ਯਹੋਵਾਹ ਦਾ ਦਿਨ ਨੇੜੇ ਹੈ
1 ਮਸੀਹੀ ਬੇਸਬਰੀ ਨਾਲ ਯਹੋਵਾਹ ਦੇ ਉਸ ਦਿਨ ਨੂੰ ਉਡੀਕਦੇ ਹਨ ਜਦੋਂ ਯਹੋਵਾਹ ਇਸ ਦੁਨੀਆਂ ਦਾ ਨਾਸ਼ ਕਰ ਕੇ ਇਕ ਨਵੀਂ ਧਰਮੀ ਦੁਨੀਆਂ ਦੀ ਸ਼ੁਰੂਆਤ ਕਰੇਗਾ। (2 ਪਤ. 3:12, 13) ਇਸ ਦਿਨ ਦੇ ਆਉਣ ਦਾ ਸਮਾਂ ਨਾ ਪਤਾ ਹੋਣ ਕਾਰਨ ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ ਤੇ ਜਾਗਦੇ ਰਹਿਣ ਵਿਚ ਦੂਜਿਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ। (ਹਿਜ਼. 33:7-9; ਮੱਤੀ 24:42-44) ਪਰਮੇਸ਼ੁਰ ਦੇ ਬਚਨ ਵਿਚ ਦਰਜ ਭਵਿੱਖਬਾਣੀਆਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡਾ ਭਰੋਸਾ ਪੱਕਾ ਹੋਵੇਗਾ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।”—ਸਫ਼. 1:14.
2 ਵਿਸ਼ਵ ਸ਼ਕਤੀਆਂ ਬਾਰੇ ਭਵਿੱਖਬਾਣੀ: ਪਰਕਾਸ਼ ਦੀ ਪੋਥੀ 17:9-11 ਵਿਚ ਯੂਹੰਨਾ ਰਸੂਲ ‘ਸੱਤ ਰਾਜਿਆਂ’ ਦਾ ਜ਼ਿਕਰ ਕਰਦਾ ਹੈ। ਇਹ ਰਾਜੇ ਸੱਤ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ। ਯੂਹੰਨਾ ‘ਅੱਠਵੇਂ ਰਾਜੇ’ ਦੀ ਵੀ ਗੱਲ ਕਰਦਾ ਹੈ ਜੋ ਹੁਣ ਸੰਯੁਕਤ ਰਾਸ਼ਟਰ ਸੰਘ ਨੂੰ ਦਰਸਾਉਂਦਾ ਹੈ। ਕੀ ਹੋਰ ਵਿਸ਼ਵ ਸ਼ਕਤੀਆਂ ਵੀ ਆਉਣਗੀਆਂ? ਨਹੀਂ, ਭਵਿੱਖਬਾਣੀ ਦੱਸਦੀ ਹੈ ਕਿ ਅੱਠਵਾਂ ਰਾਜਾ “ਨਸ਼ਟ ਹੋ ਜਾਵੇਗਾ” ਅਤੇ ਇਸ ਤੋਂ ਬਾਅਦ ਕਿਸੇ ਹੋਰ ਰਾਜੇ ਦਾ ਜ਼ਿਕਰ ਨਹੀਂ ਆਉਂਦਾ। ਕੀ ਇਸ ਭਵਿੱਖਬਾਣੀ ਤੋਂ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਸਮੇਂ ਦੇ ਕਿਸ ਮੋੜ ਤੇ ਆ ਪਹੁੰਚੇ ਹਾਂ?
3 ਯਹੋਵਾਹ ਦੇ ਦਿਨ ਦੇ ਆਉਣ ਬਾਰੇ ਜਾਣਨ ਵਿਚ ਦਾਨੀਏਲ 2:31-45 ਸਾਡੀ ਮਦਦ ਕਰਦਾ ਹੈ। ਇਸ ਭਵਿੱਖਬਾਣੀ ਅਨੁਸਾਰ ਨਬੂਕਦਨੱਸਰ ਨੇ ਸੁਪਨੇ ਵਿਚ ਇਕ ਵੱਡੀ ਸਾਰੀ ਮੂਰਤ ਦੇਖੀ ਸੀ ਜੋ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੀ ਹੈ। ਇਹ ਵਿਸ਼ਵ ਸ਼ਕਤੀਆਂ ਆ ਚੁੱਕੀਆਂ ਹਨ। ਤਾਂ ਫਿਰ ਅੱਜ ਅਸੀਂ ਇਤਿਹਾਸ ਦੇ ਕਿਸ ਮੋੜ ਤੇ ਜੀ ਰਹੇ ਹਾਂ? ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜੋ ਮੂਰਤ ਦੇ ਪੈਰਾਂ ਦੁਆਰਾ ਦਰਸਾਇਆ ਗਿਆ ਹੈ। ਭਵਿੱਖਬਾਣੀ ਸਪੱਸ਼ਟ ਦੱਸਦੀ ਹੈ ਕਿ ਅੱਗੇ ਕੀ ਹੋਵੇਗਾ। ਮਨੁੱਖੀ ਹਕੂਮਤਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਪਰਮੇਸ਼ੁਰ “ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।” ਕੀ ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਯਹੋਵਾਹ ਦਾ ਦਿਨ ਨੇੜੇ ਹੈ?
4 ਹੋਰ ਸਬੂਤ: ਅਸੀਂ ਆਪਣੀ ਅੱਖੀਂ ਹੋਰ ਸਬੂਤ ਦੇਖਦੇ ਹਾਂ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਦਾ ਦਿਨ ਨੇੜੇ ਹੈ। ਪੌਲੁਸ ਰਸੂਲ ਨੇ “ਅੰਤ ਦਿਆਂ ਦਿਨਾਂ ਵਿੱਚ” ਲੋਕਾਂ ਦੇ ਔਗੁਣਾਂ ਦੀ ਭਵਿੱਖਬਾਣੀ ਕੀਤੀ ਸੀ। (2 ਤਿਮੋ. 3:1-5) ਅੱਜ ਅਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖਦੇ ਹਾਂ। ਅਸੀਂ ਦੁਨੀਆਂ ਭਰ ਵਿਚ ਗਵਾਹੀ ਦੇਣ ਦੇ ਕੰਮ ਵਿਚ ਹਿੱਸਾ ਲੈ ਰਹੇ ਹਾਂ ਜੋ ਅੰਤ ਆਉਣ ਤੋਂ ਪਹਿਲਾਂ-ਪਹਿਲਾਂ ਦਿੱਤੀ ਜਾਣੀ ਹੈ। (ਮੱਤੀ 24:14) ਆਓ ਆਪਾਂ ਵੀ ਦੂਤ ਵਾਂਗ ਇਹ ਸੰਦੇਸ਼ ਗੰਭੀਰਤਾ ਨਾਲ ਸੁਣਾਈਏ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।”—ਪਰ. 14:6, 7.