ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਸਟੱਡੀ ਨੂੰ ਤਿਆਰੀ ਕਰਨੀ ਸਿਖਾਓ
1 ਜੇ ਸਟੱਡੀ ਪਹਿਲਾਂ ਤੋਂ ਹੀ ਪਾਠ ਪੜ੍ਹ ਕੇ ਰੱਖਦੀ ਹੈ, ਸਵਾਲਾਂ ਦੇ ਜਵਾਬ ਲੱਭਦੀ ਹੈ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਸਿੱਖਦੀ ਹੈ, ਤਾਂ ਉਹ ਛੇਤੀ ਤਰੱਕੀ ਕਰੇਗੀ। ਇਸ ਲਈ ਆਪਣੀ ਸਟੱਡੀ ਨਾਲ ਮਿਲ ਕੇ ਪਾਠ ਦੀ ਤਿਆਰੀ ਕਰੋ। ਜੇ ਹੋ ਸਕੇ, ਤਾਂ ਉਸ ਨਾਲ ਪੂਰੇ ਪਾਠ ਦੀ ਤਿਆਰੀ ਕਰੋ।
2 ਨਿਸ਼ਾਨ ਲਾਉਣੇ ਅਤੇ ਖ਼ਾਸ ਗੱਲਾਂ ਲਿਖਣੀਆਂ: ਉਸ ਨੂੰ ਸਵਾਲਾਂ ਦੇ ਜਵਾਬ ਲੱਭਣੇ ਸਿਖਾਓ। ਤੁਸੀਂ ਉਸ ਨੂੰ ਆਪਣੀ ਕਿਤਾਬ ਦਿਖਾਓ ਜਿਸ ਵਿਚ ਤੁਸੀਂ ਸਿਰਫ਼ ਕੁਝ ਖ਼ਾਸ ਸ਼ਬਦਾਂ ਹੇਠਾਂ ਲਾਈਨਾਂ ਲਾਈਆਂ ਹਨ। ਫਿਰ ਉਹ ਤੁਹਾਡੇ ਵਾਂਗ ਖ਼ਾਸ ਗੱਲਾਂ ਥੱਲੇ ਨਿਸ਼ਾਨ ਲਾ ਸਕਦਾ ਹੈ ਤਾਂਕਿ ਉਹ ਜਵਾਬ ਨੂੰ ਚੇਤੇ ਕਰ ਸਕੇ। (ਲੂਕਾ 6:40) ਇਸ ਤੋਂ ਬਾਅਦ ਉਸ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਲਈ ਕਹੋ। ਉਸ ਦੇ ਜਵਾਬ ਤੋਂ ਤੁਸੀਂ ਜਾਣ ਸਕੋਗੇ ਕਿ ਉਸ ਨੂੰ ਗੱਲ ਸਮਝ ਆ ਗਈ ਹੈ ਜਾਂ ਨਹੀਂ।
3 ਸਟੱਡੀ ਨੂੰ ਪੈਰਿਆਂ ਵਿਚ ਦਿੱਤੇ ਸਾਰੇ ਹਵਾਲਿਆਂ ਨੂੰ ਬਾਈਬਲ ਵਿੱਚੋਂ ਪੜ੍ਹਨਾ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਰਸੂ. 17:11) ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਹਰ ਹਵਾਲੇ ਦਾ ਪੈਰੇ ਵਿਚ ਦਿੱਤੇ ਕਿਸੇ ਨੁਕਤੇ ਨਾਲ ਸੰਬੰਧ ਹੁੰਦਾ ਹੈ। ਉਸ ਨੂੰ ਆਪਣੀ ਕਿਤਾਬ ਵਿਚ ਬਾਈਬਲ ਦੇ ਹਵਾਲੇ ਦੀ ਖ਼ਾਸ ਗੱਲ ਲਿਖਣੀ ਸਿਖਾਓ। ਉਸ ਨੂੰ ਸਮਝਾਓ ਕਿ ਉਹ ਜੋ ਕੁਝ ਸਿੱਖ ਰਿਹਾ ਹੈ ਉਹ ਬਾਈਬਲ ਵਿੱਚੋਂ ਹੈ। ਇਸ ਲਈ ਉਸ ਨੂੰ ਕਹੋ ਕਿ ਜਵਾਬ ਦਿੰਦੇ ਵੇਲੇ ਉਹ ਬਾਈਬਲ ਦੀਆਂ ਆਇਤਾਂ ਇਸਤੇਮਾਲ ਕਰੇ।
4 ਸਰਸਰੀ ਨਜ਼ਰ ਅਤੇ ਰਿਵਿਊ: ਤਿਆਰੀ ਕਰਨ ਤੋਂ ਪਹਿਲਾਂ ਸਟੱਡੀ ਲਈ ਪਾਠ ਉੱਤੇ ਸਰਸਰੀ ਨਜ਼ਰ ਮਾਰਨੀ ਚੰਗੀ ਗੱਲ ਹੋਵੇਗੀ। ਉਸ ਨੂੰ ਸਮਝਾਓ ਕਿ ਵਿਸ਼ੇ, ਸਿਰਲੇਖਾਂ ਅਤੇ ਤਸਵੀਰਾਂ ਵੱਲ ਦੇਖ ਕੇ ਉਹ ਅੰਦਾਜ਼ਾ ਲਗਾ ਸਕਦਾ ਹੈ ਕਿ ਪਾਠ ਵਿਚ ਕੀ ਕੁਝ ਦੱਸਿਆ ਜਾਵੇਗਾ। ਫਿਰ ਸਮਝਾਓ ਕਿ ਚੰਗੀ ਤਿਆਰੀ ਕਰ ਲੈਣ ਤੋਂ ਬਾਅਦ ਪਾਠ ਦੀਆਂ ਮੁੱਖ ਗੱਲਾਂ ʼਤੇ ਮੁੜ ਵਿਚਾਰ ਕਰਨ ਦਾ ਕੀ ਫ਼ਾਇਦਾ ਹੋਵੇਗਾ। ਜੇ ਪਾਠ ਵਿਚ ਰਿਵਿਊ ਲਈ ਸਵਾਲ ਦਿੱਤੇ ਗਏ ਹਨ, ਤਾਂ ਉਹ ਇਨ੍ਹਾਂ ਦੀ ਮਦਦ ਲੈ ਸਕਦਾ ਹੈ। ਮੁੱਖ ਗੱਲਾਂ ਦੁਹਰਾਉਣ ਨਾਲ ਸਾਰੀ ਜਾਣਕਾਰੀ ਉਸ ਦੇ ਮਨ ਵਿਚ ਚੰਗੀ ਤਰ੍ਹਾਂ ਬੈਠ ਜਾਵੇਗੀ।
5 ਜੇ ਸਟੱਡੀ ਚੰਗੀ ਤਰ੍ਹਾਂ ਤਿਆਰੀ ਕਰਨੀ ਸਿੱਖ ਲੈਂਦੀ ਹੈ, ਤਾਂ ਉਹ ਮੀਟਿੰਗਾਂ ਵਿਚ ਵੀ ਚੰਗੇ ਜਵਾਬ ਦੇ ਸਕੇਗੀ। ਇਸ ਤੋਂ ਇਲਾਵਾ, ਉਸ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਪੈ ਜਾਵੇਗੀ ਜੋ ਬਾਅਦ ਵਿਚ ਵੀ ਉਸ ਦੇ ਕੰਮ ਆਵੇਗੀ।