ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਅਤੇ ਯਿਸੂ ਵਰਗਾ ਜੋਸ਼ ਦਿਖਾਓਗੇ?
1. ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਦੇ ਗਵਾਹ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ?
1 ਯਹੋਵਾਹ ਜੋਸ਼ ਨਾਲ ਆਪਣਾ ਮਕਸਦ ਪੂਰਾ ਕਰਦਾ ਹੈ। ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਕੁਝ ਬਰਕਤਾਂ ਦਾ ਜ਼ਿਕਰ ਕਰਦੇ ਹੋਏ ਯਸਾਯਾਹ 9:7 ਦੱਸਦਾ ਹੈ: “ਸੈਨਾਂ ਦੇ ਯਹੋਵਾਹ ਦੀ ਅਣਖ [ਜੋਸ਼] ਏਹ ਕਰੇਗੀ।” ਇਸੇ ਤਰ੍ਹਾਂ ਧਰਤੀ ਉੱਤੇ ਪ੍ਰਚਾਰ ਕਰਦਿਆਂ ਪਰਮੇਸ਼ੁਰ ਦੇ ਪੁੱਤਰ ਨੇ ਸੱਚੀ ਭਗਤੀ ਲਈ ਬਹੁਤ ਜੋਸ਼ ਦਿਖਾਇਆ। (ਯੂਹੰ. 2:13-17; 4:34) ਹਰ ਸਾਲ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਦੁਨੀਆਂ ਭਰ ਵਿਚ ਲੱਖਾਂ ਹੀ ਪਬਲੀਸ਼ਰ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਯਹੋਵਾਹ ਤੇ ਯਿਸੂ ਵਰਗਾ ਜੋਸ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਕੀ ਤੁਸੀਂ ਵੀ ਇੱਦਾਂ ਕਰੋਗੇ?
2. ਜੋਸ਼ ਹੋਣ ਕਰਕੇ ਅਸੀਂ 7 ਮਾਰਚ ਤੋਂ ਕੀ ਕਰਾਂਗੇ?
2 ਮੈਮੋਰੀਅਲ ਦੀ ਮੁਹਿੰਮ: ਇਸ ਸਾਲ ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 7 ਮਾਰਚ ਤੋਂ ਸ਼ੁਰੂ ਹੋਵੇਗੀ। ਹੁਣ ਤੋਂ ਹੀ ਜੋਸ਼ ਨਾਲ ਪ੍ਰਚਾਰ ਕਰਨ ਦਾ ਪਲੈਨ ਬਣਾਓ। ਜੋਸ਼ ਹੋਣ ਕਰਕੇ ਮੰਡਲੀਆਂ ਦੇ ਭੈਣ-ਭਰਾ ਆਪਣੇ ਇਲਾਕੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ-ਪੱਤਰ ਵੰਡਣਗੇ। ਆਪਣੀਆਂ ਬਾਈਬਲ ਸਟੱਡੀਆਂ, ਰਿਟਰਨ ਵਿਜ਼ਿਟਾਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਰਿਸ਼ਤੇਦਾਰਾਂ ਅਤੇ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ ਸੱਦਾ-ਪੱਤਰ ਦੇ ਕੇ ਜਾਂ jw.org ਵਰਤ ਕੇ ਮੈਮੋਰੀਅਲ ʼਤੇ ਬੁਲਾਉਣ ਦਾ ਪੂਰਾ ਜਤਨ ਕਰੋ।
3. ਮਾਰਚ ਤੇ ਅਪ੍ਰੈਲ ਦੌਰਾਨ ਅਸੀਂ ਵਧ-ਚੜ੍ਹ ਕੇ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
3 ਔਗਜ਼ੀਲਰੀ ਪਾਇਨੀਅਰਿੰਗ: ਜੋਸ਼ ਸਾਨੂੰ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਪ੍ਰੇਰੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਭੈਣ-ਭਰਾ ਮਾਰਚ-ਅਪ੍ਰੈਲ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਣਗੇ ਕਿਉਂਕਿ ਉਨ੍ਹਾਂ ਮਹੀਨਿਆਂ ਦੌਰਾਨ ਸਾਡੇ ਕੋਲ 30 ਘੰਟੇ ਪ੍ਰਚਾਰ ਕਰਨ ਦਾ ਮੌਕਾ ਹੋਵੇਗਾ। ਆਪਣੇ ਪਰਿਵਾਰ ਨਾਲ ਜਾਂ ਇਕੱਲੇ ਸਟੱਡੀ ਕਰਦੇ ਸਮੇਂ ਪ੍ਰਾਰਥਨਾ ਕਰੋ ਅਤੇ ਸੋਚੋ ਕਿ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ ਜਾਂ ਨਹੀਂ। (ਕਹਾ. 15:22) ਇਸ ਮੁਹਿੰਮ ਲਈ ਤੁਹਾਡਾ ਜੋਸ਼ ਦੇਖ ਕੇ ਹੋਰਨਾਂ ਨੂੰ ਵੀ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲੇਗੀ। ਜੇ ਤੁਸੀਂ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਆਪਣੇ ਕੰਮਾਂ ਵਿਚ ਫੇਰ-ਬਦਲ ਕਰੋਗੇ, ਤਾਂ ਤੁਸੀਂ ਯਿਸੂ ਵਰਗਾ ਜੋਸ਼ ਦਿਖਾ ਰਹੇ ਹੋਵੋਗੇ।—ਮਰ. 6:31-34.
4. ਯਹੋਵਾਹ ਅਤੇ ਯਿਸੂ ਵਰਗਾ ਜੋਸ਼ ਦਿਖਾਉਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
4 ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਤੇ ਯਿਸੂ ਵਰਗਾ ਜੋਸ਼ ਦਿਖਾਉਣ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਸਾਡੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗਵਾਹੀ ਦਿੱਤੀ ਜਾਵੇਗੀ। ਸਾਨੂੰ ਉਹ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ ਜੋ ਯਹੋਵਾਹ ਦੀ ਸੇਵਾ ਕਰ ਕੇ ਅਤੇ ਦੂਜਿਆਂ ਨੂੰ ਦੇਣ ਨਾਲ ਹੀ ਮਿਲਦੀ ਹੈ। (ਰਸੂ. 20:35) ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਜੋਸ਼ੀਲੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੂੰ ਖ਼ੁਸ਼ ਕਰਾਂਗੇ।