ਸੇਵਕਾਈ ਲਈ ਆਪਣਾ ਜੋਸ਼ ਬਰਕਰਾਰ ਰੱਖੋ
1 ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਪੂਰੇ ਜੋਸ਼ ਨਾਲ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਸੰਨ 1992 ਤੋਂ ਉਹ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਇਸ ਕੰਮ ਵਿਚ ਲਗਾ ਰਹੇ ਹਨ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਕੰਮ ਵਿਚ ਸਾਡਾ ਵੀ ਯੋਗਦਾਨ ਹੈ!—ਮੱਤੀ 28:19, 20.
2 ਅਸੀਂ “ਭੈੜੇ ਸਮੇਂ” ਵਿਚ ਰਹਿ ਰਹੇ ਹਾਂ ਜਿਸ ਕਰਕੇ ਪ੍ਰਚਾਰ ਦਾ ਕੰਮ ਕਰਨਾ ਸੌਖਾ ਨਹੀਂ ਹੈ। (2 ਤਿਮੋ. 3:1) ਪਰ ਅਸੀਂ ਯਹੋਵਾਹ ਦਾ ਧੰਨਵਾਦ ਅਤੇ ਮਹਿਮਾ ਕਰਦੇ ਹਾਂ ਜਿਸ ਨੇ ਸਾਨੂੰ ਇਹ ਜ਼ਰੂਰੀ ਕੰਮ ਕਰਨ ਦੀ ਤਾਕਤ ਤੇ ਹਿੰਮਤ ਦਿੱਤੀ। ਫਿਰ ਵੀ ਪੂਰੇ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਲਈ ਸਾਨੂੰ ਆਪਣੇ ਵੱਲੋਂ ਕੀ ਕਰਨਾ ਪਵੇਗਾ?
3 ਜੋਸ਼ੀਲੇ ਹੋਣ ਦਾ ਰਾਜ਼: ਅਸੀਂ ਪਰਮੇਸ਼ੁਰ ਅਤੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਤੋਂ ਇਲਾਵਾ, ਅਸੀਂ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕੀਤਾ ਹੈ। ਇਹ ਦੋਵੇਂ ਗੱਲਾਂ ਸਾਨੂੰ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ। (ਮੱਤੀ 22:37-39; 1 ਯੂਹੰ. 5:3) ਇਹ ਪਿਆਰ ਹੀ ਸਾਨੂੰ ਪ੍ਰਚਾਰ ਦੇ ਕੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਲਈ ਪ੍ਰੇਰਦਾ ਹੈ, ਭਾਵੇਂ ਇਸ ਲਈ ਸਾਨੂੰ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ।—ਲੂਕਾ 9:23.
4 ਜੋਸ਼ ਬਰਕਰਾਰ ਰੱਖੋ: ਸਾਡਾ ਵੈਰੀ ਸ਼ਤਾਨ ਸਾਨੂੰ ਨਿਰਾਸ਼ ਕਰਨ ਲਈ ਕਈ ਗੱਲਾਂ ਦਾ ਸਹਾਰਾ ਲੈਂਦਾ ਹੈ, ਜਿਵੇਂ ਕਿ ਸਾਡੇ ਸੰਦੇਸ਼ ਪ੍ਰਤੀ ਲੋਕਾਂ ਦੀ ਬੇਪਰਵਾਹੀ, ਦੁਨੀਆਂ ਦੀ ਚਮਕ-ਦਮਕ, ਰੋਜ਼ਮੱਰਾ ਜ਼ਿੰਦਗੀ ਦੀਆਂ ਸਮੱਸਿਆਵਾਂ, ਖ਼ਰਾਬ ਸਿਹਤ ਆਦਿ।
5 ਸੋ ਸਾਨੂੰ ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਇਹ ਜ਼ਰੂਰੀ ਹੈ ਕਿ ਅਸੀਂ “ਆਪਣਾ ਪਹਿਲਾ ਪ੍ਰੇਮ” ਛੱਡ ਨਾ ਦੇਈਏ। ਇਸ ਪ੍ਰੇਮ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਪਰਮੇਸ਼ੁਰ ਦਾ ਬਚਨ ਪੜ੍ਹਨਾ ਤੇ ਇਸ ਉੱਤੇ ਸੋਚ-ਵਿਚਾਰ ਕਰਨਾ ਜ਼ਰੂਰੀ ਹੈ। ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਕੀਤੇ ਹਰ ਇੰਤਜ਼ਾਮ ਤੋਂ ਵੀ ਪੂਰਾ ਲਾਭ ਲੈਣਾ ਚਾਹੀਦਾ ਹੈ।—ਪਰ. 2:4; ਮੱਤੀ 24:45; ਜ਼ਬੂ. 119:97.
6 ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਦਿਨ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਜਦੋਂ ਸਾਰੇ ਬੁਰੇ ਲੋਕ ਨਾਸ਼ ਕੀਤੇ ਜਾਣਗੇ। (2 ਪਤ. 2:3; 3:10) ਸੋ ਆਓ ਆਪਾਂ ਹੁਣ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਈਏ ਅਤੇ ਆਪਣੇ ਜੋਸ਼ ਨੂੰ ਕਦੇ ਵੀ ਠੰਢਾ ਨਾ ਪੈਣ ਦੇਈਏ!