ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 17-18
“ਸ਼ੁਕਰਗੁਜ਼ਾਰੀ ਦਿਖਾਓ”
(ਲੂਕਾ 17:11-14) ਅਤੇ ਯਿਸੂ ਸਾਮਰੀਆ ਅਤੇ ਗਲੀਲ ਦੇ ਇਲਾਕੇ ਵਿੱਚੋਂ ਦੀ ਹੁੰਦਾ ਹੋਇਆ ਯਰੂਸ਼ਲਮ ਜਾ ਰਿਹਾ ਸੀ। 12 ਅਤੇ ਜਦੋਂ ਉਹ ਇਕ ਪਿੰਡ ਵਿਚ ਵੜਿਆ, ਤਾਂ ਉਸ ਨੂੰ ਦੇਖ ਕੇ ਦਸ ਕੋੜ੍ਹੀ ਉੱਠ ਕੇ ਖੜ੍ਹੇ ਹੋ ਗਏ, ਪਰ ਉਸ ਤੋਂ ਦੂਰ ਰਹੇ। 13 ਅਤੇ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਗੁਰੂ ਜੀ, ਸਾਡੇ ਉੱਤੇ ਦਇਆ ਕਰ!” 14 ਉਨ੍ਹਾਂ ਨੂੰ ਦੇਖ ਕੇ ਉਸ ਨੇ ਕਿਹਾ: “ਪੁਜਾਰੀਆਂ ਕੋਲ ਜਾ ਕੇ ਆਪਣੇ ਆਪ ਨੂੰ ਦਿਖਾਓ।” ਫਿਰ ਜਦੋਂ ਉਹ ਜਾ ਰਹੇ ਸਨ, ਤਾਂ ਰਾਹ ਵਿਚ ਹੀ ਉਹ ਸ਼ੁੱਧ ਹੋ ਗਏ।
nwtsty ਵਿੱਚੋਂ ਲੂਕਾ 17:12, 14 ਲਈ ਖ਼ਾਸ ਜਾਣਕਾਰੀ
ਦਸ ਕੋੜ੍ਹੀ: ਬਾਈਬਲ ਦੇ ਜ਼ਮਾਨੇ ਵਿਚ ਅਕਸਰ ਕੋੜ੍ਹੀ ਸਮੂਹ ਵਿਚ ਰਹਿੰਦੇ ਸਨ, ਤਾਂਕਿ ਉਹ ਇਕ-ਦੂਜੇ ਦੀ ਮਦਦ ਕਰ ਸਕਣ। (2 ਰਾਜ 7:3-5) ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਜ਼ਰੂਰੀ ਸੀ ਕਿ ਕੋੜ੍ਹੀ ਬਾਕੀ ਲੋਕਾਂ ਤੋਂ ਅਲੱਗ ਰਹਿਣ। ਇਕ ਕੋੜ੍ਹੀ ਨੂੰ “ਅਸ਼ੁੱਧ! ਅਸ਼ੁੱਧ!” ਕਹਿ ਕੇ ਆਪਣੀ ਮੌਜੂਦਗੀ ਬਾਰੇ ਦੱਸਣਾ ਪੈਂਦਾ ਸੀ। (ਲੇਵੀ 13:45, 46) ਕਾਨੂੰਨ ਵਿਚ ਦੱਸੀ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕੋੜ੍ਹੀ ਯਿਸੂ ਤੋਂ ਦੂਰ ਰਹੇ।—ਮੱਤੀ 8:2.ਦਾ ਸਟੱਡੀ ਨੋਟ ਅਤੇ ਸ਼ਬਦਾਂ ਦਾ ਅਰਥ, “ਕੋੜ੍ਹ; ਕੋੜ੍ਹੀ” ਦੇਖੋ।
ਪੁਜਾਰੀਆਂ ਕੋਲ ਆਪਣੇ ਆਪ ਨੂੰ ਦਿਖਾ: ਧਰਤੀ ਉੱਤੇ ਮੂਸਾ ਦੀ ਬਿਵਸਥਾ ਅਧੀਨ ਰਹਿੰਦਿਆਂ ਯਿਸੂ ਜਾਣਦਾ ਸੀ ਕਿ ਹਾਰੂਨ ਦੀ ਪੀੜ੍ਹੀ ਵਿੱਚੋਂ ਜਾਜਕਾਈ ਦਾ ਪ੍ਰਬੰਧ ਅਜੇ ਚੱਲ ਰਿਹਾ ਸੀ। ਇਸ ਕਰਕੇ ਉਸ ਨੇ ਕੋੜ੍ਹ ਤੋਂ ਠੀਕ ਹੋਏ ਆਦਮੀ ਨੂੰ ਪੁਜਾਰੀ ਕੋਲ ਜਾਣ ਲਈ ਕਿਹਾ ਸੀ। (ਮੱਤੀ 8:4; ਮਰ 1:44) ਮੂਸਾ ਦੀ ਬਿਵਸਥਾ ਮੁਤਾਬਕ ਜਾਜਕ ਜਾਂਚ ਕਰਕੇ ਦੱਸਦਾ ਸੀ ਕਿ ਕੋੜ੍ਹੀ ਸ਼ੁੱਧ ਹੋ ਗਿਆ ਸੀ ਜਾਂ ਨਹੀਂ। ਸ਼ੁੱਧ ਹੋਏ ਕੋੜ੍ਹੀ ਮੰਦਰ ਵਿਚ ਦੋ ਜੀਉਂਦੇ ਅਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ ਅਤੇ ਕਿਰਮਚੀ ਕੱਪੜਾ ਅਤੇ ਜੂਫਾ ਚੜ੍ਹਾਵੇ ਜਾਂ ਭੇਂਟ ਦੇ ਤੌਰ ʼਤੇ ਚੜ੍ਹਾਉਂਦੇ ਸਨ।—ਲੇਵੀ 14:2-32.
(ਲੂਕਾ 17:15, 16) ਉਨ੍ਹਾਂ ਵਿੱਚੋਂ ਇਕ ਜਣੇ ਨੇ ਜਦੋਂ ਦੇਖਿਆ ਕਿ ਉਹ ਠੀਕ ਹੋ ਗਿਆ ਸੀ, ਤਾਂ ਉਹ ਵਾਪਸ ਮੁੜ ਪਿਆ ਅਤੇ ਉੱਚੀ-ਉੱਚੀ ਪਰਮੇਸ਼ੁਰ ਦੇ ਗੁਣ ਗਾਉਣ ਲੱਗ ਪਿਆ। 16 ਅਤੇ ਉਸ ਨੇ ਯਿਸੂ ਦੇ ਪੈਰੀਂ ਪੈ ਕੇ ਉਸ ਦਾ ਧੰਨਵਾਦ ਕੀਤਾ। ਨਾਲੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਕੋੜ੍ਹੀ ਸਾਮਰੀ ਸੀ।
(ਲੂਕਾ 17:17, 18) ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ: “ਕੀ ਦਸ ਕੋੜ੍ਹੀ ਸ਼ੁੱਧ ਨਹੀਂ ਕੀਤੇ ਗਏ ਸਨ? ਤਾਂ ਫਿਰ ਬਾਕੀ ਦੇ ਨੌਂ ਕਿੱਥੇ ਹਨ? 18 ਕੀ ਪਰਾਈ ਕੌਮ ਦੇ ਇਸ ਬੰਦੇ ਨੂੰ ਛੱਡ ਹੋਰ ਕੋਈ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਾਪਸ ਨਹੀਂ ਆਇਆ?”
ਸ਼ੁਕਰਗੁਜ਼ਾਰ ਕਿਉਂ ਹੋਈਏ?
ਜਿਨ੍ਹਾਂ ਕੋੜ੍ਹੀਆਂ ਨੇ ਸ਼ੁਕਰੀਆ ਅਦਾ ਨਹੀਂ ਕੀਤਾ ਸੀ, ਕੀ ਯਿਸੂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ? ਹਵਾਲਾ ਅੱਗੇ ਕਹਿੰਦਾ ਹੈ: “ਯਿਸੂ ਨੇ ਅੱਗੋਂ ਆਖਿਆ, ਭਲਾ, ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌ ਕਿੱਥੇ ਹਨ? ਇਸ ਓਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ?”—ਲੂਕਾ 17:17, 18.
ਨੌਂ ਕੋੜ੍ਹੀ ਬੁਰੇ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਯਿਸੂ ਵਿਚ ਆਪਣੀ ਨਿਹਚਾ ਜ਼ਾਹਰ ਕਰ ਦਿੱਤੀ ਸੀ ਤੇ ਉਸ ਨੇ ਉਨ੍ਹਾਂ ਨੂੰ ਜੋ ਹਿਦਾਇਤਾਂ ਦਿੱਤੀਆਂ ਸਨ, ਉਨ੍ਹਾਂ ਨੇ ਮੰਨੀਆਂ। ਉਸ ਨੇ ਕਿਹਾ ਸੀ ਕਿ ਯਰੂਸ਼ਲਮ ਜਾ ਕੇ ਉਹ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਉਣ। ਭਾਵੇਂ ਕਿ ਉਨ੍ਹਾਂ ਨੇ ਯਿਸੂ ਵੱਲੋਂ ਕੀਤੇ ਚੰਗੇ ਕੰਮ ਲਈ ਅੰਦਰੋਂ-ਅੰਦਰੀਂ ਕਦਰ ਮਹਿਸੂਸ ਕੀਤੀ ਸੀ, ਪਰ ਉਨ੍ਹਾਂ ਨੇ ਬੋਲ ਕੇ ਇਹ ਕਦਰ ਜ਼ਾਹਰ ਨਹੀਂ ਕੀਤੀ। ਯਿਸੂ ਨੂੰ ਉਨ੍ਹਾਂ ਦਾ ਇਹ ਰਵੱਈਆ ਚੰਗਾ ਨਹੀਂ ਲੱਗਾ। ਅੱਜ ਸਾਡੇ ਬਾਰੇ ਕੀ? ਜਦ ਕੋਈ ਸਾਡੇ ਲਈ ਚੰਗਾ ਕੰਮ ਕਰਦਾ ਹੈ, ਤਾਂ ਕੀ ਅਸੀਂ ਉਸੇ ਵੇਲੇ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਾਂ ਜੇ ਹੋ ਸਕੇ, ਤਾਂ ਕੀ ਅਸੀਂ ਥੈਂਕਯੂ ਕਾਰਡ ਭੇਜਦੇ ਹਾਂ?
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 17:7-10) “ਜੇ ਕਿਸੇ ਦਾ ਨੌਕਰ ਖੇਤਾਂ ਵਿਚ ਹਲ਼ ਵਾਹ ਕੇ ਜਾਂ ਭੇਡਾਂ-ਬੱਕਰੀਆਂ ਚਾਰ ਕੇ ਘਰ ਮੁੜਦਾ ਹੈ, ਤਾਂ ਕੀ ਉਸ ਦਾ ਮਾਲਕ ਉਸ ਨੂੰ ਕਹੇਗਾ, ‘ਆਜਾ-ਆਜਾ, ਇੱਥੇ ਬੈਠ ਕੇ ਖਾਣਾ ਖਾ’? 8 ਨਹੀਂ, ਸਗੋਂ ਉਹ ਕਹੇਗਾ, ‘ਸ਼ਾਮ ਦੇ ਖਾਣੇ ਵਾਸਤੇ ਮੇਰੇ ਲਈ ਕੁਝ ਪਕਾ ਅਤੇ ਜਦ ਤਕ ਮੈਂ ਖਾ-ਪੀ ਨਾ ਹਟਾਂ, ਉਦੋਂ ਤਕ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ, ਫਿਰ ਤੂੰ ਰੋਟੀ ਖਾਈਂ।’ 9 ਉਹ ਆਪਣੇ ਨੌਕਰ ਦਾ ਅਹਿਸਾਨ ਨਹੀਂ ਮੰਨੇਗਾ ਕਿਉਂਕਿ ਨੌਕਰ ਨੇ ਤਾਂ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। 10 ਇਸ ਲਈ ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ, ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’”
nwtsty ਵਿੱਚੋਂ ਲੂਕਾ 17:10 ਲਈ ਖ਼ਾਸ ਜਾਣਕਾਰੀ
ਨਿਕੰਮੇ: ਸ਼ਾਬਦਿਕ ਅਰਥ “ਬੇਕਾਰ; ਕਿਸੇ ਕੰਮ ਦਾ ਨਹੀਂ।” ਇਸ ਮਿਸਾਲ ਵਿਚ ਯਿਸੂ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿ ਨੌਕਰ ਯਾਨੀ ਉਸ ਦੇ ਚੇਲੇ ਆਪਣੇ ਆਪ ਨੂੰ ਨਿਕੰਮੇ ਜਾਂ ਬੇਕਾਰ ਸਮਝਣ। ਇਨ੍ਹਾਂ ਆਇਤਾਂ ਵਿਚ ਵਰਤੇ “ਨਿਕੰਮੇ” ਸ਼ਬਦ ਦਾ ਮਤਲਬ ਹੈ ਕਿ ਨੌਕਰ ਆਪਣੇ ਆਪ ਨੂੰ ਲੋੜੋਂ ਵਧ ਨਾ ਸਮਝੇ ਅਤੇ ਨਾ ਹੀ ਇਹ ਸੋਚੇ ਕਿ ਉਹ ਕਿਸੇ ਖ਼ਾਸ ਮਹਿਮਾ ਜਾਂ ਵਡਿਆਈ ਲੈਣ ਦਾ ਹੱਕਦਾਰ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਸ਼ਬਦ ਦਾ ਮਤਲਬ ਹੈ ‘ਅਸੀਂ ਸਿਰਫ਼ ਦਾਸ ਹੀ ਹਾਂ ਅਤੇ ਅਸੀਂ ਇਸ ਕਾਬਲ ਨਹੀਂ ਕੋਈ ਸਾਡੇ ਵੱਲ ਖ਼ਾਸ ਧਿਆਨ ਦੇਵੇ।’
(ਲੂਕਾ 18:8) ਮੈਂ ਤੁਹਾਨੂੰ ਕਹਿੰਦਾ ਹਾਂ: ਉਹ ਫਟਾਫਟ ਉਨ੍ਹਾਂ ਦਾ ਇਨਸਾਫ਼ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਤਾਂ ਕੀ ਉਸ ਵੇਲੇ ਧਰਤੀ ਉੱਤੇ ਨਿਹਚਾ ਰੱਖਣ ਵਾਲੇ ਲੋਕ ਹੋਣਗੇ?”
nwtsty ਵਿੱਚੋਂ ਲੂਕਾ 18:8 ਲਈ ਖ਼ਾਸ ਜਾਣਕਾਰੀ
ਨਿਹਚਾ: ਜਾਂ “ਇਸ ਤਰ੍ਹਾਂ ਦੀ ਨਿਹਚਾ।” ਸ਼ਾਬਦਿਕ ਅਰਥ “ਨਿਹਚਾ।” ਇੱਥੇ ਯਿਸੂ ਸਾਧਾਰਣ “ਨਿਹਚਾ” ਦੀ ਗੱਲ ਨਹੀਂ ਕਰ ਰਿਹਾ ਸੀ, ਸਗੋਂ ਖ਼ਾਸ ਕਿਸਮ ਦੀ ਨਿਹਚਾ ਦੀ ਗੱਲ ਕਰ ਰਿਹਾ ਸੀ, ਜਿਸ ਤਰ੍ਹਾਂ ਦੀ ਨਿਹਚਾ ਯਿਸੂ ਦੀ ਮਿਸਾਲ ਵਿਚ ਵਿਧਵਾ ਨੇ ਦਿਖਾਈ ਸੀ। (ਲੂਕਾ 18:1-8) ਇਸ ਵਿਚ ਪ੍ਰਾਰਥਨਾ ਦੀ ਤਾਕਤ ʼਤੇ ਨਿਹਚਾ ਕਰਨ ਦੇ ਨਾਲ-ਨਾਲ ਇਸ ਗੱਲ ʼਤੇ ਨਿਹਚਾ ਕਰਨੀ ਵੀ ਸ਼ਾਮਲ ਹੈ ਕਿ ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨੂੰ ਨਿਆਂ ਦੁਆਵੇਗਾ। ਯਿਸੂ ਨੇ ਨਿਹਚਾ ਬਾਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਖ਼ੁਦ ਜਾਂਚ ਕਰਨ ਕਿ ਉਨ੍ਹਾਂ ਦੀ ਨਿਹਚਾ ਕਿਸ ਤਰ੍ਹਾਂ ਦੀ ਹੈ। ਪ੍ਰਾਰਥਨਾ ਅਤੇ ਨਿਹਚਾ ਬਾਰੇ ਇਹ ਮਿਸਾਲ ਬਿਲਕੁਲ ਢੁਕਵੀਂ ਹੈ ਕਿਉਂਕਿ ਯਿਸੂ ਨੇ ਹੁਣੇ-ਹੁਣੇ ਹੀ ਦੱਸਿਆ ਸੀ ਕਿ ਉਸ ਦੇ ਚੇਲਿਆਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ।—ਲੂਕਾ 17:22-37.
ਬਾਈਬਲ ਪੜ੍ਹਾਈ
(ਲੂਕਾ 18:24-43) ਯਿਸੂ ਨੇ ਉਸ ਵੱਲ ਦੇਖ ਕੇ ਕਿਹਾ: “ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਕਿੰਨਾ ਔਖਾ ਹੋਵੇਗਾ! 25 ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।” 26 ਉਸ ਦੀ ਇਹ ਗੱਲ ਸੁਣ ਰਹੇ ਲੋਕਾਂ ਨੇ ਪੁੱਛਿਆ: “ਤਾਂ ਫਿਰ ਕੌਣ ਬਚੂ?” 27 ਉਸ ਨੇ ਕਿਹਾ: “ਜਿਹੜੇ ਕੰਮ ਇਨਸਾਨ ਲਈ ਨਾਮੁਮਕਿਨ ਹਨ, ਉਹ ਪਰਮੇਸ਼ੁਰ ਲਈ ਮੁਮਕਿਨ ਹਨ।” 28 ਪਰ ਪਤਰਸ ਨੇ ਕਿਹਾ: “ਦੇਖ! ਅਸੀਂ ਆਪਣਾ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ।” 29 ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਜੋ ਵੀ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਘਰ, ਪਤਨੀ, ਭਰਾਵਾਂ, ਮਾਂ-ਪਿਉ ਜਾਂ ਬੱਚਿਆਂ ਨੂੰ ਛੱਡਦਾ ਹੈ, 30 ਉਹ ਹੁਣ ਕਈ ਗੁਣਾ ਇਹ ਚੀਜ਼ਾਂ ਪਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ।” 31 ਫਿਰ ਉਸ ਨੇ ਬਾਰਾਂ ਰਸੂਲਾਂ ਨੂੰ ਇਕ ਪਾਸੇ ਲਿਜਾ ਕੇ ਦੱਸਿਆ: “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਅਤੇ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਨੇ ਜੋ ਵੀ ਗੱਲਾਂ ਲਿਖੀਆਂ ਸਨ, ਉਹ ਸਾਰੀਆਂ ਪੂਰੀਆਂ ਹੋਣਗੀਆਂ। 32 ਮਿਸਾਲ ਲਈ, ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ, ਉਸ ਦਾ ਮਜ਼ਾਕ ਉਡਾਇਆ ਜਾਵੇਗਾ, ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ʼਤੇ ਥੁੱਕਿਆ ਜਾਵੇਗਾ, 33 ਅਤੇ ਉਸ ਦੇ ਕੋਰੜੇ ਮਾਰਨ ਤੋਂ ਬਾਅਦ ਉਹ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਤੀਜੇ ਦਿਨ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।” 34 ਪਰ ਚੇਲੇ ਇਹ ਗੱਲਾਂ ਸਮਝ ਨਾ ਸਕੇ ਕਿਉਂਕਿ ਉਨ੍ਹਾਂ ਤੋਂ ਇਨ੍ਹਾਂ ਗੱਲਾਂ ਦਾ ਮਤਲਬ ਲੁਕਿਆ ਰਿਹਾ। 35 ਹੁਣ ਜਦੋਂ ਉਹ ਯਰੀਹੋ ਦੇ ਲਾਗੇ ਪਹੁੰਚਿਆ, ਤਾਂ ਇਕ ਅੰਨ੍ਹਾ ਭਿਖਾਰੀ ਰਾਹ ਵਿਚ ਬੈਠਾ ਭੀਖ ਮੰਗ ਰਿਹਾ ਸੀ। 36 ਉਸ ਨੇ ਉੱਥੋਂ ਲੰਘ ਰਹੀ ਭੀੜ ਦਾ ਰੌਲ਼ਾ ਸੁਣਿਆ ਤੇ ਉਸ ਨੇ ਇਸ ਬਾਰੇ ਕਿਸੇ ਨੂੰ ਪੁੱਛਿਆ ਕਿ ਕੀ ਹੋ ਰਿਹਾ ਸੀ। 37 ਲੋਕਾਂ ਨੇ ਉਸ ਨੂੰ ਦੱਸਿਆ: “ਯਿਸੂ ਨਾਸਰੀ ਇੱਧਰੋਂ ਦੀ ਲੰਘ ਰਿਹਾ ਹੈ!” 38 ਇਹ ਸੁਣ ਕੇ ਉਸ ਨੇ ਉੱਚੀ-ਉੱਚੀ ਕਿਹਾ: “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ʼਤੇ ਦਇਆ ਕਰ!” 39 ਜਿਹੜੇ ਲੋਕ ਅੱਗੇ-ਅੱਗੇ ਜਾ ਰਹੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਅਤੇ ਮੂੰਹ ਬੰਦ ਰੱਖਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਿਆ: “ਹੇ ਦਾਊਦ ਦੇ ਪੁੱਤਰ, ਮੇਰੇ ʼਤੇ ਦਇਆ ਕਰ!” 40 ਯਿਸੂ ਤੁਰਿਆ ਜਾਂਦਾ ਖੜ੍ਹ ਗਿਆ ਅਤੇ ਉਸ ਨੇ ਕਿਹਾ ਕਿ ਅੰਨ੍ਹੇ ਭਿਖਾਰੀ ਨੂੰ ਉਸ ਕੋਲ ਲਿਆਂਦਾ ਜਾਵੇ। ਜਦੋਂ ਉਹ ਭਿਖਾਰੀ ਉਸ ਕੋਲ ਆਇਆ, ਤਾਂ ਯਿਸੂ ਨੇ ਉਸ ਨੂੰ ਪੁੱਛਿਆ: 41 “ਦੱਸ, ਮੈਂ ਤੇਰੇ ਲਈ ਕੀ ਕਰਾਂ?” ਉਸ ਨੇ ਕਿਹਾ: “ਪ੍ਰਭੂ, ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ।” 42 ਯਿਸੂ ਨੇ ਉਸ ਨੂੰ ਕਿਹਾ: “ਤੂੰ ਸੁਜਾਖਾ ਹੋ ਜਾਹ, ਤੂੰ ਆਪਣੀ ਨਿਹਚਾ ਕਰਕੇ ਠੀਕ ਹੋ ਗਿਆ ਹੈਂ।” 43 ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਯਿਸੂ ਦੇ ਪਿੱਛੇ-ਪਿੱਛੇ ਤੁਰ ਪਿਆ। ਨਾਲੇ, ਸਾਰੇ ਲੋਕ ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗ ਪਏ।
13-19 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 19-20
“ਚਾਂਦੀ ਦੇ ਦਸ ਟੁਕੜਿਆਂ ਦੀ ਮਿਸਾਲ ਤੋਂ ਸਿੱਖੋ”
(ਲੂਕਾ 19:12, 13) ਇਸ ਲਈ ਉਸ ਨੇ ਕਿਹਾ: “ਇਕ ਉੱਚੇ ਖ਼ਾਨਦਾਨ ਦਾ ਆਦਮੀ ਕਿਸੇ ਦੂਰ ਦੇਸ਼ ਜਾਣ ਵਾਲਾ ਸੀ ਤਾਂਕਿ ਉੱਥੋਂ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਵੇ। 13 ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਚਾਂਦੀ ਦੇ ਦਸ ਟੁਕੜੇ ਦਿੰਦਿਆਂ ਕਿਹਾ, ‘ਮੇਰੇ ਵਾਪਸ ਆਉਣ ਤਕ ਵਪਾਰ ਕਰੋ।’
gt ਅਧਿ. 100 ਪੈਰੇ 2-4
ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
ਯਿਸੂ ਦੱਸਦਾ ਹੈ: “ਇੱਕ ਅਮੀਰ ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ।” ਯਿਸੂ ਉਹ “ਅਮੀਰ” ਹੈ, ਅਤੇ ਸਵਰਗ ਉਹ “ਦੂਰ ਦੇਸ” ਹੈ। ਜਦੋਂ ਯਿਸੂ ਉੱਥੇ ਪਹੁੰਚਦਾ ਹੈ, ਤਾਂ ਉਸ ਦਾ ਪਿਤਾ ਉਸ ਨੂੰ ਰਾਜਕੀ ਸ਼ਕਤੀ ਪ੍ਰਦਾਨ ਕਰੇਗਾ।
ਲੇਕਿਨ, ਜਾਣ ਤੋਂ ਪਹਿਲਾਂ ਅਮੀਰ ਆਦਮੀ ਦਸ ਨੌਕਰਾਂ ਨੂੰ ਬੁਲਾਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਚਾਂਦੀ ਦੀ ਇਕ ਅਸ਼ਰਫ਼ੀ ਦਿੰਦੇ ਹੋਏ ਕਹਿੰਦਾ ਹੈ: “ਜਦ ਤੀਕੁਰ ਮੈਂ ਨਾ ਆਵਾਂ ਤੁਸੀਂ ਬਣਜ ਬੁਪਾਰ ਕਰੋ।” ਪਹਿਲੀ ਪੂਰਤੀ ਵਿਚ ਦਸ ਨੌਕਰ ਯਿਸੂ ਦੇ ਮੁੱਢਲੇ ਚੇਲਿਆਂ ਨੂੰ ਦਰਸਾਉਂਦੇ ਹਨ। ਵੱਡੇ ਪੈਮਾਨੇ ਦੀ ਪੂਰਤੀ ਵਿਚ, ਇਹ ਉਨ੍ਹਾਂ ਸਾਰਿਆਂ ਨੂੰ ਚਿਤ੍ਰਿਤ ਕਰਦੇ ਹਨ, ਜੋ ਉਸ ਦੇ ਨਾਲ ਸਵਰਗੀ ਰਾਜ ਵਿਚ ਭਾਵੀ ਵਾਰਸ ਹਨ।
ਚਾਂਦੀ ਦੀਆਂ ਅਸ਼ਰਫ਼ੀਆਂ ਬਹੁਮੁੱਲੇ ਪੈਸੇ ਦੇ ਸਿੱਕੇ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ ਇਕ ਕਿਰਸਾਣਾ ਮਜ਼ਦੂਰ ਦੀ ਲਗਭਗ ਤਿੰਨ ਮਹੀਨਿਆਂ ਦੀ ਮਜ਼ਦੂਰੀ ਦੇ ਬਰਾਬਰ ਹੈ। ਪਰੰਤੂ ਅਸ਼ਰਫ਼ੀਆਂ ਕਿਸ ਚੀਜ਼ ਨੂੰ ਦਰਸਾਉਂਦੀਆਂ ਹਨ? ਅਤੇ ਨੌਕਰਾਂ ਨੇ ਉਨ੍ਹਾਂ ਨਾਲ ਕਿਸ ਕਿਸਮ ਦਾ ਵਪਾਰ ਕਰਨਾ ਹੈ?
(ਲੂਕਾ 19:16-19) ਪਹਿਲੇ ਨੇ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਦਸ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’ 17 ਇਸ ਲਈ ਉਸ ਨੇ ਨੌਕਰ ਨੂੰ ਕਿਹਾ, ‘ਸ਼ਾਬਾਸ਼, ਚੰਗੇ ਨੌਕਰਾ! ਤੂੰ ਇਸ ਬਹੁਤ ਹੀ ਛੋਟੇ ਕੰਮ ਵਿਚ ਭਰੋਸੇਮੰਦ ਨਿਕਲਿਆ ਹੈਂ, ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’ 18 ਫਿਰ ਦੂਸਰੇ ਨੌਕਰ ਨੇ ਆ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਪੰਜ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’ 19 ਉਸ ਨੇ ਇਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’
gt ਅਧਿ. 100 ਪੈਰਾ 8
ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
ਦਸਾਂ ਅਸ਼ਰਫ਼ੀਆਂ ਵਾਲਾ ਨੌਕਰ ਪੰਤੇਕੁਸਤ 33 ਸਾ.ਯੁ. ਤੋਂ ਹੁਣ ਤੱਕ ਦੇ ਚੇਲਿਆਂ ਦੇ ਇਕ ਵਰਗ, ਜਾਂ ਸਮੂਹ ਨੂੰ ਦਰਸਾਉਂਦਾ ਹੈ, ਜਿਸ ਵਿਚ ਰਸੂਲ ਵੀ ਸ਼ਾਮਲ ਹਨ। ਉਹ ਨੌਕਰ ਜਿਸ ਨੇ ਪੰਜ ਅਸ਼ਰਫ਼ੀਆਂ ਪ੍ਰਾਪਤ ਕੀਤੀਆਂ ਵੀ ਉਸੇ ਸਮੇਂ ਦੇ ਦੌਰਾਨ ਦੇ ਇਕ ਸਮੂਹ ਨੂੰ ਦਰਸਾਉਂਦਾ ਹੈ ਜੋ ਆਪਣੇ ਮੌਕਿਆਂ ਅਤੇ ਯੋਗਤਾਵਾਂ ਦੇ ਅਨੁਸਾਰ ਧਰਤੀ ਉੱਤੇ ਆਪਣੇ ਰਾਜੇ ਦੇ ਮਾਲ-ਮਤਾ ਵਿਚ ਵਾਧਾ ਕਰਦਾ ਹੈ। ਦੋਨੋਂ ਸਮੂਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ, ਅਤੇ ਨਤੀਜੇ ਵਜੋਂ, ਬਹੁਤੇਰੇ ਸੁਹਿਰਦ ਵਿਅਕਤੀ ਮਸੀਹੀ ਬਣ ਜਾਂਦੇ ਹਨ। ਨੌਕਰਾਂ ਵਿੱਚੋਂ ਨੌਆਂ ਨੇ ਸਫਲਤਾਪੂਰਵਕ ਵਪਾਰ ਕੀਤਾ ਅਤੇ ਆਪਣੀ ਪੂੰਜੀ ਵਿਚ ਵਾਧਾ ਕੀਤਾ।
(ਲੂਕਾ 19:20-24) ਪਰ ਇਕ ਹੋਰ ਨੌਕਰ ਨੇ ਆ ਕੇ ਕਿਹਾ, ‘ਸੁਆਮੀ, ਆਹ ਲੈ ਆਪਣਾ ਚਾਂਦੀ ਦਾ ਟੁਕੜਾ। ਇਸ ਨੂੰ ਮੈਂ ਰੁਮਾਲ ਵਿਚ ਲਪੇਟ ਕੇ ਰੱਖ ਲਿਆ ਸੀ। 21 ਮੈਨੂੰ ਤੇਰੇ ਤੋਂ ਡਰ ਲੱਗਦਾ ਹੈ ਕਿਉਂਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ; ਤੂੰ ਉਹ ਪੈਸਾ ਕਢਾਉਂਦਾ ਹੈਂ ਜੋ ਤੂੰ ਜਮ੍ਹਾ ਨਹੀਂ ਕਰਾਇਆ ਅਤੇ ਤੂੰ ਉਹ ਫ਼ਸਲ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ।’ 22 ਉਸ ਨੇ ਇਸ ਨੌਕਰ ਨੂੰ ਕਿਹਾ, ‘ਓਏ ਦੁਸ਼ਟ ਨੌਕਰਾ, ਤੇਰੇ ਮੂੰਹੋਂ ਨਿਕਲੀ ਇਸੇ ਗੱਲ ਨਾਲ ਹੀ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਜੇ ਤੈਨੂੰ ਪਤਾ ਸੀ ਕਿ ਮੈਂ ਬੜੇ ਸਖ਼ਤ ਸੁਭਾਅ ਦਾ ਬੰਦਾ ਹਾਂ, ਮੈਂ ਉਹ ਪੈਸਾ ਕਢਾਉਂਦਾ ਹਾਂ ਜੋ ਮੈਂ ਜਮ੍ਹਾ ਨਹੀਂ ਕਰਾਇਆ ਅਤੇ ਮੈਂ ਉਹ ਫ਼ਸਲ ਹੜੱਪ ਲੈਂਦਾ ਹਾਂ ਜੋ ਮੈਂ ਨਹੀਂ ਬੀਜੀ, 23 ਤਾਂ ਤੂੰ ਮੇਰਾ ਚਾਂਦੀ ਦਾ ਟੁਕੜਾ ਸ਼ਾਹੂਕਾਰਾਂ ਨੂੰ ਕਿਉਂ ਨਹੀਂ ਦਿੱਤਾ? ਫਿਰ ਮੈਂ ਆ ਕੇ ਵਿਆਜ ਸਮੇਤ ਇਸ ਨੂੰ ਵਾਪਸ ਲੈ ਲੈਂਦਾ।’ 24 “ਇਸ ਤੋਂ ਬਾਅਦ ਉਸ ਨੇ ਕੋਲ ਖੜ੍ਹੇ ਆਦਮੀਆਂ ਨੂੰ ਕਿਹਾ, ‘ਇਸ ਤੋਂ ਚਾਂਦੀ ਦਾ ਟੁਕੜਾ ਲੈ ਕੇ ਉਸ ਨੂੰ ਦੇ ਦਿਓ ਜਿਸ ਕੋਲ ਚਾਂਦੀ ਦੇ ਦਸ ਟੁਕੜੇ ਹਨ।’
gt ਅਧਿ. 100 ਪੈਰਾ 10
ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
ਦੁਸ਼ਟ ਨੌਕਰ ਲਈ, ਪ੍ਰਤੀਕਾਤਮਕ ਅਸ਼ਰਫ਼ੀ ਨੂੰ ਖੋਹ ਦੇਣ ਦਾ ਮਤਲਬ ਹੈ ਸਵਰਗੀ ਰਾਜ ਵਿਚ ਥਾਂ ਨੂੰ ਖੋਹ ਬੈਠਣਾ। ਜੀ ਹਾਂ, ਉਹ ਮਾਨੋ ਦਸ ਨਗਰਾਂ ਜਾਂ ਪੰਜ ਨਗਰਾਂ ਉੱਪਰ ਰਾਜ ਕਰਨ ਦਾ ਵਿਸ਼ੇਸ਼-ਸਨਮਾਨ ਖੋਹ ਦਿੰਦਾ ਹੈ। ਇਹ ਵੀ ਧਿਆਨ ਦਿਓ ਕਿ ਉਸ ਨੌਕਰ ਨੂੰ ਉਸ ਦੀ ਕੀਤੀ ਹੋਈ ਕਿਸੇ ਬੁਰਾਈ ਦੇ ਲਈ ਨਹੀਂ, ਪਰੰਤੂ ਇਸ ਦੀ ਬਜਾਇ ਆਪਣੇ ਸੁਆਮੀ ਦੇ ਰਾਜ ਦੇ ਧਨ ਨੂੰ ਵਧਾਉਣ ਲਈ ਕੰਮ ਕਰਨ ਤੋਂ ਅਸਫਲ ਹੋਣ ਦੇ ਕਾਰਨ ਦੁਸ਼ਟ ਐਲਾਨ ਕੀਤਾ ਜਾਂਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 19:43) ਕਿਉਂਕਿ ਤੇਰੇ ਉੱਤੇ ਉਹ ਦਿਨ ਆਉਣਗੇ ਜਦੋਂ ਤੇਰੇ ਦੁਸ਼ਮਣ ਤੇਰੇ ਆਲੇ-ਦੁਆਲੇ ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਹਰ ਪਾਸਿਓਂ ਤੇਰੇ ਉੱਤੇ ਦਬਾਅ ਪਾਉਣਗੇ,
nwtsty ਵਿੱਚੋਂ ਲੂਕਾ 19:43 ਲਈ ਖ਼ਾਸ ਜਾਣਕਾਰੀ
ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ: ਜਾਂ “ਵਾੜ।” ਮਸੀਹੀ ਯੂਨਾਨੀ ਲਿਖਤਾਂ ਵਿਚ ਖ਼ਾਰਕਸ (khaʹrax) ਯੂਨਾਨੀ ਸ਼ਬਦ ਸਿਰਫ਼ ਇੱਥੇ ਹੀ ਪਾਇਆ ਜਾਂਦਾ ਹੈ। ਇਸ ਦਾ ਮਤਲਬ ਹੈ, “ਤਿੱਖੀਆਂ ਬੱਲੀਆਂ ਨਾਲ ਕਿਸੇ ਜਗ੍ਹਾ ਦੇ ਦੁਆਲੇ ਵਾੜ ਲਾਉਣੀ; ਬੱਲੀਆਂ” ਅਤੇ “ਫ਼ੌਜੀਆਂ ਵੱਲੋਂ ਬੱਲੀਆਂ ਲਾ ਕੇ ਘੇਰਾਬੰਦੀ ਕਰਨੀ।” ਯਿਸੂ ਦੇ ਇਹ ਸ਼ਬਦ 70 ਈ. ਵਿਚ ਪੂਰੇ ਹੋਏ ਜਦੋਂ ਰੋਮੀਆਂ ਨੇ ਟਾਈਟਸ ਦੇ ਹੁਕਮ ʼਤੇ ਯਰੂਸ਼ਲਮ ਦੀ ਕੰਧ ਦੁਆਲੇ ਘੇਰਾਬੰਦੀ ਕੀਤੀ ਸੀ। ਟਾਈਟਸ ਦੇ ਤਿੰਨ ਮਕਸਦ ਸਨ—ਯਹੂਦੀਆਂ ਨੂੰ ਭੱਜਣ ਤੋਂ ਰੋਕਣਾ, ਉਨ੍ਹਾਂ ਨੂੰ ਆਪਣੇ ਸਾਮ੍ਹਣੇ ਹਾਰ ਮੰਨਣ ਲਈ ਮਜਬੂਰ ਕਰਨਾ ਅਤੇ ਰਸਦ-ਪਾਣੀ ਦੀ ਕਮੀ ਕਰਕੇ ਉਨ੍ਹਾਂ ਨੂੰ ਅਧੀਨ ਕਰ ਲੈਣਾ। ਰੋਮੀਆਂ ਨੇ ਯਰੂਸ਼ਲਮ ਦੁਆਲੇ ਘੇਰਾਬੰਦੀ ਕਰਨ ਲਈ ਸ਼ਹਿਰ ਤੋਂ ਬਾਹਰ ਦਰਖ਼ਤਾਂ ਨੂੰ ਕੱਟ ਕੇ ਲੱਕੜਾਂ ਦਾ ਇਸਤੇਮਾਲ ਕੀਤਾ।
(ਲੂਕਾ 20:38) ਸੋ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ, ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।”
nwtsty ਵਿੱਚੋਂ ਲੂਕਾ 20:38 ਲਈ ਖ਼ਾਸ ਜਾਣਕਾਰੀ
ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ: ਜਾਂ “ਉਸ ਲਈ ਉਹ ਸਾਰੇ ਜੀਉਂਦੇ ਹਨ।” ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕ ਉਸ ਦੀਆਂ ਨਜ਼ਰਾਂ ਵਿਚ ਮਰੇ ਹੋਇਆਂ ਵਾਂਗ ਹਨ। (ਅਫ਼ 2:1; 1 ਤਿਮੋ 5:6) ਇਸੇ ਤਰ੍ਹਾਂ ਮਰ ਚੁੱਕੇ ਪਰਮੇਸ਼ੁਰ ਦੇ ਸੇਵਕ ਉਸ ਦੀਆਂ ਨਜ਼ਰਾਂ ਵਿਚ ਜੀਉਂਦੇ ਹਨ ਕਿਉਂਕਿ ਆਪਣੇ ਸੇਵਕਾਂ ਨੂੰ ਜੀਉਂਦਾ ਕਰਨ ਦਾ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।—ਰੋਮੀ 4:16, 17.
ਬਾਈਬਲ ਪੜ੍ਹਾਈ
(ਲੂਕਾ 19:11-27) ਜਦੋਂ ਚੇਲੇ ਇਹ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਇਕ ਮਿਸਾਲ ਦਿੱਤੀ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਚੇਲੇ ਸੋਚ ਰਹੇ ਸਨ ਕਿ ਪਰਮੇਸ਼ੁਰ ਦਾ ਰਾਜ ਇਕਦਮ ਪ੍ਰਗਟ ਹੋ ਜਾਵੇਗਾ। 12 ਇਸ ਲਈ ਉਸ ਨੇ ਕਿਹਾ: “ਇਕ ਉੱਚੇ ਖ਼ਾਨਦਾਨ ਦਾ ਆਦਮੀ ਕਿਸੇ ਦੂਰ ਦੇਸ਼ ਜਾਣ ਵਾਲਾ ਸੀ ਤਾਂਕਿ ਉੱਥੋਂ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਵੇ। 13 ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਚਾਂਦੀ ਦੇ ਦਸ ਟੁਕੜੇ ਦਿੰਦਿਆਂ ਕਿਹਾ, ‘ਮੇਰੇ ਵਾਪਸ ਆਉਣ ਤਕ ਵਪਾਰ ਕਰੋ।’ 14 ਪਰ ਉਸ ਦੇ ਆਪਣੇ ਦੇਸ਼ ਦੇ ਲੋਕ ਉਸ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਇਹ ਸੰਦੇਸ਼ ਦੇਣ ਲਈ ਉਸ ਦੇ ਪਿੱਛੇ-ਪਿੱਛੇ ਰਾਜਦੂਤ ਘੱਲੇ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’ 15 “ਫਿਰ ਜਦੋਂ ਉਹ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਇਆ, ਤਾਂ ਉਸ ਨੇ ਉਨ੍ਹਾਂ ਨੌਕਰਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਉਸ ਨੇ ਚਾਂਦੀ ਦੇ ਟੁਕੜੇ ਦਿੱਤੇ ਸਨ। ਉਸ ਨੇ ਉਨ੍ਹਾਂ ਤੋਂ ਹਿਸਾਬ ਮੰਗਿਆ ਕਿ ਉਨ੍ਹਾਂ ਨੇ ਵਪਾਰ ਕਰ ਕੇ ਕਿੰਨੇ ਪੈਸੇ ਕਮਾਏ ਸਨ। 16 ਪਹਿਲੇ ਨੇ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਦਸ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’ 17 ਇਸ ਲਈ ਉਸ ਨੇ ਨੌਕਰ ਨੂੰ ਕਿਹਾ, ‘ਸ਼ਾਬਾਸ਼, ਚੰਗੇ ਨੌਕਰਾ! ਤੂੰ ਇਸ ਬਹੁਤ ਹੀ ਛੋਟੇ ਕੰਮ ਵਿਚ ਭਰੋਸੇਮੰਦ ਨਿਕਲਿਆ ਹੈਂ, ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’ 18 ਫਿਰ ਦੂਸਰੇ ਨੌਕਰ ਨੇ ਆ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਪੰਜ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’ 19 ਉਸ ਨੇ ਇਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’ 20 ਪਰ ਇਕ ਹੋਰ ਨੌਕਰ ਨੇ ਆ ਕੇ ਕਿਹਾ, ‘ਸੁਆਮੀ, ਆਹ ਲੈ ਆਪਣਾ ਚਾਂਦੀ ਦਾ ਟੁਕੜਾ। ਇਸ ਨੂੰ ਮੈਂ ਰੁਮਾਲ ਵਿਚ ਲਪੇਟ ਕੇ ਰੱਖ ਲਿਆ ਸੀ। 21 ਮੈਨੂੰ ਤੇਰੇ ਤੋਂ ਡਰ ਲੱਗਦਾ ਹੈ ਕਿਉਂਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ; ਤੂੰ ਉਹ ਪੈਸਾ ਕਢਾਉਂਦਾ ਹੈਂ ਜੋ ਤੂੰ ਜਮ੍ਹਾ ਨਹੀਂ ਕਰਾਇਆ ਅਤੇ ਤੂੰ ਉਹ ਫ਼ਸਲ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ।’ 22 ਉਸ ਨੇ ਇਸ ਨੌਕਰ ਨੂੰ ਕਿਹਾ, ‘ਓਏ ਦੁਸ਼ਟ ਨੌਕਰਾ, ਤੇਰੇ ਮੂੰਹੋਂ ਨਿਕਲੀ ਇਸੇ ਗੱਲ ਨਾਲ ਹੀ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਜੇ ਤੈਨੂੰ ਪਤਾ ਸੀ ਕਿ ਮੈਂ ਬੜੇ ਸਖ਼ਤ ਸੁਭਾਅ ਦਾ ਬੰਦਾ ਹਾਂ, ਮੈਂ ਉਹ ਪੈਸਾ ਕਢਾਉਂਦਾ ਹਾਂ ਜੋ ਮੈਂ ਜਮ੍ਹਾ ਨਹੀਂ ਕਰਾਇਆ ਅਤੇ ਮੈਂ ਉਹ ਫ਼ਸਲ ਹੜੱਪ ਲੈਂਦਾ ਹਾਂ ਜੋ ਮੈਂ ਨਹੀਂ ਬੀਜੀ, 23 ਤਾਂ ਤੂੰ ਮੇਰਾ ਚਾਂਦੀ ਦਾ ਟੁਕੜਾ ਸ਼ਾਹੂਕਾਰਾਂ ਨੂੰ ਕਿਉਂ ਨਹੀਂ ਦਿੱਤਾ? ਫਿਰ ਮੈਂ ਆ ਕੇ ਵਿਆਜ ਸਮੇਤ ਇਸ ਨੂੰ ਵਾਪਸ ਲੈ ਲੈਂਦਾ।’ 24 “ਇਸ ਤੋਂ ਬਾਅਦ ਉਸ ਨੇ ਕੋਲ ਖੜ੍ਹੇ ਆਦਮੀਆਂ ਨੂੰ ਕਿਹਾ, ‘ਇਸ ਤੋਂ ਚਾਂਦੀ ਦਾ ਟੁਕੜਾ ਲੈ ਕੇ ਉਸ ਨੂੰ ਦੇ ਦਿਓ ਜਿਸ ਕੋਲ ਚਾਂਦੀ ਦੇ ਦਸ ਟੁਕੜੇ ਹਨ।’ 25 ਪਰ ਉਨ੍ਹਾਂ ਨੇ ਉਸ ਨੂੰ ਕਿਹਾ, ‘ਸੁਆਮੀ ਜੀ, ਉਸ ਕੋਲ ਤਾਂ ਪਹਿਲਾਂ ਹੀ ਚਾਂਦੀ ਦੇ ਦਸ ਟੁਕੜੇ ਹਨ!’ ਉਸ ਨੇ ਜਵਾਬ ਦਿੱਤਾ: 26 ‘ਮੈਂ ਤੁਹਾਨੂੰ ਕਹਿੰਦਾ ਹਾਂ: ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ। 27 ਨਾਲੇ, ਜਿਹੜੇ ਮੇਰੇ ਦੁਸ਼ਮਣ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦਾ ਰਾਜਾ ਬਣਾ, ਉਨ੍ਹਾਂ ਨੂੰ ਇੱਥੇ ਲਿਆ ਕੇ ਮੇਰੇ ਸਾਮ੍ਹਣੇ ਵੱਢ ਸੁੱਟੋ।’”
20-26 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 21-22
“ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”
(ਲੂਕਾ 21:25) “ਨਾਲੇ, ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ, ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ,
kr 226 ਪੈਰਾ 9
ਪਰਮੇਸ਼ੁਰ ਦਾ ਰਾਜ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰ ਦੇਵੇਗਾ
9 ਆਕਾਸ਼ੀ ਘਟਨਾਵਾਂ। ਯਿਸੂ ਨੇ ਪਹਿਲਾ ਹੀ ਦੱਸ ਦਿੱਤਾ ਸੀ ਕਿ: “ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ, ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ।” ਬਿਨਾਂ ਸ਼ੱਕ, ਧਾਰਮਿਕ ਆਗੂਆਂ ਦੀ ਪਛਾਣ ਚਾਨਣ ਵਜੋਂ ਖ਼ਤਮ ਹੋ ਜਾਵੇਗੀ ਯਾਨੀ ਲੋਕ ਅਗਵਾਈ ਲਈ ਉਨ੍ਹਾਂ ਵੱਲ ਨਹੀਂ ਦੇਖਣਗੇ। ਕੀ ਯਿਸੂ ਸੱਚ-ਮੁੱਚ ਅਦਭੁਤ ਆਕਾਸ਼ੀ ਘਟਨਾਵਾਂ ਦੀ ਵੀ ਗੱਲ ਕਰ ਰਿਹਾ ਸੀ? ਹੋ ਸਕਦਾ ਹੈ। (ਯਸਾ 13:9-11; ਯੋਏ 2:1, 30, 31) ਇਹ ਸਭ ਹੁੰਦਾ ਦੇਖ ਕੇ ਲੋਕੀਂ ਕੀ ਕਰਨਗੇ? ਉਹ ‘ਕਸ਼ਟ ਦੇ ਮਾਰੇ ਤੜਫਣਗੇ’ ਕਿਉਂਕਿ “ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ।” (ਲੂਕਾ 21:25; ਸਫ਼ 1:17) ਹਾਂ, ਪਰਮੇਸ਼ੁਰ ਦੇ ਰਾਜ ਦੇ ਦੁਸ਼ਮਣ, ਰਾਜੇ ਤੋਂ ਲੈ ਕੇ ਗ਼ੁਲਾਮ ਤਕ, “ਉਸ ਬਾਰੇ ਸੋਚ ਕੇ ਡਰ ਅਤੇ ਚਿੰਤਾ ਨਾਲ ਚਕਰਾ ਜਾਣਗੇ” ਅਤੇ ਬਚਣ ਲਈ ਦੌੜਨਗੇ। ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਲੱਭੇਗੀ ਜਿੱਥੇ ਉਹ ਰਾਜੇ ਦੇ ਗੁੱਸੇ ਤੋਂ ਬਚ ਸਕਣ।—ਲੂਕਾ 21:26; 23:30; ਪ੍ਰਕਾ. 6:15-17.
(ਲੂਕਾ 21:26) ਇਸ ਦੁਨੀਆਂ ਉੱਤੇ ਜੋ ਬੀਤੇਗੀ, ਉਸ ਬਾਰੇ ਸੋਚ ਕੇ ਲੋਕ ਡਰ ਤੇ ਚਿੰਤਾ ਨਾਲ ਚਕਰਾ ਜਾਣਗੇ, ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
(ਲੂਕਾ 21:27, 28) ਅਤੇ ਫਿਰ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਬੱਦਲਾਂ ਵਿਚ ਆਉਂਦਾ ਦੇਖਣਗੇ। 28 ਪਰ ਜਦੋਂ ਇਹ ਗੱਲਾਂ ਹੋਣ ਲੱਗ ਪੈਣ, ਤਾਂ ਹੌਸਲਾ ਰੱਖਣਾ ਅਤੇ ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”
“ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ”!
17 ‘ਹੌਸਲਾ ਰੱਖੋ।’ (ਇਬਰਾਨੀਆਂ 13:6 ਪੜ੍ਹੋ।) ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਸਾਨੂੰ ਔਖੀਆਂ ਘੜੀਆਂ ਸਹਿਣ ਦਾ ਹੌਸਲਾ ਮਿਲੇਗਾ। ਇਹ ਹੌਸਲਾ ਸਾਡੀ ਸਹੀ ਰਵੱਈਆ ਰੱਖਣ ਵਿਚ ਮਦਦ ਕਰੇਗਾ। ਨਾਲੇ ਜਦੋਂ ਅਸੀਂ ਸਹੀ ਰਵੱਈਆ ਰੱਖਾਂਗੇ, ਤਾਂ ਅਸੀਂ ਭੈਣਾਂ-ਭਰਾਵਾਂ ਨੂੰ ਹਿੰਮਤ ਅਤੇ ਦਿਲਾਸਾ ਦੇ ਕੇ ਉਨ੍ਹਾਂ ਨੂੰ ਭਰਾਵਾਂ ਵਰਗਾ ਪਿਆਰ ਦਿਖਾ ਸਕਾਂਗੇ। (1 ਥੱਸ. 5:14, 15) ਅਸੀਂ ਮਹਾਂਕਸ਼ਟ ਦੌਰਾਨ ਵੀ ਹੌਸਲਾ ਰੱਖ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਛੁਟਕਾਰਾ ਹੋਣ ਵਾਲਾ ਹੈ।—ਲੂਕਾ 21:25-28.
“ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”!
13 ਬੱਕਰੀਆਂ ਵਰਗੇ ਲੋਕ ਕੀ ਕਰਨਗੇ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ? ਉਹ ‘ਆਪਣੀਆਂ ਛਾਤੀਆਂ ਪਿੱਟਣਗੇ।’ (ਮੱਤੀ 24:30) ਪਰ ਚੁਣੇ ਹੋਏ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕ ਕੀ ਕਰਨਗੇ? ਉਹ ਉਹੀ ਕਰਨਗੇ ਜੋ ਯਿਸੂ ਨੇ ਕਿਹਾ ਸੀ: “ਜਦੋਂ ਇਹ ਗੱਲਾਂ ਹੋਣ ਲੱਗ ਪੈਣ, ਤਾਂ ਹੌਸਲਾ ਰੱਖਣਾ ਅਤੇ ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”—ਲੂਕਾ 21:28.
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 21:33) ਆਸਮਾਨ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।
nwtsty ਵਿੱਚੋਂ ਲੂਕਾ 21:33 ਲਈ ਖ਼ਾਸ ਜਾਣਕਾਰੀ
ਆਸਮਾਨ ਅਤੇ ਧਰਤੀ ਮਿਟ ਜਾਣਗੇ: ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਆਸਮਾਨ ਅਤੇ ਧਰਤੀ ਹਮੇਸ਼ਾ ਰਹਿਣਗੇ। (ਉਤ 9:16; ਜ਼ਬੂ 104:5; ਉਪ 1:4) ਇੱਥੇ ਕਹੇ ਯਿਸੂ ਦੇ ਸ਼ਬਦਾਂ ਦਾ ਮਤਲਬ ਹੈ ਕਿ ਚਾਹੇ ਨਾਮੁਮਕਿਨ ਗੱਲਾਂ ਹੋ ਜਾਣ ਅਤੇ ਆਸਮਾਨ ਅਤੇ ਧਰਤੀ ਸੱਚ-ਮੁੱਚ ਮਿਟ ਜਾਣ, ਤਾਂ ਵੀ ਯਿਸੂ ਦੇ ਕਹੇ ਸ਼ਬਦ ਜ਼ਰੂਰ ਪੂਰੇ ਹੋਣਗੇ। (ਮੱਤੀ 5:18 ਵਿਚ ਨੁਕਤਾ ਦੇਖੋ) ਸ਼ਾਇਦ ਇੱਥੇ ਸੱਚ-ਮੁੱਚ ਦੇ ਸਵਰਗ ਅਤੇ ਧਰਤੀ ਦੀ ਗੱਲ ਨਹੀਂ ਕੀਤੀ ਗਈ, ਸਗੋਂ ਪ੍ਰਕਾ 21:1 ਵਿਚ ਦੱਸੇ ‘ਪੁਰਾਣੇ ਆਕਾਸ਼ ਅਤੇ ਪੁਰਾਣੀ ਧਰਤੀ’ ਦੀ ਗੱਲ ਕੀਤੀ ਗਈ ਹੈ।
ਮੇਰੇ ਸ਼ਬਦ ਕਦੇ ਨਹੀਂ ਮਿਟਣਗੇ: ਜਾਂ “ਮੇਰੇ ਸ਼ਬਦ ਪੂਰੇ ਹੋਏ ਬਿਨਾਂ ਨਹੀਂ ਮਿਟਣਗੇ।” ਦੋ ਨਕਾਰਾਤਮਕ ਯੂਨਾਨੀ ਕ੍ਰਿਆਵਾਂ ਦੇ ਇਸਤੇਮਾਲ ਰਾਹੀਂ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਕਿ ਯਿਸੂ ਦੇ ਸ਼ਬਦ ਹਰ ਹਾਲ ਵਿਚ ਪੂਰੇ ਹੋਣਗੇ।
(ਲੂਕਾ 22:28-30) “ਪਰ ਤੁਸੀਂ ਹੀ ਮੇਰੀਆਂ ਅਜ਼ਮਾਇਸ਼ਾਂ ਦੌਰਾਨ ਮੇਰਾ ਸਾਥ ਨਿਭਾਇਆ, 29 ਅਤੇ ਮੈਂ ਤੁਹਾਨੂੰ ਰਾਜ ਦੇਣ ਦਾ ਇਕਰਾਰ ਕਰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ, 30 ਤਾਂਕਿ ਤੁਸੀਂ ਮੇਰੇ ਰਾਜ ਵਿਚ ਮੇਰੇ ਮੇਜ਼ ਦੁਆਲੇ ਬੈਠ ਕੇ ਖਾਓ-ਪੀਓ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋ।
ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
15 ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਰਾਜ ਦਾ ਇਕਰਾਰ ਕੀਤਾ ਸੀ। (ਲੂਕਾ 22:28-30 ਪੜ੍ਹੋ।) ਦੂਸਰੇ ਇਕਰਾਰਾਂ ਵਿਚ ਯਹੋਵਾਹ ਇਕ ਧਿਰ ਸੀ, ਪਰ ਰਾਜ ਦਾ ਇਕਰਾਰ ਯਿਸੂ ਅਤੇ ਉਸ ਦੇ ਚੁਣੇ ਹੋਏ ਚੇਲਿਆਂ ਵਿਚਕਾਰ ਕੀਤਾ ਗਿਆ ਸੀ। ਜਦੋਂ ਯਿਸੂ ਨੇ ਕਿਹਾ ਸੀ ਕਿ “ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ,” ਉਦੋਂ ਸ਼ਾਇਦ ਉਹ ਉਸ ਇਕਰਾਰ ਦੀ ਗੱਲ ਕਰ ਰਿਹਾ ਸੀ ਜੋ ਯਹੋਵਾਹ ਨੇ ਉਸ ਨਾਲ ਕੀਤਾ ਸੀ। ਉਸ ਇਕਰਾਰ ਮੁਤਾਬਕ ਯਿਸੂ ਨੇ “ਮਲਕਿਸਿਦਕ ਵਾਂਗ ਪੁਜਾਰੀ” ਬਣਨਾ ਸੀ ਤੇ ‘ਹਮੇਸ਼ਾ ਪੁਜਾਰੀ ਰਹਿਣਾ’ ਸੀ।—ਇਬ. 5:5, 6.
16 ਯਿਸੂ ਦੇ 11 ਵਫ਼ਾਦਾਰ ਰਸੂਲਾਂ ਨੇ ‘ਅਜ਼ਮਾਇਸ਼ਾਂ ਦੌਰਾਨ ਯਿਸੂ ਦਾ ਸਾਥ ਨਿਭਾਇਆ।’ ਰਾਜ ਦੇ ਇਕਰਾਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਵਰਗ ਵਿਚ ਰਾਜੇ ਬਣ ਕੇ ਉਸ ਨਾਲ ਰਾਜ ਕਰਨਗੇ ਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ। ਪਰ 11 ਰਸੂਲਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਇਹ ਸਨਮਾਨ ਮਿਲਣਾ ਸੀ। ਮਹਿਮਾਵਾਨ ਯਿਸੂ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਦੇ ਕੇ ਕਿਹਾ: “ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ, ਜਿਵੇਂ ਮੈਂ ਜਿੱਤ ਹਾਸਲ ਕਰ ਕੇ ਆਪਣੇ ਪਿਤਾ ਨਾਲ ਉਸ ਦੇ ਸਿੰਘਾਸਣ ਉੱਤੇ ਬੈਠ ਗਿਆ ਸੀ।” (ਪ੍ਰਕਾ. 3:21) ਇਸ ਤੋਂ ਪਤਾ ਲੱਗਦਾ ਹੈ ਕਿ ਰਾਜ ਦਾ ਇਕਰਾਰ 1,44,000 ਚੁਣੇ ਹੋਏ ਮਸੀਹੀਆਂ ਨਾਲ ਕੀਤਾ ਗਿਆ ਹੈ। (ਪ੍ਰਕਾ. 5:9, 10; 7:4) ਇਸ ਇਕਰਾਰ ਦੇ ਰਾਹੀਂ ਉਨ੍ਹਾਂ ਨੂੰ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਕਾਨੂੰਨੀ ਹੱਕ ਮਿਲਦਾ ਹੈ। ਮਿਸਾਲ ਲਈ, ਜਦੋਂ ਇਕ ਉੱਚੇ ਖ਼ਾਨਦਾਨ ਦੀ ਕੁੜੀ ਦਾ ਵਿਆਹ ਕਿਸੇ ਰਾਜੇ ਨਾਲ ਹੁੰਦਾ ਹੈ, ਤਾਂ ਵਿਆਹ ਹੋਣ ਤੋਂ ਬਾਅਦ ਉਸ ਨੂੰ ਵੀ ਰਾਜੇ ਨਾਲ ਰਾਜ ਕਰਨ ਦਾ ਹੱਕ ਮਿਲਦਾ ਹੈ। ਬਾਈਬਲ ਵਿਚ ਚੁਣੇ ਹੋਏ ਮਸੀਹੀਆਂ ਨੂੰ ਮਸੀਹ ਦੀ “ਲਾੜੀ” ਤੇ “ਪਾਕ ਕੁਆਰੀ” ਕਿਹਾ ਗਿਆ ਹੈ ਜਿਸ ਦੀ ਕੁੜਮਾਈ ਮਸੀਹ ਨਾਲ ਹੋਈ ਹੈ।—ਪ੍ਰਕਾ. 19:7, 8; 21:9; 2 ਕੁਰਿੰ. 11:2.
ਬਾਈਬਲ ਪੜ੍ਹਾਈ
(ਲੂਕਾ 22:35-53) ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਜਦੋਂ ਮੈਂ ਤੁਹਾਨੂੰ ਪੈਸਿਆਂ ਦੀ ਗੁਥਲੀ, ਝੋਲ਼ੇ ਅਤੇ ਜੁੱਤੀਆਂ ਦੇ ਵਾਧੂ ਜੋੜੇ ਤੋਂ ਬਿਨਾਂ ਘੱਲਿਆ ਸੀ, ਤਾਂ ਕੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਈ ਸੀ?” ਉਨ੍ਹਾਂ ਨੇ ਕਿਹਾ: “ਨਹੀਂ!” 36 ਫਿਰ ਉਸ ਨੇ ਕਿਹਾ: “ਪਰ ਹੁਣ ਜਿਸ ਕੋਲ ਪੈਸਿਆਂ ਦੀ ਗੁਥਲੀ ਹੈ ਉਹ ਗੁਥਲੀ ਨਾਲ ਲੈ ਜਾਵੇ, ਇਸੇ ਤਰ੍ਹਾਂ ਝੋਲ਼ਾ ਵੀ ਨਾਲ ਲੈ ਜਾਵੇ; ਅਤੇ ਜਿਸ ਕੋਲ ਤਲਵਾਰ ਨਹੀਂ ਹੈ, ਉਹ ਆਪਣਾ ਚੋਗਾ ਵੇਚ ਕੇ ਇਕ ਤਲਵਾਰ ਖ਼ਰੀਦ ਲਵੇ। 37 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਬਾਰੇ ਧਰਮ-ਗ੍ਰੰਥ ਵਿਚ ਜੋ ਵੀ ਲਿਖਿਆ ਗਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ, ਯਾਨੀ ‘ਉਹ ਅਪਰਾਧੀਆਂ ਵਿਚ ਗਿਣਿਆ ਗਿਆ।’ ਮੇਰੇ ਬਾਰੇ ਲਿਖੀਆਂ ਗੱਲਾਂ ਪੂਰੀਆਂ ਹੋ ਰਹੀਆਂ ਹਨ।” 38 ਫਿਰ ਉਨ੍ਹਾਂ ਨੇ ਕਿਹਾ: “ਪ੍ਰਭੂ, ਆਹ ਦੇਖ, ਸਾਡੇ ਕੋਲ ਦੋ ਤਲਵਾਰਾਂ ਹਨ।” ਉਸ ਨੇ ਉਨ੍ਹਾਂ ਨੂੰ ਕਿਹਾ: “ਇੰਨੀਆਂ ਕਾਫ਼ੀ ਹਨ।” 39 ਫਿਰ ਉਹ ਉੱਥੋਂ ਨਿਕਲ ਕੇ ਹਮੇਸ਼ਾ ਵਾਂਗ ਜ਼ੈਤੂਨ ਪਹਾੜ ਉੱਤੇ ਚਲਾ ਗਿਆ ਅਤੇ ਚੇਲੇ ਵੀ ਉਸ ਦੇ ਨਾਲ ਸਨ। 40 ਉੱਥੇ ਜਾ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਪਰੀਖਿਆ ਦੌਰਾਨ ਡਿਗ ਨਾ ਪਓ।” 41 ਅਤੇ ਉਹ ਉਨ੍ਹਾਂ ਤੋਂ ਥੋੜ੍ਹੀ ਦੂਰ ਚਲਾ ਗਿਆ ਅਤੇ ਜ਼ਮੀਨ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹੋਏ 42 ਕਹਿਣ ਲੱਗਾ: “ਹੇ ਪਿਤਾ, ਜੇ ਤੂੰ ਚਾਹੇਂ, ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।” 43 ਫਿਰ ਸਵਰਗੋਂ ਇਕ ਦੂਤ ਨੇ ਪ੍ਰਗਟ ਹੋ ਕੇ ਉਸ ਨੂੰ ਹੌਸਲਾ ਦਿੱਤਾ। 44 ਪਰ ਉਹ ਮਨੋਂ ਬੜਾ ਦੁਖੀ ਹੋਇਆ ਅਤੇ ਉਹ ਹੋਰ ਵੀ ਗਿੜਗਿੜਾ ਕੇ ਪ੍ਰਾਰਥਨਾ ਕਰਨ ਲੱਗਾ, ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿਗ ਰਿਹਾ ਸੀ। 45 ਫਿਰ ਉਹ ਪ੍ਰਾਰਥਨਾ ਕਰ ਕੇ ਖੜ੍ਹਾ ਹੋਇਆ ਅਤੇ ਜਾ ਕੇ ਆਪਣੇ ਚੇਲਿਆਂ ਨੂੰ ਦੇਖਿਆ ਕਿ ਉਹ ਗਮ ਦੇ ਮਾਰੇ ਚੂਰ ਹੋ ਕੇ ਸੁੱਤੇ ਪਏ ਸਨ, 46 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਪਰੀਖਿਆ ਦੌਰਾਨ ਡਿਗ ਨਾ ਪਓ।” 47 ਜਦੋਂ ਅਜੇ ਉਹ ਗੱਲ ਕਰ ਹੀ ਰਿਹਾ ਸੀ, ਤਾਂ ਦੇਖੋ! ਇਕ ਭੀੜ ਆਈ ਅਤੇ ਉਨ੍ਹਾਂ ਦੇ ਅੱਗੇ-ਅੱਗੇ ਯਹੂਦਾ ਆਇਆ ਜਿਹੜਾ ਬਾਰਾਂ ਰਸੂਲਾਂ ਵਿੱਚੋਂ ਇਕ ਸੀ। ਉਹ ਯਿਸੂ ਨੂੰ ਚੁੰਮਣ ਲਈ ਕੋਲ ਆਇਆ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਯਹੂਦਾ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਇਸ ਲਈ ਚੁੰਮ ਰਿਹਾ ਹੈਂ ਤਾਂਕਿ ਤੂੰ ਉਸ ਨੂੰ ਧੋਖੇ ਨਾਲ ਫੜਵਾ ਦੇਵੇਂ?” 49 ਜਦੋਂ ਯਿਸੂ ਦੇ ਨਾਲ ਆਏ ਚੇਲਿਆਂ ਨੇ ਦੇਖਿਆ ਕਿ ਕੀ ਹੋਣ ਵਾਲਾ ਸੀ, ਤਾਂ ਉਨ੍ਹਾਂ ਨੇ ਕਿਹਾ: “ਪ੍ਰਭੂ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ?” 50 ਉਨ੍ਹਾਂ ਵਿੱਚੋਂ ਇਕ ਨੇ ਤਾਂ ਤਲਵਾਰ ਦਾ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ। 51 ਪਰ ਇਹ ਦੇਖ ਕੇ ਯਿਸੂ ਨੇ ਕਿਹਾ: “ਬੱਸ! ਬਹੁਤ ਹੋ ਗਿਆ।” ਅਤੇ ਉਸ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। 52 ਫਿਰ ਜਿਹੜੇ ਮੁੱਖ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਬਜ਼ੁਰਗ ਉਸ ਨੂੰ ਫੜਨ ਆਏ ਸਨ, ਉਨ੍ਹਾਂ ਨੂੰ ਉਸ ਨੇ ਕਿਹਾ: “ਕੀ ਤੁਸੀਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਕਿਸੇ ਡਾਕੂ ਵਾਂਗ ਫੜਨ ਆਏ ਹੋ? 53 ਜਦੋਂ ਮੈਂ ਰੋਜ਼ ਮੰਦਰ ਵਿਚ ਤੁਹਾਡੇ ਨਾਲ ਹੁੰਦਾ ਸੀ, ਉਦੋਂ ਤਾਂ ਤੁਸੀਂ ਮੈਨੂੰ ਫੜਿਆ ਨਹੀਂ। ਪਰ ਇਹ ਸਮਾਂ ਤੁਹਾਡਾ ਹੈ ਅਤੇ ਹੁਣ ਹਨੇਰੇ ਦਾ ਰਾਜ ਚੱਲ ਰਿਹਾ ਹੈ।”
27 ਅਗਸਤ–2 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 23–24
“ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹੋ”
(ਲੂਕਾ 23:34) [ਪਰ ਯਿਸੂ ਕਹਿ ਰਿਹਾ ਸੀ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।”] ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੇ ਕੱਪੜੇ ਆਪਸ ਵਿਚ ਵੰਡਣ ਲਈ ਗੁਣੇ ਪਾਏ।
‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’
16 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਆਪਣੇ ਪਿਤਾ ਵਾਂਗ ਪਿਆਰ ਕੀਤਾ ਸੀ—ਉਹ “ਮਾਫ਼ ਕਰਨ” ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦਾ ਇਹ ਗੁਣ ਉਸ ਵੇਲੇ ਵੀ ਜ਼ਾਹਰ ਹੋਇਆ ਸੀ ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ। ਹੱਥਾਂ ਅਤੇ ਪੈਰਾਂ ਵਿਚ ਠੋਕੇ ਕਿੱਲਾਂ ਦਾ ਦਰਦ ਸਹਿੰਦੇ ਹੋਏ ਤੇ ਸ਼ਰਮਨਾਕ ਮੌਤ ਮਰਦੇ ਹੋਏ ਉਸ ਦੇ ਮੂੰਹੋਂ ਕੀ ਨਿਕਲਿਆ ਸੀ? ਕੀ ਉਸ ਨੇ ਯਹੋਵਾਹ ਨੂੰ ਬਦਲਾ ਲੈਣ ਦੀ ਦੁਹਾਈ ਦਿੱਤੀ ਸੀ? ਇਸ ਤੋਂ ਉਲਟ ਯਿਸੂ ਨੇ ਆਪਣੇ ਆਖ਼ਰੀ ਸ਼ਬਦਾਂ ਵਿਚ ਕਿਹਾ ਸੀ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”—ਲੂਕਾ 23:34.
(ਲੂਕਾ 23:43) ਅਤੇ ਯਿਸੂ ਨੇ ਉਸ ਨੂੰ ਕਿਹਾ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”
g 2/08 11 ਪੈਰੇ 5-6
ਕੀ ਪਰਮੇਸ਼ੁਰ ਗੰਭੀਰ ਪਾਪਾਂ ਨੂੰ ਮਾਫ਼ ਕਰਦਾ ਹੈ?
ਜਦ ਨੇਕਦਿਲ ਲੋਕ ਸੱਚਾਈ ਬਾਰੇ ਗਿਆਨ ਹਾਸਲ ਕਰਦੇ ਹਨ, ਤਾਂ ਉਹ ਆਪਣੇ ਬੁਰੇ ਕੰਮਾਂ ਤੋਂ ਪਛਤਾਉਂਦੇ ਹਨ ਅਤੇ ਦਿਲੋਂ ਤੋਬਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਹ ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਦੂਜਾ ਕਦਮ ਹੈ। ਰਸੂਲਾਂ ਦੇ ਕਰਤੱਬ 3:19 ਵਿਚ ਲਿਖਿਆ ਹੈ: “ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।”
ਇਸ ਆਇਤ ਵਿਚ ਤੀਸਰੇ ਕਦਮ ਬਾਰੇ ਵੀ ਦੱਸਿਆ ਗਿਆ ਹੈ, ਯਾਨੀ ਪਾਪਾਂ ਦੀ ਮਾਫ਼ੀ ਲਈ ਸਾਨੂੰ ‘ਮੁੜਨ’ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਗ਼ਲਤ ਰਵੱਈਏ ਅਤੇ ਬੁਰੇ ਰਾਹਾਂ ਤੋਂ ਮੂੰਹ ਮੋੜ ਕੇ ਪਰਮੇਸ਼ੁਰ ਦੇ ਮਿਆਰਾਂ ਤੇ ਨਜ਼ਰੀਏ ਨੂੰ ਅਪਣਾਉਣ ਦੀ ਲੋੜ ਹੈ। (ਰਸੂਲਾਂ ਦੇ ਕਰਤੱਬ 26:20) ਆਪਣੀ ਜ਼ਿੰਦਗੀ ਵਿਚ ਇਹ ਤਬਦੀਲੀਆਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਪਛਤਾਵਾ ਕੀਤਾ ਹੈ।
(ਲੂਕਾ 24:34) ਜਿਹੜੇ ਕਹਿ ਰਹੇ ਸਨ: “ਪ੍ਰਭੂ ਨੂੰ ਸੱਚੀਂ-ਮੁੱਚੀ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਸ਼ਮਊਨ ਨੇ ਉਸ ਨੂੰ ਦੇਖਿਆ ਹੈ!”
‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’
17 ਯਿਸੂ ਨੇ ਜਿਸ ਤਰੀਕੇ ਨਾਲ ਪਤਰਸ ਰਸੂਲ ਨੂੰ ਮਾਫ਼ ਕੀਤਾ ਸੀ, ਉਸ ਤੋਂ ਅਸੀਂ ਇਕ ਹੋਰ ਵਧੀਆ ਸਬਕ ਸਿੱਖਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤਰਸ ਯਿਸੂ ਨਾਲ ਬਹੁਤ ਪਿਆਰ ਕਰਦਾ ਸੀ। ਧਰਤੀ ਤੇ ਯਿਸੂ ਦੀ ਆਖ਼ਰੀ ਰਾਤ 14 ਨੀਸਾਨ ਸੀ। ਉਸ ਰਾਤ ਪਤਰਸ ਨੇ ਯਿਸੂ ਨੂੰ ਕਿਹਾ ਸੀ: “ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਭੀ ਜਾਣ ਨੂੰ ਤਿਆਰ ਹਾਂ।” ਪਰ ਇਸ ਤੋਂ ਕੁਝ ਹੀ ਘੰਟਿਆਂ ਬਾਅਦ ਉਸ ਨੇ ਇਸ ਗੱਲ ਤੋਂ ਤਿੰਨ ਵਾਰ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ! ਬਾਈਬਲ ਸਾਨੂੰ ਦੱਸਦੀ ਹੈ ਕਿ ਤੀਜੀ ਵਾਰ ਇਨਕਾਰ ਕਰਨ ਤੋਂ ਇਕਦਮ ਬਾਅਦ ਕੀ ਹੋਇਆ ਸੀ: “ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ।” ਆਪਣੇ ਪਾਪ ਦਾ ਅਹਿਸਾਸ ਹੋਣ ਕਰਕੇ ਪਤਰਸ “ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।” ਉਸੇ ਦਿਨ ਜਦ ਯਿਸੂ ਦੀ ਮੌਤ ਹੋ ਗਈ, ਤਾਂ ਪਤਰਸ ਨੇ ਸੋਚਿਆ ਹੋਣਾ, ‘ਕੀ ਮੇਰੇ ਪ੍ਰਭੂ ਨੇ ਮੈਨੂੰ ਮਾਫ਼ ਕਰ ਦਿੱਤਾ ਹੈ?’—ਲੂਕਾ 22:33, 61, 62.
18 ਪਤਰਸ ਨੂੰ ਆਪਣੇ ਸਵਾਲ ਦੇ ਜਵਾਬ ਲਈ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਈ ਸੀ। ਯਿਸੂ 16 ਨੀਸਾਨ ਦੀ ਸਵੇਰ ਨੂੰ ਦੁਬਾਰਾ ਜ਼ਿੰਦਾ ਹੋਇਆ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਸੇ ਦਿਨ ਉਸ ਨੇ ਪਤਰਸ ਨੂੰ ਦਰਸ਼ਣ ਦਿੱਤਾ ਸੀ। (ਲੂਕਾ 24:34; 1 ਕੁਰਿੰਥੀਆਂ 15:4-8) ਯਿਸੂ ਨੇ ਪਤਰਸ ਰਸੂਲ ਵੱਲ ਖ਼ਾਸ ਤੌਰ ਤੇ ਇੰਨਾ ਧਿਆਨ ਕਿਉਂ ਦਿੱਤਾ ਸੀ ਜਿਸ ਨੇ ਸਾਰਿਆਂ ਦੇ ਸਾਮ੍ਹਣੇ ਉਸ ਦਾ ਇਨਕਾਰ ਕੀਤਾ ਸੀ? ਯਿਸੂ ਸ਼ਾਇਦ ਪਸ਼ਚਾਤਾਪੀ ਪਤਰਸ ਨੂੰ ਤਸੱਲੀ ਦੇ ਰਿਹਾ ਸੀ ਕਿ ਉਹ ਅਜੇ ਵੀ ਉਸ ਨਾਲ ਪਿਆਰ ਕਰਦਾ ਸੀ ਅਤੇ ਉਸ ਦੀ ਕਦਰ ਕਰਦਾ ਸੀ। ਪਰ ਯਿਸੂ ਨੇ ਪਤਰਸ ਨੂੰ ਭਰੋਸਾ ਦੇਣ ਲਈ ਹੋਰ ਵੀ ਬਹੁਤ ਕੁਝ ਕੀਤਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੂਕਾ 23:31) ਜੇ ਦਰਖ਼ਤ ਦੇ ਹਰੇ ਹੁੰਦਿਆਂ ਉਨ੍ਹਾਂ ਨੇ ਇਹ ਕੰਮ ਕੀਤੇ ਹਨ, ਤਾਂ ਉਦੋਂ ਕੀ ਹੋਵੇਗਾ ਜਦੋਂ ਦਰਖ਼ਤ ਸੁੱਕ ਜਾਵੇਗਾ?”
nwtsty ਵਿੱਚੋਂ ਲੂਕਾ 23:31 ਲਈ ਖ਼ਾਸ ਜਾਣਕਾਰੀ
ਦਰਖ਼ਤ ਦੇ ਹਰੇ ਹੁੰਦਿਆਂ, . . . ਜਦੋਂ ਦਰਖ਼ਤ ਸੁੱਕ ਜਾਵੇਗਾ: ਯਿਸੂ ਇੱਥੇ ਯਹੂਦੀ ਕੌਮ ਦੀ ਗੱਲ ਰਿਹਾ ਹੈ। ਇਹ ਸੁੱਕ ਰਹੇ ਦਰਖ਼ਤ ਵਾਂਗ ਸੀ ਜੋ ਅਜੇ ਥੋੜ੍ਹਾ-ਬਹੁਤਾ ਹਰਾ ਸੀ ਕਿਉਂਕਿ ਯਿਸੂ ਅਤੇ ਉਸ ਉੱਤੇ ਨਿਹਚਾ ਕਰਨ ਵਾਲੇ ਕੁਝ ਯਹੂਦੀ ਅਜੇ ਮੌਜੂਦ ਸਨ। ਪਰ ਯਿਸੂ ਨੂੰ ਜਲਦੀ ਹੀ ਮੌਤ ਦੇ ਘਾਟ ਉਤਾਰਿਆ ਜਾਣਾ ਸੀ ਅਤੇ ਵਫ਼ਾਦਾਰ ਯਹੂਦੀਆਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣ ਕੇ ਪਰਮੇਸ਼ੁਰ ਦੇ ਇਜ਼ਰਾਈਲ ਦਾ ਹਿੱਸਾ ਬਣਾਇਆ ਜਾਣਾ ਸੀ। (ਰੋਮੀ 2:28, 29; ਗਲਾ 6:16) ਉਸ ਸਮੇਂ ਪੈਦਾਇਸ਼ੀ ਇਜ਼ਰਾਈਲੀ ਕੌਮ ਦਾ ਪਰਮੇਸ਼ੁਰ ਨਾਲ ਰਿਸ਼ਤਾ ਸੁੱਕੇ ਦਰਖ਼ਤ ਵਾਂਗ ਖ਼ਤਮ ਹੋ ਜਾਣਾ ਸੀ।—ਮੱਤੀ 21:43.
(ਲੂਕਾ 23:33) ਅਤੇ ਜਦੋਂ ਉਹ ਖੋਪੜੀ ਨਾਂ ਦੀ ਜਗ੍ਹਾ ਪਹੁੰਚੇ, ਤਾਂ ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਅਤੇ ਇਕ ਅਪਰਾਧੀ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ ਟੰਗ ਦਿੱਤਾ।
nwtsty ਵਿੱਚੋਂ ਤਸਵੀਰ
ਪੈਰ ਦੀ ਅੱਡੀ ਵਿਚ ਕਿੱਲ
ਇਸ ਤਸਵੀਰ ਵਿਚ ਇਨਸਾਨ ਦੀ ਅੱਡੀ ਵਿਚ ਲੋਹੇ ਦਾ 4.5 ਇੰਚ (11.5 ਸੈਂਟੀਮੀਟਰ) ਲੰਬਾ ਕਿੱਲ ਠੋਕਿਆ ਦਿਖਾਇਆ ਗਿਆ ਹੈ। ਪਰ ਇਹ ਅਸਲੀ ਨਹੀਂ, ਸਗੋਂ ਅਸਲ ਦਾ ਹੂ-ਬਹੂ ਨਮੂਨਾ ਤਿਆਰ ਕੀਤਾ ਗਿਆ ਹੈ। ਅਸਲੀ ਅੱਡੀ 1968 ਵਿਚ ਉੱਤਰੀ ਯਰੂਸ਼ਲਮ ਦੇ ਖੰਡਰਾਂ ਦੀ ਖੁਦਾਈ ਕਰਦਿਆਂ ਮਿਲੀ ਸੀ ਅਤੇ ਇਹ ਰੋਮੀ ਜ਼ਮਾਨੇ ਦੀ ਹੈ। ਪੁਰਾਤੱਤਵ-ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਇਸ ਸਬੂਤ ਤੋਂ ਪਤਾ ਲੱਗਦਾ ਹੈ ਕਿ ਕਿਸੇ ਮੁਜਰਮ ਨੂੰ ਸੂਲ਼ੀ ʼਤੇ ਟੰਗਣ ਲਈ ਲੋਹੇ ਦੇ ਕਿੱਲ ਇਸਤੇਮਾਲ ਕੀਤੇ ਜਾਂਦੇ ਸਨ। ਸ਼ਾਇਦ ਰੋਮੀ ਫ਼ੌਜੀਆਂ ਨੇ ਵੀ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਇਹੋ ਜਿਹੇ ਕਿੱਲ ਇਸਤੇਮਾਲ ਕੀਤੇ ਹੋਣੇ। ਜਦੋਂ ਕਿਸੇ ਦੀ ਲਾਸ਼ ਦਾ ਮਾਸ ਗਲ਼-ਸੜ ਜਾਂਦਾ ਸੀ, ਤਾਂ ਉਸ ਦੀਆਂ ਹੱਡੀਆਂ ਪੱਥਰ ਦੇ ਡੱਬੇ ਵਿਚ ਰੱਖੀਆਂ ਜਾਂਦੀਆ ਸਨ। ਇਹ ਅਸਲੀ ਅੱਡੀ ਇਹੋ ਜਿਹੇ ਪੱਥਰ ਦੇ ਡੱਬੇ ਵਿੱਚੋਂ ਮਿਲੀ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਨੂੰ ਸੂਲ਼ੀ ਤੋਂ ਲਾਹ ਕੇ ਦਫ਼ਨਾਇਆ ਵੀ ਜਾਂਦਾ ਸੀ।
ਬਾਈਬਲ ਪੜ੍ਹਾਈ
(ਲੂਕਾ 23:1-16) ਇਸ ਲਈ ਉਹ ਸਾਰੇ ਜਣੇ ਉੱਠੇ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਏ। 2 ਫਿਰ ਉਨ੍ਹਾਂ ਨੇ ਉਸ ਉੱਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ: “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, ਰਾਜੇ ਨੂੰ ਟੈਕਸ ਦੇਣ ਤੋਂ ਲੋਕਾਂ ਨੂੰ ਰੋਕਦਾ ਹੈ ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ। ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” 3 ਹੁਣ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾਂ।” 4 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ ਅਤੇ ਲੋਕਾਂ ਦੀ ਭੀੜ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ।” 5 ਪਰ ਉਹ ਜ਼ੋਰ ਪਾ ਕੇ ਕਹਿਣ ਲੱਗੇ: “ਇਹ ਬੰਦਾ ਸਾਰੇ ਯਹੂਦੀਆ ਵਿਚ ਲੋਕਾਂ ਨੂੰ ਸਿਖਾ-ਸਿਖਾ ਕੇ ਭੜਕਾਉਂਦਾ ਹੈ। ਇਸ ਨੇ ਗਲੀਲ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਆ ਗਿਆ ਹੈ।” 6 ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ ਕਿ ਯਿਸੂ ਗਲੀਲ ਦਾ ਰਹਿਣ ਵਾਲਾ ਸੀ ਜਾਂ ਨਹੀਂ। 7 ਫਿਰ ਇਹ ਪਤਾ ਕਰਨ ਤੋਂ ਬਾਅਦ ਕਿ ਉਹ ਹੇਰੋਦੇਸ ਦੇ ਇਲਾਕੇ ਤੋਂ ਸੀ, ਪਿਲਾਤੁਸ ਨੇ ਉਸ ਨੂੰ ਹੇਰੋਦੇਸ ਕੋਲ ਘੱਲ ਦਿੱਤਾ ਜਿਹੜਾ ਉਨ੍ਹੀਂ ਦਿਨੀਂ ਯਰੂਸ਼ਲਮ ਵਿਚ ਸੀ। 8 ਜਦ ਹੇਰੋਦੇਸ ਨੇ ਯਿਸੂ ਨੂੰ ਦੇਖਿਆ, ਤਾਂ ਉਹ ਬੜਾ ਖ਼ੁਸ਼ ਹੋਇਆ। ਹੇਰੋਦੇਸ ਕਾਫ਼ੀ ਸਮੇਂ ਤੋਂ ਉਸ ਨੂੰ ਦੇਖਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਉਸ ਬਾਰੇ ਬਹੁਤ ਸੁਣਿਆ ਹੋਇਆ ਸੀ ਅਤੇ ਉਸ ਨੂੰ ਆਸ ਸੀ ਕਿ ਯਿਸੂ ਉਸ ਨੂੰ ਕੋਈ ਚਮਤਕਾਰ ਕਰ ਕੇ ਦਿਖਾਵੇਗਾ। 9 ਹੁਣ ਹੇਰੋਦੇਸ ਕਾਫ਼ੀ ਸਮੇਂ ਤਕ ਉਸ ਤੋਂ ਪੁੱਛ-ਗਿੱਛ ਕਰਦਾ ਰਿਹਾ; ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। 10 ਨਾਲੇ, ਮੁੱਖ ਪੁਜਾਰੀ ਅਤੇ ਗ੍ਰੰਥੀ ਵਾਰ-ਵਾਰ ਖੜ੍ਹੇ ਹੋ ਕੇ ਗੁੱਸੇ ਵਿਚ ਉਸ ਉੱਤੇ ਦੋਸ਼ ਲਾ ਰਹੇ ਸਨ। 11 ਫਿਰ ਹੇਰੋਦੇਸ ਆਪਣੇ ਸਿਪਾਹੀਆਂ ਨਾਲ ਰਲ਼ ਕੇ ਉਸ ਦੀ ਬੇਇੱਜ਼ਤੀ ਕਰਨ ਲੱਗਾ ਅਤੇ ਉਸ ਦੇ ਸ਼ਾਨਦਾਰ ਕੱਪੜਾ ਪਾ ਕੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਵਾਪਸ ਪਿਲਾਤੁਸ ਕੋਲ ਘੱਲ ਦਿੱਤਾ। 12 ਹੇਰੋਦੇਸ ਅਤੇ ਪਿਲਾਤੁਸ ਵਿਚ ਪਹਿਲਾਂ ਦੁਸ਼ਮਣੀ ਹੁੰਦੀ ਸੀ, ਪਰ ਉਸ ਦਿਨ ਤੋਂ ਉਹ ਦੋਵੇਂ ਦੋਸਤ ਬਣ ਗਏ। 13 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ, ਆਗੂਆਂ ਅਤੇ ਲੋਕਾਂ ਨੂੰ ਸੱਦ ਕੇ 14 ਕਿਹਾ: “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਲੈ ਕੇ ਆਏ ਹੋ ਅਤੇ ਇਸ ਉੱਤੇ ਦੋਸ਼ ਲਾਇਆ ਹੈ ਕਿ ਇਹ ਲੋਕਾਂ ਨੂੰ ਬਗਾਵਤ ਕਰਨ ਲਈ ਭੜਕਾ ਰਿਹਾ ਹੈ। ਦੇਖੋ! ਮੈਂ ਤੁਹਾਡੇ ਸਾਮ੍ਹਣੇ ਇਸ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਤੁਹਾਡੇ ਵੱਲੋਂ ਲਾਏ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ। 15 ਅਸਲ ਵਿਚ ਹੇਰੋਦੇਸ ਨੂੰ ਵੀ ਇਸ ਵਿਚ ਕੋਈ ਦੋਸ਼ ਨਜ਼ਰ ਨਹੀਂ ਆਇਆ, ਇਸੇ ਕਰਕੇ ਉਸ ਨੇ ਇਸ ਨੂੰ ਵਾਪਸ ਸਾਡੇ ਕੋਲ ਘੱਲ ਦਿੱਤਾ, ਅਤੇ ਦੇਖੋ! ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਹੈ। 16 ਇਸ ਲਈ ਮੈਂ ਇਸ ਦੇ ਕੋਰੜੇ ਮਾਰ ਕੇ ਇਸ ਨੂੰ ਛੱਡ ਦਿਆਂਗਾ।”