ਆਪਣੇ ਜੋਸ਼ ਨੂੰ ਕਿਵੇਂ ਬਰਕਰਾਰ ਰੱਖੀਏ
1 ਪ੍ਰਚਾਰ ਵਿਚ ਅਪੁੱਲੋਸ ਦਾ ਜੋਸ਼ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਦੀ ਯਾਦ ਕਰਾਉਂਦਾ ਹੈ ਜੋ ਅੱਜ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ। (ਰਸੂ. 18:24-28) ਪਰ ਸਾਨੂੰ ਸਾਰਿਆਂ ਨੂੰ ਸਲਾਹ ਦਿੱਤੀ ਗਈ ਹੈ: “ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ।” (ਰੋਮੀ. 2:11) ਸੇਵਕਾਈ ਵਾਸਤੇ ਜੋਸ਼ ਪੈਦਾ ਕਰਨ ਤੇ ਉਸ ਨੂੰ ਬਰਕਰਾਰ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
2 ਗਿਆਨ ਨਾਲ ਜੋਸ਼ ਵਧਦਾ ਹੈ: ਜਦੋਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਦਰਸ਼ਨ ਦਿੱਤਾ ਸੀ, ਤਾਂ ਉਸ ਨੇ “ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।” ਇਸ ਤੋਂ ਬਾਅਦ ਉਸ ਦੇ ਚੇਲੇ ਕਹਿਣ ਲੱਗੇ: ‘ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?’ (ਲੂਕਾ 24:27, 32) ਕੀ ਸਾਡੇ ਦਿਲ ਵੀ ਉਸ ਵੇਲੇ ਜੋਸ਼ ਨਾਲ ਭਰ ਨਹੀਂ ਜਾਂਦੇ ਜਦ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਹੋਰ ਜ਼ਿਆਦਾ ਸਮਝ ਹਾਸਲ ਹੁੰਦੀ ਹੈ? ਜੀ ਹਾਂ, ਗਿਆਨ ਲੈਣ ਨਾਲ ਨਿਹਚਾ ਵਧਦੀ ਹੈ। ਰੋਮੀਆਂ 10:17 ਦੱਸਦਾ ਹੈ: ‘ਪਰਤੀਤ ਸੁਣਨ ਨਾਲ’ ਹੁੰਦੀ ਹੈ। ਜਦ ਸਾਨੂੰ ਪਰਮੇਸ਼ੁਰ ਦੇ ਵਾਅਦਿਆਂ ਤੇ ਦਿਲੋਂ ਯਕੀਨ ਹੋ ਜਾਂਦਾ ਹੈ, ਤਾਂ ਅਸੀਂ ਸਿੱਖੀਆਂ ਗੱਲਾਂ ਕਹਿਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਦੇ।—ਜ਼ਬੂ. 145:7; ਰਸੂ. 4:20.
3 ਅਸੀਂ ਹੁਣ ਤਕ ਜਿੰਨਾ ਗਿਆਨ ਲਿਆ ਹੈ, ਉਹ ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਗੂੜ੍ਹਾ ਰੱਖਣ ਤੇ ਸੇਵਕਾਈ ਲਈ ਜੋਸ਼ ਬਰਕਰਾਰ ਰੱਖਣ ਲਈ ਕਾਫ਼ੀ ਨਹੀਂ ਹੈ। ਸਾਨੂੰ ਸੱਚਾਈ ਦੀ ਹੋਰ ਸਮਝ ਹਾਸਲ ਕਰਦੇ ਰਹਿਣਾ ਚਾਹੀਦਾ ਤੇ ਯਹੋਵਾਹ ਲਈ ਆਪਣੇ ਪਿਆਰ ਨੂੰ ਗਹਿਰਾ ਕਰਦੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਹੌਲੀ-ਹੌਲੀ ਬਸ ਨਾਂ ਦੀ ਖ਼ਾਤਰ ਹੀ ਭਗਤੀ ਕਰਨ ਲੱਗ ਪਵਾਂਗੇ। (ਪਰ. 2:4) ਪਰਮੇਸ਼ੁਰ ਦਾ ਬਚਨ ਸਾਨੂੰ ‘ਪਰਮੇਸ਼ੁਰ ਦੇ ਗਿਆਨ ਪ੍ਰਾਪਤੀ ਵਿਚ ਹੋਰ ਅਧਿਕ ਤੋਂ ਅਧਿਕ ਅੱਗੇ ਵੱਧਦੇ ਜਾਣ’ ਦੀ ਹੱਲਾਸ਼ੇਰੀ ਦਿੰਦਾ ਹੈ।—ਕੁਲੁ. 1:9, 10, ਪਵਿੱਤਰ ਬਾਈਬਲ ਨਵਾਂ ਅਨੁਵਾਦ।
4 ਅਧਿਐਨ ਕਰਨ ਦੀਆਂ ਆਦਤਾਂ: ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਅਧਿਐਨ ਕਰਨ ਦੀਆਂ ਆਦਤਾਂ ਦੀ ਜਾਂਚ ਕਰਨੀ ਚੰਗੀ ਹੋਵੇਗੀ। ਮਿਸਾਲ ਲਈ, ਅਸੀਂ ਸ਼ਾਇਦ ਪਹਿਰਾਬੁਰਜ ਅਧਿਐਨ ਲੇਖ ਵਿਚ ਜਵਾਬਾਂ ਦੇ ਥੱਲੇ ਲਕੀਰ ਲਾਉਂਦੇ ਹਾਂ ਤੇ ਸਹੀ ਟਿੱਪਣੀਆਂ ਦਿੰਦੇ ਹਾਂ। ਪਰ ਕੀ ਅਸੀਂ ਦਿੱਤੇ ਗਏ ਹਵਾਲੇ ਪੜ੍ਹਦੇ ਹਾਂ ਅਤੇ ਜਾਣਕਾਰੀ ਤੇ ਸੋਚ-ਵਿਚਾਰ ਕਰਦੇ ਹਾਂ ਕਿ ਇਹ ਸਾਡੇ ਤੇ ਕਿਵੇਂ ਲਾਗੂ ਹੁੰਦੀ ਹੈ? ਜੇ ਸਾਡੇ ਕੋਲ ਸਮਾਂ ਹੈ, ਤਾਂ ਕੀ ਅਸੀਂ ਹਫ਼ਤਾਵਾਰ ਬਾਈਬਲ ਪਠਨ ਦੇ ਅਧਿਆਵਾਂ ਬਾਰੇ ਹੋਰ ਰਿਸਰਚ ਕਰਦੇ ਹਾਂ ਅਤੇ ਉਨ੍ਹਾਂ ਅਧਿਆਵਾਂ ਤੋਂ ਕੁਝ ਸਿੱਖਣ ਲਈ ਮਨਨ ਕਰਦੇ ਹਾਂ? (ਜ਼ਬੂ. 77:11, 12; ਕਹਾ. 2:1-5) ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ! (1 ਤਿਮੋ. 4:15, 16) ਇਸ ਤਰ੍ਹਾਂ ਗੰਭੀਰਤਾ ਨਾਲ ਅਧਿਐਨ ਕਰ ਕੇ ਅਸੀਂ ਮਜ਼ਬੂਤ ਹੋਵਾਂਗੇ ਅਤੇ ‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵਾਂਗੇ।’—ਤੀਤੁ. 2:14.