ਪ੍ਰਬੰਧਕ ਸਭਾ ਵੱਲੋਂ ਚਿੱਠੀ
ਅਸੀਂ ਨਵੀਂ ਦੁਨੀਆਂ ਦੀ ਦਹਿਲੀਜ਼ ਤੇ ਖੜ੍ਹੇ ਹਾਂ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਉਡੀਕ ਕਰਦੇ ਰਹੀਏ। (ਸਫ਼. 3:8) ਦਾਨੀਏਲ ਨਬੀ ਨੇ ਕਿਹਾ ਸੀ ਕਿ ‘ਪਰਮੇਸ਼ੁਰ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿਚ ਕੀ ਕੁਝ ਹੋ ਜਾਵੇਗਾ।’ (ਦਾਨੀ. 2:28) ਭਵਿੱਖਬਾਣੀ ਵਿਚ ਦੱਸੇ ਗਏ ਉਸ ਦੌਰ ਦੇ ਇਸ ਆਖ਼ਰੀ ਸਮੇਂ ਵਿਚ ਜੀਣਾ ਅਤੇ ਯਹੋਵਾਹ ਦੇ ਭੇਤਾਂ ਨੂੰ ਸਮਝਣਾ ਸਾਡੇ ਲਈ ਬਹੁਤ ਹੀ ਸਨਮਾਨ ਦੀ ਗੱਲ ਹੈ ਕਿਉਂਕਿ ਇਹੀ ਸਮਾਂ ਹੈ ਜਦੋਂ ਯਹੋਵਾਹ ਆਪਣੇ ਭੇਤ ਪ੍ਰਗਟ ਕਰ ਰਿਹਾ ਹੈ!
ਇਨ੍ਹਾਂ ਮੁਸ਼ਕਲਾਂ ਭਰੇ “ਅੰਤ ਦਿਆਂ ਦਿਨਾਂ” ਦੌਰਾਨ ਯਹੋਵਾਹ ਆਪਣੇ ਭਗਤਾਂ ਦੀ “ਵੱਡੀ ਭੀੜ” ਨੂੰ ਇਕੱਠਾ ਕਰਨ ਦਾ ਮਕਸਦ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਪ੍ਰਗਟ ਕਰਦਾ ਰਿਹਾ ਹੈ। (ਮੱਤੀ 24:45; ਪਰ. 7:9; 2 ਤਿਮੋ. 3:1) ਯਸਾਯਾਹ 2:2, 3 ਦੱਸਦਾ ਹੈ ਕਿ ਇਹ ਕੰਮ ਦੁਨੀਆਂ ਭਰ ਵਿਚ “ਆਖਰੀ ਦਿਨਾਂ ਦੇ ਵਿਚ” ਹੋਵੇਗਾ। ਇਸ ਦੁਨੀਆਂ ਵਿਚ ਹਲਚਲ ਤੇ ਹਿੰਸਾ ਮਚੀ ਹੋਣ ਦੇ ਬਾਵਜੂਦ ਇਹ ਕੰਮ ਕੀਤਾ ਜਾ ਰਿਹਾ ਹੈ।
ਸਾਲ 2004 ਦੌਰਾਨ ਸਾਨੂੰ ਯਿਸੂ ਦੇ ਸ਼ਬਦਾਂ ਤੇ ਚੱਲਣ ਦੀ ਹੋਰ ਲੋੜ ਮਹਿਸੂਸ ਕਰਾਈ ਗਈ: “ਜਾਗਦੇ ਰਹੋ . . . ਤਿਆਰ ਰਹੋ।” (ਮੱਤੀ 24:42, 44) ਅੱਜ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਮਸੀਹੀਆਂ ਲਈ ਬਹੁਤ ਮਹੱਤਤਾ ਰੱਖਦੀਆਂ ਹਨ ਕਿਉਂਕਿ ਉਹ ‘ਸਮਿਆਂ ਦੇ ਨਿਸ਼ਾਨਾਂ’ ਨੂੰ ਸਮਝਦੇ ਹਨ ਤੇ ਉਸ ਦੇ ਮੁਤਾਬਕ ਕਦਮ ਚੁੱਕਦੇ ਹਨ। (ਮੱਤੀ 16:1-3) ਯਹੋਵਾਹ ਆਪਣੇ ਬਚਨ ਅਨੁਸਾਰ ਹਰ ਮੁਸੀਬਤ ਵਿਚ ਆਪਣੇ ਲੋਕਾਂ ਨਾਲ ਰਹੇਗਾ।
ਕੁਝ ਲੋਕਾਂ ਨੇ ਰਾਜ ਦਾ ਪ੍ਰਚਾਰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਇਸ ਦੇ ਬਾਵਜੂਦ ਸਾਡੇ ਭਰਾ ਲੋਕਾਂ ਨੂੰ ਸੱਚਾਈ ਦੱਸ ਰਹੇ ਹਨ ਤੇ ਉਨ੍ਹਾਂ ਨੇ ਇਕੱਠੇ ਹੋਣਾ ਨਹੀਂ ਛੱਡਿਆ ਹੈ। (ਰਸੂ. 5:19, 20; ਇਬ. 10:24, 25) ਰੂਸ ਵਿਚ ਜੂਨ 2004 ਵਿਚ ਮਾਸਕੋ ਦੀ ਅਪੀਲ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਦਾ ਸਮਰਥਨ ਕਰਦੇ ਹੋਏ ਹੁਕਮ ਦਿੱਤਾ ਕਿ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਤੇ ਪਾਬੰਦੀ ਲਾਈ ਜਾਵੇ ਤੇ ਮਾਸਕੋ ਵਿਚ ਉਨ੍ਹਾਂ ਦੀ ਸੰਸਥਾ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾਵੇ। ਪਰ ਸਾਡੇ ਭਰਾ ਨਿਰਾਸ਼ ਨਹੀਂ ਹੋਏ। ਉਹ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ, ਇਸ ਲਈ ਉਹ ਮਨੁੱਖਾਂ ਦੀ ਬਜਾਇ ਪਰਮੇਸ਼ੁਰ ਨੂੰ ਆਪਣਾ ਹਾਕਮ ਮੰਨ ਕੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। (ਰਸੂ. 5:29) ਸਾਨੂੰ ਭਰੋਸਾ ਹੈ ਕਿ ਸਖ਼ਤ ਕਾਨੂੰਨੀ ਕਾਰਵਾਈ ਹੋਣ ਦੇ ਬਾਵਜੂਦ ਯਹੋਵਾਹ ਆਪਣੇ ਸੇਵਕਾਂ ਨੂੰ ਸੇਧ ਦਿੰਦਾ ਰਹੇਗਾ।
ਪਿਛਲੇ ਕੁਝ ਸਾਲਾਂ ਦੌਰਾਨ ਜਾਰਜੀਆ ਗਣਰਾਜ ਵਿਚ ਭਰਾਵਾਂ ਦੀ ਜ਼ਮੀਨ-ਜਾਇਦਾਦ ਨੂੰ ਬਹੁਤ ਨੁਕਸਾਨ ਪਹੁੰਚਿਆ, ਲੋਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਕੁੱਟਿਆ ਤੇ ਉਨ੍ਹਾਂ ਦੇ ਕਿਤਾਬਾਂ-ਰਸਾਲਿਆਂ ਨੂੰ ਸਾੜ ਦਿੱਤਾ। ਪਰ ਭਰਾਵਾਂ ਖ਼ਿਲਾਫ਼ ਚੁੱਕਿਆ ਹਰ ਹਥਿਆਰ ਨਾਕਾਮ ਸਾਬਤ ਹੋਇਆ। (ਯਸਾ. 54:17) ਜਾਰਜੀਆ ਵਿਚ 2004 ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਨੂੰ ਦੁਬਾਰਾ ਕਾਨੂੰਨੀ ਮਾਨਤਾ ਦੇ ਦਿੱਤੀ ਗਈ। ਉੱਥੇ ਸੰਮੇਲਨ ਕਰਨ ਵਿਚ ਕੋਈ ਰੁਕਾਵਟ ਨਹੀਂ ਆਈ ਤੇ ਸਾਹਿੱਤ ਵੀ ਬਿਨਾਂ ਕਿਸੇ ਰੋਕ-ਟੋਕ ਦੇ ਜਾਰਜੀਆ ਵਿਚ ਪਹੁੰਚਦਾ ਹੈ। ਪ੍ਰਕਾਸ਼ਕਾਂ ਦੀ ਗਿਣਤੀ ਅਤੇ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋਏ ਲੋਕਾਂ ਦੀ ਗਿਣਤੀ ਵਿਚ ਸ਼ਾਨਦਾਰ ਵਾਧਾ ਹੋਇਆ ਹੈ।
ਆਰਮੀਨੀਆ, ਐਰੀਟ੍ਰੀਆ, ਕੋਰੀਆ ਗਣਰਾਜ, ਤੁਰਕਮੇਨਿਸਤਾਨ ਅਤੇ ਰਵਾਂਡਾ ਵਿਚ ਭਰਾਵਾਂ ਨੂੰ ਆਪਣੀ ਨਿਹਚਾ ਕਰਕੇ ਜੇਲ੍ਹ ਜਾਣਾ ਪਿਆ। ਹਾਲਾਂਕਿ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਗਿਆ, ਪਰ ਉਹ ਇਸ ਦਾ ਅਸਲ ਕਾਰਨ ਜਾਣਦੇ ਹਨ ਕਿ ਉਨ੍ਹਾਂ ਉੱਤੇ ਅਜ਼ਮਾਇਸ਼ਾਂ ਕਿਉਂ ਆਉਂਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਤੇ ਉਹ ਆਪਣੇ ਬਚਾਅ ਲਈ ਯਹੋਵਾਹ ਤੇ ਭਰੋਸਾ ਰੱਖਦੇ ਹਨ।—1 ਪਤ. 1:6; 2 ਪਤ. 2:9.
ਜੇ ਤੁਸੀਂ 1 ਫਰਵਰੀ 2005 ਦੇ ਪਹਿਰਾਬੁਰਜ ਵਿਚ 2004 ਸੇਵਾ ਸਾਲ ਦੀ ਰਿਪੋਰਟ ਦੇਖੋ, ਤਾਂ ਤੁਸੀਂ ਯਹੋਵਾਹ ਦੀ ਭਲਿਆਈ ਦਾ ਸਬੂਤ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੋਗੇ। (ਜ਼ਬੂ. 31:19; 65:11) ਸਾਨੂੰ ਉਮੀਦ ਹੈ ਕਿ ਇਸ ਰਿਪੋਰਟ ਤੋਂ ਤੁਹਾਨੂੰ ਪਰਮੇਸ਼ੁਰ ਦੇ ਰਾਹ ਤੇ ਚੱਲਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ।—1 ਥੱਸ. 4:1.
ਅੱਜ ਹਰ ਤਰ੍ਹਾਂ ਦੇ ਲੋਕਾਂ ਨੂੰ ਸੱਚਾਈ ਸਿਖਾਉਣ ਦੇ ਜਤਨ ਕੀਤੇ ਜਾ ਰਹੇ ਹਨ। ਮਿਸਾਲ ਲਈ, ਬੋਲ਼ੇ ਲੋਕਾਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਸੈਨਤ ਭਾਸ਼ਾ ਵਿਚ ਵਿਡਿਓ, ਡੀ ਵੀ ਡੀ ਤੇ ਹੋਰ ਸਾਮੱਗਰੀ ਅਤੇ ਅੰਨ੍ਹੇ ਲੋਕਾਂ ਲਈ ਬ੍ਰੇਲ ਵਿਚ ਪ੍ਰਕਾਸ਼ਨ ਤਿਆਰ ਕੀਤੇ ਗਏ ਹਨ। ਕਈ ਰਾਜ ਪ੍ਰਚਾਰਕਾਂ ਨੇ ਆਪਣੇ ਇਲਾਕੇ ਵਿਚ ਹੋਰਨਾਂ ਥਾਵਾਂ ਤੋਂ ਆਏ ਲੋਕਾਂ ਦੀਆਂ ਭਾਸ਼ਾਵਾਂ ਨੂੰ ਸਿੱਖਿਆ ਹੈ।
ਇਸ ਤੋਂ ਇਲਾਵਾ, ਕਈ ਦੂਰ-ਦੁਰੇਡੇ ਇਲਾਕਿਆਂ ਵਿਚ ਸੈਂਕੜੇ ਗਰੁੱਪ ਬਣਾਏ ਗਏ ਹਨ। ਇਕ ਬ੍ਰਾਂਚ ਦੀ ਨਿਗਰਾਨੀ ਹੇਠ ਅਜਿਹੇ 300 ਤੋਂ ਜ਼ਿਆਦਾ ਗਰੁੱਪ ਹਨ ਜਿਨ੍ਹਾਂ ਵਿਚ 7,000 ਨਾਲੋਂ ਵੱਧ ਪ੍ਰਕਾਸ਼ਕ ਹਨ। ਇਸ ਤੋਂ ਨਵੀਆਂ ਕਲੀਸਿਯਾਵਾਂ ਬਣਨ ਦੀ ਸੰਭਾਵਨਾ ਨਜ਼ਰ ਆਉਂਦੀ ਹੈ! ਨਾਲੇ ਇਸ ਸਾਲ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਏ 1,67,60,607 ਵਿਅਕਤੀਆਂ ਵਿੱਚੋਂ 1 ਕਰੋੜ ਤੋਂ ਜ਼ਿਆਦਾ ਉਹ ਲੋਕ ਸਨ ਜੋ ਗਵਾਹ ਨਹੀਂ ਹਨ। ਇਸ ਤੋਂ ਪੱਕਾ ਸੰਕੇਤ ਮਿਲਦਾ ਹੈ ਕਿ ਫ਼ਸਲ ਵਾਢੀ ਲਈ ਤਿਆਰ ਹੈ।
ਯਹੋਵਾਹ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ ਤੇ ਉਹ ਹਰ ਰੋਜ਼ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ ਜਿਸ ਕਰਕੇ ਅਸੀਂ ਉਸ ਦੇ ਬਹੁਤ ਧੰਨਵਾਦੀ ਹਾਂ। (ਕਹਾ. 10:22; ਮਲਾ. 3:10; 1 ਪਤ. 5:7) ਇਨ੍ਹਾਂ “ਅੰਤ ਦੇ ਦਿਨਾਂ” ਵਿਚ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹੋਏ ਆਓ ਆਪਾਂ ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖੀਏ। ਨਾਲੇ ਹਰ ਮੁਸ਼ਕਲ ਵਿਚ ਸਾਲ 2005 ਲਈ ਚੁਣੇ ਗਏ ਬਾਈਬਲ ਹਵਾਲੇ ਨੂੰ ਯਾਦ ਰੱਖੀਏ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।” (ਜ਼ਬੂ. 121:2) ਅਸੀਂ ਤੁਹਾਡੇ ਲਈ ਯਹੋਵਾਹ ਅੱਗੇ ਦੁਆ ਕਰਦੇ ਹਾਂ। ਪਿਆਰ ਤੇ ਸ਼ੁਭ ਕਾਮਨਾਵਾਂ ਸਹਿਤ,
ਤੁਹਾਡੇ ਭਰਾ,
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ