ਆਓ ਮੇਰੇ ਚੇਲੇ ਬਣੋ
1. ਆਉਣ ਵਾਲੇ ਮਹੀਨਿਆਂ ਵਿਚ ਮੰਡਲੀ ਦੀ ਬਾਈਬਲ ਸਟੱਡੀ ਵਿਚ ਅਸੀਂ ਕਿਹੜੀ ਕਿਤਾਬ ਦੀ ਸਟੱਡੀ ਕਰਾਂਗੇ?
1 ਧਰਤੀ ʼਤੇ ਪਰਮੇਸ਼ੁਰ ਦੇ ਪੁੱਤਰ ਯਿਸੂ ਦੀ ਜ਼ਿੰਦਗੀ ਬਾਰੇ ਚਾਰ ਇੰਜੀਲਾਂ ਵਿਚ ਕਾਫ਼ੀ ਕੁਝ ਦੱਸਿਆ ਗਿਆ ਹੈ। 6 ਜਨਵਰੀ ਦੇ ਹਫ਼ਤੇ ਤੋਂ ਅਸੀਂ ਮੰਡਲੀ ਦੀ ਬਾਈਬਲ ਸਟੱਡੀ ਵਿਚ ਆਓ ਮੇਰੇ ਚੇਲੇ ਬਣੋ ਕਿਤਾਬ ਦੀ ਸਟੱਡੀ ਕਰਾਂਗੇ। ਆਓ ਆਪਾਂ ਕਿਤਾਬ ਦੀ ਚੰਗੀ ਤਿਆਰੀ ਕਰੀਏ ਅਤੇ ਮੀਟਿੰਗ ਵਿਚ ਧਿਆਨ ਨਾਲ ਸੁਣੀਏ ਤਾਂਕਿ ਅਸੀਂ “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ” ਚੱਲ ਸਕੀਏ। (1 ਪਤ. 2:21; ਮਰ. 10:21) ਸਾਨੂੰ ਖ਼ਾਸ ਕਰਕੇ ਪ੍ਰਚਾਰ ਦੇ ਸੰਬੰਧ ਵਿਚ ਯਿਸੂ ਤੋਂ ਸਿੱਖਣਾ ਚਾਹੀਦਾ ਹੈ ਤਾਂਕਿ ਅਸੀਂ ਇਸ ਕੰਮ ਵਿਚ ਲੱਗੇ ਰਹੀਏ।
2. ਯਿਸੂ ਦੀ ਮਿਸਾਲ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
2 ਯਿਸੂ ਦੀ ਮਿਸਾਲ: ਕੀ ਘਰ-ਘਰ ਪ੍ਰਚਾਰ ਕਰਦਿਆਂ ਕਿਸੇ ਨੇ ਤੁਹਾਨੂੰ ਬੁਰਾ-ਭਲਾ ਕਿਹਾ ਹੈ? ਜਦੋਂ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਯਿਸੂ ਦੇ ਸ਼ਬਦ ਸਾਡੇ ਕੰਨਾਂ ਵਿਚ ਗੂੰਜਦੇ ਹਨ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰ. 15:20) ਇਹ ਸੱਚ ਹੈ ਕਿ ਜੇ ਲੋਕੀ ਸਾਨੂੰ ਬੁਰਾ-ਭਲਾ ਕਹਿੰਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਡਾ ਵਿਰੋਧ ਕਰਦੇ ਹਨ। ਯਿਸੂ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਇਸ ਲਈ ਸਹਿ ਸਕਿਆ ਕਿਉਂਕਿ ਉਸ ਨੇ ਆਪਣਾ ਧਿਆਨ ਉਸ ਖ਼ੁਸ਼ੀ ਵੱਲ ਲਾਈ ਰੱਖਿਆ ਜੋ ਉਸ ਦੇ ਸਾਮ੍ਹਣੇ ਰੱਖੀ ਗਈ ਸੀ। ਅਸੀਂ ਵੀ ਆਪਣਾ ਧਿਆਨ ਯਹੋਵਾਹ ਦੀ ਮਿਹਰ ਅਤੇ ਵਫ਼ਾਦਾਰੀ ਦਾ ਇਨਾਮ ਪਾਉਣ ʼਤੇ ਲਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ‘ਥੱਕ ਕੇ ਹੌਸਲਾ ਨਹੀਂ ਹਾਰਾਂਗੇ।’ (ਇਬ. 12:2, 3; ਕਹਾ. 27:11) ਪ੍ਰਚਾਰ ਦਾ ਕੰਮ ਕਰਦਿਆਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਮਸੀਹ ਸਾਡੇ ਨਾਲ ਹੈ।—ਮੱਤੀ 28:20.
3. ਪ੍ਰਚਾਰ ਬਾਰੇ ਅਸੀਂ ਯਿਸੂ ਦਾ ਨਜ਼ਰੀਆ ਕਿਵੇਂ ਅਪਣਾ ਸਕਦੇ ਹਾਂ?
3 “ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ”: ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਯਿਸੂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੰਮ ਸੀ। (ਲੂਕਾ 4:43) ਉਸ ਨੇ ਪ੍ਰਚਾਰ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾਈ। ਉਸ ਨੇ ਹਮੇਸ਼ਾ ਇਸ ਨੂੰ ਜ਼ਰੂਰੀ ਸਮਝਿਆ ਤੇ ਰਾਜ ਬਾਰੇ ਦੱਸਣ ਦਾ ਕੋਈ ਮੌਕਾ ਨਹੀਂ ਗੁਆਇਆ। ਯਿਸੂ ਦੇ ਚੇਲੇ ਹੋਣ ਕਰਕੇ ਕੀ ਅਸੀਂ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਦੇ ਹਾਂ? ਕੀ ਅਸੀਂ ਆਪਣੇ ਰੋਜ਼ਮੱਰਾ ਦੇ ਕੰਮ ਕਰਦਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ? ਮਸੀਹ ਦਾ ਪਿਆਰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰੇਰਦਾ ਹੈ।—2 ਕੁਰਿੰ. 5:14.
4. ਅਸੀਂ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ਨੂੰ ਕਿਵੇਂ ਨਿਖਾਰ ਸਕਦੇ ਹਾਂ?
4 “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”: ਲੋਕ ਯਿਸੂ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਜਾਂਦੇ ਸਨ। (ਯੂਹੰ. 7:46; ਮੱਤੀ 7:28, 29) ਕਿਹੜੀ ਗੱਲ ਕਰਕੇ ਉਹ ਦੂਜੇ ਧਰਮ-ਗੁਰੂਆਂ ਤੋਂ ਵੱਖਰਾ ਸੀ? ਉਸ ਨੂੰ ਸੱਚਾਈ ਨਾਲ ਪਿਆਰ ਸੀ, ਉਸ ਨੂੰ ਲੋਕਾਂ ਨਾਲ ਪਿਆਰ ਸੀ ਤੇ ਉਸ ਨੇ ਸਿਖਾਉਣ ਦੇ ਅਲੱਗ-ਅਲੱਗ ਤਰੀਕੇ ਵਰਤੇ। ਅਸੀਂ ਆਪਣੇ ਮਹਾਨ ਗੁਰੂ ਦੀ ਨਕਲ ਕਰਦਿਆਂ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ਨੂੰ ਨਿਖਾਰ ਸਕਦੇ ਹਾਂ।—ਲੂਕਾ 6:40.
5. ਆਓ ਮੇਰੇ ਚੇਲੇ ਬਣੋ ਕਿਤਾਬ ਦੀ ਸਟੱਡੀ ਕਰਦਿਆਂ ਸਾਨੂੰ ਕਿਹੜਾ ਟੀਚਾ ਰੱਖਣਾ ਚਾਹੀਦਾ ਹੈ?
5 ਇਹ ਬਾਈਬਲ ਵਿਚ ਦੱਸੀਆਂ ਯਿਸੂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ ਹਨ। ਤੁਸੀਂ ਉਸ ਬਾਰੇ ਹੋਰ ਕੀ-ਕੀ ਸਿੱਖ ਸਕਦੇ ਹੋ? ਜਦੋਂ ਤੁਸੀਂ ਮੰਡਲੀ ਦੀ ਬਾਈਬਲ ਸਟੱਡੀ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਸਿੱਖੋਗੇ, ਤਾਂ ਕਿਉਂ ਨਾ ‘ਮਸੀਹ ਦੇ ਪਿਆਰ ਨੂੰ ਜਾਣਨ’ ਦਾ ਟੀਚਾ ਰੱਖੋ ਅਤੇ ਆਪਣੀ ਕਹਿਣੀ ਤੇ ਕਰਨੀ ਵਿਚ ਉਸ ਦੀ ਨਕਲ ਕਰੋ।—ਅਫ਼. 3:19.