ਯਸਾਯਾਹ ਦੀ ਭਵਿੱਖਬਾਣੀ ਦਾ ਅਧਿਐਨ ਕਰਨ ਲਈ ਤਿਆਰ ਹੋ ਜਾਓ!
1 ਯਹੋਵਾਹ ਦੇ “ਵਫ਼ਾਦਾਰ ਉਪਾਸਕ ਭਰੋਸਾ ਰੱਖ ਸਕਦੇ ਹਨ ਕਿ ਉਹ ਸ਼ਤਾਨ ਦੀ ਦੁਨੀਆਂ ਨੂੰ ਐਨ ਸਹੀ ਸਮੇਂ ਤੇ ਖ਼ਤਮ ਕਰ ਕੇ ਜ਼ਰੂਰ ਇਨਸਾਫ਼ ਕਰੇਗਾ।” ਕਿੰਨੀ ਹੌਸਲਾਦਾਇਕ ਗੱਲ! ਇਹ ਕਿੱਥੋਂ ਲਈ ਗਈ ਹੈ? ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1 ਨਾਮਕ ਕਿਤਾਬ ਵਿੱਚੋਂ। ਕੀ ਯਸਾਯਾਹ ਦੀ ਭਵਿੱਖਬਾਣੀ ਸਾਨੂੰ ਇਹ ਭਰੋਸਾ ਰੱਖਣ ਦਾ ਕੋਈ ਕਾਰਨ ਦਿੰਦੀ ਹੈ? ਜੀ ਹਾਂ! ਇਸ ਕਿਤਾਬ ਵਿਚ ਮੁਕਤੀ ਦੇ ਵਿਸ਼ੇ ਉੱਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਨੂੰ ਸਾਫ਼-ਸਾਫ਼ ਸਮਝਾਇਆ ਗਿਆ ਹੈ। (ਯਸਾ. 25:9) ਇਸੇ ਕਰਕੇ ਸਾਨੂੰ ਆਪਣੇ ਕਲੀਸਿਯਾ ਪੁਸਤਕ ਅਧਿਐਨ ਵਿਚ ਪਰਮੇਸ਼ੁਰ ਦੇ ਬਚਨ ਦੇ ਇਸ ਭਾਗ ਦਾ ਅਧਿਐਨ ਕਰ ਕੇ ਬੜਾ ਹੌਸਲਾ ਮਿਲੇਗਾ। ਕੀ ਅਸੀਂ ਹਰ ਹਫ਼ਤੇ ਅਧਿਐਨ ਦਾ ਆਨੰਦ ਮਾਣਨ ਵਾਸਤੇ ਹਾਜ਼ਰ ਹੋਵਾਂਗੇ? ਸਾਨੂੰ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ?
2 ਯਸਾਯਾਹ 30:20 ਵਿਚ ਯਹੋਵਾਹ ਨੂੰ ਸਾਡਾ “ਗੁਰੂ” ਜਾਂ ਮਹਾਨ ਸਿੱਖਿਅਕ ਕਿਹਾ ਗਿਆ ਹੈ। ਯਹੋਵਾਹ ਆਪਣੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਰਾਹੀਂ ਸਾਨੂੰ ਹਿਦਾਇਤਾਂ ਦਿੰਦਾ ਹੈ। ਇਸ ਲਈ ਹਰੇਕ ਮਸੀਹੀ ਨੂੰ ਬੜੇ ਧਿਆਨ ਨਾਲ ਉਸ ਦੀਆਂ ਹਿਦਾਇਤਾਂ ਸੁਣਨੀਆਂ ਚਾਹੀਦੀਆਂ ਹਨ। (ਮੱਤੀ 24:45; ਯਸਾ. 48:17, 18) ਯਸਾਯਾਹ ਦੀ ਭਵਿੱਖਬਾਣੀ 1 ਕਿਤਾਬ ਵਿਚ ਵੀ ਉਸ ਨੇ ਹਿਦਾਇਤਾਂ ਦਿੱਤੀਆਂ ਹਨ। ਤੁਸੀਂ ਇਸ ਦਾ ਅਧਿਐਨ ਕਰ ਕੇ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਉਠਾ ਸਕਦੇ ਹੋ?
3 ਹਿੱਸਾ ਲੈਣ ਲਈ ਤਿਆਰੀ ਕਰੋ: ਹਰ ਹਫ਼ਤੇ ਪੁਸਤਕ ਅਧਿਐਨ ਦੀ ਤਿਆਰੀ ਕਰਨ ਵਾਸਤੇ ਕਾਫ਼ੀ ਸਮਾਂ ਅਲੱਗ ਰੱਖੋ। ਪੜ੍ਹੇ ਜਾਣ ਵਾਲੇ ਹਿੱਸੇ ਦੇ ਹਰੇਕ ਪੈਰੇ ਨੂੰ ਪੜ੍ਹੋ। ਦਿੱਤੇ ਗਏ ਹਰੇਕ ਪ੍ਰਸ਼ਨ ਬਾਰੇ ਸੋਚੋ। ਆਪਣੀ ਕਿਤਾਬ ਵਿਚ ਸਹੀ ਜਵਾਬਾਂ ਥੱਲੇ ਨਿਸ਼ਾਨ ਲਾਓ। ਯਸਾਯਾਹ ਵਿੱਚੋਂ ਲਈਆਂ ਗਈਆਂ ਆਇਤਾਂ ਨੂੰ ਮੋਟੇ ਅੱਖਰਾਂ ਵਿਚ ਛਾਪਿਆ ਗਿਆ ਹੈ। ਉਨ੍ਹਾਂ ਨੂੰ ਧਿਆਨ ਨਾਲ ਪੜ੍ਹੋ। ਇਨ੍ਹਾਂ ਤੋਂ ਇਲਾਵਾ ਦਿੱਤੇ ਗਏ ਦੂਜੇ ਹਵਾਲਿਆਂ ਨੂੰ ਦੇਖੋ ਕਿ ਉਹ ਕਿਵੇਂ ਵਿਸ਼ੇ ਨਾਲ ਢੁਕਦੇ ਹਨ। ਤੁਸੀਂ ਜੋ ਵੀ ਸਿੱਖ ਰਹੇ ਹੋ, ਉਸ ਉੱਤੇ ਮਨਨ ਕਰੋ। ਫਿਰ ਆਪਣੀ ਤਿਆਰੀ ਦੇ ਫ਼ਾਇਦਿਆਂ ਨੂੰ ਆਪਣੇ ਪੁਸਤਕ ਅਧਿਐਨ ਗਰੁੱਪ ਦੇ ਭੈਣ-ਭਰਾਵਾਂ ਨਾਲ ਸਾਂਝਾ ਕਰੋ।
4 ਪੁਸਤਕ ਅਧਿਐਨ ਕਰਾਉਣ ਵਾਲੇ ਭਰਾ ਨੂੰ ਚਾਹੀਦਾ ਹੈ ਕਿ ਉਹ ਸਾਰੇ ਹਾਜ਼ਰ ਵਿਅਕਤੀਆਂ ਦੀ ਬਾਈਬਲ ਦੀ ਚੰਗੀ ਵਰਤੋਂ ਕਰਨ ਅਤੇ ਪੜ੍ਹੇ ਜਾ ਰਹੇ ਹਰੇਕ ਭਾਗ ਤੋਂ ਮਿਲਣ ਵਾਲੇ ਫ਼ਾਇਦਿਆਂ ਦੀ ਕਦਰ ਕਰਨ ਵਿਚ ਮਦਦ ਕਰੇ। ਜੇ ਕੋਈ ਵੀ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਂਦਾ ਹੈ, ਤਾਂ ਸੌਖਾ ਤੇ ਸਪੱਸ਼ਟ ਜਵਾਬ ਦਿਓ। ਜੇ ਪਹਿਲਾਂ ਹੀ ਕੋਈ ਜਵਾਬ ਦੇ ਚੁੱਕਾ ਹੈ, ਤਾਂ ਤੁਸੀਂ ਉਸੇ ਵਿਸ਼ੇ ਉੱਤੇ ਵਾਧੂ ਟਿੱਪਣੀ ਕਰ ਸਕਦੇ ਹੋ। ਸ਼ਾਇਦ ਤੁਸੀਂ ਦਿਖਾ ਸਕਦੇ ਹੋ ਕਿ ਇਕ ਮੁੱਖ ਸ਼ਾਸਤਰਵਚਨ ਕਿੱਦਾਂ ਵਿਸ਼ੇ ਦੀ ਹਿਮਾਇਤ ਕਰਦਾ ਹੈ। ਆਪਣੇ ਸ਼ਬਦਾਂ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰੋ ਤੇ ਚਰਚਾ ਵਿਚ ਹਿੱਸਾ ਲੈ ਕੇ ਅਧਿਐਨ ਦਾ ਆਨੰਦ ਮਾਣੋ।
5 ਆਓ ਆਪਾਂ ਇਕੱਠੇ ਜੋਸ਼ ਨਾਲ ਯਸਾਯਾਹ ਦੀ ਕਿਤਾਬ ਦੇ ਬਹੁਮੁੱਲੇ ਸੰਦੇਸ਼ ਦੀ ਜਾਂਚ ਕਰੀਏ। ਇਸ ਨਾਲ ਅਸੀਂ ਯਹੋਵਾਹ ਦੀ ਮੁਕਤੀ ਦੀ ਉਡੀਕ ਵਿਚ ਹਰ ਦਿਨ ਖ਼ੁਸ਼ੀ ਨਾਲ ਗੁਜ਼ਾਰਨ ਲਈ ਉਤਸ਼ਾਹਿਤ ਹੋਵਾਂਗੇ!—ਯਸਾ. 30:18.