ਅਪਾਹਜ—ਫਿਰ ਵੀ ਕਾਮਯਾਬ
1 ਜੇ ਤੁਸੀਂ ਯਹੋਵਾਹ ਦੇ ਉਨ੍ਹਾਂ ਗਵਾਹਾਂ ਵਿੱਚੋਂ ਹੋ ਜੋ ਅਪਾਹਜ ਹਨ, ਤਾਂ ਹੌਸਲਾ ਰੱਖੋ ਕਿ ਤੁਸੀਂ ਵੀ ਕਾਮਯਾਬੀ ਨਾਲ ਸੇਵਕਾਈ ਕਰ ਸਕਦੇ ਹੋ। ਅਸਲ ਵਿਚ ਤੁਹਾਨੂੰ ਆਪਣੇ ਹਾਲਾਤਾਂ ਕਰਕੇ ਗਵਾਹੀ ਦੇਣ ਅਤੇ ਦੂਸਰਿਆਂ ਨੂੰ ਹੱਲਾਸ਼ੇਰੀ ਦੇਣ ਦੇ ਖ਼ਾਸ ਮੌਕੇ ਮਿਲ ਸਕਦੇ ਹਨ।
2 ਗਵਾਹੀ ਦੇਣੀ: ਜਿਹੜੇ ਗਵਾਹ ਅਪਾਹਜ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੇਵਕਾਈ ਵਿਚ ਪੂਰਾ-ਪੂਰਾ ਹਿੱਸਾ ਲੈ ਰਹੇ ਹਨ। ਉਦਾਹਰਣ ਲਈ, ਇਕ ਭੈਣ ਦਾ ਓਪਰੇਸ਼ਨ ਹੋਣ ਤੋਂ ਬਾਅਦ ਉਸ ਲਈ ਬੋਲਣਾ ਤੇ ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ। ਪਰ ਉਸ ਨੇ ਦੇਖਿਆ ਕਿ ਜੇ ਉਸ ਦਾ ਪਤੀ ਉਸ ਜਗ੍ਹਾ ਕਾਰ ਖੜ੍ਹੀ ਕਰੇ ਜਿੱਥੋਂ ਕਾਫ਼ੀ ਲੋਕ ਲੰਘਦੇ ਸਨ, ਤਾਂ ਉਹ ਲੋਕਾਂ ਨੂੰ ਰਸਾਲੇ ਵੰਡ ਸਕਦੀ ਸੀ। ਇਕ ਵਾਰ ਉਸ ਨੇ ਦੋ ਘੰਟਿਆਂ ਵਿਚ ਹੀ 80 ਰਸਾਲੇ ਵੰਡੇ! ਤੁਹਾਡੀ ਇਸ ਹਾਲਤ ਕਰਕੇ ਤੁਹਾਨੂੰ ਅਜਿਹੇ ਲੋਕਾਂ ਨੂੰ ਮਿਲਣ ਦਾ ਮੌਕਾ ਵੀ ਮਿਲ ਸਕਦਾ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਮਿਲਣਾ ਬਹੁਤ ਔਖਾ ਹੁੰਦਾ ਹੈ। ਜੇ ਇਸ ਤਰ੍ਹਾਂ ਹੈ, ਤਾਂ ਇਸ ਨੂੰ ਆਪਣਾ ਖ਼ਾਸ ਖੇਤਰ ਵਿਚਾਰੋ।
3 ਤੁਹਾਡਾ ਪ੍ਰਚਾਰ ਕੰਮ ਕਾਫ਼ੀ ਪ੍ਰਭਾਵਸ਼ਾਲੀ ਹੋ ਸਕਦਾ ਹੈ! ਜਦੋਂ ਦੂਸਰੇ ਲੋਕ ਤੁਹਾਡੇ ਦ੍ਰਿੜ੍ਹ ਇਰਾਦੇ ਅਤੇ ਤੁਹਾਡੀ ਜ਼ਿੰਦਗੀ ਉੱਤੇ ਪਏ ਬਾਈਬਲ ਦੇ ਚੰਗੇ ਅਸਰ ਨੂੰ ਦੇਖਣਗੇ, ਤਾਂ ਉਹ ਵੀ ਸ਼ਾਇਦ ਰਾਜ ਦੇ ਸੰਦੇਸ਼ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣ। ਇਸ ਤੋਂ ਇਲਾਵਾ, ਜਦੋਂ ਤੁਸੀਂ ਆਪਣੇ ਵਰਗੇ ਦੁਖੀ ਲੋਕਾਂ ਨੂੰ ਮਿਲਦੇ ਹੋ, ਤਾਂ ਤੁਹਾਡਾ ਤਜਰਬਾ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸਾ ਦਿਓ।—2 ਕੁਰਿੰ. 1:4.
4 ਦੂਸਰਿਆਂ ਨੂੰ ਹੌਸਲਾ ਦਿਓ: ਕੀ ਤੁਹਾਨੂੰ ਲਾਰਲ ਦੀ ਮਿਸਾਲ ਤੋਂ ਹੌਸਲਾ ਨਹੀਂ ਮਿਲਿਆ ਜਿਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਲੋਹੇ ਦੇ ਇਕ ਸਾਹ ਲੈਣ ਵਾਲੇ ਯੰਤਰ ਵਿਚ ਬਿਤਾਏ? ਫਿਰ ਵੀ ਉਸ ਨੇ 17 ਲੋਕਾਂ ਦੀ ਬਾਈਬਲ ਦਾ ਸਹੀ ਗਿਆਨ ਪ੍ਰਾਪਤ ਕਰਨ ਵਿਚ ਮਦਦ ਕੀਤੀ। ਇਸੇ ਤਰ੍ਹਾਂ, ਤੁਹਾਡੀ ਮਿਸਾਲ ਬਾਕੀ ਭੈਣ-ਭਰਾਵਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨ।—g93 1/22 ਸਫ਼ੇ 18-21.
5 ਜੇ ਤੁਸੀਂ ਆਪਣੀ ਹਾਲਤ ਕਰਕੇ ਜ਼ਿਆਦਾ ਸੇਵਕਾਈ ਨਹੀਂ ਕਰ ਸਕਦੇ, ਤਾਂ ਵੀ ਤੁਸੀਂ ਦੂਸਰਿਆਂ ਨੂੰ ਹੌਸਲਾ ਦੇ ਸਕਦੇ ਹੋ। ਇਕ ਭਰਾ ਨੇ ਕਿਹਾ: “ਮੈਂ ਇਹ ਜਾਣਿਆ ਹੈ ਕਿ ਗੰਭੀਰ ਰੂਪ ਵਿਚ ਅਪਾਹਜ ਵਿਅਕਤੀ ਵੀ ਦੂਸਰਿਆਂ ਦੀ ਮਦਦ ਕਰ ਸਕਦਾ ਹੈ। ਮੈਂ ਤੇ ਮੇਰੀ ਪਤਨੀ ਨੇ ਕਲੀਸਿਯਾ ਵਿਚ ਕਈ ਭੈਣ-ਭਰਾਵਾਂ ਦੀ ਮਦਦ ਕੀਤੀ ਹੈ। ਆਪਣੀ ਹਾਲਤ ਕਰਕੇ ਅਸੀਂ ਹਮੇਸ਼ਾ ਇੱਥੇ ਹੀ ਰਹਿੰਦੇ ਹਾਂ ਤੇ ਮਦਦ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਾਂ।” ਇਹ ਸੱਚ ਹੈ ਕਿ ਅਪਾਹਜ ਹੋਣ ਕਰਕੇ ਤੁਸੀਂ ਸ਼ਾਇਦ ਉੱਨਾ ਨਹੀਂ ਕਰ ਸਕਦੇ, ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ। ਪਰ ਫਿਰ ਵੀ, ਦੂਸਰਿਆਂ ਦੀ ਮਦਦ ਨਾਲ ਤੁਸੀਂ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈ ਸਕਦੇ ਹੋ। ਇਸ ਲਈ ਜੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਇਸ ਬਾਰੇ ਕਲੀਸਿਯਾ ਦੇ ਬਜ਼ੁਰਗਾਂ ਜਾਂ ਦੂਸਰੇ ਮਦਦਗਾਰ ਭੈਣ-ਭਰਾਵਾਂ ਨਾਲ ਗੱਲ ਕਰਨ ਤੋਂ ਨਾ ਝਿਜਕੋ।
6 ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਜੋ ਵੀ ਕਰਦੇ ਹੋ, ਉਸ ਨੂੰ ਉਹ ਦੇਖਦਾ ਹੈ। ਜਦੋਂ ਤੁਸੀਂ ਪੂਰੇ ਤਨ-ਮਨ ਨਾਲ ਉਸ ਦੀ ਸੇਵਾ ਕਰਦੇ ਹੋ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂ. 139:1-4) ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖੋ ਤੇ ਉਹ ਕਾਮਯਾਬੀ ਨਾਲ ਸੇਵਕਾਈ ਕਰਨ ਲਈ ਤੁਹਾਨੂੰ ਬਲ ਦੇਵੇਗਾ।—2 ਕੁਰਿੰ. 12:7-10.