ਅਸੀਂ ਬੁੱਕ ਸਟੱਡੀ ਵਿਚ ਬਾਈਬਲ ਕਹਾਣੀਆਂ ਦੀ ਕਿਤਾਬ ਦਾ ਅਧਿਐਨ ਕਰਾਂਗੇ
1 ਪਰਮੇਸ਼ੁਰ ਦੇ ਬਚਨ ਬਾਈਬਲ ਨੇ ਸੰਸਾਰ ਭਰ ਵਿਚ ਲੱਖਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਲਿਆਂਦਾ ਹੈ। (ਇਬ. 4:12) ਜਦੋਂ ਅਸੀਂ ਬਾਈਬਲ ਦੀਆਂ ਕਹਾਣੀਆਂ ਪੜ੍ਹਦੇ ਤੇ ਉਨ੍ਹਾਂ ਉੱਤੇ ਵਿਚਾਰ ਕਰਦੇ ਹਾਂ, ਤਾਂ ਉਨ੍ਹਾਂ ਦਾ ਸਾਡੇ ਉੱਤੇ ਨਿੱਜੀ ਤੌਰ ਤੇ ਚੰਗਾ ਅਸਰ ਪੈਂਦਾ ਹੈ। ਵਾਕਈ, ਪਰਮੇਸ਼ੁਰ ਦਾ ਬਚਨ ਸਿਰਫ਼ ਮੁਰਦਾ ਇਤਿਹਾਸ ਹੀ ਨਹੀਂ ਹੈ, ਸਗੋਂ ਅਸੀਂ ਇਸ ਵਿਚ ਲਿਖੀਆਂ ਗੱਲਾਂ ਦੀ ਪੂਰਤੀ ਆਪਣੀਆਂ ਅੱਖਾਂ ਸਾਮ੍ਹਣੇ ਦੇਖ ਰਹੇ ਹਾਂ। ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਤਰ੍ਹਾਂ ਕਰਨ ਲਈ ਅਸੀਂ ਆਪਣੀ ਕਲੀਸਿਯਾ ਦੀ ਬੁੱਕ ਸਟੱਡੀ ਵਿਚ ਬਾਈਬਲ ਕਹਾਣੀਆਂ ਦੀ ਕਿਤਾਬ ਦਾ ਅਧਿਐਨ ਕਰਾਂਗੇ।
2 ਬਾਈਬਲ ਕਹਾਣੀਆਂ ਦੀ ਕਿਤਾਬ ਬੜੇ ਦਿਲਚਸਪ ਤੇ ਸੌਖੇ ਤਰੀਕੇ ਨਾਲ ਲਿਖੀ ਗਈ ਹੈ। ਇਸ ਨੂੰ ਪੜ੍ਹ ਕੇ ਸਾਨੂੰ ਬਾਈਬਲ ਦਾ ਮੂਲ ਗਿਆਨ ਮਿਲੇਗਾ। ਸਾਰੀਆਂ ਕਹਾਣੀਆਂ ਉਸੇ ਤਰ੍ਹਾਂ ਦੱਸੀਆਂ ਗਈਆਂ ਹਨ ਜਿਵੇਂ ਇਤਿਹਾਸ ਵਿਚ ਵਾਪਰੀਆਂ ਸਨ। ਇਸ ਵਿਚ ਅਨੇਕ ਰੰਗ-ਬਰੰਗੀਆਂ ਤਸਵੀਰਾਂ ਹਨ ਜੋ ਬਾਈਬਲ ਦੀਆਂ ਕਹਾਣੀਆਂ ਉੱਤੇ ਮਨਨ ਕਰਨ ਵਿਚ ਸਾਡੀ ਮਦਦ ਕਰਨਗੀਆਂ। (ਜ਼ਬੂ. 77:12) ਅਸਲ ਵਿਚ ਇਸ ਦੇ ਸਫ਼ਿਆਂ ਰਾਹੀਂ ਅਸੀਂ ਅਬਰਾਹਾਮ, ਇਸਹਾਕ ਤੇ ਯਾਕੂਬ ਵਰਗੇ ਭਗਤਾਂ ਨਾਲ “ਚੱਲ” ਸਕਾਂਗੇ। ਅਸੀਂ ਸਾਰਾਹ, ਰਿਬਕਾਹ ਤੇ ਵਫ਼ਾਦਾਰ ਮੋਆਬੀ ਰੂਥ ਵਰਗੀਆਂ ਪਰਮੇਸ਼ੁਰੀ ਔਰਤਾਂ ਨੂੰ ਮਨ ਦੀਆਂ ਅੱਖਾਂ ਨਾਲ “ਦੇਖ” ਸਕਾਂਗੇ। ਵਾਕਈ, ਅਸੀਂ ਯਿਸੂ ਮਸੀਹ ਨੂੰ ਬੋਲਦੇ “ਸੁਣ” ਸਕਾਂਗੇ, ਮਿਸਾਲ ਲਈ ਜਦੋਂ ਉਸ ਨੇ ਆਪਣਾ ਪਹਾੜੀ ਉਪਦੇਸ਼ ਦਿੱਤਾ ਸੀ। ਅਸੀਂ ਇਹ ਸਾਰੀ ਵਧੀਆ ਸਿੱਖਿਆ ਹਾਸਲ ਕਰ ਸਕਦੇ ਹਾਂ ਜੇ ਅਸੀਂ ਆਪਣੀ ਕਲੀਸਿਯਾ ਦੀ ਬੁੱਕ ਸਟੱਡੀ ਲਈ ਚੰਗੀ ਤਰ੍ਹਾਂ ਤਿਆਰੀ ਕਰਾਂਗੇ। ਬਿਨਾਂ ਸ਼ੱਕ, ਬਾਈਬਲ ਕਹਾਣੀਆਂ ਦੀ ਕਿਤਾਬ ਦਾ ਅਧਿਐਨ ਕਰਨ ਨਾਲ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦਾ ਸਾਡਾ ਇਰਾਦਾ ਹੋਰ ਪੱਕਾ ਹੋਵੇਗਾ! ਇਹ ਕਿਤਾਬ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਨਾਲ ਸਮਝਣ ਵਿਚ ਸਾਡੀ ਮਦਦ ਕਰੇਗੀ ਜਿਸ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ।
3 ਇਸ ਕਿਤਾਬ ਦੇ ਨਵੇਂ ਐਡੀਸ਼ਨ ਵਿਚ ਹਰ ਕਹਾਣੀ ਲਈ ਸਵਾਲ ਦਿੱਤੇ ਗਏ ਹਨ। ਸਵਾਲ ਦੋ ਹਿੱਸਿਆਂ ਵਿਚ ਵੰਡੇ ਗਏ ਹਨ। ਪਹਿਲਾ ਹਿੱਸਾ ਕਹਾਣੀ ਤੇ ਉਸ ਵਿਚ ਬੀਤੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਪੂਰੀ ਕਹਾਣੀ ਪੜ੍ਹਨ ਤੋਂ ਬਾਅਦ ਸਟੱਡੀ ਕੰਡਕਟਰ ਇਹ ਸਵਾਲ ਪੁੱਛੇਗਾ। ਭੈਣ-ਭਰਾ ਕਹਾਣੀ ਵਿੱਚੋਂ ਸੰਖੇਪ ਵਿਚ ਜਵਾਬ ਦੇਣਗੇ। ਧਿਆਨ ਦਿਓ ਕਿ ਸਵਾਲ ਜ਼ਰੂਰੀ ਤੌਰ ਤੇ ਉਸੇ ਤਰਤੀਬ ਵਿਚ ਨਹੀਂ ਪੇਸ਼ ਕੀਤੇ ਗਏ ਜਿਸ ਤਰਤੀਬ ਵਿਚ ਘਟਨਾਵਾਂ ਬੀਤੀਆਂ ਸਨ।
4 ਇਸ ਤੋਂ ਬਾਅਦ ਕੰਡਕਟਰ ਦੂਜੇ ਭਾਗ ਦੇ ਸਵਾਲ ਪੁੱਛ ਕੇ ਕਹਾਣੀ ਵਿੱਚੋਂ ਸਿੱਖੇ ਸਬਕ ਨੂੰ ਉਜਾਗਰ ਕਰੇਗਾ। ਹਰ ਸਵਾਲ ਤੋਂ ਪਹਿਲਾਂ ਕੁਝ ਹਵਾਲੇ ਦਿੱਤੇ ਗਏ ਹਨ। ਕੁਝ ਹਵਾਲੇ ਕਾਫ਼ੀ ਲੰਬੇ ਹਨ। ਬੁੱਕ ਸਟੱਡੀ ਤਿਆਰ ਕਰਦੇ ਸਮੇਂ ਸਾਰਿਆਂ ਨੂੰ ਇਹ ਹਵਾਲੇ ਪੜ੍ਹਨੇ ਚਾਹੀਦੇ ਹਨ। ਧਿਆਨ ਦਿਓ ਕਿ ਹਰ ਸਵਾਲ ਤੋਂ ਬਾਅਦ ਵੀ ਕਈ ਹਵਾਲੇ ਦਿੱਤੇ ਗਏ ਹਨ। ਇਹ ਹਵਾਲੇ ਜਵਾਬ ਲੱਭਣ ਵਿਚ ਤੁਹਾਡੀ ਮਦਦ ਕਰਨਗੇ। ਕੰਡਕਟਰ ਭੈਣਾਂ-ਭਰਾਵਾਂ ਨੂੰ ਪੁੱਛੇਗਾ ਕਿ ਇਨ੍ਹਾਂ ਹਵਾਲਿਆਂ ਦਾ ਕਹਾਣੀ ਵਿਚ ਦੱਸੀਆਂ ਗੱਲਾਂ ਨਾਲ ਕੀ ਸੰਬੰਧ ਹੈ। ਉਸ ਨੂੰ ਸਾਰਿਆਂ ਦਾ ਧਿਆਨ ਬਾਈਬਲ ਵੱਲ ਖਿੱਚਣਾ ਚਾਹੀਦਾ ਹੈ ਤੇ ਦਿਖਾਉਣਾ ਚਾਹੀਦਾ ਹੈ ਕਿ ਭੈਣ-ਭਰਾ ਬਾਈਬਲ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਨ।
5 ਕਿਤਾਬ ਦੇ ਹਰ ਭਾਗ ਦੇ ਸ਼ੁਰੂ ਵਿਚ ਭੂਮਿਕਾ ਦਿੱਤੀ ਗਈ ਹੈ। ਇਸ ਵਿਚ ਕਹਾਣੀਆਂ ਦਾ ਸਾਰ ਦਿੱਤਾ ਗਿਆ ਹੈ। ਬੁੱਕ ਸਟੱਡੀ ਵਿਚ ਇਸ ਦਾ ਵੀ ਅਧਿਐਨ ਕੀਤਾ ਜਾਵੇਗਾ। ਇਸ ਨੂੰ ਪੜ੍ਹਨ ਤੋਂ ਬਾਅਦ ਕੰਡਕਟਰ ਖ਼ੁਦ ਤਿਆਰ ਕੀਤੇ ਹੋਏ ਢੁੱਕਵੇਂ ਸਵਾਲ ਪੁੱਛੇਗਾ। ਸਾਡੀ ਉਮੀਦ ਹੈ ਕਿ ਇਸ ਕਿਤਾਬ ਦਾ ਅਧਿਐਨ ਕਰਨ ਨਾਲ ਸਾਡੇ ਵਿਚ ਪਰਮੇਸ਼ੁਰੀ ਗੁਣ ਪੈਦਾ ਹੋਣਗੇ ਤੇ ਸਾਨੂੰ ਆਪਣੇ ਮਹਾਨ ਪਿਤਾ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਣ ਵਿਚ ਮਦਦ ਮਿਲੇਗੀ।—ਯਾਕੂ. 4:8.