ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਨੂੰ ਪਹਿਲ ਦਿਓ
1 ਮਸੀਹੀ ਪਰਿਵਾਰ ਕਲੀਸਿਯਾ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਨੂੰ ਪਹਿਲ ਦਿੰਦੇ ਹਨ। ਪਰ ਜ਼ਿੰਦਗੀ ਦੇ ਰੁਝੇਵੇਂ ਅੱਜ ਸਾਡੇ ਲਈ ਮੁਸ਼ਕਲ ਖੜ੍ਹੀ ਕਰਦੇ ਹਨ। ਕੀ ਘਰ ਦੀਆਂ ਜ਼ਿੰਮੇਵਾਰੀਆਂ, ਨੌਕਰੀ ਜਾਂ ਸਕੂਲ ਦਾ ਕੰਮ ਸਾਡਾ ਉਹ ਸਮਾਂ ਲੈ ਰਹੇ ਹਨ ਜੋ ਅਸੀਂ ਯਹੋਵਾਹ ਦੀ ਭਗਤੀ ਲਈ ਰੱਖਿਆ ਹੋਇਆ ਹੈ? ਜੇ ਅਸੀਂ ਹਰ ਗੱਲ ਯਹੋਵਾਹ ਦੇ ਨਜ਼ਰੀਏ ਤੋਂ ਵਿਚਾਰਦੇ ਹਾਂ, ਤਾਂ ਅਸੀਂ ਜ਼ਰੂਰੀ ਗੱਲਾਂ ਨੂੰ ਪਹਿਲ ਦਿੰਦੇ ਰਹਾਂਗੇ।—1 ਸਮੂ. 24:6; 26:11.
2 ਇਕ ਇਸਰਾਏਲੀ ਆਦਮੀ ਨੇ ਜਾਣ-ਬੁੱਝ ਕੇ ਸਬਤ ਦੇ ਦਿਨ ਲੱਕੜੀਆਂ ਚੁਗੀਆਂ। ਇਸ ਤਰ੍ਹਾਂ ਉਸ ਨੇ ਯਹੋਵਾਹ ਦੇ ਨਜ਼ਰੀਏ ਨੂੰ ਅਪਣਾਉਣ ਤੋਂ ਇਨਕਾਰ ਕੀਤਾ। ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਇਹ ਸਭ ਉਹ ਆਪਣੇ ਪਰਿਵਾਰ ਲਈ ਕਰ ਰਿਹਾ ਸੀ ਜਾਂ ਕਿ ਇਹ ਮਾਮੂਲੀ ਜਿਹੀ ਗੱਲ ਸੀ। ਪਰ ਉਸ ਆਦਮੀ ਨੂੰ ਸਜ਼ਾ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਭਗਤੀ ਲਈ ਰੱਖੇ ਗਏ ਸਮੇਂ ਵਿਚ ਦੁਨਿਆਵੀ ਕੰਮ ਕਰਨੇ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੈ।—ਗਿਣ. 15:32-36.
3 ਸਮੱਸਿਆ ਦਾ ਹੱਲ: ਬਹੁਤ ਸਾਰੇ ਭੈਣ-ਭਰਾਵਾਂ ਨੂੰ ਇਸ ਗੱਲ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ ਕਿ ਉਨ੍ਹਾਂ ਦਾ ਕੰਮ ਸਭਾਵਾਂ ਦੇ ਵਕਤ ਕੋਈ ਅੜਿੱਕਾ ਨਾ ਬਣੇ। ਕੁਝ ਭੈਣ-ਭਰਾਵਾਂ ਨੇ ਆਪਣੇ ਮਾਲਕ ਨਾਲ ਗੱਲ ਕਰਨ, ਆਪਣੇ ਨਾਲ ਦੇ ਕਾਮਿਆਂ ਨਾਲ ਸ਼ਿਫ਼ਟ ਬਦਲਣ, ਕੋਈ ਹੋਰ ਢੁਕਵੀਂ ਨੌਕਰੀ ਲੱਭਣ ਜਾਂ ਆਪਣੀ ਜ਼ਿੰਦਗੀ ਸਾਦੀ ਬਣਾਉਣ ਦੁਆਰਾ ਇਸ ਸਮੱਸਿਆ ਨੂੰ ਹੱਲ ਕੀਤਾ ਹੈ। ਸੱਚੀ ਭਗਤੀ ਲਈ ਕੀਤੇ ਇਨ੍ਹਾਂ ਬਲੀਦਾਨਾਂ ਤੋਂ ਪਰਮੇਸ਼ੁਰ ਬਹੁਤ ਖ਼ੁਸ਼ ਹੁੰਦਾ ਹੈ।—ਇਬ. 13:16.
4 ਸਕੂਲ ਦਾ ਕੰਮ ਵੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਇਕ ਕੁੜੀ ਨੇ ਕਿਹਾ: “ਸਕੂਲ ਦਾ ਥੋੜ੍ਹਾ ਜਿਹਾ ਕੰਮ ਮੈਂ ਸਭਾਵਾਂ ਤੋਂ ਪਹਿਲਾਂ ਕਰ ਲੈਂਦੀ ਹਾਂ ਤੇ ਬਾਕੀ ਰਹਿੰਦਾ ਕੰਮ ਮੈਂ ਸਭਾਵਾਂ ਤੋਂ ਬਾਅਦ ਕਰਦੀ ਹਾਂ।” ਕਦੀ-ਕਦੀ ਸਕੂਲ ਦਾ ਕੰਮ ਇੰਨਾ ਜ਼ਿਆਦਾ ਹੁੰਦਾ ਹੈ ਕਿ ਸਭਾਵਾਂ ਵਾਲੀ ਸ਼ਾਮ ਨੂੰ ਇਹ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਕੁਝ ਮਾਪਿਆਂ ਨੇ ਅਧਿਆਪਕਾਂ ਨੂੰ ਸਮਝਾਇਆ ਹੈ ਕਿ ਉਨ੍ਹਾਂ ਦਾ ਪਰਿਵਾਰ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਨੂੰ ਪਹਿਲ ਦਿੰਦਾ ਹੈ।
5 ਆਪਸੀ ਸਹਿਯੋਗ ਦੇਣ ਅਤੇ ਚੰਗੀ ਯੋਜਨਾ ਬਣਾਉਣ ਨਾਲ ਘਰ ਦੇ ਕੰਮ-ਕਾਜ ਨਿਬੇੜਨ ਨਾਲ ਪੂਰਾ ਪਰਿਵਾਰ ਸਮੇਂ ਸਿਰ ਸਭਾਵਾਂ ਵਿਚ ਹਾਜ਼ਰ ਹੋ ਸਕਦਾ ਹੈ। (ਕਹਾ. 20:18) ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾ ਸਕਦਾ ਹੈ ਕਿ ਉਹ ਸਭਾਵਾਂ ਵਿਚ ਜਾਣ ਵਾਸਤੇ ਸਮੇਂ ਸਿਰ ਤਿਆਰ ਰਹਿਣ। ਮਾਪੇ ਆਪਣੀ ਮਿਸਾਲ ਦੁਆਰਾ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਸਭਾਵਾਂ ਬਹੁਤ ਅਹਿਮੀਅਤ ਰੱਖਦੀਆਂ ਹਨ।—ਕਹਾ. 20:7.
6 ਇਸ ਦੁਨੀਆਂ ਦੇ ਵਧਦੇ ਦਬਾਵਾਂ ਨੂੰ ਦੇਖਦਿਆਂ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਲੀਸਿਯਾ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਈਏ। ਆਓ ਆਪਾਂ ਇਸ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੀਏ ਅਤੇ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਨੂੰ ਪਹਿਲ ਦੇਈਏ।—ਇਬ. 10:24, 25.