ਪ੍ਰਚਾਰ ਵਿਚ ਜ਼ਿਆਦਾ ਕਰਨ ਲਈ ਹੁਣ ਤੋਂ ਤਿਆਰੀ ਕਰੋ
1. ਮੈਮੋਰੀਅਲ ਦੇ ਸਮੇਂ ਸਾਨੂੰ ਕਿਹੜੇ ਮੌਕੇ ਮਿਲਦੇ ਹਨ ਅਤੇ ਅਸੀਂ ਉਨ੍ਹਾਂ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?
1 ਹਰ ਸਾਲ ਮੈਮੋਰੀਅਲ ਵੇਲੇ ਸਾਨੂੰ ‘ਯਹੋਵਾਹ ਦਾ ਬਹੁਤ ਧੰਨਵਾਦ ਕਰਨ’ ਦੇ ਮੌਕੇ ਮਿਲਦੇ ਹਨ। (ਜ਼ਬੂ. 109:30) ਕੀ ਤੁਸੀਂ ਮਾਰਚ ਵਿਚ ਜ਼ਿਆਦਾ ਪ੍ਰਚਾਰ ਕਰ ਕੇ ਪਰਮੇਸ਼ੁਰ ਦਾ ਧੰਨਵਾਦ ਕਰੋਗੇ ਜਿਸ ਨੇ ਯਿਸੂ ਦੀ ਕੁਰਬਾਨੀ ਦਾ ਪ੍ਰਬੰਧ ਕੀਤਾ? ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾਉਣ ਬਾਰੇ ਹੁਣ ਸੋਚਣ ਦਾ ਸਮਾਂ ਹੈ।—ਕਹਾ. 21:5.
2. ਘੱਟ ਘੰਟਿਆਂ ਵਾਲੀ ਔਗਜ਼ੀਲਰੀ ਪਾਇਨੀਅਰਿੰਗ ਤੁਹਾਨੂੰ ਕਿਵੇਂ ਲੱਗੀ ਅਤੇ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੇ ਕਿਵੇਂ ਜੋਸ਼ ਦਿਖਾਇਆ?
2 ਔਗਜ਼ੀਲਰੀ ਪਾਇਨੀਅਰਿੰਗ: ਪਿੱਛਲੇ ਸਾਲ ਭੈਣਾਂ-ਭਰਾਵਾਂ ਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪ੍ਰਚਾਰ ਵਿਚ ਘੱਟ ਘੰਟੇ ਬਿਤਾ ਕੇ ਵੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਸਨ। ਇਕ ਭਰਾ ਨੇ ਲਿਖਿਆ: “ਮੈਂ ਅਜੇ ਹਾਈ ਸਕੂਲ ਵਿਚ ਹਾਂ ਅਤੇ ਇਸ ਲਈ ਮੈਂ ਰੈਗੂਲਰ ਪਾਇਨੀਅਰਿੰਗ ਨਹੀਂ ਕਰ ਸਕਦਾ। ਪਰ ਹੁਣ ਮੈਂ ਅਪ੍ਰੈਲ ਵਿਚ 30 ਘੰਟਿਆਂ ਵਾਲੀ ਪਾਇਨੀਅਰਿੰਗ ਕਰਾਂਗਾ। ਅਸਲ ਵਿਚ ਮੈਂ 50 ਘੰਟੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ!” ਫੁੱਲ-ਟਾਈਮ ਕੰਮ ਕਰਨ ਵਾਲੀ ਇਕ ਭੈਣ ਨੇ ਲਿਖਿਆ: “ਤੀਹ ਘੰਟੇ ਤਾਂ ਮੈਂ ਵੀ ਕਰ ਸਕਦੀ ਹਾਂ!” ਜਦੋਂ ਇਸ ਪ੍ਰਬੰਧ ਬਾਰੇ ਦੱਸਿਆ ਗਿਆ, ਤਾਂ 80 ਸਾਲਾਂ ਤੋਂ ਜ਼ਿਆਦਾ ਉਮਰ ਦੀ ਇਕ ਭੈਣ ਜੋ ਪਹਿਲਾਂ ਪਾਇਨੀਅਰਿੰਗ ਕਰਦੀ ਹੁੰਦੀ ਸੀ ਨੇ ਕਿਹਾ: “ਮੈਨੂੰ ਇਸੇ ਦਿਨ ਦੀ ਉਡੀਕ ਸੀ! ਯਹੋਵਾਹ ਜਾਣਦਾ ਹੈ ਕਿ ਜਦੋਂ ਮੈਂ ਪਾਇਨੀਅਰਿੰਗ ਕਰਦੀ ਸੀ ਉਦੋਂ ਮੈਂ ਬਹੁਤ ਖ਼ੁਸ਼ ਸੀ।” ਜਿਹੜੇ ਭੈਣ-ਭਰਾ ਔਗਜ਼ੀਲਰੀ ਪਾਇਨੀਅਰਿੰਗ ਨਹੀਂ ਕਰ ਸਕੇ ਉਨ੍ਹਾਂ ਨੇ ਵੀ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਦਾ ਟੀਚਾ ਰੱਖਿਆ।
3. ਮਾਰਚ, ਅਪ੍ਰੈਲ ਅਤੇ ਮਈ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੇ ਕੀ ਕਾਰਨ ਹਨ?
3 ਮਾਰਚ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਸਾਨੂੰ ਵਧੀਆ ਮੌਕਾ ਮਿਲੇਗਾ ਕਿਉਂਕਿ ਉਸ ਮਹੀਨੇ ਅਸੀਂ ਚੋਣ ਕਰ ਸਕਾਂਗੇ ਕਿ ਅਸੀਂ 30 ਜਾਂ 50 ਘੰਟੇ ਕਰਨੇ ਹਨ। ਇਸ ਤੋਂ ਇਲਾਵਾ, 17 ਮਾਰਚ ਸ਼ਨੀਵਾਰ ਤੋਂ ਸ਼ੁਰੂ ਹੁੰਦਿਆਂ ਅਸੀਂ ਇਕ ਖ਼ਾਸ ਮੁਹਿੰਮ ਵਿਚ ਹਿੱਸਾ ਲਵਾਂਗੇ ਜਿਸ ਵਿਚ ਅਸੀਂ ਲੋਕਾਂ ਨੂੰ 5 ਅਪ੍ਰੈਲ ਨੂੰ ਆਪਣੇ ਨਾਲ ਮੈਮੋਰੀਅਲ ਮਨਾਉਣ ਲਈ ਸੱਦਾ ਦੇਵਾਂਗੇ। ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਕਰਕੇ ਬਹੁਤਿਆਂ ਨੂੰ ਖ਼ੁਸ਼ੀ ਹੋਵੇਗੀ ਜਿਸ ਕਰਕੇ ਉਹ ਅਪ੍ਰੈਲ ਅਤੇ ਮਈ ਵਿਚ ਵੀ 50 ਘੰਟਿਆਂ ਦੀ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਚਾਹੁਣਗੇ।
4. ਅਸੀਂ ਪ੍ਰਚਾਰ ਵਿਚ ਆਪਣਾ ਜ਼ਿਆਦਾ ਸਮਾਂ ਕਿਵੇਂ ਬਿਤਾ ਸਕਦੇ ਹਾਂ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ?
4 ਆਪਣੀ ਅਗਲੀ ਪਰਿਵਾਰਕ ਸਟੱਡੀ ਵਿਚ ਗੱਲਬਾਤ ਕਰੋ ਕਿ ਮੈਮੋਰੀਅਲ ਦੇ ਮਹੀਨਿਆਂ ਵਿਚ ਪਰਿਵਾਰ ਦਾ ਹਰ ਮੈਂਬਰ ਪ੍ਰਚਾਰ ਵਿਚ ਜ਼ਿਆਦਾ ਸਮਾਂ ਕਿਵੇਂ ਬਿਤਾ ਸਕਦਾ ਹੈ। (ਕਹਾ. 15:22) ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਤੁਹਾਡੇ ਜਤਨਾਂ ʼਤੇ ਬਰਕਤ ਪਾਵੇ। (1 ਯੂਹੰ. 3:22) ਤੁਸੀਂ ਪ੍ਰਚਾਰ ਵਿਚ ਜਿੰਨਾ ਜ਼ਿਆਦਾ ਹਿੱਸਾ ਲਾਓਗੇ ਉੱਨਾ ਹੀ ਤੁਸੀਂ ਯਹੋਵਾਹ ਦੀ ਵਡਿਆਈ ਕਰੋਗੇ ਅਤੇ ਨਾਲ ਹੀ ਤੁਹਾਡੀ ਖ਼ੁਸ਼ੀ ਵੀ ਵਧੇਗੀ।—2 ਕੁਰਿੰ. 9:6.