ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/02 ਸਫ਼ਾ 6
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2002
ਸਾਡੀ ਰਾਜ ਸੇਵਕਾਈ—2002
km 3/02 ਸਫ਼ਾ 6

ਪ੍ਰਬੰਧਕ ਸਭਾ ਵੱਲੋਂ ਚਿੱਠੀ

ਇੱਕੀਵੀਂ ਸਦੀ ਦੇ ਇਨ੍ਹਾਂ ਸ਼ੁਰੂਆਤੀ ਸਾਲਾਂ ਵਿਚ ਸਾਨੂੰ ਦੁਨੀਆਂ ਭਰ ਵਿਚ ਆਪਣੇ ਸਾਰੇ “ਭਾਈਆਂ” ਨੂੰ ਇਹ ਚਿੱਠੀ ਲਿਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਅਤੇ ਅਸੀਂ ਤੁਹਾਡੀ ਸਾਰਿਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹਾਂ। (1 ਪਤ. 2:17) ਤਕਰੀਬਨ 2,000 ਸਾਲ ਪਹਿਲਾਂ ਯਿਸੂ ਨੇ ਪੁੱਛਿਆ ਸੀ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” (ਲੂਕਾ 18:8) ਪਿਛਲੇ ਸੇਵਾ ਸਾਲ ਦੌਰਾਨ ਪ੍ਰਚਾਰ ਦੇ ਕੰਮ ਵਿਚ ਤੁਹਾਡਾ ਜੋਸ਼ ਯਿਸੂ ਦੇ ਇਸ ਸਵਾਲ ਦਾ ਜਵਾਬ ਜ਼ੋਰ ਨਾਲ ਹਾਂ ਵਿਚ ਦਿੰਦਾ ਹੈ! ਆਪਣੀ ਨਿਹਚਾ ਦੇ ਕਾਰਨ ਤੁਹਾਡੇ ਵਿੱਚੋਂ ਕਈਆਂ ਦੀ ਬੇਇੱਜ਼ਤੀ ਕੀਤੀ ਗਈ ਤੇ ਮਜ਼ਾਕ ਉਡਾਇਆ ਗਿਆ। ਕਈ ਥਾਵਾਂ ਤੇ ਯੁੱਧਾਂ, ਤਬਾਹੀਆਂ, ਬੀਮਾਰੀਆਂ ਜਾਂ ਭੁੱਖਮਰੀ ਦੇ ਬਾਵਜੂਦ ਵੀ ਤੁਸੀਂ ਧੀਰਜ ਰੱਖਦੇ ਹੋ। (ਲੂਕਾ 21:10, 11) ਨੇਕ ਕੰਮਾਂ ਲਈ ਤੁਹਾਡੇ ਜੋਸ਼ ਕਾਰਨ ਯਿਸੂ ਅਜੇ ਵੀ ‘ਧਰਤੀ ਉੱਤੇ ਨਿਹਚਾ ਪਾ’ ਸਕਦਾ ਹੈ। ਯਕੀਨਨ, ਇਸ ਕਾਰਨ ਸਵਰਗ ਵਿਚ ਬਹੁਤ ਖ਼ੁਸ਼ੀ ਮਨਾਈ ਜਾਂਦੀ ਹੈ!

ਅਸੀਂ ਜਾਣਦੇ ਹਾਂ ਕਿ ਧੀਰਜ ਰੱਖਣਾ ਕੋਈ ਆਸਾਨ ਗੱਲ ਨਹੀਂ ਹੈ। ਪੱਛਮੀ ਏਸ਼ੀਆ ਦੇ ਇਕ ਦੇਸ਼ ਵਿਚ ਸਾਡੇ ਭਰਾਵਾਂ ਵੱਲੋਂ ਸਹੀਆਂ ਮੁਸ਼ਕਲਾਂ ਉੱਤੇ ਗੌਰ ਕਰੋ। ਉਸ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਾਰਨਾ-ਕੁੱਟਣਾ ਆਮ ਗੱਲ ਹੈ। ਹਾਲ ਹੀ ਵਿਚ ਪੁਲਸ ਨੇ ਆ ਕੇ ਸ਼ਾਂਤੀ ਨਾਲ ਹੋ ਰਹੇ ਸੰਮੇਲਨ ਨੂੰ ਵਿੱਚੋਂ ਹੀ ਰੋਕ ਦਿੱਤਾ ਜਿਸ ਵਿਚ ਲਗਭਗ 700 ਭੈਣ-ਭਰਾ ਹਾਜ਼ਰ ਸਨ। ਸੜਕਾਂ ਤੇ ਯਹੋਵਾਹ ਦੇ ਗਵਾਹਾਂ ਦਾ ਰਾਹ ਰੋਕਿਆ ਗਿਆ ਜਿਸ ਕਰਕੇ 1,300 ਭੈਣ-ਭਰਾ ਉਸ ਸੰਮੇਲਨ ਵਿਚ ਹਾਜ਼ਰ ਨਹੀਂ ਹੋ ਸਕੇ। ਨਕਾਬਪੋਸ਼ ਲੋਕਾਂ ਨੇ ਸੰਮੇਲਨ ਦੀ ਥਾਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਵਿਚ ਕੁਝ ਪੁਲਸ ਵਾਲੇ ਵੀ ਸ਼ਾਮਲ ਸਨ। ਉਨ੍ਹਾਂ ਨੇ ਕਈ ਭੈਣ-ਭਰਾਵਾਂ ਨੂੰ ਕੁੱਟਿਆ ਅਤੇ ਉਸ ਇਮਾਰਤ ਨੂੰ ਅੱਗ ਲਾ ਦਿੱਤੀ ਜਿਸ ਨੂੰ ਸੰਮੇਲਨ ਕਰਨ ਲਈ ਵਰਤਿਆ ਜਾਣਾ ਸੀ। ਹੋਰ ਕਈ ਮੌਕਿਆਂ ਉੱਤੇ ਧਾਰਮਿਕ ਕੱਟੜਪੰਥੀਆਂ ਨੇ ਸਾਡੇ ਭਰਾਵਾਂ ਨੂੰ ਬੇਰਹਿਮੀ ਨਾਲ ਮੇਖਾਂ ਜੜੇ ਡੰਡਿਆਂ ਨਾਲ ਕੁੱਟਿਆ।

ਅਜਿਹੇ ਹਮਲੇ ਦੁਖਦਾਈ ਤਾਂ ਹਨ ਪਰ ਇਹ ਸਾਡੇ ਲਈ ਕੋਈ ਹੈਰਾਨੀ ਦੀ ਗੱਲ ਨਹੀਂ। ਪਵਿੱਤਰ ਆਤਮਾ ਦੀ ਪ੍ਰੇਰਣਾ ਹੇਠ ਪੌਲੁਸ ਰਸੂਲ ਨੇ ਲਿਖਿਆ ਸੀ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋ. 3:12) ਪਹਿਲੀ ਸਦੀ ਵਿਚ ਮਸੀਹੀਆਂ ਨੂੰ ਬੁਰਾ-ਭਲਾ ਕਿਹਾ ਗਿਆ, ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ ਅਤੇ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਸੀ। (ਰਸੂ. 5:40; 12:2; 16:22-24; 19:9) ਇਸੇ ਤਰ੍ਹਾਂ 20ਵੀਂ ਸਦੀ ਵਿਚ ਵੀ ਹੋਇਆ ਤੇ ਬਿਨਾਂ ਸ਼ੱਕ ਇਹ 21ਵੀਂ ਸਦੀ ਵਿਚ ਵੀ ਹੁੰਦਾ ਰਹੇਗਾ। ਪਰ ਯਹੋਵਾਹ ਸਾਨੂੰ ਕਹਿੰਦਾ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” (ਯਸਾ. 54:17) ਕਿੰਨਾ ਹੌਸਲਾ ਮਿਲਦਾ ਹੈ ਸਾਨੂੰ ਇਨ੍ਹਾਂ ਸ਼ਬਦਾਂ ਤੋਂ! ਯਹੋਵਾਹ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਆਪਣੇ ਨਬੀ ਜ਼ਕਰਯਾਹ ਰਾਹੀਂ ਕਿਹਾ: “ਜਿਹੜਾ ਤੁਹਾਨੂੰ ਛੋਹੰਦਾ ਹੈ ਉਹ [ਮੇਰੀ] ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕ. 2:8) ਯਹੋਵਾਹ ਦੇ ਸੇਵਕਾਂ ਦੇ ਦੁਸ਼ਮਣ ਕਿਸੇ ਵੀ ਤਰ੍ਹਾਂ ਜਿੱਤ ਨਹੀਂ ਸਕਦੇ। ਆਖ਼ਰਕਾਰ ਸੱਚੀ ਭਗਤੀ ਦੀ ਹੀ ਜਿੱਤ ਹੋਵੇਗੀ!

ਉਦਾਹਰਣ ਲਈ, ਪਹਿਲਾਂ ਜ਼ਿਕਰ ਕੀਤੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨੇ 2001 ਸੇਵਾ ਸਾਲ ਦੌਰਾਨ ਪ੍ਰਕਾਸ਼ਕਾਂ ਦੀ ਗਿਣਤੀ ਦੇ ਦੋ ਨਵੇਂ ਸਿਖਰਾਂ ਦਾ ਆਨੰਦ ਮਾਣਿਆ। ਜੀ ਹਾਂ, ਆਪਣੇ ਦੂਸਰੇ ਭਰਾਵਾਂ ਵਾਂਗ ਇਹ ਭਰਾ ਵੀ ਮੁਸ਼ਕਲਾਂ ਦੇ ਬਾਵਜੂਦ ਡਟੇ ਹੋਏ ਹਨ। ਪਿਛਲੇ ਸੇਵਾ ਸਾਲ ਦੌਰਾਨ ਦੁਨੀਆਂ ਭਰ ਵਿਚ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਹਰ ਹਫ਼ਤੇ 5,066 ਲੋਕਾਂ ਨੇ ਬਪਤਿਸਮਾ ਲਿਆ। ਹੁਣ ਇਨ੍ਹਾਂ ਨਵੇਂ ਭੈਣ-ਭਰਾਵਾਂ ਨੇ ਸਾਡੇ ਸਾਰਿਆਂ ਨਾਲ ਮਿਲ ਕੇ “ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ” ਰਹਿਣ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ।​—ਕੁਲੁ. 4:12.

ਯੂਨਾਨ ਵਿਚ ਹਾਲ ਹੀ ਵਿਚ ਹੋਈਆਂ ਘਟਨਾਵਾਂ ਉੱਤੇ ਵੀ ਗੌਰ ਕਰੋ। ਗ੍ਰੀਕ ਆਰਥੋਡਾਕਸ ਚਰਚ ਨੇ ਕਈ ਸਾਲਾਂ ਤਾਈਂ ਗਵਾਹਾਂ ਦਾ ਸਖ਼ਤ ਵਿਰੋਧ ਕੀਤਾ, ਪਰ ਇਸ ਦੇ ਬਾਵਜੂਦ ਹੁਣ ਉੱਥੋਂ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਇਕ “ਪ੍ਰਚਲਿਤ ਧਰਮ” ਵਜੋਂ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਸ ਮਾਨਤਾ ਦੇਣ ਵਾਲੇ ਦਸਤਾਵੇਜ਼ ਵਿਚ ਇਹ ਵੀ ਲਿਖਿਆ ਸੀ ਕਿ ਯੂਨਾਨ ਦੀ ਬੈਥਲ ਇਮਾਰਤ “ਇਕ ਸ਼ੁੱਧ ਅਤੇ ਪਵਿੱਤਰ ਥਾਂ ਹੈ ਜੋ ਪਰਮੇਸ਼ੁਰ ਦੀ ਭਗਤੀ ਲਈ ਸਮਰਪਿਤ ਕੀਤੀ ਗਈ ਹੈ।” ਸਾਨੂੰ ਇਹ ਵੀ ਦੱਸ ਕੇ ਖ਼ੁਸ਼ੀ ਹੁੰਦੀ ਹੈ ਕਿ ਪਿਛਲੇ ਸੇਵਾ ਸਾਲ ਦੌਰਾਨ ਅਮਰੀਕਾ, ਕੈਨੇਡਾ, ਜਰਮਨੀ, ਜਪਾਨ, ਬੁਲਗਾਰੀਆ, ਰੂਸ ਅਤੇ ਰੋਮਾਨੀਆ ਦੀਆਂ ਅਦਾਲਤਾਂ ਨੇ ਸਾਡੀ ਭਗਤੀ ਦੇ ਸੰਬੰਧ ਵਿਚ ਸਾਡੇ ਪੱਖ ਵਿਚ ਕਾਨੂੰਨੀ ਫ਼ੈਸਲੇ ਸੁਣਾਏ ਹਨ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਸ ਨੇ ਇਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕੰਮ ਜਾਰੀ ਰੱਖਣ ਲਈ ਰਾਹ ਖੁੱਲ੍ਹਾ ਰੱਖਿਆ ਹੈ!

ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਜਿਨ੍ਹਾਂ ਤਰੀਕਿਆਂ ਨਾਲ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਉਨ੍ਹਾਂ ਉੱਤੇ ਗੌਰ ਕਰਨ ਨਾਲ ਅਸੀਂ ਦੇਖਦੇ ਹਾਂ ਕਿ ਉਹ ਸਾਡਾ ਸਭ ਤੋਂ ਚੰਗਾ ਦੋਸਤ ਹੈ। ਅਸੀਂ ਯਹੋਵਾਹ ਨਾਲ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਹ ਸਾਨੂੰ ਪਿਆਰ ਕਰਦਾ ਹੈ, ਸਾਨੂੰ ਸਿਖਾਉਂਦਾ ਹੈ ਅਤੇ ਸਾਨੂੰ ਸੁਧਾਰਦਾ ਹੈ। ਜੀ ਹਾਂ, ਨਿਹਚਾ ਦੀਆਂ ਪਰੀਖਿਆਵਾਂ ਤਾਂ ਸਾਨੂੰ ਸਹਿਣੀਆਂ ਹੀ ਪੈਣਗੀਆਂ। ਪਰ ਯਹੋਵਾਹ ਵਿਚ ਪੱਕੀ ਨਿਹਚਾ ਰੱਖਣ ਨਾਲ ਅਸੀਂ ਡਟੇ ਰਹਾਂਗੇ। ਯਾਕੂਬ ਨੇ ਲਿਖਿਆ ਸੀ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।” (ਯਾਕੂ. 1:2, 3) ਇਸ ਤੋਂ ਇਲਾਵਾ, ਅਸੀਂ ਧੀਰਜ ਰੱਖਣ ਦੁਆਰਾ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਇਸ ਗੱਲ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ! ਇਸ ਲਈ ਪਿਆਰੇ ਭਰਾਵੋ, ਯਕੀਨ ਰੱਖੋ ਕਿ ਯਹੋਵਾਹ ਸਾਡੀ ਸਾਰਿਆਂ ਦੀ ਮਦਦ ਕਰੇਗਾ। ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਉਹ ਨਵੀਂ ਦੁਨੀਆਂ ਵਿਚ ਦਾਖ਼ਲ ਹੋਣ ਲਈ ਸਾਡੀ ਮਦਦ ਜ਼ਰੂਰ ਕਰੇਗਾ। ਉਹ ਚਾਹੁੰਦਾ ਹੈ ਕਿ ਅਸੀਂ ਕਾਮਯਾਬ ਹੋਈਏ।

ਇਸ ਲਈ ਅਸੀਂ ਛੋਟੇ-ਵੱਡੇ ਸਾਰੇ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿਚ ਮਿਲਣ ਵਾਲੀਆਂ ਬਰਕਤਾਂ ਨੂੰ ਧਿਆਨ ਵਿਚ ਰੱਖੋ। ਆਓ ਆਪਾਂ ਪੌਲੁਸ ਰਸੂਲ ਵਰਗਾ ਰਵੱਈਆ ਰੱਖੀਏ ਜਿਸ ਨੇ ਲਿਖਿਆ: “ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ।” (ਰੋਮੀ. 8:18) ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਸਮੇਂ ਯਹੋਵਾਹ ਉੱਤੇ ਭਰੋਸਾ ਰੱਖੋ। ਧੀਰਜ ਰੱਖੋ ਤੇ ਹਿੰਮਤ ਨਾ ਹਾਰੋ। ਤੁਹਾਨੂੰ ਕਦੀ ਵੀ ਇਸ ਦਾ ਅਫ਼ਸੋਸ ਨਹੀਂ ਹੋਵੇਗਾ। ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ: “ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।”​—ਹਬ. 2:4.

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ