ਪ੍ਰਚਾਰ ਕਰੋ ਅਤੇ ਚੰਗੀ ਤਰ੍ਹਾਂ ਸਾਖੀ ਦਿਓ
1 “ਪਰਧਾਨ ਅਤੇ ਹਾਕਮ” ਹੋਣ ਦੇ ਨਾਤੇ, ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਦਾ ਵੱਡਾ ਕੰਮ ਕਰਨ ਲਈ ਤਿਆਰ ਕੀਤਾ। (ਯਸਾ. 55:4; ਲੂਕਾ 10:1-12; ਰਸੂ. 1:8) ਚੇਲਿਆਂ ਨੂੰ ਦਿੱਤੇ ਯਿਸੂ ਦੇ ਇਸ ਕੰਮ ਦੀ ਵਿਆਖਿਆ ਪਤਰਸ ਰਸੂਲ ਨੇ ਇਨ੍ਹਾਂ ਸ਼ਬਦਾਂ ਵਿਚ ਕੀਤੀ: “ਉਹ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ।” (ਰਸੂ. 10:42) ਚੰਗੀ ਤਰ੍ਹਾਂ ਸਾਖੀ ਦੇਣ ਵਿਚ ਕੀ-ਕੀ ਸ਼ਾਮਲ ਹੈ?
2 ਪੌਲੁਸ ਰਸੂਲ ਦੀ ਮਿਸਾਲ ਉੱਤੇ ਗੌਰ ਕਰਨ ਨਾਲ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਮਿਲਣ ਸਮੇਂ ਉਸ ਨੇ ਉਨ੍ਹਾਂ ਨੂੰ ਚੇਤੇ ਕਰਾਇਆ: “ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ। ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ।” ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ, ਪੌਲੁਸ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਸਖ਼ਤ ਮਿਹਨਤ ਕੀਤੀ। ਉਹ ਲੋਕਾਂ ਨੂੰ ਸਿਰਫ਼ ਬੁਨਿਆਦੀ ਸੱਚਾਈਆਂ ਦੱਸਣ ਦੀ ਬਜਾਇ, ਉਨ੍ਹਾਂ ਨੂੰ “ਪਰਮੇਸ਼ੁਰ ਦੀ ਸਾਰੀ ਮੱਤ” ਬਾਰੇ ਦੱਸਣਾ ਚਾਹੁੰਦਾ ਸੀ। ਇਸ ਵਾਸਤੇ ਉਹ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਕਰਨ ਲਈ ਤਿਆਰ ਸੀ। ਉਸ ਨੇ ਅੱਗੋਂ ਕਿਹਾ: “ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ।”—ਰਸੂ. 20:20, 21, 24, 27.
3 ਅੱਜ ਅਸੀਂ ਕਿਵੇਂ ਪੌਲੁਸ ਦੀ ਮਿਸਾਲ ਦੀ ਰੀਸ ਕਰ ਸਕਦੇ ਹਾਂ? (1 ਕੁਰਿੰ. 10:33) ਅਜ਼ਮਾਇਸ਼ਾਂ ਸਹਿਣ ਦੇ ਬਾਵਜੂਦ ਵੀ ਲਾਇਕ ਲੋਕਾਂ ਨੂੰ ਭਾਲਣ, ਸਾਰੀਆਂ ਜਾਤਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਜਤਨ ਕਰਨ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਪੂਰੀ ਮਦਦ ਕਰਨ ਦੁਆਰਾ ਅਸੀਂ ਪੌਲੁਸ ਦੀ ਰੀਸ ਕਰ ਸਕਦੇ ਹਾਂ। (ਮੱਤੀ 10:12, 13) ਇਸ ਦੇ ਲਈ ਸਮਾਂ ਲਾਉਣ, ਜਤਨ ਕਰਨ ਅਤੇ ਲੋਕਾਂ ਨਾਲ ਪਿਆਰ ਕਰਨ ਦੀ ਲੋੜ ਹੈ।
4 ਕੀ ਤੁਸੀਂ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਮਾਰਚ ਅਤੇ ਅਪ੍ਰੈਲ ਮਹੀਨੇ ਸਹਿਯੋਗੀ ਪਾਇਨੀਅਰੀ ਕਰਨ ਦੁਆਰਾ ਚੰਗੀ ਤਰ੍ਹਾਂ ਸਾਖੀ ਦੇਣ ਦਾ ਵਧੀਆ ਮੌਕਾ ਸਾਬਤ ਹੋ ਸਕਦੇ ਹਨ। ਪਿਛਲੇ ਸਾਲ ਬਹੁਤ ਸਾਰੇ ਪ੍ਰਕਾਸ਼ਕਾਂ ਨੂੰ ਸਹਿਯੋਗੀ ਪਾਇਨੀਅਰੀ ਕਰਨ ਦੇ ਖ਼ਾਸ ਜਤਨ ਕਰਦਿਆਂ ਦੇਖ ਕੇ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਿਆ ਸੀ!
5 ਬੀਮਾਰ ਰਹਿੰਦੀ ਇਕ 80 ਸਾਲ ਦੀ ਭੈਣ ਨੂੰ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੀ ਗਈ ਪ੍ਰੇਰਣਾ ਤੋਂ ਬੜਾ ਉਤਸ਼ਾਹ ਮਿਲਿਆ। ਉਸ ਨੇ ਲਿਖਿਆ: “ਕਾਫ਼ੀ ਚਿਰ ਤੋਂ ਮੇਰੀ ਇੱਛਾ ਸੀ ਕਿ ਮੈਂ ਪਾਇਨੀਅਰੀ ਕਰਾਂ। ਪਾਇਨੀਅਰੀ ਕਰਨ ਦੇ ਇਸ ਉਤਸ਼ਾਹ ਨੇ ਮੇਰੀ ਇੱਛਾ ਨੂੰ ਇੰਨਾ ਵਧਾ ਦਿੱਤਾ ਕਿ ਮੈਂ ਇਕ ਵਾਰ ਫਿਰ ਸਹਿਯੋਗੀ ਪਾਇਨੀਅਰੀ ਕਰਨ ਤੋਂ ਆਪਣੇ ਆਪ ਨੂੰ ਰੋਕ ਨਾ ਸਕੀ।” ਉਸ ਨੇ ਮਾਰਚ ਵਿਚ ਪਾਇਨੀਅਰੀ ਕਰਨ ਦਾ ਟੀਚਾ ਰੱਖਿਆ। ਉਸ ਨੇ ਕਿਹਾ: “ਪਹਿਲਾਂ ਮੈਂ ਬੈਠ ਕੇ ਇਸ ਗੱਲ ਤੇ ਸੋਚ-ਵਿਚਾਰ ਕੀਤਾ ਕਿ ਮੈਂ ਇਸ ਟੀਚੇ ਨੂੰ ਪੂਰਾ ਕਰ ਵੀ ਸਕਦੀ ਹਾਂ ਕਿ ਨਹੀਂ। ਮੈਂ ਇਸ ਬਾਰੇ ਆਪਣੀ ਕੁੜੀ ਨਾਲ ਗੱਲ ਕੀਤੀ ਕਿਉਂਕਿ ਮੈਨੂੰ ਉਸ ਦੀ ਮਦਦ ਦੀ ਲੋੜ ਪੈਣੀ ਸੀ। ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਵੀ ਸਹਿਯੋਗੀ ਪਾਇਨੀਅਰੀ ਕਰਨ ਲਈ ਅਰਜ਼ੀ ਭਰ ਦਿੱਤੀ।” ਮਾਰਚ ਦੌਰਾਨ, ਇਸ ਬਜ਼ੁਰਗ ਭੈਣ ਨੇ 52 ਘੰਟੇ ਸੇਵਕਾਈ ਵਿਚ ਬਿਤਾਏ। “ਜਦੋਂ ਮੈਂ ਥੱਕ ਜਾਂਦੀ ਸੀ, ਤਾਂ ਮੈਂ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਦੀ ਸੀ ਕਿ ਉਹ ਮੈਨੂੰ ਤਾਕਤ ਦੇਵੇ। ਮਹੀਨੇ ਦੇ ਅਖ਼ੀਰ ਵਿਚ ਮੈਂ ਬਹੁਤ ਖ਼ੁਸ਼ ਅਤੇ ਸੰਤੁਸ਼ਟ ਸਾਂ ਅਤੇ ਮੈਂ ਯਹੋਵਾਹ ਦੀ ਮਦਦ ਲਈ ਉਸ ਦਾ ਕਈ ਵਾਰ ਧੰਨਵਾਦ ਕੀਤਾ। ਮੈਂ ਇਕ ਵਾਰ ਫਿਰ ਪਾਇਨੀਅਰੀ ਕਰਨ ਦੀ ਕੋਸ਼ਿਸ਼ ਕਰਨੀ ਚਾਹਾਂਗੀ।” ਇਸ ਭੈਣ ਦਾ ਤਜਰਬਾ ਸ਼ਾਇਦ ਉਨ੍ਹਾਂ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰੇ ਜੋ ਬੀਮਾਰ ਹੋਣ ਦੇ ਬਾਵਜੂਦ ਵੀ ਸਹਿਯੋਗੀ ਪਾਇਨੀਅਰੀ ਕਰਨ ਦੀ ਗਹਿਰੀ ਇੱਛਾ ਰੱਖਦੇ ਹਨ।
6 ਇਕ ਭਰਾ ਨੂੰ ਜਦੋਂ ਅਚਾਨਕ ਹੀ ਨੌਕਰੀ ਤੋਂ ਹਟਾ ਦਿੱਤਾ ਗਿਆ, ਤਾਂ ਉਸ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਸਹਿਯੋਗੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਪਾਇਨੀਅਰੀ ਦੇ ਮਹੀਨੇ ਦੌਰਾਨ ਜਿੱਦਾਂ-ਜਿੱਦਾਂ ਦਿਨ ਬੀਤਦੇ ਗਏ, ਤਾਂ ਪ੍ਰਚਾਰ ਕੰਮ ਲਈ ਉਸ ਦਾ ਜੋਸ਼ ਵਧਦਾ ਗਿਆ। ਮਹੀਨੇ ਦੇ ਅਖ਼ੀਰ ਵਿਚ ਉਸ ਨੇ ਇਕ ਨਵੀਂ ਬਾਈਬਲ ਸਟੱਡੀ ਸ਼ੁਰੂ ਕਰ ਲਈ ਸੀ। ਆਪਣੇ ਤਜਰਬੇ ਬਾਰੇ ਸੋਚਦੇ ਹੋਏ ਉਸ ਨੇ ਕਿਹਾ: “ਮੇਰੇ ਲਈ ਇਹ ਮਹੀਨਾ ਬਹੁਤ ਵਧੀਆ ਰਿਹਾ!” ਉਹ ਬਹੁਤ ਹੀ ਖ਼ੁਸ਼ ਸੀ ਕਿ ਯਹੋਵਾਹ ਨੇ ਉਸ ਨੂੰ ਸੇਧ ਅਤੇ ਮਦਦ ਦਿੱਤੀ! ਜੀ ਹਾਂ, ਸੇਵਕਾਈ ਵਿਚ ਕੀਤੀ ਇਸ ਭਰਾ ਦੀ ਸਖ਼ਤ ਮਿਹਨਤ ਉੱਤੇ ਯਹੋਵਾਹ ਨੇ ਬਰਕਤ ਪਾਈ। ਇਸੇ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਵੀ ਕਰੇਗਾ।—ਮਲਾ. 3:10.
7 ਕਈ ਪ੍ਰਕਾਸ਼ਕਾਂ ਨੂੰ ਸਹਿਯੋਗੀ ਪਾਇਨੀਅਰੀ ਕਰਨੀ ਔਖੀ ਲੱਗਦੀ ਹੈ। ਪਰ ਨੌਕਰੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਨਿੱਜੀ ਸਮੱਸਿਆਵਾਂ ਦੇ ਬਾਵਜੂਦ, ਬਹੁਤ ਸਾਰੇ ਭੈਣ-ਭਰਾ ਸਹਿਯੋਗੀ ਪਾਇਨੀਅਰੀ ਕਰਨ ਵਿਚ ਸਫ਼ਲ ਹੋਏ ਹਨ। ਚੰਗੀ ਤਰ੍ਹਾਂ ਸਾਖੀ ਦੇਣ ਲਈ ਆਪਣਾ ਕੀਮਤੀ ਸਮਾਂ ਅਤੇ ਤਾਕਤ ਲਾਉਣੀ ਪੈਂਦੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਬੇਹਿਸਾਬ ਬਰਕਤਾਂ ਮਿਲਦੀਆਂ ਹਨ।—ਕਹਾ. 10:22.
8 ਸਹਿਯੋਗੀ ਪਾਇਨੀਅਰੀ ਕਰਨ ਲਈ ਮਾਰਚ ਅਤੇ ਅਪ੍ਰੈਲ ਵਧੀਆ ਮਹੀਨੇ ਹਨ। ਮਾਰਚ ਵਿਚ ਪੰਜ ਸ਼ਨੀਵਾਰ-ਐਤਵਾਰ ਹਨ। ਇਨ੍ਹਾਂ ਸ਼ਨੀਵਾਰਾਂ ਤੇ ਐਤਵਾਰਾਂ ਨੂੰ ਅਤੇ ਬਾਕੀ ਦਿਨਾਂ ਤੇ ਸ਼ਾਮ ਨੂੰ ਪ੍ਰਚਾਰ ਕਰਨ ਨਾਲ ਉਹ ਭੈਣ-ਭਰਾ ਵੀ ਸ਼ਾਇਦ ਸਹਿਯੋਗੀ ਪਾਇਨੀਅਰੀ ਕਰ ਸਕਣਗੇ ਜੋ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ, ਅਪ੍ਰੈਲ ਮਹੀਨੇ ਦੌਰਾਨ ਛੁੱਟੀਆਂ ਦਾ ਵੀ ਤੁਸੀਂ ਫ਼ਾਇਦਾ ਉਠਾ ਸਕਦੇ ਹੋ। ਕੁਝ ਸ਼ਾਇਦ ਸਕੂਲ ਵਿਚ ਜਾਂ ਨੌਕਰੀ ਵਾਲੀ ਥਾਂ ਤੇ ਅੱਧੀ ਛੁੱਟੀ ਵੇਲੇ ਪ੍ਰਚਾਰ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ 50 ਘੰਟੇ ਪੂਰੇ ਕਰਨ ਵਿਚ ਮਦਦ ਮਿਲ ਸਕਦੀ ਹੈ। ਮਾਰਚ ਜਾਂ ਅਪ੍ਰੈਲ ਦੌਰਾਨ ਸੇਵਕਾਈ ਵਿਚ 50 ਘੰਟੇ ਬਿਤਾਉਣ ਲਈ, ਕੀ ਤੁਸੀਂ ਸਹਿਯੋਗੀ ਪਾਇਨੀਅਰੀ ਲਈ ਇਸ ਅੰਕ ਵਿਚ ਦਿੱਤੀ ਕਿਸੇ ਇਕ ਸਮਾਂ-ਸਾਰਣੀ ਨੂੰ ਵਰਤ ਸਕਦੇ ਹੋ? ਦੂਜਿਆਂ ਨੂੰ ਆਪਣੀ ਸਮਾਂ-ਸਾਰਣੀ ਬਾਰੇ ਦੱਸੋ। ਹੋ ਸਕਦਾ ਹੈ ਕਿ ਉਹ ਵੀ ਪ੍ਰਚਾਰ ਵਿਚ ਤੁਹਾਡਾ ਸਾਥ ਦੇਣ ਲਈ ਉਤਸ਼ਾਹਿਤ ਹੋਣ। ਜੇ ਤੁਸੀਂ ਸਹਿਯੋਗੀ ਪਾਇਨੀਅਰੀ ਨਹੀਂ ਕਰ ਸਕਦੇ, ਤਾਂ ਤੁਸੀਂ ਇਨ੍ਹਾਂ ਮਹੀਨਿਆਂ ਦੌਰਾਨ ਪਾਇਨੀਅਰਾਂ ਦਾ ਸਾਥ ਦੇਣ ਦਾ ਖ਼ਾਸ ਟੀਚਾ ਰੱਖ ਸਕਦੇ ਹੋ। ਮਾਰਚ ਅਤੇ ਅਪ੍ਰੈਲ ਦੌਰਾਨ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਦੀਆਂ ਹੁਣ ਤੋਂ ਹੀ ਯੋਜਨਾਵਾਂ ਬਣਾਓ।
9 ਸਮਾਰਕ ਲਈ ਕਦਰਦਾਨੀ ਦਿਖਾਓ: ਹਰ ਸਾਲ ਸਮਾਰਕ ਦੇ ਮਹੀਨਿਆਂ ਦੌਰਾਨ, ਯਿਸੂ ਦਾ ਬਲੀਦਾਨ ਹਜ਼ਾਰਾਂ ਪ੍ਰਕਾਸ਼ਕਾਂ ਨੂੰ “ਸਮੇਂ ਨੂੰ ਲਾਭਦਾਇਕ” ਬਣਾ ਕੇ ਸਹਿਯੋਗੀ ਪਾਇਨੀਅਰੀ ਕਰਨ ਲਈ ਪ੍ਰੇਰਦਾ ਹੈ। (ਅਫ਼. 5:15, 16) ਪਿਛਲੇ ਸਾਲ ਭਾਰਤ ਵਿਚ ਮਾਰਚ ਦੌਰਾਨ 2,509 ਅਤੇ ਅਪ੍ਰੈਲ ਵਿਚ 1,349 ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੋਹਾਂ ਮਹੀਨਿਆਂ ਵਿਚ ਔਸਤਨ 1,929 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ, ਜਦ ਕਿ ਉਸੇ ਸੇਵਾ ਸਾਲ ਦੇ ਸਤੰਬਰ ਤੋਂ ਲੈ ਕੇ ਫਰਵਰੀ ਤਕ ਹਰ ਇਕ ਮਹੀਨੇ ਵਿਚ ਔਸਤਨ 657 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਸੀ। ਇਸ ਸਾਲ ਸਮਾਰਕ ਦੇ ਮਹੀਨਿਆਂ ਦੌਰਾਨ ਸੇਵਕਾਈ ਵਿਚ ਜ਼ਿਆਦਾ ਘੰਟੇ ਬਿਤਾ ਕੇ ਮਸੀਹ ਦੇ ਬਲੀਦਾਨ ਲਈ ਦਿਲੀ ਕਦਰਦਾਨੀ ਦਿਖਾਉਣ ਦਾ ਸਾਡੇ ਕੋਲ ਇਕ ਹੋਰ ਵਧੀਆ ਮੌਕਾ ਹੈ।
10 ਜਿਉਂ-ਜਿਉਂ 16 ਅਪ੍ਰੈਲ ਨੇੜੇ ਆਉਂਦਾ ਜਾਂਦਾ ਹੈ, ਇਸ ਗੱਲ ਉੱਤੇ ਧਿਆਨ ਦਿਓ ਕਿ ਸਮਾਰਕ ਤੁਹਾਡੇ ਲਈ ਕੀ ਅਹਿਮੀਅਤ ਰੱਖਦਾ ਹੈ। ਮਸੀਹ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਉੱਤੇ ਗੌਰ ਕਰੋ ਅਤੇ ਸੋਚੋ ਕਿ ਉਸ ਨੂੰ ਕਿਹੜੀਆਂ ਗੱਲਾਂ ਦੀ ਬਹੁਤ ਚਿੰਤਾ ਸੀ। ਯਿਸੂ ਅੱਗੇ ਰੱਖੇ ਗਏ ਆਨੰਦ ਉੱਤੇ ਵੀ ਧਿਆਨ ਦਿਓ ਅਤੇ ਮਨਨ ਕਰੋ ਕਿ ਇਸ ਆਨੰਦ ਨੇ ਲੋਕਾਂ ਦਾ ਬੁਰਾ ਸਲੂਕ ਸਹਿਣ ਵਿਚ ਉਸ ਦੀ ਕਿੱਦਾਂ ਮਦਦ ਕੀਤੀ ਸੀ। ਇਸ ਬਾਰੇ ਵੀ ਸੋਚੋ ਕਿ ਉਹ ਹੁਣ ਕਲੀਸਿਯਾ ਦਾ ਸਿਰ ਹੈ ਅਤੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਦੀ ਦੇਖ-ਰੇਖ ਕਰ ਰਿਹਾ ਹੈ। (1 ਕੁਰਿੰ. 11:3; ਇਬ. 12:2; ਪਰ. 14:14-16) ਫਿਰ ਆਪਣੇ ਹਾਲਾਤਾਂ ਮੁਤਾਬਕ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਕੇ ਉਸ ਸਭ ਕੁਝ ਲਈ ਆਪਣੀ ਕਦਰਦਾਨੀ ਦਿਖਾਓ ਜੋ ਕੁਝ ਮਸੀਹ ਨੇ ਤੁਹਾਡੇ ਲਈ ਕੀਤਾ ਹੈ।
11 ਚੰਗੀ ਤਰ੍ਹਾਂ ਸਾਖੀ ਦੇਣ ਲਈ ਦੂਜਿਆਂ ਨੂੰ ਉਤਸ਼ਾਹਿਤ ਕਰੋ: ਸਹਿਯੋਗੀ ਪਾਇਨੀਅਰੀ ਕਰਨ ਦੁਆਰਾ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਕੋਲ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰਨ ਦਾ ਚੰਗਾ ਮੌਕਾ ਹੈ। ਉਹ ਪ੍ਰਚਾਰ ਵਿਚ ਪ੍ਰਕਾਸ਼ਕਾਂ ਨਾਲ ਕੰਮ ਕਰਨ ਅਤੇ ਚਰਵਾਹੀ ਮੁਲਾਕਾਤ ਕਰਨ ਸਮੇਂ ਉਨ੍ਹਾਂ ਨੂੰ ਇਸ ਖ਼ਾਸ ਕੰਮ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰ ਸਕਦੇ ਹਨ। ਆਓ ਆਪਾਂ ਇਸ ਕੰਮ ਵਿਚ ਹਿੱਸਾ ਲੈਣ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਅਤੇ ਫਿਰ ਸਾਰੇ ਮਿਲ ਕੇ ਚੰਗੀ ਤਰ੍ਹਾਂ ਸਾਖੀ ਦੇਈਏ।
12 ਜਦ ਕਿ ਸਾਰੇ ਬਜ਼ੁਰਗ ਅਤੇ ਸਹਾਇਕ ਸੇਵਕ ਮਾਰਚ ਅਤੇ ਅਪ੍ਰੈਲ ਮਹੀਨਿਆਂ ਦੌਰਾਨ ਕਲੀਸਿਯਾ ਨਾਲ ਮਿਲ ਕੇ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਹਿੱਸਾ ਲੈਣਗੇ, ਪਰ ਖ਼ਾਸਕਰ ਸੇਵਾ ਨਿਗਾਹਬਾਨ ਨੂੰ ਪ੍ਰਚਾਰ ਦੇ ਇੰਤਜ਼ਾਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੂੰ ਜ਼ਿਆਦਾਤਰ ਪ੍ਰਕਾਸ਼ਕਾਂ ਦੀ ਸਹੂਲਤ ਮੁਤਾਬਕ ਇੰਤਜ਼ਾਮ ਕਰਨੇ ਚਾਹੀਦੇ ਹਨ ਕਿ ਪ੍ਰਚਾਰ ਦਾ ਕੰਮ ਕਿਹੜੇ-ਕਿਹੜੇ ਦਿਨਾਂ ਅਤੇ ਸਮਿਆਂ ਤੇ ਅਤੇ ਕਿੱਥੇ ਕੀਤਾ ਜਾਵੇਗਾ। ਇਨ੍ਹਾਂ ਇੰਤਜ਼ਾਮਾਂ ਬਾਰੇ ਬਾਕਾਇਦਾ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ। ਸ਼ਾਇਦ ਦਿਨ ਵਿਚ ਅਲੱਗ-ਅਲੱਗ ਸਮਿਆਂ ਤੇ ਪ੍ਰਚਾਰ ਕਰਨ ਦੇ ਇੰਤਜ਼ਾਮ ਕੀਤੇ ਜਾ ਸਕਦੇ ਹਨ ਤਾਂਕਿ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਸੇਵਕਾਈ ਕਰਨ ਦਾ ਮੌਕਾ ਮਿਲ ਸਕੇ। ਕਾਰੋਬਾਰੀ ਇਲਾਕੇ ਵਿਚ ਜਾਂ ਘਰ-ਘਰ ਪ੍ਰਚਾਰ ਕਰਨ, ਪੁਨਰ-ਮੁਲਾਕਾਤਾਂ ਕਰਨ ਅਤੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਮਹੀਨਿਆਂ ਦੌਰਾਨ ਉਸ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਕਾਫ਼ੀ ਮਾਤਰਾ ਵਿਚ ਕਿਤਾਬਾਂ ਅਤੇ ਰਸਾਲਿਆਂ ਦੀ ਸਪਲਾਈ ਰਹੇ ਅਤੇ ਪ੍ਰਚਾਰ ਲਈ ਖੇਤਰ ਦੀ ਕੋਈ ਕਮੀ ਨਾ ਹੋਵੇ।
13 ਮਾਰਚ ਵਿਚ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਟੀਚੇ ਨਾਲ ਗਿਆਨ ਕਿਤਾਬ ਪੇਸ਼ ਕੀਤੀ ਜਾਵੇਗੀ। ਗਿਆਨ ਕਿਤਾਬ ਪੇਸ਼ ਕਰਨ ਲਈ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ। ਅਪ੍ਰੈਲ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕੀਤੇ ਜਾਣਗੇ। “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਡੱਬੀ ਵਿਚ ਦਿੱਤੀਆਂ ਪੇਸ਼ਕਾਰੀਆਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ। ਚੰਗੀ ਤਰ੍ਹਾਂ ਸਾਖੀ ਦੇਣ ਲਈ ਸਾਰਿਆਂ ਨੂੰ ਹੀ ਚੰਗੀ ਤਰ੍ਹਾਂ ਤਿਆਰੀ ਕਰਨ ਵਿਚ ਸਮਾਂ ਲਾਉਣਾ ਚਾਹੀਦਾ ਹੈ।
14 ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਕਲੀਸਿਯਾ ਦੇ ਸਿਰ ਯਿਸੂ ਮਸੀਹ ਦੀ ਦੇਖ-ਰੇਖ ਅਧੀਨ ਕੰਮ ਕਰਦੇ ਹਾਂ ਅਤੇ ਸਾਡੇ ਕੋਲ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦਾ ਸਨਮਾਨ ਹੈ! ਜਿੱਦਾਂ-ਜਿੱਦਾਂ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਨੇੜੇ ਆਉਂਦੇ ਜਾਂਦੇ ਹਨ, ਆਓ ਆਪਾਂ ਪ੍ਰਚਾਰ ਕਰਨ ਅਤੇ ਚੰਗੀ ਤਰ੍ਹਾਂ ਸਾਖੀ ਦੇਣ ਦੇ ਯਿਸੂ ਦੇ ਹੁਕਮ ਨੂੰ ਮੰਨ ਕੇ ਇਕ ਵਾਰ ਫਿਰ ਇਨ੍ਹਾਂ ਮਹੀਨਿਆਂ ਨੂੰ ਸ਼ਾਨਦਾਰ ਮਹੀਨੇ ਬਣਾਉਣ ਦੀ ਕੋਸ਼ਿਸ਼ ਕਰੀਏ।
[ਸਫ਼ੇ 4 ਉੱਤੇ ਡੱਬੀ]
ਮਾਰਚ ਅਤੇ ਅਪ੍ਰੈਲ 2003 ਵਿਚ ਸਹਿਯੋਗੀ ਪਾਇਨੀਅਰੀ ਕਰਨ ਦੇ ਵੱਖੋ-ਵੱਖਰੇ ਤਰੀਕੇ
ਦਿਨ ਘੰਟੇ
ਸੋਮਵਾਰ 1 2 — — 2 —
ਮੰਗਲਵਾਰ 1 — 3 — — —
ਬੁੱਧਵਾਰ 1 2 — 5 — —
ਵੀਰਵਾਰ 1 — 3 — — —
ਸ਼ੁੱਕਰਵਾਰ 1 2 — — — —
ਸ਼ਨੀਵਾਰ 5 4 3 5 6 7
ਐਤਵਾਰ 2 2 3 2 2 3
ਮਾਰਚ 56 56 54 55 50 50
ਅਪ੍ਰੈਲ 50 50 51 53 — —
ਕੀ ਇਨ੍ਹਾਂ ਵਿੱਚੋਂ ਕੋਈ ਸਮਾਂ-ਸਾਰਣੀ ਤੁਹਾਡੇ ਲਈ ਢੁਕਵੀਂ ਹੈ?