ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/03 ਸਫ਼ੇ 3-6
  • ਭਲਾਈ ਕਰਨ ਵਿਚ ਜੋਸ਼ ਦਿਖਾਓ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਲਾਈ ਕਰਨ ਵਿਚ ਜੋਸ਼ ਦਿਖਾਓ!
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • ‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ’
    ਸਾਡੀ ਰਾਜ ਸੇਵਕਾਈ—2002
  • ‘ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਭਰੋ’
    ਸਾਡੀ ਰਾਜ ਸੇਵਕਾਈ—2008
  • ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਦੇ ਰਹੋ
    ਸਾਡੀ ਰਾਜ ਸੇਵਕਾਈ—2004
  • ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?
    ਸਾਡੀ ਰਾਜ ਸੇਵਕਾਈ—2000
ਹੋਰ ਦੇਖੋ
ਸਾਡੀ ਰਾਜ ਸੇਵਕਾਈ—2003
km 3/03 ਸਫ਼ੇ 3-6

ਭਲਾਈ ਕਰਨ ਵਿਚ ਜੋਸ਼ ਦਿਖਾਓ!

1 ਜਿਉਂ-ਜਿਉਂ ਹੁਣ ਯਾਦਗਾਰੀ ਸਮਾਰੋਹ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਸਾਡੇ ਕੋਲ ‘ਭਲਿਆਈ ਕਰਨ ਵਿੱਚ ਚੁਸਤ ਹੋਣ’ ਦੇ ਬਹੁਤ ਸਾਰੇ ਕਾਰਨ ਹਨ। (1 ਪਤ. 3:13) ਸਭ ਤੋਂ ਜ਼ਰੂਰੀ ਕਾਰਨ ਹੈ ਯਿਸੂ ਮਸੀਹ ਦਾ ਰਿਹਾਈ-ਕੀਮਤ ਬਲੀਦਾਨ। (ਮੱਤੀ 20:28; ਯੂਹੰ. 3:16) ਇਸ ਬਾਰੇ ਪਤਰਸ ਰਸੂਲ ਨੇ ਲਿਖਿਆ: “ਤੁਸੀਂ ਜੋ . . . ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ, ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।” (1 ਪਤ. 1:18, 19) ਇਸ ਪਿਆਰ ਭਰੇ ਬਲੀਦਾਨ ਲਈ ਸ਼ੁਕਰਗੁਜ਼ਾਰੀ ਸਾਨੂੰ ਪ੍ਰੇਰਦੀ ਹੈ ਕਿ ਅਸੀਂ ਭਲਾਈ ਕਰਨ ਵਿਚ ਰੁੱਝੇ ਰਹੀਏ ਅਤੇ ਇਹ ਗੱਲ ਹਮੇਸ਼ਾ ਯਾਦ ਰੱਖੀਏ ਕਿ ਯਿਸੂ ਨੇ “ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।”—ਤੀਤੁ. 2:14; 2 ਕੁਰਿੰ. 5:14, 15.

2 ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਹਨ, ਤਾਂ ਉਸ ਨਾਲ ਸਾਡਾ ਰਿਸ਼ਤਾ ਚੰਗਾ ਹੁੰਦਾ ਹੈ ਅਤੇ ਉਹ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ। ਪਤਰਸ ਨੇ ਅੱਗੇ ਕਿਹਾ: “ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, . . . ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ। ਕਿਉਂ ਜੋ ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤ. 3:10-12) ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਸਾਡੀ ਰਾਖੀ ਕਰ ਰਿਹਾ ਹੈ ਅਤੇ ‘ਅੱਖ ਦੀ ਕਾਕੀ ਵਾਂਙੁ ਸਾਡੀ ਰਾਖੀ’ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ!—ਬਿਵ. 32:10; 2 ਇਤ. 16:9.

3 ਪਹਿਲੀ ਸਦੀ ਵਿਚ ਪਤਰਸ ਨੇ ਜਿਨ੍ਹਾਂ ਮਸੀਹੀਆਂ ਨੂੰ ਚਿੱਠੀ ਲਿਖੀ ਸੀ, ਉਨ੍ਹਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਬੜੇ ਜੋਸ਼ ਨਾਲ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਦੇ ਜੋਸ਼ ਨੂੰ ਕੋਈ ਠੰਢਾ ਨਹੀਂ ਕਰ ਸਕਦਾ ਸੀ। (1 ਪਤ. 1:6; 4:12) ਅੱਜ ਪਰਮੇਸ਼ੁਰ ਦੇ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ। ਭਾਵੇਂ ਅੱਜ ਅਸੀਂ “ਭੈੜੇ ਸਮੇਂ” ਵਿਚ ਜੀ ਰਹੇ ਹਾਂ, ਪਰ ਯਹੋਵਾਹ ਦੀ ਭਲਾਈ ਲਈ ਕਦਰ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਜੋਸ਼ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੀਏ। (2 ਤਿਮੋ. 3:1; ਜ਼ਬੂ. 145:7) ਆਓ ਆਪਾਂ ਭਲਾਈ ਦੇ ਕੁਝ ਕੰਮਾਂ ਉੱਤੇ ਗੌਰ ਕਰੀਏ ਜੋ ਅਸੀਂ ਇਸ ਸਾਲ ਦੇ ਯਾਦਗਾਰੀ ਸਮਾਰੋਹ ਦੇ ਮਹੀਨਿਆਂ ਦੌਰਾਨ ਕਰ ਸਕਦੇ ਹਾਂ।

4 ਦੂਸਰਿਆਂ ਨੂੰ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦਿਓ: ਰਿਹਾਈ-ਕੀਮਤ ਬਲੀਦਾਨ ਦੇ ਬੇਸ਼ਕੀਮਤੀ ਤੋਹਫ਼ੇ ਲਈ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਯਿਸੂ ਦੀ ਮੌਤ ਦਾ ਸਾਲਾਨਾ ਯਾਦਗਾਰੀ ਸਮਾਰੋਹ ਮਨਾਉਣ ਲਈ ਹਾਜ਼ਰ ਹੋਈਏ ਜੋ ਕਿ ਇਸ ਸਾਲ 16 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। (ਲੂਕਾ 22:19, 20) ਪਿਛਲੇ ਸਾਲ ਦੁਨੀਆਂ ਭਰ ਵਿਚ 94,600 ਕਲੀਸਿਯਾਵਾਂ ਵਿਚ ਕੁੱਲ 1,55,97,746 ਲੋਕ ਹਾਜ਼ਰ ਹੋਏ ਸਨ। ਇਹ ਗਿਣਤੀ ਉਸ ਤੋਂ ਪਿਛਲੇ ਸਾਲ ਦੀ ਹਾਜ਼ਰੀ ਨਾਲੋਂ 2,20,000 ਜ਼ਿਆਦਾ ਸੀ।

5 ਇਸ ਸਾਲ ਕਿੰਨੇ ਲੋਕ ਇਸ ਸਮਾਰੋਹ ਵਿਚ ਆਉਣਗੇ? ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਣ ਦੀ ਪੂਰੀ ਕੋਸ਼ਿਸ਼ ਕਰੀਏ। ਪਹਿਲਾਂ ਤਾਂ ਉਨ੍ਹਾਂ ਲੋਕਾਂ ਦੀ ਲਿਸਟ ਬਣਾਓ ਜਿਨ੍ਹਾਂ ਨੂੰ ਤੁਸੀਂ ਸੱਦਾ ਦੇਣਾ ਚਾਹੁੰਦੇ ਹੋ। ਲਿਸਟ ਵਿਚ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਲਿਖੋ। ਜੇ ਤੁਹਾਡਾ ਵਿਆਹੁਤਾ ਸਾਥੀ ਸੱਚਾਈ ਵਿਚ ਨਹੀਂ ਹੈ, ਤਾਂ ਉਸ ਨੂੰ ਦੱਸੋ ਕਿ ਉਸ ਦੇ ਆਉਣ ਨਾਲ ਤੁਹਾਨੂੰ ਕਿੰਨੀ ਖ਼ੁਸ਼ੀ ਹੋਵੇਗੀ। ਇਕ ਅਵਿਸ਼ਵਾਸੀ ਪਤੀ ਨੇ ਕਿਹਾ ਕਿ ਉਹ ਪਿਛਲੇ ਸਾਲ ਯਾਦਗਾਰੀ ਸਮਾਰੋਹ ਵਿਚ ਇਸ ਕਰਕੇ ਆਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦਾ ਸਮਾਰੋਹ ਵਿਚ ਆਉਣਾ ਉਸ ਦੀ ਪਤਨੀ ਲਈ ਬਹੁਤ ਮਾਅਨੇ ਰੱਖਦਾ ਸੀ। ਲਿਸਟ ਵਿਚ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ ਜਾਂ ਸਹਿਪਾਠੀਆਂ ਦੇ ਨਾਂ ਵੀ ਲਿਖੋ। ਆਪਣੇ ਬਾਈਬਲ ਵਿਦਿਆਰਥੀਆਂ ਨੂੰ ਬੁਲਾਉਣਾ ਵੀ ਨਾ ਭੁੱਲੋ।

6 ਲਿਸਟ ਬਣਾਉਣ ਤੋਂ ਬਾਅਦ ਹਰ ਵਿਅਕਤੀ ਨੂੰ ਸੱਦਾ ਦੇਣ ਦਾ ਸਮਾਂ ਵੀ ਨਿਯਤ ਕਰੋ। ਯਾਦਗਾਰੀ ਸਮਾਰੋਹ ਦੇ ਸੱਦਾ ਪੱਤਰ ਇਸਤੇਮਾਲ ਕਰੋ। ਸੱਦਾ ਪੱਤਰ ਉੱਤੇ ਸਮਾਰੋਹ ਦਾ ਸਮਾਂ ਅਤੇ ਪਤਾ ਸਾਫ਼-ਸਾਫ਼ ਲਿਖੋ ਜਾਂ ਟਾਈਪ ਕਰੋ, ਤਾਂਕਿ ਲੋਕਾਂ ਨੂੰ ਇਹ ਦੋਵੇਂ ਗੱਲਾਂ ਯਾਦ ਰਹਿਣ। ਜਿਉਂ-ਜਿਉਂ 16 ਅਪ੍ਰੈਲ ਨੇੜੇ ਆ ਰਿਹਾ ਹੈ, ਜਿਨ੍ਹਾਂ ਨੂੰ ਤੁਸੀਂ ਸੱਦਾ ਦਿੱਤਾ ਹੈ, ਉਨ੍ਹਾਂ ਨੂੰ ਆਪ ਜਾ ਕੇ ਜਾਂ ਟੈਲੀਫ਼ੋਨ ਰਾਹੀਂ ਇਸ ਬਾਰੇ ਯਾਦ ਕਰਾਓ। ਆਓ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਇਸ ਅੱਤ ਪਵਿੱਤਰ ਮੌਕੇ ਤੇ ਹਾਜ਼ਰ ਹੋਣ ਵਿਚ ਮਦਦ ਕਰੀਏ।

7 ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸਮਾਰੋਹ ਵਿਚ ਆਉਂਦੇ ਹਨ: ਯਾਦਗਾਰੀ ਸਮਾਰੋਹ ਇਕ ਬਹੁਤ ਹੀ ਉਤਸ਼ਾਹਜਨਕ ਮੌਕਾ ਹੈ। ਸਾਡੇ ਕੋਲ ਉਨ੍ਹਾਂ ਲੋਕਾਂ ਦਾ ਸੁਆਗਤ ਕਰਨ ਦਾ ਮੌਕਾ ਹੁੰਦਾ ਹੈ ਜੋ ਆਮ ਤੌਰ ਤੇ ਸਭਾਵਾਂ ਵਿਚ ਨਹੀਂ ਆਉਂਦੇ। ਜੇ ਮੁਮਕਿਨ ਹੋਵੇ, ਤਾਂ ਸਭਾ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਆਓ ਤੇ ਸਭਾ ਤੋਂ ਬਾਅਦ ਵੀ ਰੁਕੋ। ਨਵੇਂ ਆਏ ਲੋਕਾਂ ਨਾਲ ਜਾਣ-ਪਛਾਣ ਕਰੋ। ਉਨ੍ਹਾਂ ਦੀ ਪਰਾਹੁਣਚਾਰੀ ਕਰੋ।—ਰੋਮੀ. 12:13.

8 ਜੋ ਲੋਕ ਯਾਦਗਾਰੀ ਸਮਾਰੋਹ ਵਿਚ ਆਉਂਦੇ ਹਨ, ਕੀ ਉਨ੍ਹਾਂ ਵਿੱਚੋਂ ਕੁਝ ਦੀ ਬਾਈਬਲ ਸਟੱਡੀ ਰਾਹੀਂ ਅਧਿਆਤਮਿਕ ਤੌਰ ਤੇ ਜ਼ਿਆਦਾ ਤਰੱਕੀ ਕਰਨ ਵਿਚ ਮਦਦ ਕੀਤੀ ਜਾ ਸਕਦੀ ਹੈ? ਜਿਨ੍ਹਾਂ ਨਵੇਂ ਆਏ ਲੋਕਾਂ ਨਾਲ ਅਜੇ ਤਕ ਕੋਈ ਗਵਾਹ ਪੁਨਰ-ਮੁਲਾਕਾਤ ਨਹੀਂ ਕਰ ਰਿਹਾ, ਉਨ੍ਹਾਂ ਨੂੰ ਦੁਬਾਰਾ ਮਿਲਣ ਲਈ ਉਨ੍ਹਾਂ ਦੇ ਨਾਂ ਤੇ ਪਤੇ ਲੈਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਕਿ ਤੁਹਾਡੀ ਮਦਦ ਨਾਲ ਉਨ੍ਹਾਂ ਵਿੱਚੋਂ ਕੁਝ ਵਿਅਕਤੀ ਅਗਲੇ ਸਾਲ ਦੇ ਸਮਾਰਕ ਤੋਂ ਪਹਿਲਾਂ-ਪਹਿਲਾਂ ਤਰੱਕੀ ਕਰ ਕੇ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਜਾਣ। ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੇ ਹੋ, ਤਾਂ ਉਨ੍ਹਾਂ ਨੂੰ 27 ਅਪ੍ਰੈਲ ਨੂੰ ਦਿੱਤਾ ਜਾਣ ਵਾਲਾ ਖ਼ਾਸ ਭਾਸ਼ਣ ਸੁਣਨ ਦਾ ਸੱਦਾ ਵੀ ਦਿਓ।

9 ਕੀ ਤੁਸੀਂ ਇਨ੍ਹਾਂ ਗਰਮੀਆਂ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਹਰ ਸਾਲ ਯਹੋਵਾਹ ਲਈ ਸਾਡਾ ਜੋਸ਼ ਸਾਨੂੰ ਪ੍ਰੇਰਦਾ ਹੈ ਕਿ ਅਸੀਂ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰੀਏ। ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਪੂਰੀ ਕਲੀਸਿਯਾ ਦੇ ਸਾਂਝੇ ਜਤਨਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ।

10 ਇਕ ਕਲੀਸਿਯਾ ਵਿਚ 107 ਪ੍ਰਕਾਸ਼ਕ ਅਤੇ 9 ਨਿਯਮਿਤ ਪਾਇਨੀਅਰ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਅਪ੍ਰੈਲ ਮਹੀਨੇ ਦਾ “ਬਹੁਤ ਹੀ ਆਨੰਦ ਮਾਣਿਆ।” ਉਸ ਮਹੀਨੇ ਉਨ੍ਹਾਂ ਦੀ ਕਲੀਸਿਯਾ ਵਿਚ 53 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਜਿਨ੍ਹਾਂ ਵਿਚ ਸਾਰੇ ਬਜ਼ੁਰਗ ਅਤੇ ਸਹਿਯੋਗੀ ਸੇਵਕ ਵੀ ਸਨ। ਬਜ਼ੁਰਗਾਂ ਨੇ ਉਸ ਮਹੀਨੇ ਸਹਿਯੋਗੀ ਪਾਇਨੀਅਰੀ ਕਰਨ ਲਈ ਕਲੀਸਿਯਾ ਨੂੰ ਕਿੱਦਾਂ ਉਤਸ਼ਾਹ ਦਿੱਤਾ ਸੀ? ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਭੈਣ-ਭਰਾ ਸਹਾਇਕ ਪਾਇਨੀਅਰੀ ਲਈ ਫਾਰਮ ਭਰਨ। ਭੈਣ-ਭਰਾ ਹਰ ਰੋਜ਼ ਪ੍ਰਚਾਰ ਕਰਨ ਲਈ ਕਈ ਵਾਰ ਇਕੱਠੇ ਹੁੰਦੇ ਸਨ, ਤਾਂਕਿ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਇਸ ਵਿਚ ਹਿੱਸਾ ਲੈਣ ਦਾ ਮੌਕਾ ਮਿਲੇ। ਸਾਰਿਆਂ ਨੂੰ, ਖ਼ਾਸ ਕਰਕੇ ਬੀਮਾਰਾਂ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੀ ਖ਼ਾਸ ਪ੍ਰੇਰਣਾ ਦਿੱਤੀ ਗਈ ਸੀ।

11 ਇਕ 86 ਸਾਲ ਦੀ ਭੈਣ, ਜੋ ਖ਼ਰਾਬ ਸਿਹਤ ਹੋਣ ਕਰਕੇ ਤੁਰ-ਫਿਰ ਨਹੀਂ ਸਕਦੀ, ਨੇ ਸਹਿਯੋਗੀ ਪਾਇਨੀਅਰੀ ਲਈ ਫਾਰਮ ਭਰ ਦਿੱਤਾ। ਸਵੇਰ ਨੂੰ ਉਹ ਰਸੋਈ ਵਿਚ ਬੈਠ ਕੇ ਦੋ ਕੁ ਘੰਟੇ ਟੈਲੀਫ਼ੋਨ ਰਾਹੀਂ ਗਵਾਹੀ ਦਿੰਦੀ ਸੀ। ਫਿਰ ਉਹ ਕੁਝ ਘੰਟੇ ਆਰਾਮ ਕਰਨ ਮਗਰੋਂ ਦੁਬਾਰਾ ਕੁਝ ਸਮੇਂ ਲਈ ਟੈਲੀਫ਼ੋਨ ਰਾਹੀਂ ਗਵਾਹੀ ਦਿੰਦੀ ਸੀ। ਉਸ ਨੇ ਇਕ ਤੀਵੀਂ ਨੂੰ ਫ਼ੋਨ ਕੀਤਾ ਜਿਸ ਦਾ ਪਤੀ ਤੇ ਦੋ ਜਵਾਨ ਪੁੱਤ ਦੋ ਸਾਲਾਂ ਦੇ ਅੰਦਰ-ਅੰਦਰ ਮਰ ਗਏ ਸਨ। ਉਸ ਤੀਵੀਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਪਰਮੇਸ਼ੁਰ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਵਾਪਰਨ ਦੀ ਇਜਾਜ਼ਤ ਕਿਉਂ ਦਿੰਦਾ ਹੈ। ਉਸ ਬਜ਼ੁਰਗ ਭੈਣ ਨੇ ਤੀਵੀਂ ਨੂੰ ਚੰਗੀ ਤਰ੍ਹਾਂ ਸਮਝਾਇਆ ਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਸ਼ਾਮ ਨੂੰ ਅਤੇ ਦੂਸਰੇ ਸਮਿਆਂ ਤੇ ਟੈਲੀਫ਼ੋਨ ਗਵਾਹੀ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਦਾ ਬਹੁਤ ਅਸਰਦਾਰ ਤਰੀਕਾ ਹੈ ਜੋ ਅਜਿਹੀਆਂ ਇਮਾਰਤਾਂ ਜਾਂ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸ ਰਾਹੀਂ ਪ੍ਰਚਾਰਕ ਉਨ੍ਹਾਂ ਲੋਕਾਂ ਨਾਲ ਵੀ ਗੱਲ ਕਰ ਸਕਦੇ ਹਨ ਜੋ ਦਿਨੇ ਘਰ ਨਹੀਂ ਹੁੰਦੇ।

12 ਉਸ ਕਲੀਸਿਯਾ ਦੇ ਬਜ਼ੁਰਗਾਂ ਨੇ ਆਪਣੀ ਰਿਪੋਰਟ ਦੇ ਅਖ਼ੀਰ ਵਿਚ ਕਿਹਾ: “ਅਸੀਂ ਇਸ ਮਹੀਨੇ ਦਾ ਬਹੁਤ ਹੀ ਆਨੰਦ ਮਾਣਿਆ ਅਤੇ ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਜੋ ਸਨਮਾਨ ਅਤੇ ਬਰਕਤਾਂ ਦਿੱਤੀਆਂ ਹਨ, ਉਨ੍ਹਾਂ ਲਈ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ।” ਚੰਗੀ ਯੋਜਨਾ ਬਣਾਉਣ ਨਾਲ ਤੁਹਾਡੀ ਕਲੀਸਿਯਾ ਵੀ ਅਜਿਹੀਆਂ ਬਰਕਤਾਂ ਦਾ ਆਨੰਦ ਮਾਣ ਸਕਦੀ ਹੈ।

13 ਸੇਵਕਾਈ ਵਿਚ ਹਿੱਸਾ ਲੈਣ ਵਿਚ ਸਾਰਿਆਂ ਦੀ ਮਦਦ ਕਰੋ: ਪਰਮੇਸ਼ੁਰ ਅਤੇ ਗੁਆਂਢੀਆਂ ਲਈ ਪਿਆਰ ਸਾਨੂੰ ਪ੍ਰੇਰਦਾ ਹੈ ਕਿ ਅਸੀਂ ਹਰ ਮਹੀਨੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਸਮਾਂ ਕੱਢੀਏ। (ਮੱਤੀ 22:37-39) ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਆਪਣੇ ਗਰੁੱਪ ਦੇ ਭੈਣ-ਭਰਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹਰ ਮਹੀਨੇ ਸੇਵਕਾਈ ਵਿਚ ਹਿੱਸਾ ਲੈਣ। ਇਸ ਤਰ੍ਹਾਂ ਕਰਨ ਦਾ ਇਕ ਵਧੀਆ ਤਰੀਕਾ ਹੈ ਗਰੁੱਪ ਦੇ ਖ਼ਾਸ ਲੋਕਾਂ ਨਾਲ ਸੇਵਕਾਈ ਵਿਚ ਕੰਮ ਕਰਨ ਦੇ ਪਹਿਲਾਂ ਤੋਂ ਹੀ ਪ੍ਰਬੰਧ ਕਰਨੇ। ਮਹੀਨੇ ਦੇ ਅਖ਼ੀਰ ਤਕ ਉਡੀਕ ਕਰਨ ਦੀ ਬਜਾਇ, ਪਹਿਲਾਂ ਤੋਂ ਹੀ ਇਸ ਤਰ੍ਹਾਂ ਕਰਨਾ ਸ਼ੁਰੂ ਕਰੋ। ਇਸ ਤਰ੍ਹਾਂ ਤੁਸੀਂ ਦੂਸਰਿਆਂ ਦੀ ਜ਼ਿਆਦਾ ਮਦਦ ਕਰ ਸਕੋਗੇ।

14 ਕੀ ਤੁਹਾਡੇ ਪੁਸਤਕ ਅਧਿਐਨ ਗਰੁੱਪ ਵਿਚ ਬੀਮਾਰ ਭੈਣ-ਭਰਾ ਵੀ ਹਨ ਜਿਨ੍ਹਾਂ ਨੂੰ ਸੇਵਕਾਈ ਵਿਚ ਹਿੱਸਾ ਲੈਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ? ਜੇ ਕੁਝ ਭੈਣ-ਭਰਾ ਨਰਸਿੰਗ ਹੋਮ ਵਿਚ ਹਨ ਜਾਂ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਉਨ੍ਹਾਂ ਨੂੰ ਗਵਾਹੀ ਦੇਣ ਦਾ ਬਹੁਤ ਘੱਟ ਮੌਕਾ ਮਿਲਦਾ ਹੋਵੇਗਾ। ਪਰ ਫਿਰ ਵੀ ਉਹ ਹਰ ਸੰਭਵ ਮੌਕੇ ਤੇ ਆਪਣਾ ਚਾਨਣ ਚਮਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤਰ੍ਹਾਂ ਉਹ ਸ਼ਾਇਦ ਭਲਾਈ ਦੇ ਆਪਣੇ ਕੰਮਾਂ ਦੁਆਰਾ ਲੋਕਾਂ ਨੂੰ ਸੱਚਾਈ ਵਿਚ ਸੱਚੀ ਦਿਲਚਸਪੀ ਲੈਣ ਲਈ ਪ੍ਰੇਰਿਤ ਕਰਨ। (ਮੱਤੀ 5:16) ਪੁਸਤਕ ਅਧਿਐਨ ਨਿਗਾਹਬਾਨ ਨੂੰ ਅਜਿਹੇ ਭੈਣਾਂ-ਭਰਾਵਾਂ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਉਹ ਆਪਣੀ ਰਿਪੋਰਟ ਵਿਚ 15 ਮਿੰਟ ਵੀ ਭਰ ਸਕਦੇ ਹਨ। ਗਵਾਹੀ ਦੇਣ ਦੇ ਕੰਮ ਵਿਚ ਲਾਏ ਗਏ ਸਮੇਂ ਦੀ ਰਿਪੋਰਟ ਦੇਣ ਨਾਲ ਇਨ੍ਹਾਂ ਵਫ਼ਾਦਾਰ ਪ੍ਰਚਾਰਕਾਂ ਨੂੰ ਹੌਸਲਾ ਮਿਲੇਗਾ ਅਤੇ ਨਾਲ ਹੀ ਖ਼ੁਸ਼ੀ ਤੇ ਸੰਤੁਸ਼ਟੀ ਵੀ ਮਿਲੇਗੀ। ਇਸ ਨਾਲ ਇਹ ਫ਼ਾਇਦਾ ਵੀ ਹੋਵੇਗਾ ਕਿ ਪਰਮੇਸ਼ੁਰ ਦੇ ਲੋਕਾਂ ਦੇ ਦੁਨੀਆਂ ਭਰ ਵਿਚ ਹੁੰਦੇ ਕੰਮ ਦੀ ਸਹੀ-ਸਹੀ ਰਿਪੋਰਟ ਤਿਆਰ ਕੀਤੀ ਜਾ ਸਕੇਗੀ।

15 ਭਲਾਈ ਕਰਨ ਵਿਚ ਰੁੱਝੇ ਹੋਏ ਨੌਜਵਾਨ! ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਮਸੀਹੀ ਨੌਜਵਾਨ ਆਪਣੀ ਤਾਕਤ ਅਤੇ ਬਲ ਨੂੰ ਯਹੋਵਾਹ ਦੀ ਸੇਵਾ ਵਿਚ ਇਸਤੇਮਾਲ ਕਰ ਰਹੇ ਹਨ! (ਕਹਾ. 20:29) ਜੇ ਤੁਸੀਂ ਨੌਜਵਾਨ ਹੋ, ਤਾਂ ਤੁਸੀਂ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਯਹੋਵਾਹ ਲਈ ਆਪਣਾ ਜੋਸ਼ ਕਿਵੇਂ ਦਿਖਾ ਸਕਦੇ ਹੋ?

16 ਜੇ ਤੁਸੀਂ ਕਲੀਸਿਯਾ ਵਿਚ ਅਜੇ ਬਪਤਿਸਮਾ-ਰਹਿਤ ਪ੍ਰਚਾਰਕ ਨਹੀਂ ਬਣੇ ਹੋ, ਤਾਂ ਕੀ ਤੁਸੀਂ ਇਹ ਸਨਮਾਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹੋ? ਆਪਣੇ ਆਪ ਤੋਂ ਅੱਗੇ ਦਿੱਤੇ ਸਵਾਲ ਪੁੱਛੋ: ‘ਕੀ ਮੈਨੂੰ ਬਾਈਬਲ ਸੱਚਾਈ ਦਾ ਬੁਨਿਆਦੀ ਗਿਆਨ ਹੈ? ਕੀ ਮੈਂ ਰਾਜ ਦੇ ਪ੍ਰਚਾਰ ਕੰਮ ਵਿਚ ਹਿੱਸਾ ਲੈਣਾ ਚਾਹੁੰਦਾ ਹਾਂ? ਕੀ ਮੈਂ ਚੰਗੇ ਚਾਲ-ਚਲਣ ਵਾਲਾ ਵਿਅਕਤੀ ਹਾਂ? ਕੀ ਮੈਂ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਆਪਣੀ ਨਿਹਚਾ ਦਾ ਸਬੂਤ ਦੇ ਸਕਦਾ ਹਾਂ? ਕੀ ਮੈਂ ਇਸ ਤਰ੍ਹਾਂ ਕਰਨ ਦੀ ਦਿਲੀ ਇੱਛਾ ਰੱਖਦਾ ਹਾਂ?’ ਜੇ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਵਿਚ ਦਿੰਦੇ ਹੋ, ਤਾਂ ਪ੍ਰਚਾਰਕ ਬਣਨ ਦੀ ਆਪਣੀ ਇੱਛਾ ਬਾਰੇ ਆਪਣੇ ਮਾਂ-ਬਾਪ ਨੂੰ ਦੱਸੋ। ਤੁਹਾਡੇ ਮਾਤਾ-ਪਿਤਾ ਸੇਵਾ ਕਮੇਟੀ ਦੇ ਕਿਸੇ ਇਕ ਬਜ਼ੁਰਗ ਨਾਲ ਇਸ ਬਾਰੇ ਗੱਲ ਕਰ ਸਕਦੇ ਹਨ।

17 ਜੇ ਤੁਸੀਂ ਪਹਿਲਾਂ ਹੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹੋ, ਤਾਂ ਕੀ ਤੁਸੀਂ ਸਕੂਲ ਦੀਆਂ ਛੁੱਟੀਆਂ ਦੌਰਾਨ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾ ਸਕਦੇ ਹੋ? ਚੰਗੀ ਸਮਾਂ-ਸਾਰਣੀ ਬਣਾਉਣ ਅਤੇ ਆਪਣੇ ਮਾਤਾ-ਪਿਤਾ ਤੇ ਦੂਸਰਿਆਂ ਦੀ ਮਦਦ ਨਾਲ ਬਹੁਤ ਸਾਰੇ ਬਪਤਿਸਮਾ-ਪ੍ਰਾਪਤ ਨੌਜਵਾਨ ਸਹਿਯੋਗੀ ਪਾਇਨੀਅਰੀ ਕਰ ਸਕੇ ਹਨ। ਜੇ ਇਹ ਸੰਭਵ ਨਹੀਂ ਹੈ, ਤਾਂ ਫਿਰ ਖੇਤਰ ਸੇਵਾ ਵਿਚ ਜ਼ਿਆਦਾ ਹਿੱਸਾ ਲੈਣ ਦਾ ਪੱਕਾ ਇਰਾਦਾ ਕਰੋ। ਆਪਣੇ ਸਾਮ੍ਹਣੇ ਇਕ ਟੀਚਾ ਰੱਖੋ। ਨਿਯਤ ਘੰਟਿਆਂ ਦਾ ਟੀਚਾ ਰੱਖਣ ਦੇ ਨਾਲ-ਨਾਲ ਆਪਣੀ ਸੇਵਕਾਈ ਨੂੰ ਜ਼ਿਆਦਾ ਅਸਰਦਾਰ ਬਣਾਉਣ ਦਾ ਵੀ ਟੀਚਾ ਰੱਖੋ। ਸ਼ਾਇਦ ਤੁਸੀਂ ਹਰ ਘਰ ਵਿਚ ਇਕ ਆਇਤ ਪੜ੍ਹ ਸਕਦੇ ਹੋ, ਚੰਗੇ ਤਰੀਕੇ ਨਾਲ ਪੁਨਰ-ਮੁਲਾਕਾਤਾਂ ਕਰਨੀਆਂ ਸਿੱਖ ਸਕਦੇ ਹੋ ਜਾਂ ਬਾਈਬਲ ਅਧਿਐਨ ਸ਼ੁਰੂ ਕਰ ਸਕਦੇ ਹੋ। ਤੁਸੀਂ ਟੈਲੀਫ਼ੋਨ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਗਵਾਹੀ ਦੇਣ ਦੀ ਵੀ ਕੋਸ਼ਿਸ਼ ਕਰ ਸਕਦੇ ਹੋ। ਕਿਉਂ ਨਹੀਂ ਤੁਸੀਂ ਇਸ ਸਾਲ ਆਪਣੇ ਕਿਸੇ ਗੁਆਂਢੀ, ਸਹਿਪਾਠੀ ਜਾਂ ਰਿਸ਼ਤੇਦਾਰ ਨੂੰ ਯਾਦਗਾਰੀ ਸਮਾਰੋਹ ਵਿਚ ਲੈ ਕੇ ਆਉਣ ਦਾ ਟੀਚਾ ਰੱਖਦੇ? ਇਸ ਤਰ੍ਹਾਂ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝੇ ਰਹਿਣ ਦਾ ਬਹੁਤ ਫ਼ਾਇਦਾ ਹੋਵੇਗਾ ਅਤੇ ਤੁਹਾਡੇ ਤੋਂ ਕਲੀਸਿਯਾ ਵਿਚ ਦੂਸਰਿਆਂ ਨੂੰ ਵੀ ਉਤਸ਼ਾਹ ਮਿਲੇਗਾ।—1 ਥੱਸ. 5:11.

18 ਤਰੱਕੀ ਕਰਨ ਵਿਚ ਨਵੇਂ ਲੋਕਾਂ ਦੀ ਮਦਦ ਕਰੋ: ਪਿਛਲੇ ਸੇਵਾ ਸਾਲ ਦੌਰਾਨ ਭਾਰਤ ਵਿਚ ਹਰ ਮਹੀਨੇ ਔਸਤਨ 14,896 ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਤਰੱਕੀ ਕਰ ਕੇ ਇਕ ਦਿਨ ਆਪਣਾ ਸਮਰਪਣ ਕਰਨਗੇ ਅਤੇ ਬਪਤਿਸਮਾ ਲੈਣਗੇ। ਪਰ ਇਸ ਮੰਜ਼ਲ ਤਕ ਪਹੁੰਚਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਉਨ੍ਹਾਂ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਵਿਚ ਮਦਦ ਕਰੀਏ। ਨਵੇਂ ਲੋਕਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਾਉਣ ਲਈ ਇਹ ਇਕ ਮਹੱਤਵਪੂਰਣ ਕਦਮ ਹੈ। (ਮੱਤੀ 9:9; ਲੂਕਾ 6:40) ਕੀ ਤੁਹਾਡਾ ਕੋਈ ਬਾਈਬਲ ਵਿਦਿਆਰਥੀ ਹੈ ਜੋ ਇਹ ਕਦਮ ਚੁੱਕਣ ਲਈ ਤਿਆਰ ਹੈ?

19 ਜੇ ਤੁਸੀਂ ਇਹ ਫ਼ੈਸਲਾ ਨਹੀਂ ਕਰ ਪਾ ਰਹੇ ਹੋ ਕਿ ਤੁਹਾਡਾ ਵਿਦਿਆਰਥੀ ਇਹ ਕਦਮ ਚੁੱਕਣ ਲਈ ਤਿਆਰ ਹੈ ਜਾਂ ਨਹੀਂ, ਤਾਂ ਆਪਣੇ ਪੁਸਤਕ ਅਧਿਐਨ ਨਿਗਾਹਬਾਨ ਜਾਂ ਸੇਵਾ ਨਿਗਾਹਬਾਨ ਤੋਂ ਮਦਦ ਮੰਗੋ। ਤੁਸੀਂ ਉਸ ਨੂੰ ਆਪਣੇ ਨਾਲ ਸਟੱਡੀ ਤੇ ਲੈ ਕੇ ਜਾ ਸਕਦੇ ਹੋ। ਇਨ੍ਹਾਂ ਭਰਾਵਾਂ ਨੂੰ ਬਹੁਤ ਤਜਰਬਾ ਹੈ ਜਿਸ ਕਰਕੇ ਉਹ ਵਿਦਿਆਰਥੀ ਦੀ ਅਧਿਆਤਮਿਕ ਤਰੱਕੀ ਦਾ ਅੰਦਾਜ਼ਾ ਲਾ ਸਕਦੇ ਹਨ। ਉਹ ਤੁਹਾਨੂੰ ਸ਼ਾਇਦ ਸੁਝਾਅ ਦੇਣ ਕਿ ਅਧਿਆਤਮਿਕ ਤਰੱਕੀ ਕਰਨ ਵਿਚ ਤੁਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ।

20 ਜਦੋਂ ਤੁਹਾਡਾ ਵਿਦਿਆਰਥੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੀ ਇੱਛਾ ਜ਼ਾਹਰ ਕਰਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਉਹ ਪ੍ਰਚਾਰਕ ਬਣਨ ਦੇ ਯੋਗ ਹੈ, ਤਾਂ ਇਸ ਬਾਰੇ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰੋ। ਉਹ ਦੋ ਬਜ਼ੁਰਗਾਂ ਨੂੰ ਤੁਹਾਡੇ ਨਾਲ ਅਤੇ ਵਿਦਿਆਰਥੀ ਨਾਲ ਬੈਠਣ ਵਾਸਤੇ ਕਹੇਗਾ। ਉਹ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 98-9 ਉੱਤੇ ਦਿੱਤੀ ਜਾਣਕਾਰੀ ਦੀ ਮਦਦ ਨਾਲ ਇਹ ਨਿਸ਼ਚਿਤ ਕਰਨਗੇ ਕਿ ਵਿਦਿਆਰਥੀ ਪ੍ਰਚਾਰਕ ਬਣਨ ਦੇ ਯੋਗ ਹੈ ਜਾਂ ਨਹੀਂ। (ਪਹਿਰਾਬੁਰਜ, 15 ਨਵੰਬਰ 1988 [ਅੰਗ੍ਰੇਜ਼ੀ], ਸਫ਼ਾ 17 ਦੇਖੋ।) ਜੇ ਵਿਦਿਆਰਥੀ ਨੂੰ ਪ੍ਰਚਾਰਕ ਬਣਨ ਦੀ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ, ਤਾਂ ਤੁਸੀਂ ਫ਼ੌਰਨ ਉਸ ਨੂੰ ਸਿਖਲਾਈ ਦੇਣੀ ਸ਼ੁਰੂ ਕਰੋ। ਜਦੋਂ ਉਹ ਆਪਣੀ ਪਹਿਲੀ ਖੇਤਰ ਸੇਵਾ ਰਿਪੋਰਟ ਦੇ ਦਿੰਦਾ ਹੈ, ਤਾਂ ਕਲੀਸਿਯਾ ਨੂੰ ਦੱਸਿਆ ਜਾਵੇਗਾ ਕਿ ਉਹ ਵਿਦਿਆਰਥੀ ਹੁਣ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਗਿਆ ਹੈ। ਸਾਡੀ ਉਮੀਦ ਹੈ ਕਿ ਹਜ਼ਾਰਾਂ ਨਵੇਂ ਪ੍ਰਚਾਰਕ, ਛੋਟੇ-ਵੱਡੇ ਸਾਰੇ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਜਾਣਗੇ।

21 ਚੰਗੇ ਨਤੀਜੇ ਪ੍ਰਾਪਤ ਕਰਨ ਲਈ ਯੋਜਨਾ ਬਣਾਉਣੀ ਜ਼ਰੂਰੀ ਹੈ: ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਪ੍ਰਚਾਰ ਦੇ ਕੰਮ ਵਿਚ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪਹਿਲਾਂ ਤੋਂ ਤਿਆਰੀ ਕਰਨ ਦੀ ਲੋੜ ਹੈ। (ਕਹਾ. 21:5) ਇਸ ਸੰਬੰਧੀ ਕਈ ਮਾਮਲਿਆਂ ਵੱਲ ਬਜ਼ੁਰਗਾਂ ਨੂੰ ਧਿਆਨ ਦੇਣਾ ਚਾਹੀਦਾ ਹੈ।

22 ਖੇਤਰ ਸੇਵਾ ਵਿਚ ਜ਼ਿਆਦਾ ਸਫ਼ਲਤਾ ਪ੍ਰਾਪਤ ਕਰਨ ਵਿਚ ਕਲੀਸਿਯਾ ਦੀ ਮਦਦ ਕਰਨ ਲਈ ਬਜ਼ੁਰਗਾਂ ਨੂੰ ਪੂਰੇ ਹਫ਼ਤੇ ਦੌਰਾਨ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਢੁਕਵੇਂ ਸਮਿਆਂ ਤੇ ਖੇਤਰ ਸੇਵਾ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸੇਵਾ ਨਿਗਾਹਬਾਨ ਇਹ ਸਾਰੇ ਪ੍ਰਬੰਧ ਕਰਨ ਵਿਚ ਪਹਿਲ ਕਰੇਗਾ। ਕੀ ਸਵੇਰੇ ਜਲਦੀ, ਬਾਅਦ ਦੁਪਹਿਰ ਜਾਂ ਸ਼ਾਮ ਨੂੰ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ? ਕਲੀਸਿਯਾ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਹੋ ਸਕੇ ਤਾਂ ਸਮਾਂ-ਸਾਰਣੀ ਸੂਚਨਾ ਬੋਰਡ ਉੱਤੇ ਵੀ ਲਾ ਦਿਓ।

23 ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ 16 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਯਾਦਗਾਰੀ ਸਮਾਰੋਹ ਦੇ ਸਾਰੇ ਪ੍ਰਬੰਧ ਪੂਰੇ ਹੋ ਜਾਣ। ਜੇ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਵਿਚ ਸਮਾਰੋਹ ਮਨਾਉਣਗੀਆਂ, ਤਾਂ ਉਨ੍ਹਾਂ ਨੂੰ ਸਮਾਰੋਹ ਦੇ ਸਮੇਂ ਨਿਸ਼ਚਿਤ ਕਰਨ ਅਤੇ ਹਾਲ ਦੀ ਸਫ਼ਾਈ ਕਰਨ ਬਾਰੇ ਆਪਸ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਪ੍ਰਤੀਕਾਂ ਨੂੰ ਵਰਤਾਉਣ ਵਾਲਿਆਂ ਨੂੰ ਤੇ ਸੇਵਾਦਾਰਾਂ ਨੂੰ ਚੁਣੋ ਅਤੇ ਦਾਖ-ਰਸ ਤੇ ਰੋਟੀ ਦਾ ਪ੍ਰਬੰਧ ਕਰੋ। ਕਲੀਸਿਯਾ ਨੂੰ ਸਮਾਰੋਹ ਦੇ ਸਮੇਂ ਤੇ ਪਤੇ ਅਤੇ ਹਫ਼ਤੇ ਦੀਆਂ ਸਭਾਵਾਂ ਵਿਚ ਕਿਸੇ ਵੀ ਤਬਦੀਲੀ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਇਹ ਸਾਰੇ ਪ੍ਰਬੰਧ ਚੰਗੀ ਤਰ੍ਹਾਂ ਕਰਨ ਨਾਲ ਸਮਾਰੋਹ ‘ਢਬ ਸਿਰ ਅਤੇ ਜੁਗਤੀ ਨਾਲ’ ਮਨਾਇਆ ਜਾਵੇਗਾ।—1 ਕੁਰਿੰ. 14:40.

24 ਪਰਿਵਾਰ ਦੇ ਮੁਖੀ ਆਪਣੇ ਪਰਿਵਾਰਕ ਅਧਿਐਨ ਦੌਰਾਨ ਚਰਚਾ ਕਰ ਸਕਦੇ ਹਨ ਕਿ ਉਹ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਕਿੱਦਾਂ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਨ। ਕੀ ਤੁਹਾਡਾ ਪੂਰਾ ਪਰਿਵਾਰ ਸਹਿਯੋਗੀ ਪਾਇਨੀਅਰੀ ਕਰ ਸਕਦਾ ਹੈ? ਜਾਂ ਕੀ ਪੂਰਾ ਪਰਿਵਾਰ ਇਕ ਜਾਂ ਜ਼ਿਆਦਾ ਮੈਂਬਰਾਂ ਦੀ ਪਾਇਨੀਅਰੀ ਕਰਨ ਵਿਚ ਮਦਦ ਕਰ ਸਕਦਾ ਹੈ? ਜੇ ਇਹ ਕਰਨਾ ਮੁਮਕਿਨ ਨਹੀਂ ਹੈ, ਤਾਂ ਪੂਰਾ ਪਰਿਵਾਰ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਦਾ ਪੱਕਾ ਟੀਚਾ ਰੱਖ ਸਕਦਾ ਹੈ। ਕੀ ਤੁਹਾਡੇ ਪਰਿਵਾਰ ਵਿਚ ਕੋਈ ਬੱਚਾ ਹੈ ਜਿਸ ਨੂੰ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਲਈ ਉਤਸ਼ਾਹ ਅਤੇ ਮਦਦ ਦਿੱਤੀ ਜਾ ਸਕਦੀ ਹੈ? ਇਸ ਸਾਲ ਤੁਹਾਡਾ ਪਰਿਵਾਰ ਕਿੰਨੇ ਜਣਿਆਂ ਨੂੰ ਯਾਦਗਾਰੀ ਸਮਾਰੋਹ ਲਈ ਬੁਲਾ ਸਕਦਾ ਹੈ? ਚੰਗੀ ਤਿਆਰੀ ਕਰਨ ਨਾਲ ਤੁਹਾਡੇ ਪਰਿਵਾਰ ਨੂੰ ਖ਼ੁਸ਼ੀਆਂ ਅਤੇ ਬਰਕਤਾਂ ਮਿਲਣਗੀਆਂ।

25 ਬਾਕੀ ਬਚੇ ਸਮੇਂ ਦਾ ਪੂਰਾ-ਪੂਰਾ ਫ਼ਾਇਦਾ ਲਓ: ਪਹਿਲੀ ਸਦੀ ਦੇ ਮਸੀਹੀਆਂ ਨੂੰ ਚਿੱਠੀ ਲਿਖਦੇ ਸਮੇਂ ਪਤਰਸ ਰਸੂਲ ਨੇ ਉਨ੍ਹਾਂ ਨੂੰ ਸਮੇਂ ਦੀ ਲੋੜ ਨੂੰ ਪਛਾਣਨ ਲਈ ਕਿਹਾ ਕਿਉਂਕਿ ਯਹੂਦੀ ਰੀਤੀ-ਵਿਵਸਥਾ ਦਾ ਅੰਤ ਨੇੜੇ ਆ ਗਿਆ ਸੀ। (1 ਪਤ. 4:7) ਅੱਜ ਸਾਰੇ ਸਬੂਤ ਇਹ ਦਿਖਾਉਂਦੇ ਹਨ ਕਿ ਪੂਰੀ ਦੁਨੀਆਂ ਦਾ ਅੰਤ ਬਹੁਤ ਹੀ ਨੇੜੇ ਹੈ। ਹਰ ਦਿਨ ਸਾਡੀ ਜ਼ਿੰਦਗੀ ਤੋਂ ਇਹ ਵਿਸ਼ਵਾਸ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਯਹੋਵਾਹ ਦੇ ਜੋਸ਼ੀਲੇ ਸੇਵਕ ਹੋਣ ਦੇ ਨਾਤੇ, ਸਾਨੂੰ ਆਪਣਾ ਧਿਆਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਜ਼ਰੂਰੀ ਕੰਮ ਤੇ ਲਗਾਉਣਾ ਚਾਹੀਦਾ ਹੈ।—ਤੀਤੁ. 2:13, 14.

26 ਅੱਜ ਸਮਾਂ ਹੈ ਜੋਸ਼ ਨਾਲ ਕੰਮ ਕਰਨ ਦਾ! ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਯਹੋਵਾਹ ਨੇ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਅਤੇ ਕਲੀਸਿਯਾ ਲਈ ਕੀ ਕੁਝ ਕੀਤਾ ਹੈ। ਯਹੋਵਾਹ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ, ਅਸੀਂ ਉਸ ਦਾ ਬਦਲਾ ਕਦੇ ਨਹੀਂ ਚੁਕਾ ਸਕਦੇ। (ਜ਼ਬੂ. 116:12-14) ਪਰ ਅਸੀਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰ ਸਕਦੇ ਹਾਂ ਅਤੇ ਯਹੋਵਾਹ ਸਾਡੇ ਜਤਨਾਂ ਉੱਤੇ ਬਰਕਤ ਪਾਵੇਗਾ। (ਕਹਾ. 10:22) ਆਓ ਆਪਾਂ ਸਾਰੇ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ‘ਭਲਿਆਈ ਕਰਨ ਵਿਚ ਚੁਸਤ ਹੋਈਏ,’ ਤਾਂਕਿ “ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ” ਹੋਵੇ।—1 ਪਤ. 3:13; 4:11.

[ਸਫ਼ੇ 3 ਉੱਤੇ ਡੱਬੀ]

ਦੁਨੀਆਂ ਭਰ ਵਿਚ ਯਾਦਗਾਰੀ ਸਮਾਰੋਹ ਦੀ ਕੁੱਲ ਹਾਜ਼ਰੀ

1999 1,40,88,751

2000 1,48,72,086

2001 1,53,74,986

2002 1,55,97,746

[ਸਫ਼ੇ 4 ਉੱਤੇ ਡੱਬੀ]

ਤੁਸੀਂ ਕਿਨ੍ਹਾਂ ਨੂੰ ਯਾਦਗਾਰੀ ਸਮਾਰੋਹ ਲਈ ਸੱਦਾ ਦਿਓਗੇ?

□ ਤੁਹਾਡੇ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ

□ ਗੁਆਂਢੀ ਅਤੇ ਵਾਕਫ਼

□ ਸਹਿਕਰਮੀ ਅਤੇ ਸਹਿਪਾਠੀ

□ ਦਿਲਚਸਪੀ ਰੱਖਣ ਵਾਲੇ ਵਿਅਕਤੀ ਅਤੇ ਬਾਈਬਲ ਵਿਦਿਆਰਥੀ

[ਸਫ਼ੇ 5 ਉੱਤੇ ਡੱਬੀ]

ਸਮਾਰੋਹ ਵਿਚ ਆਉਣ ਵਾਲਿਆਂ ਦੀ ਮਦਦ ਕਰੋ

□ ਉਨ੍ਹਾਂ ਦਾ ਨਿੱਘਾ ਸੁਆਗਤ ਕਰੋ

□ ਉਨ੍ਹਾਂ ਨੂੰ ਦੁਬਾਰਾ ਮਿਲੋ

□ ਉਨ੍ਹਾਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ

□ ਖ਼ਾਸ ਭਾਸ਼ਣ ਲਈ ਉਨ੍ਹਾਂ ਨੂੰ ਸੱਦਾ ਦਿਓ

[ਸਫ਼ੇ 6 ਉੱਤੇ ਤਸਵੀਰ]

ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਤੁਹਾਡੇ ਟੀਚੇ ਕੀ ਹਨ?

□ ਯਾਦਗਾਰੀ ਸਮਾਰੋਹ ਵਿਚ ਆਉਣ ਵਿਚ ਕਿਸੇ ਦੀ ਮਦਦ ਕਰਨੀ

□ ਖ਼ੁਸ਼ ਖ਼ਬਰੀ ਦਾ ਪ੍ਰਚਾਰਕ ਬਣਨਾ

□ ਸੇਵਕਾਈ ਵਿਚ ਨਿਯਤ ਘੰਟੇ ਪ੍ਰਚਾਰ ਕਰਨਾ

□ ਸੇਵਕਾਈ ਦੇ ਕਿਸੇ ਇਕ ਪਹਿਲੂ ਵਿਚ ਸੁਧਾਰ ਕਰਨਾ

□ ਸਹਿਯੋਗੀ ਪਾਇਨੀਅਰੀ ਕਰਨੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ