ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr23 ਜੁਲਾਈ ਸਫ਼ੇ 1-9
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2023
  • ਸਿਰਲੇਖ
  • 3-9 ਜੁਲਾਈ
  • 10-16 ਜੁਲਾਈ
  • 17-23 ਜੁਲਾਈ
  • 24-30 ਜੁਲਾਈ
  • 31 ਜੁਲਾਈ–6 ਅਗਸਤ
  • 7-13 ਅਗਸਤ
  • 14-20 ਅਗਸਤ
  • 21-27 ਅਗਸਤ
  • 28 ਅਗਸਤ–3 ਸਤੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2023
mwbr23 ਜੁਲਾਈ ਸਫ਼ੇ 1-9

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

© 2023 Watch Tower Bible and Tract Society of Pennsylvania

3-9 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 4–6

“ਕੰਮ ਵਿਚ ਦਖ਼ਲ ਨਾ ਦਿਓ”

w22.03 17 ਪੈਰਾ 13

ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ

13 ਮੰਦਰ ਦੇ ਕੰਮ ʼਤੇ ਰੋਕ ਲੱਗੀ ਹੋਈ ਸੀ। ਪਰ ਯਹੂਦੀਆਂ ਦੇ ਦੋਵੇਂ ਆਗੂ ਮਹਾਂ ਪੁਜਾਰੀ ਯੇਸ਼ੂਆ (ਯਹੋਸ਼ੁਆ) ਅਤੇ ਰਾਜਪਾਲ ਜ਼ਰੁਬਾਬਲ ਨੇ “ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ।” (ਅਜ਼. 5:1, 2) ਉਨ੍ਹਾਂ ਨੂੰ ਇੱਦਾਂ ਕਰਦਿਆਂ ਦੇਖ ਕੇ ਕੁਝ ਯਹੂਦੀਆਂ ਨੂੰ ਲੱਗਾ ਕਿ ਉਹ ਗ਼ਲਤ ਕਰ ਰਹੇ ਸਨ। ਕਿਉਂ? ਕਿਉਂਕਿ ਮੰਦਰ ਦਾ ਕੰਮ ਲੁਕ-ਛਿਪ ਕੇ ਨਹੀਂ ਕੀਤਾ ਜਾ ਸਕਦਾ ਸੀ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਰੋਕਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਸਨ। ਯਹੋਸ਼ੁਆ ਅਤੇ ਜ਼ਰੁਬਾਬਲ ਨੂੰ ਭਰੋਸੇ ਦੀ ਲੋੜ ਸੀ ਕਿ ਯਹੋਵਾਹ ਉਨ੍ਹਾਂ ਦੋਹਾਂ ਦੇ ਨਾਲ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ। ਆਓ ਦੇਖੀਏ ਕਿਵੇਂ।

w86 2/1 29, ਡੱਬੀ ਪੈਰੇ 2-3

ਯਹੋਵਾਹ ਨੇ “ਬਜ਼ੁਰਗਾਂ ʼਤੇ ਨਿਗਾਹ ਰੱਖੀ ਹੋਈ ਸੀ”

ਬਜ਼ੁਰਗਾਂ ਨੇ ਵਿਰੋਧੀਆਂ ਨੂੰ ਕਿਵੇਂ ਜਵਾਬ ਦਿੱਤਾ? ਜੇ ਬਜ਼ੁਰਗ ਡਰ ਜਾਂਦੇ, ਤਾਂ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਰੁਕ ਜਾਣਾ ਸੀ। ਜੇ ਬਜ਼ੁਰਗ ਅਧਿਕਾਰੀਆਂ ਨੂੰ ਗੁੱਸਾ ਦਿਵਾਉਂਦੇ, ਤਾਂ ਅਧਿਕਾਰੀਆਂ ਨੇ ਉਸੇ ਵੇਲੇ ਮੰਦਰ ਦੇ ਕੰਮ ʼਤੇ ਪਾਬੰਦੀ ਲਾ ਦੇਣੀ ਸੀ। ਹਾਲਾਤ ਬਹੁਤ ਨਾਜ਼ੁਕ ਸਨ, ਇਸ ਲਈ ਬਜ਼ੁਰਗਾਂ ਵਾਸਤੇ ਬਹੁਤ ਜ਼ਰੂਰੀ ਸੀ ਕਿ ਉਹ ਸਮਝਦਾਰੀ ਨਾਲ ਜਵਾਬ ਦਿੰਦੇ। ਉਨ੍ਹਾਂ ਨੇ ਰਾਜਪਾਲ ਜ਼ਰੁਬਾਬਲ ਅਤੇ ਮਹਾਂ ਪੁਜਾਰੀ ਯਹੋਸ਼ੁਆ ਤੋਂ ਸਲਾਹ ਲਈ ਹੋਣੀ ਅਤੇ ਫਿਰ ਉਨ੍ਹਾਂ ਨੇ ਬੜੀ ਸਮਝਦਾਰੀ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯਾਦ ਕਰਾਇਆ ਕਿ ਕਾਫ਼ੀ ਸਮਾਂ ਪਹਿਲਾਂ ਰਾਜਾ ਖੋਰਸ ਨੇ ਮੰਦਰ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਜਿਸ ਬਾਰੇ ਸ਼ਾਇਦ ਉਹ ਭੁੱਲ ਗਏ ਸਨ। ਇਹ ਅਧਿਕਾਰੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਫ਼ਾਰਸੀਆਂ ਦਾ ਕਾਨੂੰਨ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਹ ਮੰਦਰ ਦੇ ਕੰਮ ਨੂੰ ਰੋਕ ਨਹੀਂ ਸਕੇ ਅਤੇ ਮੰਦਰ ਦਾ ਕੰਮ ਜਾਰੀ ਰਿਹਾ। ਬਾਅਦ ਵਿਚ ਰਾਜਾ ਦਾਰਾ ਨੇ ਇਸ ਕੰਮ ਨੂੰ ਸਰਕਾਰੀ ਮਨਜ਼ੂਰੀ ਦੇ ਦਿੱਤੀ।​—ਅਜ਼ 5:11-17; 6:6-12.

w22.03 15 ਪੈਰਾ 7

ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ

7 ਇਕ ਹੋਰ ਬਦਲਾਅ ਹੋਣ ਕਰਕੇ ਯਹੂਦੀਆਂ ਨੂੰ ਬਹੁਤ ਰਾਹਤ ਮਿਲੀ। 520 ਈਸਵੀ ਪੂਰਵ ਵਿਚ ਦਾਰਾ ਪਹਿਲਾ ਫ਼ਾਰਸ ਵਿਚ ਰਾਜ ਕਰਨ ਲੱਗ ਪਿਆ। ਰਾਜਾ ਦਾਰਾ ਨੂੰ ਆਪਣੇ ਰਾਜ ਦੇ ਦੂਜੇ ਸਾਲ ਪਤਾ ਲੱਗਾ ਕਿ ਮੰਦਰ ਦੀ ਉਸਾਰੀ ʼਤੇ ਲਾਈ ਰੋਕ ਗ਼ੈਰ-ਕਾਨੂੰਨੀ ਸੀ। ਇਸ ਲਈ ਰਾਜੇ ਨੇ ਉਸਾਰੀ ਦੇ ਕੰਮ ʼਤੇ ਲੱਗੀ ਰੋਕ ਹਟਾ ਦਿੱਤੀ। (ਅਜ਼. 6:1-3) ਇਹ ਖ਼ਬਰ ਸੁਣ ਕੇ ਸਾਰੇ ਬਹੁਤ ਹੈਰਾਨ ਹੋਏ। ਇਸ ਤੋਂ ਇਲਾਵਾ, ਰਾਜਾ ਦਾਰਾ ਨੇ ਇਹ ਵੀ ਹੁਕਮ ਦਿੱਤਾ ਕਿ ਆਲੇ-ਦੁਆਲੇ ਦੀਆਂ ਕੌਮਾਂ ਯਹੂਦੀਆਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਬਜਾਇ ਉਨ੍ਹਾਂ ਨੂੰ ਪੈਸੇ ਅਤੇ ਹੋਰ ਜ਼ਰੂਰੀ ਚੀਜ਼ਾਂ ਦੇਣ। (ਅਜ਼. 6:7-12) ਇਸ ਕਰਕੇ ਯਹੂਦੀਆਂ ਨੇ ਪੰਜ ਸਾਲਾਂ ਦੇ ਅੰਦਰ-ਅੰਦਰ ਯਾਨੀ 515 ਈਸਵੀ ਪੂਰਵ ਵਿਚ ਮੰਦਰ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ।​—ਅਜ਼. 6:15.

w22.03 18 ਪੈਰਾ 16

ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ

16 ਯਹੋਵਾਹ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਵੀ ਹਿਦਾਇਤਾਂ ਦਿੰਦਾ ਹੈ। (ਮੱਤੀ 24:45) ਇਸ ਨੌਕਰ ਵੱਲੋਂ ਮਿਲਦੀਆਂ ਹਿਦਾਇਤਾਂ ਕਈ ਵਾਰੀ ਸ਼ਾਇਦ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਉਣ। ਉਦਾਹਰਣ ਲਈ, ਉਹ ਸਾਨੂੰ ਕੁਦਰਤੀ ਆਫ਼ਤਾਂ ਤੋਂ ਬਚਣ ਦੀ ਤਿਆਰੀ ਕਰਨ ਲਈ ਕੁਝ ਖ਼ਾਸ ਹਿਦਾਇਤਾਂ ਦਿੰਦਾ ਹੈ। ਅਸੀਂ ਸ਼ਾਇਦ ਸੋਚੀਏ ਕਿ ਸਾਡੇ ਇਲਾਕੇ ਵਿਚ ਇਹ ਆਫ਼ਤਾਂ ਨਹੀਂ ਆਉਣਗੀਆਂ। ਜਾਂ ਕਿਸੇ ਮਹਾਂਮਾਰੀ ਬਾਰੇ ਇਸ ਨੌਕਰ ਦੀਆਂ ਹਿਦਾਇਤਾਂ ਸੁਣ ਕੇ ਸ਼ਾਇਦ ਲੱਗੇ ਕਿ ਉਹ ਸਾਨੂੰ ਹੱਦੋਂ ਵੱਧ ਸਾਵਧਾਨੀ ਵਰਤਣ ਲਈ ਕਹਿ ਰਿਹਾ ਹੈ। ਜੇ ਸਾਨੂੰ ਲੱਗਦਾ ਹੈ ਕਿ ਉਸ ਦੀਆਂ ਹਿਦਾਇਤਾਂ ਮੰਨਣੀਆਂ ਸਮਝਦਾਰੀ ਦੀ ਗੱਲ ਨਹੀਂ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਸੋਚ ਸਕਦੇ ਹਾਂ ਕਿ ਜਦੋਂ ਇਜ਼ਰਾਈਲੀਆਂ ਨੇ ਯਹੋਸ਼ੁਆ ਅਤੇ ਜ਼ਰੁਬਾਬਲ ਦੀ ਸਲਾਹ ਮੰਨੀ, ਤਾਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ। ਨਾਲੇ ਅਸੀਂ ਬਾਈਬਲ ਵਿਚ ਪੜ੍ਹੇ ਹੋਰ ਬਿਰਤਾਂਤਾਂ ਬਾਰੇ ਵੀ ਸੋਚ-ਵਿਚਾਰ ਕਰ ਸਕਦੇ ਹਾਂ। ਕਈ ਵਾਰ ਪਰਮੇਸ਼ੁਰ ਦੇ ਲੋਕਾਂ ਨੂੰ ਅਜਿਹੀਆਂ ਹਿਦਾਇਤਾਂ ਮਿਲੀਆਂ ਜੋ ਇਨਸਾਨੀ ਨਜ਼ਰੀਏ ਤੋਂ ਸਮਝਦਾਰੀ ਵਾਲੀਆਂ ਨਹੀਂ ਲੱਗ ਰਹੀਆਂ ਸਨ। ਪਰ ਉਨ੍ਹਾਂ ਨੂੰ ਮੰਨ ਕੇ ਉਨ੍ਹਾਂ ਦੀਆਂ ਜਾਨਾਂ ਬਚੀਆਂ।​—ਨਿਆ. 7:7; 8:10.

ਹੀਰੇ-ਮੋਤੀ

w93 6/15 32 ਪੈਰੇ 3-5

ਕੀ ਤੁਸੀਂ ਬਾਈਬਲ ʼਤੇ ਭਰੋਸਾ ਕਰ ਸਕਦੇ ਹੋ?

ਜੋ ਸਿੱਕਾ ਮਿਲਿਆਂ ਸੀ, ਉਹ ਚੌਥੀ ਸਦੀ ਈਸਵੀ ਪੂਰਬ ਦੇ ਫ਼ਾਰਸੀ ਰਾਜਪਾਲ ਮਾਜਾਇਜ਼ ਦੀ ਹਕੂਮਤ ਦੇ ਦੌਰਾਨ ਢਾਲ਼ਿਆ ਗਿਆ ਸੀ। ਇਸ ਸਿੱਕੇ ਤੋਂ ਪਤਾ ਲੱਗਦਾ ਹੈ ਕਿ ਉਹ “ਦਰਿਆ ਪਾਰ” ਨਾਂ ਦੇ ਪ੍ਰਾਂਤ ਦਾ ਰਾਜਪਾਲ ਸੀ। (“ਦਰਿਆ” ਯਾਨੀ ਫ਼ਰਾਤ ਦਰਿਆ।)

ਪਰ ਇਹ ਗੱਲ ਗੌਰ ਕਰਨ ਦੇ ਲਾਇਕ ਕਿਉਂ ਹੈ? ਕਿਉਂਕਿ ਇਹ ਸ਼ਬਦ ਬਾਈਬਲ ਵਿਚ ਵੀ ਦਰਜ ਹਨ। ਅਜ਼ 5:6–6:1 ਵਿਚ ਦਰਿਆ ਪਾਰ ਦੇ ਇਲਾਕੇ ਦੇ ਰਾਜਪਾਲ ਤਤਨਈ ਬਾਰੇ ਦੱਸਿਆ ਗਿਆ ਹੈ ਜਿਸ ਨੇ ਫ਼ਾਰਸ ਦੇ ਰਾਜੇ ਨੂੰ ਚਿੱਠੀ ਲਿਖੀ ਸੀ। ਅਜ਼ਰਾ ਪਰਮੇਸ਼ੁਰ ਦੇ ਕਾਨੂੰਨ ਦਾ ਮਾਹਰ ਨਕਲਨਵੀਸ ਸੀ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਸ ਨੇ ਜੋ ਲਿਖਿਆ, ਬਿਲਕੁਲ ਸਹੀ ਲਿਖਿਆ ਹੋਣਾ।

ਅਜ਼ਰਾ ਨੇ ਇਹ ਜਾਣਕਾਰੀ ਲਗਭਗ 460 ਈਸਵੀ ਪੂਰਵ ਵਿਚ ਲਿਖੀ ਸੀ ਯਾਨੀ ਇਸ ਸਿੱਕੇ ਦੇ ਬਣਨ ਤੋਂ 100 ਸਾਲ ਪਹਿਲਾਂ। ਸ਼ਾਇਦ ਕੁਝ ਲੋਕ ਸੋਚਣ ਪੁਰਾਣੇ ਜ਼ਮਾਨੇ ਦੇ ਕਿਸੇ ਅਧਿਕਾਰੀ ਦੇ ਅਹੁਦੇ ਬਾਰੇ ਦੱਸਣਾ ਮਾੜੀ-ਮੋਟੀ ਗੱਲ ਹੈ। ਜ਼ਰਾ ਸੋਚੋ, ਜੇ ਬਾਈਬਲ ਦੇ ਲੇਖਕਾਂ ਨੇ ਅਜਿਹੀ ਛੋਟੀ-ਛੋਟੀ ਜਾਣਕਾਰੀ ਵੀ ਬਿਲਕੁਲ ਸਹੀ ਦਿੱਤੀ ਹੈ, ਤਾਂ ਕੀ ਉਨ੍ਹਾਂ ਦੁਆਰਾ ਬਾਈਬਲ ਵਿਚ ਲਿਖੀਆਂ ਹੋਰ ਗੱਲਾਂ ਭਰੋਸੇ ਦੇ ਲਾਇਕ ਨਹੀਂ ਹੋਣਗੀਆਂ?

10-16 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 7-8

ਅਜ਼ਰਾ ਨੇ ਆਪਣੇ ਕੰਮਾਂ ਅਤੇ ਰਵੱਈਏ ਰਾਹੀਂ ਯਹੋਵਾਹ ਦੀ ਮਹਿਮਾ ਕੀਤੀ

w00 10/1 14 ਪੈਰਾ 8

ਅਧਿਐਨ ਕਰਨ ਨਾਲ ਖ਼ੁਸ਼ੀ ਮਿਲਦੀ ਹੈ ਅਤੇ ਫ਼ਾਇਦਾ ਹੁੰਦਾ ਹੈ

8 ਜੀ ਹਾਂ, ਸਾਨੂੰ ਯਹੋਵਾਹ ਦੇ ਬਚਨ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ ਜਿੱਥੇ ਸਾਡੇ ਸਾਰੇ ਜਜ਼ਬਾਤ ਪੈਦਾ ਹੁੰਦੇ ਹਨ। ਜਿਹੜੀਆਂ ਵੀ ਆਇਤਾਂ ਅਸੀਂ ਪੜ੍ਹਦੇ ਹਾਂ, ਉਨ੍ਹਾਂ ਉੱਤੇ ਮਨਨ ਕਰਨ ਵਿਚ ਸਾਨੂੰ ਆਨੰਦ ਹੋਣਾ ਚਾਹੀਦਾ ਹੈ। ਸਾਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ, ਉਨ੍ਹਾਂ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਸ਼ਾਂਤੀ ਨਾਲ ਮਨਨ ਕਰਨ ਅਤੇ ਪ੍ਰਾਰਥਨਾ ਕਰਨ ਦੀ ਲੋੜ ਹੈ। ਅਜ਼ਰਾ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਆਪਣੇ ਮਨ ਨੂੰ ਤਿਆਰ ਕਰਨਾ ਚਾਹੀਦਾ ਹੈ। ਉਸ ਬਾਰੇ ਬਾਈਬਲ ਕਹਿੰਦੀ ਹੈ: “ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਤੇ ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ ਉੱਤੇ ਮਨ ਲਾਇਆ [“ਆਪਣੇ ਦਿਲ ਨੂੰ ਤਿਆਰ ਕੀਤਾ,” ਨਿਵ] ਸੀ।” (ਅਜ਼ਰਾ 7:10) ਧਿਆਨ ਦਿਓ ਕਿ ਅਜ਼ਰਾ ਦੇ ਆਪਣੇ ਦਿਲ ਨੂੰ ਤਿਆਰ ਕਰਨ ਦੇ ਤਿੰਨ ਕਾਰਨ ਕੀ ਸਨ: ਅਧਿਐਨ ਕਰਨ, ਆਪਣੇ ਉੱਤੇ ਲਾਗੂ ਕਰਨ ਅਤੇ ਸਿਖਾਉਣ ਲਈ। ਸਾਨੂੰ ਉਸ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ।

si 75 ਪੈਰਾ 5

ਬਾਈਬਲ ਦੀ ਕਿਤਾਬ ਦਾ ਨੰਬਰ 13​—1 ਇਤਿਹਾਸ

5 ਯਹੋਵਾਹ ਦੀ ਪਵਿੱਤਰ ਸ਼ਕਤੀ ਅਜ਼ਰਾ ʼਤੇ ਸੀ। ਫ਼ਾਰਸ ਦਾ ਰਾਜਾ ਇਹ ਗੱਲ ਦੇਖ ਸਕਿਆ ਕਿ ਅਜ਼ਰਾ ਕੋਲ ਪਰਮੇਸ਼ੁਰੀ ਬੁੱਧ ਸੀ। ਇਸ ਲਈ ਉਸ ਨੇ ਅਜ਼ਰਾ ਨੂੰ ਯਹੂਦਾ ਜ਼ਿਲ੍ਹੇ ਉੱਤੇ ਵੱਡਾ ਅਧਿਕਾਰੀ ਨਿਯੁਕਤ ਕੀਤਾ। (ਅਜ਼ 7:12-26) ਅਜ਼ਰਾ ਨੂੰ ਯਹੋਵਾਹ ਅਤੇ ਵਿਸ਼ਵ-ਸ਼ਕਤੀ ਫ਼ਾਰਸ ਤੋਂ ਅਧਿਕਾਰ ਮਿਲਿਆ।

w92 6/1 30

ਨਿਮਰ ਕਿਉਂ ਬਣੀਏ?

ਜਦੋਂ ਅਜ਼ਰਾ ਯਹੋਵਾਹ ਦੇ ਲੋਕਾਂ ਅਤੇ ਹੈਕਲ ਨੂੰ ਸਜਾਉਣ ਲਈ ਬਹੁਤ ਸਾਰੇ ਸੋਨੇ-ਚਾਂਦੀ ਨੂੰ ਬਾਬਲ ਤੋਂ ਯਰੂਸ਼ਲਮ ਲੈ ਕੇ ਜਾਣ ਵਾਲਾ ਸੀ, ਤਾਂ ਉਸ ਨੇ ਵਰਤ ਰੱਖਣ ਦਾ ਐਲਾਨ ਕੀਤਾ ਤਾਂਕਿ ਉਹ ਪਰਮੇਸ਼ੁਰ ਅੱਗੇ ਨਿਮਰ ਹੋ ਸਕਣ। ਇਸ ਦਾ ਕੀ ਨਤੀਜਾ ਨਿਕਲਿਆ? ਉਸ ਖ਼ਤਰਨਾਕ ਸਫ਼ਰ ਦੌਰਾਨ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਾਇਆ ਸੀ। (ਅਜ਼ 8:1-14, 21-32) ਦਾਨੀਏਲ ਅਤੇ ਅਜ਼ਰਾ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਬੁੱਧ ਅਤੇ ਤਾਕਤ ਨਾਲ ਕਰਨ ਦੀ ਬਜਾਇ, ਨਿਮਰਤਾ ਨਾਲ ਯਹੋਵਾਹ ਦੀ ਅਗਵਾਈ ਭਾਲਣੀ ਚਾਹੀਦੀ ਹੈ।

ਹੀਰੇ-ਮੋਤੀ

w06 1/15 19 ਪੈਰਾ 11

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

7:28–8:20​—ਬਾਬਲ ਦੇ ਬਹੁਤ ਸਾਰੇ ਯਹੂਦੀ ਅਜ਼ਰਾ ਨਾਲ ਯਰੂਸ਼ਲਮ ਜਾਣ ਤੋਂ ਕਿਉਂ ਹਿਚਕਿਚਾਏ? ਭਾਵੇਂ ਕਿ ਯਹੂਦੀਆਂ ਦੇ ਪਹਿਲੇ ਗਰੁੱਪ ਨੂੰ ਯਰੂਸ਼ਲਮ ਗਏ 60 ਸਾਲ ਹੋ ਚੁੱਕੇ ਸਨ, ਪਰ ਯਰੂਸ਼ਲਮ ਵਿਚ ਹਾਲੇ ਵੀ ਬਹੁਤ ਘੱਟ ਲੋਕ ਰਹਿੰਦੇ ਸਨ। ਯਰੂਸ਼ਲਮ ਜਾ ਕੇ ਉਨ੍ਹਾਂ ਨੂੰ ਮੁਸ਼ਕਲ ਤੇ ਖ਼ਤਰਨਾਕ ਹਾਲਾਤਾਂ ਵਿਚ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨੀ ਪੈਣੀ ਸੀ। ਬਾਬਲ ਵਿਚ ਰਹਿੰਦੇ ਅਮੀਰ ਯਹੂਦੀਆਂ ਨੂੰ ਉਸ ਵੇਲੇ ਯਰੂਸ਼ਲਮ ਜਾਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ, ਯਰੂਸ਼ਲਮ ਜਾਣ ਵਾਲਾ ਰਾਹ ਵੀ ਖ਼ਤਰਿਆਂ ਨਾਲ ਭਰਿਆ ਸੀ। ਇਸ ਲਈ ਯਰੂਸ਼ਲਮ ਵਾਪਸ ਮੁੜਨ ਲਈ ਹੌਸਲੇ ਦੀ ਲੋੜ ਸੀ ਅਤੇ ਲੋਕਾਂ ਦਾ ਯਹੋਵਾਹ ਉੱਤੇ ਭਰੋਸਾ ਮਜ਼ਬੂਤ ਹੋਣਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਦਿਲਾਂ ਵਿਚ ਸੱਚੀ ਭਗਤੀ ਲਈ ਜੋਸ਼ ਹੋਣਾ ਜ਼ਰੂਰੀ ਸੀ। ਅਜ਼ਰਾ ਨੇ ਵੀ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ। ਅਜ਼ਰਾ ਦੇ ਪ੍ਰੇਰਨ ਤੇ 1,500 ਪਰਿਵਾਰਾਂ ਨੇ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਸ਼ਾਇਦ 6,000 ਸੀ, ਯਰੂਸ਼ਲਮ ਜਾਣ ਦਾ ਫ਼ੈਸਲਾ ਕੀਤਾ। ਅਜ਼ਰਾ ਦੇ ਹੋਰ ਪ੍ਰੇਰਨ ਤੇ 38 ਲੇਵੀ ਤੇ 220 ਨਥੀਨੀਮ ਵੀ ਜਾਣ ਲਈ ਤਿਆਰ ਹੋ ਗਏ ਸਨ।

17-23 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 9-10

“ਅਣਆਗਿਆਕਾਰੀ ਦੇ ਦੁਖਦਾਈ ਨਤੀਜੇ”

w06 1/15 20 ਪੈਰਾ 1

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

9:1, 2​—ਪਰਾਈਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾਉਣ ਵਿਚ ਗੰਭੀਰ ਖ਼ਤਰਾ ਕਿਉਂ ਸੀ? ਮੁੜ ਵਸਾਈ ਗਈ ਯਹੂਦੀ ਕੌਮ ਨੇ ਮਸੀਹਾ ਦੇ ਆਉਣ ਤਕ ਯਹੋਵਾਹ ਦੀ ਭਗਤੀ ਨੂੰ ਸ਼ੁੱਧ ਰੱਖਣਾ ਸੀ। ਦੂਸਰੀਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾਉਣ ਨਾਲ ਸੱਚੀ ਭਗਤੀ ਖ਼ਤਰੇ ਵਿਚ ਪੈ ਸਕਦੀ ਸੀ। ਕੁਝ ਯਹੂਦੀਆਂ ਨੇ ਮੂਰਤੀ-ਪੂਜਕਾਂ ਨਾਲ ਵਿਆਹ ਕਰਾ ਲਿਆ ਸੀ, ਇਸ ਕਰਕੇ ਪੂਰੀ ਯਹੂਦੀ ਕੌਮ ਦਾ ਪਰਾਈਆਂ ਕੌਮਾਂ ਦੇ ਨਾਲ ਹੀ ਮਿਲ ਜਾਣ ਦਾ ਖ਼ਤਰਾ ਸੀ। ਸੱਚੀ ਭਗਤੀ ਦੁਨੀਆਂ ਵਿੱਚੋਂ ਖ਼ਤਮ ਹੋ ਜਾਣੀ ਸੀ। ਫਿਰ ਮਸੀਹਾ ਕਿਸ ਕੋਲ ਆਉਂਦਾ? ਇਸੇ ਲਈ ਅਜ਼ਰਾ ਨੂੰ ਇਹ ਸਭ ਕੁਝ ਦੇਖ ਕੇ ਬਹੁਤ ਧੱਕਾ ਲੱਗਾ।

w10 4/1 16 ਪੈਰਾ 6

ਯਹੋਵਾਹ ਸਾਥੋਂ ਕੀ ਚਾਹੁੰਦਾ ਹੈ?

ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨ ਕੇ ਸਾਨੂੰ ਬਰਕਤਾਂ ਮਿਲਣਗੀਆਂ। ਮੂਸਾ ਨੇ ਲਿਖਿਆ ਕਿ ਉਨ੍ਹਾਂ “ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।” (ਆਇਤ 13) ਹਾਂ, ਯਹੋਵਾਹ ਦੇ ਸਾਰੇ ਹੁਕਮ ਯਾਨੀ ਜੋ ਵੀ ਉਹ ਸਾਥੋਂ ਮੰਗਦਾ ਹੈ, ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦਾ ਹੈ। ਕੀ ਬਾਈਬਲ ਇਹ ਨਹੀਂ ਕਹਿੰਦੀ ਕਿ “ਪਰਮੇਸ਼ੁਰ ਪ੍ਰੇਮ ਹੈ”? (1 ਯੂਹੰਨਾ 4:8) ਸੋ ਉਸ ਦੇ ਹੁਕਮ ਸਾਡੇ ਫ਼ਾਇਦੇ ਲਈ ਹੀ ਹੋਣਗੇ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ। (ਯਸਾਯਾਹ 48:17) ਜੇ ਅਸੀਂ ਉਹੀ ਕਰਦੇ ਰਹਾਂਗੇ ਜੋ ਪਰਮੇਸ਼ੁਰ ਕਹਿੰਦਾ ਹੈ, ਤਾਂ ਸਾਨੂੰ ਘੱਟ ਮੁਸ਼ਕਲਾਂ ਆਉਣਗੀਆਂ ਅਤੇ ਉਸ ਦੇ ਰਾਜ ਅਧੀਨ ਅਸੀਂ ਬੇਅੰਤ ਖ਼ੁਸ਼ੀਆਂ ਪਾਵਾਂਗੇ।

ਹੀਰੇ-ਮੋਤੀ

w06 1/15 20 ਪੈਰਾ 2

ਅਜ਼ਰਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

10:3, 44​—ਘਰਵਾਲੀਆਂ ਦੇ ਨਾਲ ਬੱਚਿਆਂ ਨੂੰ ਵੀ ਕਿਉਂ ਘੱਲ ਦਿੱਤਾ ਗਿਆ ਸੀ? ਜੇ ਬੱਚੇ ਪਿੱਛੇ ਰਹਿ ਜਾਂਦੇ, ਤਾਂ ਘਰਵਾਲੀਆਂ ਨੇ ਉਨ੍ਹਾਂ ਦੀ ਖ਼ਾਤਰ ਵਾਪਸ ਮੁੜ ਆਉਣਾ ਸੀ। ਇਸ ਤੋਂ ਇਲਾਵਾ, ਨਿਆਣਿਆਂ ਨੂੰ ਮਾਂ ਦੀ ਜ਼ਿਆਦਾ ਲੋੜ ਹੁੰਦੀ ਹੈ।

24-30 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 1–2

“ਮੈਂ ਉਸੇ ਵੇਲੇ ਪ੍ਰਾਰਥਨਾ ਕੀਤੀ”

w08 2/15 3 ਪੈਰਾ 5

ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ

5 ਕਦੇ-ਕਦੇ ਸਾਨੂੰ ਫਟਾਫਟ ਛੋਟੀ ਜਿਹੀ ਪ੍ਰਾਰਥਨਾ ਕਰ ਕੇ ਰੱਬ ਦੀ ਮਦਦ ਮੰਗਣ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਇਕ ਵਾਰ ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸਾਕੀ ਨਹਮਯਾਹ ਨੂੰ ਯਰੂਸ਼ਲਮ ਦੀ ਚਿੰਤਾ ਖਾਈ ਜਾ ਰਹੀ ਸੀ। ਰਾਜੇ ਨੇ ਉਸ ਨੂੰ ਉਦਾਸ ਦੇਖ ਕੇ ਪੁੱਛਿਆ: “ਤੂੰ ਕੀ ਚਾਹੁੰਦਾ ਹੈਂ?” ਨਹਮਯਾਹ ਨੇ ਝੱਟ “ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ।” ਉਸ ਕੋਲ ਬਹੁਤਾ ਸਮਾਂ ਨਹੀਂ ਸੀ, ਇਸ ਲਈ ਉਸ ਨੇ ਦਿਲ ਵਿਚ ਹੀ ਛੋਟੀ ਜਿਹੀ ਪ੍ਰਾਰਥਨਾ ਕੀਤੀ ਹੋਣੀ। ਫਿਰ ਵੀ ਪਰਮੇਸ਼ੁਰ ਨੇ ਉਸ ਦੀ ਸੁਣੀ ਸੀ। ਇਹ ਅਸੀਂ ਕਿਵੇਂ ਜਾਣਦੇ ਹਾਂ? ਰਾਜੇ ਨੇ ਯਰੂਸ਼ਲਮ ਦੀਆਂ ਕੰਧਾਂ ਉਸਾਰੇ ਜਾਣ ਵਿਚ ਨਹਮਯਾਹ ਨੂੰ ਮਦਦ ਦਿੱਤੀ। (ਨਹਮਯਾਹ 2:1-8 ਪੜ੍ਹੋ।) ਜੀ ਹਾਂ, ਪਰਮੇਸ਼ੁਰ ਦਿਲ ਵਿਚ ਕੀਤੀਆਂ ਛੋਟੀਆਂ ਜਿਹੀਆਂ ਪ੍ਰਾਰਥਨਾਵਾਂ ਨੂੰ ਵੀ ਸੁਣਦਾ ਹੈ।

be 177 ਪੈਰਾ 4

ਨੋਟਸ ਵਾਰ-ਵਾਰ ਦੇਖੇ ਬਿਨਾਂ ਗੱਲ ਕਰਨੀ

ਜਦੋਂ ਅਚਾਨਕ ਅਜਿਹੇ ਹਾਲਾਤ ਪੈਦਾ ਹੋ ਜਾਣ ਕਿ ਤੁਹਾਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕਿਹਾ ਜਾਵੇ, ਤਾਂ ਕਿਹੜੀ ਚੀਜ਼ ਤੁਹਾਡੀ ਅਸਰਦਾਰ ਤਰੀਕੇ ਨਾਲ ਗੱਲ ਕਰਨ ਵਿਚ ਮਦਦ ਕਰ ਸਕਦੀ ਹੈ? ਉਹੀ ਕਰੋ ਜੋ ਨਹਮਯਾਹ ਨੇ ਕੀਤਾ ਸੀ। ਜਦੋਂ ਰਾਜਾ ਅਰਤਹਸ਼ਸਤਾ ਨੇ ਉਸ ਨੂੰ ਸਵਾਲ ਪੁੱਛਿਆ, ਤਾਂ ਉਸ ਨੇ ਜਵਾਬ ਦੇਣ ਤੋਂ ਪਹਿਲਾਂ ਮਨ ਵਿਚ ਪ੍ਰਾਰਥਨਾ ਕੀਤੀ। (ਨਹ 2:4) ਪ੍ਰਾਰਥਨਾ ਕਰਨ ਤੋਂ ਬਾਅਦ, ਤੁਰੰਤ ਆਪਣੇ ਮਨ ਵਿਚ ਇਕ ਰੂਪ-ਰੇਖਾ ਤਿਆਰ ਕਰੋ। ਰੂਪ-ਰੇਖਾ ਵਿਚ ਤੁਸੀਂ ਖ਼ਾਸ ਕਰਕੇ ਇਨ੍ਹਾਂ ਅਹਿਮ ਗੱਲਾਂ ਨੂੰ ਧਿਆਨ ਵਿਚ ਰੱਖ ਸਕਦੇ ਹੋ: (1) ਇਕ ਜਾਂ ਦੋ ਮੁੱਦੇ ਚੁਣੋ ਜੋ ਗੱਲ ਸਮਝਾਉਣ ਲਈ ਜ਼ਰੂਰੀ ਹਨ। (ਤੁਸੀਂ ਇਨ੍ਹਾਂ ਮੁੱਦਿਆਂ ਨੂੰ “ਚਰਚਾ ਲਈ ਬਾਈਬਲ ਵਿਸ਼ੇ” ਵਿੱਚੋਂ ਚੁਣ ਸਕਦੇ ਹੋ। [ਹਿੰਦੀ]) (2) ਫ਼ੈਸਲਾ ਕਰੋ ਕਿ ਤੁਸੀਂ ਉਨ੍ਹਾਂ ਮੁੱਦਿਆਂ ਦਾ ਸਬੂਤ ਦੇਣ ਲਈ ਕਿਹੜੀਆਂ ਆਇਤਾਂ ਦੀ ਵਰਤੋਂ ਕਰੋਗੇ। (3) ਸੋਚੋ ਕਿ ਤੁਸੀਂ ਕਿਵੇਂ ਸਮਝਦਾਰੀ ਨਾਲ ਗੱਲ ਸ਼ੁਰੂ ਕਰੋਗੇ ਤਾਂਕਿ ਸਵਾਲ ਕਰਨ ਵਾਲਾ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਵੇ। ਇਸ ਤੋਂ ਬਾਅਦ ਆਪਣੀ ਗੱਲ ਸ਼ੁਰੂ ਕਰੋ।

ਹੀਰੇ-ਮੋਤੀ

w86 2/15 25

ਸੱਚੀ ਭਗਤੀ ਦੀ ਜਿੱਤ

ਨਹੀਂ, ਨਹਮਯਾਹ ਕਈ ਦਿਨਾਂ ਤੋਂ “ਦਿਨ-ਰਾਤ” ਯਰੂਸ਼ਲਮ ਦੀ ਬੁਰੀ ਹਾਲਾਤ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰ ਰਿਹਾ ਸੀ। (ਨਹ 1:4, 6) ਉਸ ਦੀ ਇੱਛਾ ਸੀ ਕਿ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਉਸਾਰਿਆ ਜਾਵੇ। ਇਸ ਲਈ ਜਦੋਂ ਉਸ ਨੂੰ ਰਾਜਾ ਅਰਤਹਸ਼ਸਤਾ ਨਾਲ ਇਸ ਬਾਰੇ ਗੱਲ ਕਰਨ ਮੌਕਾ ਮਿਲਿਆ, ਤਾਂ ਉਸ ਨੇ ਤੁਰੰਤ ਦੁਬਾਰਾ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਯਹੋਵਾਹ ਨੇ ਰਾਜੇ ਦੇ ਮਨ ਵਿਚ ਪਾਇਆ ਕਿ ਉਹ ਨਹਮਯਾਹ ਨੂੰ ਯਰੂਸ਼ਲਮ ਜਾਣ ਦੇਵੇ ਤਾਂਕਿ ਉਹ ਸ਼ਹਿਰ ਦੀਆਂ ਕੰਧਾਂ ਦੁਬਾਰਾ ਖੜ੍ਹੀਆਂ ਕਰ ਸਕੇ।

ਸਾਡੇ ਲਈ ਸਬਕ: ਨਹਮਯਾਹ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਸੇਧ ਮੰਗੀ। ਇਸੇ ਤਰ੍ਹਾਂ ਕੋਈ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ “ਪ੍ਰਾਰਥਨਾ ਕਰਨ ਵਿਚ ਲੱਗੇ” ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਦੀ ਸੇਧ ਮੁਤਾਬਕ ਕਦਮ ਚੁੱਕਣੇ ਚਾਹੀਦੇ ਹਨ।​—ਰੋਮੀ 12:12.

31 ਜੁਲਾਈ–6 ਅਗਸਤ

ਰੱਬ ਦਾ ਬਚਨ ਖ਼ਜ਼ਾਨਾ ਹੈ| ਨਹਮਯਾਹ 3–4

“ਕੀ ਮਿਹਨਤ-ਮਜ਼ਦੂਰੀ ਦਾ ਕੰਮ ਤੁਹਾਡੀ ਸ਼ਾਨ ਦੇ ਖ਼ਿਲਾਫ਼ ਹੈ?”

w06 2/1 10 ਪੈਰਾ 1

ਨਹਮਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

3:5, 27. ਸਾਨੂੰ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਨਹੀਂ ਸਮਝਣਾ ਚਾਹੀਦਾ, ਜਿਵੇਂ ਤਕੋਈਆਂ ਦੇ “ਪਤ ਵੰਤਿਆਂ” ਨੇ ਸਮਝਿਆ ਸੀ। ਇਸ ਦੀ ਬਜਾਇ ਸਾਨੂੰ ਸਾਧਾਰਣ ਤਕੋਈ ਲੋਕਾਂ ਦੀ ਨਕਲ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਕੰਮ ਕੀਤਾ।

w19.10 23 ਪੈਰਾ 11

ਯਹੋਵਾਹ ਤੁਹਾਨੂੰ ਕੀ ਕਰਨ ਦੇ ਕਾਬਲ ਬਣਾਵੇਗਾ?

11 ਬਹੁਤ ਸਦੀਆਂ ਬਾਅਦ ਸ਼ੱਲੂਮ ਦੀਆਂ ਧੀਆਂ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਕਰਨ ਲਈ ਵਰਤਿਆ ਸੀ। (ਨਹ. 2:20; 3:12) ਚਾਹੇ ਉਨ੍ਹਾਂ ਦਾ ਪਿਤਾ ਸਰਦਾਰ ਸੀ, ਪਰ ਫਿਰ ਵੀ ਸ਼ੱਲੂਮ ਦੀਆਂ ਧੀਆਂ ਇਹ ਔਖਾ ਤੇ ਖ਼ਤਰੇ ਭਰਿਆ ਕੰਮ ਕਰਨ ਲਈ ਤਿਆਰ ਸਨ। (ਨਹ. 4:15-18) ਤਕੋਆ ਦੇ ਮੰਨੇ-ਪ੍ਰਮੰਨੇ ਆਦਮੀਆਂ ਦਾ ਕਿੰਨਾ ਹੀ ਉਲਟ ਰਵੱਈਆ ਜੋ ਕੰਮ ਕਰਨ ਲਈ “ਆਪਣੀਆਂ ਧੌਣਾਂ” ਨੀਵੀਆਂ ਕਰਨ ਲਈ ਤਿਆਰ ਨਹੀਂ ਸਨ! (ਨਹ. 3:5) ਜ਼ਰਾ ਕਲਪਨਾ ਕਰੋ ਕਿ ਸ਼ੱਲੂਮ ਦੀਆਂ ਧੀਆਂ ਕਿੰਨੀਆਂ ਖ਼ੁਸ਼ ਹੋਈਆਂ ਹੋਣੀਆਂ ਜਦੋਂ ਸਿਰਫ਼ 52 ਦਿਨਾਂ ਵਿਚ ਕੰਮ ਪੂਰਾ ਹੋ ਗਿਆ ਸੀ! (ਨਹ. 6:15) ਅੱਜ ਸਾਡੇ ਦਿਨਾਂ ਵਿਚ ਸੇਵਾ ਦੇ ਇਕ ਖ਼ਾਸ ਕੰਮ ਵਿਚ ਭੈਣਾਂ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਤਿਆਰ ਹਨ। ਉਹ ਹੈ, ਯਹੋਵਾਹ ਨੂੰ ਸਮਰਪਿਤ ਕੀਤੀਆਂ ਜਾਂਦੀਆਂ ਇਮਾਰਤਾਂ ਦੀ ਉਸਾਰੀ ਤੇ ਸਾਂਭ-ਸੰਭਾਲ ਦਾ ਕੰਮ। ਇਸ ਕੰਮ ਵਿਚ ਸਫ਼ਲਤਾ ਪਾਉਣ ਲਈ ਉਨ੍ਹਾਂ ਦੇ ਹੁਨਰ, ਜੋਸ਼ ਅਤੇ ਵਫ਼ਾਦਾਰੀ ਜ਼ਰੂਰੀ ਹੈ।

w04 8/1 18 ਪੈਰਾ 16

ਯਿਸੂ ਵਾਂਗ ਨਿਮਰ ਬਣੋ

16 ਸਾਰੇ ਮਸੀਹੀਆਂ ਨੂੰ ਯਿਸੂ ਵਾਂਗ ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਲੀਸਿਯਾ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ। ਇਸ ਦਾ ਕਦੀ ਬੁਰਾ ਨਾ ਮਨਾਓ ਜਦੋਂ ਤੁਹਾਨੂੰ ਕੋਈ ਨੀਵਾਂ ਜਾਂ ਛੋਟਾ ਕੰਮ ਕਰਨ ਲਈ ਕਿਹਾ ਜਾਂਦਾ ਹੈ। (1 ਸਮੂਏਲ 25:41; 2 ਰਾਜਿਆਂ 3:11) ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਹਰ ਕੰਮ ਖ਼ੁਸ਼ੀ ਨਾਲ ਕਰਨਾ ਸਿਖਾਉਂਦੇ ਹੋ, ਚਾਹੇ ਇਹ ਕਿੰਗਡਮ ਹਾਲ ਵਿਚ ਹੋਵੇ ਜਾਂ ਕਿਸੇ ਸੰਮੇਲਨ ਵਿਚ? ਕੀ ਉਹ ਤੁਹਾਨੂੰ ਨੀਵੇਂ ਕੰਮ ਕਰਦੇ ਹੋਏ ਦੇਖਦੇ ਹਨ? ਬਰੁਕਲਿਨ ਬੈਥਲ ਵਿਚ ਸੇਵਾ ਕਰ ਰਿਹਾ ਇਕ ਭਰਾ ਆਪਣੇ ਮਾਪਿਆਂ ਦੀ ਮਿਸਾਲ ਬਾਰੇ ਕਹਿੰਦਾ ਹੈ: “ਬਚਪਨ ਵਿਚ ਮੈਂ ਦੇਖ ਸਕਦਾ ਸੀ ਕਿ ਉਹ ਕਿੰਗਡਮ ਹਾਲ ਜਾਂ ਸੰਮੇਲਨ ਹਾਲ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਸਮਝਦੇ ਸਨ। ਉਹ ਹਮੇਸ਼ਾ ਕਲੀਸਿਯਾ ਵਿਚ ਸੇਵਾ ਕਰਨ ਜਾਂ ਭਰਾਵਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਉਹ ਕੰਮ ਛੋਟਾ ਸੀ ਜਾਂ ਵੱਡਾ। ਉਨ੍ਹਾਂ ਦੀ ਮਿਸਾਲ ਕਰਕੇ ਮੈਂ ਬੈਥਲ ਵਿਚ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ।”

ਹੀਰੇ-ਮੋਤੀ

w06 2/1 9 ਪੈਰਾ 1

ਨਹਮਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

4:17, 18​—ਕੰਧ ਨੂੰ ਬਣਾਉਣ ਦਾ ਕੰਮ ਇਕ ਹੱਥ ਨਾਲ ਕਿਵੇਂ ਕੀਤਾ ਜਾ ਸਕਦਾ ਸੀ? ਭਾਰ ਚੁੱਕਣ ਵਾਲੇ ਆਪਣੇ ਸਿਰਾਂ ਜਾਂ ਮੋਢਿਆਂ ਉੱਤੇ ਭਾਰ ਨੂੰ ਇਕ ਹੱਥ ਨਾਲ ਸੌਖਿਆਂ ਹੀ ਟਿਕਾ ਲੈਂਦੇ ਸਨ ਜਦ ਕਿ “ਦੂਜੇ ਹੱਥ ਨਾਲ ਸ਼ੱਸਤ੍ਰ ਫੜਦੇ ਸਨ।” ਕੰਧ ਬਣਾਉਣ ਵਾਲਿਆਂ ਨੂੰ ਦੋਵਾਂ ਹੱਥਾਂ ਨਾਲ ਕੰਮ ਕਰਨਾ ਪੈਂਦਾ ਸੀ ਜਿਸ ਕਰਕੇ ਉਹ ਆਪਣੇ “ਕਮਰ ਕਸਿਆਂ ਵਿਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ।” ਇਸ ਤਰ੍ਹਾਂ ਉਹ ਅਚਾਨਕ ਦੁਸ਼ਮਣਾਂ ਦੁਆਰਾ ਹਮਲਾ ਕਰਨ ਤੇ ਲੜਨ ਲਈ ਤਿਆਰ ਰਹਿੰਦੇ ਸਨ।

7-13 ਅਗਸਤ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 5–7

“ਨਹਮਯਾਹ ਸੇਵਾ ਕਰਨੀ ਚਾਹੁੰਦਾ ਸੀ, ਨਾ ਕਿ ਕਰਾਉਣੀ”

w02 11/1 27 ਪੈਰਾ 3

ਸਦੀਆਂ ਦੌਰਾਨ ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ ਲੋਕ

ਨਹਮਯਾਹ ਨੇ ਸਿਰਫ਼ ਆਪਣਾ ਸਮਾਂ ਲਗਾ ਕੇ ਅਤੇ ਵਧੀਆ ਤਰੀਕੇ ਨਾਲ ਕੰਮ ਦੀ ਯੋਜਨਾ ਬਣਾ ਕੇ ਹੀ ਮਦਦ ਨਹੀਂ ਕੀਤੀ। ਉਸ ਨੇ ਸੱਚੀ ਉਪਾਸਨਾ ਵਿਚ ਆਪਣਾ ਰੁਪਇਆ-ਪੈਸਾ ਵੀ ਲਗਾਇਆ ਸੀ। ਉਸ ਨੇ ਕੋਲੋਂ ਪੈਸੇ ਦੇ ਕੇ ਆਪਣੇ ਯਹੂਦੀ ਭਰਾਵਾਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ ਸੀ। ਨਾਲੇ ਉਸ ਨੇ ਵਿਆਜ ਛੱਡ ਕੇ ਯਹੂਦੀਆਂ ਨੂੰ ਪੈਸੇ ਉਧਾਰ ਦਿੱਤੇ ਸਨ। ਭਾਵੇਂ ਕਿ ਉਹ ਲੋਕਾਂ ਦਾ ਹਾਕਮ ਸੀ, ਫਿਰ ਵੀ ਉਸ ਨੇ ਲੋਕਾਂ ਤੇ ਇਹ “ਬੋਝ” ਨਹੀਂ ਪਾਇਆ ਕਿ ਉਹ ਉਸ ਦੀ ਖਾਤਰਦਾਰੀ ਕਰਨ। ਇਸ ਦੀ ਬਜਾਇ, ਉਸ ਨੇ ਯਹੂਦੀਆਂ ਅਤੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਆ ਰਹੇ ਕੁਝ ਡੇਢ ਸੌ ਲੋਕਾਂ ਲਈ ਆਪਣੇ ਘਰ ਲੰਗਰ ਲਗਾਇਆ। ਹਰ ਦਿਨ ਉਹ “ਇੱਕ ਵਹਿੜਾ ਅਤੇ ਛੇ ਪਲੀਆਂ ਹੋਈਆਂ ਭੇਡਾਂ ਅਰ ਮੁਰਗੀਆਂ” ਮਹਿਮਾਨਾਂ ਲਈ ਦਿੰਦਾ ਸੀ। ਇਸ ਦੇ ਨਾਲ-ਨਾਲ ਉਹ ਦਸਾਂ ਦਿਨਾਂ ਵਿਚ ਇਕ ਵਾਰ ਉਨ੍ਹਾਂ ਨੂੰ ‘ਹਰ ਇੱਕ ਕਿਸਮ ਦੀ ਮੈ’ ਪਿਲਾਉਂਦਾ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਲਈ ਉਹ ਆਪਣੇ ਕੋਲੋਂ ਖ਼ਰਚ ਕਰਦਾ ਸੀ।​—ਨਹਮਯਾਹ 5:8, 10, 14-18.

w16.09 6 ਪੈਰਾ 16

“ਤੇਰੇ ਹੱਥ ਢਿੱਲੇ ਨਾ ਪੈ ਜਾਣ”

16 ਯਹੋਵਾਹ ਦੀ ਮਦਦ ਨਾਲ ਨਹਮਯਾਹ ਅਤੇ ਯਹੂਦੀਆਂ ਨੇ ਆਪਣੇ ਹੱਥ ਤਕੜੇ ਕੀਤੇ। ਇਸ ਲਈ ਉਨ੍ਹਾਂ ਨੇ 52 ਦਿਨਾਂ ਦੇ ਅੰਦਰ-ਅੰਦਰ ਯਰੂਸ਼ਲਮ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ। (ਨਹ. 2:18; 6:15, 16) ਨਹਮਯਾਹ ਨੇ ਸਿਰਫ਼ ਖੜ੍ਹ ਕੇ ਹੁਕਮ ਹੀ ਨਹੀਂ ਚਲਾਇਆ, ਸਗੋਂ ਖ਼ੁਦ ਵੀ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਵਿਚ ਹੱਥ ਵਟਾਇਆ। (ਨਹ. 5:16) ਇਸੇ ਤਰ੍ਹਾਂ ਜਦੋਂ ਮੰਡਲੀ ਦੇ ਬਜ਼ੁਰਗ ਸੰਗਠਨ ਦੇ ਕਿਸੇ ਵੀ ਉਸਾਰੀ ਦੇ ਕੰਮ ਜਾਂ ਕਿੰਗਡਮ ਹਾਲ ਦੀ ਸਫ਼ਾਈ ਅਤੇ ਮੁਰੰਮਤ ਦੇ ਕੰਮ ਵਿਚ ਹਿੱਸਾ ਲੈਂਦੇ ਹਨ, ਤਾਂ ਉਹ ਨਹਮਯਾਹ ਦੀ ਰੀਸ ਕਰ ਰਹੇ ਹੁੰਦੇ ਹਨ। ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਅਤੇ ਹੌਸਲਾ ਦੇਣ ਲਈ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੇ ਢਿੱਲੇ ਹੱਥ ਤਕੜੇ ਕਰਦੇ ਹਨ।​—ਯਸਾਯਾਹ 35:3, 4 ਪੜ੍ਹੋ।

w00 2/1 32

ਯਹੋਵਾਹ ਤੁਹਾਨੂੰ ਕਿਵੇਂ ਚੇਤੇ ਕਰੇਗਾ?

ਇਸ ਲਈ ਬਾਈਬਲ ਅਕਸਰ ਦੱਸਦੀ ਹੈ ਕਿ ਪਰਮੇਸ਼ੁਰ ਲਈ “ਚੇਤੇ ਕਰਨ” ਦਾ ਮਤਲਬ ਹੈ ਅਸਲ ਵਿਚ ਕੁਝ ਕਰਨਾ। ਮਿਸਾਲ ਵਜੋਂ, ਜਦੋਂ 150 ਦਿਨਾਂ ਤਕ ਧਰਤੀ ਬਹੁਤ ਜ਼ਿਆਦਾ ਪਾਣੀ ਨਾਲ ਭਰ ਗਈ, ਤਾਂ “ਪਰਮੇਸ਼ੁਰ ਨੇ ਨੂਹ ਨੂੰ . . . ਯਾਦ ਕੀਤਾ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਵਾਉ ਵਗਾਈ ਅਤੇ ਪਾਣੀ ਘਟਣ ਲੱਗ ਪਏ।” (ਉਤਪਤ 8:1) ਸਦੀਆਂ ਬਾਅਦ, ਜਦੋਂ ਫਲਿਸਤੀਆਂ ਨੇ ਸਮਸੂਨ ਨੂੰ ਅੰਨ੍ਹਾ ਕਰ ਕੇ ਜ਼ੰਜੀਰਾਂ ਨਾਲ ਜਕੜ ਦਿੱਤਾ, ਤਾਂ ਉਸ ਨੇ ਪ੍ਰਾਰਥਨਾ ਕੀਤੀ: “ਯਹੋਵਾਹ, ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ ਜੋ ਮੈਨੂੰ ਚੇਤੇ ਕਰ ਅਤੇ ਐਤਕੀ ਦੀ ਵਾਰੀ ਮੈਨੂੰ ਜ਼ੋਰ ਦੇਹ।” ਯਹੋਵਾਹ ਨੇ ਸਮਸੂਨ ਨੂੰ ਅਸਾਧਾਰਣ ਤਾਕਤ ਦੇ ਕੇ ਚੇਤੇ ਕੀਤਾ ਤਾਂਕਿ ਉਹ ਪਰਮੇਸ਼ੁਰ ਦੇ ਦੁਸ਼ਮਣਾਂ ਕੋਲੋਂ ਬਦਲਾ ਲੈ ਸਕੇ। (ਨਿਆਈਆਂ 16:28-30) ਯਹੋਵਾਹ ਨੇ ਨਹਮਯਾਹ ਦੇ ਜਤਨਾਂ ਉੱਤੇ ਵੀ ਬਰਕਤ ਦਿੱਤੀ ਜਿਸ ਕਰਕੇ ਯਰੂਸ਼ਲਮ ਵਿਚ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਹੋ ਗਈ।

ਹੀਰੇ ਮੋਤੀ

w07 7/1 30 ਪੈਰਾ 15

‘ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ’

15 ਤੀਜੀ ਸਕੀਮ, ਨਹਮਯਾਹ ਦੇ ਦੁਸ਼ਮਣਾਂ ਨੇ ਸਮਆਯਾਹ ਨਾਂ ਦੇ ਗੱਦਾਰ ਇਸਰਾਏਲੀ ਨੂੰ ਵਰਤਿਆ ਤਾਂਕਿ ਉਹ ਬੇਈਮਾਨੀ ਨਾਲ ਨਹਮਯਾਹ ਨੂੰ ਯਹੋਵਾਹ ਦੇ ਖ਼ਿਲਾਫ਼ ਜਾਣ ਲਈ ਉਕਸਾਵੇ। ਸਮਆਯਾਹ ਨੇ ਨਹਮਯਾਹ ਨੂੰ ਕਿਹਾ: “ਆਓ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ ਕਿਉਂਕਿ ਓਹ ਤੈਨੂੰ ਵੱਢਣ ਲਈ ਆਉਣਗੇ।” ਸਮਆਯਾਹ ਦੇ ਕਹਿਣ ਦਾ ਮਤਲਬ ਸੀ ਕਿ ਨਹਮਯਾਹ ਦੀ ਜਾਨ ਨੂੰ ਖ਼ਤਰਾ ਸੀ ਤੇ ਉਹ ਹੈਕਲ ਵਿਚ ਲੁਕ ਕੇ ਆਪਣੀ ਜਾਨ ਬਚਾ ਸਕਦਾ ਸੀ। ਪਰ ਨਹਮਯਾਹ ਜਾਜਕ ਨਹੀਂ ਸੀ। ਉਸ ਲਈ ਹੈਕਲ ਵਿਚ ਜਾ ਕੇ ਲੁਕਣਾ ਪਾਪ ਸੀ। ਕੀ ਉਹ ਆਪਣੀ ਜਾਨ ਬਚਾਉਣ ਲਈ ਯਹੋਵਾਹ ਦੇ ਨਿਯਮ ਦੀ ਉਲੰਘਣਾ ਕਰਨ ਲਈ ਤਿਆਰ ਸੀ? ਜਵਾਬ ਵਿਚ ਨਹਮਯਾਹ ਨੇ ਸਮਆਯਾਹ ਨੂੰ ਕਿਹਾ: “ਮੇਰੇ ਵਰਗਾ ਏਥੇ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਵਾਂਗਾ।” ਨਹਮਯਾਹ ਇਸ ਜਾਲ ਵਿਚ ਕਿਉਂ ਨਹੀਂ ਫਸਿਆ ਸੀ? ਕਿਉਂਕਿ ਉਹ ਜਾਣਦਾ ਸੀ ਕਿ ਭਾਵੇਂ ਸਮਆਯਾਹ ਇਸਰਾਏਲੀ ਸੀ, ਪਰ “ਪਰਮੇਸ਼ੁਰ ਨੇ ਉਹ ਨੂੰ ਨਹੀਂ ਘੱਲਿਆ ਸੀ।” ਪਰਮੇਸ਼ੁਰ ਦਾ ਸੱਚਾ ਨਬੀ ਕਦੇ ਵੀ ਉਸ ਨੂੰ ਯਹੋਵਾਹ ਦੇ ਨਿਯਮ ਨੂੰ ਤੋੜਨ ਲਈ ਨਹੀਂ ਕਹਿ ਸਕਦਾ ਸੀ। ਇਕ ਵਾਰ ਫਿਰ ਨਹਮਯਾਹ ਨੇ ਆਪਣੇ ਦੁਸ਼ਮਣਾਂ ਦੀ ਬੁਰਾਈ ਅੱਗੇ ਹਾਰ ਨਹੀਂ ਮੰਨੀ। ਇਸ ਤੋਂ ਕੁਝ ਹੀ ਸਮੇਂ ਬਾਅਦ ਉਹ ਕਹਿ ਸਕਿਆ: “ਸੋ ਕੰਧ ਅਲੂਲ ਦੇ ਮਹੀਨੇ ਦੀ ਪੰਝੀ ਤਾਰੀਖ ਨੂੰ ਬਵੰਜਵੇਂ ਦਿਨ ਪੂਰੀ ਹੋ ਗਈ।”​—ਨਹਮਯਾਹ 6:10-15; ਗਿਣਤੀ 1:51; 18:7.   

14-20 ਅਗਸਤ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 8–9

“ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ”

w13 10/15 21 ਪੈਰਾ 2

ਸੋਚ-ਸਮਝ ਕੇ ਦਿਲੋਂ ਕੀਤੀ ਗਈ ਪ੍ਰਾਰਥਨਾ ਤੋਂ ਸਾਡੇ ਲਈ ਸਬਕ

2 ਇਸ ਘਟਨਾ ਤੋਂ ਇਕ ਮਹੀਨੇ ਪਹਿਲਾਂ ਯਹੂਦੀਆਂ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਇਆ ਸੀ। (ਨਹ. 6:15) ਉਨ੍ਹਾਂ ਨੇ ਇਹ ਕੰਮ ਸਿਰਫ਼ 52 ਦਿਨਾਂ ਵਿਚ ਪੂਰਾ ਕੀਤਾ ਸੀ। ਫਿਰ ਤਿਸ਼ਰੀ ਮਹੀਨੇ ਦੇ ਪਹਿਲੇ ਦਿਨ ਸਾਰੇ ਲੋਕ ਚੌਂਕ ਵਿਚ ਇਕੱਠੇ ਹੋਏ। ਅਜ਼ਰਾ ਦੇ ਨਾਲ-ਨਾਲ ਹੋਰ ਲੇਵੀਆਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਸੁਣਾਇਆ ਤੇ ਸਮਝਾਇਆ। (ਤਸਵੀਰ 1) ਸਾਰੇ ਪਰਿਵਾਰ ਜੋ ‘ਸੁਣ ਕੇ ਸਮਝ ਸੱਕਦੇ ਸਨ, ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ’ ਖੜ੍ਹ ਕੇ ਸੁਣਦੇ ਰਹੇ। ਉਨ੍ਹਾਂ ਇਜ਼ਰਾਈਲੀਆਂ ਨੇ ਸਾਡੇ ਲਈ ਕਿੰਨੀ ਚੰਗੀ ਮਿਸਾਲ ਰੱਖੀ! ਜ਼ਰਾ ਸੋਚੋ ਕਿ ਅਸੀਂ ਤਾਂ ਆਰਾਮ ਨਾਲ ਕਿੰਗਡਮ ਹਾਲ ਵਿਚ ਬੈਠ ਕੇ ਮੀਟਿੰਗਾਂ ਸੁਣ ਸਕਦੇ ਹਾਂ। ਫਿਰ ਵੀ ਸਾਡਾ ਧਿਆਨ ਕਦੀ-ਕਦੀ ਭਟਕ ਜਾਂਦਾ ਹੈ ਤੇ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਸੋਚਣ ਲੱਗ ਪੈਂਦੇ ਹਾਂ। ਪਰ ਉਨ੍ਹਾਂ ਇਜ਼ਰਾਈਲੀਆਂ ਨੇ ਸਿਰਫ਼ ਧਿਆਨ ਨਾਲ ਸੁਣਿਆ ਹੀ ਨਹੀਂ, ਸਗੋਂ ਪਰਮੇਸ਼ੁਰ ਦੀਆਂ ਗੱਲਾਂ ਦਾ ਉਨ੍ਹਾਂ ਦੇ ਦਿਲਾਂ ʼਤੇ ਇੰਨਾ ਅਸਰ ਪਿਆ ਕਿ ਉਹ ਰੋਣ ਲੱਗ ਪਏ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਪਰਮੇਸ਼ੁਰ ਦੇ ਹੁਕਮਾਂ ਮੁਤਾਬਕ ਨਹੀਂ ਚੱਲ ਰਹੇ ਸਨ।​—ਨਹ. 8:1-9.

w07 7/15 22 ਪੈਰੇ 9-10

ਕੀ ਤੁਸੀਂ “ਆਤਮਾ ਦੁਆਰਾ ਚੱਲਦੇ” ਰਹੋਗੇ?

9 ਆਨੰਦ ਦਾ ਮਤਲਬ ਹੈ ਨਿਹੈਤ ਖ਼ੁਸ਼ੀ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ ਕਿਉਂਕਿ ਉਹ ਆਪ ਹਮੇਸ਼ਾ ਖ਼ੁਸ਼ ਰਹਿੰਦਾ ਹੈ। (ਜ਼ਬੂਰਾਂ ਦੀ ਪੋਥੀ 104:31) ਉਸ ਦਾ ਪੁੱਤਰ ਵੀ ਆਪਣੇ ਪਿਤਾ ਦੀ ਇੱਛਿਆ ਪੂਰੀ ਕਰ ਕੇ ਬਹੁਤ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 40:8; ਇਬਰਾਨੀਆਂ 10:7-9) ਅਤੇ ‘ਯਹੋਵਾਹ ਦਾ ਅਨੰਦ ਸਾਡਾ ਬਲ ਹੈ।’​—ਨਹਮਯਾਹ 8:10.

10 ਪਰਮੇਸ਼ੁਰ ਸਾਨੂੰ ਜੋ ਆਨੰਦ ਦਿੰਦਾ ਹੈ, ਉਸ ਸਦਕਾ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਗਹਿਰੀ ਸੰਤੁਸ਼ਟੀ ਪਾਉਂਦੇ ਹਾਂ, ਉਦੋਂ ਵੀ ਜਦ ਅਸੀਂ ਔਖੀਆਂ ਘੜੀਆਂ, ਦੁੱਖਾਂ ਜਾਂ ਸਤਾਹਟਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ। ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੈ ਕਿ ਅਸੀਂ “ਪਰਮੇਸ਼ੁਰ ਦੇ ਗਿਆਨ” ਨੂੰ ਹਾਸਲ ਕਰ ਸਕੇ ਹਾਂ! (ਕਹਾਉਤਾਂ 2:1-5) ਯਹੋਵਾਹ ਨਾਲ ਸਾਡਾ ਰਿਸ਼ਤਾ ਕਿਵੇਂ ਚੰਗਾ ਬਣ ਸਕਦਾ ਹੈ? ਸਿਰਫ਼ ਉਸ ਬਾਰੇ ਸਹੀ ਗਿਆਨ ਲੈ ਕੇ, ਉਸ ਉੱਤੇ ਭਰੋਸਾ ਕਰ ਕੇ ਅਤੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ। (1 ਯੂਹੰਨਾ 2:1, 2) ਇਸ ਗੱਲ ਤੋਂ ਵੀ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਪਿਆਰ ਕਰਨ ਵਾਲੇ ਵਿਸ਼ਵ-ਵਿਆਪੀ ਭਾਈਚਾਰੇ ਦੇ ਮੈਂਬਰ ਹਾਂ। (ਸਫ਼ਨਯਾਹ 3:9; ਹੱਜਈ 2:7) ਸਾਨੂੰ ਪਰਮੇਸ਼ੁਰ ਦੇ ਵਧੀਆ ਰਾਜ ਦੀ ਉਮੀਦ ਮਿਲੀ ਹੈ ਅਤੇ ਅਸੀਂ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਸਨਮਾਨ ਦਾ ਵੀ ਆਨੰਦ ਮਾਣਦੇ ਹਾਂ। (ਮੱਤੀ 6:9, 10; 24:14) ਅਸੀਂ ਇਸ ਲਈ ਵੀ ਖ਼ੁਸ਼ ਹਾਂ ਕਿ ਸਾਨੂੰ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 17:3) ਇਸ ਵਧੀਆ ਉਮੀਦ ਕਾਰਨ ਸਾਨੂੰ “ਪੂਰਾ ਪੂਰਾ ਅਨੰਦ” ਕਰਨਾ ਚਾਹੀਦਾ ਹੈ।​—ਬਿਵਸਥਾ ਸਾਰ 16:15.

ਹੀਰੇ-ਮੋਤੀ

it-1 145 ਪੈਰਾ 2

ਅਰਾਮੀ ਭਾਸ਼ਾ

ਨਹਮਯਾਹ 8:8 ਵਿਚ ਦੱਸਿਆ ਹੈ: “ਉਹ ਇਸ ਕਿਤਾਬ ਵਿੱਚੋਂ, ਹਾਂ, ਸੱਚੇ ਪਰਮੇਸ਼ੁਰ ਦੇ ਕਾਨੂੰਨ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਂਦੇ ਰਹੇ ਤੇ ਇਸ ਨੂੰ ਸਾਫ਼-ਸਾਫ਼ ਸਮਝਾਉਂਦੇ ਰਹੇ ਅਤੇ ਇਸ ਦਾ ਅਰਥ ਦੱਸਦੇ ਰਹੇ; ਇਸ ਤਰ੍ਹਾਂ ਉਨ੍ਹਾਂ ਨੇ ਪੜ੍ਹੀਆਂ ਜਾ ਰਹੀਆਂ ਗੱਲਾਂ ਸਮਝਣ ਵਿਚ ਲੋਕਾਂ ਦੀ ਮਦਦ ਕੀਤੀ।” ਇੱਥੇ ‘ਸਾਫ਼-ਸਾਫ਼ ਸਮਝਾਉਣ’ ਦਾ ਮਤਲਬ ਸ਼ਾਇਦ ਇਹ ਹੈ ਕਿ ਇਬਰਾਨੀ ਭਾਸ਼ਾ ਵਿਚ ਜੋ ਲਿਖਿਆ ਗਿਆ, ਉਸ ਨੂੰ ਅਰਾਮੀ ਭਾਸ਼ਾ ਵਿਚ ਥੋੜ੍ਹੇ ਸ਼ਬਦਾਂ ਵਿਚ ਸਮਝਾਉਣਾ। ਹੋ ਸਕਦਾ ਹੈ ਕਿ ਜਦੋਂ ਯਹੂਦੀ ਬਾਬਲ ਵਿਚ ਸਨ, ਤਾਂ ਉਹ ਅਰਾਮੀ ਭਾਸ਼ਾ ਬੋਲਣ ਲੱਗ ਪਏ ਸਨ। ‘ਸਾਫ਼-ਸਾਫ਼ ਸਮਝਾਉਣ’ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਲੇਵੀਆਂ ਨੇ ਕਾਨੂੰਨ ਦੀਆਂ ਗੱਲਾਂ ਨੂੰ ਬਾਰੀਕੀ ਨਾਲ ਸਮਝਾਇਆ ਹੋਵੇ ਤਾਂਕਿ ਜਿਹੜੇ ਯਹੂਦੀ ਇਬਰਾਨੀ ਭਾਸ਼ਾ ਜਾਣਦੇ ਸਨ, ਉਹ ਇਨ੍ਹਾਂ ਗੱਲਾਂ ਦਾ ਡੂੰਘਾ ਮਤਲਬ ਜਾਣ ਸਕਣ।

21-27 ਅਗਸਤ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 10–11

“ਉਨ੍ਹਾਂ ਨੇ ਯਹੋਵਾਹ ਲਈ ਤਿਆਗ ਕੀਤੇ”

w98 10/1 29 ਪੈਰਾ 13

ਉਹ ਯਰੂਸ਼ਲਮ ਜੋ ਆਪਣੇ ਨਾਂ ਤੇ ਪੂਰਾ ਉੱਤਰਿਆ

13 ਨਹਮਯਾਹ ਦੇ ਦਿਨਾਂ ਵਿਚ ਜਿਸ ‘ਸੱਚੇ ਇਕਰਾਰ’ ਉੱਤੇ ਮੋਹਰ ਲਗਾਈ ਗਈ ਸੀ, ਉਸ ਨੇ ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਨੂੰ ਯਰੂਸ਼ਲਮ ਦੀ ਕੰਧ ਦੀ ਚੱਠ ਦੇ ਦਿਨ ਲਈ ਤਿਆਰ ਕੀਤਾ। ਲੇਕਿਨ ਹਾਲੇ ਇਕ ਹੋਰ ਜ਼ਰੂਰੀ ਗੱਲ ਉੱਤੇ ਧਿਆਨ ਦੇਣ ਦੀ ਲੋੜ ਸੀ। ਬਾਰਾਂ ਫਾਟਕਾਂ ਵਾਲੀ ਵੱਡੀ ਕੰਧ ਨਾਲ ਘਿਰੇ ਹੋਏ ਯਰੂਸ਼ਲਮ ਨੂੰ ਹੁਣ ਵੱਡੀ ਆਬਾਦੀ ਦੀ ਲੋੜ ਸੀ। ਭਾਵੇਂ ਕਿ ਕੁਝ ਇਸਰਾਏਲੀ ਉੱਥੇ ਰਹਿੰਦੇ ਸਨ, “ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜੇ ਸਨ।” (ਨਹਮਯਾਹ 7:4) ਇਸ ਮੁਸ਼ਕਲ ਨੂੰ ਹੱਲ ਕਰਨ ਲਈ, ਲੋਕਾਂ ਨੇ “ਗੁਣੇ ਪਾਏ ਕਿ ਦਸਾਂ ਵਿੱਚੋਂ ਇੱਕ ਨੂੰ ਪਵਿੱਤ੍ਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ।” ਇਸ ਇੰਤਜ਼ਾਮ ਪ੍ਰਤੀ ਉਨ੍ਹਾਂ ਦੇ ਰਜ਼ਾਮੰਦ ਰਵੱਈਏ ਨੇ ਪਰਜਾ ਨੂੰ “ਉਨ੍ਹਾਂ ਸਾਰਿਆਂ ਮਨੁੱਖਾਂ ਨੂੰ” ਬਰਕਤ ਦੇਣ ਲਈ ਪ੍ਰੇਰਿਤ ਕੀਤਾ, “ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ” ਸੀ। (ਨਹਮਯਾਹ 11:1, 2) ਅੱਜ ਉਨ੍ਹਾਂ ਸੱਚੇ ਉਪਾਸਕਾਂ ਲਈ ਇਹ ਕਿੰਨੀ ਵਧੀਆ ਉਦਾਹਰਣ ਹੈ, ਜਿਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਇਜਾਜ਼ਤ ਦਿੰਦੇ ਹਨ ਕਿ ਉਹ ਉੱਥੇ ਜਾ ਕੇ ਸੇਵਾ ਕਰਨ ਜਿੱਥੇ ਪਰਿਪੱਕ ਮਸੀਹੀਆਂ ਦੀ ਮਦਦ ਦੀ ਜ਼ਿਆਦਾ ਜ਼ਰੂਰਤ ਹੈ!

w86 2/15 26

ਸੱਚੀ ਭਗਤੀ ਦੀ ਜਿੱਤ

ਇਜ਼ਰਾਈਲੀ ਜਾਣਦੇ ਸਨ ਕਿ ਆਪਣਾ ਘਰ-ਬਾਰ ਤੇ ਜ਼ਮੀਨ-ਜਾਇਦਾਦ ਛੱਡ ਕੇ ਯਰੂਸ਼ਲਮ ਜਾ ਕੇ ਵੱਸਣਾ ਸੌਖਾ ਨਹੀਂ ਸੀ। ਇਸ ਕਰਕੇ ਉਨ੍ਹਾਂ ਦਾ ਕਾਫ਼ੀ ਖ਼ਰਚਾ ਅਤੇ ਕੁਝ ਨੁਕਸਾਨ ਵੀ ਹੋਣੇ ਸਨ। ਇਸ ਤੋਂ ਇਲਾਵਾ, ਯਰੂਸ਼ਲਮ ਵਿਚ ਰਹਿੰਦਿਆਂ ਉਨ੍ਹਾਂ ਨੂੰ ਕਈ ਖ਼ਤਰੇ ਵੀ ਹੋਣੇ ਸਨ। ਫਿਰ ਵੀ ਕੁਝ ਇਜ਼ਰਾਈਲੀਆਂ ਨੇ ਆਪਣੀ ਮਰਜ਼ੀ ਨਾਲ ਯਰੂਸ਼ਲਮ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ। ਇਸ ਲਈ ਦੂਜੇ ਇਜ਼ਰਾਈਲੀਆਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਦੇ ਤਿਆਗ ਦੇ ਬਦਲੇ ਉਹ ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਦੇਵੇ।

w16.04 8 ਪੈਰਾ 15

ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ

15 ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਅਸੀਂ ਸਹੁੰ ਖਾਧੀ ਸੀ ਕਿ ਅਸੀਂ ਬਿਨਾਂ ਕਿਸੇ ਸ਼ਰਤ ਦੇ ਯਹੋਵਾਹ ਦੀ ਇੱਛਾ ਪੂਰੀ ਕਰਾਂਗੇ। ਅਸੀਂ ਜਾਣਦੇ ਸੀ ਕਿ ਇਸ ਸਹੁੰ ਨੂੰ ਪੂਰਾ ਕਰਨਾ ਹਮੇਸ਼ਾ ਸੌਖਾ ਨਹੀਂ ਹੋਵੇਗਾ। ਪਰ ਅਸੀਂ ਉਦੋਂ ਕੀ ਕਰਦੇ ਹਾਂ, ਜਦੋਂ ਸਾਨੂੰ ਉਹ ਕੰਮ ਕਰਨ ਲਈ ਕਿਹਾ ਜਾਂਦਾ ਹੈ ਜੋ ਸਾਨੂੰ ਪਸੰਦ ਨਹੀਂ? ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਕੁਰਬਾਨੀਆਂ ਕਰਦੇ ਹਾਂ ਅਤੇ ਆਪਣਾ ਸੁੱਖ-ਆਰਾਮ ਤਿਆਗਦੇ ਹਾਂ, ਉਦੋਂ ਅਸੀਂ ਆਪਣੀ ਸਹੁੰ ਪੂਰੀ ਕਰ ਰਹੇ ਹੁੰਦੇ ਹਾਂ। ਚਾਹੇ ਕੁਰਬਾਨੀਆਂ ਕਰਨ ਨਾਲ ਸਾਨੂੰ ਮੁਸ਼ਕਲਾਂ ਸਹਿਣੀਆਂ ਪੈਣ, ਪਰ ਉਨ੍ਹਾਂ ਮੁਸ਼ਕਲਾਂ ਨਾਲੋਂ ਯਹੋਵਾਹ ਸਾਨੂੰ ਕਿਤੇ ਜ਼ਿਆਦਾ ਬਰਕਤਾਂ ਦੇਵੇਗਾ। (ਮਲਾ. 3:10) ਪਰ ਯਿਫ਼ਤਾਹ ਦੀ ਧੀ ਬਾਰੇ ਕੀ? ਉਸ ਨੇ ਕੀ ਕਿਹਾ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਆਪਣੀ ਸਹੁੰ ਬਾਰੇ ਦੱਸਿਆ?

ਹੀਰੇ-ਮੋਤੀ

w06 2/1 11 ਪੈਰਾ 1

ਨਹਮਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

10:34​—ਲੋਕਾਂ ਨੂੰ ਲੱਕੜੀ ਦੇਣ ਲਈ ਕਿਉਂ ਕਿਹਾ ਗਿਆ ਸੀ? ਮੂਸਾ ਦੀ ਬਿਵਸਥਾ ਵਿਚ ਲੋਕਾਂ ਨੂੰ ਲੱਕੜੀ ਦੇ ਚੜ੍ਹਾਵੇ ਚੜ੍ਹਾਉਣ ਲਈ ਨਹੀਂ ਕਿਹਾ ਗਿਆ ਸੀ। ਜਗਵੇਦੀ ਉੱਤੇ ਬਲੀਆਂ ਸਾੜਨ ਲਈ ਬਹੁਤ ਸਾਰੀ ਲੱਕੜ ਦੀ ਲੋੜ ਸੀ। ਲੱਗਦਾ ਹੈ ਕਿ ਉਸ ਵੇਲੇ ਹੈਕਲ ਵਿਚ ਸੇਵਾ ਕਰਨ ਵਾਲੇ ਗ਼ੈਰ-ਇਸਰਾਏਲੀ ਨਥੀਨੀਮ ਗ਼ੁਲਾਮਾਂ ਦੀ ਗਿਣਤੀ ਕਾਫ਼ੀ ਘੱਟ ਸੀ। ਇਸ ਲਈ ਲੋੜ ਨੂੰ ਦੇਖਦਿਆਂ ਗੁਣੇ ਪਾਏ ਗਏ ਸਨ ਤਾਂਕਿ ਲੱਕੜੀ ਦੀ ਘਾਟ ਪੂਰੀ ਕਰਨ ਲਈ ਸਾਰੇ ਲੋਕ ਵਾਰੋ-ਵਾਰੀ ਲੱਕੜੀ ਲਿਆ ਸਕਣ।

28 ਅਗਸਤ–3 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 12–13

“ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ”

it-1 95 ਪੈਰਾ 5

ਅੰਮੋਨੀ

ਟੋਬੀਯਾਹ ਦਾ ਸਾਰਾ ਸਾਮਾਨ ਮੰਦਰ ਵਿੱਚੋਂ ਬਾਹਰ ਸੁੱਟੇ ਜਾਣ ਤੋਂ ਬਾਅਦ ਬਿਵਸਥਾ ਸਾਰ 23:3-6 ਵਿਚ ਦਰਜ ਕਾਨੂੰਨ ਪੜ੍ਹ ਕੇ ਸੁਣਾਇਆ ਗਿਆ ਤੇ ਲਾਗੂ ਕੀਤਾ ਗਿਆ। ਯਹੋਵਾਹ ਨੇ ਸਾਫ਼-ਸਾਫ਼ ਕਿਹਾ ਸੀ ਕਿ ਅੰਮੋਨੀਆਂ ਤੇ ਮੋਆਬੀਆਂ ਨੂੰ ਇਜ਼ਰਾਈਲੀਆਂ ਦੀ ਮੰਡਲੀ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ। (ਨਹ. 13:1-3) ਇਹ ਕਾਨੂੰਨ ਹਜ਼ਾਰ ਸਾਲ ਪਹਿਲਾਂ ਦਿੱਤਾ ਗਿਆ ਸੀ ਕਿਉਂਕਿ ਜਦੋਂ ਇਜ਼ਰਾਈਲੀ ਵਾਅਦਾ ਕੀਤੇ ਦੇਸ਼ ਵਿਚ ਦਾਖ਼ਲ ਹੋਣ ਵਾਲੇ ਸਨ, ਤਾਂ ਅੰਮੋਨੀਆਂ ਤੇ ਮੋਆਬੀਆਂ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਉਹ ਕਾਨੂੰਨੀ ਤੌਰ ਤੇ ਇਜ਼ਰਾਈਲ ਕੌਮ ਦਾ ਹਿੱਸਾ ਨਹੀਂ ਬਣ ਸਕਦੇ ਸਨ ਅਤੇ ਉਨ੍ਹਾਂ ਨੂੰ ਉਹ ਸਾਰੇ ਹੱਕ ਅਤੇ ਸਹੂਲਤਾਂ ਨਹੀਂ ਮਿਲ ਸਕਦੀਆਂ ਸਨ ਜੋ ਇਜ਼ਰਾਈਲੀਆਂ ਨੂੰ ਮਿਲਦੀਆਂ ਸਨ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਕੋਈ ਵੀ ਅੰਮੋਨੀ ਤੇ ਮੋਆਬੀ ਇਜ਼ਰਾਈਲੀਆਂ ਨਾਲ ਮਿਲ-ਜੁਲ ਨਹੀਂ ਸਕਦਾ ਸੀ ਜਾਂ ਉਨ੍ਹਾਂ ਵਿਚ ਆ ਕੇ ਰਹਿ ਨਹੀਂ ਸਕਦਾ ਸੀ। ਇਨ੍ਹਾਂ ਕੌਮਾਂ ਵਿੱਚੋਂ ਕੁਝ ਲੋਕਾਂ ਨੂੰ ਉਨ੍ਹਾਂ ਬਰਕਤਾਂ ਤੋਂ ਫ਼ਾਇਦਾ ਹੋਇਆ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦਿੱਤੀਆਂ ਸਨ। ਉਦਾਹਰਣ ਲਈ, ਅੰਮੋਨੀ ਸਲਕ ਨੂੰ ਜੋ ਦਾਊਦ ਦੇ ਮੁੱਖ ਯੋਧਿਆਂ ਵਿੱਚੋਂ ਸੀ ਅਤੇ ਮੋਆਬਣ ਰੂਥ ਨੂੰ।​—ਰੂਥ 1:4, 16-18.

w13 8/15 4 ਪੈਰੇ 5-6

ਤੁਹਾਨੂੰ ਪਵਿੱਤਰ ਕੀਤਾ ਗਿਆ ਹੈ

5 ਨਹਮਯਾਹ 13:4-9 ਪੜ੍ਹੋ। ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਬੁਰੇ ਕੰਮ ਕਰਦੇ ਹਨ ਅਤੇ ਇਸ ਕਾਰਨ ਸਾਡੇ ਲਈ ਪਵਿੱਤਰ ਰਹਿਣਾ ਆਸਾਨ ਨਹੀਂ ਹੈ। ਜ਼ਰਾ ਅਲਯਾਸ਼ੀਬ ਤੇ ਟੋਬੀਯਾਹ ਨੂੰ ਲੈ ਲਓ। ਅਲਯਾਸ਼ੀਬ ਮਹਾਂ ਪੁਜਾਰੀ ਸੀ ਅਤੇ ਟੋਬੀਯਾਹ ਇਕ ਅੰਮੋਨੀ ਤੇ ਉਹ ਸ਼ਾਇਦ ਯਹੂਦੀਆ ਵਿਚ ਫ਼ਾਰਸੀ ਰਾਜੇ ਲਈ ਕੰਮ ਕਰਦਾ ਸੀ। ਜਦ ਨਹਮਯਾਹ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਆਇਆ, ਤਾਂ ਟੋਬੀਯਾਹ ਤੇ ਉਸ ਦੇ ਸਾਥੀਆਂ ਨੇ ਨਹਮਯਾਹ ਦਾ ਵਿਰੋਧ ਕੀਤਾ ਸੀ। (ਨਹ. 2:10) ਅੰਮੋਨੀ ਲੋਕਾਂ ਦਾ ਮੰਦਰ ਵਿਚ ਆਉਣਾ ਮਨ੍ਹਾ ਸੀ। (ਬਿਵ. 23:3) ਤਾਂ ਫਿਰ ਮਹਾਂ ਪੁਜਾਰੀ ਨੇ ਟੋਬੀਯਾਹ ਵਰਗੇ ਆਦਮੀ ਨੂੰ ਮੰਦਰ ਦੀ ਇਕ ਕੋਠੜੀ ਵਿਚ ਰਹਿਣ ਲਈ ਜਗ੍ਹਾ ਕਿਉਂ ਦਿੱਤੀ ਸੀ?

6 ਇਸ ਦੇ ਤਿੰਨ ਕਾਰਨ ਸਨ: ਪਹਿਲਾ, ਟੋਬੀਯਾਹ, ਅਲਯਾਸ਼ੀਬ ਦਾ ਦੋਸਤ ਸੀ। ਦੂਜਾ, ਟੋਬੀਯਾਹ ਤੇ ਉਸ ਦੇ ਬੇਟੇ ਯਹੋਹਾਨਾਨ ਨੇ ਯਹੂਦੀ ਤੀਵੀਆਂ ਨਾਲ ਵਿਆਹ ਕਰਾਇਆ ਸੀ ਅਤੇ ਬਹੁਤ ਸਾਰੇ ਯਹੂਦੀ ਟੋਬੀਯਾਹ ਬਾਰੇ ਚੰਗਾ ਬੋਲਦੇ ਸਨ। (ਨਹ. 6:17-19) ਤੀਜਾ, ਅਲਯਾਸ਼ੀਬ ਦੇ ਇਕ ਪੋਤੇ ਦਾ ਵਿਆਹ ਸਨਬੱਲਟ ਦੀ ਧੀ ਨਾਲ ਹੋਇਆ ਸੀ ਅਤੇ ਸਨਬੱਲਟ ਸਾਮਰੀਆ ਦਾ ਰਾਜਪਾਲ ਤੇ ਟੋਬੀਯਾਹ ਦਾ ਜਿਗਰੀ ਦੋਸਤ ਸੀ। (ਨਹ. 13:28) ਸ਼ਾਇਦ ਇਸੇ ਦੋਸਤੀ ਕਰਕੇ ਮਹਾਂ ਪੁਜਾਰੀ ਅਲਯਾਸ਼ੀਬ ਟੋਬੀਯਾਹ ਦੀਆਂ ਗੱਲਾਂ ਵਿਚ ਆ ਗਿਆ ਭਾਵੇਂ ਉਹ ਯਹੋਵਾਹ ਦਾ ਵਿਰੋਧੀ ਸੀ। ਪਰ ਨਹਮਯਾਹ ਯਹੋਵਾਹ ਦਾ ਵਫ਼ਾਦਾਰ ਰਿਹਾ ਤੇ ਉਸ ਨੇ ਟੋਬੀਯਾਹ ਦਾ ਸਾਰਾ ਸਾਮਾਨ ਕੋਠੜੀ ਵਿੱਚੋਂ ਬਾਹਰ ਸੁੱਟ ਦਿੱਤਾ।

w96 3/1 24 ਪੈਰਾ 6

ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ

6 ਜੇਕਰ ਅਸੀਂ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਹਾਂ, ਤਾਂ ਅਸੀਂ ਉਨ੍ਹਾਂ ਸਾਰਿਆਂ ਨਾਲ ਮਿੱਤਰਤਾ ਕਰਨ ਤੋਂ ਪਰਹੇਜ਼ ਕਰਾਂਗੇ ਜੋ ਉਸ ਦੇ ਵੈਰੀ ਹਨ। ਇਸੇ ਲਈ ਚੇਲੇ ਯਾਕੂਬ ਨੇ ਲਿਖਿਆ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਅਸੀਂ ਉਹ ਨਿਸ਼ਠਾ ਰੱਖਣੀ ਚਾਹੁੰਦੇ ਹਾਂ ਜੋ ਰਾਜਾ ਦਾਊਦ ਨੇ ਪ੍ਰਗਟ ਕੀਤੀ ਜਦੋਂ ਉਸ ਨੇ ਕਿਹਾ: “ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ? ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ? ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, ਓਹ ਮੇਰੇ ਵੈਰੀ ਹੋ ਗਏ ਹਨ।” (ਜ਼ਬੂਰ 139:21, 22) ਅਸੀਂ ਕਿਸੇ ਵੀ ਹਠੀਲੇ ਪਾਪੀਆਂ ਨਾਲ ਮੇਲ-ਮਿਲਾਪ ਨਹੀਂ ਰੱਖਣਾ ਚਾਹੁੰਦੇ ਹਾਂ, ਕਿਉਂ ਜੋ ਉਨ੍ਹਾਂ ਅਤੇ ਸਾਡੇ ਵਿਚ ਕੁਝ ਸਾਂਝਾ ਨਹੀਂ ਹੈ। ਕੀ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਸਾਨੂੰ ਯਹੋਵਾਹ ਦੇ ਅਜਿਹੇ ਕਿਸੇ ਵੀ ਵੈਰੀਆਂ ਨਾਲ ਮੇਲ-ਜੋਲ ਰੱਖਣ ਤੋਂ ਦੂਰ ਨਹੀਂ ਰੱਖੇਗੀ, ਭਾਵੇਂ ਕਿ ਇਹ ਕਿਸੇ ਵਿਅਕਤੀ ਦੇ ਨਾਲ ਜਾਂ ਟੈਲੀਵਿਯਨ ਦੇ ਮਾਧਿਅਮ ਦੁਆਰਾ ਮੇਲ-ਜੋਲ ਰੱਖਣਾ ਹੋਵੇ?

ਹੀਰੇ-ਮੋਤੀ

it-2 452 ਪੈਰਾ 9

ਸੰਗੀਤ

ਮੰਦਰ ਵਿਚ ਗੀਤ ਗਾਉਣੇ ਇਕ ਅਹਿਮ ਜ਼ਿੰਮੇਵਾਰੀ ਸੀ। ਅਸੀਂ ਇਹ ਗੱਲ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਵਿਚ ਗਾਇਕਾਂ ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਗਾਇਕ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਣ, ਇਸ ਲਈ ਉਨ੍ਹਾਂ ਨੂੰ “ਹੋਰ ਕੰਮਾਂ ਤੋਂ ਛੋਟ ਦਿੱਤੀ ਗਈ ਸੀ” ਜੋ ਆਮ ਤੌਰ ਤੇ ਦੂਜੇ ਲੇਵੀ ਕਰਦੇ ਸਨ। (1 ਇਤਿ 9:33) ਜਦੋਂ ਇਜ਼ਰਾਈਲੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਮੁੜੇ, ਤਾਂ ਗਾਇਕਾਂ ਦਾ ਜ਼ਿਕਰ ਲੇਵੀਆਂ ਵਿਚ ਨਹੀਂ, ਸਗੋਂ ਅਲੱਗ ਤੋਂ ਕੀਤਾ ਜਾਂਦਾ ਸੀ। (ਅਜ਼ 2:40, 41) ਇੱਥੋਂ ਤਕ ਕਿ ਫ਼ਾਰਸੀ ਰਾਜੇ ਅਰਤਹਸ਼ਸਤਾ ਨੇ ਹੋਰ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੇ ਨਾਲ-ਨਾਲ ਗਾਇਕਾਂ ਨੂੰ ਵੀ “ਟੈਕਸ, ਨਜ਼ਰਾਨਾ ਜਾਂ ਚੁੰਗੀ“ ਮਾਫ਼ ਕੀਤੀ ਸੀ। (ਅਜ਼ 7:24) ਬਾਅਦ ਵਿਚ ਰਾਜੇ ਦੇ ਹੁਕਮ ਅਨੁਸਾਰ “ਹਰ ਦਿਨ ਦੀ ਲੋੜ ਮੁਤਾਬਕ ਗਾਇਕਾਂ ਲਈ ਇਕ ਪੱਕਾ ਇੰਤਜ਼ਾਮ ਕੀਤਾ ਗਿਆ ਸੀ।“ ਪਰ ਹੋ ਸਕਦਾ ਹੈ ਕਿ ਅਸਲ ਵਿਚ ਇਹ ਫ਼ਰਮਾਨ ਅਜ਼ਰਾ ਨੇ ਜਾਰੀ ਕੀਤਾ ਸੀ ਕਿਉਂਕਿ ਰਾਜੇ ਨੇ ਉਸ ਨੂੰ ਇੱਦਾਂ ਕਰਨ ਦਾ ਅਧਿਕਾਰ ਦਿੱਤਾ ਸੀ। (ਨਹ 11:23; ਅਜ਼ 7:18-26) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚਾਹੇ ਗਾਇਕ ਲੇਵੀ ਸਨ, ਪਰ ਬਾਈਬਲ ਵਿਚ ਉਨ੍ਹਾਂ ਬਾਰੇ ਅਲੱਗ ਤੋਂ ਦੱਸਿਆ ਗਿਆ ਹੈ, ਆਇਤਾਂ ਵਿਚ “ਗਾਇਕਾਂ ਅਤੇ ਲੇਵੀਆਂ” ਲਿਖਿਆ ਹੈ।​—ਨਹ 7:1; 13:10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ