ਕੀ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰੋਗੇ?
1. ਮੈਮੋਰੀਅਲ ਵੇਲੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣ ਦਾ ਵਧੀਆ ਮੌਕਾ ਕਿਉਂ ਹੈ?
1 ਹਰ ਸਾਲ ਮੈਮੋਰੀਅਲ ਵੇਲੇ ਸਾਨੂੰ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣ ਦਾ ਵਧੀਆ ਮੌਕਾ ਮਿਲਦਾ ਹੈ। ਇਸ ਸਮੇਂ ਦੌਰਾਨ ਅਸੀਂ ਇਸ ਗੱਲ ʼਤੇ ਗੌਰ ਕਰਦੇ ਹਾਂ ਕਿ ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਡੇ ਨਾਲ ਕਿੰਨਾ ਪਿਆਰ ਕੀਤਾ ਹੈ। (ਯੂਹੰ. 3:16) ਇਸ ਪਿਆਰ ਲਈ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਯਹੋਵਾਹ ਬਾਰੇ ਤੇ ਜੋ ਉਹ ਇਨਸਾਨਾਂ ਲਈ ਕਰ ਰਿਹਾ ਹੈ ਉਸ ਬਾਰੇ ਹੋਰਨਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ। (ਯਸਾ. 12:4, 5; ਲੂਕਾ 6:45) ਇਸ ਸਮੇਂ ਦੌਰਾਨ ਸਾਨੂੰ ਦੋਸਤ-ਮਿੱਤਰਾਂ ਤੇ ਲੋਕਾਂ ਨੂੰ ਮੈਮੋਰੀਅਲ ਤੇ ਸੱਦਣ ਲਈ ਇਕ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਦਾ ਵੀ ਮੌਕਾ ਮਿਲਦਾ ਹੈ। ਬਾਅਦ ਵਿਚ ਅਸੀਂ ਮੈਮੋਰੀਅਲ ਤੇ ਹਾਜ਼ਰ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਉਨ੍ਹਾਂ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰਦੇ ਹਾਂ। ਤਾਂ ਫਿਰ, ਕੀ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਮਾਰਚ, ਅਪ੍ਰੈਲ ਜਾਂ ਮਈ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰੋਗੇ?
2. ਮਾਰਚ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਵਧੀਆ ਮੌਕਾ ਕਿਉਂ ਹੈ?
2 ਮਾਰਚ ਨੂੰ ਇਕ ਖ਼ਾਸ ਮਹੀਨਾ ਬਣਾਓ: ਮਾਰਚ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਸਾਨੂੰ ਖ਼ਾਸ ਮੌਕਾ ਮਿਲੇਗਾ। ਮਾਰਚ ਵਿਚ ਪੰਜ ਪੂਰੇ ਸ਼ਨੀ-ਐਤਵਾਰ ਹਨ। ਉਸ ਮਹੀਨੇ ਅਸੀਂ 30 ਜਾਂ 50 ਘੰਟਿਆਂ ਲਈ ਪਾਇਨੀਅਰਿੰਗ ਕਰ ਸਕਦੇ ਹਾਂ। ਜੇ ਮਾਰਚ ਦੇ ਮਹੀਨੇ ਤੁਹਾਡਾ ਸਰਕਟ ਓਵਰਸੀਅਰ ਆ ਰਿਹਾ ਹੈ, ਤਾਂ ਔਗਜ਼ੀਲਰੀ ਪਾਇਨੀਅਰਾਂ ਨੂੰ ਰੈਗੂਲਰ ਤੇ ਸਪੈਸ਼ਲ ਪਾਇਨੀਅਰਾਂ ਨਾਲ ਸਰਕਟ ਓਵਰਸੀਅਰ ਦੀ ਪੂਰੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਜਾਵੇਗਾ। ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਸਮੇਂ ਲਈ ਚੱਲੇਗੀ। ਇਹ ਮੁਹਿੰਮ 1 ਮਾਰਚ ਨੂੰ ਸ਼ੁਰੂ ਹੋਵੇਗੀ ਅਤੇ ਇਸ ਸਾਲ ਮੈਮੋਰੀਅਲ ਮੰਗਲਵਾਰ 26 ਮਾਰਚ ਨੂੰ ਮਨਾਇਆ ਜਾਵੇਗਾ। ਤਾਂ ਫਿਰ, ਕਿਉਂ ਨਾ ਅਸੀਂ ਮਾਰਚ ਨੂੰ ਇਕ ਖ਼ਾਸ ਮਹੀਨਾ ਬਣਾਉਣ ਬਾਰੇ ਧਿਆਨ ਨਾਲ ਸੋਚੀਏ?
3. ਅਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਕੀ ਕਰ ਸਕਦੇ ਹਾਂ?
3 ਹੁਣ ਤੋਂ ਤਿਆਰੀ ਕਰੋ: ਇਸ ਬਾਰੇ ਹੁਣ ਸੋਚਣ ਦਾ ਸਮਾਂ ਹੈ ਕਿ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਪਾਇਨੀਅਰਿੰਗ ਕਿਵੇਂ ਕਰ ਸਕਦੇ ਹੋ। ਪਰਿਵਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਲਈ ਆਪਣੀ ਅਗਲੀ ਪਰਿਵਾਰਕ ਸਟੱਡੀ ਵਿਚ ਗੱਲਬਾਤ ਕਰੋ ਕਿ ਤੁਹਾਡੇ ਪਰਿਵਾਰ ਦੇ ਟੀਚੇ ਕੀ ਹਨ ਅਤੇ ਇਕ ਸ਼ਡਿਉਲ ਬਣਾਓ। (ਕਹਾ. 15:22) ਜੇ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਨਹੀਂ ਕਰ ਸਕਦੇ, ਤਾਂ ਨਿਰਾਸ਼ ਨਾ ਹੋਵੋ। ਸ਼ਾਇਦ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਜ਼ਿਆਦਾ ਘੰਟੇ ਪ੍ਰਚਾਰ ਕਰਨ ਦਾ ਟੀਚਾ ਰੱਖ ਸਕੋ। ਹੋ ਸਕਦਾ ਹੈ ਕਿ ਤੁਸੀਂ ਹਫ਼ਤੇ ਵਿਚ ਇਕ ਹੋਰ ਦਿਨ ਪ੍ਰਚਾਰ ਕਰ ਸਕੋ।
4. ਮਾਰਚ, ਅਪ੍ਰੈਲ ਤੇ ਮਈ ਨੂੰ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾ ਕੇ ਕੀ ਲਾਭ ਹੋ ਸਕਦੇ ਹਨ?
4 ਮਾਰਚ, ਅਪ੍ਰੈਲ ਤੇ ਮਈ ਨੂੰ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਾਨੂੰ ਯਹੋਵਾਹ ਦੀ ਸੇਵਾ ਤੇ ਹੋਰਨਾਂ ਦੀ ਮਦਦ ਕਰ ਕੇ ਬੇਹੱਦ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ। (ਯੂਹੰ. 4:34; ਰਸੂ. 20:35) ਇਸ ਤੋਂ ਵੀ ਵੱਧ, ਸਾਡੀਆਂ ਦਿਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇਖ ਕੇ ਯਹੋਵਾਹ ਬਹੁਤ ਖ਼ੁਸ਼ ਹੋਵੇਗਾ।—ਕਹਾ. 27:11.