ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
1-7 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 9-10
“ਯਿਸੂ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ”
(ਯੂਹੰਨਾ 10:1-3) “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਜਿਹੜਾ ਦਰਵਾਜ਼ੇ ਰਾਹੀਂ ਵਾੜੇ ਵਿਚ ਨਹੀਂ ਆਉਂਦਾ ਸਗੋਂ ਕਿਸੇ ਹੋਰ ਪਾਸਿਓਂ ਟੱਪ ਕੇ ਆਉਂਦਾ ਹੈ, ਉਹ ਚੋਰ ਤੇ ਲੁਟੇਰਾ ਹੈ। 2 ਪਰ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। 3 ਚੌਕੀਦਾਰ ਚਰਵਾਹੇ ਲਈ ਦਰਵਾਜ਼ਾ ਖੋਲ੍ਹਦਾ ਹੈ ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਹ ਨਾਂ ਲੈ ਕੇ ਆਪਣੀਆਂ ਭੇਡਾਂ ਨੂੰ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
(ਯੂਹੰਨਾ 10:11) ਮੈਂ ਵਧੀਆ ਚਰਵਾਹਾ ਹਾਂ; ਵਧੀਆ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।
(ਯੂਹੰਨਾ 10:14) ਮੈਂ ਵਧੀਆ ਚਰਵਾਹਾ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ,
nwtsty ਵਿੱਚੋਂ ਤਸਵੀਰਾਂ
ਵਾੜਾ
ਵਾੜਾ ਚਾਰ ਦੀਵਾਰੀ ਕਰ ਕੇ ਬਣਾਇਆ ਜਾਂਦਾ ਸੀ। ਇਹ ਭੇਡਾਂ ਨੂੰ ਚੋਰਾਂ ਅਤੇ ਖ਼ਤਰਨਾਕ ਜਾਨਵਰਾਂ ਤੋਂ ਬਚਾਉਣ ਲਈ ਬਣਾਇਆ ਜਾਂਦਾ ਸੀ। ਚਰਵਾਹੇ ਰਾਤ ਨੂੰ ਸੁਰੱਖਿਆ ਲਈ ਭੇਡਾਂ ਨੂੰ ਵਾੜੇ ਵਿਚ ਰੱਖਦੇ ਸਨ। ਬਾਈਬਲ ਸਮਿਆਂ ਵਿਚ ਅਲੱਗ-ਅਲੱਗ ਲੰਬਾਈ-ਚੌੜਾਈ ਤੇ ਆਕਾਰ ਦੇ ਵਾੜੇ ਹੁੰਦੇ ਸਨ ਅਤੇ ਇਹ ਛੱਤ ਤੋਂ ਬਿਨਾਂ ਹੁੰਦੇ ਸਨ। ਇਨ੍ਹਾਂ ਵਿਚ ਆਉਣ-ਜਾਣ ਦਾ ਇਕ ਹੀ ਰਾਹ ਹੁੰਦਾ ਸੀ। (ਗਿਣ 32:16; 1 ਸਮੂ 24:3; ਸਫ਼ 2:6) ਯੂਹੰਨਾ ਵਾੜੇ ਵਿਚ “ਦਰਵਾਜ਼ੇ ਰਾਹੀਂ” ਅੰਦਰ ਵੜਨ ਦੀ ਗੱਲ ਕਰ ਰਿਹਾ ਸੀ ਜਿਸ ਦੀ ਰਾਖੀ ਇਕ “ਚੌਕੀਦਾਰ” ਕਰਦਾ ਸੀ। (ਯੂਹੰ 10:1, 3) ਇਕ ਵਾੜੇ ਵਿਚ ਇਕ ਤੋਂ ਜ਼ਿਆਦਾ ਭੇਡਾਂ ਦੇ ਝੁੰਡ ਰਾਤ ਬਿਤਾ ਸਕਦੇ ਸਨ ਅਤੇ ਚੌਕੀਦਾਰ ਸਾਰੀ ਰਾਤ ਭੇਡਾਂ ਦੀ ਰਾਖੀ ਕਰਦਾ ਸੀ। ਸਵੇਰ ਨੂੰ ਚੌਕੀਦਾਰ ਚਰਵਾਹਿਆਂ ਲਈ ਦਰਵਾਜ਼ਾ ਖੋਲ੍ਹ ਦਿੰਦਾ ਸੀ। ਹਰੇਕ ਚਰਵਾਹਾ ਆਪਣੇ ਝੁੰਡ ਨੂੰ ਇਕੱਠਾ ਕਰਨ ਲਈ ਆਵਾਜ਼ ਮਾਰਦਾ ਸੀ ਅਤੇ ਭੇਡਾਂ ਆਪਣੇ ਚਰਵਾਹੇ ਦੀ ਆਵਾਜ਼ ਪਛਾਣ ਕੇ ਉਸ ਕੋਲ ਚਲੀਆਂ ਜਾਂਦੀਆਂ ਸਨ। (ਯੂਹੰ 10:3-5) ਯਿਸੂ ਨੇ ਇਹ ਮਿਸਾਲ ਵਰਤ ਕੇ ਸਮਝਾਇਆ ਕਿ ਉਹ ਆਪਣੇ ਚੇਲਿਆਂ ਦੀ ਕਿੰਨੀ ਪਰਵਾਹ ਕਰਦਾ ਸੀ।—ਯੂਹੰ 10:7-14.
ਮਸੀਹੀ ਪਰਿਵਾਰੋ ‘ਜਾਗਦੇ ਰਹੋ’
5 ਚਰਵਾਹੇ ਅਤੇ ਉਸ ਦੀਆਂ ਭੇਡਾਂ ਵਿਚਕਾਰ ਜੋ ਰਿਸ਼ਤਾ ਹੁੰਦਾ ਹੈ, ਉਹ ਚੰਗੀ ਜਾਣ-ਪਛਾਣ ਅਤੇ ਭਰੋਸੇ ਉੱਤੇ ਆਧਾਰਿਤ ਹੁੰਦਾ ਹੈ। ਚਰਵਾਹਾ ਆਪਣੀਆਂ ਭੇਡਾਂ ਬਾਰੇ ਸਾਰਾ ਕੁਝ ਜਾਣਦਾ ਹੈ ਅਤੇ ਭੇਡਾਂ ਚਰਵਾਹੇ ਨੂੰ ਜਾਣਦੀਆਂ ਹਨ ਤੇ ਉਸ ਉੱਤੇ ਭਰੋਸਾ ਰੱਖਦੀਆਂ ਹਨ। ਉਹ ਉਸ ਦੀ ਆਵਾਜ਼ ਪਛਾਣਦੀਆਂ ਅਤੇ ਉਸ ਮੁਤਾਬਕ ਚੱਲਦੀਆਂ ਹਨ। ਯਿਸੂ ਨੇ ਕਿਹਾ: “ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ।” ਯਿਸੂ ਕਲੀਸਿਯਾ ਬਾਰੇ ਮਾੜੀ-ਮੋਟੀ ਜਾਣਕਾਰੀ ਨਹੀਂ ਰੱਖਦਾ। ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਿਆਣਦਾ” ਕੀਤਾ ਗਿਆ ਹੈ, ਉਹ “ਜ਼ਾਤੀ ਤੌਰ ਤੇ ਜਾਣਨ” ਦਾ ਭਾਵ ਰੱਖਦਾ ਹੈ। ਹਾਂ, ਅੱਛਾ ਅਯਾਲੀ ਆਪਣੀਆਂ ਭੇਡਾਂ ਨੂੰ ਜ਼ਾਤੀ ਤੌਰ ਤੇ ਜਾਣਦਾ ਹੈ। ਉਹ ਇਕੱਲੀ-ਇਕੱਲੀ ਭੇਡ ਦੀਆਂ ਲੋੜਾਂ, ਕਮਜ਼ੋਰੀਆਂ ਅਤੇ ਖੂਬੀਆਂ ਨੂੰ ਜਾਣਦਾ ਹੈ। ਉਸ ਦੀਆਂ ਭੇਡਾਂ ਦੀ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ। ਭੇਡਾਂ ਵੀ ਚਰਵਾਹੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ ਅਤੇ ਉਸ ਦੀ ਅਗਵਾਈ ਉੱਤੇ ਭਰੋਸਾ ਰੱਖਦੀਆਂ ਹਨ।
(ਯੂਹੰਨਾ 10:4, 5) ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਵਾੜੇ ਤੋਂ ਬਾਹਰ ਲੈ ਆਉਂਦਾ ਹੈ, ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਆਉਂਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ। 5 ਉਹ ਕਿਸੇ ਵੀ ਅਜਨਬੀ ਦੇ ਪਿੱਛੇ ਨਹੀਂ ਜਾਣਗੀਆਂ ਸਗੋਂ ਉਸ ਤੋਂ ਭੱਜ ਜਾਣਗੀਆਂ ਕਿਉਂਕਿ ਉਹ ਕਿਸੇ ਵੀ ਅਜਨਬੀ ਦੀ ਆਵਾਜ਼ ਨਹੀਂ ਪਛਾਣਦੀਆਂ।”
“ਉਹ ਮਿਸਾਲਾਂ ਤੋਂ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ”
17 ਧਿਆਨ ਦਿਓ ਇਕ ਲੇਖਕ ਨੇ ਆਪਣੇ ਤਜਰਬੇ ਬਾਰੇ ਕੀ ਲਿਖਿਆ: “ਕਦੀ-ਕਦੀ ਅਸੀਂ ਯਹੂਦੀਆ ਵਿਚ ਦੁਪਹਿਰ ਨੂੰ ਖੂਹਾਂ ਕੋਲ ਆਰਾਮ ਕਰਦੇ ਹੁੰਦੇ ਸੀ ਜਿੱਥੇ ਤਿੰਨ ਜਾਂ ਚਾਰ ਚਰਵਾਹੇ ਆਪਣੀਆਂ ਭੇਡਾਂ ਲੈ ਕੇ ਆਉਂਦੇ ਸਨ। ਇਹ ਸਾਰੀਆਂ ਭੇਡਾਂ ਆਪਸ ਵਿਚ ਰਲ਼-ਮਿਲ ਜਾਂਦੀਆਂ ਸਨ ਅਤੇ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਚਰਵਾਹੇ ਆਪੋ-ਆਪਣੀਆਂ ਭੇਡਾਂ ਕਿੱਦਾਂ ਪਛਾਣਨਗੇ। ਪਰ ਜਦੋਂ ਭੇਡਾਂ ਪਾਣੀ ਪੀ ਕੇ ਅਤੇ ਖੇਡ-ਖੂਡ ਕੇ ਹਟਦੀਆਂ ਸਨ, ਤਾਂ ਚਰਵਾਹੇ ਇਕ ਦੂਜੇ ਤੋਂ ਦੂਰ-ਦੂਰ ਖੜ੍ਹ ਕੇ ਆਪੋ-ਆਪਣੀਆਂ ਭੇਡਾਂ ਨੂੰ ਆਵਾਜ਼ ਮਾਰਦੇ ਸਨ। ਸਾਰੀਆਂ ਭੇਡਾਂ ਆਪੋ-ਆਪਣੇ ਚਰਵਾਹੇ ਵੱਲ ਉਸੇ ਤਰ੍ਹਾਂ ਚੱਲੀਆਂ ਜਾਂਦੀਆਂ ਸਨ ਜਿੱਦਾਂ ਉਹ ਆਈਆਂ ਸਨ।” ਯਿਸੂ ਆਪਣੀ ਗੱਲ ਸਮਝਾਉਣ ਲਈ ਇਸ ਤੋਂ ਵਧੀਆ ਮਿਸਾਲ ਨਹੀਂ ਵਰਤ ਸਕਦਾ ਸੀ। ਜੇ ਅਸੀਂ ਉਸ ਦੀਆਂ ਸਿੱਖਿਆਵਾਂ ਨੂੰ ਜਾਣ ਕੇ ਉਨ੍ਹਾਂ ਉੱਤੇ ਲਾਂਗੇ ਅਤੇ ਉਸ ਦੇ ਪਿੱਛੇ-ਪਿੱਛੇ ਤੁਰਾਂਗੇ, ਤਾਂ ਉਹ ਇਕ ‘ਵਧੀਆ ਚਰਵਾਹੇ’ ਵਾਂਗ ਸਾਡੀ ਦੇਖ-ਭਾਲ ਕਰੇਗਾ।
(ਯੂਹੰਨਾ 10:16) “ਅਤੇ ਮੇਰੀਆਂ ਹੋਰ ਭੇਡਾਂ ਵੀ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ; ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਸਾਰੀਆਂ ਭੇਡਾਂ ਇੱਕੋ ਝੁੰਡ ਵਿਚ ਹੋਣਗੀਆਂ ਅਤੇ ਉਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ।
nwtsty ਵਿੱਚੋਂ ਯੂਹੰ 10:16 ਲਈ ਖ਼ਾਸ ਜਾਣਕਾਰੀ
ਲਿਆਵਾਂ: ਜਾਂ “ਅਗਵਾਈ।” ਇੱਥੇ ਵਰਤੇ ਗਏ ਯੂਨਾਨੀ ਸ਼ਬਦ ਅਗੋ (aʹgo) ਦਾ ਮਤਲਬ ਜਾਣਕਾਰੀ ਦੇ ਮੁਤਾਬਕ “(ਅੰਦਰ) ਲਿਆਉਣਾ” ਜਾਂ “ਅਗਵਾਈ ਕਰਨਾ” ਹੋ ਸਕਦਾ ਹੈ। ਲਗਭਗ 200 ਈਸਵੀ ਦੀ ਇਕ ਯੂਨਾਨੀ ਹੱਥ ਲਿਖਤ ਵਿਚ ਇਸ ਸ਼ਬਦ ਦੇ ਨਾਲ ਮਿਲਦਾ-ਜੁਲਦਾ ਇਕ ਯੂਨਾਨੀ ਸ਼ਬਦ (sy·naʹgo) ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਅਕਸਰ ਮਤਲਬ ਹੁੰਦਾ ਹੈ, “ਇਕੱਠਾ ਕਰਨਾ।” ਇਕ ਚੰਗੇ ਚਰਵਾਹੇ ਵਜੋਂ, ਯਿਸੂ ਇਸ ਵਾੜੇ (ਲੂਕਾ 12:32 ਵਿਚ ਇਸ ਨੂੰ ‘ਛੋਟਾ ਝੁੰਡ’ ਵੀ ਕਿਹਾ ਗਿਆ ਹੈ) ਦੀਆਂ ਭੇਡਾਂ ਅਤੇ ਆਪਣੀਆਂ ਹੋਰ ਭੇਡਾਂ ਨੂੰ ਇਕੱਠਾ ਕਰਦਾ ਹੈ, ਉਨ੍ਹਾਂ ਦੀ ਅਗਵਾਈ ਕਰਦਾ ਹੈ, ਰਾਖੀ ਕਰਦਾ ਹੈ ਅਤੇ ਉਨ੍ਹਾਂ ਨੂੰ ਖਿਲਾਉਂਦਾ-ਪਿਲਾਉਂਦਾ ਹੈ। ਇਹ ਸਾਰੀਆਂ ਭੇਡਾਂ ਇੱਕੋ ਝੁੰਡ ਵਿਚ ਹੋਣਗੀਆਂ ਅਤੇ ਇਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ। ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਚੇਲਿਆਂ ਵਿਚ ਏਕਤਾ ਹੋਵੇਗੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯੂਹੰਨਾ 9:38) ਫਿਰ ਉਸ ਆਦਮੀ ਨੇ ਕਿਹਾ: “ਪ੍ਰਭੂ, ਮੈਂ ਨਿਹਚਾ ਕਰਦਾ ਹਾਂ।” ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਉਸ ਨੂੰ ਪ੍ਰਣਾਮ ਕੀਤਾ।
nwtsty ਵਿੱਚੋਂ ਯੂਹੰ 9:38 ਲਈ ਖ਼ਾਸ ਜਾਣਕਾਰੀ
ਗੋਡੇ ਟੇਕ ਕੇ ਉਸ ਨੂੰ ਪ੍ਰਣਾਮ ਕੀਤਾ: ਜਾਂ “ਉਸ ਦੇ ਅੱਗੇ ਝੁਕਿਆ, ਜ਼ਮੀਨ ʼਤੇ ਲੇਟ ਕੇ ਉਸ ਨੂੰ ਪ੍ਰਣਾਮ ਕੀਤਾ, ਸਤਿਕਾਰ ਦਿੱਤਾ।” ਜਦੋਂ ਯੂਨਾਨੀ ਕਿਰਿਆ ਪਰੋਸਕੀਨੀ (pro·sky·neʹo) ਦਾ ਇਸਤੇਮਾਲ ਕਿਸੇ ਦੇਵੀ-ਦੇਵਤੇ ਦੀ ਭਗਤੀ ਕਰਨ ਦੇ ਸੰਬੰਧ ਵਿਚ ਕੀਤਾ ਜਾਂਦਾ ਹੈ, ਤਾਂ ਉਸ ਦਾ ਅਨੁਵਾਦ “ਭਗਤੀ ਕਰਨਾ” ਕੀਤਾ ਜਾਂਦਾ ਹੈ। (ਮੱਤੀ 4:10; ਲੂਕਾ 4:8) ਪਰ ਇਸ ਬਿਰਤਾਂਤ ਵਿਚ ਯਿਸੂ ਨੇ ਜਿਹੜੇ ਜਨਮ ਤੋਂ ਅੰਨ੍ਹੇ ਆਦਮੀ ਨੂੰ ਠੀਕ ਕੀਤਾ ਸੀ, ਉਸ ਨੇ ਯਿਸੂ ਦੀ ਪਰਮੇਸ਼ੁਰ ਵੱਲੋਂ ਚੁਣੇ ਹੋਏ ਵਜੋਂ ਪਛਾਣ ਕੀਤੀ ਅਤੇ ਉਸ ਨੂੰ ਗੋਡੇ ਟੇਕ ਕੇ ਪ੍ਰਣਾਮ ਕੀਤਾ। ਉਸ ਨੇ ਯਿਸੂ ਨੂੰ ਪਰਮੇਸ਼ੁਰ ਜਾਂ ਕੋਈ ਦੇਵਤਾ ਸਮਝ ਕੇ ਨਹੀਂ, ਬਲਕਿ ‘ਮਨੁੱਖ ਦਾ ਪੁੱਤਰ’ ਸਮਝ ਕੇ ਪ੍ਰਣਾਮ ਕੀਤਾ ਜਿਸ ਬਾਰੇ ਪਹਿਲਾਂ ਹੀ ਦੱਸਿਆ ਸੀ ਤੇ ਜਿਸ ਨੂੰ ਪਰਮੇਸ਼ੁਰ ਨੇ ਅਧਿਕਾਰ ਦਿੱਤਾ ਸੀ। (ਯੂਹੰ 9:35) ਉਸ ਨੇ ਯਿਸੂ ਨੂੰ ਉਸ ਤਰੀਕੇ ਨਾਲ ਪ੍ਰਣਾਮ ਕੀਤਾ ਸੀ ਜਿਸ ਤਰ੍ਹਾਂ ਇਬਰਾਨੀ ਲਿਖਤਾਂ ਵਿਚ ਜ਼ਿਕਰ ਕੀਤੇ ਲੋਕ ਕਰਦੇ ਸਨ। ਉਹ ਨਬੀਆਂ, ਰਾਜਿਆਂ ਅਤੇ ਪਰਮੇਸ਼ੁਰ ਦੇ ਚੁਣੇ ਹੋਏ ਨੂੰ ਝੁਕ ਕੇ ਪ੍ਰਣਾਮ ਕਰਦੇ ਸਨ। (1 ਸਮੂ 25:23, 24; 2 ਸਮੂ 14:4-7; 1 ਰਾਜ 1:16; 2 ਰਾਜ 4:36, 37) ਬਹੁਤ ਸਾਰੇ ਮੌਕਿਆਂ ʼਤੇ ਜਦੋਂ ਲੋਕਾਂ ਨੇ ਯਿਸੂ ਨੂੰ ਪ੍ਰਣਾਮ ਕੀਤਾ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ਦੇਖ ਕੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਇੱਦਾਂ ਕੀਤਾ ਸੀ।—ਮੱਤੀ 2:2; 8:2; 14:33; 15:25 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
(ਯੂਹੰਨਾ 10:22) ਉਸ ਸਮੇਂ ਯਰੂਸ਼ਲਮ ਵਿਚ ਸਮਰਪਣ ਦਾ ਤਿਉਹਾਰ ਮਨਾਇਆ ਗਿਆ। ਅਤੇ ਉਦੋਂ ਸਰਦੀਆਂ ਦਾ ਮੌਸਮ ਸੀ,
nwtsty ਵਿੱਚੋਂ ਯੂਹੰ 10:22 ਲਈ ਖ਼ਾਸ ਜਾਣਕਾਰੀ
ਸਮਰਪਣ ਦਾ ਤਿਉਹਾਰ: ਇਸ ਤਿਉਹਾਰ ਨੂੰ ਇਬਰਾਨੀ ਵਿਚ ਹਾਨੂਕਾਹ (chanuk·kahʹ) ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ, ਉਦਘਾਟਨ; ਸਮਰਪਣ।” ਇਹ ਤਿਉਹਾਰ 165 ਈ. ਪੂ. ਵਿਚ ਯਰੂਸ਼ਲਮ ਦੇ ਮੰਦਰ ਨੂੰ ਦੁਬਾਰਾ ਸਮਰਪਿਤ ਕਰਨ ਦੀ ਯਾਦ ਵਿਚ ਕਿਸਲੇਵ ਮਹੀਨੇ ਦੇ 25ਵੇਂ ਦਿਨ ਯਾਨੀ ਦਸੰਬਰ ਮਹੀਨੇ ਦੇ ਅਖ਼ੀਰ ਵਿਚ ਸ਼ੁਰੂ ਹੁੰਦਾ ਸੀ ਤੇ ਇਹ ਤਿਉਹਾਰ ਅੱਠ ਦਿਨਾਂ ਤਕ ਚੱਲਦਾ ਸੀ। ਸੀਰੀਆ ਦੇ ਰਾਜੇ ਐੱਨਟੀਓਕਸ ਚੌਥੇ ਇਪਿਫ਼ੇਨੀਜ਼ ਨੇ ਯਹੂਦੀਆਂ ਦੇ ਪਰਮੇਸ਼ੁਰ ਯਹੋਵਾਹ ਪ੍ਰਤੀ ਨਫ਼ਰਤ ਦਿਖਾਉਣ ਲਈ ਉਸ ਦੇ ਮੰਦਰ ਨੂੰ ਅਪਵਿੱਤਰ ਕੀਤਾ। ਮਿਸਾਲ ਲਈ, ਉਸ ਨੇ ਵੱਡੀ ਵੇਦੀ ਉੱਤੇ ਇਕ ਵੇਦੀ ਬਣਾਈ ਜਿਸ ਉੱਤੇ ਪਹਿਲਾਂ ਰੋਜ਼ ਹੋਮ-ਬਲ਼ੀਆਂ ਚੜ੍ਹਾਈਆਂ ਜਾਂਦੀਆ ਸਨ। 168 ਈ. ਪੂ. ਵਿਚ ਕਿਸਲੇਵ ਦੀ 25 ਤਾਰੀਖ਼ ਨੂੰ ਐੱਨਟੀਓਕਸ ਨੇ ਪਰਮੇਸ਼ੁਰ ਦੇ ਮੰਦਰ ਨੂੰ ਪੂਰੀ ਤਰ੍ਹਾਂ ਅਪਵਿੱਤਰ ਕਰਨ ਲਈ ਵੇਦੀ ਉੱਤੇ ਸੂਰ ਦੀ ਬਲ਼ੀ ਚੜ੍ਹਾਈ ਅਤੇ ਉਸ ਦੇ ਮਾਸ ਵਿੱਚੋਂ ਨਿਕਲੇ ਤਰਲ ਪਦਾਰਥ ਨੂੰ ਮੰਦਰ ਦੇ ਹਰ ਪਾਸੇ ਛਿੜਕ ਦਿੱਤਾ। ਉਸ ਨੇ ਮੰਦਰ ਦੇ ਦਰਵਾਜ਼ੇ ਸਾੜ ਦਿੱਤੇ, ਪੁਜਾਰੀਆਂ ਦੀਆਂ ਕੋਠੜੀਆਂ ਢਾਹ ਦਿੱਤੀਆਂ ਅਤੇ ਸੋਨੇ ਦੀ ਵੇਦੀ, ਰੋਟੀ ਦਾ ਮੇਜ਼ ਅਤੇ ਸੋਨੇ ਦੇ ਸ਼ਮਾਦਾਨਾਂ ਨੂੰ ਲੈ ਗਿਆ। ਫਿਰ ਉਸ ਨੇ ਯਹੋਵਾਹ ਦਾ ਮੰਦਰ ਓਲਿੰਪਸ ਦੇ ਦੇਵਤੇ ਜ਼ੂਸ ਨੂੰ ਸਮਰਪਿਤ ਕਰ ਦਿੱਤਾ। ਦੋ ਸਾਲਾਂ ਬਾਅਦ ਯਹੂਦਾ ਮੈੱਕਬੀਜ਼ ਨੇ ਸ਼ਹਿਰ ਅਤੇ ਮੰਦਰ ਉੱਤੇ ਕਬਜ਼ਾ ਕਰ ਲਿਆ। ਐੱਨਟੀਓਕਸ ਦੁਆਰਾ ਵੇਦੀ ਉੱਤੇ ਜ਼ੂਸ ਨੂੰ ਅਸ਼ੁੱਧ ਬਲ਼ੀ ਚੜ੍ਹਾਏ ਜਾਣ ਤੋਂ ਪੂਰੇ ਤਿੰਨ ਸਾਲ ਬਾਅਦ ਯਾਨੀ 165 ਈ. ਪੂ. ਵਿਚ ਕਿਸਲੇਵ ਦੀ 25 ਤਾਰੀਖ਼ ਨੂੰ ਮੰਦਰ ਨੂੰ ਸਾਫ਼ ਕਰ ਕੇ ਦੁਬਾਰਾ ਸਮਰਪਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰੋਜ਼ ਯਹੋਵਾਹ ਨੂੰ ਹੋਮ-ਬਲ਼ੀਆਂ ਚੜ੍ਹਾਈਆਂ ਜਾਣੀਆਂ ਸ਼ੁਰੂ ਹੋ ਗਈਆਂ। ਬਾਈਬਲ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਯਹੋਵਾਹ ਨੇ ਯਹੂਦਾ ਮੈੱਕਬੀਜ਼ ਨੂੰ ਜਿੱਤ ਦਵਾਈ ਅਤੇ ਉਸ ਨੂੰ ਦੁਬਾਰਾ ਮੰਦਰ ਬਹਾਲ ਕਰਨ ਲਈ ਕਿਹਾ। ਪਰ ਯਹੋਵਾਹ ਨੇ ਹੋਰ ਕੌਮਾਂ ਦੇ ਲੋਕਾਂ, ਜਿਵੇਂ ਫ਼ਾਰਸ ਦੇ ਰਾਜਾ ਖੋਰੁਸ, ਨੂੰ ਆਪਣੀ ਭਗਤੀ ਸੰਬੰਧਿਤ ਮਕਸਦਾਂ ਨੂੰ ਪੂਰਾ ਕਰਨ ਲਈ ਵਰਤਿਆ ਸੀ। (ਯਸਾ 45:1) ਇਸ ਲਈ ਇਹ ਸਿੱਟਾ ਕੱਢਣਾ ਸਹੀ ਹੈ ਕਿ ਯਹੋਵਾਹ ਆਪਣੀ ਸਮਰਪਿਤ ਕੌਮ ਦੇ ਕਿਸੇ ਵੀ ਵਿਅਕਤੀ, ਜਿਵੇਂ ਯਹੂਦਾ ਮੈੱਕਬੀਜ਼, ਨੂੰ ਆਪਣੀ ਇੱਛਾ ਪੂਰੀ ਕਰਨ ਲਈ ਵਰਤ ਸਕਦਾ ਹੈ। ਆਇਤਾਂ ਤੋਂ ਪਤਾ ਲੱਗਦਾ ਹੈ ਕਿ ਮਸੀਹ, ਉਸ ਦੀ ਸੇਵਕਾਈ ਅਤੇ ਉਸ ਦੀ ਕੁਰਬਾਨੀ ਸੰਬੰਧਿਤ ਭਵਿੱਖਬਾਣੀਆਂ ਦੇ ਪੂਰਾ ਹੋਣ ਲਈ ਮੰਦਰ ਦਾ ਸਹੀ ਹਾਲਤ ਵਿਚ ਹੋਣਾ ਜ਼ਰੂਰੀ ਸੀ। ਮਨੁੱਖਜਾਤੀ ਲਈ ਮਸੀਹ ਦੁਆਰਾ ਕੁਰਬਾਨੀ ਦੇਣ ਦੇ ਸਮੇਂ ਤਕ ਲੇਵੀਆਂ ਦੁਆਰਾ ਬਲ਼ੀਆਂ ਚੜ੍ਹਾਈਆਂ ਜਾਣੀਆਂ ਜ਼ਰੂਰੀ ਸਨ। (ਦਾਨੀ 9:27; ਯੂਹੰ 2:17; ਇਬ 9:11-14) ਮਸੀਹ ਦੇ ਚੇਲਿਆਂ ਨੂੰ ਸਮਰਪਣ ਦਾ ਤਿਉਹਾਰ ਮਨਾਉਣ ਦਾ ਹੁਕਮ ਨਹੀਂ ਦਿੱਤਾ ਗਿਆ ਸੀ। (ਕੁਲੁ 2:16, 17) ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਯਿਸੂ ਜਾਂ ਉਸ ਦੇ ਚੇਲਿਆਂ ਨੇ ਇਹ ਤਿਉਹਾਰ ਮਨਾਉਣ ਤੋਂ ਮਨ੍ਹਾ ਕੀਤਾ ਹੋਵੇ।
ਬਾਈਬਲ ਪੜ੍ਹਾਈ
(ਯੂਹੰਨਾ 9:1-17) ਹੁਣ ਰਾਹ ਵਿਚ ਜਾਂਦਿਆਂ ਉਸ ਨੇ ਇਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ। 2 ਅਤੇ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਕਿਸ ਨੇ ਪਾਪ ਕੀਤਾ ਇਸ ਆਦਮੀ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਜਿਸ ਕਰਕੇ ਇਹ ਜਨਮ ਤੋਂ ਅੰਨ੍ਹਾ ਹੈ?” 3 ਯਿਸੂ ਨੇ ਜਵਾਬ ਦਿੱਤਾ: “ਨਾ ਹੀ ਇਸ ਆਦਮੀ ਨੇ ਪਾਪ ਕੀਤਾ, ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਸ ਮਾਮਲੇ ਵਿਚ ਲੋਕ ਪਰਮੇਸ਼ੁਰ ਦੇ ਕੰਮ ਦੇਖ ਸਕਣਗੇ। 4 ਜਦ ਤਕ ਦਿਨ ਹੈ ਸਾਨੂੰ ਉਸ ਦੇ ਕੰਮ ਕਰਨੇ ਚਾਹੀਦੇ ਹਨ ਜਿਸ ਨੇ ਮੈਨੂੰ ਘੱਲਿਆ ਹੈ; ਰਾਤ ਹੋਣ ਵਾਲੀ ਹੈ ਜਿਸ ਕਰਕੇ ਕੋਈ ਆਦਮੀ ਕੰਮ ਨਹੀਂ ਕਰ ਸਕੇਗਾ। 5 ਜਦ ਤਕ ਮੈਂ ਦੁਨੀਆਂ ਵਿਚ ਹਾਂ, ਮੈਂ ਦੁਨੀਆਂ ਦਾ ਚਾਨਣ ਹਾਂ।” 6 ਇਹ ਕਹਿਣ ਤੋਂ ਬਾਅਦ ਉਸ ਨੇ ਜ਼ਮੀਨ ʼਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਦਾ ਲੇਪ ਬਣਾ ਕੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ 7 ਅਤੇ ਉਸ ਨੂੰ ਕਿਹਾ: “ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖੀਆਂ ਧੋ ਲੈ।” (ਸੀਲੋਮ ਦਾ ਮਤਲਬ ਹੈ ‘ਵਹਿ ਰਿਹਾ ਪਾਣੀ।’) ਉਸ ਨੇ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਉਹ ਸੁਜਾਖਾ ਹੋ ਕੇ ਵਾਪਸ ਆਇਆ। 8 ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜੋ ਪਹਿਲਾਂ ਉਸ ਨੂੰ ਭੀਖ ਮੰਗਦੇ ਹੋਏ ਦੇਖਦੇ ਹੁੰਦੇ ਸਨ, ਪੁੱਛਣ ਲੱਗੇ: “ਕੀ ਇਹ ਉਹੀ ਆਦਮੀ ਨਹੀਂ ਜਿਹੜਾ ਪਹਿਲਾਂ ਬੈਠਾ ਭੀਖ ਮੰਗਦਾ ਹੁੰਦਾ ਸੀ?” 9 ਕੁਝ ਲੋਕਾਂ ਨੇ ਕਿਹਾ: “ਇਹ ਉਹੀ ਹੈ।” ਦੂਸਰਿਆਂ ਨੇ ਕਿਹਾ: “ਨਹੀਂ, ਇਹ ਉਹ ਆਦਮੀ ਨਹੀਂ ਪਰ ਉਸ ਵਰਗਾ ਹੈ।” ਉਸ ਆਦਮੀ ਨੇ ਕਿਹਾ: “ਮੈਂ ਉਹੀ ਹਾਂ।” 10 ਇਸ ਲਈ ਉਹ ਉਸ ਆਦਮੀ ਨੂੰ ਪੁੱਛਣ ਲੱਗੇ: “ਤਾਂ ਫਿਰ, ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ?” 11 ਉਸ ਨੇ ਜਵਾਬ ਦਿੱਤਾ: “ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ʼਤੇ ਲਾਇਆ ਅਤੇ ਮੈਨੂੰ ਕਿਹਾ, ‘ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’ ਅਤੇ ਮੈਂ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।” 12 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਉਹ ਆਦਮੀ ਕਿੱਥੇ ਹੈ?” ਉਸ ਨੇ ਕਿਹਾ: “ਮੈਨੂੰ ਨਹੀਂ ਪਤਾ।” 13 ਫਿਰ ਉਹ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਹੁੰਦਾ ਸੀ, ਫ਼ਰੀਸੀਆਂ ਕੋਲ ਲੈ ਗਏ। 14 ਜਿਸ ਦਿਨ ਯਿਸੂ ਨੇ ਮਿੱਟੀ ਦਾ ਲੇਪ ਬਣਾ ਕੇ ਉਸ ਆਦਮੀ ਦੀਆਂ ਅੱਖਾਂ ਖੋਲ੍ਹੀਆਂ ਸਨ, ਕੁਦਰਤੀਂ ਉਹ ਸਬਤ ਦਾ ਦਿਨ ਸੀ। 15 ਹੁਣ ਫ਼ਰੀਸੀ ਵੀ ਉਸ ਆਦਮੀ ਨੂੰ ਪੁੱਛਣ ਲੱਗ ਪਏ ਕਿ ਉਹ ਸੁਜਾਖਾ ਕਿੱਦਾਂ ਹੋਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਉਸ ਨੇ ਮੇਰੀਆਂ ਅੱਖਾਂ ʼਤੇ ਮਿੱਟੀ ਦਾ ਲੇਪ ਬਣਾ ਕੇ ਲਾਇਆ ਅਤੇ ਮੈਂ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।” 16 ਇਸ ਲਈ ਕੁਝ ਫ਼ਰੀਸੀ ਕਹਿਣ ਲੱਗੇ: “ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ, ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ।” ਦੂਸਰੇ ਕਹਿਣ ਲੱਗੇ: “ਕੋਈ ਪਾਪੀ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਤਰ੍ਹਾਂ ਫ਼ਰੀਸੀਆਂ ਵਿਚ ਫੁੱਟ ਪੈ ਗਈ। 17 ਇਸ ਲਈ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਫਿਰ ਪੁੱਛਿਆ: “ਉਸ ਬਾਰੇ ਤੇਰਾ ਕੀ ਖ਼ਿਆਲ ਹੈ ਕਿਉਂਕਿ ਤੇਰੀਆਂ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਹਨ?” ਉਸ ਆਦਮੀ ਨੇ ਕਿਹਾ: “ਉਹ ਇਕ ਨਬੀ ਹੈ।”
8-14 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 11-12
“ਯਿਸੂ ਦੀ ਹਮਦਰਦੀ ਦੀ ਰੀਸ ਕਰੋ”
(ਯੂਹੰਨਾ 11:23-26) ਯਿਸੂ ਨੇ ਉਸ ਨੂੰ ਕਿਹਾ: “ਤੇਰਾ ਭਰਾ ਦੁਬਾਰਾ ਜੀਉਂਦਾ ਹੋ ਜਾਵੇਗਾ।” 24 ਮਾਰਥਾ ਨੇ ਕਿਹਾ: “ਮੈਨੂੰ ਪਤਾ ਉਹ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਹੋਵੇਗਾ।” 25 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ; 26 ਅਤੇ ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?”
nwtsty ਵਿੱਚੋਂ ਯੂਹੰ 11:24, 25 ਲਈ ਖ਼ਾਸ ਜਾਣਕਾਰੀ
ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ: ਮਾਰਥਾ ਨੂੰ ਲੱਗਦਾ ਸੀ ਕਿ ਯਿਸੂ ਭਵਿੱਖ ਵਿਚ ਯਾਨੀ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦੇ ਕਰਨ ਦੀ ਗੱਲ ਕਰ ਰਿਹਾ ਸੀ। (ਯੂਹੰ 6:39 ਲਈ ਖ਼ਾਸ ਜਾਣਕਾਰੀ ਦੇਖੋ।) ਇਸ ਸਿੱਖਿਆ ਉੱਤੇ ਉਸ ਦੀ ਨਿਹਚਾ ਮਜ਼ਬੂਤ ਸੀ। ਉਸ ਸਮੇਂ ਦੇ ਸਦੂਕੀ ਪੰਥ ਦੇ ਧਾਰਮਿਕ ਗੁਰੂ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਸਿੱਖਿਆ ਨੂੰ ਨਹੀਂ ਮੰਨਦੇ ਸਨ ਭਾਵੇਂ ਕਿ ਇਹ ਸਿੱਖਿਆ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਲਿਖੇ ਬਚਨ ਵਿਚ ਸਾਫ਼ ਤੌਰ ʼਤੇ ਪਾਈ ਜਾਂਦੀ ਹੈ। (ਦਾਨੀ 12:13; ਮਰ 12:18) ਦੂਜੇ ਪਾਸੇ, ਫ਼ਰੀਸੀ ਅਮਰ ਆਤਮਾ ਦੀ ਸਿੱਖਿਆ ʼਤੇ ਯਕੀਨ ਕਰਦੇ ਸਨ। ਪਰ ਮਾਰਥਾ ਜਾਣਦੀ ਸੀ ਕਿ ਯਿਸੂ ਨੇ ਮਰੇ ਹੋਇਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਸਿੱਖਿਆ ਦਿੱਤੀ। ਨਾਲੇ ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਸੀ, ਉਨ੍ਹਾਂ ਨੂੰ ਲਾਜ਼ਰ ਵਾਂਗ ਮਰੇ ਹੋਇਆਂ ਨੂੰ ਕਈ ਦਿਨ ਨਹੀਂ ਹੋਏ ਸਨ।
ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ: ਯਿਸੂ ਦੇ ਮਰਨ ਅਤੇ ਦੁਬਾਰਾ ਜੀਉਂਦੇ ਹੋਣ ਕਰਕੇ ਮਰੇ ਹੋਏ ਲੋਕਾਂ ਲਈ ਦੁਬਾਰਾ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹ ਗਿਆ। ਯਿਸੂ ਦੇ ਦੁਬਾਰਾ ਜੀਉਂਦਾ ਕੀਤੇ ਜਾਣ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਨਾ ਸਿਰਫ਼ ਮਰਿਆਂ ਨੂੰ ਜੀਉਂਦੇ ਕਰਨ ਦੀ, ਸਗੋਂ ਹਮੇਸ਼ਾ ਦੀ ਜ਼ਿੰਦਗੀ ਦੇਣ ਦੀ ਤਾਕਤ ਵੀ ਦਿੱਤੀ। (ਯੂਹੰ 5:26 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।) ਪ੍ਰਕਾ 1:18 ਵਿਚ ਯਿਸੂ ਨੇ ਆਪਣੇ ਆਪ ਨੂੰ “ਜੀਉਂਦਾ” ਕਿਹਾ ਜਿਸ ਕੋਲ “ਮੌਤ ਅਤੇ ਕਬਰ ਦੀਆਂ ਚਾਬੀਆਂ ਹਨ।” ਇਸ ਲਈ ਯਿਸੂ ਮਰੇ ਅਤੇ ਜੀਉਂਦੇ ਲੋਕਾਂ ਨੂੰ ਆਸ ਦਿੰਦਾ ਹੈ। ਉਸ ਨੇ ਵਾਅਦਾ ਕੀਤਾ ਕਿ ਉਹ ਕਬਰਾਂ ਨੂੰ ਖੋਲ੍ਹ ਦੇਵੇਗਾ ਅਤੇ ਮਰੇ ਹੋਏ ਲੋਕਾਂ ਨੂੰ ਜ਼ਿੰਦਗੀ ਦੇਵੇਗਾ, ਚਾਹੇ ਉਹ ਸਵਰਗ ਵਿਚ ਉਸ ਨਾਲ ਰਾਜ ਕਰਨ ਵਾਲੇ ਹੋਣ ਜਾਂ ਨਵੀਂ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਵਾਲੇ ਹੋਣ ਜਿੱਥੇ ਉਸ ਦੀ ਸਵਰਗੀ ਸਰਕਾਰ ਰਾਜ ਕਰੇਗੀ।—ਯੂਹੰ 5:28, 29; 2 ਪਤ 3:13.
(ਯੂਹੰਨਾ 11:33-35) ਇਸ ਲਈ, ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਨਾਲ ਆਏ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਸ ਦਾ ਵੀ ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ; 34 ਅਤੇ ਉਸ ਨੇ ਪੁੱਛਿਆ: “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਆ ਕੇ ਦੇਖ ਲੈ।” 35 ਯਿਸੂ ਰੋਣ ਲੱਗ ਪਿਆ।
nwtsty ਵਿੱਚੋਂ ਯੂਹੰ 11:33-35 ਲਈ ਖ਼ਾਸ ਜਾਣਕਾਰੀ
ਰੋਂਦੇ: ਜਾਂ “ਰੋਣਾ।” “ਰੋਂਦੇ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਅਕਸਰ ਉੱਚੀ ਆਵਾਜ਼ ਵਿਚ ਰੋਣ ਨੂੰ ਦਰਸਾਉਂਦਾ ਹੈ। ਇਹੀ ਕਿਰਿਆ ਉਦੋਂ ਵੀ ਵਰਤੀ ਗਈ ਸੀ ਜਦੋਂ ਯਿਸੂ ਨੇ ਯਰੂਸ਼ਲਮ ਦੇ ਨਾਸ਼ ਬਾਰੇ ਭਵਿੱਖਬਾਣੀ ਕੀਤੀ ਸੀ।—ਲੂਕਾ 19:41.
ਦਿਲ ਭਰ ਆਇਆ ਅਤੇ . . . ਬਹੁਤ ਦੁਖੀ ਹੋਇਆ: ਮੂਲ ਭਾਸ਼ਾ ਵਿਚ ਇਨ੍ਹਾਂ ਦੋ ਸ਼ਬਦਾਂ ਦੇ ਇਕੱਠੇ ਇਸਤੇਮਾਲ ਕੀਤੇ ਜਾਣ ਨਾਲ ਇਸ ਮੌਕੇ ʼਤੇ ਯਿਸੂ ਦੀਆਂ ਗਹਿਰੀਆਂ ਭਾਵਨਾਵਾਂ ਦਾ ਪਤਾ ਲੱਗਦਾ ਹੈ। ਜਿਸ ਯੂਨਾਨੀ ਕਿਰਿਆ ਨੂੰ “ਦਿਲ ਭਰ ਆਇਆ” (em·bri·maʹo·mai) ਕਿਹਾ ਗਿਆ ਹੈ, ਉਹ ਆਮ ਤੌਰ ʼਤੇ ਗਹਿਰੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ। ਪਰ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਇਨ੍ਹਾਂ ਭਾਵੁਕ ਹੋਇਆ ਕਿ ਉਸ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ। “ਬਹੁਤ ਦੁਖੀ ਹੋਇਆ” (ta·rasʹso) ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਪਰੇਸ਼ਾਨ ਹੋਣਾ ਹੈ। ਇਕ ਵਿਦਵਾਨ ਮੁਤਾਬਕ ਇਸ ਆਇਤ ਵਿਚ ਇਸ ਦਾ ਮਤਲਬ “ਅੰਦਰੋਂ ਬੇਚੈਨ ਹੋਣਾ; ਬਹੁਤ ਦੁਖੀ ਹੋਣਾ ਜਾਂ ਗਹਿਰਾ ਦਰਦ ਮਹਿਸੂਸ ਕਰਨਾ ਹੈ।” ਇਹੀ ਕਿਰਿਆ ਯੂਹੰ 13:21 ਵਿਚ ਵੀ ਵਰਤੀ ਗਈ ਹੈ ਜਿੱਥੇ ਯਹੂਦਾਹ ਦੁਆਰਾ ਧੋਖਾ ਦੇਣ ਦੀ ਗੱਲ ਸੋਚ ਕੇ ਯਿਸੂ ਦੀਆਂ ਭਾਵਨਾਵਾਂ ਬਾਰੇ ਦੱਸਿਆ ਗਿਆ ਹੈ।—ਯੂਹੰ 11:35 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
ਰੋਣ ਲੱਗ ਪਿਆ: ਇੱਥੇ ਵਰਤਿਆ ਗਿਆ ਸ਼ਬਦ ਡਕਰੀਓ (da·kryʹo) “ਰੋਣ” ਲਈ ਯੂਨਾਨੀ ਨਾਂਵ ਦੀ ਕਿਰਿਆ ਹੈ। ਇਹ ਸ਼ਬਦ ਲੂਕਾ 7:38; ਰਸੂ 20:19, 31; ਇਬ 5:7; ਪ੍ਰਕਾ 7:17; 21:4 ਵਿਚ ਵੀ ਪਾਇਆ ਜਾਂਦਾ ਹੈ। ਲੱਗਦਾ ਹੈ ਕਿ ਇੱਥੇ ਜ਼ਿਆਦਾ ਜ਼ੋਰ ਉੱਚੀ ਆਵਾਜ਼ ਵਿਚ ਰੋਣ ਦੀ ਬਜਾਇ ਹੰਝੂ ਵਹਾਉਣ ʼਤੇ ਦਿੱਤਾ ਗਿਆ ਹੈ। ਮਸੀਹੀ ਯੂਨਾਨੀ ਲਿਖਤਾਂ ਵਿਚ ਇਹ ਯੂਨਾਨੀ ਕਿਰਿਆ ਸਿਰਫ਼ ਇਸੇ ਆਇਤ ਵਿਚ ਪਾਈ ਜਾਂਦੀ ਹੈ ਅਤੇ ਇਹ ਯੂਹੰਨਾ 11:33 ਵਿਚ ਮਰੀਅਮ ਅਤੇ ਯਹੂਦੀਆਂ ਦੇ ਰੋਣ ਨੂੰ ਦਰਸਾਉਣ ਲਈ ਵਰਤੀ ਗਈ ਕਿਰਿਆ ਤੋਂ ਅਲੱਗ ਹੈ। ਯਿਸੂ ਨੂੰ ਪਤਾ ਸੀ ਕਿ ਉਹ ਲਾਜ਼ਰ ਨੂੰ ਜੀਉਂਦਾ ਕਰਨ ਵਾਲਾ ਸੀ, ਪਰ ਆਪਣੇ ਪਿਆਰੇ ਦੋਸਤਾਂ ਨੂੰ ਦੁਖੀ ਦੇਖ ਕੇ ਉਸ ਦਾ ਮਨ ਭਰ ਗਿਆ ਸੀ। ਆਪਣੇ ਦੋਸਤਾਂ ਲਈ ਪਿਆਰ ਅਤੇ ਹਮਦਰਦੀ ਹੋਣ ਕਰਕੇ ਉਹ ਸਾਰਿਆਂ ਸਾਮ੍ਹਣੇ ਰੋਇਆ। ਇਸ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਜਦੋਂ ਕੋਈ ਆਪਣੇ ਕਿਸੇ ਪਿਆਰੇ ਦੀ ਮੌਤ ਕਰਕੇ ਦੁਖੀ ਹੁੰਦਾ ਹੈ, ਤਾਂ ਯਿਸੂ ਉਸ ਦੇ ਦੁੱਖ ਵਿਚ ਦੁਖੀ ਹੁੰਦਾ ਹੈ।
(ਯੂਹੰਨਾ 11:43, 44) ਅਤੇ ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ ਜਾ!” 44 ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ʼਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ʼਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”
ਹੀਰੇ-ਮੋਤੀਆਂ ਦੀ ਖੋਜ ਕਰੋ
(ਯੂਹੰਨਾ 11:49) ਉੱਥੇ ਉਨ੍ਹਾਂ ਵਿਚ ਕਾਇਫ਼ਾ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ;
nwtsty ਵਿੱਚੋਂ ਯੂਹੰ 11:49 ਲਈ ਖ਼ਾਸ ਜਾਣਕਾਰੀ
ਮਹਾਂ ਪੁਜਾਰੀ: ਜਦੋਂ ਇਜ਼ਰਾਈਲ ਆਜ਼ਾਦ ਦੇਸ਼ ਸੀ, ਤਾਂ ਮਹਾਂ ਪੁਜਾਰੀ ਉਮਰ ਭਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਨ। (ਗਿਣ 35:25) ਪਰ ਜਦੋਂ ਇਜ਼ਰਾਈਲ ਰੋਮੀ ਸਰਕਾਰ ਦੇ ਅਧੀਨ ਆ ਗਿਆ, ਤਾਂ ਰੋਮ ਵੱਲੋਂ ਨਿਯੁਕਤ ਕੀਤੇ ਰਾਜਿਆਂ ਕੋਲ ਮਹਾਂ ਪੁਜਾਰੀ ਨੂੰ ਚੁਣਨ ਅਤੇ ਸੇਵਾ-ਮੁਕਤ ਕਰਨ ਦਾ ਅਧਿਕਾਰ ਹੁੰਦਾ ਸੀ। ਰੋਮੀਆਂ ਵੱਲੋਂ ਨਿਯੁਕਤ ਕੀਤਾ ਮਹਾਂ ਪੁਜਾਰੀ ਕਾਇਫ਼ਾ ਸੂਝ-ਬੂਝ ਵਾਲਾ ਸੀ। ਉਸ ਨੇ ਆਪਣੇ ਤੋਂ ਪਹਿਲਾਂ ਆਏ ਮਹਾਂ ਪੁਜਾਰੀਆਂ ਨਾਲੋਂ ਲੰਬੇ ਸਮੇਂ ਤਕ ਮਹਾਂ ਪੁਜਾਰੀ ਵਜੋਂ ਕੰਮ ਕੀਤਾ। ਉਸ ਨੂੰ ਲਗਭਗ 18 ਈਸਵੀ ਵਿਚ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਲਗਭਗ 36 ਈਸਵੀ ਤਕ ਕੰਮ ਕੀਤਾ ਸੀ। ਜਦੋਂ ਯੂਹੰਨਾ ਨੇ ਕਿਹਾ ਕਿ ਕਾਇਫ਼ਾ ਉਸ ਸਾਲ ਯਾਨੀ 33 ਈਸਵੀ ਵਿਚ ਮਹਾਂ ਪੁਜਾਰੀ ਸੀ, ਤਾਂ ਉਸ ਦਾ ਮਤਲਬ ਸੀ ਕਿ ਕਾਇਫ਼ਾ ਦੇ ਸੇਵਾ ਕਾਲ ਵਿਚ ਉਹ ਯਾਦਗਾਰ ਸਾਲ ਸ਼ਾਮਲ ਸੀ ਜਿਸ ਵਿਚ ਯਿਸੂ ਨੂੰ ਮਾਰਿਆ ਗਿਆ ਸੀ।
(ਯੂਹੰਨਾ 12:42) ਪਰ ਫਿਰ ਵੀ ਯਹੂਦੀਆਂ ਦੇ ਬਹੁਤ ਸਾਰੇ ਆਗੂ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ, ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ;
nwtsty ਵਿੱਚੋਂ ਯੂਹੰ 12:42 ਲਈ ਖ਼ਾਸ ਜਾਣਕਾਰੀ
ਆਗੂ: “ਆਗੂ” ਲਈ ਵਰਤਿਆ ਗਿਆ ਯੂਨਾਨੀ ਸ਼ਬਦ ਯਹੂਦੀ ਮਹਾਸਭਾ ਜਾਂ ਉੱਚ ਅਦਾਲਤ ਦੇ ਮੈਂਬਰਾਂ ਨੂੰ ਦਰਸਾਉਂਦਾ ਹੈ। ਯੂਹੰ 3:1 ਵਿਚ ਵਰਤਿਆ ਇਹ ਸ਼ਬਦ ਇਸ ਸਭਾ ਦੇ ਮੈਂਬਰ ਨਿਕੁਦੇਮੁਸ ਬਾਰੇ ਹੈ।—ਯੂਹੰ 3:1 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
ਸਭਾ ਘਰ ਵਿੱਚੋਂ . . . ਛੇਕਿਆ ਜਾਵੇ: ਜਾਂ “ਮਹਾਂ ਸਭਾ ਵਿੱਚੋਂ ਕੱਢ ਦਿੱਤਾ ਜਾਵੇ; ਸਭਾ ਘਰ ਵਿਚ ਆਉਣ ਤੋਂ ਰੋਕਿਆ ਜਾਵੇ।” ਯੂਨਾਨੀ ਵਿਸ਼ੇਸ਼ਣ ਅਪੋਸੀਨਾਗੋਗੋਸ (a·po·sy·naʹgo·gos) ਸਿਰਫ਼ ਇੱਥੇ ਅਤੇ ਯੂਹੰ 12:42 ਅਤੇ 16:2 ਵਿਚ ਵਰਤਿਆ ਗਿਆ ਹੈ। ਛੇਕੇ ਗਏ ਵਿਅਕਤੀ ਨੂੰ ਸਮਾਜ ਵਿੱਚੋਂ ਕੱਢ ਦਿੱਤਾ ਜਾਂਦਾ ਸੀ ਅਤੇ ਉਸ ਨਾਲ ਨਫ਼ਰਤ ਕੀਤੀ ਜਾਂਦੀ ਸੀ। ਦੂਜੇ ਯਹੂਦੀਆਂ ਨਾਲ ਮੇਲ-ਜੋਲ ਨਾ ਹੋਣ ਕਰਕੇ ਪਰਿਵਾਰ ਦੀ ਆਰਥਿਕ ਹਾਲਤ ਉੱਤੇ ਬਹੁਤ ਬੁਰਾ ਅਸਰ ਪੈਂਦਾ ਸੀ। ਸਭਾ ਘਰਾਂ ਨੂੰ ਮੁੱਖ ਤੌਰ ʼਤੇ ਸਿੱਖਿਆ ਦੇਣ ਲਈ ਵਰਤਿਆ ਜਾਂਦਾ ਸੀ, ਪਰ ਕਈ ਵਾਰ ਇਸ ਨੂੰ ਸਥਾਨਕ ਅਦਾਲਤਾਂ ਵਜੋਂ ਵੀ ਵਰਤਿਆ ਜਾਂਦਾ ਸੀ ਜਿਸ ਕੋਲ ਲੋਕਾਂ ਨੂੰ ਕੋਰੜੇ ਮਾਰਨ ਅਤੇ ਛੇਕੇ ਜਾਣ ਦਾ ਅਧਿਕਾਰ ਸੀ—ਮੱਤੀ 10:17 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
ਬਾਈਬਲ ਪੜ੍ਹਾਈ
(ਯੂਹੰਨਾ 12:35-50) ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਚਾਨਣ ਹੋਰ ਥੋੜ੍ਹਾ ਚਿਰ ਤੁਹਾਡੇ ਵਿਚਕਾਰ ਰਹੇਗਾ। ਜਦੋਂ ਤਕ ਤੁਹਾਡੇ ਕੋਲ ਚਾਨਣ ਹੈ, ਇਸ ਵਿਚ ਚੱਲੋ, ਤਾਂਕਿ ਹਨੇਰਾ ਤੁਹਾਨੂੰ ਨਾ ਘੇਰੇ; ਹਨੇਰੇ ਵਿਚ ਚੱਲਣ ਵਾਲਾ ਇਨਸਾਨ ਨਹੀਂ ਜਾਣਦਾ ਕਿ ਉਹ ਕਿੱਧਰ ਜਾ ਰਿਹਾ ਹੈ। 36 ਜਿੰਨਾ ਚਿਰ ਤੁਹਾਡੇ ਕੋਲ ਚਾਨਣ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣੋ।” ਯਿਸੂ ਇਹ ਗੱਲਾਂ ਕਹਿਣ ਤੋਂ ਬਾਅਦ ਉੱਥੋਂ ਚਲਾ ਗਿਆ ਅਤੇ ਉਨ੍ਹਾਂ ਤੋਂ ਲੁਕ ਗਿਆ। 37 ਭਾਵੇਂ ਉਸ ਨੇ ਉਨ੍ਹਾਂ ਸਾਮ੍ਹਣੇ ਕਈ ਚਮਤਕਾਰ ਕੀਤੇ ਸਨ, ਫਿਰ ਵੀ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਾ ਕੀਤੀ। 38 ਇਸ ਕਰਕੇ ਯਸਾਯਾਹ ਨਬੀ ਦੀ ਇਹ ਗੱਲ ਪੂਰੀ ਹੋਈ: “ਯਹੋਵਾਹ, ਅਸੀਂ ਜੋ ਗੱਲ ਸੁਣੀ ਹੈ, ਉਸ ਉੱਤੇ ਕਿਸ ਨੇ ਨਿਹਚਾ ਕੀਤੀ ਹੈ? ਯਹੋਵਾਹ ਦੀ ਤਾਕਤ ਕਿਨ੍ਹਾਂ ਨੂੰ ਦਿਖਾਈ ਗਈ ਹੈ?” 39 ਉਨ੍ਹਾਂ ਨੇ ਇਸ ਕਰਕੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਯਸਾਯਾਹ ਨਬੀ ਨੇ ਹੀ ਲਿਖਿਆ ਸੀ: 40 “ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ ਅਤੇ ਉਸ ਨੇ ਉਨ੍ਹਾਂ ਦੇ ਮਨ ਕਠੋਰ ਕਰ ਦਿੱਤੇ ਹਨ, ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ ਅਤੇ ਆਪਣੇ ਮਨਾਂ ਨਾਲ ਸਮਝ ਨਾ ਸਕਣ ਅਤੇ ਆਪਣੇ ਰਾਹਾਂ ਨੂੰ ਬਦਲ ਨਾ ਲੈਣ ਅਤੇ ਉਹ ਉਨ੍ਹਾਂ ਨੂੰ ਠੀਕ ਨਾ ਕਰ ਦੇਵੇ।” 41 ਯਸਾਯਾਹ ਨਬੀ ਨੇ ਇਹ ਗੱਲਾਂ ਇਸ ਕਰਕੇ ਕਹੀਆਂ ਸਨ ਕਿਉਂਕਿ ਉਸ ਨੇ ਮਸੀਹ ਦੀ ਮਹਿਮਾ ਦੇਖੀ ਸੀ ਅਤੇ ਉਸ ਬਾਰੇ ਦੱਸਿਆ ਸੀ। 42 ਪਰ ਫਿਰ ਵੀ ਯਹੂਦੀਆਂ ਦੇ ਬਹੁਤ ਸਾਰੇ ਆਗੂ ਉਸ ਉੱਤੇ ਨਿਹਚਾ ਕਰਨ ਲੱਗ ਪਏ ਸਨ, ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ; 43 ਸੋ ਉਹ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਬਜਾਇ ਇਨਸਾਨਾਂ ਤੋਂ ਮਹਿਮਾ ਕਰਾਉਣੀ ਜ਼ਿਆਦਾ ਪਸੰਦ ਕਰਦੇ ਸਨ। 44 ਪਰ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਸਿਰਫ਼ ਮੇਰੇ ਉੱਤੇ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ʼਤੇ ਵੀ ਨਿਹਚਾ ਕਰਦਾ ਹੈ; 45 ਅਤੇ ਜਿਹੜਾ ਮੈਨੂੰ ਦੇਖਦਾ ਹੈ ਉਹ ਮੇਰੇ ਘੱਲਣ ਵਾਲੇ ਨੂੰ ਵੀ ਦੇਖਦਾ ਹੈ। 46 ਮੈਂ ਦੁਨੀਆਂ ਵਿਚ ਚਾਨਣ ਵਜੋਂ ਆਇਆ ਹਾਂ ਤਾਂਕਿ ਜਿਹੜਾ ਵੀ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਹਨੇਰੇ ਵਿਚ ਨਾ ਰਹੇ। 47 ਪਰ ਜੇ ਕੋਈ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ; ਕਿਉਂਕਿ ਮੈਂ ਦੁਨੀਆਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਬਚਾਉਣ ਆਇਆ ਹਾਂ। 48 ਜਿਹੜਾ ਮੈਨੂੰ ਠੁਕਰਾਉਂਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਨਹੀਂ ਮੰਨਦਾ, ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਜਿਹੜੀਆਂ ਗੱਲਾਂ ਮੈਂ ਕਹੀਆਂ ਹਨ, ਉਹੀ ਗੱਲਾਂ ਆਖ਼ਰੀ ਦਿਨ ʼਤੇ ਉਸ ਨੂੰ ਦੋਸ਼ੀ ਠਹਿਰਾਉਣਗੀਆਂ; 49 ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਪਰ ਪਿਤਾ ਨੇ, ਜਿਸ ਨੇ ਮੈਨੂੰ ਘੱਲਿਆ ਹੈ, ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ। 50 ਨਾਲੇ ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਇਸ ਲਈ ਜਿਹੜੀਆਂ ਗੱਲਾਂ ਮੈਂ ਕਹਿੰਦਾ ਹਾਂ, ਜਿਵੇਂ ਪਿਤਾ ਨੇ ਮੈਨੂੰ ਦੱਸੀਆਂ ਹਨ, ਮੈਂ ਉਸੇ ਤਰ੍ਹਾਂ ਦੱਸਦਾ ਹਾਂ।”
15-21 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 13-14
“ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ”
(ਯੂਹੰਨਾ 13:5) ਇਸ ਤੋਂ ਬਾਅਦ ਉਹ ਇਕ ਬਾਟੇ ਵਿਚ ਪਾਣੀ ਲੈ ਕੇ ਚੇਲਿਆਂ ਦੇ ਪੈਰ ਧੋਣ ਅਤੇ ਲੱਕ ਦੁਆਲੇ ਬੰਨ੍ਹੇ ਤੌਲੀਏ ਨਾਲ ਪੂੰਝਣ ਲੱਗ ਪਿਆ।
nwtsty ਵਿੱਚੋਂ ਯੂਹੰ 13:5 ਲਈ ਖ਼ਾਸ ਜਾਣਕਾਰੀ
ਚੇਲਿਆਂ ਦੇ ਪੈਰ ਧੋਤੇ: ਪ੍ਰਾਚੀਨ ਇਜ਼ਰਾਈਲ ਵਿਚ ਤਣੀਆਂ ਵਾਲੀ ਜੁੱਤੀ ਆਮ ਪਾਈ ਜਾਂਦੀ ਸੀ। ਇਸ ਜੁੱਤੀ ਦੇ ਤਲੇ ਨਾਲ ਤਣੀਆਂ ਲੱਗੀਆਂ ਹੁੰਦੀਆਂ ਸਨ, ਜਿਸ ਕਰਕੇ ਕੱਚੀਆਂ ਸੜਕਾਂ ਅਤੇ ਖੇਤਾਂ ਵਿਚ ਤੁਰਨ ਕਰਕੇ ਸਫ਼ਰ ਕਰਨ ਵਾਲਿਆਂ ਦੇ ਪੈਰ ਗੰਦੇ ਹੋ ਜਾਂਦੇ ਸਨ। ਇਸ ਕਰਕੇ ਘਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਜੁੱਤੀ ਲਾਹੁਣ ਦਾ ਰਿਵਾਜ ਸੀ ਅਤੇ ਘਰ-ਮਾਲਕ ਘਰ ਆਏ ਮਹਿਮਾਨ ਦੇ ਪੈਰ ਧਵਾਉਂਦਾ ਸੀ। ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਤੋਂ ਇਸ ਰੀਤ ਬਾਰੇ ਪਤਾ ਲੱਗਦਾ ਹੈ। (ਉਤ 18:4, 5; 24:32; 1 ਸਮੂ 25:41; ਲੂਕਾ 7:37, 38, 44) ਜਦੋਂ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ, ਤਾਂ ਉਸ ਨੇ ਇਸ ਰੀਤ ਰਾਹੀਂ ਆਪਣੇ ਚੇਲਿਆਂ ਨੂੰ ਨਿਮਰਤਾ ਅਤੇ ਇਕ-ਦੂਜੇ ਦੀ ਸੇਵਾ ਕਰਨ ਦਾ ਸਬਕ ਸਿਖਾਇਆ।
(ਯੂਹੰਨਾ 13:12-14) ਉਨ੍ਹਾਂ ਦੇ ਪੈਰ ਧੋਣ ਤੋਂ ਬਾਅਦ ਉਹ ਆਪਣਾ ਚੋਗਾ ਪਾ ਕੇ ਦੁਬਾਰਾ ਬੈਠ ਗਿਆ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13 ਤੁਸੀਂ ਮੈਨੂੰ ‘ਗੁਰੂ’ ਤੇ ‘ਪ੍ਰਭੂ’ ਬੁਲਾਉਂਦੇ ਹੋ ਅਤੇ ਇਹ ਠੀਕ ਵੀ ਹੈ ਕਿਉਂਕਿ ਮੈਂ ‘ਗੁਰੂ’ ਤੇ ‘ਪ੍ਰਭੂ’ ਹਾਂ। 14 ਸੋ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇਕ-ਦੂਸਰੇ ਦੇ ਪੈਰ ਧੋਣੇ ਚਾਹੀਦੇ ਹਨ।
nwtsty ਵਿੱਚੋਂ ਯੂਹੰ 13:12-14 ਲਈ ਖ਼ਾਸ ਜਾਣਕਾਰੀ
ਚਾਹੀਦੇ ਹਨ: ਜਾਂ “ਲਾਜ਼ਮੀ।” ਇੱਥੇ ਵਰਤੀ ਗਈ ਯੂਨਾਨੀ ਕਿਰਿਆ ਦਾ ਇਸਤੇਮਾਲ ਅਕਸਰ ਆਰਥਿਕ ਮਾਮਲਿਆਂ ਵਿਚ ਕੀਤਾ ਜਾਂਦਾ ਹੈ ਜਿਸ ਦਾ ਮਤਲਬ “ਕਿਸੇ ਦੇ ਕਰਜ਼ਦਾਰ ਹੋਣਾ; ਕਿਸੇ ਦੇ ਦੇਣਦਾਰ ਹੋਣਾ।” (ਮੱਤੀ 18:28, 30, 34; ਲੂਕਾ 16:5, 7) ਇੱਥੇ ਅਤੇ ਹੋਰ ਆਇਤਾਂ ਵਿਚ ਇਸ ਦਾ ਮਤਲਬ ਹੈ, ਜ਼ਿੰਮੇਵਾਰੀ ਸਮਝ ਕੇ ਕਿਸੇ ਲਈ ਕੁਝ ਕਰਨਾ।—1 ਯੂਹੰ 3:16; 4:11; 3 ਯੂਹੰ 8.
(ਯੂਹੰਨਾ 13:15) ਕਿਉਂਕਿ ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।
ਸਭ ਤੋਂ ਮਹਾਨ ਮਨੁੱਖ ਇਕ ਨਿਮਰ ਸੇਵਾ ਕਰਦਾ ਹੈ
ਆਪਣੇ ਚੇਲਿਆਂ ਦੇ ਪੈਰ ਧੋਣ ਦੁਆਰਾ ਯਿਸੂ ਨੇ ਨਿਮਰਤਾ ਦਾ ਇਕ ਜ਼ਬਰਦਸਤ ਸਬਕ ਸਿਖਾਇਆ। ਸੱਚ-ਮੁੱਚ, ਮਸੀਹੀਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਇੰਨੇ ਵੱਡੇ ਹਨ ਕਿ ਦੂਜਿਆਂ ਨੂੰ ਹਮੇਸ਼ਾ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ, ਅਤੇ ਨਾ ਹੀ ਉਨ੍ਹਾਂ ਨੂੰ ਮਾਣ ਅਤੇ ਸ਼ਾਨ ਵਾਲੀਆਂ ਪਦਵੀਆਂ ਨੂੰ ਲੋਚਣਾ ਚਾਹੀਦਾ ਹੈ। ਇਸ ਦੀ ਬਜਾਇ, ਉਨ੍ਹਾਂ ਨੂੰ ਯਿਸੂ ਦੁਆਰਾ ਕਾਇਮ ਕੀਤੇ ਗਏ ਨਮੂਨੇ ਉੱਤੇ ਚੱਲਣਾ ਚਾਹੀਦਾ ਹੈ, ਕਿਉਂਕਿ ਯਿਸੂ “ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਜੀ ਹਾਂ, ਯਿਸੂ ਦੇ ਚੇਲਿਆਂ ਨੂੰ ਇਕ ਦੂਸਰੇ ਦੇ ਲਈ ਨੀਵੇਂ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯੂਹੰਨਾ 14:6) ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।
nwtsty ਵਿੱਚੋਂ ਯੂਹੰ 14:6 ਲਈ ਖ਼ਾਸ ਜਾਣਕਾਰੀ
ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ: ਯਿਸੂ ਰਾਹ ਹੈ ਕਿਉਂਕਿ ਸਿਰਫ਼ ਉਸ ਦੇ ਜ਼ਰੀਏ ਹੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਮੁਮਕਿਨ ਹੋਈ ਹੈ। ਉਹ “ਰਾਹ” ਵੀ ਹੈ ਜਿਸ ਰਾਹੀਂ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਨ। (ਯੂਹੰ 16:23; ਰੋਮੀ 5:8) ਯਿਸੂ ਸੱਚਾਈ ਹੈ ਕਿਉਂਕਿ ਉਸ ਨੇ ਸੱਚ ਬੋਲਿਆ ਅਤੇ ਸੱਚ ਦੇ ਮੁਤਾਬਕ ਜ਼ਿੰਦਗੀ ਬਤੀਤ ਕੀਤੀ। ਯਿਸੂ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਦੀ ਪੂਰਤੀ ਕੀਤੀ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਖ਼ਾਸ ਭੂਮਿਕਾ ਹੈ। (ਯੂਹੰ 1:14; ਪ੍ਰਕਾ 19:10) ਸਾਰੀਆਂ ਭਵਿੱਖਬਾਣੀਆਂ ਉਸ ‘ਰਾਹੀਂ ਪੂਰੀਆਂ ਹੋਈਆਂ।’ (2 ਕੁਰਿੰ 1:20) ਯਿਸੂ ਜ਼ਿੰਦਗੀ ਹੈ ਕਿਉਂਕਿ ਉਸ ਦੀ ਰਿਹਾਈ ਦੀ ਕੀਮਤ ਦੇ ਜ਼ਰੀਏ ਹੀ ਇਨਸਾਨਾਂ ਲਈ “ਅਸਲੀ ਜ਼ਿੰਦਗੀ” ਯਾਨੀ “ਹਮੇਸ਼ਾ ਦੀ ਜ਼ਿੰਦਗੀ” ਮੁਮਕਿਨ ਹੋ ਪਾਈ। (1 ਤਿਮੋ 6:12, 19; ਅਫ. 1:7; 1 ਯੂਹੰ 1:7) ਉਹ ਉਨ੍ਹਾਂ ਲੱਖਾਂ ਲੋਕਾਂ ਲਈ ਵੀ “ਜ਼ਿੰਦਗੀ” ਸਾਬਤ ਹੋਵੇਗਾ ਜਿਨ੍ਹਾਂ ਨੂੰ ਸੋਹਣੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਮਕਸਦ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ।—ਯੂਹੰ 5:28, 29.
(ਯੂਹੰਨਾ 14:12) ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਕਰਨ ਦਾ ਸਬੂਤ ਦਿੰਦਾ ਹੈ, ਉਹ ਵੀ ਉਹੀ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ, ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਕਰੇਗਾ; ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ।
nwtsty ਵਿੱਚੋਂ ਯੂਹੰ 14:12 ਲਈ ਖ਼ਾਸ ਜਾਣਕਾਰੀ
ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ: ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਚੇਲੇ ਉਸ ਨਾਲੋਂ ਵੱਡੇ ਚਮਤਕਾਰ ਕਰਨਗੇ। ਪਰ ਉਸ ਨੇ ਨਿਮਰਤਾ ਨਾਲ ਇਹ ਗੱਲ ਮੰਨੀ ਕਿ ਉਸ ਦੇ ਚੇਲੇ ਉਸ ਨਾਲੋਂ ਵੱਡੇ ਪੱਧਰ ʼਤੇ ਪ੍ਰਚਾਰ ਅਤੇ ਸਿੱਖਿਆ ਦੇਣ ਦਾ ਕੰਮ ਕਰਨਗੇ। ਉਸ ਦੇ ਚੇਲਿਆਂ ਨੇ ਜ਼ਿਆਦਾ ਇਲਾਕਿਆਂ ਵਿਚ, ਜ਼ਿਆਦਾ ਲੋਕਾਂ ਨੂੰ ਅਤੇ ਜ਼ਿਆਦਾ ਲੰਬੇ ਸਮੇਂ ਤਕ ਪ੍ਰਚਾਰ ਕਰਨਾ ਸੀ। ਯਿਸੂ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਉਮੀਦ ਕਰਦਾ ਸੀ ਕਿ ਉਸ ਦੇ ਚੇਲੇ ਇਹ ਕੰਮ ਜਾਰੀ ਰੱਖਣ।
ਬਾਈਬਲ ਪੜ੍ਹਾਈ
(ਯੂਹੰਨਾ 13:1-17) ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਗਿਆ ਸੀ। ਇਸ ਲਈ, ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ। 2 ਹੁਣ ਸ਼ਾਮ ਦਾ ਖਾਣਾ ਚੱਲ ਰਿਹਾ ਸੀ। ਉਸ ਵੇਲੇ ਤਕ ਸ਼ੈਤਾਨ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿਚ ਇਹ ਗੱਲ ਪਾ ਚੁੱਕਾ ਸੀ ਕਿ ਉਹ ਯਿਸੂ ਨੂੰ ਧੋਖੇ ਨਾਲ ਫੜਵਾ ਦੇਵੇ। 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ। 4 ਉਹ ਖਾਣਾ ਖਾਂਦਾ-ਖਾਂਦਾ ਉੱਠਿਆ ਅਤੇ ਆਪਣਾ ਚੋਗਾ ਲਾਹ ਕੇ ਇਕ ਪਾਸੇ ਰੱਖ ਦਿੱਤਾ ਅਤੇ ਤੌਲੀਆ ਲੈ ਕੇ ਲੱਕ ਦੁਆਲੇ ਬੰਨ੍ਹ ਲਿਆ। 5 ਇਸ ਤੋਂ ਬਾਅਦ ਉਹ ਇਕ ਬਾਟੇ ਵਿਚ ਪਾਣੀ ਲੈ ਕੇ ਚੇਲਿਆਂ ਦੇ ਪੈਰ ਧੋਣ ਅਤੇ ਲੱਕ ਦੁਆਲੇ ਬੰਨ੍ਹੇ ਤੌਲੀਏ ਨਾਲ ਪੂੰਝਣ ਲੱਗ ਪਿਆ। 6 ਫਿਰ ਜਦੋਂ ਉਹ ਸ਼ਮਊਨ ਪਤਰਸ ਕੋਲ ਆਇਆ, ਤਾਂ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਕੀ ਤੂੰ ਮੇਰੇ ਪੈਰ ਧੋਣ ਲੱਗਾਂ?” 7 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜੋ ਕਰ ਰਿਹਾ ਹਾਂ, ਉਹ ਤੂੰ ਹੁਣ ਸਮਝ ਨਹੀਂ ਸਕਦਾ, ਪਰ ਬਾਅਦ ਵਿਚ ਸਮਝੇਂਗਾ।” 8 ਪਤਰਸ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਆਪਣੇ ਪੈਰ ਨਹੀਂ ਧੋਣ ਦਿਆਂਗਾ।” ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਮੈਂ ਤੇਰੇ ਪੈਰ ਨਾ ਧੋਵਾਂ, ਤਾਂ ਤੇਰਾ ਮੇਰੇ ਨਾਲ ਕੋਈ ਨਾਤਾ ਨਹੀਂ।” 9 ਸ਼ਮਊਨ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਤਾਂ ਫਿਰ ਤੂੰ ਮੇਰੇ ਪੈਰ ਹੀ ਨਹੀਂ, ਸਗੋਂ ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ।” 10 ਯਿਸੂ ਨੇ ਉਸ ਨੂੰ ਕਿਹਾ: “ਜਿਸ ਨੇ ਨਹਾ ਲਿਆ ਹੈ, ਉਸ ਨੂੰ ਸਿਰਫ਼ ਆਪਣੇ ਪੈਰ ਧੋਣ ਦੀ ਲੋੜ ਹੈ ਕਿਉਂਕਿ ਉਸ ਦਾ ਸਾਰਾ ਸਰੀਰ ਸ਼ੁੱਧ ਹੈ। ਤੁਸੀਂ ਸ਼ੁੱਧ ਹੋ, ਪਰ ਸਾਰੇ ਨਹੀਂ।” 11 ਉਹ ਜਾਣਦਾ ਸੀ ਕਿ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ। ਇਸੇ ਲਈ ਉਸ ਨੇ ਕਿਹਾ ਸੀ: “ਤੁਹਾਡੇ ਵਿੱਚੋਂ ਸਾਰੇ ਸ਼ੁੱਧ ਨਹੀਂ ਹਨ।” 12 ਉਨ੍ਹਾਂ ਦੇ ਪੈਰ ਧੋਣ ਤੋਂ ਬਾਅਦ ਉਹ ਆਪਣਾ ਚੋਗਾ ਪਾ ਕੇ ਦੁਬਾਰਾ ਬੈਠ ਗਿਆ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13 ਤੁਸੀਂ ਮੈਨੂੰ ‘ਗੁਰੂ’ ਤੇ ‘ਪ੍ਰਭੂ’ ਬੁਲਾਉਂਦੇ ਹੋ ਅਤੇ ਇਹ ਠੀਕ ਵੀ ਹੈ ਕਿਉਂਕਿ ਮੈਂ ‘ਗੁਰੂ’ ਤੇ ‘ਪ੍ਰਭੂ’ ਹਾਂ। 14 ਸੋ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇਕ-ਦੂਸਰੇ ਦੇ ਪੈਰ ਧੋਣੇ ਚਾਹੀਦੇ ਹਨ। 15 ਕਿਉਂਕਿ ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ। 16 ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ, ਨਾ ਹੀ ਘੱਲਿਆ ਗਿਆ ਆਦਮੀ ਆਪਣੇ ਘੱਲਣ ਵਾਲੇ ਨਾਲੋਂ ਵੱਡਾ ਹੁੰਦਾ ਹੈ। 17 ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।
22-28 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 15-17
“ਤੁਸੀਂ ਦੁਨੀਆਂ ਵਰਗੇ ਨਹੀਂ ਹੋ”
(ਯੂਹੰਨਾ 15:19) ਜੇ ਤੁਸੀਂ ਦੁਨੀਆਂ ਵਰਗੇ ਹੁੰਦੇ, ਤਾਂ ਦੁਨੀਆਂ ਤੁਹਾਡੇ ਨਾਲ ਆਪਣਿਆਂ ਵਾਂਗ ਪਿਆਰ ਕਰਦੀ। ਪਰ ਕਿਉਂਕਿ ਤੁਸੀਂ ਦੁਨੀਆਂ ਵਰਗੇ ਨਹੀਂ ਹੋ, ਸਗੋਂ ਮੈਂ ਤੁਹਾਨੂੰ ਦੁਨੀਆਂ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।
nwtsty ਵਿੱਚੋਂ ਯੂਹੰ 15:19 ਲਈ ਖ਼ਾਸ ਜਾਣਕਾਰੀ
ਦੁਨੀਆਂ: ਇੱਥੇ ਵਰਤਿਆ ਗਿਆ ਯੂਨਾਨੀ ਸ਼ਬਦ ਕੌਸਮੌਸ (koʹsmos) ਪਰਮੇਸ਼ੁਰ ਦੇ ਸੇਵਕਾਂ ਤੋਂ ਇਲਾਵਾ ਬਾਕੀ ਲੋਕਾਂ ਨੂੰ ਦਰਸਾਉਂਦਾ ਹੈ ਯਾਨੀ ਉਹ ਕੁਧਰਮੀ ਲੋਕ ਜੋ ਪਰਮੇਸ਼ੁਰ ਤੋਂ ਦੂਰ ਹਨ। ਇੰਜੀਲ ਦੇ ਲਿਖਾਰੀਆਂ ਵਿੱਚੋਂ ਸਿਰਫ਼ ਯੂਹੰਨਾ ਨੇ ਯਿਸੂ ਦੀ ਇਹ ਗੱਲ ਦਰਜ ਕੀਤੀ ਕਿ ਉਸ ਦੇ ਚੇਲੇ ਇਸ ਦੁਨੀਆਂ ਵਰਗੇ ਨਹੀਂ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤੀ ਆਖ਼ਰੀ ਪ੍ਰਾਰਥਨਾ ਵਿਚ ਵੀ ਇਹੀ ਗੱਲ ਹੋਰ ਦੋ ਵਾਰ ਕਹੀ।—ਯੂਹੰ 17:14, 16.
(ਯੂਹੰਨਾ 15:21) ਮੇਰੇ ਚੇਲੇ ਹੋਣ ਕਰਕੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਗੇ, ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ।
nwtsty ਵਿੱਚੋਂ ਯੂਹੰ 15:21 ਲਈ ਖ਼ਾਸ ਜਾਣਕਾਰੀ
ਮੇਰੇ ਚੇਲੇ ਹੋਣ ਕਰਕੇ: ਕਈ ਵਾਰ ਬਾਈਬਲ ਵਿਚ “ਨਾਂ” ਸ਼ਬਦ ਇਕ ਵਿਅਕਤੀ ਦੇ ਅਸਲੀ ਨਾਂ ਨੂੰ ਤੇ ਉਸ ਦੀ ਨੇਕਨਾਮੀ ਨੂੰ ਦਰਸਾਉਂਦਾ ਹੈ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿਸ ਵੱਲੋਂ ਕੰਮ ਕਰਦਾ ਹੈ। (ਮੱਤੀ 6:9 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।) ਯਿਸੂ ਦਾ ਨਾਂ ਉਸ ਨੂੰ ਆਪਣੇ ਪਿਤਾ ਵੱਲੋਂ ਮਿਲੇ ਅਧਿਕਾਰ ਅਤੇ ਰੁਤਬੇ ਨੂੰ ਵੀ ਦਰਸਾਉਂਦਾ ਹੈ। (ਮੱਤੀ 28:18; ਫ਼ਿਲਿ 2:9, 10; ਇਬ 1:3, 4) ਯਿਸੂ ਨੇ ਸਮਝਾਇਆ ਕਿ ਲੋਕ ਕਿਉਂ ਉਸ ਦੇ ਚੇਲਿਆਂ ਦਾ ਵਿਰੋਧ ਕਰਨਗੇ: ਕਿਉਂਕਿ ਉਹ ਉਸ ਦੇ ਘੱਲਣ ਵਾਲੇ ਨੂੰ ਨਹੀਂ ਜਾਣਦੇ। ਪਰਮੇਸ਼ੁਰ ਨੂੰ ਜਾਣਨ ਕਰਕੇ ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ ਯਿਸੂ ਦੇ ਨਾਂ ਦਾ ਕੀ ਮਤਲਬ ਹੈ। (ਰਸੂ 4:12) ਇਸ ਵਿਚ ਸ਼ਾਮਲ ਹੈ ਕਿ ਯਿਸੂ ਪਰਮੇਸ਼ੁਰ ਵੱਲੋਂ ਚੁਣਿਆ ਰਾਜਾ ਤੇ ਰਾਜਿਆਂ ਦਾ ਰਾਜਾ ਹੈ ਜਿਸ ਦੇ ਅੱਗੇ ਸਾਰੇ ਲੋਕ ਝੁਕਣਗੇ ਤਾਂਕਿ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ।—ਯੂਹੰ 17:3; ਪ੍ਰਕਾ 19:11-16; ਜ਼ਬੂ 2:7-12 ਵਿਚ ਨੁਕਤਾ ਦੇਖੋ।
(ਯੂਹੰਨਾ 16:33) ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ ਤੁਹਾਨੂੰ ਸ਼ਾਂਤੀ ਮਿਲੇ। ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪੈਂਦਾ ਹੈ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”
it-1 516
ਦਲੇਰੀ
ਮਸੀਹੀਆਂ ਨੂੰ ਦਲੇਰੀ ਦੀ ਲੋੜ ਹੈ ਤਾਂਕਿ ਉਹ ਇਸ ਦੁਸ਼ਟ ਦੁਨੀਆਂ ਦੇ ਰਵੱਈਏ ਅਤੇ ਕੰਮਾਂ ਤੋਂ ਆਪਣੇ ਆਪ ਨੂੰ ਬੇਦਾਗ਼ ਰੱਖ ਸਕਣ ਅਤੇ ਇਸ ਦੁਨੀਆਂ ਦੀ ਨਫ਼ਰਤ ਦੇ ਬਾਵਜੂਦ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਣ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪੈਂਦਾ ਹੈ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।” (ਯੂਹੰ 16:33) ਪਰਮੇਸ਼ੁਰ ਦੇ ਪੁੱਤਰ ਨੇ ਕਦੇ ਵੀ ਦੁਨੀਆਂ ਦਾ ਅਸਰ ਆਪਣੇ ʼਤੇ ਨਹੀਂ ਪੈਣ ਦਿੱਤਾ, ਸਗੋਂ ਉਸ ਨੇ ਦੁਨੀਆਂ ਵਰਗਾ ਨਾ ਬਣ ਕੇ ਇਸ ਉੱਤੇ ਜਿੱਤ ਹਾਸਲ ਕੀਤੀ। ਯਿਸੂ ਨੇ ਜਿੱਤ ਹਾਸਲ ਕਰ ਕੇ ਅਤੇ ਵਧੀਆ ਚਾਲ ਚਲਣ ਬਣਾਈ ਰੱਖ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਯਿਸੂ ਦੀ ਮਿਸਾਲ ਸਾਨੂੰ ਦਲੇਰ ਬਣਾ ਸਕਦੀ ਹੈ ਤਾਂਕਿ ਅਸੀਂ ਉਸ ਵਾਂਗ ਦੁਨੀਆਂ ਤੋਂ ਅਲੱਗ ਅਤੇ ਸ਼ੁੱਧ ਰਹਿ ਸਕੀਏ।—ਯੂਹੰ 17:16.
ਹੀਰੇ-ਮੋਤੀਆਂ ਦੀ ਖੋਜ ਕਰੋ
(ਯੂਹੰਨਾ 17:21-23) ਤਾਂਕਿ ਸਾਰਿਆਂ ਵਿਚ ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਉਹ ਵੀ ਸਾਡੇ ਨਾਲ ਏਕਤਾ ਵਿਚ ਬੱਝੇ ਰਹਿਣ, ਤਾਂਕਿ ਦੁਨੀਆਂ ਨੂੰ ਵਿਸ਼ਵਾਸ ਹੋਵੇ ਕਿ ਤੂੰ ਮੈਨੂੰ ਘੱਲਿਆ ਹੈ। 22 ਨਾਲੇ, ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਮਹਿਮਾ ਤੂੰ ਮੈਨੂੰ ਦਿੱਤੀ ਹੈ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ। 23 ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਤੂੰ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈਂ, ਤਾਂਕਿ ਉਨ੍ਹਾਂ ਵਿਚ ਪੂਰੀ ਤਰ੍ਹਾਂ ਏਕਤਾ ਹੋਵੇ, ਨਾਲੇ ਦੁਨੀਆਂ ਨੂੰ ਇਹ ਪਤਾ ਲੱਗੇ ਕਿ ਤੂੰ ਮੈਨੂੰ ਘੱਲਿਆ ਹੈ ਅਤੇ ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।
nwtsty ਵਿੱਚੋਂ ਯੂਹੰ 17:21-23 ਲਈ ਖ਼ਾਸ ਜਾਣਕਾਰੀ
ਏਕਤਾ: ਯਿਸੂ ਨੇ ਪ੍ਰਾਰਥਨਾ ਕੀਤੀ ਕਿ ਜਿਵੇਂ ਉਹ ਅਤੇ ਉਸ ਦਾ ਪਿਤਾ “ਏਕਤਾ” ਵਿਚ ਬੱਝੇ ਹੋਏ ਹਨ, ਉਸੇ ਤਰ੍ਹਾਂ ਉਸ ਦੇ ਚੇਲੇ ਵੀ “ਏਕਤਾ” ਵਿਚ ਬੱਝਣ ਤੇ ਉਹ ਇਕ ਮਕਸਦ ਨਾਲ ਕੰਮ ਕਰਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਤੇ ਯਿਸੂ ਮਿਲ ਕੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਇਕ ਸੋਚ ਹੈ। (ਯੂਹੰ 17:22) 1 ਕੁਰਿੰ 3:6-9 ਵਿਚ ਪੌਲੁਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਏਕਤਾ ਹੋਣ ਕਰਕੇ ਮਸੀਹੀ ਆਪਸ ਵਿਚ ਅਤੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਨ।—1 ਕੁਰਿੰ 3:8 ਅਤੇ ਯੂਹੰ 10:30; 17:11 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।
ਪੂਰੀ ਤਰ੍ਹਾਂ ਏਕਤਾ ਹੋਵੇ: ਇਸ ਆਇਤ ਵਿਚ ਯਿਸੂ ਨੇ ਪੂਰੀ ਤਰ੍ਹਾਂ ਏਕਤਾ ਦਾ ਸੰਬੰਧ ਪਿਤਾ ਵੱਲੋਂ ਪਿਆਰ ਕੀਤੇ ਜਾਣ ਨਾਲ ਜੋੜਿਆ। ਇਹ ਗੱਲ ਕੁਲੁ 3:14 ਵਿਚ ਕਹੀ ਗੱਲ ਨਾਲ ਮੇਲ ਖਾਂਦੀ ਹੈ ਜਿੱਥੇ ਲਿਖਿਆ ਹੈ, “ਪਿਆਰ . . . ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸੁਭਾਅ, ਕਾਬਲੀਅਤਾਂ ਤੇ ਆਦਤਾਂ ਵਿਚ ਫ਼ਰਕ ਨਹੀਂ ਹੋਵੇਗਾ। ਪਰ ਇਸ ਦਾ ਮਤਲਬ ਹੈ ਕਿ ਯਿਸੂ ਦੇ ਚੇਲੇ ਕੰਮਾਂ, ਵਿਸ਼ਵਾਸਾਂ ਅਤੇ ਸਿੱਖਿਆਵਾਂ ਦੇ ਆਧਾਰ ʼਤੇ ਏਕਤਾ ਵਿਚ ਬੱਝੇ ਹੋਏ ਹਨ।—ਰੋਮੀ 15:5, 6; 1 ਕੁਰਿੰ 1:10; ਅਫ਼ 4:3; ਫ਼ਿਲਿ 1:27.
(ਯੂਹੰਨਾ 17:24) ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ, ਤਾਂਕਿ ਉਹ ਮੇਰੀ ਮਹਿਮਾ ਦੇਖਣ ਜੋ ਤੂੰ ਮੈਨੂੰ ਦਿੱਤੀ ਹੈ ਕਿਉਂਕਿ ਤੂੰ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਹੈ।
nwtsty ਵਿੱਚੋਂ ਯੂਹੰ 17:24 ਲਈ ਖ਼ਾਸ ਜਾਣਕਾਰੀ
ਦੁਨੀਆਂ ਦੀ ਨੀਂਹ: “ਨੀਂਹ” ਲਈ ਵਰਤੇ ਯੂਨਾਨੀ ਸ਼ਬਦ ਨੂੰ ਇਬ 11:11 ਵਿਚ “ਗਰਭਵਤੀ” ਅਨੁਵਾਦ ਕੀਤਾ ਗਿਆ ਹੈ। “ਦੁਨੀਆਂ ਦੀ ਨੀਂਹ” ਸ਼ਬਦਾਂ ਲਈ ਇਸ ਯੂਨਾਨੀ ਸ਼ਬਦ ਦਾ ਇਸਤੇਮਾਲ ਆਦਮ ਅਤੇ ਹੱਵਾਹ ਦੇ ਬੱਚਿਆਂ ਦੇ ਪੈਦਾ ਹੋਣ ਨੂੰ ਦਰਸਾਉਂਦਾ ਹੈ। ਯਿਸੂ ਨੇ “ਦੁਨੀਆਂ ਦੀ ਨੀਂਹ” ਸ਼ਬਦਾਂ ਦਾ ਸੰਬੰਧ ਹਾਬਲ ਨਾਲ ਜੋੜਿਆ ਜੋ ਪਹਿਲਾ ਇਨਸਾਨ ਸੀ ਜਿਸ ਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਮਿਲੀ ਅਤੇ ਜਿਸ ਦਾ ਨਾਂ “ਜੀਵਨ ਦੀ ਕਿਤਾਬ ਵਿਚ” ਲਿਖਿਆ ਗਿਆ। (ਲੂਕਾ 11:50, 51; ਪ੍ਰਕਾ 17:8) ਯਿਸੂ ਵੱਲੋਂ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਹੇ ਇਨ੍ਹਾਂ ਸ਼ਬਦਾਂ ਤੋਂ ਇਹੀ ਵੀ ਪਤਾ ਲੱਗਦਾ ਹੈ ਕਿ ਆਦਮ ਅਤੇ ਹੱਵਾਹ ਦੇ ਬੱਚੇ ਪੈਦਾ ਹੋਣ ਤੋਂ ਪਹਿਲਾਂ ਹੀ ਪਰਮੇਸ਼ੁਰ ਆਪਣੇ ਇਕਲੌਤੇ ਪੁੱਤਰ ਨੂੰ ਪਿਆਰ ਕਰਦਾ ਸੀ।
ਬਾਈਬਲ ਪੜ੍ਹਾਈ
(ਯੂਹੰਨਾ 17:1-14) ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਕਾਸ਼ ਵੱਲ ਨਜ਼ਰਾਂ ਚੁੱਕ ਕੇ ਪ੍ਰਾਰਥਨਾ ਕਰਨ ਲੱਗਾ: “ਹੇ ਪਿਤਾ, ਸਮਾਂ ਆ ਗਿਆ ਹੈ; ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਤੇਰਾ ਪੁੱਤਰ ਤੇਰੀ ਮਹਿਮਾ ਕਰੇ, 2 ਕਿਉਂਕਿ ਤੂੰ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ, ਤਾਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪੁੱਤਰ ਦੇ ਹੱਥ ਸੌਂਪਿਆ ਹੈ, ਹਮੇਸ਼ਾ ਦੀ ਜ਼ਿੰਦਗੀ ਦੇਵੇ। 3 ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ। 4 ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕਰ ਕੇ ਧਰਤੀ ਉੱਤੇ ਤੇਰੀ ਮਹਿਮਾ ਕੀਤੀ ਹੈ। 5 ਇਸ ਲਈ ਹੇ ਪਿਤਾ, ਹੁਣ ਤੂੰ ਮੈਨੂੰ ਆਪਣੇ ਨਾਲ ਉਹੀ ਮਹਿਮਾ ਦੇ ਜੋ ਮਹਿਮਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਤੇਰੇ ਨਾਲ ਰਹਿੰਦਿਆਂ ਹੁੰਦੀ ਸੀ। 6 “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। ਉਹ ਤੇਰੇ ਸਨ ਅਤੇ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪਿਆ ਹੈ ਅਤੇ ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ। 7 ਉਹ ਹੁਣ ਜਾਣ ਗਏ ਹਨ ਕਿ ਤੂੰ ਮੈਨੂੰ ਜੋ ਵੀ ਦਿੱਤਾ ਹੈ, ਉਹ ਤੇਰੇ ਤੋਂ ਹੈ; 8 ਕਿਉਂਕਿ ਤੂੰ ਮੈਨੂੰ ਜੋ ਵੀ ਦੱਸਿਆ, ਉਹੀ ਮੈਂ ਉਨ੍ਹਾਂ ਨੂੰ ਦੱਸਿਆ ਹੈ ਅਤੇ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੈਂ ਤੇਰੇ ਵੱਲੋਂ ਆਇਆ ਹਾਂ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਕਿ ਤੂੰ ਹੀ ਮੈਨੂੰ ਘੱਲਿਆ ਹੈ। 9 ਮੈਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ; ਮੈਂ ਦੁਨੀਆਂ ਲਈ ਨਹੀਂ, ਸਗੋਂ ਉਨ੍ਹਾਂ ਲਈ ਫ਼ਰਿਆਦ ਕਰਦਾ ਹਾਂ ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ; ਕਿਉਂਕਿ ਉਹ ਤੇਰੇ ਹਨ, 10 ਅਤੇ ਮੇਰਾ ਸਭ ਕੁਝ ਤੇਰਾ ਹੈ ਅਤੇ ਤੇਰਾ ਸਭ ਕੁਝ ਮੇਰਾ ਹੈ, ਅਤੇ ਉਨ੍ਹਾਂ ਨੇ ਮੇਰੀ ਮਹਿਮਾ ਕੀਤੀ ਹੈ। 11 “ਨਾਲੇ, ਮੈਂ ਦੁਨੀਆਂ ਨੂੰ ਛੱਡ ਕੇ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਦੁਨੀਆਂ ਵਿਚ ਹਨ। ਇਸ ਲਈ, ਹੇ ਪਵਿੱਤਰ ਪਿਤਾ, ਤੂੰ ਆਪਣੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ। 12 ਜਦੋਂ ਮੈਂ ਉਨ੍ਹਾਂ ਦੇ ਨਾਲ ਹੁੰਦਾ ਸੀ, ਤਾਂ ਮੈਂ ਤੇਰੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ ਉਨ੍ਹਾਂ ਦੀ ਰੱਖਿਆ ਕੀਤੀ; ਮੈਂ ਉਨ੍ਹਾਂ ਨੂੰ ਬਚਾਅ ਕੇ ਰੱਖਿਆ ਅਤੇ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਨਾਸ਼ ਨਹੀਂ ਹੋਇਆ, ਸਿਵਾਇ ਇਕ ਜਣੇ ਦੇ ਜਿਸ ਦਾ ਨਾਸ਼ ਹੋਣਾ ਹੈ, ਤਾਂਕਿ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਹੋਵੇ। 13 ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਮੈਂ ਦੁਨੀਆਂ ਵਿਚ ਰਹਿੰਦਿਆਂ ਇਹ ਗੱਲਾਂ ਕਹਿ ਰਿਹਾ ਹਾਂ ਤਾਂਕਿ ਮੇਰੇ ਵਾਂਗ ਉਨ੍ਹਾਂ ਦੇ ਦਿਲ ਵੀ ਖ਼ੁਸ਼ੀ ਨਾਲ ਭਰ ਜਾਣ। 14 ਮੈਂ ਉਨ੍ਹਾਂ ਨੂੰ ਤੇਰਾ ਬਚਨ ਦੱਸਿਆ ਹੈ, ਪਰ ਦੁਨੀਆਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਹੈ ਕਿਉਂਕਿ ਉਹ ਦੁਨੀਆਂ ਵਰਗੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਵਰਗਾ ਨਹੀਂ ਹਾਂ।
29 ਅਕਤੂਬਰ–4 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 18-19
“ਯਿਸੂ ਨੇ ਸੱਚਾਈ ਬਾਰੇ ਗਵਾਹੀ ਦਿੱਤੀ”
(ਯੂਹੰਨਾ 18:36) ਯਿਸੂ ਨੇ ਜਵਾਬ ਦਿੱਤਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”
(ਯੂਹੰਨਾ 18:37) ਇਸ ਲਈ ਪਿਲਾਤੁਸ ਨੇ ਉਸ ਨੂੰ ਕਿਹਾ: “ਤਾਂ ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ ਕਿ ਮੈਂ ਰਾਜਾ ਹਾਂ। ਮੈਂ ਇਸ ਕਰਕੇ ਜਨਮ ਲਿਆ ਅਤੇ ਦੁਨੀਆਂ ਵਿਚ ਆਇਆ ਤਾਂਕਿ ਸੱਚਾਈ ਬਾਰੇ ਗਵਾਹੀ ਦੇ ਸਕਾਂ। ਜਿਹੜਾ ਵੀ ਸੱਚਾਈ ਵੱਲ ਹੈ, ਉਹ ਮੇਰੀ ਗੱਲ ਸੁਣਦਾ ਹੈ।”
nwtsty ਵਿੱਚੋਂ ਯੂਹੰ 18:37 ਲਈ ਖ਼ਾਸ ਜਾਣਕਾਰੀ
ਗਵਾਹੀ ਦੇ ਸਕਾਂ: ਯੂਨਾਨੀ ਲਿਖਤਾਂ ਵਿਚ ਜਿਨ੍ਹਾਂ ਸ਼ਬਦਾਂ ਦਾ ਅਨੁਵਾਦ “ਗਵਾਹੀ ਦੇਣਾ” ਕੀਤਾ ਗਿਆ ਹੈ, ਇਨ੍ਹਾਂ ਸ਼ਬਦਾਂ ਦਾ ਗਹਿਰਾ ਅਰਥ ਹੈ। ਇਨ੍ਹਾਂ ਸ਼ਬਦਾਂ ਦਾ ਮਤਲਬ ਹੈ, ਕਿਸੇ ਗੱਲ ਨੂੰ ਆਪਣੀ ਜਾਣਕਾਰੀ ਦੇ ਆਧਾਰ ʼਤੇ ਜਾਂ ਕਿਸੇ ਤੋਂ ਜਾਣਕਾਰੀ ਲੈ ਕੇ ਸਾਬਤ ਕਰਨਾ। ਪਰ ਇਸ ਦਾ ਸ਼ਾਇਦ ਇਹ ਵੀ ਮਤਲਬ ਹੋਵੇ, “ਐਲਾਨ ਕਰਨਾ, ਪੁਖਤਾ ਕਰਨਾ, ਚੰਗੀ ਤਰ੍ਹਾਂ ਦੱਸਣਾ।” ਪਰ ਯਿਸੂ ਨੇ ਸਿਰਫ਼ ਸੱਚਾਈਆਂ ਦੇ ਸਬੂਤ ਹੀ ਨਹੀਂ ਦਿੱਤੇ ਤੇ ਉਨ੍ਹਾਂ ਬਾਰੇ ਗਵਾਹੀ ਹੀ ਨਹੀਂ ਦਿੱਤੀ, ਸਗੋਂ ਉਸ ਨੇ ਆਪਣੇ ਜੀਉਣ ਦੇ ਤਰੀਕੇ ਰਾਹੀਂ ਵੀ ਆਪਣੇ ਪਿਤਾ ਵੱਲੋਂ ਕੀਤੀਆਂ ਭਵਿੱਖਬਾਣੀਆਂ ਅਤੇ ਵਾਅਦਿਆਂ ਦੀ ਸੱਚਾਈ ਨੂੰ ਸਾਬਤ ਕੀਤਾ। (2 ਕੁਰਿੰ 1:20) ਰਾਜ ਅਤੇ ਇਸ ਦੇ ਰਾਜੇ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਮਕਸਦ ਬਾਰੇ ਪਹਿਲਾਂ ਹੀ ਖੋਲ੍ਹ ਕੇ ਦੱਸਿਆ ਗਿਆ ਸੀ। ਯਿਸੂ ਦੀ ਧਰਤੀ ʼਤੇ ਬਿਤਾਈ ਪੂਰੀ ਜ਼ਿੰਦਗੀ ਅਤੇ ਉਸ ਦੀ ਮੌਤ ਨੇ ਉਸ ਬਾਰੇ ਕੀਤੀਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਜਿਸ ਵਿਚ ਮੂਸਾ ਦੇ ਕਾਨੂੰਨ ਵਿਚ ਦੱਸੀਆਂ ਚੀਜ਼ਾਂ ਦਾ ਪਰਛਾਵਾਂ ਵੀ ਸ਼ਾਮਲ ਸੀ। (ਕੁਲੁ 2:16, 17; ਇਬ 10:1) ਸੋ ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ‘ਸੱਚਾਈ ਬਾਰੇ ਗਵਾਹੀ ਦਿੱਤੀ।’
ਸੱਚਾਈ: ਯਿਸੂ ਆਮ ਸੱਚਾਈ ਬਾਰੇ ਨਹੀਂ, ਸਗੋਂ ਪਰਮੇਸ਼ੁਰ ਦੇ ਮਕਸਦਾਂ ਨਾਲ ਸੰਬੰਧਿਤ ਸੱਚਾਈ ਬਾਰੇ ਗੱਲ ਕਰ ਰਿਹਾ ਸੀ। ਪਰਮੇਸ਼ੁਰ ਦੇ ਮਕਸਦ ਦੀ ਇਕ ਖ਼ਾਸ ਗੱਲ ਹੈ ਕਿ “ਦਾਊਦ ਦਾ ਪੁੱਤਰ” ਯਿਸੂ ਮਹਾਂ ਪੁਜਾਰੀ ਅਤੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸੇਵਾ ਕਰੇਗਾ। (ਮੱਤੀ 1:1) ਯਿਸੂ ਨੇ ਦੱਸਿਆ ਕਿ ਧਰਤੀ ʼਤੇ ਆਉਣ, ਧਰਤੀ ʼਤੇ ਰਹਿਣ ਅਤੇ ਉਸ ਦੀ ਸੇਵਕਾਈ ਦਾ ਮੁੱਖ ਕਾਰਨ ਰਾਜ ਬਾਰੇ ਸੱਚਾਈ ਦੱਸਣਾ ਸੀ। ਦੂਤਾਂ ਨੇ ਇਸੇ ਤਰ੍ਹਾਂ ਦਾ ਸੰਦੇਸ਼ ਯਿਸੂ ਦੇ ਪੈਦਾ ਹੋਣ ਤੋਂ ਪਹਿਲਾਂ ਅਤੇ ਉਸ ਦੇ ਪੈਦਾ ਹੋਣ ʼਤੇ ਯਹੂਦੀਆ ਦੇ ਬੈਤਲਹਮ ਵਿਚ ਦਿੱਤਾ ਜਿੱਥੇ ਦਾਊਦ ਪੈਦਾ ਹੋਇਆ ਸੀ।—ਲੂਕਾ 1:32, 33; 2:10-14.
(ਯੂਹੰਨਾ 18:38ੳ) ਪਿਲਾਤੁਸ ਨੇ ਉਸ ਨੂੰ ਕਿਹਾ: “ਸੱਚਾਈ? ਇਹ ਕੀ ਹੁੰਦੀ?”
nwtsty ਵਿੱਚੋਂ ਯੂਹੰ 18:38ੳ ਲਈ ਖ਼ਾਸ ਜਾਣਕਾਰੀ
ਸੱਚਾਈ? ਇਹ ਕੀ ਹੁੰਦੀ?: ਪਿਲਾਤੁਸ ਦੇ ਸਵਾਲ ਤੋਂ ਪਤਾ ਲੱਗਦਾ ਹੈ ਕਿ ਉਹ ਆਮ ਸੱਚਾਈ ਬਾਰੇ ਗੱਲ ਕਰ ਰਿਹਾ ਸੀ, ਨਾ ਕਿ ਯਿਸੂ ਵੱਲੋਂ ਦੱਸੀ “ਸੱਚਾਈ” ਬਾਰੇ। (ਯੂਹੰ 18:37) ਜੇ ਉਹ ਸੱਚਾਈ ਬਾਰੇ ਸੱਚ-ਮੁੱਚ ਜਾਣਨਾ ਚਾਹੁੰਦਾ ਹੁੰਦਾ, ਤਾਂ ਯਿਸੂ ਨੇ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਸੀ। ਪਰ ਉਸ ਨੇ ਜਵਾਬ ਜਾਣਨ ਦੀ ਇੱਛਾ ਨਾਲ ਨਹੀਂ, ਸਗੋਂ ਸ਼ੱਕ ਨਾਲ ਸਵਾਲ ਪੁੱਛਿਆ ਸੀ। ਮਾਨੋ ਉਹ ਕਹਿ ਰਿਹਾ ਹੋਵੇ “ਸੱਚਾਈ? ਇਹ ਕੀ ਹੁੰਦੀ? ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ।” ਦਰਅਸਲ, ਪਿਲਾਤੁਸ ਨੇ ਜਵਾਬ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਬਾਹਰ ਯਹੂਦੀਆਂ ਕੋਲ ਚਲਾ ਗਿਆ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯੂਹੰਨਾ 19:30) ਸਿਰਕੇ ਨੂੰ ਚੱਖਣ ਤੋਂ ਬਾਅਦ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!” ਅਤੇ ਉਸ ਨੇ ਸਿਰ ਸੁੱਟ ਕੇ ਦਮ ਤੋੜ ਦਿੱਤਾ।
ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ
15 ਯਿਸੂ ਜਦੋਂ ਸੂਲ਼ੀ ਉੱਤੇ ਆਖ਼ਰੀ ਸਾਹ ਲੈਣ ਹੀ ਵਾਲਾ ਸੀ, ਤਾਂ ਉਸ ਨੇ ਕਿਹਾ: “ਪੂਰਾ ਹੋਇਆ ਹੈ।” (ਯੂਹੰ. 19:30) ਪਰਮੇਸ਼ੁਰ ਦੀ ਮਦਦ ਨਾਲ ਯਿਸੂ ਨੇ ਆਪਣੇ ਬਪਤਿਸਮੇ ਤੋਂ ਲੈ ਕੇ ਆਪਣੀ ਮੌਤ ਤਕ ਸਾਢੇ ਤਿੰਨ ਸਾਲਾਂ ਤਾਈਂ ਕਿੰਨੇ ਵੱਡੇ-ਵੱਡੇ ਕੰਮ ਪੂਰੇ ਕੀਤੇ! ਜਦ ਯਿਸੂ ਨੇ ਦਮ ਤੋੜਿਆ, ਤਾਂ ਇਕ ਵੱਡਾ ਭੁਚਾਲ ਆਇਆ ਅਤੇ ਅਪਰਾਧੀ ਨੂੰ ਮੁਰਦਾ ਜਾਂ ਜ਼ਿੰਦਾ ਕਰਾਰ ਦੇਣ ਵਾਲਾ ਰੋਮੀ ਸੂਬੇਦਾਰ ਕਹਿ ਉੱਠਿਆ: “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!” (ਮੱਤੀ 27:54) ਇਸ ਸੂਬੇਦਾਰ ਨੇ ਲੋਕਾਂ ਨੂੰ ਯਿਸੂ ਦਾ ਮਖੌਲ ਉਡਾਉਂਦੇ ਹੋਏ ਦੇਖਿਆ ਸੀ ਜਦ ਉਸ ਨੇ ਪਰਮੇਸ਼ੁਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਇਹ ਸਭ ਕੁਝ ਸਹਿਣ ਦੇ ਬਾਵਜੂਦ, ਯਿਸੂ ਵਫ਼ਾਦਾਰ ਰਿਹਾ ਅਤੇ ਸਾਬਤ ਕੀਤਾ ਕਿ ਸ਼ਤਾਨ ਸਰਾਸਰ ਝੂਠਾ ਹੈ। ਜਿਹੜੇ ਵੀ ਪਰਮੇਸ਼ੁਰ ਦੀ ਹਕੂਮਤ ਦਾ ਪੱਖ ਲੈਂਦੇ ਹਨ, ਉਨ੍ਹਾਂ ਸਾਰਿਆਂ ਬਾਰੇ ਸ਼ਤਾਨ ਨੇ ਕਿਹਾ ਹੈ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂ. 2:4) ਯਿਸੂ ਨੇ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਆਦਮ ਅਤੇ ਹੱਵਾਹ ਆਪਣਾ ਸੌਖਾ ਜਿਹਾ ਇਮਤਿਹਾਨ ਪਾਸ ਕਰ ਕੇ ਵਫ਼ਾਦਾਰ ਰਹਿ ਸਕਦੇ ਸਨ। ਸਭ ਤੋਂ ਮਹੱਤਵਪੂਰਣ ਗੱਲ ਇਹ ਸੀ ਕਿ ਯਿਸੂ ਦੀ ਜ਼ਿੰਦਗੀ ਅਤੇ ਮੌਤ ਨਾਲ ਯਹੋਵਾਹ ਦੀ ਧਰਮੀ ਹਕੂਮਤ ਦੀ ਵਡਿਆਈ ਹੋਈ। (ਕਹਾਉਤਾਂ 27:11 ਪੜ੍ਹੋ।) ਕੀ ਯਿਸੂ ਦੀ ਮੌਤ ਨਾਲ ਕੁਝ ਹੋਰ ਵੀ ਪੂਰਾ ਹੋਇਆ? ਹਾਂ, ਹੋਇਆ ਹੈ!
(ਯੂਹੰਨਾ 19:31) ਫਿਰ ਤਿਆਰੀ ਦਾ ਦਿਨ ਹੋਣ ਕਰਕੇ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ। (ਉਹ ਸਬਤ ਖ਼ਾਸ ਸਬਤ ਸੀ।)
nwtsty ਵਿੱਚੋਂ ਯੂਹੰ 19:31 ਲਈ ਖ਼ਾਸ ਜਾਣਕਾਰੀ
ਉਹ ਸਬਤ ਖ਼ਾਸ ਸਬਤ ਸੀ: ਪਸਾਹ ਦੇ ਤਿਉਹਾਰ ਤੋਂ ਬਾਅਦ ਨੀਸਾਨ 15 ਨੂੰ ਹਮੇਸ਼ਾ ਸਬਤ ਹੁੰਦਾ ਸੀ, ਚਾਹੇ ਉਸ ਦਿਨ ਹਫ਼ਤੇ ਦਾ ਕੋਈ ਵੀ ਦਿਨ ਆਉਂਦਾ ਹੋਵੇ। (ਲੇਵੀ 23:5-7) ਜਦੋਂ ਇਹ ਖ਼ਾਸ ਸਬਤ ਆਮ ਤੌਰ ʼਤੇ ਮਨਾਏ ਜਾਣ ਵਾਲੇ ਸਬਤ (ਯਹੂਦੀ ਹਫ਼ਤੇ ਦਾ ਸੱਤਵਾਂ ਦਿਨ ਜੋ ਸ਼ੁੱਕਰਵਾਰ ਸੂਰਜ ਢਲ਼ਣ ਤੋਂ ਲੈ ਕੇ ਸ਼ਨੀਵਾਰ ਸੂਰਜ ਢਲ਼ਣ ਤਕ ਹੁੰਦਾ ਸੀ) ਦੇ ਦਿਨ ਆਉਂਦਾ ਸੀ, ਤਾਂ ਇਹ “ਖ਼ਾਸ” ਸਬਤ ਹੁੰਦਾ ਸੀ। ਇਹ ਸਬਤ ਯਿਸੂ ਦੀ ਮੌਤ ਦੇ ਦਿਨ ਸ਼ੁੱਕਰਵਾਰ ਦੇ ਦਿਨ ਆਇਆ ਸੀ। ਸਾਲ 29 ਤੋਂ 35 ਈਸਵੀ ਤਕ ਸਿਰਫ਼ 14 ਨੀਸਾਨ, 33 ਈਸਵੀ ਨੂੰ ਸ਼ੁੱਕਰਵਾਰ ਦਾ ਦਿਨ ਆਇਆ ਸੀ। ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਦੀ ਮੌਤ 14 ਨੀਸਾਨ, 33 ਈਸਵੀ ਨੂੰ ਹੋਈ ਸੀ।
ਬਾਈਬਲ ਪੜ੍ਹਾਈ
(ਯੂਹੰਨਾ 18:1-14) ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ ਤੋਂ ਪਾਰ ਇਕ ਬਾਗ਼ ਵਿਚ ਚਲਾ ਗਿਆ। 2 ਧੋਖੇਬਾਜ਼ ਯਹੂਦਾ ਵੀ ਉਸ ਜਗ੍ਹਾ ਬਾਰੇ ਜਾਣਦਾ ਸੀ ਕਿਉਂਕਿ ਯਿਸੂ ਕਈ ਵਾਰ ਆਪਣੇ ਚੇਲਿਆਂ ਨਾਲ ਇੱਥੇ ਆਇਆ ਸੀ। 3 ਇਸ ਲਈ, ਫ਼ੌਜੀਆਂ ਅਤੇ ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਦੁਆਰਾ ਘੱਲੇ ਹੋਏ ਮੰਦਰ ਦੇ ਪਹਿਰੇਦਾਰਾਂ ਨੂੰ ਨਾਲ ਲੈ ਕੇ ਯਹੂਦਾ ਉੱਥੇ ਆਇਆ ਅਤੇ ਉਨ੍ਹਾਂ ਦੇ ਹੱਥਾਂ ਵਿਚ ਮਸ਼ਾਲਾਂ, ਦੀਵੇ ਤੇ ਹਥਿਆਰ ਸਨ। 4 ਯਿਸੂ ਜਾਣਦਾ ਸੀ ਕਿ ਉਸ ਨਾਲ ਕੀ-ਕੀ ਹੋਣ ਵਾਲਾ ਸੀ, ਇਸ ਲਈ ਉਸ ਨੇ ਅੱਗੇ ਆ ਕੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” 5 ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਹੀ ਹਾਂ।” ਧੋਖੇਬਾਜ਼ ਯਹੂਦਾ ਵੀ ਉਨ੍ਹਾਂ ਨਾਲ ਖੜ੍ਹਾ ਸੀ। 6 ਪਰ ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਹੀ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿਗ ਪਏ। 7 ਇਸ ਲਈ ਉਸ ਨੇ ਉਨ੍ਹਾਂ ਨੂੰ ਦੁਬਾਰਾ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” 8 ਯਿਸੂ ਨੇ ਜਵਾਬ ਦਿੱਤਾ: “ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਸ ਲਈ ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਨੂੰ ਜਾਣ ਦਿਓ”; 9 ਤਾਂਕਿ ਉਸ ਦੀ ਕਹੀ ਇਹ ਗੱਲ ਪੂਰੀ ਹੋਵੇ: “ਜਿਨ੍ਹਾਂ ਨੂੰ ਤੂੰ ਮੇਰੇ ਹੱਥ ਸੌਂਪਿਆ ਹੈ, ਉਨ੍ਹਾਂ ਵਿੱਚੋਂ ਮੈਂ ਇਕ ਨੂੰ ਵੀ ਨਹੀਂ ਗੁਆਇਆ।” 10 ਸ਼ਮਊਨ ਪਤਰਸ ਕੋਲ ਤਲਵਾਰ ਸੀ ਅਤੇ ਉਸ ਨੇ ਤਲਵਾਰ ਕੱਢ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ। ਉਸ ਨੌਕਰ ਦਾ ਨਾਂ ਮਲਖੁਸ ਸੀ। 11 ਪਰ ਯਿਸੂ ਨੇ ਪਤਰਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ। ਜੋ ਪਿਆਲਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਉਹ ਮੈਂ ਨਾ ਪੀਵਾਂ?” 12 ਫਿਰ ਫ਼ੌਜੀਆਂ ਅਤੇ ਫ਼ੌਜ ਦੇ ਕਮਾਂਡਰ ਨੇ ਅਤੇ ਯਹੂਦੀ ਆਗੂਆਂ ਦੁਆਰਾ ਘੱਲੇ ਪਹਿਰੇਦਾਰਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ, 13 ਅਤੇ ਉਹ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ ਜਿਹੜਾ ਕਾਇਫ਼ਾ ਦਾ ਸਹੁਰਾ ਸੀ। ਕਾਇਫ਼ਾ ਉਸ ਸਾਲ ਮਹਾਂ ਪੁਜਾਰੀ ਸੀ। 14 ਕਾਇਫ਼ਾ ਨੇ ਹੀ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਇਸ ਵਿਚ ਉਨ੍ਹਾਂ ਦਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਦੀ ਖ਼ਾਤਰ ਮਰੇ।