ਸੱਚਾਈ ਸਾਨੂੰ ਕਿਵੇਂ ਆਜ਼ਾਦ ਕਰਦੀ ਹੈ
1 ਇਕ ਵਾਰ ਯਿਸੂ ਨੇ ਉਸ ਉੱਤੇ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਨੂੰ ਕਿਹਾ ਸੀ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰ. 8:32) ਉਹ ਜਿਸ ਆਜ਼ਾਦੀ ਦੀ ਗੱਲ ਕਰ ਰਿਹਾ ਸੀ, ਉਹ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਮਿਲਣ ਵਾਲੀ ਆਜ਼ਾਦੀ ਤੋਂ ਵਧ ਕੇ ਹੈ ਤੇ ਇਹ ਸਾਰਿਆਂ ਨੂੰ ਮਿਲ ਸਕਦੀ ਹੈ ਚਾਹੇ ਉਹ ਅਮੀਰ ਹੋਣ ਜਾਂ ਗ਼ਰੀਬ, ਅਨਪੜ੍ਹ ਹੋਣ ਜਾਂ ਪੜ੍ਹੇ-ਲਿਖੇ। ਯਿਸੂ ਨੇ ਜੋ ਸੱਚਾਈ ਸਿਖਾਈ ਸੀ, ਇਸ ਨੇ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਕਰਨਾ ਸੀ। ਜਿਵੇਂ ਯਿਸੂ ਨੇ ਦੱਸਿਆ ਸੀ, “ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ।” (ਯੂਹੰ. 8:34) ਅਸੀਂ ਉਸ ਸਮੇਂ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦੋਂ ਸਾਰੇ ਆਗਿਆਕਾਰ ਇਨਸਾਨ ‘ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਨਗੇ’!—ਰੋਮੀ. 8:21.
2 ਯਿਸੂ ਬਾਰੇ ਸੱਚਾਈ ਅਤੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਉਸ ਦੀ ਭੂਮਿਕਾ ਬਾਰੇ ਸੱਚਾਈ ਜਾਣਨ ਨਾਲ ਸਾਨੂੰ ਇਹ ਆਜ਼ਾਦੀ ਮਿਲਦੀ ਹੈ। ਇਸ ਸੱਚਾਈ ਵਿਚ ਸਾਡੇ ਲਈ ਦਿੱਤੇ ਗਏ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦਾ ਗਿਆਨ ਵੀ ਸ਼ਾਮਲ ਹੈ। (ਰੋਮੀ. 3:24) ਬਾਈਬਲ ਸੱਚਾਈਆਂ ਨੂੰ ਮੰਨਣ ਅਤੇ ਉਨ੍ਹਾਂ ਅਨੁਸਾਰ ਚੱਲਣ ਨਾਲ ਅਸੀਂ ਹੁਣ ਵੀ ਡਰ, ਨਿਰਾਸ਼ਾ ਤੇ ਸਾਰੇ ਹਾਨੀਕਾਰਕ ਕੰਮਾਂ ਤੋਂ ਕਾਫ਼ੀ ਹੱਦ ਤਕ ਆਜ਼ਾਦੀ ਪਾ ਸਕਦੇ ਹਾਂ।
3 ਡਰ ਅਤੇ ਨਿਰਾਸ਼ਾ ਤੋਂ ਆਜ਼ਾਦੀ: ਸਾਨੂੰ ਦੁਨੀਆਂ ਦੇ ਹਾਲਾਤਾਂ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਅੱਜ ਬੁਰਾਈ ਕਿਉਂ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਜਲਦੀ ਹੀ ਇਹ ਬੁਰਾਈ ਹਮੇਸ਼ਾ-ਹਮੇਸ਼ਾ ਲਈ ਧਰਤੀ ਤੋਂ ਖ਼ਤਮ ਕੀਤੀ ਜਾਵੇਗੀ। (ਜ਼ਬੂ. 37:10, 11; 2 ਤਿਮੋ. 3:1; ਪਰ. 12:12) ਇਸ ਤੋਂ ਇਲਾਵਾ, ਸੱਚਾਈ ਸਾਨੂੰ ਮਰੇ ਹੋਇਆਂ ਦੀ ਹਾਲਤ ਬਾਰੇ ਝੂਠੀਆਂ ਸਿੱਖਿਆਵਾਂ ਤੋਂ ਵੀ ਆਜ਼ਾਦ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਮਰੇ ਹੋਏ ਲੋਕ ਸਾਡਾ ਕੁਝ ਨਹੀਂ ਵਿਗਾੜ ਸਕਦੇ, ਉਹ ਤਸੀਹੇ ਨਹੀਂ ਝੱਲ ਰਹੇ ਅਤੇ ਪਰਮੇਸ਼ੁਰ ਲੋਕਾਂ ਨੂੰ ਆਪਣੇ ਕੋਲ ਸਵਰਗ ਲੈ ਜਾਣ ਲਈ ਨਹੀਂ ਮਾਰਦਾ ਹੈ।—ਉਪ. 9:5; ਰਸੂ. 24:15.
4 ਇਸ ਸੱਚਾਈ ਨੇ ਇਕ ਮਾਤਾ-ਪਿਤਾ ਨੂੰ ਦੁੱਖ ਦੀ ਘੜੀ ਵਿਚ ਸੰਭਾਲੀ ਰੱਖਿਆ ਜਦੋਂ ਉਨ੍ਹਾਂ ਦੇ ਬੱਚੇ ਦੀ ਇਕ ਦੁਰਘਟਨਾ ਵਿਚ ਮੌਤ ਹੋ ਗਈ। “ਸਾਡੀ ਜ਼ਿੰਦਗੀ ਵਿਚ ਇਕ ਕਮੀ ਹੈ ਜੋ ਤਦ ਤਕ ਨਹੀਂ ਭਰ ਸਕਦੀ ਜਦੋਂ ਤਕ ਅਸੀਂ ਆਪਣੇ ਪੁੱਤ ਨੂੰ ਪੁਨਰ-ਉਥਾਨ ਤੋਂ ਬਾਅਦ ਦੁਬਾਰਾ ਨਹੀਂ ਦੇਖ ਲੈਂਦੇ,” ਉਸ ਮਾਂ ਨੇ ਕਿਹਾ। “ਪਰ ਅਸੀਂ ਜਾਣਦੇ ਹਾਂ ਕਿ ਸਾਡਾ ਦੁੱਖ ਥੋੜ੍ਹੇ ਸਮੇਂ ਲਈ ਹੈ।”
5 ਹਾਨੀਕਾਰਕ ਕੰਮਾਂ ਤੋਂ ਆਜ਼ਾਦੀ: ਬਾਈਬਲ ਦੀ ਸੱਚਾਈ ਇਨਸਾਨ ਦੀ ਸੋਚਣੀ ਅਤੇ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ ਜਿਸ ਕਰਕੇ ਉਹ ਕਈ ਸਮੱਸਿਆਵਾਂ ਤੋਂ ਬਚ ਸਕਦਾ ਹੈ। (ਅਫ਼. 4:20-24) ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਨਾਲ ਗ਼ਰੀਬੀ ਨੂੰ ਘਟਾਇਆ ਜਾ ਸਕਦਾ ਹੈ। (ਕਹਾ. 13:4) ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਨ ਨਾਲ ਸਾਡਾ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਦਾ ਹੈ। (ਕੁਲੁ. 3:13, 14) ਮਸੀਹੀ ਸਰਦਾਰੀ ਦੇ ਸਿਧਾਂਤ ਦਾ ਆਦਰ ਕਰਨ ਨਾਲ ਪਰਿਵਾਰ ਵਿਚ ਸਮੱਸਿਆਵਾਂ ਘੱਟ ਹੋਣਗੀਆਂ। (ਅਫ਼. 5:33–6:1) ਹੱਦੋਂ ਵੱਧ ਸ਼ਰਾਬ ਪੀਣ, ਅਨੈਤਿਕ ਕੰਮ ਕਰਨ, ਤਮਾਖੂ ਖਾਣ ਤੇ ਦੂਸਰੀਆਂ ਨਸ਼ੀਲੀਆਂ ਦਵਾਈਆਂ ਲੈਣ ਤੋਂ ਪਰਹੇਜ਼ ਕਰਨ ਨਾਲ ਸਾਡੀ ਸਿਹਤ ਚੰਗੀ ਹੋਵੇਗੀ।—ਕਹਾ. 7:21-23; 23:29, 30; 2 ਕੁਰਿੰ. 7:1.
6 ਇਕ ਨੌਜਵਾਨ ਨੂੰ ਨੌਂ ਸਾਲਾਂ ਤੋਂ ਨਸ਼ੇ ਕਰਨ ਦੀ ਲਤ ਲੱਗੀ ਹੋਈ ਸੀ ਤੇ ਉਹ ਚਾਹੁੰਦਾ ਹੋਇਆ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਿਆ ਸੀ। ਇਕ ਦਿਨ ਉਹ ਯਹੋਵਾਹ ਦੀ ਇਕ ਗਵਾਹ ਨੂੰ ਮਿਲਿਆ ਜੋ ਸੜਕ ਤੇ ਲੋਕਾਂ ਨੂੰ ਗਵਾਹੀ ਦੇ ਰਹੀ ਸੀ। ਉਸ ਨੇ ਉਸ ਭੈਣ ਕੋਲੋਂ ਕੁਝ ਕਿਤਾਬਾਂ ਲਈਆਂ। ਜਦੋਂ ਉਸ ਨਾਲ ਪੁਨਰ-ਮੁਲਾਕਾਤ ਕੀਤੀ ਗਈ, ਤਾਂ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਦੋ ਮਹੀਨਿਆਂ ਬਾਅਦ ਉਸ ਨੌਜਵਾਨ ਨੇ ਨਸ਼ੇ ਕਰਨੇ ਪੂਰੀ ਤਰ੍ਹਾਂ ਛੱਡ ਦਿੱਤੇ ਅਤੇ ਅੱਠ ਮਹੀਨੇ ਸਟੱਡੀ ਕਰਨ ਤੋਂ ਬਾਅਦ ਬਪਤਿਸਮਾ ਲੈ ਲਿਆ। ਜਦੋਂ ਉਸ ਦੇ ਭਰਾ ਤੇ ਭਾਬੀ ਨੇ ਦੇਖਿਆ ਕਿ ਉਸ ਨੇ ਨਸ਼ਿਆਂ ਤੋਂ ਛੁਟਕਾਰਾ ਪਾ ਲਿਆ ਸੀ, ਤਾਂ ਉਨ੍ਹਾਂ ਨੇ ਵੀ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।
7 ਆਜ਼ਾਦ ਹੋਣ ਵਿਚ ਦੂਸਰਿਆਂ ਦੀ ਮਦਦ ਕਰੋ: ਜਿਹੜੇ ਲੋਕ ਸਾਰੀ ਜ਼ਿੰਦਗੀ ਝੂਠੀਆਂ ਸਿੱਖਿਆਵਾਂ ਦੇ ਗ਼ੁਲਾਮ ਰਹੇ ਹਨ, ਉਨ੍ਹਾਂ ਨੂੰ ਸ਼ਾਇਦ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਗਈ ਆਜ਼ਾਦੀ ਨੂੰ ਸਮਝਣਾ ਮੁਸ਼ਕਲ ਲੱਗੇ। ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਸਿੱਖਿਅਕ ਨੂੰ ਮਿਹਨਤ ਨਾਲ ਚੰਗੀ ਤਿਆਰੀ ਕਰਨ ਦੀ ਲੋੜ ਹੈ। (2 ਤਿਮੋ. 4:2, 5) “ਬੰਧੂਆਂ ਨੂੰ ਛੁੱਟਣ ਦਾ” ਪ੍ਰਚਾਰ ਕਰਨ ਦੇ ਕੰਮ ਵਿਚ ਹੁਣ ਢਿੱਲੇ ਪੈਣ ਦਾ ਸਮਾਂ ਨਹੀਂ ਹੈ। (ਯਸਾ. 61:1) ਮਸੀਹੀ ਆਜ਼ਾਦੀ ਬਹੁਤ ਕੀਮਤੀ ਹੈ। ਇਸ ਨੂੰ ਪਾਉਣ ਦਾ ਮਤਲਬ ਹੈ ਅਨੰਤ ਜ਼ਿੰਦਗੀ ਨੂੰ ਪਾਉਣਾ।—1 ਤਿਮੋ. 4:16.