂੰਨ ‘ਇਕ ਵਧੀਆ ਹਥਿਆਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਦੀ ਮਦਦ ਨਾਲ ਕਿਸੇ ਵਿਚਾਰਧਾਰਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।’ 16 ਮਈ 1918 ਵਿਚ ਇਕ ਰਾਜਨੀਤਿਕ ਪਾਰਟੀ ਨੇ ਇਸ ਕਾਨੂੰਨ ਵਿਚ ਸੋਧ ਕਰਨ ਤੋਂ ਇਨਕਾਰ ਕੀਤਾ ਸੀ। ਸੋਧ ਹੋਣ ਕਰਕੇ ਉਨ੍ਹਾਂ ਦੀ ਰਾਖੀ ਹੋਣੀ ਸੀ ਜਿਹੜੇ “ਚੰਗੇ ਇਰਾਦੇ ਨਾਲ ਸੱਚੀਆਂ ਅਤੇ ਤਰਕਸੰਗਤ ਗੱਲਾਂ ਛਾਪਦੇ ਸਨ ਅਤੇ ਨਿਆਂ ਚਾਹੁੰਦੇ ਸਨ।” ਪ੍ਰਗਟ ਹੋਇਆ ਭੇਦ ਉਨ੍ਹਾਂ ਵਿਚ ਹੋ ਰਹੀ ਬਹਿਸ ਦਾ ਅਹਿਮ ਮੁੱਦਾ ਸੀ। ਯੂ. ਐੱਸ. ਦੀ ਇਕ ਰਾਜਨੀਤਿਕ ਪਾਰਟੀ ਦੀ ਸਰਕਾਰੀ ਰਿਪੋਰਟ ਵਿਚ ਇਸ ਕਿਤਾਬ ਬਾਰੇ ਕਿਹਾ ਗਿਆ: ‘ਇਸ ਤਰ੍ਹਾਂ ਦੀ ਵਿਚਾਰਧਾਰਾ ਫੈਲਾਉਣ ਵਾਲੀਆਂ ਮਿਸਾਲਾਂ ਵਿਚ ਪ੍ਰਗਟ ਹੋਇਆ ਭੇਦ ਕਿਤਾਬ ਸਭ ਤੋਂ ਖ਼ਤਰਨਾਕ ਹੈ। ਇਸ ਕਰਕੇ ਸਾਡੇ ਫ਼ੌਜੀ ਸਾਡੇ ਅਸੂਲਾਂ ਦੇ ਖ਼ਿਲਾਫ਼ ਜਾਂਦੇ ਅਤੇ ਫ਼ੌਜ ਵਿਚ ਜਬਰੀ ਭਰਤੀ ਦਾ ਵਿਰੋਧ ਕਰਦੇ ਹਨ।’

ਨਿਆਂ-ਸਭਾ ਨੇ 20 ਜੂਨ 1918 ਵਿਚ ਅੱਠਾਂ ਭਰਾਵਾਂ ਨੂੰ ਦੋਸ਼ੀ ਕਰਾਰ ਦਿੱਤਾ। ਅਗਲੇ ਦਿਨ ਜੱਜ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। ਉਸ ਨੇ ਕਿਹਾ: “ਇਹ ਲੋਕ ਜਿਹੜੇ ਧਰਮ ਦਾ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ . . . ਉਹ ਜਰਮਨ ਦੀ ਇਕ ਫ਼ੌਜੀ ਟੁਕੜੀ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ। . . . ਇਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।” ਦੋ ਹਫ਼ਤਿਆਂ ਬਾਅਦ ਇਨ੍ਹਾਂ ਅੱਠਾਂ ਭਰਾਵਾਂ ਨੂੰ ਐਟਲਾਂਟਾ, ਜਾਰਜੀਆ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਨ੍ਹਾਂ ਭਰਾਵਾਂ ਨੂੰ 10 ਤੋਂ 20 ਸਾਲਾਂ ਦੀ ਕੈਦ ਹੋਈ ਸੀ।

ਪ੍ਰਚਾਰ ਦਾ ਕੰਮ ਹੁੰਦਾ ਰਿਹਾ

ਇਸ ਸਮੇਂ ਦੌਰਾਨ ਬਾਈਬਲ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਅਮਰੀਕਾ ਦੀ ਪੁਲਿਸ (ਐੱਫ਼. ਬੀ. ਆਈ.) ਨੇ ਇਨ੍ਹਾਂ ਦੇ ਕੰਮ ਦੀ ਪੂਰੀ ਤਰ੍ਹਾਂ ਛਾਣਬੀਣ ਕੀਤੀ ਅਤੇ ਹਜ਼ਾਰਾਂ ਹੀ ਦਸਤਾਵੇਜ਼ ਬਣਾਏ। ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਭਰਾਵਾਂ ਨੇ ਪ੍ਰਚਾਰ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।

ਓਰਲਾਂਡੂ, ਫ਼ਲੋਰਿਡਾ ਦੇ ਇਕ ਡਾਕੀਏ ਨੇ ਐੱਫ਼. ਬੀ. ਆਈ. ਨੂੰ ਚਿੱਠੀ ਲਿਖੀ: ‘ਬਾਈਬਲ ਸਟੂਡੈਂਟਸ ਹਰ ਘਰ ਵਿਚ ਜਾ ਕੇ ਪ੍ਰਚਾਰ ਕਰਦੇ ਹਨ ਅਤੇ ਉਹ ਇਹ ਕੰਮ ਜ਼ਿਆਦਾਤਰ ਰਾਤ ਨੂੰ ਕਰਦੇ ਹਨ। ਉਨ੍ਹਾਂ ਨੇ ਵਿਰੋਧਤਾ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।’

ਯੁੱਧ ਵਿਭਾਗ ਦੇ ਕਰਨਲ ਨੇ ਫਰੈਡਰਿਕ ਡਬਲਯੂ. ਫ਼ਰਾਂਜ਼ ਦੇ ਕੰਮ ਬਾਰੇ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜੀ। ਭਰਾ ਫ਼ਰਾਂਜ਼ ਨੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ ਸੀ। ਕਰਨਲ ਨੇ ਲਿਖਿਆ: ‘ਐੱਫ਼. ਡਬਲਯੂ. ਫ਼ਰਾਂਜ਼ ਪ੍ਰਗਟ ਹੋਇਆ ਭੇਦ ਕਿਤਾਬ ਦੀਆਂ ਹਜ਼ਾਰਾਂ ਕਾਪੀਆਂ ਜ਼ੋਰਾਂ-ਸ਼ੋਰਾਂ ਨਾਲ ਵੰਡ ਚੁੱਕਾ ਹੈ।’

ਚਾਰਲਜ਼ ਫ਼ੈਕਲ ਨੂੰ ਵੀ ਬਹੁਤ ਜ਼ਿਆਦਾ ਅਤਿਆਚਾਰ ਸਹਿਣੇ ਪਏ। ਭਰਾ ਫ਼ੈਕਲ ਨੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ। ਅਧਿਕਾਰੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ ਕਿਉਂਕਿ ਉਸ ਨੇ ਪ੍ਰਗਟ ਹੋਇਆ ਭੇਦ ਕਿਤਾਬਾਂ ਵੰਡੀਆਂ ਸਨ। ਕੈਦ ਵਿਚ ਹੁੰਦਿਆਂ ਉਸ ਦੀਆਂ ਚਿੱਠੀਆਂ ʼਤੇ ਨਜ਼ਰ ਰੱਖੀ ਗਈ। ਉਸ ਨੂੰ ਬਾਲਟੀਮੋਰ, ਮੈਰੀਲੈਂਡ ਵਿਚ ਇਕ ਮਹੀਨੇ ਲਈ ਜੇਲ੍ਹ ਵਿਚ ਰੱਖਿਆ ਗਿਆ ਤੇ ਉਸ ʼਤੇ ਠੱਪਾ ਲਾਇਆ ਗਿਆ, “ਆਸਟ੍ਰੀਆ ਤੋਂ ਵਿਦੇਸ਼ੀ ਦੁਸ਼ਮਣ।” ਪੁੱਛ-ਗਿੱਛ ਕਰਨ ਵਾਲਿਆਂ ਨੂੰ ਦਲੇਰੀ ਨਾਲ ਗਵਾਹੀ ਦਿੰਦੇ ਹੋਏ ਉਸ ਨੂੰ 1 ਕੁਰਿੰਥੀਆਂ 9:16 ਵਿਚ ਦਰਜ ਪੌਲੁਸ ਦੇ ਸ਼ਬਦ ਯਾਦ ਆਏ ਜਿੱਥੇ ਲਿਖਿਆ ਹੈ: “ਲਾਹਨਤ ਹੈ ਮੇਰੇ ʼਤੇ ਜੇ ਮੈਂ ਖ਼ੁਸ਼ ਖ਼ਬਰੀ ਨਾ ਸੁਣਾਵਾਂ!”b

ਜੋਸ਼ ਨਾਲ ਪ੍ਰਚਾਰ ਕਰਨ ਦੇ ਨਾਲ-ਨਾਲ ਬਾਈਬਲ ਸਟੂਡੈਂਟਸ ਨੇ ਐਟਲਾਂਟਾ ਵਿਚ ਕੈਦ ਕੀਤੇ ਭਰਾਵਾਂ ਨੂੰ ਰਿਹਾ ਕਰਨ ਲਈ ਅਰਜ਼ੀ ਤਿਆਰ ਕੀਤੀ। ਫਿਰ ਅਸੀਂ ਅਰਜ਼ੀ ਨੂੰ ਲੋਕਾਂ ਕੋਲ ਲੈ ਕੇ ਜਾਂਦੇ ਸੀ। ਭੈਣ ਐਨਾ ਕੇ. ਗਾਰਡਨਰ ਯਾਦ ਕਰਦੀ ਹੋਈ ਕਹਿੰਦੀ ਹੈ: “ਅਸੀਂ ਕਦੇ ਵਿਹਲੇ ਨਹੀਂ ਬੈਠੇ। ਜਦੋਂ ਭਰਾ ਜੇਲ੍ਹ ਵਿਚ ਸਨ, ਤਾਂ ਸਾਡਾ ਕੰਮ ਲੋਕਾਂ ਤੋਂ ਅਰਜ਼ੀ ʼਤੇ ਦਸਤਖਤ ਕਰਾਉਣਾ ਸੀ। ਅਸੀਂ ਇਹ ਕੰਮ ਕਰਨ ਲਈ ਘਰ-ਘਰ ਗਏ। ਅਸੀਂ ਹਜ਼ਾਰਾਂ ਹੀ ਲੋਕਾਂ ਦੇ ਦਸਤਖਤ ਲਏ। ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਉਹ ਆਦਮੀ ਸੱਚੇ ਮਸੀਹੀ ਸਨ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਜੇਲ੍ਹ ਵਿਚ ਸੁੱਟਿਆ ਗਿਆ ਸੀ।”

ਵੱਡੇ ਸੰਮੇਲਨ

ਇਸ ਮੁਸ਼ਕਲ ਸਮੇਂ ਦੌਰਾਨ, ਭੈਣਾਂ-ਭਰਾਵਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਲਗਾਤਾਰ ਵੱਡੇ ਸੰਮੇਲਨ ਕਰਵਾਏ ਗਏ। ਪਹਿਰਾਬੁਰਜ ਵਿਚ ਕਿਹਾ ਗਿਆ: ‘ਸਾਲ ਦੌਰਾਨ 40 ਤੋਂ ਜ਼ਿਆਦਾ ਵੱਡੇ ਸੰਮੇਲਨ ਹੋਏ। ਇਨ੍ਹਾਂ ਸਾਰੇ ਸੰਮੇਲਨਾਂ ਤੋਂ ਵਧੀਆ ਰਿਪੋਰਟਾਂ ਹੀ ਮਿਲੀਆਂ ਸਨ। ਪਹਿਲਾਂ ਸਾਰੇ ਸੰਮੇਲਨ ਗਰਮੀਆਂ ਦੇ ਅਖ਼ੀਰ ਵਿਚ ਜਾਂ ਪਤਝੜ ਦੇ ਸ਼ੁਰੂ ਵਿਚ ਹੁੰਦੇ ਸਨ, ਪਰ ਇਸ ਸਾਲ ਹਰ ਮਹੀਨੇ ਸੰਮੇਲਨ ਕਰਵਾਏ ਗਏ।’

ਨੇਕਦਿਲ ਲੋਕ ਅਜੇ ਵੀ ਖ਼ੁਸ਼ ਖ਼ਬਰੀ ਪ੍ਰਤੀ ਵਧੀਆ ਹੁੰਗਾਰਾ ਭਰ ਰਹੇ ਸਨ। ਕਲੀਵਲੈਂਡ, ਓਹੀਓ ਵਿਚ ਹੋਏ ਵੱਡੇ ਸੰਮੇਲਨ ਵਿਚ ਲਗਭਗ 1,200 ਜਣੇ ਹਾਜ਼ਰ ਹੋਏ ਅਤੇ 42 ਜਣਿਆਂ ਨੇ ਬਪਤਿਸਮਾ ਲਿਆ। ਬਪਤਿਸਮਾ ਲੈਣ ਵਾਲਿਆਂ ਵਿਚ ਇਕ ਛੋਟਾ ਮੁੰਡਾ ਵੀ ਸੀ। ਉਸ ਨੇ “ਪਰਮੇਸ਼ੁਰ ਅਤੇ ਸਮਰਪਣ ਪ੍ਰਤੀ ਕਦਰ ਦਿਖਾਈ ਜਿਸ ਕਰਕੇ ਬਹੁਤ ਸਾਰੇ ਵੱਡੀ ਉਮਰ ਦੇ ਲੋਕਾਂ ਨੂੰ ਆਪਣੇ ਆਪ ʼਤੇ ਸ਼ਰਮਿੰਦਗੀ ਹੋਈ ਹੋਣੀ।”

ਅੱਗੇ ਕੀ ਹੋਇਆ?

1918 ਸਾਲ ਖ਼ਤਮ ਹੋਣ ਵਾਲਾ ਸੀ। ਬਾਈਬਲ ਸਟੂਡੈਂਟਸ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਆਉਣ ਵਾਲੇ ਸਮੇਂ ਵਿਚ ਕੀ ਹੋਣਾ ਸੀ। ਬਰੁਕਲਿਨ ਵਿਚ ਕੁਝ ਇਮਾਰਤਾਂ ਵੇਚ ਦਿੱਤੀਆਂ ਗਈਆਂ ਅਤੇ ਪਿਟੱਸਬਰਗ, ਪੈਨਸਿਲਵੇਨੀਆ ਨੂੰ ਮੁੱਖ ਦਫ਼ਤਰ ਬਣਾ ਦਿੱਤਾ ਗਿਆ। ਜਦੋਂ ਅਗਵਾਈ ਲੈਣ ਵਾਲੇ ਭਰਾ ਜੇਲ੍ਹ ਵਿਚ ਸਨ, ਉਦੋਂ ਸੰਗਠਨ ਦੇ ਸ਼ੇਅਰ ਹੋਲਡਰਾਂ ਦੀ 4 ਜਨਵਰੀ 1919 ਵਿਚ ਹੋਰ ਸਾਲਾਨਾ ਸਭਾ ਰੱਖੀ ਗਈ। ਅੱਗੇ ਕੀ ਹੋਇਆ?

ਸਾਡੇ ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਜੋ ਵੀ ਹੋਵੇਗਾ, ਵਧੀਆ ਹੋਵੇਗਾ। ਇਸ ਲਈ ਉਨ੍ਹਾਂ ਨੇ ਸਾਲ 1919 ਲਈ ਬਾਈਬਲ ਦਾ ਇਹ ਹਵਾਲਾ ਚੁਣਿਆ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” (ਯਸਾ. 54:17) ਉਹ ਆਉਣ ਵਾਲੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਸਨ। ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਣੀ ਸੀ ਅਤੇ ਉਨ੍ਹਾਂ ਨੂੰ ਉਸ ਵੱਡੇ ਕੰਮ ਲਈ ਹਿੰਮਤ ਮਿਲਣੀ ਸੀ ਜੋ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਕਰਨਾ ਸੀ।

a 2017 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਦੇ ਸਫ਼ੇ 172-176 ʼਤੇ “ਸੌ ਸਾਲ ਪਹਿਲਾਂ—1917” ਨਾਂ ਦਾ ਲੇਖ ਦੇਖੋ।

b 1 ਮਾਰਚ 1969 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਚਾਰਲਜ਼ ਫ਼ੈਕਲ ਦੀ ਜੀਵਨੀ ਦੇਖੋ ਜਿਸ ਦਾ ਵਿਸ਼ਾ ਹੈ, “ਚੰਗੇ ਕੰਮਾਂ ਵਿਚ ਲੱਗੇ ਰਹਿਣ ਕਰਕੇ ਮਿਲੀਆਂ ਖ਼ੁਸ਼ੀਆਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ