ਯਹੋਵਾਹ ਦੀ ਸ਼ਕਤੀ ਨਾਲ ਸਰਗਰਮ ਰਹੋ
1. ਸਾਡੀ ਪ੍ਰਚਾਰ ਸੇਵਾ ਵਿਚ ਕਿਸ ਤਰ੍ਹਾਂ ਦਾ ਜੋਸ਼ ਹੋਣਾ ਚਾਹੀਦਾ ਹੈ?
1 ਸਾਨੂੰ ਆਪਣੀ ਸੇਵਾ ਵਿਚ ਕਦੇ ਵੀ ਢਿੱਲ-ਮੱਠ ਨਹੀਂ ਕਰਨੀ ਚਾਹੀਦੀ। ਸਗੋਂ ਸਾਨੂੰ ਯਹੋਵਾਹ ਦੀ ਸ਼ਕਤੀ ਨਾਲ ‘ਸਰਗਰਮ ਰਹਿਣ’ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। (ਰੋਮੀ. 12:11) ਪਰ ਕਈਆਂ ਗੱਲਾਂ ਕਰਕੇ ਸਾਡੀ ਸੇਵਾ ਮੱਠੀ ਪੈ ਸਕਦੀ ਹੈ। ਸਾਡੇ ਵਿਚ ਯਹੋਵਾਹ ਦੀ ਸੇਵਾ ਲਈ ਗਰਮਜੋਸ਼ੀ ਅੱਗ ਦੀ ਤਰ੍ਹਾਂ ਕਿੱਦਾਂ ਭਖਦੀ ਰਹਿ ਸਕਦੀ ਹੈ?—2 ਤਿਮੋ. 1:6, 7.
2. ਬਾਈਬਲ ਸਟੱਡੀ ਅਤੇ ਜੋਸ਼ੀਲੀ ਸੇਵਕਾਈ ਵਿਚ ਕੀ ਸੰਬੰਧ ਹੈ?
2 ਬਾਈਬਲ ਸਟੱਡੀ ਕਰੋ: ਇਕ ਅਸਰਕਾਰੀ ਪਬਲੀਸ਼ਰ ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਰੱਖਦਾ ਹੈ ਤੇ ਉਸ ਵਿਚ ਪਾਈਆਂ ਜਾਂਦੀਆਂ ਸੱਚਾਈਆਂ ਨੂੰ ਅਣਮੋਲ ਸਮਝਦਾ ਹੈ। (ਜ਼ਬੂ. 119:97) ਸਟੱਡੀ ਕਰਦਿਆਂ ਜਦੋਂ ਸਾਨੂੰ ਬਾਈਬਲ ਵਿਚ ਖ਼ਜ਼ਾਨੇ ਲੱਭਦੇ ਹਨ, ਤਾਂ ਸਾਡੇ ਦਿਲਾਂ ਵਿਚ ਜੋਸ਼ ਪੈਦਾ ਹੁੰਦਾ ਹੈ ਤੇ ਅਸੀਂ ਰੱਬ ਦੀ ਹੋਰ ਸੇਵਾ ਕਰਨੀ ਚਾਹੁੰਦੇ ਹਾਂ। ਅਜਿਹੀਆਂ ਸੱਚਾਈਆਂ ਦੇਣ ਵਾਲੇ ਲਈ ਸਾਡਾ ਪ੍ਰੇਮ ਅਤੇ ਦੂਸਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦੀ ਸਾਡੀ ਇੱਛਾ ਪਰਮੇਸ਼ੁਰ ਦਾ ਨਾਂ ਉੱਚਾ ਕਰਨ ਲਈ ਸਾਨੂੰ ਪ੍ਰੇਰਦੀਆਂ ਹਨ। (ਇਬ. 13:15) ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸੱਚਾਈ ਕਿੰਨੀ ਪਿਆਰੀ ਹੈ।
3. ਸਾਡੇ ਪ੍ਰਚਾਰ ʼਤੇ ਪਰਮੇਸ਼ੁਰ ਦੀ ਸ਼ਕਤੀ ਦਾ ਕੀ ਅਸਰ ਪੈ ਸਕਦਾ ਹੈ?
3 ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰੋ: ਅਸੀਂ ਪ੍ਰਚਾਰ ਦਾ ਕੰਮ ਆਪਣੀ ਹੀ ਤਾਕਤ ਨਾਲ ਨਹੀਂ ਕਰ ਸਕਦੇ। ਪਰਮੇਸ਼ੁਰ ਦੀ ਸ਼ਕਤੀ ਸਾਡੇ ਵਿਚ ਜੋਸ਼ ਪੈਦਾ ਕਰਦੀ ਹੈ। (1 ਪਤ. 4:11) “ਵੱਡੀ ਸ਼ਕਤੀ” ਦੇ ਦਾਤੇ ਦੇ ਸਹਾਰੇ ਨਾਲ ਸਾਨੂੰ ਡੱਟ ਕੇ ਗਵਾਹੀ ਦੇਣ ਦੀ ਹਿੰਮਤ ਮਿਲਦੀ ਹੈ। (ਯਸਾ. 40:26, 29-31) ਪੌਲੁਸ ਰਸੂਲ “ਪਰਮੇਸ਼ੁਰ ਦੀ ਮੱਦਤ ਪਾ ਕੇ” ਹੀ ਆਪਣੀ ਸੇਵਕਾਈ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰ ਪਾਇਆ। (ਰਸੂ. 26:21, 22) ਯਹੋਵਾਹ ਦੀ ਸ਼ਕਤੀ ਸਾਨੂੰ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਬਣਾ ਸਕਦੀ ਹੈ ਜਿਸ ਕਰਕੇ ਸਾਨੂੰ ਇਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਲੂਕਾ 11:9-13.
4. ਜੋਸ਼ ਦਿਖਾਉਣ ਦੇ ਕੀ ਨਤੀਜੇ ਨਿਕਲਦੇ ਹਨ, ਪਰ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
4 ਜਦ ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ, ਤਾਂ ਸਾਡੇ ਵੱਲ ਦੇਖ ਕੇ ਭੈਣਾਂ-ਭਰਾਵਾਂ ਦਾ ਜੋਸ਼ ਵੀ ਵਧ ਸਕਦਾ ਹੈ। (2 ਕੁਰਿੰ. 9:2) ਜੇ ਅਸੀਂ ਜੋਸ਼ ਤੇ ਯਕੀਨ ਨਾਲ ਆਪਣਾ ਸੰਦੇਸ਼ ਪੇਸ਼ ਕਰਾਂਗੇ, ਤਾਂ ਲੋਕ ਜ਼ਿਆਦਾ ਧਿਆਨ ਨਾਲ ਸੁਣਨਗੇ। ਪਰ ਜੋਸ਼ ਦਿਖਾਉਣ ਤੋਂ ਇਲਾਵਾ ਸਾਨੂੰ ਹਮੇਸ਼ਾ ਪਿਆਰ, ਸਮਝਦਾਰੀ ਤੇ ਨਰਮਾਈ ਨਾਲ ਪੇਸ਼ ਆਉਣ ਦੀ ਲੋੜ ਹੈ। (ਤੀਤੁ. 3:2) ਸਾਨੂੰ ਹੋਰਨਾਂ ਨਾਲ ਹਮੇਸ਼ਾ ਆਦਰ ਨਾਲ ਪੇਸ਼ ਆਉਣਾ ਚਾਹੀਦੀ ਹੈ ਅਤੇ ਇਹ ਵੀ ਯਾਦ ਰੱਖਣਾ ਚਾਹੀਦੀ ਹੈ ਕਿ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਦੂਸਰੇ ਆਪਣੇ ਵਿਚਾਰ ਰੱਖਣ ਦੇ ਹੱਕਦਾਰ ਹਨ।
5. ਸਾਨੂੰ ਪਰਮੇਸ਼ੁਰ ਦੀ ਕਿਹੜੀ ਸਲਾਹ ʼਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
5 ਰਾਜ ਦੇ ਪ੍ਰਚਾਰਕਾਂ ਵਜੋਂ ਸਾਨੂੰ ਯਹੋਵਾਹ ਦੀ ਸ਼ਕਤੀ ਨਾਲ ਹਮੇਸ਼ਾ ਸਰਗਰਮ ਰਹਿਣਾ ਚਾਹੀਦਾ ਹੈ। ਆਓ ਆਪਾਂ ਆਪਣੀ ਬਾਈਬਲ ਸਟੱਡੀ ਰਾਹੀਂ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਜੋਸ਼ ਪੈਦਾ ਕਰੀਏ ਜੋ ਸਾਨੂੰ ਆਪਣੀ ਵੱਡੀ ਸ਼ਕਤੀ ਦੇ ਸਕਦਾ ਹੈ। ਇਸ ਤਰ੍ਹਾਂ ‘ਪਰਮੇਸ਼ੁਰ ਦੀ ਸ਼ਕਤੀ ਅਤੇ ਪੂਰੇ ਯਕੀਨ ਨਾਲ’ ਅਸੀਂ ਆਪਣੀ ਸੇਵਕਾਈ ਜੋਸ਼ ਨਾਲ ਕਰ ਸਕਦੇ ਹਾਂ।—1 ਥੱਸ. 1:5.