ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?
1 ਅਪ੍ਰੈਲ 19, ਬੁੱਧਵਾਰ ਦੀ ਸ਼ਾਮ ਸਾਡੇ ਸੇਵਾ ਸਾਲ ਦੀ ਇਕ ਖ਼ਾਸ ਸ਼ਾਮ ਹੋਵੇਗੀ। ਉਸ ਦਿਨ, ਜਿਉਂ-ਜਿਉਂ ਸੂਰਜ ਇਕ ਦੇਸ਼ ਤੋਂ ਬਾਅਦ ਦੂਸਰੇ ਦੇਸ਼ ਵਿਚ ਡੁੱਬੇਗਾ, ਤਿਉਂ-ਤਿਉਂ ਸੰਸਾਰ ਭਰ ਦੇ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਕਲੀਸਿਯਾਵਾਂ ਅਤੇ ਸਾਰੇ ਗਰੁੱਪ ਮਸੀਹ ਦੀ ਮੌਤ ਦਾ ਸਮਾਰਕ ਦਿਨ ਮਨਾਉਣਗੇ। ਭਾਵੇਂ ਅਸੀਂ ਕਿਤੇ ਵੀ ਰਹਿੰਦੇ ਹੋਈਏ, ਯਿਸੂ ਮਸੀਹ ਦੇ ਬਲੀਦਾਨ ਦਾ ਦਿਨ ਮਨਾਉਣਾ ਸਾਡੇ ਲਈ ਇਸ ਸਾਲ ਦੀ ਸਭ ਤੋਂ ਖ਼ਾਸ ਘਟਨਾ ਹੋਵੇਗੀ। ਸੰਨ 2000 ਦਾ ਯਹੋਵਾਹ ਦੇ ਗਵਾਹਾਂ ਦਾ ਕਲੰਡਰ ਅਪ੍ਰੈਲ ਦੇ ਮਹੀਨੇ ਵਿਚ ਸਮਾਰਕ ਦੀ ਤਾਰੀਖ਼ ਗੂੜ੍ਹੇ ਰੰਗ ਦੀ ਡੱਬੀ ਵਿਚ ਦਿਖਾਉਂਦਾ ਹੈ।
2 ਯਹੋਵਾਹ ਨੇ ਆਪਣੇ ਪੁੱਤਰ ਦੇ ਬਲੀਦਾਨ ਦੇ ਜ਼ਰੀਏ ਸਾਨੂੰ ਅਜਿਹੀ ਦਿਆਲਗੀ ਦਿਖਾਈ ਹੈ ਜਿਸ ਦੇ ਅਸੀਂ ਯੋਗ ਨਹੀਂ ਸੀ। ਅਪ੍ਰੈਲ ਦੇ ਪੂਰੇ ਮਹੀਨੇ ਵਿਚ ਉਸ ਦਿਆਲਗੀ ਪ੍ਰਤੀ ਤਹਿ-ਦਿਲੋਂ ਕਦਰਦਾਨੀ ਦਿਖਾਉਣ ਦਾ ਸਾਡੇ ਕੋਲ ਇਕ ਵਧੀਆ ਮੌਕਾ ਹੈ। ਉਹ ਕਿਵੇਂ? ਪੌਲੁਸ ਰਸੂਲ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ ਇਸੇ ਕਰਕੇ ਸੱਭੇ ਮੋਏ। ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰ. 5:14, 15) ਜੀ ਹਾਂ, ਅਪ੍ਰੈਲ ਵਿਚ ਅਸੀਂ ਇਹ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਲਈ ਨਹੀਂ ਸਗੋਂ ਉਸ ਲਈ ਜੀਉਂਦੇ ਹਾਂ ਜੋ ਸਾਡੇ ਲਈ ਮਰਿਆ। ਇੰਜ ਕਰਨ ਨਾਲ ਅਸੀਂ ਰਾਜ ਦੇ ਪ੍ਰਚਾਰਕਾਂ ਵਜੋਂ ਅਪ੍ਰੈਲ ਦੇ ਮਹੀਨੇ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾਵਾਂਗੇ।
3 ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰੋ: ਪੌਲੁਸ ਰਸੂਲ ਨੇ ਉਦੋਂ ਸਾਡੇ ਲਈ ਇਕ ਵਧੀਆ ਉਦਾਹਰਣ ਰੱਖੀ ਜਦੋਂ ਉਸ ਨੇ ਇਹ ਕਿਹਾ: “ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ।” (ਰਸੂ. 20:24) ਯਹੋਵਾਹ ਪਰਮੇਸ਼ੁਰ ਬਾਰੇ ਮੁਕੰਮਲ ਗਵਾਹੀ ਦੇਣ ਦਾ ਸਾਡੇ ਕੋਲ ਵੀ ਇਹੀ ਵਿਸ਼ੇਸ਼-ਸਨਮਾਨ ਹੈ। ਇਸ ਲਈ ਅਸੀਂ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰ ਕੇ ਇਸ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾਉਣਾ ਚਾਹਾਂਗੇ!
4 ਇਸ ਮਹੀਨੇ ਵਿਚ ਪੰਜ ਸ਼ਨੀਵਾਰ ਤੇ ਪੰਜ ਐਤਵਾਰ ਆਉਂਦੇ ਹਨ, ਇਸ ਲਈ ਅਪ੍ਰੈਲ 2000 ਬਹੁਤ ਸਾਰੇ ਭੈਣ-ਭਰਾਵਾਂ ਲਈ ਪਾਇਨੀਅਰੀ ਕਰਨ ਵਾਸਤੇ ਇਕ ਬਹੁਤ ਵਧੀਆ ਮਹੀਨਾ ਸਾਬਤ ਹੋਵੇਗਾ। ਅਪ੍ਰੈਲ 1998 ਵਿਚ, ਜਦੋਂ ਅਸੀਂ ਕੁੱਲ 2,170 ਸਹਿਯੋਗੀ ਪਾਇਨੀਅਰਾਂ ਦਾ ਇਕ ਨਵਾਂ ਸਿਖਰ ਪ੍ਰਾਪਤ ਕੀਤਾ ਸੀ, ਤਾਂ ਇਹ ਕੁੱਲ ਪ੍ਰਕਾਸ਼ਕਾਂ ਦੀ ਗਿਣਤੀ ਦਾ 12 ਫੀ ਸਦੀ ਹਿੱਸਾ ਸੀ। ਸਿਰਫ਼ ਇਕ ਸਾਲ ਤੋਂ ਬਾਅਦ ਹੀ ਅਗਸਤ 1999 ਵਿਚ ਖੇਤਰ ਸੇਵਾ ਦੀਆਂ ਰਿਪੋਰਟਾਂ ਪਾਉਣ ਵਾਲੇ ਪ੍ਰਕਾਸ਼ਕਾਂ ਦੀ ਕੁੱਲ ਗਿਣਤੀ 17 ਫੀ ਸਦੀ ਤਕ ਵੱਧ ਗਈ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਾਲ ਸਹਿਯੋਗੀ ਪਾਇਨੀਅਰਾਂ ਦੇ ਪੁਰਾਣੇ ਸਿਖਰ ਤੋਂ ਵੀ ਵੱਡਾ ਸਿਖਰ ਪ੍ਰਾਪਤ ਕਰਨ ਦੀ ਕਾਫ਼ੀ ਉਮੀਦ ਹੈ। ਇਸ ਤੋਂ ਇਲਾਵਾ, ਘੰਟੇ ਵੀ ਹੁਣ ਪਹਿਲਾਂ ਨਾਲੋਂ ਘਟਾ ਦਿੱਤੇ ਗਏ ਹਨ ਜਿਸ ਕਰਕੇ ਕਲੀਸਿਯਾਵਾਂ ਦੇ ਬਹੁਤ ਸਾਰੇ ਭੈਣ-ਭਰਾਵਾਂ ਲਈ ਸਹਿਯੋਗੀ ਪਾਇਨੀਅਰੀ ਕਰਨੀ ਹੁਣ ਜ਼ਿਆਦਾ ਮੁਮਕਿਨ ਹੋ ਗਈ ਹੈ। ਹਰ ਬਪਤਿਸਮਾ-ਪ੍ਰਾਪਤ ਭੈਣ-ਭਰਾ ਨੂੰ ਪ੍ਰਾਰਥਨਾਪੂਰਵਕ ਸੋਚਣਾ ਚਾਹੀਦਾ ਹੈ ਕਿ ਉਹ ਇਸ ਅਪ੍ਰੈਲ ਮਹੀਨੇ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ ਕਿ ਨਹੀਂ।
5 ਸੰਨ 2000 ਦਾ ਕਲੰਡਰ ਦੇਖ ਕੇ ਅਪ੍ਰੈਲ ਮਹੀਨੇ ਦੀਆਂ ਯੋਜਨਾਵਾਂ ਬਣਾਓ। ਫ਼ੈਸਲਾ ਕਰੋ ਕਿ ਅਪ੍ਰੈਲ ਮਹੀਨੇ ਵਿਚ ਤੁਸੀਂ ਕਿਹੜੇ-ਕਿਹੜੇ ਦਿਨ ਖੇਤਰ ਸੇਵਾ ਵਿਚ ਹਿੱਸਾ ਲੈ ਸਕੋਗੇ ਅਤੇ ਜਿੰਨੇ ਕੁ ਘੰਟੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪ੍ਰਚਾਰ ਵਿਚ ਬਿਤਾ ਸਕੋਗੇ, ਉਨ੍ਹਾਂ ਦਾ ਜੋੜ ਕਰ ਲਵੋ। ਰਸਮੀ ਅਤੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਵਿਚ ਤੁਸੀਂ ਜਿੰਨਾ ਕੁ ਸਮਾਂ ਲਾ ਸਕਦੇ ਹੋ, ਉਹ ਵੀ ਇਨ੍ਹਾਂ ਘੰਟਿਆਂ ਵਿਚ ਜੋੜ ਲਵੋ। ਹੁਣ ਜੋੜਨ ਤੋਂ ਬਾਅਦ ਦੇਖੋ ਕਿ ਕੀ ਤੁਹਾਡਾ ਕੁੱਲ ਸਮਾਂ ਸਹਿਯੋਗੀ ਪਾਇਨੀਅਰੀ ਕਰਨ ਲਈ ਲੋੜੀਂਦੇ 50 ਘੰਟਿਆਂ ਤਕ ਪਹੁੰਚਦਾ ਹੈ? ਜੇਕਰ ਲੋੜੀਂਦੇ ਘੰਟਿਆਂ ਨਾਲੋਂ ਤੁਹਾਡੇ ਘੰਟੇ ਘੱਟ ਬਣਦੇ ਹਨ, ਤਾਂ ਕੀ ਸਹਿਯੋਗੀ ਪਾਇਨੀਅਰੀ ਕਰਨ ਲਈ ਤੁਸੀਂ ਆਪਣੀ ਸਮਾਂ-ਸਾਰਣੀ ਵਿਚ ਕੁਝ ਹੋਰ ਤਬਦੀਲੀਆਂ ਕਰ ਸਕਦੇ ਹੋ? ਤੁਹਾਨੂੰ ਕੁੱਲ 50 ਘੰਟੇ ਪੂਰੇ ਕਰਨ ਲਈ ਮਹੀਨੇ ਵਿਚ ਔਸਤਨ ਹਰ ਰੋਜ਼ ਸਿਰਫ਼ ਇਕ ਘੰਟਾ ਤੇ 40 ਮਿੰਟ ਲਗਾਉਣ ਦੀ ਲੋੜ ਹੋਵੇਗੀ।
6 ਹੁਣ ਜਦੋਂ ਨਿਯਮਿਤ ਪਾਇਨੀਅਰਾਂ ਦੇ ਘੰਟੇ ਵੀ ਘਟਾ ਦਿੱਤੇ ਗਏ ਹਨ, ਤਾਂ ਕੀ ਤੁਸੀਂ ਪੂਰਣ-ਕਾਲੀ ਸੇਵਕਾਈ ਸ਼ੁਰੂ ਕਰਨ ਲਈ ਮਨ ਬਣਾਇਆ ਹੈ? ਦਿਨ ਲੰਬੇ ਹੋਣ ਕਰਕੇ ਨਿਯਮਿਤ ਪਾਇਨੀਅਰੀ ਸ਼ੁਰੂ ਕਰਨ ਲਈ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋਵੇਗਾ! ਪਰ ਜੇਕਰ ਨਿਯਮਿਤ ਪਾਇਨੀਅਰੀ ਲਈ ਲੋੜੀਂਦੇ 70 ਘੰਟੇ ਪੂਰੇ ਕਰ ਸਕਣ ਦੀ ਆਪਣੀ ਕਾਬਲੀਅਤ ਉੱਤੇ ਤੁਹਾਨੂੰ ਕੋਈ ਸ਼ੱਕ ਹੈ, ਤਾਂ ਫਿਰ ਕਿਉਂ ਨਾ ਤੁਸੀਂ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਸ਼ੁਰੂ ਕਰੋ ਅਤੇ 70 ਘੰਟੇ ਪੂਰੇ ਕਰਨ ਦਾ ਟੀਚਾ ਰੱਖੋ? ਇਕ ਵਾਰ ਜੇਕਰ ਤੁਹਾਨੂੰ ਯਕੀਨ ਹੋ ਗਿਆ ਕਿ ਤੁਸੀਂ 70 ਘੰਟੇ ਪੂਰੇ ਕਰ ਸਕਦੇ ਹੋ, ਤਾਂ ਤੁਸੀਂ ਛੇਤੀ ਤੋਂ ਛੇਤੀ ਨਿਯਮਿਤ ਪਾਇਨੀਅਰੀ ਸ਼ੁਰੂ ਕਰਨ ਦੇ ਚਾਹਵਾਨ ਹੋਵੋਗੇ।—ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 113-14 ਦੇਖੋ।
7 ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਪੂਰਾ-ਪੂਰਾ ਹਿੱਸਾ ਲਵੋ: ਭਾਵੇਂ ਅਸੀਂ ਪ੍ਰਕਾਸ਼ਕ ਹੋਈਏ ਜਾਂ ਪਾਇਨੀਅਰ, ਪਰਮੇਸ਼ੁਰ ਅਤੇ ਗੁਆਂਢੀ ਲਈ ਸਾਡਾ ਸੱਚਾ ਪ੍ਰੇਮ ਸਾਨੂੰ ਆਪਣੇ-ਆਪਣੇ ਹਾਲਾਤਾਂ ਮੁਤਾਬਕ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਉਕਸਾਉਂਦਾ ਹੈ। (ਲੂਕਾ 10:27) ਇਸ ਤਰ੍ਹਾਂ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ “ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।” (1 ਤਿਮੋ. 4:10) ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਅਪ੍ਰੈਲ ਦੇ ਮਹੀਨੇ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਰੇ ਭੈਣ-ਭਰਾ ਪੂਰਾ-ਪੂਰਾ ਹਿੱਸਾ ਲੈਣਗੇ।
8 ਆਓ ਆਪਾਂ ਯਿਸੂ ਦੇ ਇਸ ਉਪਦੇਸ਼ ਨੂੰ ਕਦੇ ਨਾ ਭੁੱਲੀਏ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” ਇਹ ਕਹਿਣ ਤੋਂ ਇਕ ਦਮ ਬਾਅਦ, ਯਿਸੂ ਨੇ ਆਪਣੇ 12 ਚੇਲਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਘੱਲਿਆ। (ਮੱਤੀ 9:37, 38; 10:1, 5, 7) ਆਪਣੇ 12 ਚੇਲਿਆਂ ਨੂੰ ਚੰਗੀ ਤਰ੍ਹਾਂ ਸਿਖਲਾਈ ਦੇਣ ਤੋਂ ਤਕਰੀਬਨ ਇਕ ਸਾਲ ਬਾਅਦ, ਯਿਸੂ ਨੇ “ਸੱਤਰ ਹੋਰ ਵੀ ਠਹਿਰਾਏ” ਅਤੇ ਉਨ੍ਹਾਂ ਨੂੰ ਵੀ ਉਹੀ ਹੁਕਮ ਦਿੰਦੇ ਹੋਏ ਘੱਲਿਆ: “ਫ਼ਸਲ ਤਾਂ ਬਹੁਤ ਹੈ . . . ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” (ਲੂਕਾ 10:1, 2) ਬਾਈਬਲ ਵਿਚ ਰਸੂਲਾਂ ਦੇ ਕਰਤੱਬ ਨਾਂ ਦੀ ਕਿਤਾਬ ਦੱਸਦੀ ਹੈ ਕਿ ਯਹੋਵਾਹ ਨੇ ਉਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ। ਪੰਤੇਕੁਸਤ 33 ਸਾ.ਯੁ. ਵਿਚ ਚੇਲਿਆਂ ਦੀ ਗਿਣਤੀ 120 ਤਕ ਵੱਧ ਗਈ। ਉਸ ਤੋਂ ਬਾਅਦ ਇਹ ਗਿਣਤੀ ਲਗਾਤਾਰ 3,000 ਅਤੇ ਫਿਰ 5,000 ਤਕ ਵੱਧ ਗਈ। (ਰਸੂ. 1:15; 2:41; 4:4) ਇਸ ਤੋਂ ਬਾਅਦ ਵੀ, “ਚੇਲਿਆਂ ਦੀ ਗਿਣਤੀ ਬਹੁਤ ਵਧਦੀ” ਗਈ। (ਰਸੂ. 6:7) ਇਸੇ ਤਰ੍ਹਾਂ, ਅੱਜ ਦੇ ਸਮੇਂ ਵਿਚ ਵੀ ਸਾਨੂੰ ਅਜੇ ਹੋਰ ਰਾਜ-ਪ੍ਰਚਾਰਕਾਂ ਲਈ ਆਪਣੇ ਮਾਲਕ ਨੂੰ ਲਗਾਤਾਰ ਬੇਨਤੀ ਕਰਨੀ ਚਾਹੀਦੀ ਹੈ! ਆਪਣੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਕਲੀਸਿਯਾ ਦੇ ਹਰੇਕ ਪ੍ਰਕਾਸ਼ਕ ਨੂੰ ਹਰ ਮਹੀਨੇ ਪ੍ਰਚਾਰ ਕਰਨ ਦਾ ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ।
9 ਹੁਣ ਜ਼ਰਾ ਸੰਨ 2000 ਦੇ ਕਲੰਡਰ ਵਿੱਚੋਂ ਅਪ੍ਰੈਲ ਮਹੀਨੇ ਵੱਲ ਚੰਗੀ ਤਰ੍ਹਾਂ ਧਿਆਨ ਦਿਓ। ਕਿਉਂਕਿ ਅਪ੍ਰੈਲ ਮਹੀਨੇ ਦੇ ਪਹਿਲੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਹਨ, ਤਾਂ ਕੀ ਤੁਸੀਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਯਾਨੀ ਪਹਿਲੇ ਹੀ ਸ਼ਨੀਵਾਰ ਤੇ ਐਤਵਾਰ ਤੋਂ ਹੀ ਪ੍ਰਚਾਰ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਸਕਦੇ ਹੋ? ਕੀ ਤੁਸੀਂ ਆਪਣੇ ਕਲੀਸਿਯਾ ਪੁਸਤਕ ਅਧਿਐਨ ਸਮੂਹ ਨਾਲ ਮਿਲ ਕੇ ਹਰ “ਰਸਾਲਾ ਦਿਨ” ਵਿਚ ਹਿੱਸਾ ਲੈ ਸਕਦੇ ਹੋ? ਕੀ ਤੁਸੀਂ ਹਰ ਐਤਵਾਰ ਇਕ ਜਾਂ ਇਕ ਤੋਂ ਵੱਧ ਘੰਟੇ ਪ੍ਰਚਾਰ ਕਰ ਸਕਦੇ ਹੋ? ਕਿਉਂਕਿ ਅਪ੍ਰੈਲ ਮਹੀਨੇ ਵਿਚ ਦਿਨ ਲੰਮੇ ਹੋਣ ਕਰਕੇ ਛੇਤੀ ਹਨੇਰਾ ਨਹੀਂ ਹੋਵੇਗਾ, ਇਸ ਕਰਕੇ ਪ੍ਰਚਾਰ ਕੰਮ ਵਿਚ ਜ਼ਿਆਦਾ ਸਮਾਂ ਬਿਤਾਇਆ ਜਾ ਸਕੇਗਾ। ਕੀ ਤੁਸੀਂ ਸ਼ਾਮ ਨੂੰ ਗਵਾਹੀ ਕਾਰਜ ਕਰ ਸਕਦੇ ਹੋ? ਇਸ ਤੋਂ ਇਲਾਵਾ, ਆਪਣੇ ਕੰਮ-ਕਾਰ ਦੀ ਜਗ੍ਹਾ ਤੇ, ਸਕੂਲ ਵਿਚ ਜਾਂ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਣਾ ਕਦੇ ਨਾ ਭੁੱਲੋ। ਜਿਨ੍ਹਾਂ ਦਿਨਾਂ ਵਿਚ ਤੁਸੀਂ ਪ੍ਰਚਾਰ ਕਰ ਸਕਦੇ ਹੋ, ਉਨ੍ਹਾਂ ਦਿਨਾਂ ਉੱਤੇ ਨਿਸ਼ਾਨ ਲਾਓ ਤੇ ਇਸ ਮਹੀਨੇ ਦੌਰਾਨ ਪ੍ਰਚਾਰ ਵਿਚ ਬਿਤਾਏ ਸਮੇਂ ਨੂੰ ਵੀ ਇਸ ਕਲੰਡਰ ਤੇ ਲਿਖੋ।
10 ਜਿਹੜੇ ਯੋਗ ਵਿਅਕਤੀਆਂ ਨੂੰ ਬਜ਼ੁਰਗਾਂ ਵੱਲੋਂ ਪ੍ਰਚਾਰ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ ਉਨ੍ਹਾਂ ਲਈ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਵਜੋਂ ਪ੍ਰਚਾਰ ਕੰਮ ਸ਼ੁਰੂ ਕਰਨ ਲਈ ਅਪ੍ਰੈਲ ਦਾ ਮਹੀਨਾ ਬਿਲਕੁਲ ਠੀਕ ਹੋਵੇਗਾ। ਜੇਕਰ ਤੁਸੀਂ ਕਿਸੇ ਨੂੰ ਅਧਿਐਨ ਕਰਾਉਂਦੇ ਹੋ, ਤਾਂ ਕੀ ਉਸ ਵਿਅਕਤੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਕਾਸ਼ਕ ਬਣਨ ਬਾਰੇ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰੇ? ਜੇਕਰ ਤੁਹਾਡੇ ਬੱਚਿਆਂ ਨੇ ਅਜੇ ਬਪਤਿਸਮਾ ਨਹੀਂ ਲਿਆ ਹੈ, ਤਾਂ ਕੀ ਤੁਸੀਂ ਉਨ੍ਹਾਂ ਦੀ ਅਧਿਆਤਮਿਕ ਤਰੱਕੀ ਬਾਰੇ ਬਜ਼ੁਰਗਾਂ ਨਾਲ ਗੱਲ ਕੀਤੀ ਹੈ? ਕੀ ਇਨ੍ਹਾਂ ਬੱਚਿਆਂ ਵੱਲੋਂ ਪ੍ਰਚਾਰ ਕੰਮ ਸ਼ੁਰੂ ਕਰਨ ਦਾ ਇਹੀ ਸਮਾਂ ਵਧੀਆ ਨਹੀਂ ਹੋਵੇਗਾ?—ਆਪਣੀ ਸੇਵਕਾਈ ਕਿਤਾਬ ਦੇ ਸਫ਼ੇ 97-100 ਦੇਖੋ।
11 ਜੇਕਰ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਸੇਵਕਾਈ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਮਹੀਨੇ ਦੇ ਅੰਤ ਵਿਚ ਸਾਨੂੰ ਆਪਣੀ ਖੇਤਰ ਸੇਵਾ ਰਿਪੋਰਟ ਜ਼ਰੂਰ ਪਾਉਣੀ ਚਾਹੀਦੀ ਹੈ। (ਮਰਕੁਸ 6:30 ਦੀ ਤੁਲਨਾ ਕਰੋ।) ਪਹਿਲੀ ਵਾਰੀ ਹਿੱਸਾ ਲੈਣ ਵਾਲੇ ਨਵੇਂ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਖੇਤਰ ਸੇਵਾ ਰਿਪੋਰਟ ਸਮੇਂ ਸਿਰ ਦੇਣ। ਇੰਜ ਆਪਣੀ ਜ਼ਿੰਮੇਵਾਰੀ ਪੂਰੀ ਕਰ ਕੇ, ਅਸੀਂ ਅਪ੍ਰੈਲ ਦੀ ਰਿਪੋਰਟ ਵਿਚ ਅਤੇ ਪ੍ਰਚਾਰ ਦੁਆਰਾ ਯਹੋਵਾਹ ਦੀ ਜ਼ੋਰ-ਸ਼ੋਰ ਨਾਲ ਮਹਿਮਾ ਕਰਨ ਵਿਚ ਆਪਣਾ ਹਿੱਸਾ ਪਾ ਸਕਦੇ ਹਾਂ।
12 ਸਮਾਰਕ ਵਿਚ ਦੂਜਿਆਂ ਨੂੰ ਆਪਣੇ ਨਾਲ ਲਿਆਓ: ਸਾਲ 2000 ਵਿਚ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਣ ਵਾਲਿਆਂ ਦਾ ਇਕ ਨਵਾਂ ਸਿਖਰ ਦੇਖ ਕੇ ਕੀ ਸਾਨੂੰ ਖ਼ੁਸ਼ੀ ਨਹੀਂ ਹੋਵੇਗੀ? ਜ਼ਰੂਰ ਹੋਵੇਗੀ! ਕਿਉਂਕਿ ਇਸ ਤੋਂ ਇਹ ਪਤਾ ਲੱਗੇਗਾ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਜੋ ਹੱਦੋਂ-ਵੱਧ ਪਿਆਰ ਸਾਡੇ ਲਈ ਦਿਖਾਇਆ ਹੈ, ਉਸ ਪ੍ਰਤੀ ਕਦਰਦਾਨੀ ਦਿਖਾਉਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਇਕੱਠੇ ਹੋਏ ਹਨ! (ਯੂਹੰ. 3:16; 15:13) ਹੁਣ ਤੋਂ ਹੀ ਸਾਰੇ ਜ਼ਰੂਰੀ ਬੰਦੋਬਸਤ ਕਰ ਲਵੋ, ਤਾਂਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਮਾਰਕ ਵਿਚ ਹਾਜ਼ਰ ਹੋਣ ਤੋਂ ਕੋਈ ਵੀ ਗੱਲ ਨਾ ਰੋਕ ਸਕੇ।
13 ਇਹ ਸਮਾਂ ਦੂਜਿਆਂ ਨੂੰ ਸਮਾਰਕ ਵਿਚ ਆਉਣ ਦਾ ਸੱਦਾ ਦੇਣ ਦਾ ਵੀ ਹੈ। ਤੁਸੀਂ ਜਿਨ੍ਹਾਂ ਨੂੰ ਸਮਾਰਕ ਵਿਚ ਬੁਲਾਉਣਾ ਚਾਹੁੰਦੇ ਹੋ ਉਨ੍ਹਾਂ ਦੀ ਇਕ ਸੂਚੀ ਬਣਾਓ। ਇਸ ਸੂਚੀ ਵਿਚ ਉਨ੍ਹਾਂ ਦੇ ਨਾਂ ਵੀ ਲਿਖੋ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਕਦੇ ਅਧਿਐਨ ਕਰਾਇਆ ਸੀ ਜਾਂ ਜਿਹੜੇ ਹੁਣ ਅਧਿਐਨ ਕਰ ਰਹੇ ਹਨ। ਇਸ ਤੋਂ ਇਲਾਵਾ ਆਪਣੀਆਂ ਸਾਰੀਆਂ ਪੁਨਰ-ਮੁਲਾਕਾਤਾਂ ਵੀ ਇਸ ਵਿਚ ਸ਼ਾਮਲ ਕਰੋ। ਇਸ ਸੂਚੀ ਵਿਚ ਆਪਣੇ ਨਾਲ ਕੰਮ ਕਰਨ ਵਾਲਿਆਂ ਦੇ, ਸਹਿਪਾਠੀਆਂ ਦੇ ਅਤੇ ਗੁਆਂਢੀਆਂ ਦੇ ਨਾਂ ਜਾਂ ਜਿਨ੍ਹਾਂ ਨਾਲ ਤੁਸੀਂ ਕਾਰੋਬਾਰ ਕਰਦੇ ਹੋ, ਉਨ੍ਹਾਂ ਸਾਰਿਆਂ ਦੇ ਨਾਂ ਵੀ ਲਿਖੋ। ਆਪਣੀ ਜਾਣ-ਪਛਾਣ ਵਾਲੇ ਹੋਰ ਦੂਜੇ ਲੋਕਾਂ ਦੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਲਿਖਣੇ ਨਾ ਭੁੱਲੋ। ਸੂਚੀ ਬਣਾਉਣ ਤੋਂ ਬਾਅਦ, ਹਰ ਇਕ ਨੂੰ ਆਪ ਜਾ ਕੇ ਸੱਦਾ ਦੇਣਾ ਸ਼ੁਰੂ ਕਰੋ। ਉਨ੍ਹਾਂ ਨੂੰ ਚੰਗੀ ਤਰ੍ਹਾਂ ਦੱਸੋ ਕਿ ਸਮਾਰਕ ਕਿੱਥੇ ਅਤੇ ਕਿੰਨੇ ਵਜੇ ਹੋਵੇਗਾ। ਜਿਉਂ-ਜਿਉਂ 19 ਅਪ੍ਰੈਲ ਦੀ ਤਾਰੀਖ਼ ਨੇੜੇ ਆਉਂਦੀ ਹੈ, ਤਿਉਂ-ਤਿਉਂ ਆਪਣੀ ਸੂਚੀ ਵਿਚਲੇ ਸਾਰੇ ਲੋਕਾਂ ਨੂੰ ਆਪ ਜਾ ਕੇ ਜਾਂ ਟੈਲੀਫ਼ੋਨ ਦੁਆਰਾ ਇਕ ਵਾਰ ਫੇਰ ਤੋਂ ਸਮਾਰਕ ਦਿਨ ਬਾਰੇ ਚੇਤੇ ਕਰਾਓ ਅਤੇ ਉਨ੍ਹਾਂ ਨੂੰ ਕਹੋ ਕਿ ਜੇ ਉਹ ਤੁਹਾਡੇ ਨਾਲ ਜਾਣਾ ਚਾਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਲੈਣ ਲਈ ਆ ਜਾਓਗੇ।
14 ਸੋਸਾਇਟੀ ਦੀਆਂ ਪੁਰਾਣੀਆਂ ਹਿਦਾਇਤਾਂ ਅਨੁਸਾਰ, ਬਜ਼ੁਰਗਾਂ ਦਾ ਸਮੂਹ ਆਪਣੇ ਖੇਤਰ ਦੇ ਸਾਰੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੂੰ ਸਮਾਰਕ ਵਿਚ ਹਾਜ਼ਰ ਹੋਣ ਲਈ ਹੱਲਾ-ਸ਼ੇਰੀ ਦੇਣ ਦਾ ਖ਼ਾਸ ਜਤਨ ਕਰਨਗੇ। (ਮੱਤੀ 18:12-14) ਬਜ਼ੁਰਗ ਸੋਸਾਇਟੀ ਦੇ 2 ਫਰਵਰੀ 1999 ਦੇ ਖ਼ਤ ਉੱਤੇ ਦੁਬਾਰਾ ਗੌਰ ਕਰਨਾ ਚਾਹੁਣਗੇ। ਕਲੀਸਿਯਾ ਦਾ ਸੈਕਟਰੀ ਸਾਰੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਇਕ ਸੂਚੀ ਬਣਾਵੇਗਾ ਅਤੇ ਸੇਵਾ ਨਿਗਾਹਬਾਨ ਅਜਿਹੇ ਪ੍ਰਕਾਸ਼ਕਾਂ ਨੂੰ ਮਿਲਣ ਅਤੇ ਸਮਾਰਕ ਵਿਚ ਹਾਜ਼ਰ ਹੋਣ ਦਾ ਸੱਦਾ ਦੇਣ ਲਈ ਬਜ਼ੁਰਗਾਂ ਨੂੰ ਨਿਯੁਕਤ ਕਰੇਗਾ। ਹੋ ਸਕਦਾ ਹੈ ਕਿ ਪ੍ਰਚਾਰ ਵਿਚ ਠੰਢੇ ਪਏ ਅਜਿਹੇ ਪ੍ਰਕਾਸ਼ਕ ਉਤਸ਼ਾਹਜਨਕ ਰਹਿਨੁਮਾਈ ਭੇਂਟ ਦੇ ਸਦਕਾ ਖੇਤਰ ਸੇਵਾ ਵਿਚ ਮੁੜ ਹਿੱਸਾ ਲੈਣਾ ਸ਼ੁਰੂ ਕਰ ਦੇਣ, ਸ਼ਾਇਦ ਅਪ੍ਰੈਲ ਮਹੀਨੇ ਵਿਚ ਹੀ ਸ਼ੁਰੂ ਕਰ ਦੇਣ। ਜੇਕਰ ਅਜਿਹੇ ਪ੍ਰਕਾਸ਼ਕਾਂ ਨੂੰ ਕਿਸੇ ਤਜਰਬੇਕਾਰ ਭੈਣ-ਭਰਾ ਨਾਲ ਪ੍ਰਚਾਰ ਤੇ ਜਾਣ ਦਾ ਸੱਦਾ ਦਿੱਤਾ ਜਾਵੇ, ਤਾਂ ਇਹ ਉਨ੍ਹਾਂ ਲਈ ਬਹੁਤ ਉਤਸ਼ਾਹਜਨਕ ਹੋਵੇਗਾ।
15 ਸਭ ਨੂੰ ਜ਼ੋਰ-ਸ਼ੋਰ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ! ਅਪ੍ਰੈਲ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾਉਣ ਲਈ ਸਾਰੇ ਬਜ਼ੁਰਗਾਂ, ਸਹਾਇਕ ਸੇਵਕਾਂ ਅਤੇ ਸਾਰੇ ਪਰਿਵਾਰਾਂ ਦੇ ਮੁਖੀਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਬਜ਼ੁਰਗ ਸਾਰੇ ਕੰਮਾਂ ਦਾ ਚੰਗਾ ਇੰਤਜ਼ਾਮ ਕਰਨ ਵਿਚ ਅਤੇ ਅਗਵਾਈ ਲੈਣ ਵਿਚ ਪੂਰਾ ਜੋਸ਼ ਦਿਖਾਉਣਗੇ। (ਇਬ. 13:7) ਹਫ਼ਤੇ ਦੌਰਾਨ ਅਤੇ ਸ਼ਨੀਵਾਰ ਤੇ ਐਤਵਾਰ ਹੋਣ ਵਾਲੀਆਂ ਖੇਤਰ ਸੇਵਾ ਸਭਾਵਾਂ ਲਈ ਢੁਕਵੇਂ ਇੰਤਜ਼ਾਮ ਕਰਨੇ ਚਾਹੀਦੇ ਹਨ। ਢਲਦੀ ਦੁਪਹਿਰ ਅਤੇ ਸ਼ਾਮ ਨੂੰ ਵੀ ਖੇਤਰ ਸੇਵਾ ਸਭਾਵਾਂ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਅਪ੍ਰੈਲ ਲਈ ਖੇਤਰ ਸੇਵਾ ਦੀ ਪੂਰੀ ਸਮਾਂ-ਸਾਰਣੀ ਪਹਿਲਾਂ ਤੋਂ ਹੀ ਸੂਚਨਾ ਬੋਰਡ ਉੱਤੇ ਲਾ ਦੇਣੀ ਚਾਹੀਦੀ ਹੈ। ਹਰੇਕ ਖੇਤਰ ਸੇਵਾ ਸਭਾ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਜਾਣੀ ਚਾਹੀਦੀ ਹੈ। ਹਰ ਗਰੁੱਪ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਚਾਰ ਕਰਨ ਲਈ ਕਾਫ਼ੀ ਖੇਤਰ ਵੀ ਮੁਹੱਈਆ ਕਰਾਉਣਾ ਚਾਹੀਦਾ ਹੈ।
16 ਅਪ੍ਰੈਲ ਦੌਰਾਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੱਤੇ ਜਾਣਗੇ। ਬਾਈਬਲ ਅਧਿਐਨ ਸ਼ੁਰੂ ਕਰਾਉਣ ਲਈ, ਦਿਲਚਸਪੀ ਰੱਖਣ ਵਾਲਿਆਂ ਨੂੰ ਮੰਗ ਬਰੋਸ਼ਰ ਪੇਸ਼ ਕੀਤਾ ਜਾਵੇਗਾ। ਇਸ ਲਈ, ਰਸਾਲੇ ਅਤੇ ਬਰੋਸ਼ਰ ਕਾਫ਼ੀ ਮਾਤਰਾ ਵਿਚ ਮੁਹੱਈਆ ਕਰਵਾਉਣ ਦੀ ਲੋੜ ਹੈ।
17 ਮਹੀਨੇ ਦੇ ਅੰਤ ਵਿਚ, ਸਾਰੇ ਪੁਸਤਕ ਅਧਿਐਨ ਸੰਚਾਲਕ ਅਤੇ ਉਨ੍ਹਾਂ ਦੇ ਸਹਾਇਕ ਆਪਣੇ-ਆਪਣੇ ਗਰੁੱਪ ਵਿਚ ਸਾਰਿਆਂ ਨੂੰ ਮਹੀਨਾ ਖ਼ਤਮ ਹੁੰਦਿਆਂ ਹੀ ਆਪਣੀ-ਆਪਣੀ ਖੇਤਰ ਸੇਵਾ ਰਿਪੋਰਟ ਪਾਉਣ ਲਈ ਉਤਸ਼ਾਹਿਤ ਕਰਨਗੇ। ਖੇਤਰ ਸੇਵਾ ਰਿਪੋਰਟ 30 ਅਪ੍ਰੈਲ, ਐਤਵਾਰ ਨੂੰ ਵੀ ਪਾਈ ਜਾ ਸਕਦੀ ਹੈ। ਇਸ ਤੋਂ ਬਾਅਦ, ਜਦੋਂ ਸੈਕਟਰੀ ਸਾਰੀਆਂ ਰਿਪੋਰਟਾਂ ਦੀ ਗਿਣਤੀ ਕਰਨ ਵੇਲੇ ਦੇਖਦਾ ਹੈ ਕਿ ਕਈ ਪ੍ਰਕਾਸ਼ਕਾਂ ਨੇ ਰਿਪੋਰਟ ਅਜੇ ਨਹੀਂ ਪਾਈ, ਤਾਂ ਉਹ ਉਨ੍ਹਾਂ ਭੈਣ-ਭਰਾਵਾਂ ਨੂੰ ਪਿਆਰ ਨਾਲ ਦੁਬਾਰਾ ਯਾਦ ਦਿਵਾ ਸਕਦਾ ਹੈ ਕਿ ਉਹ ਉਸ ਵੱਲੋਂ ਸੋਸਾਇਟੀ ਨੂੰ ਕਲੀਸਿਯਾ ਰਿਪੋਰਟ ਭੇਜਣ ਤੋਂ ਪਹਿਲਾਂ, ਯਾਨੀ 6 ਮਈ ਤੋਂ ਪਹਿਲਾਂ ਆਪਣੀ-ਆਪਣੀ ਖੇਤਰ-ਸੇਵਾ ਰਿਪੋਰਟ ਪਾ ਦੇਣ। ਇਨ੍ਹਾਂ ਪ੍ਰਕਾਸ਼ਕਾਂ ਕੋਲੋਂ ਖੇਤਰ ਸੇਵਾ ਰਿਪੋਰਟਾਂ ਲੈਣ ਲਈ ਉਹ ਪੁਸਤਕ ਅਧਿਐਨ ਸੰਚਾਲਕਾਂ ਦੀ ਮਦਦ ਵੀ ਲੈ ਸਕਦਾ ਹੈ।
18 ਸਮਾਰਕ ਦਾ ਮਹੀਨਾ ਪਰਮੇਸ਼ੁਰ ਦੇ ਲੋਕਾਂ ਲਈ ਸਾਲ ਵਿਚ ਸਭ ਤੋਂ ਅਹਿਮ ਮਹੀਨਾ ਹੁੰਦਾ ਹੈ। ਅਸੀਂ ਜਿੰਨੇ ਵੀ ਯਹੋਵਾਹ ਦੀ ਸੇਵਾ ਕਰਦੇ ਹਾਂ, ਸਾਡੇ ਸਾਰਿਆਂ ਲਈ ਇਹ ਬੜਾ ਰੁਝੇਵੇਂ ਭਰਿਆ ਸਮਾਂ ਹੋਣਾ ਚਾਹੀਦਾ ਹੈ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਾਰੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਪ੍ਰਚਾਰ ਵਿਚ ਪੂਰਾ-ਪੂਰਾ ਹਿੱਸਾ ਲਈਏ ਅਤੇ ਜੇ ਹੋ ਸਕੇ ਤਾਂ ਅਸੀਂ ਸਹਾਇਕ ਪਾਇਨੀਅਰੀ ਕਰੀਏ ਤੇ ਨਾਲੇ ਮਸੀਹ ਦੀ ਮੌਤ ਦੇ ਸਮਾਰਕ ਵਿਚ ਦੂਜਿਆਂ ਨੂੰ ਲਿਆਉਣ ਲਈ ਜੀ-ਜਾਨ ਨਾਲ ਮਿਹਨਤ ਕਰੀਏ। ਆਓ ਅਸੀਂ ਸਾਰੇ ਪਰਮੇਸ਼ੁਰ ਦੀ ਮਹਿਮਾ ਅਤੇ ਉਸਤਤ ਕਰਨ ਲਈ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾਉਣ ਦੀਆਂ ਕੋਸ਼ਿਸ਼ਾਂ ਉੱਤੇ ਯਹੋਵਾਹ ਦੀ ਬਰਕਤ ਹਾਸਲ ਕਰਨ ਲਈ ਉਸ ਨੂੰ ਦਿਲੋਂ ਪ੍ਰਾਰਥਨਾ ਕਰੀਏ!—ਇਬ. 13:15.
[ਸਫ਼ੇ 3 ਉੱਤੇ ਡੱਬੀ]
ਸਹਿਯੋਗੀ ਪਾਇਨੀਅਰ
ਸਾਡਾ ਨਵਾਂ ਸਿਖਰ: 2,170
(ਅਪ੍ਰੈਲ 1998)
[ਸਫ਼ੇ 4 ਉੱਤੇ ਡੱਬੀ]
ਕੁੱਲ ਪ੍ਰਕਾਸ਼ਕ
ਸਾਡਾ ਨਵਾਂ ਸਿਖਰ: 21,212
(ਅਗਸਤ 1999)
[ਸਫ਼ੇ 5 ਉੱਤੇ ਡੱਬੀ]
ਸਮਾਰਕ ਹਾਜ਼ਰੀ
ਸਾਡਾ ਨਵਾਂ ਸਿਖਰ: 47,081
(1999)