ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/01 ਸਫ਼ੇ 3-6
  • ਅਪ੍ਰੈਲ—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਪ੍ਰੈਲ—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?
    ਸਾਡੀ ਰਾਜ ਸੇਵਕਾਈ—2000
  • ‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ’
    ਸਾਡੀ ਰਾਜ ਸੇਵਕਾਈ—2002
  • ਭਲਾਈ ਕਰਨ ਵਿਚ ਜੋਸ਼ ਦਿਖਾਓ!
    ਸਾਡੀ ਰਾਜ ਸੇਵਕਾਈ—2003
  • ‘ਸਭਨਾਂ ਨਾਲ ਭਲਾ ਕਰੋ’
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 3/01 ਸਫ਼ੇ 3-6

ਅਪ੍ਰੈਲ​—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ

1 ਸਮਾਰਕ ਦੇ ਹਫ਼ਤਿਆਂ ਦੌਰਾਨ ਯਹੋਵਾਹ ਦੇ ਲੋਕ ਕਈ ਗੱਲਾਂ ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਦੇ ਹਨ। ਇਹ ਮਸੀਹ ਦੀ ਮੌਤ ਤੋਂ ਮਿਲੇ ਫ਼ਾਇਦਿਆਂ ਬਾਰੇ ਅਤੇ ਪਰਮੇਸ਼ੁਰ ਵੱਲੋਂ ਦਿੱਤੀ ਉਸ ਆਸ ਬਾਰੇ ਸੋਚਣ ਦਾ ਸਮਾਂ ਹੈ ਜੋ ਸਾਨੂੰ ਯਿਸੂ ਦੇ ਵਹਾਏ ਹੋਏ ਖ਼ੂਨ ਦੁਆਰਾ ਮਿਲਦੀ ਹੈ। ਜਦੋਂ ਤੁਸੀਂ ਪਿਛਲੇ ਸਾਲ ਦੇ 19 ਅਪ੍ਰੈਲ ਬਾਰੇ ਸੋਚਦੇ ਹੋ, ਤਾਂ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਕਿਹੜੀ ਤਸਵੀਰ ਉੱਭਰ ਕੇ ਸਾਮ੍ਹਣੇ ਆਉਂਦੀ ਹੈ? ਕੀ ਤੁਹਾਨੂੰ ਉਸ ਸ਼ਾਮ ਇਕੱਠੇ ਹੋਏ ਲੋਕਾਂ ਦੇ ਚਿਹਰੇ, ਸਮਾਰਕ ਸਮਾਰੋਹ ਦਾ ਸ਼ਾਨਦਾਰ ਅਧਿਆਤਮਿਕ ਮਾਹੌਲ, ਬਾਈਬਲ ਤੇ ਆਧਾਰਿਤ ਗੰਭੀਰ ਭਾਸ਼ਣ ਅਤੇ ਦਿਲੀ ਪ੍ਰਾਰਥਨਾਵਾਂ ਯਾਦ ਹਨ? ਯਹੋਵਾਹ ਤੇ ਯਿਸੂ ਦੇ ਪਿਆਰ ਨੂੰ ਦੇਖ ਕੇ ਤੁਸੀਂ ਸ਼ਾਇਦ ਉਦੋਂ ਪੱਕਾ ਇਰਾਦਾ ਕੀਤਾ ਹੋਣਾ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਮਿਹਨਤ ਕਰੋਗੇ। ਹੁਣ ਸਮਾਰਕ ਉੱਤੇ ਮਨਨ ਕਰ ਕੇ ਤੁਹਾਡੇ ਤੇ ਕੀ ਅਸਰ ਪੈਂਦਾ ਹੈ?

2 ਇਹ ਸਪੱਸ਼ਟ ਹੈ ਕਿ ਯਹੋਵਾਹ ਦੇ ਲੋਕ ਸਿਰਫ਼ ਸ਼ਬਦਾਂ ਰਾਹੀਂ ਹੀ ਕਦਰਦਾਨੀ ਨਹੀਂ ਦਿਖਾਉਂਦੇ। (ਕੁਲੁ. 3:15, 17) ਖ਼ਾਸ ਕਰਕੇ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਅਸੀਂ ਮੁਕਤੀ ਲਈ ਯਹੋਵਾਹ ਦੇ ਪ੍ਰਬੰਧਾਂ ਪ੍ਰਤੀ ਆਪਣੀ ਕਦਰਦਾਨੀ ਦਿਖਾਉਣ ਲਈ ਜ਼ਿਆਦਾ ਮਸੀਹੀ ਸੇਵਕਾਈ ਕੀਤੀ। ਸੈਂਕੜੇ ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਜਿਸ ਨਾਲ ਭਾਰਤ ਵਿਚ ਸਹਿਯੋਗੀ ਪਾਇਨੀਅਰਾਂ ਦੀ ਗਿਣਤੀ ਪਿਛਲੇ ਸਿਖਰ ਤੋਂ 34 ਫੀ ਸਦੀ ਜ਼ਿਆਦਾ ਹੋ ਗਈ ਸੀ। ਉਨ੍ਹਾਂ ਦੀ ਅਤੇ ਬਾਕੀ ਸਾਰੇ ਰਾਜ ਪ੍ਰਕਾਸ਼ਕਾਂ ਦੀ ਮਿਹਨਤ ਸਦਕਾ ਘੰਟਿਆਂ, ਰਸਾਲਿਆਂ ਅਤੇ ਪੁਨਰ-ਮੁਲਾਕਾਤਾਂ ਦੀ ਗਿਣਤੀ ਵਿਚ ਨਵੇਂ ਸਿਖਰ ਹਾਸਲ ਹੋਏ। ਸਾਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੋਈ ਕਿ ਹਜ਼ਾਰਾਂ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ ਅਤੇ ਸਮਾਰਕ ਦੀ ਹਾਜ਼ਰੀ ਵਿਚ ਇਕ ਨਵਾਂ ਸਿਖਰ ਹਾਸਲ ਹੋਇਆ!

3 ਜੀ ਹਾਂ, ਸਾਡੀ ਪੱਕੀ ਆਸ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਦੀ ਹੈ। ਪੌਲੁਸ ਰਸੂਲ ਨੇ ਵੀ ਇਹੋ ਕਿਹਾ ਸੀ: “ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।”​—1 ਤਿਮੋ. 4:10.

4 ਇਸ ਸਾਲ, ਸਮਾਰਕ ਦੇ ਮਹੀਨੇ ਦੌਰਾਨ ਤੁਸੀਂ ਯਹੋਵਾਹ ਵੱਲੋਂ ਇਨਸਾਨ ਨੂੰ ਜ਼ਿੰਦਗੀ ਦੇਣ ਲਈ ਕੀਤੇ ਪ੍ਰਬੰਧਾਂ ਵਿਚ ਆਪਣੀ ਨਿਹਚਾ ਕਿਵੇਂ ਦਿਖਾਓਗੇ? ਪਿਛਲੇ ਅਪ੍ਰੈਲ ਮਹੀਨੇ ਵਿਚ ਭਾਰਤ ਨੇ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਦੂਜੀ ਵਾਰ ਸਿਖਰ ਹਾਸਲ ਕੀਤਾ। ਕੀ ਅਸੀਂ ਇਸ ਅਪ੍ਰੈਲ ਮਹੀਨੇ ਵਿਚ ਇਸ ਗਿਣਤੀ ਨੂੰ ਪਾਰ ਕਰ ਸਕਦੇ ਹਾਂ? ਇਹ ਮੁਮਕਿਨ ਹੈ ਜੇ ਹਰੇਕ ਬਪਤਿਸਮਾ-ਪ੍ਰਾਪਤ ਤੇ ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਵਿਚ ਹਿੱਸਾ ਲਵੇ। ਬਹੁਤ ਸਾਰੇ ਨਵੇਂ ਵਿਅਕਤੀ ਵੀ ਇਸ ਵਿਚ ਹਿੱਸਾ ਲੈਣ ਦੇ ਯੋਗ ਬਣ ਸਕਦੇ ਹਨ। ਇਸ ਲਈ, ਇਸ ਅਪ੍ਰੈਲ ਮਹੀਨੇ ਦੌਰਾਨ ਮਿਹਨਤ ਤੇ ਜਤਨ ਕਰਨ ਦੀਆਂ ਯੋਜਨਾਵਾਂ ਬਣਾਉਣ ਵੇਲੇ ਤੁਸੀਂ ਦੂਜਿਆਂ ਨੂੰ ਆਪਣੇ ਨਾਲ ਸੇਵਕਾਈ ਕਰਨ ਦੀ ਪ੍ਰੇਰਣਾ ਦੇਣ ਦੇ ਤਰੀਕਿਆਂ ਬਾਰੇ ਸੋਚ ਸਕਦੇ ਹੋ। ਤੁਸੀਂ ਨਵੇਂ ਅਤੇ ਘੱਟ ਤਜਰਬੇਕਾਰ ਪ੍ਰਕਾਸ਼ਕਾਂ ਦੀ ਵੀ ਪ੍ਰਚਾਰ ਕਰਨ ਵਿਚ ਮਦਦ ਕਰ ਸਕਦੇ ਹੋ।

5 ਦੂਜਿਆਂ ਦੀ ਮੁੜ ਸਰਗਰਮ ਹੋਣ ਵਿਚ ਮਦਦ ਕਰਨੀ: ਜੇ ਤੁਸੀਂ ਕਿਸੇ ਅਜਿਹੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜੋ ਇਕ-ਦੋ ਮਹੀਨਿਆਂ ਤੋਂ ਪ੍ਰਚਾਰ ਕੰਮ ਨਹੀਂ ਕਰ ਰਿਹਾ ਹੈ, ਤਾਂ ਤੁਸੀਂ ਸ਼ਾਇਦ ਉਸ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹੋ ਤੇ ਉਸ ਨੂੰ ਆਪਣੇ ਨਾਲ ਸੇਵਕਾਈ ਵਿਚ ਜਾਣ ਦਾ ਸੱਦਾ ਦੇ ਸਕਦੇ ਹੋ। ਜੇ ਕਲੀਸਿਯਾ ਵਿਚ ਕੁਝ ਪ੍ਰਕਾਸ਼ਕ ਗ਼ੈਰ-ਸਰਗਰਮ ਹਨ, ਤਾਂ ਬਜ਼ੁਰਗ ਉਨ੍ਹਾਂ ਨਾਲ ਮਿਲਣ ਦਾ ਖ਼ਾਸ ਜਤਨ ਕਰਨਗੇ ਤੇ ਉਨ੍ਹਾਂ ਨੂੰ ਅਪ੍ਰੈਲ ਵਿਚ ਫਿਰ ਤੋਂ ਸਰਗਰਮ ਹੋਣ ਦੀ ਪ੍ਰੇਰਣਾ ਦੇਣਗੇ।

6 ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਉਸ ਦੀ ਸੇਵਾ ਕਰਨ ਲਈ ਤਾਕਤ ਹਾਸਲ ਕਰੀਏ। (ਲੂਕਾ 11:13) ਪਵਿੱਤਰ ਆਤਮਾ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ? ਸਾਨੂੰ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਪੜ੍ਹਨ ਦੀ ਲੋੜ ਹੈ। (2 ਤਿਮੋ. 3:16, 17) ਨਾਲੇ ਸਾਨੂੰ ਹਫ਼ਤੇ ਵਿਚ ਪੰਜੇ ਸਭਾਵਾਂ ਵਿਚ ਹਾਜ਼ਰ ਹੋ ਕੇ ਇਹ ਸੁਣਨ ਦੀ ਲੋੜ ਹੈ “ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।” (ਪਰ. 3:6) ਸਾਡੇ ਲਈ ਇਹ ਇਕ ਵਧੀਆ ਮੌਕਾ ਹੈ ਕਿ ਅਸੀਂ ਅਨਿਯਮਿਤ ਤੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਹੋਰ ਜ਼ਿਆਦਾ ਅਧਿਐਨ ਕਰਨ ਅਤੇ ਬਾਕਾਇਦਾ ਸਭਾਵਾਂ ਵਿਚ ਆਉਣ ਵਿਚ ਮਦਦ ਕਰੀਏ। (ਜ਼ਬੂ. 50:23) ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਅਸੀਂ ਆਪਣੀ ਅਧਿਆਤਮਿਕ ਸਿਹਤ ਦਾ ਵੀ ਧਿਆਨ ਰੱਖਾਂਗੇ। ਪਰ ਇਸ ਤੋਂ ਇਲਾਵਾ ਵੀ ਕੁਝ ਕਰਨ ਦੀ ਲੋੜ ਹੈ।

7 ਪਤਰਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ “ਆਪਣੇ ਮੰਨਣ ਵਾਲਿਆਂ” ਨੂੰ ਪਵਿੱਤਰ ਆਤਮਾ ਬਖ਼ਸ਼ਦਾ ਹੈ। (ਰਸੂ. 5:32) ਪਰਮੇਸ਼ੁਰ ਦੀ ਗੱਲ ਮੰਨਣ ਵਿਚ ਇਹ ਹੁਕਮ ਮੰਨਣਾ ਵੀ ਸ਼ਾਮਲ ਹੈ ਕਿ ਅਸੀਂ ‘ਲੋਕਾਂ ਦੇ ਅੱਗੇ ਪਰਚਾਰ ਕਰੀਏ ਅਤੇ ਸਾਖੀ ਦਈਏ।’ (ਰਸੂ. 1:8; 10:42) ਇਸ ਲਈ, ਭਾਵੇਂ ਇਹ ਸੱਚ ਹੈ ਕਿ ਸਾਨੂੰ ਪ੍ਰਚਾਰ ਕਰਨ ਦੀ ਤਾਕਤ ਪਰਮੇਸ਼ੁਰ ਦੀ ਆਤਮਾ ਤੋਂ ਮਿਲਦੀ ਹੈ, ਪਰ ਇਹ ਵੀ ਸੱਚ ਹੈ ਕਿ ਜਦੋਂ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਆਪਣੀ ਇੱਛਾ ਜ਼ਾਹਰ ਕਰਦੇ ਹਾਂ, ਤਾਂ ਉਹ ਸਾਡੀ ਹੋਰ ਵੀ ਜ਼ਿਆਦਾ ਮਦਦ ਕਰੇਗਾ। ਆਓ ਅਸੀਂ ਆਪਣੀ ਇੱਛਾ ਨਾਲ ਪਰਮੇਸ਼ੁਰ ਦੀ ਆਗਿਆ ਮੰਨਦੇ ਹੋਏ ਇਹ ਸਾਰੇ ਬੁਨਿਆਦੀ ਕਦਮ ਚੁੱਕਣ ਦੀ ਅਹਿਮੀਅਤ ਨੂੰ ਕਦੀ ਘੱਟ ਨਾ ਸਮਝੀਏ!

8 ਬੱਚਿਆਂ ਦੀ ਮਦਦ ਕਰਨੀ: ਮਾਪਿਓ, ਕੀ ਤੁਸੀਂ ਦੇਖਦੇ ਹੋ ਕਿ ਤੁਹਾਡੇ ਬੱਚੇ ਸੱਚਾਈ ਬਾਰੇ ਦੂਜਿਆਂ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ? ਕੀ ਉਹ ਤੁਹਾਡੇ ਨਾਲ ਪ੍ਰਚਾਰ ਕਰਨ ਜਾਂਦੇ ਹਨ? ਕੀ ਉਨ੍ਹਾਂ ਦਾ ਚਾਲ-ਚਲਣ ਦੂਜਿਆਂ ਲਈ ਇਕ ਮਿਸਾਲ ਹੈ? ਜੇ ਹਾਂ, ਤਾਂ ਦੇਰ ਕਿਸ ਗੱਲ ਦੀ? ਕਲੀਸਿਯਾ ਸੇਵਾ ਸਮਿਤੀ ਦੇ ਕਿਸੇ ਇਕ ਮੈਂਬਰ ਨਾਲ ਗੱਲ ਕਰ ਕੇ ਦੇਖੋ ਕਿ ਤੁਹਾਡੇ ਬੱਚੇ ਇਸ ਅਪ੍ਰੈਲ ਮਹੀਨੇ ਵਿਚ ਪ੍ਰਕਾਸ਼ਕ ਬਣ ਸਕਦੇ ਹਨ ਜਾਂ ਨਹੀਂ। (ਆਪਣੀ ਸੇਵਕਾਈ [ਅੰਗ੍ਰੇਜ਼ੀ] ਕਿਤਾਬ, ਸਫ਼ੇ 99-100 ਦੇਖੋ।) ਸਮਾਰਕ ਦੇ ਇਸ ਮਹੀਨੇ ਦੌਰਾਨ ਯਹੋਵਾਹ ਦੀ ਮਹਿਮਾ ਕਰਦੀਆਂ ਬੁਲੰਦ ਆਵਾਜ਼ਾਂ ਵਿਚ ਤੁਹਾਡੇ ਬੱਚੇ ਵੀ ਵੱਡਾ ਯੋਗਦਾਨ ਪਾ ਸਕਦੇ ਹਨ।​—ਮੱਤੀ 21:15, 16.

9 ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਮਸੀਹੀ ਮਾਂ ਹਮੇਸ਼ਾ ਆਪਣੀ ਛੋਟੀ ਕੁੜੀ ਨੂੰ ਯਹੋਵਾਹ ਬਾਰੇ ਦੂਜਿਆਂ ਨੂੰ ਦੱਸਣ ਦੀ ਪ੍ਰੇਰਣਾ ਦਿੰਦੀ ਸੀ। ਪਿਛਲੇ ਸਾਲ ਜਦੋਂ ਇਹ ਕੁੜੀ ਆਪਣੀ ਮਾਂ ਨਾਲ ਪ੍ਰਚਾਰ ਕੰਮ ਕਰ ਰਹੀ ਸੀ, ਤਾਂ ਉਸ ਨੇ ਇਕ ਆਦਮੀ ਨੂੰ ਮੰਗ ਬਰੋਸ਼ਰ ਦਿੱਤਾ ਤੇ ਇਸ ਦੀ ਵਿਸ਼ਾ-ਸੂਚੀ ਬਾਰੇ ਸੰਖੇਪ ਵਿਚ ਦੱਸਿਆ। ਆਦਮੀ ਨੇ ਉਸ ਨੂੰ ਪੁੱਛਿਆ: “ਤੂੰ ਕਿੰਨੇ ਸਾਲਾਂ ਦੀ ਹੈਂ?” ਕੁੜੀ ਨੇ ਜਵਾਬ ਦਿੱਤਾ: “ਸੱਤ ਸਾਲਾਂ ਦੀ।” ਉਹ ਆਦਮੀ ਬਹੁਤ ਹੈਰਾਨ ਹੋਇਆ ਕਿ ਇੰਨੀ ਛੋਟੀ ਉਮਰ ਵਿਚ ਇਹ ਕੁੜੀ ਇੰਨੇ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਦੀ ਹੈ। ਉਸ ਆਦਮੀ ਨੇ ਦੱਸਿਆ ਕਿ ਛੋਟੇ ਹੁੰਦਿਆਂ ਉਸ ਦਾ ਗਵਾਹਾਂ ਨਾਲ ਉੱਠਣਾ-ਬੈਠਣਾ ਸੀ, ਪਰ ਉਸ ਨੇ ਕਦੇ ਵੀ ਸੱਚਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਲਦੀ ਹੀ ਇਸ ਆਦਮੀ ਨਾਲ ਤੇ ਉਸ ਦੀ ਪਤਨੀ ਤੇ ਧੀ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ।

10 ਕਈ ਬੱਚੇ ਪਹਿਲਾਂ ਹੀ ਪ੍ਰਕਾਸ਼ਕ ਹਨ ਜਿਨ੍ਹਾਂ ਨਾਲ ਪ੍ਰਚਾਰ ਕੰਮ ਕਰ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ। ਇਹ ਨੌਜਵਾਨ ਦੂਜੇ ਨੌਜਵਾਨਾਂ ਦੀ ਕਾਫ਼ੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਨ। ਪਰ ਅਪ੍ਰੈਲ ਦੌਰਾਨ ਹਰ ਪਰਿਵਾਰ ਦੇ ਮੈਂਬਰ ਆਪਣੇ ਆਪਸੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰ ਸਕਦੇ ਹਨ ਅਤੇ ਮਿਲ ਕੇ ਪਵਿੱਤਰ ਸੇਵਾ ਕਰਨ ਨਾਲ ਆਪਣੀ ਅਧਿਆਤਮਿਕਤਾ ਵਧਾ ਸਕਦੇ ਹਨ। ਇਸ ਵਿਚ ਪਰਿਵਾਰ ਦੇ ਮੁਖੀਏ ਨੂੰ ਅਗਵਾਈ ਲੈਣੀ ਚਾਹੀਦੀ ਹੈ।​—ਕਹਾ. 24:27.

11 ਨਵੇਂ ਵਿਅਕਤੀਆਂ ਦੀ ਮਦਦ ਕਰਨੀ: ਉਨ੍ਹਾਂ ਨਵੇਂ ਵਿਅਕਤੀਆਂ ਬਾਰੇ ਕੀ ਜਿਨ੍ਹਾਂ ਨਾਲ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ? ਕੀ ਉਹ ਇਸ ਅਪ੍ਰੈਲ ਮਹੀਨੇ ਦੀ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਸਕਦੇ ਹਨ? ਹੋ ਸਕਦਾ ਹੈ ਕਿ ਜਦੋਂ ਤੁਸੀਂ ਗਿਆਨ ਕਿਤਾਬ ਦੇ ਅਧਿਆਇ 2 ਦੇ ਪੈਰਾ 22 ਦੀ, ਜਾਂ ਅਧਿਆਇ 11 ਦੇ ਪੈਰਾ 14 ਦੀ ਚਰਚਾ ਕੀਤੀ ਸੀ, ਤਾਂ ਸਿੱਖਿਆਰਥੀ ਨੇ ਸਿੱਖੀਆਂ ਗੱਲਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਇੱਛਾ ਪ੍ਰਗਟਾਈ ਹੋਵੇ। ਜੇ ਤੁਸੀਂ ਕਿਤਾਬ ਦੇ ਅਖ਼ੀਰ ਵਿਚ ਪਹੁੰਚ ਗਏ ਹੋ, ਤਾਂ ਅਧਿਆਇ 18 ਦਾ ਪੈਰਾ 8 ਪੜ੍ਹ ਕੇ ਇਸ ਮਾਮਲੇ ਬਾਰੇ ਸਾਫ਼-ਸਾਫ਼ ਗੱਲ ਕਰੋ। ਇਹ ਪੈਰਾ ਕਹਿੰਦਾ ਹੈ: “ਇਹ ਸੰਭਵ ਹੈ ਕਿ ਤੁਸੀਂ ਜੋ ਸਿੱਖ ਰਹੋ ਹੋ ਉਹ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਅਤੇ ਦੂਜਿਆਂ ਨੂੰ ਦੱਸਣ ਲਈ ਉਤਸੁਕ ਹੋ। ਦਰਅਸਲ, ਤੁਸੀਂ ਸ਼ਾਇਦ ਇਹ ਪਹਿਲਾਂ ਹੀ ਕਰਦੇ ਰਹੇ ਹੋ, ਜਿਵੇਂ ਕਿ ਯਿਸੂ ਨੇ ਵੀ ਦੂਜਿਆਂ ਨਾਲ ਗ਼ੈਰ-ਰਸਮੀ ਸਥਿਤੀਆਂ ਵਿਚ ਖ਼ੁਸ਼ ਖ਼ਬਰੀ ਨੂੰ ਸਾਂਝਿਆ ਕੀਤਾ। (ਲੂਕਾ 10:38, 39; ਯੂਹੰਨਾ 4:6-15) ਹੁਣ ਤੁਸੀਂ ਸ਼ਾਇਦ ਜ਼ਿਆਦਾ ਕਰਨਾ ਚਾਹੁੰਦੇ ਹੋ।” ਕੀ ਤੁਹਾਡੇ ਸਿੱਖਿਆਰਥੀ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ?

12 ਕੀ ਤੁਹਾਡਾ ਸਿੱਖਿਆਰਥੀ ਪਰਮੇਸ਼ੁਰ ਦੇ ਬਚਨ ਨੂੰ ਮੰਨਦਾ ਹੈ? ਕੀ ਉਹ ਬਾਈਬਲ ਦੇ ਅਸੂਲਾਂ ਉੱਤੇ ਚੱਲਦਾ ਹੈ? ਕੀ ਉਸ ਨੇ ਆਪਣੀ ਜ਼ਿੰਦਗੀ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਢਾਲ਼ਿਆ ਹੈ? ਕੀ ਉਹ ਕਲੀਸਿਯਾ ਸਭਾਵਾਂ ਵਿਚ ਆਉਂਦਾ ਹੈ? ਕੀ ਉਹ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਹੈ? ਜੇ ਹਾਂ, ਤਾਂ ਕਿਉਂ ਨਹੀਂ ਤੁਸੀਂ ਉਸ ਨੂੰ ਬਜ਼ੁਰਗਾਂ ਨਾਲ ਗੱਲ ਕਰਨ ਲਈ ਕਹਿੰਦੇ ਤਾਂਕਿ ਬਜ਼ੁਰਗ ਦੇਖ ਸਕਣ ਕਿ ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਕੇ ਅਪ੍ਰੈਲ ਵਿਚ ਤੁਹਾਡੇ ਨਾਲ ਪ੍ਰਚਾਰ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ? (ਆਪਣੀ ਸੇਵਕਾਈ ਕਿਤਾਬ, ਸਫ਼ੇ 97-9 ਦੇਖੋ।) ਪ੍ਰਕਾਸ਼ਕ ਬਣ ਕੇ ਉਹ ਆਪ ਦੇਖ ਸਕੇਗਾ ਕਿ ਯਹੋਵਾਹ ਦਾ ਸੰਗਠਨ ਕਿੱਦਾਂ ਯਹੋਵਾਹ ਦੀ ਸੇਵਾ ਕਰਨ ਵਿਚ ਉਸ ਦੀ ਮਦਦ ਕਰਦਾ ਹੈ।

13 ਇਹ ਸੱਚ ਹੈ ਕਿ ਕੁਝ ਸਿੱਖਿਆਰਥੀਆਂ ਨੂੰ ਤਰੱਕੀ ਕਰਨ ਲਈ ਦੂਜਿਆਂ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਜੂਨ 2000 ਦੀ ਸਾਡੀ ਰਾਜ ਸੇਵਕਾਈ, ਸਫ਼ਾ 4, ਪੈਰੇ 5-6 ਵਿਚ ਦਿੱਤੇ ਨਿਰਦੇਸ਼ਨ ਅਨੁਸਾਰ ਕਈ ਪ੍ਰਕਾਸ਼ਕ ਉਨ੍ਹਾਂ ਸਿੱਖਿਆਰਥੀਆਂ ਨੂੰ ਦੂਜੀ ਕਿਤਾਬ ਵਿੱਚੋਂ ਸਟੱਡੀ ਕਰਾ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਰੁਚੀ ਦਿਖਾਈ ਸੀ ਪਰ ਉਨ੍ਹਾਂ ਨੂੰ ਕਲੀਸਿਯਾ ਨਾਲ ਸੰਗਤੀ ਕਰਨ ਵਿਚ ਹੋਰ ਜ਼ਿਆਦਾ ਮਦਦ ਦੇਣ ਦੀ ਲੋੜ ਸੀ। ਅਸੀਂ ਕਦੀ ਵੀ ਆਸ ਨਹੀਂ ਛੱਡਦੇ ਕਿ ਇਹ ਸੱਚੇ ਦਿਲ ਵਾਲੇ ਲੋਕ ਮਸੀਹ ਦੇ ਪੱਕੇ ਚੇਲੇ ਬਣਨਗੇ, “ਭਾਵੇਂ ਥੋੜੇ ਭਾਵੇਂ ਬਹੁਤ” ਸਮੇਂ ਵਿਚ। (ਰਸੂ. 26:29) ਪਰ ਜਿੰਨੇ ਮਹੀਨਿਆਂ ਤੋਂ ਤੁਸੀਂ ਸਿੱਖਿਆਰਥੀ ਨਾਲ ਸਟੱਡੀ ਕਰ ਰਹੇ ਹੋ, ਜੇ ਉਸ ਨੂੰ ‘ਬਹੁਤ ਸਮਾਂ’ ਕਿਹਾ ਜਾ ਸਕਦਾ ਹੈ, ਤਾਂ ਕੀ ਤੁਹਾਡਾ ਸਿੱਖਿਆਰਥੀ ਇਸ ਸਮਾਰਕ ਦੇ ਮਹੀਨੇ ਵਿਚ ਮਸੀਹ ਦੀ ਰਿਹਾਈ-ਕੀਮਤ ਪ੍ਰਤੀ ਆਪਣੀ ਕਦਰਦਾਨੀ ਦਿਖਾਉਣੀ ਸ਼ੁਰੂ ਕਰ ਸਕਦਾ ਹੈ?

14 ਹਿੱਸਾ ਲੈਣ ਵਿਚ ਉਨ੍ਹਾਂ ਦੀ ਕਿਵੇਂ ਮਦਦ ਕਰੀਏ: ਯਿਸੂ ਨੇ ਜਿਸ ਤਰੀਕੇ ਨਾਲ ਦੂਜਿਆਂ ਨੂੰ ਸਿਖਲਾਈ ਦਿੱਤੀ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਯੋਗ ਸਿੱਖਿਆਰਥੀਆਂ ਦੀ ਸੇਵਕਾਈ ਸ਼ੁਰੂ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਉਸ ਨੇ ਸਿਰਫ਼ ਭੀੜ ਇਕੱਠੀ ਕਰ ਕੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਲਈ ਨਹੀਂ ਕਿਹਾ। ਉਸ ਨੇ ਪਹਿਲਾਂ ਪ੍ਰਚਾਰ ਕੰਮ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਦਦ ਲੈਣ ਲਈ ਪ੍ਰਾਰਥਨਾ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਫਿਰ ਉਸ ਨੇ ਉਨ੍ਹਾਂ ਨੂੰ ਤਿੰਨ ਬੁਨਿਆਦੀ ਚੀਜ਼ਾਂ ਦਿੱਤੀਆਂ: ਸਾਥੀ, ਖੇਤਰ ਅਤੇ ਸੰਦੇਸ਼। (ਮੱਤੀ 9:35-38; 10:5-7; ਮਰ. 6:7; ਲੂਕਾ 9:2, 6) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਆਪਣੇ ਬੱਚੇ ਦੀ ਜਾਂ ਸਿੱਖਿਆਰਥੀ ਦੀ ਜਾਂ ਕੁਝ ਸਮੇਂ ਤੋਂ ਪ੍ਰਚਾਰ ਕੰਮ ਵਿਚ ਗ਼ੈਰ-ਸਰਗਰਮ ਰਹੇ ਪ੍ਰਕਾਸ਼ਕ ਦੀ ਮਦਦ ਕਰਦੇ ਸਮੇਂ ਤੁਹਾਨੂੰ ਹੇਠਾਂ ਦਿੱਤੇ ਟੀਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

15 ਲੋੜ ਉੱਤੇ ਜ਼ੋਰ ਦਿਓ: ਉਸ ਵਿਅਕਤੀ ਨੂੰ ਅਹਿਸਾਸ ਕਰਾਓ ਕਿ ਪ੍ਰਚਾਰ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸ ਕੰਮ ਬਾਰੇ ਆਪਣੀ ਖ਼ੁਸ਼ੀ ਜ਼ਾਹਰ ਕਰੋ। ਸੇਵਕਾਈ ਵਿਚ ਭੈਣ-ਭਰਾਵਾਂ ਨੂੰ ਮਿਲੇ ਕੁਝ ਚੰਗੇ ਤਜਰਬੇ ਦੱਸੋ। ਮੱਤੀ 9:36-38 ਵਿਚ ਦੱਸੀ ਗਈ ਯਿਸੂ ਵਰਗੀ ਮਨੋਬਿਰਤੀ ਰੱਖੋ। ਸੰਭਾਵੀ ਪ੍ਰਕਾਸ਼ਕ ਨੂੰ ਜਾਂ ਗ਼ੈਰ-ਸਰਗਰਮ ਭੈਣ ਜਾਂ ਭਰਾ ਨੂੰ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਬਾਰੇ ਅਤੇ ਸੰਸਾਰ ਭਰ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਸਫ਼ਲਤਾ ਲਈ ਪ੍ਰਾਰਥਨਾ ਕਰਨ ਦੀ ਪ੍ਰੇਰਣਾ ਦਿਓ।

16 ਉਸ ਨੂੰ ਗਵਾਹੀ ਦੇਣ ਦੇ ਵੱਖ-ਵੱਖ ਮੌਕਿਆਂ ਬਾਰੇ ਸੋਚਣ ਲਈ ਉਤਸ਼ਾਹਿਤ ਕਰੋ: ਉਸ ਨੂੰ ਦੱਸੋ ਕਿ ਉਹ ਪੁਸਤਕ ਅਧਿਐਨ ਗਰੁੱਪ ਨਾਲ ਮਿਲ ਕੇ ਘਰ-ਘਰ ਦੀ ਸੇਵਕਾਈ ਕਰ ਸਕਦਾ ਹੈ। ਉਹ ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਨੂੰ ਗਵਾਹੀ ਦੇ ਸਕਦਾ ਹੈ ਜਾਂ ਅੱਧੀ ਛੁੱਟੀ ਵੇਲੇ ਸਹਿਕਰਮੀਆਂ ਜਾਂ ਸਹਿਪਾਠੀਆਂ ਨਾਲ ਗੱਲ ਕਰ ਸਕਦਾ ਹੈ। ਗੱਡੀਆਂ ਤੇ ਬੱਸਾਂ ਵਿਚ ਸਫ਼ਰ ਕਰਦੇ ਸਮੇਂ ਉਹ ਦੂਜੇ ਮੁਸਾਫ਼ਰਾਂ ਵਿਚ ਦਿਲਚਸਪੀ ਦਿਖਾ ਕੇ ਗੱਲ ਸ਼ੁਰੂ ਕਰ ਸਕਦਾ ਹੈ। ਜਦੋਂ ਅਸੀਂ ਗੱਲ ਕਰਨ ਵਿਚ ਪਹਿਲ ਕਰਦੇ ਹਾਂ, ਤਾਂ ਅਕਸਰ ਇਹ ਇਕ ਚੰਗੀ ਗਵਾਹੀ ਦੇਣ ਦਾ ਮੌਕਾ ਸਾਬਤ ਹੁੰਦਾ ਹੈ। ਜੀ ਹਾਂ, ਦੂਜਿਆਂ ਨਾਲ “ਦਿਨੋ ਦਿਨ” ਆਪਣੀ ਉਮੀਦ ਸਾਂਝੀ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ।​—ਜ਼ਬੂ. 96:2, 3.

17 ਪਰ ਇਹ ਚੰਗਾ ਹੋਵੇਗਾ ਕਿ ਜਿੰਨੀ ਛੇਤੀ ਹੋ ਸਕੇ, ਤੁਸੀਂ ਨਵੇਂ ਪ੍ਰਕਾਸ਼ਕ ਨਾਲ ਘਰ-ਘਰ ਦੀ ਸੇਵਕਾਈ ਕਰੋ। ਜੇ ਤੁਸੀਂ ਅਪ੍ਰੈਲ ਦੌਰਾਨ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ ਦਾ ਟੀਚਾ ਰੱਖਿਆ ਹੈ, ਤਾਂ ਤੁਸੀਂ ਖੇਤਰ ਸੰਭਾਲਣ ਵਾਲੇ ਭਰਾ ਤੋਂ ਇਕ ਢੁਕਵਾਂ ਖੇਤਰ ਲੈਣ ਬਾਰੇ ਗੱਲ ਕਰ ਸਕਦੇ ਹੋ। ਜੇ ਤੁਹਾਨੂੰ ਨਿੱਜੀ ਖੇਤਰ ਦਿੱਤਾ ਜਾਂਦਾ ਹੈ, ਤਾਂ ਇਹ ਤੁਹਾਡੇ ਲਈ ਇਕ ਚੰਗਾ ਮੌਕਾ ਹੈ ਕਿ ਤੁਸੀਂ ਉੱਥੇ ਦੇ ਹਰ ਘਰ ਦੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਮਿਸਾਲ ਵਜੋਂ, ਸ਼ਾਇਦ ਤੁਹਾਨੂੰ ਕੁਝ ਲੋਕ ਘਰ ਨਾ ਮਿਲਣ। ਜੇ ਕਦੀ ਸੇਵਕਾਈ ਖ਼ਤਮ ਕਰਨ ਤੋਂ ਬਾਅਦ ਜਾਂ ਸਭਾਵਾਂ ਨੂੰ ਜਾਂ ਹੋਰ ਕਿਸੇ ਜਗ੍ਹਾ ਜਾਂਦੇ ਸਮੇਂ ਤੁਸੀਂ ਦੇਖਦੇ ਹੋ ਕਿ ਉਹ ਘਰ ਵਿਚ ਹਨ, ਤਾਂ ਤੁਸੀਂ ਉਸੇ ਸਮੇਂ ਜਾਂ ਹੋਰ ਢੁਕਵੇਂ ਸਮੇਂ ਤੇ ਉਨ੍ਹਾਂ ਨੂੰ ਮਿਲ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸੇਵਕਾਈ ਵਿਚ ਸੰਤੁਸ਼ਟੀ ਤੇ ਖ਼ੁਸ਼ੀ ਹਾਸਲ ਕਰੋਗੇ।

18 ਇਕ ਵਧੀਆ ਸੰਦੇਸ਼ ਤਿਆਰ ਕਰੋ: ਹਾਲਾਂਕਿ ਇਕ ਵਿਅਕਤੀ ਰਾਜ ਦਾ ਸੰਦੇਸ਼ ਤਾਂ ਸੁਣਾਉਣਾ ਚਾਹੁੰਦਾ ਹੈ, ਪਰ ਸ਼ਾਇਦ ਉਹ ਡਰਦਾ ਹੈ ਕਿ ਉਹ ਸੰਦੇਸ਼ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਪਾਏਗਾ। ਇਹ ਖ਼ਾਸਕਰ ਨਵੇਂ ਪ੍ਰਕਾਸ਼ਕਾਂ ਬਾਰੇ ਜਾਂ ਉਨ੍ਹਾਂ ਬਾਰੇ ਸੱਚ ਹੈ ਜਿਨ੍ਹਾਂ ਨੇ ਕਾਫ਼ੀ ਸਮੇਂ ਤੋਂ ਪ੍ਰਚਾਰ ਨਹੀਂ ਕੀਤਾ। ਨਵੇਂ ਪ੍ਰਕਾਸ਼ਕਾਂ ਤੇ ਗ਼ੈਰ-ਸਰਗਰਮ ਭੈਣ-ਭਰਾਵਾਂ ਦੀ ਚੰਗੀ ਤਿਆਰੀ ਕਰਨ ਵਿਚ ਮਦਦ ਕਰਨੀ ਸਮੇਂ ਦੀ ਬਰਬਾਦੀ ਨਹੀਂ ਹੈ। ਸੇਵਾ ਸਭਾਵਾਂ ਤੇ ਖੇਤਰ ਸੇਵਾ ਸਭਾਵਾਂ ਵਿਚ ਸਾਨੂੰ ਚੰਗੇ ਸੁਝਾਅ ਮਿਲ ਸਕਦੇ ਹਨ, ਪਰ ਫਿਰ ਵੀ ਆਪ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ।

19 ਤੁਸੀਂ ਨਵੇਂ ਪ੍ਰਕਾਸ਼ਕਾਂ ਦੀ ਸੇਵਕਾਈ ਲਈ ਤਿਆਰੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ? ਪਹਿਲਾਂ ਤਾਂ ਰਸਾਲਾ ਪੇਸ਼ ਕਰਨ ਲਈ ਇਕ ਸਾਦੀ ਤੇ ਛੋਟੀ ਜਿਹੀ ਪੇਸ਼ਕਾਰੀ ਤਿਆਰ ਕਰੋ। ਉਨ੍ਹਾਂ ਨੂੰ ਕੁਝ ਮੌਜੂਦਾ ਘਟਨਾਵਾਂ ਦੀਆਂ ਖ਼ਬਰਾਂ ਯਾਦ ਕਰਨ ਲਈ ਕਹੋ ਜਿਨ੍ਹਾਂ ਵਿਚ ਉਸ ਇਲਾਕੇ ਦੇ ਲੋਕ ਰੁਚੀ ਰੱਖਣਗੇ। ਫਿਰ ਇਸ ਵਿਸ਼ੇ ਨਾਲ ਸੰਬੰਧਿਤ ਕਿਸੇ ਰਸਾਲੇ ਵਿੱਚੋਂ ਕੋਈ ਮੁੱਦਾ ਲੱਭੋ। ਇਕੱਠੇ ਇਸ ਪੇਸ਼ਕਾਰੀ ਦੀ ਪ੍ਰੈਕਟਿਸ ਕਰੋ, ਫਿਰ ਛੇਤੀ ਤੋਂ ਛੇਤੀ ਇਸ ਨੂੰ ਸੇਵਕਾਈ ਵਿਚ ਵਰਤੋ।

20 ਸਮਾਰਕ ਵਿਚ ਆਏ ਲੋਕਾਂ ਦੀ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਕਰੋ: ਪਿਛਲੇ ਸਾਲ ਦੁਨੀਆਂ ਭਰ ਵਿਚ ਸਮਾਰਕ ਦੀ ਕੁੱਲ ਹਾਜ਼ਰੀ ਇਕ ਕਰੋੜ ਅੜਤਾਲੀ ਲੱਖ ਤੋਂ ਜ਼ਿਆਦਾ ਸੀ। ਪ੍ਰਕਾਸ਼ਕਾਂ ਵਜੋਂ ਰਿਪੋਰਟ ਦੇਣ ਵਾਲਿਆਂ ਦੀ ਗਿਣਤੀ 60 ਲੱਖ ਤੋਂ ਥੋੜ੍ਹੀ ਜ਼ਿਆਦਾ ਸੀ। ਇਸ ਦਾ ਮਤਲਬ ਹੈ ਕਿ ਤਕਰੀਬਨ 88 ਲੱਖ ਲੋਕ ਸਾਡੇ ਸੰਦੇਸ਼ ਵਿਚ ਦਿਲਚਸਪੀ ਰੱਖਣ ਕਰਕੇ ਇਸ ਖ਼ਾਸ ਪ੍ਰੋਗ੍ਰਾਮ ਵਿਚ ਆਏ ਜਿੱਥੇ ਉਨ੍ਹਾਂ ਨੇ ਬਾਈਬਲ ਦੀ ਇਕ ਮੁੱਖ ਸਿੱਖਿਆ ਬਾਰੇ ਭਾਸ਼ਣ ਸੁਣਿਆ। ਉਨ੍ਹਾਂ ਦੀ ਸਾਡੇ ਵਿੱਚੋਂ ਕਈਆਂ ਨਾਲ ਜਾਣ-ਪਛਾਣ ਹੋਈ ਜਿਸ ਤੋਂ ਉਹ ਜ਼ਰੂਰ ਪ੍ਰਭਾਵਿਤ ਹੋਏ ਹੋਣਗੇ। ਇਨ੍ਹਾਂ ਵਿੱਚੋਂ ਕਈ ਸਾਡੀ ਬਹੁਤ ਸ਼ਲਾਘਾ ਕਰਦੇ ਹਨ, ਸੰਸਾਰ ਭਰ ਵਿਚ ਕੀਤੇ ਜਾ ਰਹੇ ਪ੍ਰਚਾਰ ਕੰਮ ਲਈ ਚੰਦਾ ਦਿੰਦੇ ਹਨ ਅਤੇ ਦੂਜਿਆਂ ਸਾਮ੍ਹਣੇ ਸਾਡੇ ਪੱਖ ਵਿਚ ਗੱਲ ਕਰਦੇ ਹਨ। ਹੋ ਸਕਦਾ ਹੈ ਕਿ ਇਹ ਲੋਕ ਭਵਿੱਖ ਵਿਚ ਸਾਡੇ ਨਾਲ ਸ਼ਾਮਲ ਹੋ ਜਾਣ। ਅਸੀਂ ਉਨ੍ਹਾਂ ਦੀ ਹੋਰ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?

21 ਜ਼ਿਆਦਾਤਰ ਨਵੇਂ ਲੋਕ ਸਮਾਰਕ ਸਮਾਰੋਹ ਵਿਚ ਇਸ ਲਈ ਆਉਂਦੇ ਹਨ ਕਿਉਂਕਿ ਅਸੀਂ ਆਪ ਉਨ੍ਹਾਂ ਨੂੰ ਸੱਦਦੇ ਹਾਂ। ਇਸ ਦਾ ਮਤਲਬ ਹੈ ਕਿ ਉਹ ਸਾਡੇ ਵਿੱਚੋਂ ਘੱਟੋ-ਘੱਟ ਇਕ ਜਣੇ ਨੂੰ ਜ਼ਰੂਰ ਜਾਣਦੇ ਹਨ। ਜੇ ਸਾਡੇ ਸੱਦਣ ਤੇ ਕੋਈ ਵਿਅਕਤੀ ਸਮਾਰਕ ਵਿਚ ਆਉਂਦਾ ਹੈ, ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਦਾ ਸੁਆਗਤ ਕਰੀਏ ਤੇ ਪ੍ਰੋਗ੍ਰਾਮ ਤੋਂ ਪੂਰਾ ਲਾਭ ਉਠਾਉਣ ਵਿਚ ਉਸ ਦੀ ਮਦਦ ਕਰੀਏ। ਹਾਲ ਕਾਫ਼ੀ ਭਰਿਆ ਹੋਵੇਗਾ, ਇਸ ਲਈ ਸੀਟ ਲੱਭਣ ਵਿਚ ਉਸ ਦੀ ਮਦਦ ਕਰੋ। ਉਸ ਨੂੰ ਇਕ ਬਾਈਬਲ ਦਿਓ ਤੇ ਆਪਣੀ ਗੀਤ-ਪੁਸਤਕ ਉਸ ਨਾਲ ਸਾਂਝੀ ਕਰੋ। ਉਸ ਦੇ ਸਵਾਲਾਂ ਦਾ ਜਵਾਬ ਦਿਓ। ਤੁਹਾਡੀ ਆਓ-ਭਗਤ ਦੇਖ ਕੇ ਸ਼ਾਇਦ ਉਸ ਦੀ ਸੱਚਾਈ ਵਿਚ ਰੁਚੀ ਜਾਗ ਪਵੇ। ਪਰ ਇਸ ਦਾ ਇਹ ਅਰਥ ਨਹੀਂ ਕਿ ਬਾਕੀਆਂ ਦੀ ਕੋਈ ਜ਼ਿੰਮੇਵਾਰੀ ਹੀ ਨਹੀਂ ਹੈ। ਜੇ ਅਸੀਂ ਕੋਈ ਨਵਾਂ ਚਿਹਰਾ ਦੇਖਦੇ ਹਾਂ, ਤਾਂ ਸਾਨੂੰ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨਾਲ ਆਪਣੀ ਜਾਣ-ਪਛਾਣ ਵਧਾਉਣੀ ਚਾਹੀਦੀ ਹੈ।

22 ਸਮਾਰਕ ਸਮਾਰੋਹ ਵਿਚ ਆਉਣ ਨਾਲ ਇਕ ਵਿਅਕਤੀ ਦੀ ਸੋਚਣੀ ਤੇ ਕਾਫ਼ੀ ਅਸਰ ਪੈ ਸਕਦਾ ਹੈ। ਸ਼ਾਇਦ ਉਹ ਇਸ ਲਈ ਸਾਡੀ ਸਭਾ ਵਿਚ ਆਇਆ ਕਿ ਉਹ ਕਿਸੇ ਚੀਜ਼ ਦੀ ਤਲਾਸ਼ ਵਿਚ ਹੈ। ਹੋ ਸਕਦਾ ਹੈ ਕਿ ਉਸ ਨੂੰ ਇਹ ਚੀਜ਼ ਹੋਰ ਕਿਧਰੇ ਨਹੀਂ ਮਿਲੀ ਜਿਸ ਕਰਕੇ ਸਾਡੇ ਸੰਦੇਸ਼ ਨੇ ਉਸ ਨੂੰ ਗਵਾਹਾਂ ਬਾਰੇ ਹੋਰ ਜ਼ਿਆਦਾ ਜਾਣਨ ਲਈ ਪ੍ਰੇਰਿਆ। ਕਈਆਂ ਨੂੰ ਯਹੋਵਾਹ ਦੇ ਅਥਾਹ ਪਿਆਰ ਦਾ ਬਿਲਕੁਲ ਗਿਆਨ ਨਹੀਂ ਹੁੰਦਾ। ਇਸ ਲਈ ਭਾਸ਼ਣ ਵਿਚ ਰਿਹਾਈ-ਕੀਮਤ ਦੇ ਸ਼ਾਨਦਾਰ ਪ੍ਰਬੰਧ ਬਾਰੇ ਜੋ ਕੁਝ ਸਮਝਾਇਆ ਜਾਵੇਗਾ, ਇਹ ਸ਼ਾਇਦ ਉਸ ਦੇ ਦਿਲ ਨੂੰ ਛੁਹ ਲਵੇ। ਉਸ ਨੂੰ ਸ਼ਾਇਦ ਜਲਦੀ ਹੀ ਅਹਿਸਾਸ ਹੋ ਜਾਵੇ ਕਿ ਅਸੀਂ ਵੱਖਰੀ ਕਿਸਮ ਦੇ ਲੋਕ ਹਾਂ। ਅਸੀਂ ਸੱਚੇ ਦਿਲ ਵਾਲੇ ਤੇ ਦੋਸਤਾਨਾ ਸੁਭਾਅ ਦੇ ਲੋਕ ਹਾਂ ਅਤੇ ਦੂਜਿਆਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦੇ ਹਾਂ। ਸਾਡਾ ਕਿੰਗਡਮ ਹਾਲ ਉਨ੍ਹਾਂ ਗਿਰਜਿਆਂ ਵਰਗਾ ਨਹੀਂ ਹੈ ਜਿੱਥੇ ਉਸ ਨੇ ਮੂਰਤੀਆਂ ਤੇ ਵਿਅਰਥ ਰੀਤਾਂ-ਰਸਮਾਂ ਦੇਖੀਆਂ ਹਨ। ਨਵੇਂ ਲੋਕ ਦੇਖਣਗੇ ਕਿ ਸਾਡੇ ਵਿਚ ਹਰ ਪਿਛੋਕੜ ਦੇ ਲੋਕ ਮੌਜੂਦ ਹਨ ਅਤੇ ਕਿਸੇ ਕੋਲੋਂ ਚੰਦਾ ਨਹੀਂ ਮੰਗਿਆ ਜਾਂਦਾ। ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸਾਡੀਆਂ ਸਭਾਵਾਂ ਵਿਚ ਦੁਬਾਰਾ ਆਉਣ ਲਈ ਪ੍ਰੇਰਿਤ ਕਰ ਸਕਦੀਆਂ ਹਨ।

23 ਸਮਾਰਕ ਤੋਂ ਬਾਅਦ, ਹਰ ਨਵੇਂ ਵਿਅਕਤੀ ਨਾਲ ਦੁਬਾਰਾ ਮਿਲ ਕੇ ਸਾਨੂੰ ਉਨ੍ਹਾਂ ਦੀ ਹੋਰ ਸਿੱਖਣ ਵਿਚ ਮਦਦ ਕਰਨੀ ਚਾਹੀਦੀ ਹੈ। ਜੇ ਤੁਸੀਂ ਕਿਸੇ ਨੂੰ ਬੁਲਾਇਆ ਹੈ, ਤਾਂ ਉਸ ਦੀ ਮਦਦ ਕਰਨੀ ਖ਼ਾਸਕਰ ਤੁਹਾਡੀ ਜ਼ਿੰਮੇਵਾਰੀ ਹੈ। ਹਾਲ ਤੋਂ ਨਿਕਲਣ ਤੋਂ ਪਹਿਲਾਂ ਨਵੇਂ ਲੋਕਾਂ ਨੂੰ ਕਿੰਗਡਮ ਹਾਲ ਵਿਚ ਹੋਣ ਵਾਲੀਆਂ ਦੂਜੀਆਂ ਸਭਾਵਾਂ ਬਾਰੇ ਜ਼ਰੂਰ ਦੱਸੋ। ਅਗਲੇ ਜਨਤਕ ਭਾਸ਼ਣ ਦਾ ਵਿਸ਼ਾ ਦੱਸੋ। ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਦੇ ਘਰ ਦੇ ਸਭ ਤੋਂ ਨੇੜੇ ਕਲੀਸਿਯਾ ਪੁਸਤਕ ਅਧਿਐਨ ਕਿੱਥੇ ਤੇ ਕਿਸ ਸਮੇਂ ਹੁੰਦਾ ਹੈ। ਅਗਲੀ ਮੁਲਾਕਾਤ ਤੇ ਉਨ੍ਹਾਂ ਨੂੰ ਵੇਖ! ਬਰੋਸ਼ਰ ਦੀ ਕਾਪੀ ਦਿਓ ਅਤੇ ਦੱਸੋ ਕਿ 30 ਅਪ੍ਰੈਲ ਦੇ ਹਫ਼ਤੇ ਦੌਰਾਨ “ਯਹੋਵਾਹ ਦੀਆਂ ਰਚਨਾਵਾਂ ਅਤੇ ਕਰਾਮਾਤਾਂ” ਬਾਰੇ ਚਰਚਾ ਕੀਤੀ ਜਾਵੇਗੀ। ਉਸ ਨੂੰ ਸਮਝਾਓ ਕਿ ਪੂਰੀ ਕਲੀਸਿਯਾ ਆਉਣ ਵਾਲੇ ਮਹੀਨਿਆਂ ਵਿਚ ਸਰਕਟ ਅਸੈਂਬਲੀ ਜਾਂ ਇਕ ਦਿਨ ਦੇ ਖ਼ਾਸ ਸੰਮੇਲਨ ਵਿਚ ਜਾਣ ਦੀ ਕਿਉਂ ਯੋਜਨਾ ਬਣਾ ਰਹੀ ਹੈ।

24 ਉਨ੍ਹਾਂ ਨੂੰ ਘਰ ਜਾ ਕੇ ਮਿਲਣ ਦਾ ਪ੍ਰਬੰਧ ਕਰੋ। ਉਨ੍ਹਾਂ ਨੂੰ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਦੀ ਕਾਪੀ ਦਿਓ ਜਿਨ੍ਹਾਂ ਤੋਂ ਉਹ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਜਾਣ ਸਕਣਗੇ। ਜੇ ਉਹ ਕਿਸੇ ਨਾਲ ਸਟੱਡੀ ਨਹੀਂ ਕਰ ਰਹੇ, ਤਾਂ ਉਨ੍ਹਾਂ ਨੂੰ ਬਾਈਬਲ ਸਟੱਡੀ ਪੇਸ਼ ਕਰੋ। ਉਨ੍ਹਾਂ ਨੂੰ ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਬਰੋਸ਼ਰ ਪੜ੍ਹਨ ਦਾ ਸੁਝਾਅ ਦਿਓ ਜਿਸ ਤੋਂ ਉਹ ਜਾਣ ਸਕਣਗੇ ਕਿ ਸਾਡੀ ਸੰਸਥਾ ਕਿੱਦਾਂ ਕੰਮ ਕਰਦੀ ਹੈ। ਉਨ੍ਹਾਂ ਨੂੰ ਸੰਸਥਾ ਦੇ ਵਿਡਿਓ, ਖ਼ਾਸ ਕਰਕੇ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਦਿਖਾਓ। ਉਨ੍ਹਾਂ ਨੂੰ ਕਲੀਸਿਯਾ ਦੇ ਦੂਜੇ ਭੈਣ-ਭਰਾਵਾਂ ਨਾਲ ਮਿਲਾਓ। ਅਗਲੇ ਕੁਝ ਮਹੀਨਿਆਂ ਦੌਰਾਨ ਨਵੇਂ ਲੋਕਾਂ ਨਾਲ ਸੰਪਰਕ ਰੱਖੋ; ਉਨ੍ਹਾਂ ਨੂੰ ਸਰਕਟ ਨਿਗਾਹਬਾਨ ਦੀ ਮੁਲਾਕਾਤ ਦੌਰਾਨ ਸਭਾਵਾਂ ਲਈ ਜਾਂ ਜ਼ਿਲ੍ਹਾ ਸੰਮੇਲਨ ਲਈ ਸੱਦੋ। ਉਨ੍ਹਾਂ ਨੂੰ ਪੂਰਾ ਮੌਕਾ ਦਿਓ ਤਾਂਕਿ ਉਹ ਆਪਣੇ ਆਪ ਨੂੰ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ ਵਾਲੇ’ ਸਾਬਤ ਕਰ ਸਕਣ!​—ਰਸੂ. 13:48, ਨਿ ਵ.

25 ਕਲੀਸਿਯਾ ਦੇ ਬਜ਼ੁਰਗ ਕੀ ਕਰ ਸਕਦੇ ਹਨ: ਇਸ ਅਪ੍ਰੈਲ ਮਹੀਨੇ ਦੀ ਖ਼ਾਸ ਮੁਹਿੰਮ ਦੀ ਸਫ਼ਲਤਾ ਕਾਫ਼ੀ ਹੱਦ ਤਕ ਬਜ਼ੁਰਗਾਂ ਉੱਤੇ ਨਿਰਭਰ ਕਰੇਗੀ। ਜੇ ਤੁਸੀਂ ਪੁਸਤਕ ਅਧਿਐਨ ਸੰਚਾਲਕ ਹੋ, ਤਾਂ ਇਕ ਸੂਚੀ ਤਿਆਰ ਕਰੋ ਕਿ ਤੁਸੀਂ ਆਪਣੇ ਗਰੁੱਪ ਦੇ ਸਾਰੇ ਭੈਣ-ਭਰਾਵਾਂ ਦੀ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਲਈ ਕਿੱਦਾਂ ਮਦਦ ਕਰ ਸਕਦੇ ਹੋ। ਕੀ ਤੁਹਾਡੇ ਗਰੁੱਪ ਵਿਚ ਬੱਚੇ, ਨਵੇਂ ਵਿਅਕਤੀ, ਅਨਿਯਮਿਤ ਪ੍ਰਕਾਸ਼ਕ ਜਾਂ ਗ਼ੈਰ-ਸਰਗਰਮ ਭੈਣ-ਭਰਾ ਹਨ? ਪਤਾ ਲਗਾਓ ਕਿ ਕੀ ਬੱਚਿਆਂ ਦੇ ਮਾਪੇ, ਪਾਇਨੀਅਰ ਜਾਂ ਦੂਜੇ ਪ੍ਰਕਾਸ਼ਕ ਇਨ੍ਹਾਂ ਦੀ ਮਦਦ ਕਰ ਰਹੇ ਹਨ ਜਾਂ ਨਹੀਂ। ਤੁਸੀਂ ਆਪਣੇ ਵੱਲੋਂ ਉਨ੍ਹਾਂ ਦੀ ਪੂਰੀ ਮਦਦ ਕਰੋ। ਇਕ ਭੈਣ ਜੋ ਦੋ ਸਾਲ ਤੋਂ ਸੇਵਕਾਈ ਵਿਚ ਅਨਿਯਮਿਤ ਸੀ, ਨੇ ਪਿਛਲੇ ਅਪ੍ਰੈਲ ਮਹੀਨੇ ਦੌਰਾਨ 50 ਘੰਟੇ ਪ੍ਰਚਾਰ ਕੀਤਾ। ਇਸ ਬਦਲਾਅ ਦਾ ਕੀ ਕਾਰਨ ਸੀ? ਉਹ ਦੱਸਦੀ ਹੈ ਕਿ ਬਜ਼ੁਰਗਾਂ ਨੇ ਉਸ ਦੇ ਘਰ ਆ ਕੇ ਉਸ ਦੀ ਬਹੁਤ ਹੌਸਲਾ-ਅਫ਼ਜ਼ਾਈ ਕੀਤੀ।

26 ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਗਲੇ ਮਹੀਨੇ ਸਾਰਿਆਂ ਲਈ ਕਾਫ਼ੀ ਖੇਤਰ, ਰਸਾਲੇ ਤੇ ਸਾਹਿੱਤ ਹੋਣ। ਕੀ ਹੋਰ ਜ਼ਿਆਦਾ ਖੇਤਰ ਸੇਵਾ ਸਭਾਵਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਕਲੀਸਿਯਾ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਦੱਸੋ। ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੀ ਨਿੱਜੀ ਪ੍ਰਾਰਥਨਾ ਵਿਚ ਅਤੇ ਸਭਾਵਾਂ ਵਿਚ ਪ੍ਰਾਰਥਨਾ ਕਰਨ ਵੇਲੇ ਯਹੋਵਾਹ ਨੂੰ ਅਰਦਾਸ ਕਰੋ ਕਿ ਉਹ ਅਪ੍ਰੈਲ ਮਹੀਨੇ ਦੀ ਇਸ ਖ਼ਾਸ ਮੁਹਿੰਮ ਵਿਚ ਸਾਡੀ ਮਿਹਨਤ ਉੱਤੇ ਬਰਕਤ ਪਾਵੇ।​—ਰੋਮੀ. 15:30, 31; 2 ਥੱਸ. 3:1.

27 ਪਿਛਲੇ ਅਪ੍ਰੈਲ ਮਹੀਨੇ ਦੌਰਾਨ, ਉੱਤਰੀ ਕੈਰੋਲਾਇਨਾ ਦੀ ਇਕ ਕਲੀਸਿਯਾ ਦੇ ਬਜ਼ੁਰਗਾਂ ਨੇ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਸਾਰਿਆਂ ਦਾ ਉਤਸ਼ਾਹ ਵਧਾਇਆ। ਉਹ ਹਰ ਹਫ਼ਤੇ ਸਭਾਵਾਂ ਵਿਚ ਸਾਰਿਆਂ ਨੂੰ ਕਹਿੰਦੇ ਸਨ ਕਿ ਉਹ ਪ੍ਰਾਰਥਨਾਪੂਰਣ ਢੰਗ ਨਾਲ ਆਪਣੇ ਹਾਲਾਤਾਂ ਦੀ ਜਾਂਚ ਕਰਨ ਤੇ ਦੇਖਣ ਕਿ ਉਹ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ ਜਾਂ ਨਹੀਂ। ਜਦੋਂ ਵੀ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਮੌਕਾ ਮਿਲਦਾ ਸੀ, ਤਾਂ ਉਹ ਅਪ੍ਰੈਲ ਨੂੰ ਸਭ ਤੋਂ ਬਿਹਤਰੀਨ ਮਹੀਨਾ ਬਣਾਉਣ ਬਾਰੇ ਬੜੇ ਜੋਸ਼ ਨਾਲ ਗੱਲਾਂ ਕਰਦੇ ਸਨ। ਸਿੱਟੇ ਵਜੋਂ, ਸਾਰੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਸਮੇਤ 58 ਫੀ ਸਦੀ ਪ੍ਰਕਾਸ਼ਕਾਂ ਨੇ ਉਸ ਮਹੀਨੇ ਪਾਇਨੀਅਰੀ ਕੀਤੀ!

28 ਪੂਰਾ ਹਿੱਸਾ ਪਾਉਣ ਦੀ ਖ਼ੁਸ਼ੀ: ਸੇਵਕਾਈ ਵਿਚ ‘ਮਿਹਨਤ ਅਤੇ ਜਤਨ ਕਰਨ’ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (1 ਤਿਮੋ. 4:10) ਉੱਪਰ ਦੱਸੇ ਗਏ ਬਜ਼ੁਰਗਾਂ ਨੇ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਆਪਣੀ ਕਲੀਸਿਯਾ ਦੀ ਜੋਸ਼ ਭਰੀ ਸਰਗਰਮੀ ਬਾਰੇ ਲਿਖਿਆ: “ਭੈਣ-ਭਰਾ ਅਕਸਰ ਦੱਸਦੇ ਹਨ ਕਿ ਜਦੋਂ ਤੋਂ ਉਨ੍ਹਾਂ ਨੇ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣਾ ਸ਼ੁਰੂ ਕੀਤਾ ਹੈ, ਉਨ੍ਹਾਂ ਦਾ ਆਪਸੀ ਪਿਆਰ ਤੇ ਨੇੜਤਾ ਵਧੀ ਹੈ।”

29 ਇਕ ਜਵਾਨ ਭਰਾ ਜੋ ਅਪੰਗ ਹੋਣ ਕਰਕੇ ਕਿਧਰੇ ਵੀ ਜ਼ਿਆਦਾ ਆ-ਜਾ ਨਹੀਂ ਸਕਦਾ ਸੀ, ਦੀ ਬੜੀ ਇੱਛਾ ਸੀ ਕਿ ਉਹ ਵੀ ਪਿਛਲੇ ਅਪ੍ਰੈਲ ਮਹੀਨੇ ਦੀ ਖ਼ਾਸ ਮੁਹਿੰਮ ਵਿਚ ਹਿੱਸਾ ਲਵੇ। ਚੰਗੀ ਯੋਜਨਾ ਬਣਾਉਣ ਨਾਲ ਅਤੇ ਆਪਣੀ ਮਾਂ ਤੇ ਕਲੀਸਿਯਾ ਦੇ ਦੂਜੇ ਭੈਣ-ਭਰਾਵਾਂ ਦੀ ਮਦਦ ਨਾਲ ਉਸ ਨੇ ਅਪ੍ਰੈਲ ਦੌਰਾਨ ਸਹਿਯੋਗੀ ਪਾਇਨੀਅਰੀ ਦਾ ਆਨੰਦ ਮਾਣਿਆ। ਇਸ ਤਜਰਬੇ ਬਾਰੇ ਉਸ ਨੇ ਕਿਵੇਂ ਮਹਿਸੂਸ ਕੀਤਾ? ਉਸ ਨੇ ਕਿਹਾ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕੀਤਾ।”

30 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਉਨ੍ਹਾਂ ਨੂੰ ਵੱਡੀ ਬਰਕਤ ਦਿੰਦਾ ਹੈ ਜੋ ਉਸ ਦੇ ਰਾਜ ਦਾ ਪ੍ਰਚਾਰ ਕਰਨ ਦੇ ਆਪਣੇ ਵਿਸ਼ੇਸ਼-ਸਨਮਾਨ ਦੀ ਬਹੁਤ ਕਦਰ ਕਰਦੇ ਹਨ। (ਜ਼ਬੂ. 145:11, 12) ਆਪਣੇ ਪ੍ਰਭੂ ਯਿਸੂ ਦੀ ਮੌਤ ਦੇ ਸਮਾਰਕ ਦੌਰਾਨ ਸਾਨੂੰ ਸਮਝਾਇਆ ਜਾਵੇਗਾ ਕਿ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਨੂੰ ਭਵਿੱਖ ਵਿਚ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਪੌਲੁਸ ਰਸੂਲ ਇਸ ਸਦੀਵੀ ਜ਼ਿੰਦਗੀ ਦੇ ਇਨਾਮ ਲਈ ਤਰਸਦਾ ਸੀ। ਪਰ ਉਹ ਜਾਣਦਾ ਸੀ ਕਿ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਉਸ ਨੂੰ ਇਹ ਇਨਾਮ ਨਹੀਂ ਮਿਲਣਾ ਸੀ। ਉਸ ਨੇ ਲਿਖਿਆ: “ਇਸੇ ਗੱਲੇ ਮੈਂ ਉਹ ਦੀ ਕਹਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪੋਹੰਦਾ ਹੈ ਵੱਡੇ ਜਤਨ ਨਾਲ ਮਿਹਨਤ ਕਰਦਾ ਹਾਂ।” (ਕੁਲੁ. 1:29) ਯਿਸੂ ਰਾਹੀਂ, ਯਹੋਵਾਹ ਨੇ ਪੌਲੁਸ ਨੂੰ ਜ਼ਿੰਦਗੀਆਂ ਬਚਾਉਣ ਦੀ ਸੇਵਕਾਈ ਪੂਰੀ ਕਰਨ ਦੀ ਤਾਕਤ ਬਖ਼ਸ਼ੀ ਅਤੇ ਉਹ ਅੱਜ ਸਾਨੂੰ ਵੀ ਤਾਕਤ ਦੇ ਸਕਦਾ ਹੈ। ਕੀ ਤੁਸੀਂ ਅਪ੍ਰੈਲ ਮਹੀਨੇ ਵਿਚ ਯਹੋਵਾਹ ਦੀ ਤਾਕਤ ਸਵੀਕਾਰ ਕਰੋਗੇ?

[ਸਫ਼ੇ 3 ਉੱਤੇ ਡੱਬੀ]

ਅਪ੍ਰੈਲ ਵਿਚ ਪ੍ਰਚਾਰ ਕਰਨ ਲਈ ਤੁਸੀਂ ਕਿਸ ਨੂੰ ਉਤਸ਼ਾਹ ਦੇ ਸਕਦੇ ਹੋ?

ਆਪਣੇ ਬੱਚਿਆਂ ਨੂੰ?

ਬਾਈਬਲ ਸਿੱਖਿਆਰਥੀ ਨੂੰ?

ਉਸ ਵਿਅਕਤੀ ਨੂੰ ਜਿਹੜਾ ਗ਼ੈਰ-ਸਰਗਰਮ ਹੋ ਗਿਆ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ