ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਾਕੂਬ 3-5
“ਪਰਮੇਸ਼ੁਰੀ ਬੁੱਧ ਦਿਖਾਓ”
(ਯਾਕੂਬ 3:17) ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ।
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
9 ਬੁੱਧ “ਪਹਿਲਾਂ ਪਵਿੱਤਰ” ਹੈ। ਪਵਿੱਤਰ ਹੋਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸ਼ੁੱਧ ਅਤੇ ਬੇਦਾਗ਼ ਹੋਣ ਦਾ ਸਿਰਫ਼ ਦਿਖਾਵਾ ਕਰੀਏ। ਸਾਨੂੰ ਦਿਲੋਂ ਖਰੇ ਹੋਣਾ ਚਾਹੀਦਾ ਹੈ। ਬਾਈਬਲ ਵਿਚ ਬੁੱਧ ਦਾ ਸੰਬੰਧ ਦਿਲ ਤੇ ਦਿਮਾਗ਼ ਨਾਲ ਜੋੜਿਆ ਗਿਆ ਹੈ। ਪਰ ਪਰਮੇਸ਼ੁਰ ਦੀ ਬੁੱਧ ਅਜਿਹੇ ਦਿਲ ਵਿਚ ਨਹੀਂ ਆ ਸਕਦੀ ਜੋ ਬੁਰੇ ਖ਼ਿਆਲਾਂ ਅਤੇ ਬੁਰੀਆਂ ਇੱਛਾਵਾਂ ਨਾਲ ਭਰਿਆ ਹੋਇਆ ਹੈ। (ਕਹਾਉਤਾਂ 2:10; ਮੱਤੀ 15:19, 20) ਜੇ ਅਸੀਂ ਆਪਣੇ ਦਿਲ ਨੂੰ ਉਸ ਹੱਦ ਤਕ ਸਾਫ਼ ਰੱਖਾਂਗੇ ਜਿਸ ਹੱਦ ਤਕ ਇਕ ਅਪੂਰਣ ਇਨਸਾਨ ਰੱਖ ਸਕਦਾ ਹੈ, ਤਾਂ ਅਸੀਂ ‘ਬੁਰਿਆਈ ਤੋਂ ਹਟਾਂਗੇ ਅਤੇ ਭਲਿਆਈ ਕਰਾਂਗੇ।’ (ਜ਼ਬੂਰਾਂ ਦੀ ਪੋਥੀ 37:27; ਕਹਾਉਤਾਂ 3:7) ਇਹ ਗੱਲ ਠੀਕ ਕਿਉਂ ਹੈ ਕਿ ਬੁੱਧ ਦੇ ਗੁਣਾਂ ਦੀ ਲਿਸਟ ਵਿਚ ਪਵਿੱਤਰਤਾ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ? ਕਿਉਂਕਿ ਜੇ ਅਸੀਂ ਨੈਤਿਕ ਅਤੇ ਰੂਹਾਨੀ ਤੌਰ ਤੇ ਸਾਫ਼ ਨਹੀਂ ਹਾਂ, ਤਾਂ ਅਸੀਂ ਉੱਪਰਲੀ ਬੁੱਧ ਦੇ ਬਾਕੀ ਗੁਣਾਂ ਦਾ ਸਬੂਤ ਨਹੀਂ ਦੇ ਸਕਦੇ।
10 ਬੁੱਧ “ਫੇਰ ਮਿਲਣਸਾਰ” ਹੈ। ਉੱਪਰਲੀ ਬੁੱਧ ਸਾਨੂੰ ਸ਼ਾਂਤੀ-ਪਸੰਦ ਇਨਸਾਨ ਬਣਾਉਂਦੀ ਹੈ, ਜੋ ਕਿ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22) ਅਸੀਂ “ਮਿਲਾਪ ਦੇ ਬੰਧ” ਨੂੰ ਤੋੜਨਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਯਹੋਵਾਹ ਦੇ ਲੋਕਾਂ ਦੀ ਏਕਤਾ ਬਣੀ ਰਹਿੰਦੀ ਹੈ। (ਅਫ਼ਸੀਆਂ 4:3) ਅਸੀਂ ਆਪਣੀ ਪੂਰੀ ਵਾਹ ਲਾਉਂਦੇ ਹਾਂ ਕਿ ਸਾਡੀ ਆਪਸ ਵਿਚ ਬਣੀ ਰਹੇ। ਇਹ ਇੰਨਾ ਜ਼ਰੂਰੀ ਕਿਉਂ ਹੈ? ਬਾਈਬਲ ਦੱਸਦੀ ਹੈ: “ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।” (2 ਕੁਰਿੰਥੀਆਂ 13:11) ਸੋ ਜੇ ਅਸੀਂ ਇਕ-ਦੂਜੇ ਨਾਲ ਬਣਾ ਕੇ ਰੱਖਾਂਗੇ, ਤਾਂ ਹੀ ਸ਼ਾਂਤੀ ਦਾ ਪਰਮੇਸ਼ੁਰ ਸਾਡੇ ਨਾਲ ਰਹੇਗਾ। ਯਹੋਵਾਹ ਨਾਲ ਸਾਡਾ ਰਿਸ਼ਤਾ ਸਿਰਫ਼ ਤਾਂ ਹੀ ਬਣਿਆ ਰਹੇਗਾ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਠੀਕ ਤਰ੍ਹਾਂ ਪੇਸ਼ ਆਵਾਂਗੇ। ਅਸੀਂ ਸ਼ਾਂਤੀ-ਪਸੰਦ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ? ਕੁਝ ਉਦਾਹਰਣਾਂ ਉੱਤੇ ਗੌਰ ਕਰੋ।
(ਯਾਕੂਬ 3:17) ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ।
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
12 ਬੁੱਧ “ਸ਼ੀਲ ਸੁਭਾਉ” ਹੈ। ਸ਼ੀਲ ਸੁਭਾਅ ਵਾਲੇ ਇਨਸਾਨ ਬਣਨ ਦਾ ਕੀ ਮਤਲਬ ਹੈ? ਬਾਈਬਲ ਦੇ ਵਿਦਵਾਨਾਂ ਅਨੁਸਾਰ ਯਾਕੂਬ 3:17 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ ਸੁਭਾਉ” ਕੀਤਾ ਗਿਆ ਹੈ, ਉਸ ਦਾ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਕਈਆਂ ਅਨੁਵਾਦਕਾਂ ਨੇ ਕਿਹਾ ਹੈ ਕਿ ਅਜਿਹਾ ਇਨਸਾਨ ‘ਸਾਊ,’ ‘ਧੀਰਜਵਾਨ’ ਅਤੇ ‘ਦੂਸਰਿਆਂ ਦਾ ਧਿਆਨ ਰੱਖਣ ਵਾਲਾ’ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਦਾ ਮਤਲਬ ‘ਦੂਸਰਿਆਂ ਦੀ ਗੱਲ ਸੁਣਨ ਲਈ ਤਿਆਰ ਹੋਣਾ’ ਹੈ। ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਸਬੂਤ ਦੇ ਸਕਦੇ ਹਾਂ ਕਿ ਇਸ ਗੱਲ ਵਿਚ ਸਾਡੇ ਵਿਚ ਉੱਪਰਲੀ ਬੁੱਧ ਹੈ?
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
14 ਬੁੱਧ “ਹਠ ਤੋਂ ਰਹਿਤ” ਹੈ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਹਠ ਤੋਂ ਰਹਿਤ” ਕੀਤਾ ਗਿਆ ਹੈ, ਉਹ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਹੋਰ ਕਿਤੇ ਨਹੀਂ ਪਾਇਆ ਜਾਂਦਾ। ਬਾਈਬਲ ਦੇ ਇਕ ਵਿਦਵਾਨ ਮੁਤਾਬਕ ਇਹ ਸ਼ਬਦ ‘ਅਕਸਰ ਫ਼ੌਜੀ ਡਿਸਿਪਲਨ ਲਈ ਵਰਤਿਆ ਜਾਂਦਾ ਹੈ।’ ਇਸ ਦਾ ਮਤਲਬ ਹੈ “ਝੱਟ ਗੱਲ ਮੰਨ ਲੈਣੀ” ਅਤੇ “ਅਧੀਨ ਰਹਿਣਾ।” ਜੋ ਇਨਸਾਨ ਉੱਪਰਲੀ ਬੁੱਧ ਵਰਤਦਾ ਹੈ, ਉਹ ਬਾਈਬਲ ਵਿਚ ਲਿਖੀ ਗਈ ਗੱਲ ਸਵੀਕਾਰ ਕਰਨ ਲਈ ਝੱਟ ਤਿਆਰ ਹੋ ਜਾਂਦਾ ਹੈ। ਉਹ ਅਜਿਹੇ ਹੱਠੀ ਇਨਸਾਨ ਵਰਗਾ ਨਹੀਂ ਹੈ ਜੋ ਇਕ ਵਾਰ ਆਪਣਾ ਮਨ ਬਣਾ ਲੈਂਦਾ ਹੈ, ਤਾਂ ਫਿਰ ਗ਼ਲਤ ਸਾਬਤ ਕੀਤੇ ਜਾਣ ਦੇ ਬਾਵਜੂਦ ਵੀ ਆਪਣਾ ਮਨ ਨਹੀਂ ਬਦਲਦਾ। ਇਸ ਦੀ ਬਜਾਇ ਜਦ ਉਸ ਨੂੰ ਬਾਈਬਲ ਵਿੱਚੋਂ ਸਾਫ਼-ਸਾਫ਼ ਦਿਖਾਇਆ ਜਾਂਦਾ ਹੈ ਕਿ ਉਸ ਨੇ ਗ਼ਲਤ ਫ਼ੈਸਲਾ ਕੀਤਾ ਹੈ ਜਾਂ ਉਸ ਨੇ ਗੱਲ ਠੀਕ ਨਹੀਂ ਸਮਝੀ, ਤਾਂ ਉਹ ਜਲਦੀ ਦੇਣੀ ਬਦਲਣ ਲਈ ਤਿਆਰ ਹੁੰਦਾ ਹੈ। ਕੀ ਤੁਸੀਂ ਇਹੋ ਜਿਹੇ ਇਨਸਾਨ ਵਜੋਂ ਜਾਣੇ ਜਾਂਦੇ ਹੋ?
15 ਬੁੱਧ “ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ” ਹੈ। ਦਇਆ ਉੱਪਰਲੀ ਬੁੱਧ ਦਾ ਇਕ ਜ਼ਰੂਰੀ ਹਿੱਸਾ ਹੈ ਕਿਉਂਕਿ ਅਜਿਹੀ ਬੁੱਧ ‘ਦਯਾ ਨਾਲ ਭਰਪੂਰ’ ਹੈ। ਨੋਟ ਕਰੋ ਕਿ “ਦਯਾ” ਅਤੇ “ਚੰਗਿਆਂ ਫਲਾਂ” ਦੀ ਇੱਕੋ ਸਮੇਂ ਗੱਲ ਕੀਤੀ ਗਈ ਹੈ। ਇਹ ਠੀਕ ਹੈ ਕਿਉਂਕਿ ਬਾਈਬਲ ਵਿਚ ਦਇਆ ਕਰਨ ਦਾ ਮਤਲਬ ਅਕਸਰ ਕਿਸੇ ਤੇ ਤਰਸ ਖਾ ਕੇ ਉਸ ਦਾ ਭਲਾ ਕਰਨਾ ਹੁੰਦਾ ਹੈ। ਇਕ ਪੁਸਤਕ ਦਇਆ ਦਾ ਮਤਲਬ ਇਸ ਤਰ੍ਹਾਂ ਸਮਝਾਉਂਦੀ ਹੈ: “ਕਿਸੇ ਦੀ ਮਾੜੀ ਹਾਲਤ ਤੇ ਦੁਖੀ ਹੋਣਾ ਅਤੇ ਉਸ ਦੀ ਮਦਦ ਕਰਨ ਲਈ ਕੁਝ ਕਰਨਾ।” ਇਸ ਲਈ ਪਰਮੇਸ਼ੁਰ ਦੀ ਬੁੱਧ ਇਨਸਾਨ ਨੂੰ ਬੇਦਰਦ ਤੇ ਰੁੱਖਾ ਨਹੀਂ ਬਣਾਉਂਦੀ। ਇਸ ਦੀ ਬਜਾਇ ਜਿਸ ਇਨਸਾਨ ਵਿਚ ਇਹ ਗੁਣ ਹੈ, ਉਹ ਹਮਦਰਦ ਬਣਦਾ ਹੈ ਅਤੇ ਦੂਸਰਿਆਂ ਦੀ ਪਰਵਾਹ ਕਰਨੀ ਸਿੱਖਦਾ ਹੈ। ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ?
(ਯਾਕੂਬ 3:17) ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ।
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
18 ਬੁੱਧ “ਦੁਆਇਤ ਭਾਵ ਤੋਂ ਰਹਿਤ” ਹੈ। ਪਰਮੇਸ਼ੁਰ ਦੀ ਬੁੱਧ ਵਰਤਣ ਵਾਲਾ ਇਨਸਾਨ ਜਾਤ-ਪਾਤ ਅਤੇ ਕੌਮੀ ਮਾਣ ਤੋਂ ਦੂਰ ਰਹਿੰਦਾ ਹੈ। ਜੇ ਅਸੀਂ ਇਸ ਬੁੱਧ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿੱਚੋਂ ਹਰ ਕਿਸਮ ਦਾ ਪੱਖਪਾਤ ਕੱਢਣ ਦੀ ਕੋਸ਼ਿਸ਼ ਕਰਾਂਗੇ। (ਯਾਕੂਬ 2:9) ਕਿਸੇ ਦੇ ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ, ਉਸ ਦੀ ਅਮੀਰੀ ਜਾਂ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਦੂਸਰਿਆਂ ਤੋਂ ਜ਼ਿਆਦਾ ਪਸੰਦ ਨਹੀਂ ਕਰਾਂਗੇ। ਨਾ ਹੀ ਅਸੀਂ ਆਪਣੇ ਕਿਸੇ ਭੈਣ-ਭਾਈ ਨਾਲ ਨਫ਼ਰਤ ਕਰਾਂਗੇ, ਭਾਵੇਂ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਕਿੰਨੀ ਹੀ ਨੀਵੀਂ ਜਾਤ ਜਾਂ ਪਦਵੀ ਦਾ ਕਿਉਂ ਨਾ ਹੋਵੇ। ਜੇ ਯਹੋਵਾਹ ਨੇ ਇਸ ਭੈਣ-ਭਾਈ ਨੂੰ ਆਪਣੇ ਪਿਆਰ ਦੇ ਲਾਇਕ ਸਮਝਿਆ ਹੈ, ਤਾਂ ਸਾਨੂੰ ਵੀ ਉਸ ਨੂੰ ਆਪਣੇ ਪਿਆਰ ਦੇ ਲਾਇਕ ਸਮਝਣਾ ਚਾਹੀਦਾ ਹੈ।
19 ਬੁੱਧ “ਨਿਸ਼ਕਪਟ” ਹੈ। ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਪਟੀ ਜਾਂ ਪਖੰਡੀ” ਕੀਤਾ ਗਿਆ ਹੈ ਉਹ “ਰੋਲ ਅਦਾ ਕਰ ਰਹੇ ਐਕਟਰ” ਲਈ ਵੀ ਵਰਤਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਯੂਨਾਨੀ ਤੇ ਰੋਮੀ ਐਕਟਰ ਰੋਲ ਅਦਾ ਕਰਦੇ ਹੋਏ ਆਪਣੇ ਮੂੰਹਾਂ ਤੇ ਨਕਾਬ ਜਾਂ ਬਣਾਵਟੀ ਚਿਹਰੇ ਪਹਿਨਿਆ ਕਰਦੇ ਸਨ। ਇਸ ਲਈ ਜੋ ਯੂਨਾਨੀ ਸ਼ਬਦ “ਕਪਟੀ ਜਾਂ ਪਖੰਡੀ” ਲਈ ਵਰਤਿਆ ਗਿਆ ਸੀ, ਉਹ ਸ਼ਬਦ ਦਿਖਾਵਾ ਕਰਨ ਲਈ ਵੀ ਵਰਤਿਆ ਜਾਣ ਲੱਗ ਪਿਆ ਸੀ। ਪਰਮੇਸ਼ੁਰ ਦੀ ਬੁੱਧ ਦੇ ਇਸ ਪਹਿਲੂ ਨੂੰ ਸਿਰਫ਼ ਇਸ ਗੱਲ ਤੇ ਹੀ ਨਹੀਂ ਅਸਰ ਪਾਉਣਾ ਚਾਹੀਦਾ ਕਿ ਅਸੀਂ ਆਪਣੇ ਸੰਗੀ ਮਸੀਹੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ, ਪਰ ਇਸ ਗੱਲ ਤੇ ਵੀ ਕਿ ਅਸੀਂ ਆਪਣੇ ਦਿਲ ਵਿਚ ਉਨ੍ਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯਾਕੂਬ 4:5) ਜਾਂ ਤੁਹਾਡੇ ਖ਼ਿਆਲ ਵਿਚ ਕੀ ਧਰਮ-ਗ੍ਰੰਥ ਐਵੇਂ ਹੀ ਇਹ ਕਹਿੰਦਾ ਹੈ: “ਅਸੀਂ ਆਪਣੇ ਈਰਖਾਲੂ ਸੁਭਾਅ ਕਰਕੇ ਵੱਖੋ-ਵੱਖਰੀਆਂ ਚੀਜ਼ਾਂ ਦੀ ਲਾਲਸਾ ਕਰਦੇ ਰਹਿੰਦੇ ਹਾਂ”?
ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
4:5—ਇੱਥੇ ਯਾਕੂਬ ਬਾਈਬਲ ਦਾ ਕਿਹੜਾ ਹਵਾਲਾ ਦੇ ਰਿਹਾ ਸੀ? ਉਹ ਕਿਸੇ ਇਕ ਹਵਾਲੇ ਦੀ ਗੱਲ ਨਹੀਂ ਕਰ ਰਿਹਾ ਸੀ। ਪਰਮੇਸ਼ੁਰ ਦੀ ਮਦਦ ਨਾਲ ਉਸ ਨੇ ਸ਼ਾਇਦ ਇਹ ਗੱਲ ਇਨ੍ਹਾਂ ਹਵਾਲਿਆਂ ਦੇ ਆਧਾਰ ਤੇ ਲਿਖੀ ਸੀ: ਉਤਪਤ 6:5; 8:21; ਕਹਾਉਤਾਂ 21:10; ਅਤੇ ਗਲਾਤੀਆਂ 5:17.
(ਯਾਕੂਬ 4:11, 12) ਭਰਾਵੋ, ਇਕ-ਦੂਜੇ ਦੇ ਵਿਰੁੱਧ ਬੋਲਣੋਂ ਹਟ ਜਾਓ। ਜਿਹੜਾ ਆਪਣੇ ਭਰਾ ਦੇ ਖ਼ਿਲਾਫ਼ ਬੋਲਦਾ ਹੈ ਜਾਂ ਆਪਣੇ ਭਰਾ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਕਾਨੂੰਨ ਦੇ ਖ਼ਿਲਾਫ਼ ਬੋਲਦਾ ਹੈ ਅਤੇ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈਂ, ਤਾਂ ਤੂੰ ਕਾਨੂੰਨ ਉੱਤੇ ਚੱਲਣ ਵਾਲਾ ਨਹੀਂ, ਸਗੋਂ ਕਾਨੂੰਨ ਵਿਚ ਨੁਕਸ ਕੱਢਣ ਵਾਲਾ ਹੈਂ। 12 ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ। ਉਹ ਲੋਕਾਂ ਨੂੰ ਬਚਾ ਵੀ ਸਕਦਾ ਹੈ ਅਤੇ ਖ਼ਤਮ ਵੀ ਕਰ ਸਕਦਾ ਹੈ। ਪਰ ਤੂੰ ਕੌਣ ਹੁੰਦਾ ਹੈਂ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?
ਨਿਹਚਾ ਸਾਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਬਣਾਉਂਦੀ ਹੈ
8 ਇਕ ਸੰਗੀ ਵਿਸ਼ਵਾਸੀ ਦੇ ਵਿਰੁੱਧ ਬੋਲਣਾ ਪਾਪ ਹੈ। (ਯਾਕੂਬ 4:11, 12) ਪਰੰਤੂ ਕਈ ਸੰਗੀ ਮਸੀਹੀਆਂ ਦੀ ਨੁਕਤਾਚੀਨੀ ਕਰਦੇ ਹਨ, ਸ਼ਾਇਦ ਆਪਣੇ ਸਵੈ-ਸਤਵਾਦੀ ਰਵੱਈਏ ਦੇ ਕਾਰਨ ਜਾਂ ਕਿਉਂਕਿ ਉਹ ਦੂਸਰਿਆਂ ਨੂੰ ਨੀਵੇਂ ਕਰ ਕੇ ਆਪਣੇ ਆਪ ਨੂੰ ਉੱਚਾ ਦਿਖਾਉਣਾ ਚਾਹੁੰਦੇ ਹਨ। (ਜ਼ਬੂਰ 50:20; ਕਹਾਉਤਾਂ 3:29) ‘ਵਿਰੁੱਧ ਬੋਲਣਾ’ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਵੈਰ ਨੂੰ ਸੰਕੇਤ ਕਰਦਾ ਹੈ ਅਤੇ ਇਕ ਝੂਠਾ ਇਲਜ਼ਾਮ ਲਾਉਣ ਜਾਂ ਵਧਾਅ-ਚੜ੍ਹਾਅ ਕੇ ਇਲਜ਼ਾਮ ਲਾਉਣ ਦਾ ਭਾਵ ਰੱਖਦਾ ਹੈ। ਇਸ ਦਾ ਅਰਥ ਹੈ ਕਿਸੇ ਭਰਾ ਉੱਤੇ ਬੁਰੀ ਤਰ੍ਹਾਂ ਦੋਸ਼ ਲਾਉਣਾ। ਇਸ ਤਰ੍ਹਾਂ ਕਰਨਾ ‘ਪਰਮੇਸ਼ੁਰ ਦੀ ਸ਼ਰਾ ਦੇ ਵਿਰੁੱਧ ਬੋਲਣ ਅਤੇ ਉਸ ਉੱਤੇ ਦੋਸ਼ ਲਾਉਣ’ ਦੇ ਬਰਾਬਰ ਕਿਵੇਂ ਹੁੰਦਾ ਹੈ? ਉਦਾਹਰਣ ਲਈ, ਗ੍ਰੰਥੀ ਅਤੇ ਫ਼ਰੀਸੀ “ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰਾਂ ਟਾਲ ਦਿੰਦੇ” ਸਨ ਅਤੇ ਆਪਣੇ ਹੀ ਮਿਆਰਾਂ ਦੇ ਅਨੁਸਾਰ ਨਿਆਂ ਕਰਦੇ ਸਨ। (ਮਰਕੁਸ 7:1-13) ਇਸੇ ਤਰ੍ਹਾਂ, ਜੇਕਰ ਅਸੀਂ ਇਕ ਅਜਿਹੇ ਭਰਾ ਦੀ ਨਿੰਦਿਆ ਕਰਦੇ ਹਾਂ ਜਿਸ ਨੂੰ ਪਰਮੇਸ਼ੁਰ ਨਹੀਂ ਨਿੰਦਦਾ, ਤਾਂ ਕੀ ਅਸੀਂ ‘ਪਰਮੇਸ਼ੁਰ ਦੀ ਸ਼ਰਾ ਉੱਤੇ ਦੋਸ਼’ ਨਹੀਂ ਲਾਉਂਦੇ ਹਾਂ ਅਤੇ ਅਨੁਚਿਤ ਤੌਰ ਤੇ ਇਹ ਨਹੀਂ ਸੰਕੇਤ ਕਰਦੇ ਹਾਂ ਕਿ ਇਸ ਵਿਚ ਕੋਈ ਕਮੀ ਹੈ? ਅਤੇ ਅਨੁਚਿਤ ਢੰਗ ਨਾਲ ਆਪਣੇ ਭਰਾ ਦੀ ਨੁਕਤਾਚੀਨੀ ਕਰਨ ਦੁਆਰਾ, ਅਸੀਂ ਪ੍ਰੇਮ ਦੀ ਸ਼ਰਾ ਨੂੰ ਪੂਰਾ ਨਹੀਂ ਕਰ ਰਹੇ ਹਾਂ।—ਰੋਮੀਆਂ 13:8-10.
ਬਾਈਬਲ ਪੜ੍ਹਾਈ
(ਯਾਕੂਬ 3:1-18) ਮੇਰੇ ਭਰਾਵੋ, ਤੁਹਾਡੇ ਵਿੱਚੋਂ ਜ਼ਿਆਦਾ ਜਣੇ ਸਿੱਖਿਅਕ ਨਾ ਬਣਨ, ਕਿਉਂਕਿ ਸਿੱਖਿਅਕ ਹੋਣ ਦੇ ਨਾਤੇ ਸਾਡਾ ਨਿਆਂ ਜ਼ਿਆਦਾ ਸਖ਼ਤੀ ਨਾਲ ਕੀਤਾ ਜਾਵੇਗਾ। 2 ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ। 3 ਅਸੀਂ ਘੋੜੇ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਮੂੰਹ ਵਿਚ ਲਗਾਮ ਪਾਉਂਦੇ ਹਾਂ ਤਾਂਕਿ ਅਸੀਂ ਜਿੱਧਰ ਚਾਹੀਏ ਉਸ ਨੂੰ ਲਿਜਾ ਸਕੀਏ। 4 ਸਮੁੰਦਰੀ ਜਹਾਜ਼ ਦੀ ਵੀ ਗੱਲ ਲੈ ਲਓ। ਭਾਵੇਂ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਨਾਲ ਚੱਲਦਾ ਹੈ, ਪਰ ਮਲਾਹ ਛੋਟੀ ਜਿਹੀ ਪਤਵਾਰ ਦੀ ਮਦਦ ਨਾਲ ਇਸ ਨੂੰ ਜਿੱਧਰ ਚਾਹੇ, ਲਿਜਾ ਸਕਦਾ ਹੈ। 5 ਇਸੇ ਤਰ੍ਹਾਂ, ਜੀਭ ਭਾਵੇਂ ਸਰੀਰ ਦਾ ਇਕ ਛੋਟਾ ਜਿਹਾ ਅੰਗ ਹੈ, ਪਰ ਇਹ ਕਿੰਨੀਆਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ। ਧਿਆਨ ਦਿਓ ਕਿ ਇਕ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ! 6 ਜੀਭ ਅੱਗ ਹੈ। ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਜੀਭ ਸਾਰੀ ਬੁਰਾਈ ਦੀ ਜੜ੍ਹ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ ਅਤੇ ਪੂਰੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਅਤੇ “ਗ਼ਹੈਨਾ” ਦੀ ਅੱਗ ਵਾਂਗ ਤਬਾਹੀ ਮਚਾਉਂਦੀ ਹੈ। 7 ਇਨਸਾਨ ਹਰ ਕਿਸਮ ਦੇ ਜੰਗਲੀ ਜਾਨਵਰ, ਪੰਛੀ, ਘਿਸਰਨ ਵਾਲੇ ਜੀਵ-ਜੰਤੂ ਅਤੇ ਜਲ-ਜੰਤੂ ਨੂੰ ਕਾਬੂ ਕਰ ਕੇ ਪਾਲਤੂ ਬਣਾ ਸਕਦਾ ਹੈ ਅਤੇ ਬਣਾਇਆ ਵੀ ਹੈ। 8 ਪਰ ਜੀਭ ਨੂੰ ਦੁਨੀਆਂ ਦਾ ਕੋਈ ਵੀ ਇਨਸਾਨ ਕਾਬੂ ਨਹੀਂ ਕਰ ਸਕਦਾ। ਬੇਲਗਾਮ ਜੀਭ ਬੜੀ ਖ਼ਤਰਨਾਕ ਅਤੇ ਜ਼ਹਿਰੀਲੀ ਚੀਜ਼ ਹੁੰਦੀ ਹੈ। 9 ਇਕ ਪਾਸੇ ਤਾਂ ਅਸੀਂ ਇਸ ਦੇ ਨਾਲ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਦੂਜੇ ਪਾਸੇ ਇਸ ਦੇ ਨਾਲ ਅਸੀਂ ਇਨਸਾਨਾਂ ਨੂੰ ਬਦ-ਦੁਆ ਦਿੰਦੇ ਹਾਂ ਜਿਨ੍ਹਾਂ ਨੂੰ “ਪਰਮੇਸ਼ੁਰ ਵਰਗਾ” ਬਣਾਇਆ ਗਿਆ ਹੈ। 10 ਇੱਕੋ ਮੂੰਹੋਂ ਦੁਆਵਾਂ ਅਤੇ ਬਦ-ਦੁਆਵਾਂ ਨਿਕਲਦੀਆਂ ਹਨ। ਮੇਰੇ ਭਰਾਵੋ, ਇਸ ਤਰ੍ਹਾਂ ਹੋਣਾ ਚੰਗੀ ਗੱਲ ਨਹੀਂ ਹੈ। 11 ਕੀ ਕਦੇ ਇੱਕੋ ਚਸ਼ਮੇ ਵਿੱਚੋਂ ਮਿੱਠਾ ਤੇ ਖਾਰਾ ਪਾਣੀ ਫੁੱਟਦਾ ਹੈ? 12 ਮੇਰੇ ਭਰਾਵੋ, ਕੀ ਕਦੇ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਅਤੇ ਅੰਗੂਰੀ ਵੇਲਾਂ ਨੂੰ ਅੰਜੀਰਾਂ ਲੱਗਦੀਆਂ ਹਨ? ਖਾਰੇ ਪਾਣੀ ਦੇ ਚਸ਼ਮੇ ਵਿੱਚੋਂ ਕਦੇ ਵੀ ਮਿੱਠਾ ਪਾਣੀ ਨਹੀਂ ਨਿਕਲਦਾ। 13 ਤੁਹਾਡੇ ਵਿੱਚੋਂ ਕਿਹੜਾ ਬੁੱਧੀਮਾਨ ਅਤੇ ਸਮਝਦਾਰ ਹੈ? ਜਿਹੜਾ ਹੈ, ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਦਿਖਾਵੇ ਕਿ ਉਹ ਸਾਰੇ ਕੰਮ ਨਰਮਾਈ ਨਾਲ ਕਰਦਾ ਹੈ ਕਿਉਂਕਿ ਬੁੱਧ ਉਸ ਵਿਚ ਨਰਮਾਈ ਪੈਦਾ ਕਰਦੀ ਹੈ। 14 ਪਰ ਜੇ ਤੁਹਾਡੇ ਮਨਾਂ ਵਿਚ ਇੰਨੀ ਜ਼ਿਆਦਾ ਈਰਖਾ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ ਹੈ, ਤਾਂ ਆਪਣੇ ਬੁੱਧੀਮਾਨ ਹੋਣ ਬਾਰੇ ਸ਼ੇਖ਼ੀਆਂ ਨਾ ਮਾਰੋ। ਜੇ ਤੁਸੀਂ ਸ਼ੇਖ਼ੀਆਂ ਮਾਰਦੇ ਹੋ, ਤਾਂ ਤੁਸੀਂ ਝੂਠ ਬੋਲਦੇ ਹੋ। 15 ਇਹ ਉਹ ਬੁੱਧ ਨਹੀਂ ਜਿਹੜੀ ਸਵਰਗੋਂ ਮਿਲਦੀ ਹੈ, ਸਗੋਂ ਦੁਨਿਆਵੀ, ਸਰੀਰਕ ਤੇ ਸ਼ੈਤਾਨੀ ਹੈ। 16 ਕਿਉਂਕਿ ਜਿੱਥੇ ਈਰਖਾ ਅਤੇ ਲੜਾਈ-ਝਗੜਾ ਹੁੰਦਾ ਹੈ, ਉੱਥੇ ਗੜਬੜ ਅਤੇ ਹਰ ਤਰ੍ਹਾਂ ਦੀ ਬੁਰਾਈ ਵੀ ਹੁੰਦੀ ਹੈ। 17 ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ। 18 ਇਸ ਤੋਂ ਇਲਾਵਾ, ਧਾਰਮਿਕਤਾ ਦੇ ਫਲ ਦਾ ਬੀ ਸ਼ਾਂਤੀ-ਪਸੰਦ ਲੋਕਾਂ ਵਿਚਕਾਰ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਬੀਜਿਆ ਜਾ ਸਕਦਾ ਹੈ।
14-20 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਪਤਰਸ 1-2
“ਤੁਸੀਂ ਪਵਿੱਤਰ ਬਣੋ”
(1 ਪਤਰਸ 1:14, 15) ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਪਹਿਲਾਂ ਤੁਹਾਡੇ ਵਿਚ ਸਨ, 15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ
ਰਿਹਾਈ ਦੀ ਕੀਮਤ ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”
5 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਪਿਆਰ ਕਰਦੇ ਹਾਂ? ਆਪਣੀ ਕਰਨੀ ਰਾਹੀਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪਵਿੱਤਰ ਰਹੀਏ। (1 ਪਤਰਸ 1:15, 16 ਪੜ੍ਹੋ।) ਇਸ ਦਾ ਮਤਲਬ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰੀਏ ਅਤੇ ਦਿਲੋਂ ਉਸ ਦਾ ਕਹਿਣਾ ਮੰਨੀਏ। ਸਤਾਏ ਜਾਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੇ ਦੱਸੇ ਰਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀ ਕੇ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ। (ਮੱਤੀ 5:14-16) ਸ਼ੁੱਧ ਜ਼ਿੰਦਗੀ ਜੀ ਕੇ ਅਸੀਂ ਸਾਬਤ ਕਰਦੇ ਹਾਂ ਕਿ ਯਹੋਵਾਹ ਦੇ ਕਾਨੂੰਨ ਸਾਡੇ ਭਲੇ ਲਈ ਹਨ ਅਤੇ ਸ਼ੈਤਾਨ ਝੂਠਾ ਹੈ। ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋਣਗੀਆਂ। ਪਰ ਇਸ ਤਰ੍ਹਾਂ ਹੋਣ ਤੇ ਅਸੀਂ ਸੱਚੇ ਦਿਲੋਂ ਪਛਤਾਵਾ ਕਰਦੇ ਹਾਂ ਅਤੇ ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਕੰਮਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—ਜ਼ਬੂ. 79:9.
(1 ਪਤਰਸ 1:16) ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”
ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?
6 ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਨਸੀਹਤ ਦਿੱਤੀ ਸੀ: “ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ।” ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ: ‘ਪਾਪੀ ਕੰਮਾਂ ਨੂੰ ਮਾਰ ਦਿਓ।’ (ਰੋਮੀਆਂ 6:12-14; 8:13) ਆਪਣੀ ਚਿੱਠੀ ਵਿਚ ਉਸ ਨੇ ਪਹਿਲਾਂ ਦੱਸਿਆ ਸੀ ਕਿ ‘ਪਾਪੀ ਕੰਮ’ ਕੀ ਹਨ। ਪਾਪੀ ਇਨਸਾਨਾਂ ਬਾਰੇ ਉਸ ਨੇ ਕਿਹਾ ਸੀ: “ਉਨ੍ਹਾਂ ਦੇ ਮੂੰਹ ਬੋਲ-ਕੁਬੋਲ ਤੇ ਕੌੜੇ ਸ਼ਬਦਾਂ ਨਾਲ ਭਰੇ ਹੋਏ ਹਨ।” “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।” ‘ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ।’ (ਰੋਮੀਆਂ 3:13-17; 3:18, OV) ਜੇ ਕੋਈ ਮਸੀਹੀ ਅਜਿਹੇ ਕੰਮ ਕਰਨ ਲਈ ਸਰੀਰ ਦੇ ‘ਅੰਗ’ ਵਰਤਦਾ ਹੈ, ਤਾਂ ਉਸ ਦਾ ਸਰੀਰ ਭ੍ਰਿਸ਼ਟ ਹੋ ਜਾਂਦਾ ਹੈ। ਉਦਾਹਰਣ ਲਈ, ਜੇ ਕੋਈ ਮਸੀਹੀ ਜਾਣ-ਬੁੱਝ ਕੇ ਅਸ਼ਲੀਲ ਤਸਵੀਰਾਂ ਜਾਂ ਖ਼ੂਨ-ਖ਼ਰਾਬੇ ਨਾਲ ਭਰੀਆਂ ਫ਼ਿਲਮਾਂ ਦੇਖਦਾ ਹੈ, ਤਾਂ ਉਹ ‘ਆਪਣੀਆਂ ਅੱਖਾਂ ਨੂੰ ਪਾਪ ਦੇ ਹਵਾਲੇ ਕਰਦਾ ਹੈ।’ ਇਸ ਲਈ ਉਸ ਦੀ ਭਗਤੀ ਪਵਿੱਤਰ ਨਹੀਂ ਰਹੇਗੀ ਅਤੇ ਪਰਮੇਸ਼ੁਰ ਉਸ ਦੀ ਭਗਤੀ ਨੂੰ ਸਵੀਕਾਰ ਨਹੀਂ ਕਰੇਗਾ। (ਬਿਵਸਥਾ ਸਾਰ 15:21; 1 ਪਤਰਸ 1:14-16; 2 ਪਤਰਸ 3:11) ਕੀ ਫ਼ਾਇਦਾ ਇੱਦਾਂ ਦਾ ਮਨੋਰੰਜਨ ਕਰਨ ਦਾ ਜੋ ਸਾਨੂੰ ਪਰਮੇਸ਼ੁਰ ਤੋਂ ਹੀ ਦੂਰ ਕਰ ਦੇਵੇ!
ਹੀਰੇ-ਮੋਤੀਆਂ ਦੀ ਖੋਜ ਕਰੋ
(1 ਪਤਰਸ 1:10-12) ਇਸੇ ਮੁਕਤੀ ਬਾਰੇ ਨਬੀਆਂ ਨੇ, ਜਿਨ੍ਹਾਂ ਨੇ ਤੁਹਾਡੇ ਉੱਤੇ ਹੋਣ ਵਾਲੀ ਅਪਾਰ ਕਿਰਪਾ ਦੀ ਭਵਿੱਖਬਾਣੀ ਕੀਤੀ ਸੀ, ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ ਕੀਤੀ ਸੀ। 11 ਜਦ ਪਰਮੇਸ਼ੁਰ ਦੀ ਸ਼ਕਤੀ ਮਸੀਹ ਦੇ ਦੁੱਖਾਂ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਿਲਣ ਵਾਲੀ ਮਹਿਮਾ ਬਾਰੇ ਪਹਿਲਾਂ ਤੋਂ ਹੀ ਦੱਸ ਰਹੀ ਸੀ, ਤਾਂ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਇਹ ਸ਼ਕਤੀ ਮਸੀਹ ਸੰਬੰਧੀ ਕਿਹੜੇ ਅਤੇ ਕਿਹੋ ਜਿਹੇ ਸਮੇਂ ਵੱਲ ਇਸ਼ਾਰਾ ਕਰ ਰਹੀ ਸੀ। 12 ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੀ ਸੇਵਾ ਕਰਦੇ ਹੋਏ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ। ਸਵਰਗੀ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ।
ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
1:10-12. ਦੂਤ ਵੱਡੀ ਚਾਹ ਨਾਲ ਪਰਮੇਸ਼ੁਰ ਦੀਆਂ ਉਨ੍ਹਾਂ ਡੂੰਘੀਆਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਸਨ ਜੋ ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਨਬੀਆਂ ਨੇ ਮਸਹ ਕਿਤੇ ਹੋਏ ਮਸੀਹੀਆਂ ਬਾਰੇ ਲਿਖੀਆਂ ਸਨ। ਇਨ੍ਹਾਂ ਗੱਲਾਂ ਦੀ ਸਮਝ ਸਿਰਫ਼ ਉਦੋਂ ਸਪੱਸ਼ਟ ਹੋਈ ਜਦੋਂ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਰਾਹੀਂ ਆਪਣਾ ਗਿਆਨ ਪ੍ਰਗਟ ਕਰਨਾ ਸ਼ੁਰੂ ਕੀਤਾ। (ਅਫ਼. 3:10) ਤਾਂ ਫਿਰ ਕੀ ਸਾਨੂੰ ਦੂਤਾਂ ਦੀ ਰੀਸ ਕਰ ਕੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਖੋਜ ਨਹੀਂ ਕਰਨੀ ਚਾਹੀਦੀ?—1 ਕੁਰਿੰ. 2:10.
(1 ਪਤਰਸ 2:25) ਕਿਉਂਕਿ ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।
it-2 565 ਪੈਰਾ 3
ਓਵਰਸੀਅਰ
ਜ਼ਿੰਦਗੀਆਂ ਦਾ ਰਖਵਾਲਾ। ਲੱਗਦਾ ਹੈ ਕਿ ਪਹਿਲਾ ਪਤਰਸ 2:25 ਵਿਚ ਯਸਾਯਾਹ 53:6 ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜੋ “ਭਟਕੀਆਂ ਹੋਈਆਂ ਭੇਡਾਂ ਵਾਂਗ” ਹਨ ਅਤੇ ਫਿਰ ਪਤਰਸ ਕਹਿੰਦਾ ਹੈ: “ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ [ਯੂਨਾਨੀ ਵਿਚ, ਏਪੀਸਕੋਪੋਸ] ਕੋਲ ਮੁੜ ਆਏ ਹੋ।” ਇਹ ਹਵਾਲਾ ਯਹੋਵਾਹ ਪਰਮੇਸ਼ੁਰ ਬਾਰੇ ਹੈ ਕਿਉਂਕਿ ਪਤਰਸ ਨੇ ਜਿਨ੍ਹਾਂ ਨੂੰ ਇਹ ਗੱਲ ਲਿਖੀ ਸੀ ਉਹ ਯਿਸੂ ਮਸੀਹ ਤੋਂ ਦੂਰ ਨਹੀਂ ਹੋਏ ਸਨ। ਇਸ ਦੀ ਬਜਾਇ, ਉਸ ਦੇ ਜ਼ਰੀਏ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਕੋਲ ਮੋੜ ਲਿਆਂਦਾ ਗਿਆ ਸੀ ਜੋ ਆਪਣੇ ਲੋਕਾਂ ਦਾ ਮਹਾਨ ਚਰਵਾਹਾ ਹੈ। (ਜ਼ਬੂ 23:1; 80:1; ਯਿਰ 23:3; ਹਿਜ਼ 34:12) ਯਹੋਵਾਹ ਜ਼ਿੰਦਗੀਆਂ ਦਾ ਰਖਵਾਲਾ ਵੀ ਹੈ ਜੋ ਜਾਂਚ ਕਰਦਾ ਹੈ। (ਜ਼ਬੂ 17:3) ਜਾਂਚ (ਏਪੀਸਕੋਪੇ) ਦਾ ਮਤਲਬ ਉਸ ਦੁਆਰਾ ਦਿੱਤੀ ਸਜ਼ਾ ਹੋ ਸਕਦੀ ਹੈ, ਜਿਸ ਤਰ੍ਹਾਂ ਪਹਿਲੀ ਸਦੀ ਵਿਚ ਯਰੂਸ਼ਲਮ ਨੂੰ ਦਿੱਤੀ ਗਈ ਸੀ ਜਿਸ ਨੇ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਯਰੂਸ਼ਲਮ ਨੂੰ “ਪਰਖਿਆ [ਯੂਨਾਨੀ ਵਿਚ, ਏਪੀਸਕੋਪੋਸ] ਗਿਆ ਸੀ।” (ਲੂਕਾ 19:44) ਜਾਂ ਜਾਂਚ ਦਾ ਮਤਲਬ ਚੰਗਾ ਅਸਰ ਅਤੇ ਫ਼ਾਇਦੇ ਹੋ ਸਕਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਹੋਣਗੇ ਜੋ ਉਸ ਦੇ “ਜਾਂਚ-ਪੜਤਾਲ [ਯੂਨਾਨੀ ਵਿਚ, ਏਪੀਸਕੋਪੋਸ]” ਵਾਲੇ ਦਿਨ ਪਰਮੇਸ਼ੁਰ ਦੀ ਵਡਿਆਈ ਕਰਨਗੇ।—1 ਪਤ 2:12.
ਬਾਈਬਲ ਪੜ੍ਹਾਈ
(1 ਪਤਰਸ 1:1-16) ਮੈਂ ਪਤਰਸ, ਯਿਸੂ ਮਸੀਹ ਦਾ ਰਸੂਲ, ਪੁੰਤੁਸ, ਗਲਾਤੀਆ, ਕੱਪਦੋਕੀਆ, ਏਸ਼ੀਆ ਅਤੇ ਬਿਥੁਨੀਆ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਚੁਣੇ ਹੋਇਆਂ ਨੂੰ ਚਿੱਠੀ ਲਿਖ ਰਿਹਾ ਹਾਂ 2 ਜਿਨ੍ਹਾਂ ਨੂੰ ਪਿਤਾ ਪਰਮੇਸ਼ੁਰ ਨੇ ਆਪਣੀ ਇੱਛਾ ਮੁਤਾਬਕ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ, ਤਾਂਕਿ ਉਹ ਆਗਿਆਕਾਰ ਬਣਨ ਅਤੇ ਉਨ੍ਹਾਂ ਉੱਤੇ ਯਿਸੂ ਮਸੀਹ ਦਾ ਲਹੂ ਛਿੜਕਿਆ ਜਾਵੇ: ਰੱਬ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਦਾ ਰਹੇ। 3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ, ਜਿਸ ਨੇ ਆਪਣੀ ਬੇਅੰਤ ਦਇਆ ਸਦਕਾ ਸਾਨੂੰ ਨਵੇਂ ਸਿਰਿਓਂ ਜਨਮ ਦਿੱਤਾ ਅਤੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਨੂੰ ਪੱਕੀ ਉਮੀਦ ਦਿੱਤੀ ਹੈ, 4 ਤਾਂਕਿ ਅਸੀਂ ਇਸ ਨਵੇਂ ਜਨਮ ਕਰਕੇ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ ਪਾਈਏ। ਇਹ ਜੀਵਨ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖਿਆ ਹੋਇਆ ਹੈ। 5 ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ। 6 ਇਨ੍ਹਾਂ ਸਾਰੀਆਂ ਗੱਲਾਂ ਕਰਕੇ ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ, ਭਾਵੇਂ ਕਿ ਤੁਹਾਨੂੰ ਹੁਣ ਥੋੜ੍ਹੇ ਸਮੇਂ ਲਈ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ ਪੈ ਰਿਹਾ ਹੈ, 7 ਇਨ੍ਹਾਂ ਅਜ਼ਮਾਇਸ਼ਾਂ ਰਾਹੀਂ ਤੁਹਾਡੀ ਨਿਹਚਾ ਪਰਖੀ ਜਾਂਦੀ ਹੈ ਅਤੇ ਇਸ ਵਿਚ ਨਿਖਾਰ ਆਉਂਦਾ ਹੈ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਕਿਉਂਕਿ ਸੋਨਾ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਸਤਿਕਾਰ ਮਿਲੇ। 8 ਭਾਵੇਂ ਤੁਸੀਂ ਮਸੀਹ ਨੂੰ ਕਦੇ ਦੇਖਿਆ ਨਹੀਂ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ʼਤੇ ਨਿਹਚਾ ਰੱਖਦੇ ਹੋ ਅਤੇ ਤੁਹਾਨੂੰ ਇੰਨੀ ਜ਼ਿਆਦਾ ਖ਼ੁਸ਼ੀ ਹੈ ਕਿ ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ 9 ਕਿਉਂਕਿ ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ। 10 ਇਸੇ ਮੁਕਤੀ ਬਾਰੇ ਨਬੀਆਂ ਨੇ, ਜਿਨ੍ਹਾਂ ਨੇ ਤੁਹਾਡੇ ਉੱਤੇ ਹੋਣ ਵਾਲੀ ਅਪਾਰ ਕਿਰਪਾ ਦੀ ਭਵਿੱਖਬਾਣੀ ਕੀਤੀ ਸੀ, ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ ਕੀਤੀ ਸੀ। 11 ਜਦ ਪਰਮੇਸ਼ੁਰ ਦੀ ਸ਼ਕਤੀ ਮਸੀਹ ਦੇ ਦੁੱਖਾਂ ਅਤੇ ਇਨ੍ਹਾਂ ਤੋਂ ਬਾਅਦ ਉਸ ਨੂੰ ਮਿਲਣ ਵਾਲੀ ਮਹਿਮਾ ਬਾਰੇ ਪਹਿਲਾਂ ਤੋਂ ਹੀ ਦੱਸ ਰਹੀ ਸੀ, ਤਾਂ ਇਹ ਨਬੀ ਖੋਜਬੀਨ ਕਰਦੇ ਰਹੇ ਕਿ ਉਨ੍ਹਾਂ ਨੂੰ ਪ੍ਰੇਰ ਰਹੀ ਇਹ ਸ਼ਕਤੀ ਮਸੀਹ ਸੰਬੰਧੀ ਕਿਹੜੇ ਅਤੇ ਕਿਹੋ ਜਿਹੇ ਸਮੇਂ ਵੱਲ ਇਸ਼ਾਰਾ ਕਰ ਰਹੀ ਸੀ। 12 ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੀ ਸੇਵਾ ਕਰਦੇ ਹੋਏ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ। ਸਵਰਗੀ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ। 13 ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ, ਪੂਰੇ ਹੋਸ਼ ਵਿਚ ਰਹੋ; ਇਹ ਉਮੀਦ ਰੱਖੋ ਕਿ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ʼਤੇ ਅਪਾਰ ਕਿਰਪਾ ਕੀਤੀ ਜਾਵੇਗੀ। 14 ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਪਹਿਲਾਂ ਤੁਹਾਡੇ ਵਿਚ ਸਨ, 15 ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ 16 ਕਿਉਂਕਿ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”
21-27 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਪਤਰਸ 3-5
“ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ”
(1 ਪਤਰਸ 4:7) ਪਰ ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ ਸਮਝਦਾਰ ਬਣੋ ਅਤੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ।
“ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ”
ਰਾਤ ਦੀ ਡਿਊਟੀ ਕਰਨ ਵਾਲਾ ਇਕ ਆਦਮੀ ਕਹਿੰਦਾ ਹੈ: “ਰਾਤ ਨੂੰ ਜਾਗਦੇ ਰਹਿਣਾ ਸਭ ਤੋਂ ਔਖਾ ਉਦੋਂ ਹੁੰਦਾ ਹੈ ਜਦੋਂ ਸਵੇਰ ਹੋਣ ਵਾਲੀ ਹੁੰਦੀ ਹੈ।” ਰਾਤ ਨੂੰ ਕੰਮ ਕਰਨ ਵਾਲੇ ਹੋਰ ਲੋਕ ਵੀ ਉਸ ਦੀ ਇਸ ਗੱਲ ਨਾਲ ਸਹਿਮਤ ਹੋਣਗੇ। ਇਸੇ ਤਰ੍ਹਾਂ ਮਸੀਹੀਆਂ ਲਈ ਵੀ ਜਾਗਦੇ ਰਹਿਣਾ ਔਖਾ ਹੋ ਸਕਦਾ ਹੈ ਕਿਉਂਕਿ ਅਸੀਂ ਸ਼ੈਤਾਨ ਦੀ ਹਨੇਰੀ ਦੁਨੀਆਂ ਵਿਚ ਰਹਿ ਰਹੇ ਹਾਂ ਜੋ ਆਪਣੇ ਆਖ਼ਰੀ ਪਲਾਂ ʼਤੇ ਹੈ। (ਰੋਮੀ. 13:12) ਦੁਨੀਆਂ ਦੇ ਇਸ ਨਾਜ਼ੁਕ ਵਕਤ ਵਿਚ ਸੌਂ ਜਾਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ! ਸੋ ਬੇਹੱਦ ਜ਼ਰੂਰੀ ਹੈ ਕਿ ਅਸੀਂ ‘ਸਮਝਦਾਰ ਬਣੀਏ’ ਅਤੇ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੀਏ।’—1 ਪਤ. 4:7.
(1 ਪਤਰਸ 4:8) ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਰੂਹਾਨੀ ਕਮਜ਼ੋਰੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਉੱਤੇ ਜੇਤੂ ਹੋਣਾ
ਅਖ਼ੀਰ ਵਿਚ, ਪੌਲੁਸ ਰਸੂਲ ਦੀ ਪ੍ਰੇਮਪੂਰਣ ਚੇਤਾਵਨੀ ਚੰਗੀ ਤਰ੍ਹਾਂ ਮਨ ਵਿਚ ਰੱਖੋ: “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ। ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:7, 8) ਮਨੁੱਖੀ ਅਪੂਰਣਤਾਵਾਂ ਨੂੰ ਆਪਣਿਆਂ ਮਨਾਂ ਅਤੇ ਦਿਲਾਂ ਦੇ ਅੰਦਰ ਸਹਿਜੇ-ਸਹਿਜੇ ਦਾਖ਼ਲ ਹੋਣ ਦੇਣਾ ਅਤੇ ਇਨ੍ਹਾਂ ਨੂੰ ਰੁਕਾਵਟਾਂ ਬਣਨ ਦੇਣਾ ਬਹੁਤ ਆਸਾਨ ਹੈ, ਚਾਹੇ ਉਹ ਦੂਸਰਿਆਂ ਲੋਕਾਂ ਦੀਆਂ ਹੋਣ ਜਾਂ ਖ਼ੁਦ ਆਪਣੀਆਂ। ਸ਼ਤਾਨ ਵੀ ਇਸ ਮਨੁੱਖੀ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਫੁੱਟ ਪਾ ਕੇ ਜਿੱਤਣਾ ਉਸ ਦੇ ਚਲਾਕ ਤਰੀਕਿਆਂ ਵਿੱਚੋਂ ਇਕ ਹੈ। ਇਸ ਲਈ, ਸਾਨੂੰ ਇਕ ਦੂਸਰੇ ਲਈ ਗੂੜ੍ਹੇ ਪ੍ਰੇਮ ਦੇ ਨਾਲ ਜਲਦੀ ਹੀ ਅਜਿਹਿਆਂ ਪਾਪਾਂ ਨੂੰ ਢੱਕ ਲੈਣਾ ਚਾਹੀਦਾ ਹੈ ਅਤੇ ‘ਸ਼ਤਾਨ ਨੂੰ ਥਾਂ ਨਹੀਂ ਦੇਣਾ’ ਚਾਹੀਦਾ।—ਅਫ਼ਸੀਆਂ 4:25-27.
(1 ਪਤਰਸ 4:9) ਬਿਨਾਂ ਬੁੜ-ਬੁੜ ਕੀਤੇ ਇਕ-ਦੂਜੇ ਦੀ ਪਰਾਹੁਣਚਾਰੀ ਕਰੋ।
ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ?
2 ਹੋਰ ਗੱਲਾਂ ਦੇ ਨਾਲ-ਨਾਲ, ਪਤਰਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਇਕ-ਦੂਜੇ ਦੀ ਪਰਾਹੁਣਚਾਰੀ ਕਰਨ।’ (1 ਪਤ. 4:9) ਪਤਰਸ ਨੇ ਇੱਥੇ “ਪਰਾਹੁਣਚਾਰੀ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਉਸ ਦਾ ਮਤਲਬ ਹੈ, “ਅਜਨਬੀਆਂ ਲਈ ਪਿਆਰ ਦਿਖਾਉਣਾ।” ਪਰ ਜ਼ਰਾ ਗੌਰ ਕਰੋ ਕਿ ਇੱਥੇ ਪਤਰਸ ਆਪਣੇ ਭੈਣਾਂ-ਭਰਾਵਾਂ ਨੂੰ “ਇਕ-ਦੂਜੇ ਦੀ ਪਰਾਹੁਣਚਾਰੀ” ਕਰਨ ਦੀ ਹੱਲਾਸ਼ੇਰੀ ਦੇ ਰਿਹਾ ਸੀ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਜਾਣਦੇ ਸਨ ਅਤੇ ਜਿਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਪਰਾਹੁਣਚਾਰੀ ਦਿਖਾਉਣ ਨਾਲ ਉਨ੍ਹਾਂ ਦੀ ਮਦਦ ਕਿਵੇਂ ਹੋਈ?
3 ਇਸ ਤਰ੍ਹਾਂ ਕਰਨ ਕਰਕੇ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਸੀ। ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਯਾਦ ਹੈ ਜਦੋਂ ਕਿਸੇ ਨੇ ਤੁਹਾਨੂੰ ਆਪਣੇ ਘਰ ਬੁਲਾਇਆ ਅਤੇ ਤੁਸੀਂ ਇਕੱਠਿਆ ਬਹੁਤ ਵਧੀਆ ਸਮਾਂ ਬਿਤਾਇਆ ਸੀ? ਨਾਲੇ ਜਦੋਂ ਤੁਸੀਂ ਕਿਸੇ ਨੂੰ ਆਪਣੇ ਘਰ ਬੁਲਾਇਆ, ਤਾਂ ਕੀ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਨਹੀਂ ਹੋਇਆ ਸੀ? ਆਪਣੇ ਭੈਣਾਂ-ਭਰਾਵਾਂ ਨੂੰ ਜਾਣਨ ਦਾ ਇਕ ਵਧੀਆ ਤਰੀਕਾ ਹੈ, ਪਰਾਹੁਣਚਾਰੀ ਕਰਨੀ। ਮੁਸ਼ਕਲਾਂ ਵਧਣ ਕਰਕੇ ਪਤਰਸ ਦੇ ਜ਼ਮਾਨੇ ਦੇ ਮਸੀਹੀਆਂ ਨੂੰ ਇਕ-ਦੂਜੇ ਨਾਲ ਆਪਣਾ ਰਿਸ਼ਤਾ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਸੀ। ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਸਾਨੂੰ ਵੀ ਇੱਦਾਂ ਕਰਨ ਦੀ ਲੋੜ ਹੈ।—2 ਤਿਮੋ. 3:1.
ਹੀਰੇ-ਮੋਤੀਆਂ ਦੀ ਖੋਜ ਕਰੋ
(1 ਪਤਰਸ 3:19, 20) ਫਿਰ ਉਸ ਨੇ ਜਾ ਕੇ ਕੈਦੀ ਦੂਤਾਂ ਨੂੰ ਪ੍ਰਚਾਰ ਕੀਤਾ 20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ ਜਦੋਂ ਕਿਸ਼ਤੀ ਬਣਾਈ ਜਾ ਰਹੀ ਸੀ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।
ਪਾਠਕਾਂ ਵੱਲੋਂ ਸਵਾਲ
ਬਾਈਬਲ ਕਹਿੰਦੀ ਹੈ ਕਿ ਯਿਸੂ ਨੇ “ਕੈਦੀ ਦੂਤਾਂ ਨੂੰ ਪ੍ਰਚਾਰ ਕੀਤਾ।” (1 ਪਤ. 3:19) ਇਸ ਦਾ ਕੀ ਮਤਲਬ ਹੈ?
▪ ਪਤਰਸ ਰਸੂਲ ਮੁਤਾਬਕ ਇਹ ਉਹ ਦੂਤ ਸਨ “ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ।” (1 ਪਤ. 3:20) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਤਰਸ ਇੱਥੇ ਉਨ੍ਹਾਂ ਦੂਤਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਸ਼ੈਤਾਨ ਨਾਲ ਰਲ਼ ਕੇ ਬਗਾਵਤ ਕੀਤੀ ਸੀ। ਯਹੂਦਾਹ ਨੇ ਵੀ ਇਨ੍ਹਾਂ ਦੂਤਾਂ ਬਾਰੇ ਗੱਲ ਕੀਤੀ “ਜਿਹੜੇ ਉਸ ਜਗ੍ਹਾ ਨਹੀਂ ਰਹੇ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਰਹਿਣ ਦੀ ਸਹੀ ਜਗ੍ਹਾ ਨੂੰ ਛੱਡ ਦਿੱਤਾ। ਉਨ੍ਹਾਂ ਨੂੰ ਹਮੇਸ਼ਾ ਲਈ ਬੇੜੀਆਂ ਨਾਲ ਬੰਨ੍ਹ ਕੇ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ, ਤਾਂਕਿ ਉਨ੍ਹਾਂ ਨੂੰ ਵੱਡੇ ਦਿਨ ʼਤੇ ਸਜ਼ਾ ਦਿੱਤੀ ਜਾਵੇ।”—ਯਹੂ. 6.
ਨੂਹ ਦੇ ਦਿਨਾਂ ਵਿਚ ਦੂਤਾਂ ਨੇ ਕਿਵੇਂ ਅਣਆਗਿਆਕਾਰੀ ਕੀਤੀ ਸੀ? ਜਲ-ਪਰਲੋ ਤੋਂ ਪਹਿਲਾਂ ਇਹ ਦੁਸ਼ਟ ਦੂਤ ਧਰਤੀ ਉੱਤੇ ਇਨਸਾਨੀ ਸਰੀਰ ਧਾਰ ਕੇ ਆਏ ਸਨ, ਪਰ ਇਹ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਸੀ। (ਉਤ. 6:2, 4) ਇਸ ਤੋਂ ਇਲਾਵਾ ਇਨ੍ਹਾਂ ਦੂਤਾਂ ਨੇ ਔਰਤਾਂ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਜੋ ਗ਼ੈਰ-ਕੁਦਰਤੀ ਸਨ। ਪਰਮੇਸ਼ੁਰ ਨੇ ਦੂਤਾਂ ਨੂੰ ਇਸ ਲਈ ਨਹੀਂ ਸੀ ਬਣਾਇਆ ਕਿ ਉਹ ਔਰਤਾਂ ਨਾਲ ਸੰਬੰਧ ਰੱਖਣ। (ਉਤ. 5:2) ਇਨ੍ਹਾਂ ਦੁਸ਼ਟ ਅਤੇ ਅਣਆਗਿਆਕਾਰ ਦੂਤਾਂ ਨੂੰ ਪਰਮੇਸ਼ੁਰ ਆਪਣੇ ਸਮੇਂ ʼਤੇ ਖ਼ਤਮ ਕਰੇਗਾ। ਪਰ ਯਹੂਦਾਹ ਮੁਤਾਬਕ ਇਸ ਵੇਲੇ ਉਨ੍ਹਾਂ ਨੂੰ “ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ।” ਇਸ ਦਾ ਮਤਲਬ ਹੈ ਕਿ ਉਹ ਇਕ ਕਿਸਮ ਦੀ ਕੈਦ ਵਿਚ ਹਨ ਅਤੇ ਉਨ੍ਹਾਂ ʼਤੇ ਪਾਬੰਦੀਆਂ ਲਾਈਆਂ ਗਈਆਂ ਹਨ।
ਯਿਸੂ ਨੇ ਕਦੋਂ ਤੇ ਕਿਵੇਂ ਇਨ੍ਹਾਂ “ਕੈਦੀ ਦੂਤਾਂ” ਨੂੰ ਪ੍ਰਚਾਰ ਕੀਤਾ ਸੀ? ਪਤਰਸ ਨੇ ਲਿਖਿਆ ਕਿ ਇਹ ਉਦੋਂ ਹੋਇਆ ਜਦੋਂ ਯਿਸੂ ਨੂੰ “ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।” (1 ਪਤ. 3:18, 19) ਇਸ ਗੱਲ ʼਤੇ ਵੀ ਗੌਰ ਕਰੋ ਕਿ ਯਿਸੂ ਨੇ “ਪ੍ਰਚਾਰ ਕੀਤਾ।” ਪਤਰਸ ਨੇ ਇਹ ਗੱਲ ਭੂਤਕਾਲ ਵਿਚ ਕਹੀ ਜਿਸ ਤੋਂ ਲੱਗਦਾ ਹੈ ਕਿ ਪਤਰਸ ਦੀ ਪਹਿਲੀ ਚਿੱਠੀ ਲਿਖਣ ਤੋਂ ਪਹਿਲਾਂ ਯਿਸੂ ਪ੍ਰਚਾਰ ਕਰ ਚੁੱਕਾ ਸੀ। ਸੋ ਇੱਦਾਂ ਲੱਗਦਾ ਹੈ ਕਿ ਯਿਸੂ ਦੇ ਦੁਬਾਰਾ ਜੀ ਉੱਠਣ ਤੋਂ ਬਾਅਦ ਉਸ ਨੇ ਦੁਸ਼ਟ ਦੂਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਿਸ ਦੇ ਉਹ ਲਾਇਕ ਸਨ। ਪ੍ਰਚਾਰ ਕਰ ਕੇ ਯਿਸੂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਦੇ ਰਿਹਾ, ਸਗੋਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਉਨ੍ਹਾਂ ਦਾ ਨਿਆਂ ਹੋ ਚੁੱਕਾ ਸੀ। (ਯੂਨਾ. 1:1, 2) ਯਿਸੂ ਨੇ ਆਪਣੀ ਮੌਤ ਤਕ ਨਿਹਚਾ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ ਜਿਸ ਕਰਕੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਨਾਲੇ ਉਸ ਨੇ ਆਪਣੀ ਜ਼ਿੰਦਗੀ ਵਿਚ ਦਿਖਾਇਆ ਕਿ ਸ਼ੈਤਾਨ ਦਾ ਉਸ ਉੱਤੇ ਕੋਈ ਵੱਸ ਨਹੀਂ ਸੀ। ਇਸ ਲਈ ਯਿਸੂ ਕੋਲ ਦੁਸ਼ਟ ਦੂਤਾਂ ਨੂੰ ਸਜ਼ਾ ਸੁਣਾਉਣ ਦਾ ਪੂਰਾ ਹੱਕ ਸੀ।—ਯੂਹੰ. 14:30; 16:8-11.
ਭਵਿੱਖ ਵਿਚ ਯਿਸੂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟੇਗਾ। (ਲੂਕਾ 8:30, 31; ਪ੍ਰਕਾ. 20:1-3) ਉਸ ਸਮੇਂ ਤਕ ਇਹ ਅਣਆਗਿਆਕਾਰ ਦੂਤ ਘੁੱਪ ਹਨੇਰੇ ਵਿਚ ਰਹਿਣਗੇ ਅਤੇ ਫਿਰ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।—ਪ੍ਰਕਾ. 20:7-10.
(1 ਪਤਰਸ 4:6) ਅਸਲ ਵਿਚ, ਮਰੇ ਹੋਏ ਲੋਕਾਂ ਨੂੰ ਵੀ ਇਸੇ ਲਈ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਤਾਂਕਿ ਭਾਵੇਂ ਦੂਸਰੇ ਇਨਸਾਨਾਂ ਵਾਂਗ ਉਨ੍ਹਾਂ ਦਾ ਨਿਆਂ ਬਾਹਰੀ ਰੂਪ ਅਨੁਸਾਰ ਕੀਤਾ ਜਾਂਦਾ ਹੈ, ਪਰ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਆਪਣੀ ਜ਼ਿੰਦਗੀ ਜੀਣ।
ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
4:6—ਉਹ ‘ਮੁਰਦੇ’ ਕੌਣ ਸਨ ਜਿਨ੍ਹਾਂ ਨੂੰ ‘ਇੰਜੀਲ ਸੁਣਾਈ ਗਈ’ ਸੀ? ਇਹ ਉਹ ਲੋਕ ਸਨ ਜੋ “ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ” ਸਨ ਯਾਨੀ ਉਹ ਲੋਕ ਜਿਨ੍ਹਾਂ ਨੇ ਅਜੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ। (ਅਫ਼. 2:1) ਖ਼ੁਸ਼ ਖ਼ਬਰੀ ਵਿਚ ਨਿਹਚਾ ਕਰਨ ਤੋਂ ਬਾਅਦ ਉਹ “ਜੀਉਂਦੇ ਰਹਿਣ” ਲੱਗੇ ਯਾਨੀ ਉਨ੍ਹਾਂ ਨੇ ਪਰਮੇਸ਼ੁਰ ਨਾਲ ਦੋਸਤੀ ਕੀਤੀ।
ਬਾਈਬਲ ਪੜ੍ਹਾਈ
(1 ਪਤਰਸ 3:8-22) ਅਖ਼ੀਰ ਵਿਚ, ਤੁਸੀਂ ਸਾਰੇ ਜਣੇ ਇੱਕੋ ਜਿਹੀ ਸੋਚ ਰੱਖੋ, ਤੁਸੀਂ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਨਾਲ ਪਿਆਰ ਰੱਖੋ, ਇਕ-ਦੂਜੇ ਲਈ ਹਮਦਰਦੀ ਦਿਖਾਓ ਅਤੇ ਨਿਮਰ ਬਣੋ। 9 ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ। ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ ਕਿਉਂਕਿ ਪਰਮੇਸ਼ੁਰ ਨੇ ਤੁਹਾਨੂੰ ਇਸੇ ਲਈ ਚੁਣਿਆ ਹੈ, ਫਿਰ ਉਹ ਤੁਹਾਨੂੰ ਬਰਕਤ ਦੇਵੇਗਾ। 10 “ਜਿਹੜਾ ਇਨਸਾਨ ਜ਼ਿੰਦਗੀ ਨਾਲ ਪਿਆਰ ਕਰਦਾ ਹੈ ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈ, ਉਹ ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ ਰੋਕੇ ਅਤੇ ਆਪਣੇ ਬੁੱਲ੍ਹਾਂ ʼਤੇ ਧੋਖੇ-ਭਰੀਆਂ ਗੱਲਾਂ ਨਾ ਆਉਣ ਦੇਵੇ। 11 ਉਹ ਬੁਰਾਈ ਤੋਂ ਦੂਰ ਹੋਵੇ ਅਤੇ ਭਲੇ ਕੰਮ ਕਰੇ; ਅਤੇ ਉਹ ਸ਼ਾਂਤੀ ਕਾਇਮ ਕਰੇ ਅਤੇ ਇਸ ਨੂੰ ਕਾਇਮ ਰੱਖਣ ਵਿਚ ਲੱਗਾ ਰਹੇ। 12 ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ; ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।” 13 ਵਾਕਈ, ਜੇ ਤੁਸੀਂ ਜੋਸ਼ ਨਾਲ ਚੰਗੇ ਕੰਮ ਕਰਦੇ ਹੋ, ਤਾਂ ਕੌਣ ਤੁਹਾਡਾ ਨੁਕਸਾਨ ਕਰੇਗਾ? 14 ਪਰ ਜੇ ਤੁਹਾਨੂੰ ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ ਵੀ ਪੈਂਦੇ ਹਨ, ਤਾਂ ਵੀ ਤੁਸੀਂ ਖ਼ੁਸ਼ ਹੋ। ਪਰ ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ। 15 ਇਸ ਦੀ ਬਜਾਇ, ਆਪਣੇ ਦਿਲਾਂ ਵਿਚ ਸਵੀਕਾਰ ਕਰੋ ਕਿ ਮਸੀਹ ਹੀ ਪ੍ਰਭੂ ਹੈ ਅਤੇ ਉਹ ਪਵਿੱਤਰ ਹੈ। ਜੇ ਕੋਈ ਤੁਹਾਡੇ ਤੋਂ ਇਹ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ। 16 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਜ਼ਮੀਰ ਨੂੰ ਸਾਫ਼ ਰੱਖੋ, ਤਾਂਕਿ ਕਿਸੇ ਵੀ ਗੱਲ ਵਿਚ ਤੁਹਾਡੇ ਖ਼ਿਲਾਫ਼ ਬੋਲਣ ਵਾਲੇ ਲੋਕ ਇਹ ਦੇਖ ਕੇ ਸ਼ਰਮਿੰਦੇ ਹੋਣ ਕਿ ਮਸੀਹ ਦੇ ਚੇਲੇ ਹੋਣ ਕਰਕੇ ਤੁਹਾਡਾ ਚਾਲ-ਚਲਣ ਚੰਗਾ ਹੈ। 17 ਜੇ ਪਰਮੇਸ਼ੁਰ ਤੁਹਾਡੇ ਉੱਤੇ ਦੁੱਖ ਆਉਣ ਦਿੰਦਾ ਹੈ, ਤਾਂ ਚੰਗਾ ਹੈ ਕਿ ਤੁਸੀਂ ਬੁਰੇ ਕੰਮਾਂ ਦੀ ਬਜਾਇ ਭਲੇ ਕੰਮਾਂ ਕਰਕੇ ਦੁੱਖ ਝੱਲੋ। 18 ਕਿਉਂਕਿ ਕੁਧਰਮੀਆਂ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਇਕ ਧਰਮੀ ਇਨਸਾਨ ਯਾਨੀ ਮਸੀਹ ਵੀ ਇੱਕੋ ਵਾਰ ਮਰਿਆ ਤਾਂਕਿ ਉਹ ਪਰਮੇਸ਼ੁਰ ਨਾਲ ਤੁਹਾਡੀ ਸੁਲ੍ਹਾ ਕਰਾਵੇ। ਉਸ ਨੂੰ ਇਨਸਾਨੀ ਸਰੀਰ ਵਿਚ ਮਾਰਿਆ ਗਿਆ, ਪਰ ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ। 19 ਫਿਰ ਉਸ ਨੇ ਜਾ ਕੇ ਕੈਦੀ ਦੂਤਾਂ ਨੂੰ ਪ੍ਰਚਾਰ ਕੀਤਾ 20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ ਜਦੋਂ ਕਿਸ਼ਤੀ ਬਣਾਈ ਜਾ ਰਹੀ ਸੀ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ। 21 ਇਹ ਘਟਨਾ ਬਪਤਿਸਮੇ ਨੂੰ ਦਰਸਾਉਂਦੀ ਹੈ ਅਤੇ ਬਪਤਿਸਮਾ ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਹੁਣ ਤੁਹਾਨੂੰ ਵੀ ਬਚਾ ਰਿਹਾ ਹੈ। ਬਪਤਿਸਮਾ ਸਰੀਰ ਦੀ ਮੈਲ਼ ਲਾਹੁਣ ਲਈ ਨਹੀਂ ਲਿਆ ਜਾਂਦਾ, ਸਗੋਂ ਇਸ ਰਾਹੀਂ ਤੁਸੀਂ ਪਰਮੇਸ਼ੁਰ ਨੂੰ ਸਾਫ਼ ਜ਼ਮੀਰ ਵਾਸਤੇ ਫ਼ਰਿਆਦ ਕਰਦੇ ਹੋ। 22 ਹੁਣ ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਦੂਤ ਅਤੇ ਅਧਿਕਾਰ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।
28 ਅਕਤੂਬਰ–3 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਪਤਰਸ 1-3
“‘ਯਹੋਵਾਹ ਦੇ ਦਿਨ ਨੂੰ ਯਾਦ’ ਰੱਖੋ”
(2 ਪਤਰਸ 3:9, 10) ਯਹੋਵਾਹ ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ। 10 ਪਰ ਯਹੋਵਾਹ ਦਾ ਦਿਨ ਇਕ ਚੋਰ ਵਾਂਗ ਆਵੇਗਾ ਜਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ ਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ, ਨਾਲੇ ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।
ਯਹੋਵਾਹ ਨਿਆਂ ਕਰੇਗਾ
11 ਪਰ ਇਸ ਦਾ ਕੀ ਮਤਲਬ ਹੈ ਕਿ ਯਹੋਵਾਹ “ਸ਼ਤਾਬੀ” ਯਾਨੀ ਤੇਜ਼ੀ ਨਾਲ ਆਪਣੇ ਲੋਕਾਂ ਦਾ ਬਦਲਾ ਲਵੇਗਾ? ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ “ਭਾਵੇਂ [ਯਹੋਵਾਹ] ਚੋਖਾ ਚਿਰ [ਦੁਸ਼ਟ ਲੋਕਾਂ] ਦੀ ਜਰਦਾ ਹੈ,” ਪਰ ਉਹ ਐਨ ਸਹੀ ਸਮੇਂ ਤੇ ਬਦਲਾ ਲਵੇਗਾ। (ਲੂਕਾ 18:7, 8; 2 ਪਤਰਸ 3:9, 10) ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਆਉਣ ਨਾਲ ਬੁਰੇ ਲੋਕਾਂ ਦਾ ਝੱਟ ਅੰਤ ਹੋ ਗਿਆ ਸੀ। ਲੂਤ ਦੇ ਜ਼ਮਾਨੇ ਵਿਚ ਵੀ ਆਕਾਸ਼ੋਂ ਅੱਗ ਵਰਸਣ ਨਾਲ ਬੁਰੇ ਲੋਕ ਛੇਤੀ ਨਾਸ਼ ਹੋ ਗਏ ਸਨ। ਯਿਸੂ ਨੇ ਕਿਹਾ: “ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” (ਲੂਕਾ 17:27-30) ਉਸ ਸਮੇਂ ਦੁਸ਼ਟ ਲੋਕਾਂ ਦਾ “ਅਚਾਣਕ ਨਾਸ ਹੋ ਜਾਵੇਗਾ।” (1 ਥੱਸਲੁਨੀਕੀਆਂ 5:2, 3) ਜੀ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸ਼ਤਾਨ ਦੀ ਦੁਨੀਆਂ ਨੂੰ ਐਨ ਸਹੀ ਸਮੇਂ ਤੇ ਖ਼ਤਮ ਕਰ ਕੇ ਜ਼ਰੂਰ ਇਨਸਾਫ਼ ਕਰੇਗਾ।
(2 ਪਤਰਸ 3:11, 12) ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ 12 ਅਤੇ ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਦਿਨ ਆਕਾਸ਼ ਅੱਗ ਵਿਚ ਸਾੜ ਦਿੱਤਾ ਜਾਵੇਗਾ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ।
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”
18 ਇਸੇ ਲਈ ਪਤਰਸ ਰਸੂਲ ਨੇ ਸਾਨੂੰ “ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ” ਰਹਿਣ ਦੀ ਤਾਕੀਦ ਕੀਤੀ ਸੀ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ” ਕਰਨ ਵਿਚ ਲੱਗੇ ਰਹੀਏ। (2 ਪਤਰਸ 3:11, 12) ਅਜਿਹੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਅਸੀਂ ‘ਪਰਮੇਸ਼ੁਰ ਦੇ ਦਿਨ’ ਲਈ ਤਿਆਰ ਰਹਾਂਗੇ। “ਲੋਚਦੇ ਰਹੋ” ਦਾ ਤਰਜਮਾ “ਛੇਤੀ ਲਿਆਉਣ ਦੀ ਕੋਸ਼ਿਸ਼ ਕਰੋ” ਵੀ ਕੀਤਾ ਗਿਆ ਹੈ। ਇਹ ਸੱਚ ਹੈ ਕਿ ਅਸੀਂ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਨੂੰ ਨਾ ਛੇਤੀ ਲਿਆ ਸਕਦੇ ਹਾਂ ਤੇ ਨਾ ਹੀ ਬਦਲ ਸਕਦੇ ਹਾਂ। ਪਰ ਜੇਕਰ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹੀਏ, ਤਾਂ ਇੰਤਜ਼ਾਰ ਦਾ ਸਮਾਂ ਛੇਤੀ ਹੀ ਬੀਤ ਜਾਵੇਗਾ।—1 ਕੁਰਿੰਥੀਆਂ 15:58.
ਹੀਰੇ-ਮੋਤੀਆਂ ਦੀ ਖੋਜ ਕਰੋ
(2 ਪਤਰਸ 1:19) ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ; ਅਤੇ ਭਵਿੱਖਬਾਣੀਆਂ ਹਨੇਰੇ ਵਿਚ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹਨ। ਤੁਸੀਂ ਦਿਨ ਚੜ੍ਹਨ ਅਤੇ ਦਿਨ ਦਾ ਤਾਰਾ ਨਿਕਲਣ ਤਕ ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।
ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
1:19—“ਦਿਨ ਦਾ ਤਾਰਾ” ਕੌਣ ਹੈ, ਉਹ ਕਦੋਂ ਚੜ੍ਹਦਾ ਹੈ ਅਤੇ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹ ਚੜ੍ਹ ਚੁੱਕਾ ਹੈ? “ਦਿਨ ਦਾ ਤਾਰਾ” ਰਾਜਾ ਯਿਸੂ ਮਸੀਹ ਹੈ। (ਪਰ. 22:16) ਇਹ ਤਾਰਾ 1914 ਵਿਚ ਚੜ੍ਹਿਆ ਸੀ ਜਦੋਂ ਯਿਸੂ ਮਸੀਹ ਸਾਰੀ ਸਰਿਸ਼ਟੀ ਦੇ ਸਾਮ੍ਹਣੇ ਰਾਜਾ ਬਣਿਆ ਅਤੇ ਜਿਵੇਂ ਪਹੁ ਫੁੱਟਦੀ ਹੈ ਤਿਵੇਂ ਇਕ ਨਵਾਂ ਯੁਗ ਸ਼ੁਰੂ ਹੋਇਆ। ਯਿਸੂ ਦੇ ਰਾਜਾ ਬਣਨ ਦੀ ਝਲਕ ਉਸ ਦਰਸ਼ਣ ਤੋਂ ਮਿਲੀ ਸੀ ਜਦੋਂ ਉਸ ਦਾ ਰੂਪ ਬਦਲਿਆ ਗਿਆ ਸੀ। (ਮਰ. 9:1-3) ਇਸ ਦਰਸ਼ਣ ਨੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦੇ ਅਗੰਮ ਵਾਕ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਬਾਈਬਲ ਵੱਲ ਧਿਆਨ ਦੇਣ ਨਾਲ ਸਾਨੂੰ ਪਰਮੇਸ਼ੁਰ ਦੇ ਅਗੰਮ ਵਾਕਾਂ ਦੀ ਸਮਝ ਮਿਲਦੀ ਹੈ ਕਿ ਦਿਨ ਦਾ ਤਾਰਾ ਚੜ੍ਹ ਚੁੱਕਾ ਹੈ।
(2 ਪਤਰਸ 2:4) ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ, ਸਗੋਂ ਉਨ੍ਹਾਂ ਨੂੰ “ਟਾਰਟਰਸ” ਜੇਲ੍ਹ ਦੇ ਹਨੇਰੇ ਨਾਲ ਭਰੇ ਟੋਇਆਂ ਵਿਚ ਰੱਖਿਆ ਹੋਇਆ ਹੈ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।
ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
2:4—“ਟਾਰਟਰਸ” ਕੀ ਹੈ ਅਤੇ ਬਾਗ਼ੀ ਦੂਤਾਂ ਨੂੰ ਕਦੋਂ ਇਸ ਵਿਚ ਸੁੱਟਿਆ ਗਿਆ? ਟਾਰਟਰਸ ਇਕ ਅਜਿਹੀ ਦਸ਼ਾ ਹੈ ਜਿਸ ਵਿਚ ਇਨਸਾਨਾਂ ਨੂੰ ਨਹੀਂ, ਸਗੋਂ ਸਿਰਫ਼ ਦੁਸ਼ਟ ਦੂਤਾਂ ਨੂੰ ਕੈਦ ਕੀਤਾ ਗਿਆ ਹੈ। ਜਿਹੜੇ ਇਸ ਅੰਧਕਾਰ-ਭਰੀ ਦਸ਼ਾ ਵਿਚ ਜਾਂਦੇ ਹਨ, ਉਨ੍ਹਾਂ ਨੂੰ ਤਾਂ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਮਿਲਦਾ ਹੈ ਤੇ ਨਾ ਹੀ ਉਸ ਦੇ ਮਕਸਦਾਂ ਦੀ ਸਮਝ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੁੰਦੀ। ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਬਾਗ਼ੀ ਦੂਤਾਂ ਨੂੰ ਟਾਰਟਰਸ ਵਿਚ ਸੁੱਟ ਦਿੱਤਾ ਸੀ। ਉਹ ਉਦੋਂ ਤਕ ਇਸ ਤਰ੍ਹਾਂ ਦੀ ਦਸ਼ਾ ਵਿਚ ਰਹਿਣਗੇ ਜਦ ਤਕ ਉਨ੍ਹਾਂ ਨੂੰ ਨਾਸ਼ ਨਹੀਂ ਕਰ ਦਿੱਤਾ ਜਾਂਦਾ।
ਬਾਈਬਲ ਪੜ੍ਹਾਈ
(2 ਪਤਰਸ 1:1-15) ਮੈਂ ਸ਼ਮਊਨ ਪਤਰਸ, ਯਿਸੂ ਮਸੀਹ ਦਾ ਦਾਸ ਅਤੇ ਰਸੂਲ, ਉਨ੍ਹਾਂ ਨੂੰ ਲਿਖ ਰਿਹਾ ਹਾਂ ਜਿਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਧਾਰਮਿਕਤਾ ਰਾਹੀਂ ਨਿਹਚਾ ਕੀਤੀ ਹੈ ਤੇ ਜੋ ਸਾਡੇ ਵਾਂਗ ਇਸ ਨਿਹਚਾ ਨੂੰ ਅਨਮੋਲ ਸਮਝਦੇ ਹਨ: 2 ਪਰਮੇਸ਼ੁਰ ਦੇ ਅਤੇ ਸਾਡੇ ਪ੍ਰਭੂ ਯਿਸੂ ਦੇ ਸਹੀ ਗਿਆਨ ਰਾਹੀਂ ਤੁਹਾਡੇ ਉੱਤੇ ਅਪਾਰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। 3 ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਭਗਤੀ ਕਰਦੇ ਹੋਏ ਜ਼ਿੰਦਗੀ ਜੀਉਣ ਲਈ ਜ਼ਰੂਰੀ ਹਨ। ਜਿਸ ਨੇ ਸਾਨੂੰ ਮਹਿਮਾ ਅਤੇ ਨੇਕੀ ਰਾਹੀਂ ਸੱਦਿਆ ਹੈ, ਉਸ ਦੇ ਸਹੀ ਗਿਆਨ ਰਾਹੀਂ ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲੀਆਂ ਹਨ। 4 ਇਸ ਮਹਿਮਾ ਅਤੇ ਨੇਕੀ ਰਾਹੀਂ ਉਸ ਨੇ ਸਾਡੇ ਨਾਲ ਅਨਮੋਲ ਅਤੇ ਬਹੁਤ ਹੀ ਸ਼ਾਨਦਾਰ ਵਾਅਦੇ ਕੀਤੇ ਹਨ, ਤਾਂਕਿ ਇਨ੍ਹਾਂ ਰਾਹੀਂ ਤੁਸੀਂ ਪਰਮੇਸ਼ੁਰ ਵਰਗੇ ਬਣ ਸਕੋ। ਉਸ ਨੇ ਸਾਡੇ ਨਾਲ ਇਹ ਵਾਅਦੇ ਕੀਤੇ ਹਨ ਕਿਉਂਕਿ ਅਸੀਂ ਦੁਨੀਆਂ ਦੀ ਗੰਦਗੀ ਤੋਂ ਛੁਟਕਾਰਾ ਪਾ ਚੁੱਕੇ ਹਾਂ ਜੋ ਬੇਕਾਬੂ ਕਾਮ-ਵਾਸ਼ਨਾ ਕਰਕੇ ਪੈਦਾ ਹੋਈ ਹੈ। 5 ਇਸੇ ਕਰਕੇ ਤੁਸੀਂ ਜੀ-ਜਾਨ ਨਾਲ ਕੋਸ਼ਿਸ਼ ਕਰ ਕੇ ਆਪਣੀ ਨਿਹਚਾ ਦੇ ਨਾਲ-ਨਾਲ ਨੇਕੀ ਨੂੰ, ਨੇਕੀ ਦੇ ਨਾਲ-ਨਾਲ ਗਿਆਨ ਨੂੰ, 6 ਗਿਆਨ ਦੇ ਨਾਲ-ਨਾਲ ਸੰਜਮ ਨੂੰ, ਸੰਜਮ ਦੇ ਨਾਲ-ਨਾਲ ਧੀਰਜ ਨੂੰ, ਧੀਰਜ ਦੇ ਨਾਲ-ਨਾਲ ਭਗਤੀ ਨੂੰ, 7 ਭਗਤੀ ਦੇ ਨਾਲ-ਨਾਲ ਭਰਾਵਾਂ ਲਈ ਪਿਆਰ ਨੂੰ ਅਤੇ ਭਰਾਵਾਂ ਲਈ ਪਿਆਰ ਦੇ ਨਾਲ-ਨਾਲ ਸਾਰਿਆਂ ਲਈ ਪਿਆਰ ਨੂੰ ਵਧਾਓ। 8 ਜੇ ਤੁਹਾਡੇ ਵਿਚ ਇਹ ਗੁਣ ਹਨ ਅਤੇ ਤੁਸੀਂ ਇਨ੍ਹਾਂ ਨੂੰ ਵਧਾਉਂਦੇ ਰਹੋਗੇ, ਤਾਂ ਤੁਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਹੀ ਗਿਆਨ ਅਨੁਸਾਰ ਚੱਲਣ ਵਿਚ ਕਦੇ ਢਿੱਲੇ ਨਹੀਂ ਪਓਗੇ ਜਾਂ ਅਸਫ਼ਲ ਨਹੀਂ ਹੋਵੋਗੇ। 9 ਕਿਉਂਕਿ ਜਿਸ ਇਨਸਾਨ ਵਿਚ ਇਹ ਗੁਣ ਨਹੀਂ ਹਨ, ਉਹ ਅੰਨ੍ਹਾ ਹੈ ਅਤੇ ਚਾਨਣ ਤੋਂ ਜਾਣ-ਬੁੱਝ ਕੇ ਆਪਣੀਆਂ ਅੱਖਾਂ ਬੰਦ ਕਰਦਾ ਹੈ ਅਤੇ ਉਹ ਭੁੱਲ ਗਿਆ ਹੈ ਕਿ ਪਰਮੇਸ਼ੁਰ ਨੇ ਉਸ ਦੇ ਪਹਿਲੇ ਪਾਪਾਂ ਨੂੰ ਧੋ ਦਿੱਤਾ ਸੀ। 10 ਭਰਾਵੋ, ਕਿਉਂਕਿ ਤੁਹਾਨੂੰ ਪਰਮੇਸ਼ੁਰ ਨੇ ਚੁਣਿਆ ਹੈ ਅਤੇ ਤੁਹਾਨੂੰ ਸੱਦਾ ਦਿੱਤਾ ਹੈ, ਇਸ ਲਈ ਇਸ ਸੱਦੇ ਦੇ ਕਾਬਲ ਬਣੇ ਰਹਿਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ; ਜੇ ਤੁਸੀਂ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾਉਂਦੇ ਰਹੋਗੇ, ਤਾਂ ਤੁਸੀਂ ਕਦੀ ਵੀ ਅਸਫ਼ਲ ਨਹੀਂ ਹੋਵੋਗੇ। 11 ਅਸਲ ਵਿਚ, ਇਹ ਗੁਣ ਵਧਾਉਂਦੇ ਰਹਿਣ ਕਰਕੇ ਤੁਹਾਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ ਜਾਵੇਗਾ। 12 ਇਸੇ ਕਰਕੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖੀਆਂ ਹਨ, ਉਹ ਗੱਲਾਂ ਮੈਂ ਤੁਹਾਨੂੰ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ, ਭਾਵੇਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ ਹੋ। 13 ਪਰ ਮੈਂ ਜਿੰਨਾ ਚਿਰ ਇਸ ਸਰੀਰ ਵਿਚ ਹਾਂ, ਤੁਹਾਨੂੰ ਇਹ ਗੱਲਾਂ ਚੇਤੇ ਕਰਾ ਕੇ ਹੱਲਾਸ਼ੇਰੀ ਦੇਣੀ ਠੀਕ ਸਮਝਦਾ ਹਾਂ 14 ਕਿਉਂਕਿ ਮੈਂ ਜਾਣਦਾ ਹਾਂ ਕਿ ਜਲਦੀ ਹੀ ਮੇਰੇ ਇਸ ਸਰੀਰ ਦਾ ਅੰਤ ਹੋਣ ਵਾਲਾ ਹੈ, ਠੀਕ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਦੱਸਿਆ ਵੀ ਸੀ। 15 ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਚੇਤੇ ਕਰਾਉਣ ਵਿਚ ਹਮੇਸ਼ਾ ਪੂਰੀ ਵਾਹ ਲਾਉਂਦਾ ਰਹਾਂਗਾ, ਤਾਂਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਆਪ ਇਹ ਗੱਲਾਂ ਯਾਦ ਕਰ ਸਕੋ।