ਬਹੁਭਾਸ਼ੀ ਖੇਤਰ ਵਿਚ ਚੇਲੇ ਬਣਾਉਣੇ
1 ਸਾਲ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਨੂੰ ਕਈ ਕੌਮਾਂ ਵਿੱਚੋਂ ਆਏ ਲੋਕਾਂ ਦੀ ਵੱਡੀ ਭੀੜ ਨੇ ਇਕ ਬਹੁਤ ਹੀ ਅਚੰਭੇ ਵਾਲਾ ਭਾਸ਼ਣ ਸੁਣਿਆ। ਉਨ੍ਹਾਂ ਨੇ ਕਿਹਾ: “ਵੇਖੋ ਏਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ? ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ?” (ਰਸੂ. 2:7, 8) ਇਹ ਲੋਕ ਸ਼ਾਇਦ ਥੋੜ੍ਹੀ-ਬਹੁਤੀ ਯੂਨਾਨੀ ਜਾਂ ਇਬਰਾਨੀ ਭਾਸ਼ਾ ਵੀ ਬੋਲਦੇ ਸਨ, ਪਰ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣ ਕੇ ਬਹੁਤ ਚੰਗਾ ਲੱਗਾ ਜਿਸ ਕਰਕੇ ਉਸ ਦਿਨ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ।
2 ਅੱਜ ਭਾਰਤ ਵਿਚ 50% ਤੋਂ ਜ਼ਿਆਦਾ ਭੈਣ-ਭਰਾ ਵੱਡੇ ਸ਼ਹਿਰਾਂ ਵਿਚ ਰਹਿੰਦੇ ਹਨ ਜਿੱਥੇ ਕਈ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਕਈ ਲੋਕ ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹੇ ਹਨ ਜਾਂ ਉਨ੍ਹਾਂ ਨੇ ਹੋਰ ਕਿਸੇ ਭਾਸ਼ਾ ਵਿਚ ਵਿੱਦਿਆ ਹਾਸਲ ਕੀਤੀ ਹੈ, ਇਸ ਲਈ ਉਹ ਇਨ੍ਹਾਂ ਭਾਸ਼ਾਵਾਂ ਵਿਚ ਗੱਲਬਾਤ ਕਰਨੀ ਪਸੰਦ ਕਰਦੇ ਹਨ। ਜੇ ਦੂਸਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਸੱਚਾਈ ਸਿੱਖਣੀ ਚਾਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਦੀ ਤਰੱਕੀ ਕਰਨ ਵਿਚ ਕਿੱਦਾਂ ਮਦਦ ਕਰ ਸਕਦੇ ਹੋ? ਉਹ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਕਿੱਦਾਂ ਸੁਣ ਸਕਦੇ ਹਨ? ਕਿਹੜੇ ਪ੍ਰਬੰਧ ਕਰਨ ਦੀ ਲੋੜ ਹੈ ਤਾਂਕਿ ਉਹ ਸਭਾਵਾਂ ਤੋਂ ਪੂਰਾ ਲਾਭ ਹਾਸਲ ਕਰ ਸਕਣ?
3 ਭਾਵੇਂ ਅੱਜ ਸਾਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਚਮਤਕਾਰੀ ਦਾਤ ਨਹੀਂ ਦਿੱਤੀ ਗਈ, ਫਿਰ ਵੀ ਪਵਿੱਤਰ ਆਤਮਾ ਦੀ ਮਦਦ ਨਾਲ ਧਰਤੀ ਉੱਤੇ ਪਰਮੇਸ਼ੁਰ ਦਾ ਸੰਗਠਨ ਇੱਕੋ ਸਮੇਂ ਤੇ ਕਈ ਭਾਸ਼ਾਵਾਂ ਵਿਚ ਕਿਤਾਬਾਂ ਛਾਪ ਰਿਹਾ ਹੈ। ਇਸ ਲਈ, ਭਾਵੇਂ ਦਿਲਚਸਪੀ ਰੱਖਣ ਵਾਲੇ ਨਵੇਂ ਲੋਕ ਸਥਾਨਕ ਭਾਸ਼ਾ ਨੂੰ ਬਹੁਤ ਘੱਟ ਸਮਝਦੇ ਹਨ, ਫਿਰ ਵੀ ਉਹ ਸਭਾਵਾਂ ਦੇ ਪੂਰੇ ਪ੍ਰੋਗ੍ਰਾਮ ਨੂੰ ਸਮਝ ਸਕਦੇ ਹਨ।
4 ਕੁਝ ਕਲੀਸਿਯਾਵਾਂ ਵਿਚ ਬਜ਼ੁਰਗਾਂ ਨੇ ਦੋ ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਖ਼ਾਤਰ ਸਭਾਵਾਂ ਦੇ ਪ੍ਰੋਗ੍ਰਾਮ ਦਾ ਅਨੁਵਾਦ ਕਰਨ ਦਾ ਫ਼ੈਸਲਾ ਕੀਤਾ ਹੈ। ਜਦੋਂ ਸਭਾਵਾਂ ਦਾ ਅਨੁਵਾਦ ਕੀਤਾ ਜਾਂਦਾ ਹੈ, ਤਾਂ ਭਾਸ਼ਣਕਾਰ ਨੂੰ ਦਲੀਲਾਂ ਦਿੰਦੇ ਸਮੇਂ ਵਾਰ-ਵਾਰ ਰੁਕਣਾ ਪੈਂਦਾ ਹੈ। ਅਨੁਵਾਦਕ ਭਾਵੇਂ ਕਿੰਨਾ ਹੀ ਕੁਸ਼ਲ ਕਿਉਂ ਨਾ ਹੋਵੇ, ਫਿਰ ਵੀ ਭਾਸ਼ਣ-ਸਾਮੱਗਰੀ ਦਾ ਸਿਰਫ਼ 60% ਹਿੱਸਾ ਹੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਇਹ ਮਤਲਬ ਹੋਇਆ ਕਿ ਭੈਣ-ਭਰਾ ਅਣਮੋਲ ਅਧਿਆਤਮਿਕ ਭੋਜਨ ਦੇ ਵੱਡੇ ਸਾਰੇ ਹਿੱਸੇ ਤੋਂ ਵਾਂਝੇ ਰਹਿ ਜਾਂਦੇ ਹਨ।
5 ਕਈ ਵਾਰ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਭਾਸ਼ਾ ਵਿਚ ਜਵਾਬ ਜਾਂ ਭਾਸ਼ਣ ਦੇ ਸਕਦੇ ਹਨ। ਇਸ ਨਾਲ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਜੋ ਪਹਿਲੀ ਸਦੀ ਵਿਚ ਪੈਦਾ ਹੋਈ ਸੀ: ‘ਜੇ ਸੱਭੇ ਅੱਡੋ ਅੱਡੀ ਭਾਖਿਆ ਬੋਲਣ ਅਤੇ ਨਾ ਵਾਕਫ਼ ਅਥਵਾ ਨਿਹਚਾਹੀਣ ਲੋਕ ਅੰਦਰ ਆਉਣ ਤਾਂ ਭਲਾ, ਓਹ ਨਹੀਂ ਆਖਣਗੇ, ਭਲਾ, ਤੁਸੀਂ ਪਾਗਲ ਹੋ?’ (1 ਕੁਰਿੰ. 14:23) ਪੌਲੁਸ ਨੇ ਅੱਗੇ ਸਮਝਾਇਆ ਕਿ ਸਭਾਵਾਂ ਕਿੱਦਾਂ ਸਹੀ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ ਹਨ ਤਾਂਕਿ ਉੱਥੇ ਮੌਜੂਦ ਸਾਰੇ ਲੋਕ ਇਨ੍ਹਾਂ ਨੂੰ ਸਮਝ ਸਕਣ।—1 ਕੁਰਿੰ. 14:26-40.
6 ਜੇ ਇਕ ਕਾਬਲ ਭਰਾ ਕਿਸੇ ਖ਼ਾਸ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲ ਸਕਦਾ ਹੈ ਅਤੇ ਇਹੋ ਭਾਸ਼ਾ ਬੋਲਣ ਵਾਲੇ ਕਾਫ਼ੀ ਲੋਕ ਸਭਾਵਾਂ ਵਿਚ ਆਉਂਦੇ ਹਨ, ਤਾਂ ਹੌਲੀ-ਹੌਲੀ ਇਸ ਭਾਸ਼ਾ ਵਿਚ ਇਕ ਨਵੀਂ ਕਲੀਸਿਯਾ ਸਥਾਪਿਤ ਕਰਨੀ ਚੰਗੀ ਗੱਲ ਹੋਵੇਗੀ। ਬਜ਼ੁਰਗ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਸ਼ਾਖ਼ਾ ਦਫ਼ਤਰ ਨੂੰ ਲਿਖ ਸਕਦੇ ਹਨ।
7 ਪਰ ਕਈ ਹਾਲਾਤਾਂ ਵਿਚ ਇਹੋ ਲੋਕ ਸਥਾਨਕ ਭਾਸ਼ਾ ਵੀ ਬੋਲ ਲੈਂਦੇ ਹਨ ਅਤੇ ਹੌਲੀ-ਹੌਲੀ ਉਹ ਇਸ ਨੂੰ ਚੰਗੀ ਤਰ੍ਹਾਂ ਬੋਲਣਾ ਸਿੱਖ ਸਕਦੇ ਹਨ। ਜੇ ਇੱਦਾਂ ਹੈ, ਤਾਂ ਉਨ੍ਹਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਸਿੱਖਣ ਦਾ ਹੌਸਲਾ ਦਿੱਤਾ ਜਾਣਾ ਚਾਹੀਦਾ ਹੈ। ਇਕ ਨਵੀਂ ਭਾਸ਼ਾ ਵਿਚ ਗਰੁੱਪ ਸਿਰਫ਼ ਇਸ ਲਈ ਹੀ ਨਹੀਂ ਸ਼ੁਰੂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਆਪਣੀ ਭਾਸ਼ਾ ਉੱਤੇ ਘਮੰਡ ਹੈ ਜਾਂ ਉਹ ਕੋਈ ਹੋਰ ਭਾਸ਼ਾ ਨਹੀਂ ਬੋਲਣੀ ਚਾਹੁੰਦੇ। ਸੱਚੇ ਦਿਲ ਵਾਲੇ ਲੋਕ ਸੱਚਾਈ ਦਾ ਸੰਦੇਸ਼ ਸੁਣ ਕੇ ਕਲੀਸਿਯਾ ਵਿਚ ਆਉਂਦੇ ਹਨ ਅਤੇ ਅਕਸਰ ਉਹ ਅਜਿਹੀ ਕਿਸੇ ਵੀ ਭਾਸ਼ਾ ਵਿਚ ਸੱਚਾਈ ਨੂੰ ਸਿੱਖਣ ਲਈ ਤਿਆਰ ਹੁੰਦੇ ਹਨ ਜਿਸ ਨੂੰ ਉਹ ਸਮਝ ਸਕਦੇ ਹਨ।
8 ਜਦੋਂ ਇਕ ਵੱਖਰੀ ਭਾਸ਼ਾ ਵਿਚ ਗਰੁੱਪ ਬਣ ਜਾਂਦਾ ਹੈ, ਤਾਂ ਕਲੀਸਿਯਾ ਦੇ ਸਾਰੇ ਭੈਣ-ਭਰਾ ਇਹ ਭਾਸ਼ਾ ਬੋਲਣ ਵਾਲੇ ਨਵੇਂ ਵਿਅਕਤੀਆਂ ਨੂੰ ਇਸ ਗਰੁੱਪ ਦੀਆਂ ਸਭਾਵਾਂ ਵਿਚ ਜਾਣ ਦਾ ਹੌਸਲਾ ਦੇ ਸਕਦੇ ਹਨ, ਭਾਵੇਂ ਇਹ ਸਭਾ ਸਥਾਨ ਥੋੜ੍ਹਾ-ਬਹੁਤ ਦੂਰ ਹੀ ਹੋਵੇ। ਤੁਸੀਂ ਸ਼ਾਇਦ ਉਨ੍ਹਾਂ ਦੀ ਭਾਸ਼ਾ ਚੰਗੀ ਤਰ੍ਹਾਂ ਬੋਲ ਲੈਂਦੇ ਹੋ, ਪਰ ਚੰਗਾ ਹੋਵੇਗਾ ਜੇ ਤੁਸੀਂ ਉਨ੍ਹਾਂ ਦੀ ਭਾਸ਼ਾ ਦੀ ਕਲੀਸਿਯਾ ਦੇ ਕਿਸੇ ਕਾਬਲ ਭੈਣ ਜਾਂ ਭਰਾ ਨੂੰ ਆਪਣੇ ਨਾਲ ਲੈ ਜਾਓ। ਇਸ ਤਰ੍ਹਾਂ, ਇਹ ਭੈਣ ਜਾਂ ਭਰਾ ਉਸ ਨਵੇਂ ਵਿਅਕਤੀ ਦੀ ਅਧਿਆਤਮਿਕ ਤਰੱਕੀ ਕਰਨ ਅਤੇ ਕਲੀਸਿਯਾ ਸਭਾਵਾਂ ਵਿਚ ਆਉਣ ਵਿਚ ਬਾਕਾਇਦਾ ਮਦਦ ਕਰ ਸਕੇਗਾ।
9 ਜੇ ਤੁਹਾਡੇ ਪ੍ਰਚਾਰ ਖੇਤਰ ਦੇ ਕਿਸੇ ਹਿੱਸੇ ਵਿਚ ਜ਼ਿਆਦਾਤਰ ਲੋਕ ਕੋਈ ਹੋਰ ਭਾਸ਼ਾ ਬੋਲਦੇ ਹਨ, ਤਾਂ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸੋ। ਹੋ ਸਕਦਾ ਹੈ ਕਿ ਉਹ ਇਹ ਫ਼ੈਸਲਾ ਕਰਨ ਕਿ ਇਸ ਖੇਤਰ ਵਿਚ ਸਭ ਤੋਂ ਚੰਗੇ ਤਰੀਕੇ ਨਾਲ ਉਹੀ ਕਲੀਸਿਯਾ ਪ੍ਰਚਾਰ ਕਰ ਸਕਦੀ ਹੈ ਜੋ ਉਸ ਭਾਸ਼ਾ ਨੂੰ ਜਾਣਦੀ ਹੈ। ਕਲੀਸਿਯਾਵਾਂ ਵਿਚ ਚੰਗਾ ਆਪਸੀ ਸਹਿਯੋਗ ਹੋਣਾ ਚਾਹੀਦਾ ਹੈ। ਇਹ ਜ਼ਿਆਦਾ ਫ਼ਾਇਦੇਮੰਦ ਹੋਵੇਗਾ ਜੇ ਤੁਸੀਂ ਆਪਣੀ ਸੇਵਕਾਈ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਤੁਹਾਡੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਜਾਂ ਬੋਲਣਾ ਪਸੰਦ ਕਰਦੇ ਹਨ।
10 ਕਈ ਵਾਰ ਇੱਦਾਂ ਹੁੰਦਾ ਹੈ ਕਿ ਮਾਪੇ ਆਪਣੀ ਮਾਤ-ਭਾਸ਼ਾ ਪਸੰਦ ਕਰਦੇ ਹਨ, ਪਰ ਉਨ੍ਹਾਂ ਦੇ ਬੱਚੇ ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹੇ ਹੋਣ ਕਰਕੇ ਅੰਗ੍ਰੇਜ਼ੀ ਪਸੰਦ ਕਰਦੇ ਹਨ। ਅਜਿਹੀ ਹਾਲਤ ਵਿਚ ਕੁਝ ਕਲੀਸਿਯਾਵਾਂ ਦੋ ਭਾਸ਼ਾਵਾਂ ਵਿਚ ਸਭਾਵਾਂ ਕਰਦੀਆਂ ਹਨ ਅਤੇ ਦੋ ਵੱਖੋ-ਵੱਖਰੇ ਪਹਿਰਾਬੁਰਜ ਅਧਿਐਨ ਕੀਤੇ ਜਾਂਦੇ ਹਨ। ਜੇ ਬੱਚੇ ਸਭਾਵਾਂ ਲਈ ਅਲੱਗ ਕਮਰੇ ਵਿਚ ਬੈਠਣਗੇ, ਤਾਂ ਮਾਪੇ ਇਹ ਨਹੀਂ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਸਭਾਵਾਂ ਵਿਚ ਖੁੱਲ੍ਹ ਕੇ ਜਵਾਬ ਦਿੰਦੇ ਹਨ ਜਾਂ ਨਹੀਂ ਅਤੇ ਉਹ ਕਿੰਨੀ ਕੁ ਅਧਿਆਤਮਿਕ ਤਰੱਕੀ ਕਰ ਰਹੇ ਹਨ। ਇਸ ਲਈ ਪਰਿਵਾਰਾਂ ਨੂੰ ਮਿਲ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਪੂਰਾ ਪਰਿਵਾਰ ਕਿਹੜੀ ਭਾਸ਼ਾ ਵਿਚ ਅਧਿਆਤਮਿਕ ਸਿੱਖਿਆ ਹਾਸਲ ਕਰੇਗਾ ਅਤੇ ਪ੍ਰਚਾਰ ਕਰੇਗਾ। ਕੁਝ ਪਰਿਵਾਰਾਂ ਨੇ ਬੱਚਿਆਂ ਦੀ ਖ਼ਾਤਰ ਅੰਗ੍ਰੇਜ਼ੀ ਕਲੀਸਿਯਾ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ।
11 ਇਨ੍ਹਾਂ ਹਿਦਾਇਤਾਂ ਉੱਤੇ ਅਮਲ ਕਰਨ ਦੁਆਰਾ ਸਾਰੇ ਭੈਣ-ਭਰਾ ਪਰਮੇਸ਼ੁਰੀ ਸਿੱਖਿਆ ਦਾ ਪੂਰਾ ਲਾਭ ਹਾਸਲ ਕਰਨਗੇ। ਜਦੋਂ ਨਵੇਂ ਵਿਅਕਤੀ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਦੇ ਹਨ ਅਤੇ ਸਿੱਖਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ, ਤਾਂ ਉਨ੍ਹਾਂ ਦਾ ਦਿਲ ਵੀ ਉਨ੍ਹਾਂ ਨੂੰ ਸਾਡੇ ਮਹਾਨ ਸਿੱਖਿਅਕ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਉਕਸਾਏਗਾ।