ਨਿਹਚਾ ਦਾ ਸਬੂਤ!
1. ਯਿਸੂ ਨੇ ਕਿਹੜੀਆਂ ਚਿੰਤਾਜਨਕ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਸੀ?
1 ਚੇਲਿਆਂ ਨੇ ਬੜੇ ਧਿਆਨ ਨਾਲ ਯਿਸੂ ਦੀ ਗੱਲ ਸੁਣੀ ਜਦੋਂ ਉਸ ਨੇ ਬੁਰੀ ਦੁਨੀਆਂ ਦੇ ਅਖ਼ੀਰਲੇ ਦਿਨਾਂ ਦੀਆਂ ਕਈ ਨਿਸ਼ਾਨੀਆਂ ਦੱਸੀਆਂ। ਉਸ ਨੇ ਦੱਸਿਆ ਕਿ ਦੁਨੀਆਂ ਦਾ ਨਾਸ਼ ਹੋਣ ਤੋਂ ਪਹਿਲਾਂ ਸੰਸਾਰ ਭਰ ਵਿਚ ਲੜਾਈਆਂ ਹੋਣਗੀਆਂ, ਭੁੱਖਮਰੀਆਂ ਫੈਲਣਗੀਆਂ, ਭੁਚਾਲ ਆਉਣਗੇ ਤੇ ਮਰੀਆਂ ਫੈਲਣਗੀਆਂ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਵੇਗੀ, ਉਨ੍ਹਾਂ ਨੂੰ ਸਤਾਇਆ ਤੇ ਜਾਨੋਂ ਮਾਰਿਆ ਜਾਵੇਗਾ। ਝੂਠੇ ਨਬੀ ਲੋਕਾਂ ਨੂੰ ਭਰਮਾਉਣਗੇ। ਜ਼ਿਆਦਾਤਰ ਲੋਕਾਂ ਵਿਚ ਪਿਆਰ ਨਹੀਂ ਰਹੇਗਾ।
2. ਅੱਜ ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ?
2 ਇਸ ਤੋਂ ਬਾਅਦ ਚੇਲੇ ਯਿਸੂ ਦੀ ਇਹ ਗੱਲ ਸੁਣ ਕੇ ਹੈਰਾਨ ਹੋਏ ਹੋਣੇ ਕਿ ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। (ਮੱਤੀ 24:3-14) ਅੱਜ ਇਹ ਭਵਿੱਖਬਾਣੀ ਵੱਡੇ ਪੱਧਰ ਤੇ ਪੂਰੀ ਹੋ ਰਹੀ ਹੈ। ਭਾਵੇਂ ਅਸੀਂ ਖ਼ਤਰਨਾਕ ਸਮੇਂ ਵਿਚ ਰਹਿ ਰਹੇ ਹਾਂ, ਪਰ ਯਹੋਵਾਹ ਦੇ ਗਵਾਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਜਿੱਦਾਂ-ਜਿੱਦਾਂ ਲੋਕਾਂ ਵਿਚ ਪਿਆਰ ਖ਼ਤਮ ਹੁੰਦਾ ਜਾ ਰਿਹਾ, ਸਾਡਾ ਪਿਆਰ ਹੋਰ ਵਧ ਰਿਹਾ ਹੈ। ਚਾਹੇ “ਸਾਰੀਆਂ ਕੌਮਾਂ” ਸਾਨੂੰ ਨਫ਼ਰਤ ਕਰਦੀਆਂ ਹਨ, ਪਰ ਅਸੀਂ ਤਕਰੀਬਨ ਹਰ ਕੌਮ ਦੇ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਾਂ।
3. ਵਿਸ਼ਵ-ਵਿਆਪੀ ਰਿਪੋਰਟ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ?
3 ਸਫ਼ੇ 3 ਤੋਂ 6 ਉੱਤੇ ਦਿੱਤੇ ਚਾਰਟ ਦੀ ਮਦਦ ਨਾਲ ਪਿਛਲੇ ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਉੱਤੇ ਵਿਚਾਰ ਕਰ ਕੇ ਕਿੰਨਾ ਹੌਸਲਾ ਮਿਲਦਾ ਹੈ! ਪਿਛਲੇ 16 ਸਾਲਾਂ ਤੋਂ ਹਰ ਸਾਲ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਇਕ ਅਰਬ ਤੋਂ ਜ਼ਿਆਦਾ ਘੰਟੇ ਲਗਾਏ ਗਏ। ਨਿਹਚਾ ਦਾ ਇਹ ਕਿੰਨਾ ਵੱਡਾ ਸਬੂਤ ਹੈ! ਪਾਇਨੀਅਰਾਂ ਦੀ ਗਿਣਤੀ ਵਿਚ 5.8 ਪ੍ਰਤਿਸ਼ਤ, ਪਬਲੀਸ਼ਰਾਂ ਦੀ ਗਿਣਤੀ ਵਿਚ 3.1 ਪ੍ਰਤਿਸ਼ਤ ਅਤੇ ਬਾਈਬਲ ਸਟੱਡੀਆਂ ਵਿਚ 4.4 ਪ੍ਰਤਿਸ਼ਤ ਵਾਧਾ ਹੋਇਆ। ਪਿਛਲੇ ਸੇਵਾ ਸਾਲ ਨਾਲੋਂ ਬਪਤਿਸਮੇ ਦੀ ਗਿਣਤੀ ਵਿਚ ਵੀ 20.1 ਪ੍ਰਤਿਸ਼ਤ ਵਾਧਾ ਹੋਇਆ ਹੈ। ਕਿੰਨੀ ਖ਼ੁਸ਼ੀ ਹੁੰਦੀ ਹੈ ਇਹ ਦੇਖ ਕੇ ਕਿ ਲਗਭਗ 70 ਲੱਖ ਲੋਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ! ਇਤਿਹਾਸ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੈ। ਚਾਰਟ ਉੱਤੇ ਵਿਚਾਰ ਕਰ ਕੇ ਤੁਹਾਨੂੰ ਕਿਹੜੀ ਗੱਲ ਖ਼ਾਸ ਤੌਰ ਤੇ ਚੰਗੀ ਲੱਗੀ?
4. ਬਪਤਿਸਮਾ ਲੈਣ ਤੋਂ ਪਹਿਲਾਂ ਇਕ ਆਦਮੀ ਨੇ ਕਿਹੜੀਆਂ ਮਾੜੀਆਂ ਆਦਤਾਂ ਛੱਡੀਆਂ ਸਨ?
4 ਇਹ ਅੰਕੜੇ ਬਹੁਤ ਹੀ ਵਧੀਆ ਹਨ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ ਹੈ। ਇਕ ਉਦਾਹਰਣ ਤੇ ਗੌਰ ਕਰੋ। ਗੀਲਰਮੋ ਬੋਲੀਵੀਆ ਵਿਚ ਪਲਿਆ-ਵਧਿਆ ਸੀ। ਉਹ 1935 ਵਿਚ ਪੈਦਾ ਹੋਇਆ ਸੀ ਤੇ ਨੌਂ ਸਾਲ ਦੀ ਉਮਰ ਤੋਂ ਹੀ ਕੋਕਾ ਦੇ ਖੇਤਾਂ ਵਿਚ ਕੰਮ ਕਰਨ ਲੱਗ ਪਿਆ ਸੀ। ਲੱਕ-ਭੰਨਵੀਂ ਮਜ਼ਦੂਰੀ ਦੀ ਥਕਾਵਟ ਲਾਹੁਣ ਲਈ ਉਹ ਕੋਕਾ ਦੇ ਪੱਤੇ (ਕੋਕਾ ਦੇ ਪੱਤੇ ਕੋਕੀਨ ਨਾਂ ਦਾ ਨਸ਼ਾ ਬਣਾਉਣ ਲਈ ਵਰਤੇ ਜਾਂਦੇ ਹਨ) ਚੱਬਦਾ ਹੁੰਦਾ ਸੀ। ਬਾਅਦ ਵਿਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਤੇ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ, ਤਾਂ ਗੀਲਰਮੋ ਨੇ ਸਿਗਰਟਾਂ ਪੀਣੀਆਂ ਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਦਿੱਤੀ। ਪਰ ਉਸ ਦੇ ਲਈ ਕੋਕਾ ਦੇ ਪੱਤੇ ਛੱਡਣੇ ਬਹੁਤ ਔਖੇ ਸਨ। ਉਹ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ ਤੇ ਅਖ਼ੀਰ ਵਿਚ ਇਹ ਆਦਤ ਛੱਡ ਸਕਿਆ। ਮਾੜੀਆਂ ਆਦਤਾਂ ਛੱਡ ਕੇ ਉਸ ਨੇ ਬਪਤਿਸਮਾ ਲੈ ਲਿਆ। ਉਹ ਕਹਿੰਦਾ ਹੈ: “ਹੁਣ ਮੈਂ ਆਪਣੇ ਆਪ ਨੂੰ ਸਾਫ਼ ਤੇ ਖ਼ੁਸ਼ ਮਹਿਸੂਸ ਕਰਦਾ ਹਾਂ।”
5. ਤੁਹਾਡੀ ਇੱਛਾ ਕੀ ਹੈ?
5 ਯਹੋਵਾਹ ਦਿਲੋਂ ਲੋਕਾਂ ਨਾਲ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਸਾਰੇ ਜਣੇ ਤੋਬਾ ਕਰਨ। (2 ਪਤ. 3:9) ਸਾਡੀ ਵੀ ਇਹੋ ਇੱਛਾ ਹੈ। ਇਸ ਲਈ ਆਓ ਆਪਾਂ ਨੇਕਦਿਲ ਲੋਕਾਂ ਨੂੰ ਲੱਭਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ ਅਤੇ ਉਨ੍ਹਾਂ ਦੀ ਯਹੋਵਾਹ ਨੂੰ ਜਾਣਨ ਤੇ ਪਿਆਰ ਕਰਨ ਵਿਚ ਮਦਦ ਕਰੀਏ।