ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr24 ਸਤੰਬਰ ਸਫ਼ੇ 1-12
  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2024
  • ਸਿਰਲੇਖ
  • 2-8 ਸਤੰਬਰ
  • 9-15 ਸਤੰਬਰ
  • 16-22 ਸਤੰਬਰ
  • 23-29 ਸਤੰਬਰ
  • 30 ਸਤੰਬਰ–6 ਅਕਤੂਬਰ
  • 7-13 ਅਕਤੂਬਰ
  • 14-20 ਅਕਤੂਬਰ
  • 21-27 ਅਕਤੂਬਰ
  • 28 ਅਕਤੂਬਰ–3 ਨਵੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2024
mwbr24 ਸਤੰਬਰ ਸਫ਼ੇ 1-12

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

© 2024 Watch Tower Bible and Tract Society of Pennsylvania

2-8 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 79-81

ਯਹੋਵਾਹ ਦੇ ਮਹਿਮਾਵਾਨ ਨਾਂ ਲਈ ਪਿਆਰ ਦਿਖਾਓ

w17.02 9 ਪੈਰਾ 5

ਰਿਹਾਈ ਦੀ ਕੀਮਤ ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”

5 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਪਿਆਰ ਕਰਦੇ ਹਾਂ? ਆਪਣੀ ਕਰਨੀ ਰਾਹੀਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪਵਿੱਤਰ ਰਹੀਏ। (1 ਪਤਰਸ 1:15, 16 ਪੜ੍ਹੋ।) ਇਸ ਦਾ ਮਤਲਬ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰੀਏ ਅਤੇ ਦਿਲੋਂ ਉਸ ਦਾ ਕਹਿਣਾ ਮੰਨੀਏ। ਸਤਾਏ ਜਾਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੇ ਦੱਸੇ ਰਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀ ਕੇ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ। (ਮੱਤੀ 5:14-16) ਸ਼ੁੱਧ ਜ਼ਿੰਦਗੀ ਜੀ ਕੇ ਅਸੀਂ ਸਾਬਤ ਕਰਦੇ ਹਾਂ ਕਿ ਯਹੋਵਾਹ ਦੇ ਕਾਨੂੰਨ ਸਾਡੇ ਭਲੇ ਲਈ ਹਨ ਅਤੇ ਸ਼ੈਤਾਨ ਝੂਠਾ ਹੈ। ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋਣਗੀਆਂ। ਪਰ ਇਸ ਤਰ੍ਹਾਂ ਹੋਣ ਤੇ ਅਸੀਂ ਸੱਚੇ ਦਿਲੋਂ ਪਛਤਾਵਾ ਕਰਦੇ ਹਾਂ ਅਤੇ ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਕੰਮਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।​—ਜ਼ਬੂ. 79:9.

ijwbv 3 ਪੈਰੇ 4-5

ਰੋਮੀਆਂ 10:13​—“ਜਿਹੜਾ ਪ੍ਰਭੁ ਦਾ ਨਾਮ ਲਵੇਗਾ”

ਜਦੋਂ ਬਾਈਬਲ ਵਿਚ ਕਿਹਾ ਜਾਂਦਾ ਹੈ ਕਿ ‘ਮੈਂ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ,’ ਤਾਂ ਇਸ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਅਸੀਂ ਸਿਰਫ਼ ਉਸ ਦਾ ਨਾਂ ਜਾਣੀਏ ਅਤੇ ਭਗਤੀ ਕਰਦਿਆਂ ਉਸ ਦੇ ਨਾਂ ਦਾ ਇਸਤੇਮਾਲ ਕਰੀਏ। (ਜ਼ਬੂਰਾਂ ਦੀ ਪੋਥੀ 116:12-14) ਸਗੋਂ ਇਸ ਵਿਚ ਇਹ ਗੱਲ ਵੀ ਸ਼ਾਮਲ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ ਅਤੇ ਮਦਦ ਲਈ ਉਸ ਨੂੰ ਪੁਕਾਰੀਏ।​—ਜ਼ਬੂਰਾਂ ਦੀ ਪੋਥੀ 20:7; 99:6.

ਯਿਸੂ ਲਈ ਰੱਬ ਦਾ ਨਾਂ ਬਹੁਤ ਖ਼ਾਸ ਸੀ। ਜਦੋਂ ਯਿਸੂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਉਸ ਨੇ ਸਭ ਤੋਂ ਪਹਿਲਾ ਇਹ ਸ਼ਬਦ ਕਹੇ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਯਿਸੂ ਨੇ ਇਹ ਵੀ ਸਿਖਾਇਆ ਕਿ ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਜਾਣੀਏ, ਉਸ ਦੇ ਆਗਿਆਕਾਰ ਰਹੀਏ ਅਤੇ ਉਸ ਨੂੰ ਪਿਆਰ ਕਰੀਏ।​—ਯੂਹੰਨਾ 17:3, 6, 26.

ਹੀਰੇ-ਮੋਤੀ

it-2 111

ਯੂਸੁਫ਼

ਯੂਸੁਫ਼ ਦੇ ਨਾਂ ਨੂੰ ਅਹਿਮੀਅਤ ਦਿੱਤੀ ਗਈ। ਯਾਕੂਬ ਦੇ ਮੁੰਡਿਆਂ ਵਿੱਚੋਂ ਯੂਸੁਫ਼ ਦੀ ਇਕ ਖ਼ਾਸ ਜਗ੍ਹਾ ਸੀ। ਇਸ ਲਈ ਉਸ ਦਾ ਨਾ ਇਜ਼ਰਾਈਲ ਦੇ ਸਾਰੇ ਗੋਤਾਂ ਲਈ (ਜ਼ਬੂ 80:1) ਜਾਂ ਉੱਤਰੀ ਰਾਜ ਦੇ ਦੱਸ ਗੋਤਾਂ ਲਈ ਵਰਤਿਆਂ ਗਿਆ। ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਵੀ ਉਸ ਦੇ ਨਾਂ ਜ਼ਿਕਰ ਕੀਤਾ ਗਿਆ ਹੈ।​—ਹਿਜ਼ 47:13; ਹਿਜ਼ 48:32, 35; ਹਿਜ਼ 37:15-26; ਓਬ 18; ਜ਼ਕ 10:6; ਪ੍ਰਕਾ 7:8.

9-15 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 82-84

ਯਹੋਵਾਹ ਦੀ ਸੇਵਾ ਵਿਚ ਮਿਲੇ ਸਨਮਾਨਾਂ ਲਈ ਸ਼ੁਕਰਗੁਜ਼ਾਰ ਹੋਵੋ

wp16.6 8 ਪੈਰੇ 2-3

ਆਕਾਸ਼ ਦੇ ਪੰਛੀਆਂ ਤੋਂ ਸਬਕ

ਯਰੂਸ਼ਲਮ ਦੇ ਲੋਕ ਅਬਾਬੀਲ ਪੰਛੀ ਬਾਰੇ ਜਾਣਦੇ ਸਨ ਇਹ ਪੰਛੀ ਆਪਣੇ ਆਲ੍ਹਣੇ ਘਰਾਂ ਦੀਆਂ ਛੱਤਾਂ ਹੇਠ ਬਣਾਉਂਦੇ ਹਨ ਇਨ੍ਹਾਂ ਵਿੱਚੋਂ ਕੁਝ ਚਿੜੀਆਂ ਨੇ ਆਪਣੇ ਆਲ੍ਹਣੇ ਸੁਲੇਮਾਨ ਦੇ ਮੰਦਰ ਵਿਚ ਬਣਾਏ ਸਨ ਉੱਥੇ ਇਹ ਚਿੜੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਸਨ ਤੇ ਆਪਣੇ ਬੱਚੇ ਪਾਲ਼ ਸਕਦੀਆਂ ਸਨ।

ਜ਼ਬੂਰ 84 ਲਿਖਣ ਵਾਲਾ ਕੌਰਹ ਦਾ ਇਕ ਮੁੰਡਾ ਸੀ। ਉਹ ਹਰ ਛੇ ਮਹੀਨੇ ਵਿਚ ਇਕ ਵਾਰ ਹਫ਼ਤੇ ਲਈ ਮੰਦਰ ਵਿਚ ਸੇਵਾ ਕਰਦਾ ਸੀ। ਉਸ ਨੇ ਮੰਦਰ ਵਿਚ ਬਣੇ ਆਲ੍ਹਣਿਆਂ ਨੂੰ ਦੇਖਿਆ। ਉਸ ਨੂੰ ਲੱਗਾ ਕਿ ਕਾਸ਼! ਉਹ ਵੀ ਅਬਾਬੀਲ ਵਾਂਗ ਹਮੇਸ਼ਾ ਲਈ ਯਹੋਵਾਹ ਦੇ ਮੰਦਰ ਵਿਚ ਰਹਿ ਪਾਉਂਦਾ। ਇਸ ਲਈ ਉਸ ਨੇ ਲਿਖਿਆ: “ਹੇ ਸੈਨਾਵਾਂ ਦੇ ਯਹੋਵਾਹ, ਮੈਨੂੰ ਤੇਰੇ ਸ਼ਾਨਦਾਰ ਡੇਰੇ ਨਾਲ ਕਿੰਨਾ ਪਿਆਰ ਹੈ! ਯਹੋਵਾਹ ਦੇ ਘਰ ਦੇ ਵਿਹੜਿਆਂ ਨੂੰ ਦੇਖਣ ਲਈ ਮੇਰਾ ਮਨ ਤਰਸ ਰਿਹਾ ਹੈ, ਮੈਂ ਉੱਥੇ ਜਾਣ ਲਈ ਉਤਾਵਲਾ ਹਾਂ, . . . ਹੇ ਸੈਨਾਵਾਂ ਦੇ ਯਹੋਵਾਹ, ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ, ਤੇਰੀ ਸ਼ਾਨਦਾਰ ਵੇਦੀ ਦੇ ਨੇੜੇ ਪੰਛੀ ਵੀ ਬਸੇਰਾ ਕਰਦੇ ਹਨ, ਉੱਥੇ ਅਬਾਬੀਲ ਆਪਣਾ ਆਲ੍ਹਣਾ ਪਾਉਂਦੀ ਹੈ ਅਤੇ ਆਪਣੇ ਬੱਚੇ ਪਾਲਦੀ ਹੈ।” (ਜ਼ਬੂਰ 84:1-3) ਕੀ ਅਸੀਂ ਵੀ, ਇੱਥੋਂ ਤਕ ਕਿ ਸਾਡੇ ਬੱਚੇ ਅਤੇ ਨੌਜਵਾਨ ਵੀ ਮੰਡਲੀ ਦੀਆਂ ਮੀਟਿੰਗਾਂ ਅਤੇ ਭੈਣਾਂ-ਭਰਾਵਾਂ ਦੀ ਕਦਰ ਕਰਦੇ ਹਾਂ? ਕੀ ਅਸੀਂ ਮੀਟਿੰਗਾਂ ਤੇ ਜਾਣ ਅਤੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਤਰਸਦੇ ਹਾਂ?—ਜ਼ਬੂਰ 26:8, 12.

w08 7/15 30 ਪੈਰੇ 3-4

ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ

ਬੁਢਾਪਾ ਜਾਂ ਮਾੜੀ ਸਿਹਤ ਕਰਕੇ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਪਾਉਂਦੇ। ਜੇ ਤੁਹਾਡੇ ਛੋਟੇ-ਛੋਟੇ ਬੱਚੇ ਹਨ, ਤਾਂ ਤੁਹਾਨੂੰ ਸ਼ਾਇਦ ਲੱਗੇ ਕਿ ਜ਼ਿਆਦਾਤਰ ਸਮਾਂ ਤੇ ਤਾਕਤ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਹੀ ਲੱਗ ਜਾਂਦੀ ਹੈ। ਇਸ ਦੇ ਕਾਰਨ ਤੁਸੀਂ ਮੀਟਿੰਗਾਂ ਤੋਂ ਬਹੁਤਾ ਲਾਭ ਨਹੀਂ ਉਠਾ ਪਾਉਂਦੇ ਜਾਂ ਤੁਹਾਨੂੰ ਬਾਈਬਲ ਪੜ੍ਹਨ ਲਈ ਇੰਨਾ ਸਮਾਂ ਨਹੀਂ ਮਿਲਦਾ। ਪਰ ਇਹ ਨਾ ਦੇਖੋ ਕਿ ਤੁਸੀਂ ਕੀ ਨਹੀਂ ਕਰ ਸਕਦੇ, ਸਗੋਂ ਦੇਖੋ ਕਿ ਤੁਸੀਂ ਕਰ ਕੀ ਸਕਦੇ ਹੋ।

ਹਜ਼ਾਰਾਂ ਸਾਲ ਪਹਿਲਾਂ ਇਕ ਲੇਵੀ ਅਜਿਹਾ ਕੁਝ ਕਰਨਾ ਚਾਹੁੰਦਾ ਸੀ ਜੋ ਉਸ ਦੇ ਵੱਸ ਦੀ ਗੱਲ ਨਹੀਂ ਸੀ। ਭਾਵੇਂ ਉਸ ਨੂੰ ਹੈਕਲ ਵਿਚ ਹਰ ਸਾਲ ਦੋ ਹਫ਼ਤੇ ਸੇਵਾ ਕਰਨ ਦਾ ਮੌਕਾ ਮਿਲਦਾ ਸੀ, ਪਰ ਉਹ ਹਮੇਸ਼ਾ ਜਗਵੇਦੀ ਦੇ ਨੇੜੇ ਸੇਵਾ ਕਰਨ ਲਈ ਤਰਸਦਾ ਸੀ। (ਜ਼ਬੂ. 84:1-3) ਭਾਵੇਂ ਉਸ ਦੀ ਇਹ ਤਮੰਨਾ ਪੂਰੀ ਨਹੀਂ ਹੋਈ, ਫਿਰ ਵੀ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦਾ ਰਿਹਾ। ਇੱਦਾਂ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਸ ਨੇ ਇਸ ਗੱਲ ʼਤੇ ਗੌਰ ਕੀਤਾ ਕਿ ਯਹੋਵਾਹ ਦੀ ਹੈਕਲ ਵਿਚ ਇਕ ਦਿਨ ਵੀ ਸੇਵਾ ਕਰਨੀ ਬਹੁਤ ਵੱਡਾ ਸਨਮਾਨ ਸੀ! (ਜ਼ਬੂ. 84:4, 5, 10) ਸਾਨੂੰ ਵੀ ਉਸ ਲੇਵੀ ਵਾਂਗ ਯਹੋਵਾਹ ਦੀ ਸੇਵਾ ਵਿਚ ਬਿਤਾਏ ਹਰ ਪਲ ਨੂੰ ਕੀਮਤੀ ਸਮਝਣਾ ਚਾਹੀਦਾ ਹੈ।

w20.01 17 ਪੈਰਾ 12

ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!

12 ਕਿਸੇ ਬੀਮਾਰੀ ਵਿੱਚੋਂ ਲੰਘਦੇ ਵੇਲੇ ਹੌਸਲਾ ਰੱਖੋ ਕਿ ਯਹੋਵਾਹ ਜਾਣਦਾ ਹੈ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਆਪਣੇ ਹਾਲਾਤ ਬਾਰੇ ਸਹੀ ਨਜ਼ਰੀਆ ਰੱਖਣ ਲਈ ਉਸ ਅੱਗੇ ਤਰਲੇ ਕਰੋ। ਫਿਰ ਉਨ੍ਹਾਂ ਦਿਲਾਸੇ ਭਰੇ ਸ਼ਬਦਾਂ ਦੀ ਖੋਜ ਕਰੋ ਜੋ ਯਹੋਵਾਹ ਨੇ ਤੁਹਾਡੇ ਲਈ ਬਾਈਬਲ ਵਿਚ ਲਿਖਵਾਏ ਹਨ। ਉਨ੍ਹਾਂ ਹਵਾਲਿਆਂ ʼਤੇ ਧਿਆਨ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿੰਨਾ ਅਨਮੋਲ ਸਮਝਦਾ ਹੈ। ਇੱਦਾਂ ਕਰਦੇ ਹੋਏ ਤੁਸੀਂ ਦੇਖੋਗੇ ਕਿ ਯਹੋਵਾਹ ਉਨ੍ਹਾਂ ਸਾਰਿਆਂ ਦਾ ਭਲਾ ਕਰਦਾ ਹੈ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।​—ਜ਼ਬੂ. 84:11.

ਹੀਰੇ-ਮੋਤੀ

it-1 816

ਯਤੀਮ

ਇਜ਼ਰਾਈਲ ਵਿਚ ਜਦੋਂ ਕੋਈ ਯਤੀਮਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਸੀ, ਤਾਂ ਇਸ ਤੋਂ ਪਤਾ ਲੱਗਦਾ ਸੀ ਕਿ ਉਸ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਸੀ। (ਜ਼ਬੂ 82:3; 94:6; ਯਸਾ 1:17, 23; ਯਿਰ 7:5-7; 22:3; ਹਿਜ਼ 22:7; ਜ਼ਕ 7:9-11; ਮਲਾ 3:5) ਜੇ ਕੋਈ ਕਿਸੇ ਯਤੀਮ ਨਾਲ ਬੁਰਾ ਸਲੂਕ ਕਰਦਾ ਸੀ, ਤਾਂ ਉਸ ʼਤੇ ਯਹੋਵਾਹ ਦਾ ਸਰਾਪ ਪੈਂਦਾ ਸੀ। (ਬਿਵ 27:19; ਯਸਾ 10:1, 2) ਯਹੋਵਾਹ ਅਜਿਹੇ ਯਤੀਮਾਂ ਦਾ ਹਮੇਸ਼ਾ ਖ਼ਿਆਲ ਰੱਖਦਾ ਹੈ। (ਕਹਾ 23:10, 11; ਜ਼ਬੂ 10:14; ਜ਼ਬੂ 68:5; ਬਿਵ 10:17, 18; ਹੋਸ਼ੇ 14:3; ਜ਼ਬੂ 146:9; ਯਿਰ 49:11) ਸੱਚੇ ਮਸੀਹੀ ਹੋਣ ਦੀ ਨਿਸ਼ਾਨੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਲਈ ਪਿਆਰ ਤੇ ਪਰਵਾਹ ਦਿਖਾਈਏ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹਨ।​—ਯਾਕੂ 1:27.

16-22 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 85-87

ਪ੍ਰਾਰਥਨਾ ਧੀਰਜ ਰੱਖਣ ਵਿਚ ਮਦਦ ਕਰਦੀ ਹੈ

w12 5/15 25 ਪੈਰਾ 10

ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ?

10 ਪਰਮੇਸ਼ੁਰ ਦੀ ਮਹਿਮਾ ਕਰਨ ਲਈ ਸਾਨੂੰ “ਪ੍ਰਾਰਥਨਾ ਲਗਾਤਾਰ ਕਰਦੇ” ਰਹਿਣ ਦੀ ਵੀ ਲੋੜ ਹੈ। (ਰੋਮੀ. 12:12) ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰਨ ਲਈ ਸਾਨੂੰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗਣੀ ਚਾਹੀਦੀ ਹੈ। ਅਸੀਂ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ, ਹੋਰ ਨਿਹਚਾ, ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਾਕਤ ਤੇ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਾਉਣ’ ਦੀ ਕਾਬਲੀਅਤ ਮੰਗ ਸਕਦੇ ਹਾਂ। (2 ਤਿਮੋ. 2:15; ਮੱਤੀ 6:13; ਲੂਕਾ 11:13; 17:5) ਜਿੱਦਾਂ ਇਕ ਬੱਚਾ ਆਪਣੇ ਪਿਤਾ ʼਤੇ ਨਿਰਭਰ ਹੁੰਦਾ ਹੈ, ਉੱਦਾਂ ਹੀ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ʼਤੇ ਨਿਰਭਰ ਹੋਣ ਦੀ ਲੋੜ ਹੈ। ਸਾਨੂੰ ਭਰੋਸਾ ਹੈ ਕਿ ਜੇ ਅਸੀਂ ਉਸ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰਨ ਲਈ ਮਦਦ ਮੰਗਦੇ ਹਾਂ, ਤਾਂ ਉਹ ਸਾਡੀ ਮਦਦ ਜ਼ਰੂਰ ਕਰੇਗਾ। ਸਾਨੂੰ ਇੱਦਾਂ ਕਦੀ ਵੀ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਖੇਚਲ਼ ਦੇ ਰਹੇ ਹਾਂ! ਆਓ ਅਸੀਂ ਪ੍ਰਾਰਥਨਾ ਵਿਚ ਉਸ ਦੀ ਵਡਿਆਈ ਕਰੀਏ, ਉਸ ਦਾ ਸ਼ੁਕਰ ਕਰੀਏ ਤੇ ਖ਼ਾਸ ਕਰਕੇ ਅਜ਼ਮਾਇਸ਼ਾਂ ਦੌਰਾਨ ਉਸ ਦੀ ਸਲਾਹ ਲਈਏ। ਇਸ ਦੇ ਨਾਲ-ਨਾਲ ਸਾਨੂੰ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰਨ ਲਈ ਮਦਦ ਮੰਗਣੀ ਚਾਹੀਦੀ ਹੈ।​—ਜ਼ਬੂ. 86:12; ਯਾਕੂ. 1:5-7.

w23.05 13 ਪੈਰੇ 17-18

ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?

17 ਜ਼ਬੂਰ 86:6, 7 ਪੜ੍ਹੋ। ਦਾਊਦ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਵਾਬ ਦਿੱਤਾ। ਦਾਊਦ ਵਾਂਗ ਅਸੀਂ ਵੀ ਇਹੀ ਭਰੋਸਾ ਰੱਖ ਸਕਦੇ ਹਾਂ। ਇਸ ਲੇਖ ਵਿਚ ਅਸੀਂ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਵੀ ਬੁੱਧ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਸਕਦਾ ਹੈ। ਉਹ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ ਜਾਂ ਉਨ੍ਹਾਂ ਰਾਹੀਂ ਵੀ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ।

18 ਸ਼ਾਇਦ ਯਹੋਵਾਹ ਹਰ ਵਾਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਨਾ ਦੇਵੇ ਜਿੱਦਾਂ ਅਸੀਂ ਉਮੀਦ ਕੀਤੀ ਹੋਵੇ। ਪਰ ਅਸੀਂ ਜਾਣਦੇ ਹਾਂ ਕਿ ਉਹ ਜਵਾਬ ਜ਼ਰੂਰ ਦੇਵੇਗਾ। ਉਹ ਜਾਣਦਾ ਹੈ ਕਿ ਸਾਨੂੰ ਕਦੋਂ ਕਿਸ ਚੀਜ਼ ਦੀ ਲੋੜ ਹੈ ਅਤੇ ਸਹੀ ਸਮੇਂ ʼਤੇ ਉਹ ਸਾਨੂੰ ਉਹੀ ਦੇਵੇਗਾ। ਇਸ ਲਈ ਨਿਹਚਾ ਰੱਖਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਅਤੇ ਭਰੋਸਾ ਰੱਖੋ ਕਿ ਉਹ ਅੱਜ ਵੀ ਤੁਹਾਡਾ ਖ਼ਿਆਲ ਰੱਖੇਗਾ। ਨਾਲੇ ਨਵੀਂ ਦੁਨੀਆਂ ਵਿਚ ਉਹ ਸਾਰੇ “ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ” ਕਰੇਗਾ।​—ਜ਼ਬੂ. 145:16.

ਹੀਰੇ-ਮੋਤੀ

it-1 1058 ਪੈਰਾ 5

ਦਿਲ, ਮਨ

“ਪੂਰੇ ਦਿਲ ਨਾਲ” ਸੇਵਾ ਕਰਨੀ। ਇਸ ਤੋਂ ਪਤਾ ਲੱਗਦਾ ਹੈ ਕਿ ਇਕ ਇਨਸਾਨ ਦਾ ਦਿਲ ਦੁਚਿੱਤਾ ਹੋ ਸਕਦਾ ਹੈ। (ਜ਼ਬੂ 86:11) ਹੋ ਸਕਦਾ ਹੈ ਕਿ ਇਕ ਇਨਸਾਨ ਬਹੁਤੀ ਦਿਲਚਸਪੀ ਨਾ ਰੱਖੇ ਤੇ ਅੱਧੇ-ਅਧੂਰੇ ਦਿਲ ਨਾਲ ਭਗਤੀ ਕਰੇ। (ਜ਼ਬੂ 119:113; ਪ੍ਰਕਾ 3:16) ਇਹ ਵੀ ਹੋ ਸਕਦਾ ਹੈ ਕਿ ਇਕ ਇਨਸਾਨ ਦਾ ਦਿਲ ਦੋ ਪਾਸੇ ਹੋਵੇ ਯਾਨੀ ਦੋ ਮਾਲਕਾਂ ਦੀ ਸੇਵਾ ਕਰੇ ਜਾਂ ਉਹ ਕਹਿੰਦਾ ਕੁਝ ਹੋਰ ਹੋਵੇ ਅਤੇ ਕਰਦਾ ਕੁਝ ਹੋਰ। (1 ਇਤਿ 12:33; ਜ਼ਬੂ 12:2, ਫੁਟਨੋਟ)

23-29 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 88-89

ਯਹੋਵਾਹ ਹੀ ਸਭ ਤੋਂ ਚੰਗਾ ਰਾਜਾ ਹੈ

w17.06 28 ਪੈਰਾ 5

ਯਹੋਵਾਹ ਦੇ ਰਾਜ ਦਾ ਪੱਖ ਲਓ!

5 ਇਕ ਹੋਰ ਕਾਰਨ ʼਤੇ ਗੌਰ ਕਰੋ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਕਿਉਂ ਹੈ। ਉਹ ਆਪਣੇ ਅਧਿਕਾਰ ਨੂੰ ਕਦੀ ਵੀ ਗ਼ਲਤ ਤਰੀਕੇ ਨਾਲ ਨਹੀਂ ਵਰਤਦਾ। ਉਹ ਸਾਨੂੰ ਦੱਸਦਾ ਹੈ: “ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ।” (ਯਿਰ. 9:24) ਸਹੀ-ਗ਼ਲਤ ਦਾ ਫ਼ੈਸਲਾ ਕਰਨ ਲਈ ਯਹੋਵਾਹ ਨੂੰ ਸਾਡੇ ਕਾਨੂੰਨਾਂ ਦੀ ਕੋਈ ਲੋੜ ਨਹੀਂ, ਸਗੋਂ ਨਿਆਂ ਦਾ ਪਰਮੇਸ਼ੁਰ ਹੋਣ ਕਰਕੇ ਉਸ ਨੇ ਹੀ ਸਾਨੂੰ ਕਾਨੂੰਨ ਦਿੱਤੇ ਹਨ ਅਤੇ ਸਹੀ-ਗ਼ਲਤ ਲਈ ਮਿਆਰ ਠਹਿਰਾਏ ਹਨ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧਰਮ ਤੇ ਨਿਆਉਂ ਤੇਰੀ ਰਾਜ ਗੱਦੀ ਦੀ ਨੀਂਹ ਹਨ।” ਇਸ ਲਈ ਯਹੋਵਾਹ ਦੇ ਕਾਨੂੰਨ, ਅਸੂਲ ਅਤੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ। (ਜ਼ਬੂ. 89:14; 119:128) ਭਾਵੇਂ ਕਿ ਸ਼ੈਤਾਨ ਯਹੋਵਾਹ ਨੂੰ ਮਾੜਾ ਰਾਜਾ ਕਹਿੰਦਾ ਹੈ, ਪਰ ਕੀ ਸ਼ੈਤਾਨ ਨੇ ਇਸ ਦੁਨੀਆਂ ਨਾਲ ਨਿਆਂ ਕੀਤਾ ਹੈ?

w17.06 29 ਪੈਰੇ 10-11

ਯਹੋਵਾਹ ਦੇ ਰਾਜ ਦਾ ਪੱਖ ਲਓ

10 ਯਹੋਵਾਹ ਇਕ ਕਠੋਰ ਜਾਂ ਪੱਥਰ-ਦਿਲ ਰਾਜਾ ਨਹੀਂ ਹੈ। ਉਸ ਦੇ ਸਾਰੇ ਸੇਵਕ ਉਸ ਦਾ ਕਹਿਣਾ ਮੰਨ ਕੇ ਖ਼ੁਸ਼ ਅਤੇ ਆਜ਼ਾਦ ਮਹਿਸੂਸ ਕਰਦੇ ਹਨ। (2 ਕੁਰਿੰ. 3:17) ਦਾਊਦ ਨੇ ਯਹੋਵਾਹ ਬਾਰੇ ਕਿਹਾ: “ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, ਬਲ ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ।” (1 ਇਤ. 16:7, 27) ਜ਼ਬੂਰਾਂ ਦੇ ਇਕ ਲਿਖਾਰੀ ਏਥਾਨ ਨੇ ਲਿਖਿਆ: “ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ! ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।”​—ਜ਼ਬੂ. 89:15, 16.

11 ਜਿਨ੍ਹਾਂ ਜ਼ਿਆਦਾ ਅਸੀਂ ਯਹੋਵਾਹ ਦੇ ਚੰਗੇ ਗੁਣਾਂ ਬਾਰੇ ਸੋਚਦੇ ਹਾਂ, ਉਨ੍ਹਾਂ ਹੀ ਜ਼ਿਆਦਾ ਸਾਨੂੰ ਯਕੀਨ ਹੁੰਦਾ ਹੈ ਕਿ ਉਹ ਹੀ ਸਭ ਤੋਂ ਵਧੀਆ ਰਾਜਾ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ ਪਰਮੇਸ਼ੁਰ ਬਾਰੇ ਕਹਾਂਗੇ: “ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ।” (ਜ਼ਬੂ. 84:10) ਯਹੋਵਾਹ ਨੇ ਹੀ ਸਾਨੂੰ ਬਣਾਇਆ ਹੈ ਇਸ ਲਈ ਉਹ ਹੀ ਜਾਣਦਾ ਹੈ ਕਿ ਕਿਹੜੀ ਚੀਜ਼ ਤੋਂ ਸਾਨੂੰ ਖ਼ੁਸ਼ ਮਿਲੇਗੀ। ਦਰਿਆ-ਦਿਲ ਹੋਣ ਕਰਕੇ ਉਹ ਸਾਡੀਆਂ ਲੋੜਾਂ ਤੋਂ ਵੀ ਵਧ ਸਾਨੂੰ ਦਿੰਦਾ ਹੈ। ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਕਹਿੰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ। ਉਸ ਦਾ ਕਹਿਣਾ ਮੰਨ ਕੇ ਹਮੇਸ਼ਾ ਖ਼ੁਸ਼ੀ ਮਿਲਦੀ ਹੈ, ਚਾਹੇ ਸਾਨੂੰ ਇਸ ਲਈ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ।​—ਯਸਾਯਾਹ 48:17 ਪੜ੍ਹੋ।

w14 10/15 10 ਪੈਰਾ 14

ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ

14 ਧਿਆਨ ਦਿਓ ਯਹੋਵਾਹ ਨੇ ਪੁਰਾਣੇ ਇਜ਼ਰਾਈਲ ਦੇ ਰਾਜਾ ਦਾਊਦ ਨਾਲ ਇਕਰਾਰ ਕਰ ਕੇ ਕੀ ਵਾਅਦਾ ਕੀਤਾ ਸੀ। (2 ਸਮੂਏਲ 7:12, 16 ਪੜ੍ਹੋ।) ਯਹੋਵਾਹ ਨੇ ਦਾਊਦ ਨਾਲ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਯਰੂਸ਼ਲਮ ਵਿਚ ਰਾਜ ਕਰ ਰਿਹਾ ਸੀ। ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮਸੀਹ ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗਾ। (ਲੂਕਾ 1:30-33) ਇਸ ਤਰ੍ਹਾਂ, ਯਹੋਵਾਹ ਨੇ ਇਹ ਗੱਲ ਹੋਰ ਸਾਫ਼ ਕਰ ਦਿੱਤੀ ਕਿ ਸੰਤਾਨ ਕਿਹਦੀ ਪੀੜ੍ਹੀ ਵਿਚ ਪੈਦਾ ਹੋਵੇਗੀ ਅਤੇ ਦਾਊਦ ਦੇ ਇਕ ਵਾਰਸ ਕੋਲ ਮਸੀਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਦਾ “ਹੱਕ” ਹੋਵੇਗਾ। (ਹਿਜ਼. 21:25-27) ਯਿਸੂ ਰਾਹੀਂ ਦਾਊਦ ਦੀ ਰਾਜ-ਗੱਦੀ ਹਮੇਸ਼ਾ “ਕਾਇਮ ਰਹੇਗੀ।” ਦਾਊਦ ਦੀ ਸੰਤਾਨ ‘ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਬਣੀ ਰਹੇਗੀ।’ (ਜ਼ਬੂ. 89:34-37) ਜੀ ਹਾਂ, ਮਸੀਹ ਦਾ ਰਾਜ ਕਦੀ ਭ੍ਰਿਸ਼ਟ ਨਹੀਂ ਹੋਵੇਗਾ ਅਤੇ ਇਸ ਦੁਆਰਾ ਕੀਤੇ ਕੰਮਾਂ ਦੇ ਫ਼ਾਇਦੇ ਮਨੁੱਖਜਾਤੀ ਨੂੰ ਹਮੇਸ਼ਾ ਹੋਣਗੇ।

ਹੀਰੇ-ਮੋਤੀ

cl 281 ਪੈਰੇ 4-5

‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’

4 ਬਾਈਬਲ ਦੇ ਇਬਰਾਨੀ ਹਿੱਸੇ ਵਿਚ ਵਫ਼ਾਦਾਰ ਰਹਿਣ ਦਾ ਮਤਲਬ ਹੈ ਕਿ ਕੋਈ ਆਪਣੇ ਸਾਥੀ ਦਾ ਉਸ ਸਮੇਂ ਤਕ ਸਾਥ ਦਿੰਦਾ ਰਹੇ ਜਦ ਤਕ ਉਸ ਦੇ ਸਾਥੀ ਦੀ ਜ਼ਰੂਰਤ ਪੂਰੀ ਨਹੀਂ ਹੋ ਜਾਂਦੀ। ਵਫ਼ਾਦਾਰ ਇਨਸਾਨ ਪਿਆਰ ਕਰਨ ਵਾਲਾ ਇਨਸਾਨ ਹੁੰਦਾ ਹੈ। ਸਿਰਫ਼ ਇਨਸਾਨ ਹੀ ਪਿਆਰ ਅਤੇ ਵਫ਼ਾਦਾਰੀ ਕਰ ਸਕਦੇ ਹਨ। ਬੇਜਾਨ ਚੀਜ਼ਾਂ ਵਫ਼ਾਦਾਰੀ ਨਹੀਂ ਕਰ ਸਕਦੀਆਂ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਚੰਦ ਬਾਰੇ ਕਿਹਾ ਗਿਆ ਹੈ ਕਿ ਉਹ ‘ਗਗਣ ਵਿਚ ਸੱਚੀ ਸਾਖੀ’ ਦੇ ਨਾਤੇ ਹੈ ਯਾਨੀ ਉਹ ਹਰ ਰੋਜ਼ ਰਾਤ ਨੂੰ ਨਿਕਲਦਾ ਹੈ ਅਤੇ ਅਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 89:37) ਲੇਕਿਨ, ਚੰਦ ਨੂੰ ਇਨਸਾਨ ਵਾਂਗ ਕਦੇ ਵੀ ਵਫ਼ਾਦਾਰ ਨਹੀਂ ਸੱਦਿਆ ਜਾ ਸਕਦਾ ਕਿਉਂਕਿ ਇਨਸਾਨ ਪਿਆਰ ਦੇ ਕਾਰਨ ਵਫ਼ਾਦਾਰ ਹੁੰਦੇ ਹਨ ਅਤੇ ਬੇਜਾਨ ਚੀਜ਼ਾਂ ਪਿਆਰ ਨਹੀਂ ਕਰ ਸਕਦੀਆਂ।

5 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਲੋਕ ਇਕ-ਦੂਜੇ ਪ੍ਰਤੀ ਵਫ਼ਾਦਾਰ ਹੁੰਦੇ ਹਨ ਉਨ੍ਹਾਂ ਵਿਚ ਦਿਲਾਂ ਦੀ ਸਾਂਝ ਹੁੰਦੀ ਹੈ। ਵਫ਼ਾਦਾਰ ਇਨਸਾਨ ਕਦੇ ਡੋਲਦਾ ਨਹੀਂ ਤੇ ਨਾ ਹੀ ਉਹ ਸਮੁੰਦਰ ਦੀਆਂ ਲਹਿਰਾਂ ਵਾਂਗ ਬਦਲਦਾ ਰਹਿੰਦਾ ਹੈ। ਇਸ ਤੋਂ ਉਲਟ ਵਫ਼ਾਦਾਰ ਇਨਸਾਨ ਰਾਹ ਵਿੱਚੋਂ ਹਰ ਰੁਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰ ਰਹਿੰਦਾ ਹੈ।

30 ਸਤੰਬਰ–6 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 90-91

ਲੰਬੀ ਉਮਰ ਸਿਰਫ਼ ਯਹੋਵਾਹ ਹੀ ਦੇ ਸਕਦਾ ਹੈ

wp19.3 5 ਪੈਰੇ 3-5

ਲੰਬੀ ਜ਼ਿੰਦਗੀ ਦੀ ਭਾਲ

ਕੁਝ ਵਿਗਿਆਨੀ ਇਹ ਨਹੀਂ ਮੰਨਦੇ ਕਿ ਉਮਰ ਵਧਾਉਣ ਵਾਲੇ ਇਲਾਜ ਨਾਲ ਇਨਸਾਨਾਂ ਦੀ ਜ਼ਿੰਦਗੀ ਨੂੰ ਅੱਜ ਨਾਲੋਂ ਕਿਤੇ ਜ਼ਿਆਦਾ ਵਧਾਇਆ ਜਾ ਸਕਦਾ ਹੈ। ਇਹ ਗੱਲ ਸੱਚ ਹੈ ਕਿ 19ਵੀਂ ਸਦੀ ਵਿਚ ਇਨਸਾਨਾਂ ਦੀ ਉਮਰ ਜ਼ਿਆਦਾ ਲੰਬੀ ਹੋਈ ਹੈ। ਪਰ ਇਹ ਮੁੱਖ ਤੌਰ ʼਤੇ ਸਾਫ਼-ਸਫ਼ਾਈ, ਬੀਮਾਰੀਆਂ ਤੋਂ ਬਚਾਉਣ ਜਾਂ ਦਵਾਈਆਂ ਅਤੇ ਟੀਕਿਆਂ ਕਰਕੇ ਹੋਇਆ। ਕੁਝ ਵਿਗਿਆਨੀ ਮੰਨਦੇ ਹਨ ਕਿ ਅੱਜ ਇਨਸਾਨਾਂ ਦੀ ਜਿੰਨੀ ਉਮਰ ਹੁੰਦੀ ਹੈ, ਇਹ ਇਸ ਨਾਲੋਂ ਹੋਰ ਜ਼ਿਆਦਾ ਨਹੀਂ ਵਧੇਗੀ।

ਲਗਭਗ 3,500 ਸਾਲ ਪਹਿਲਾਂ ਬਾਈਬਲ ਦੇ ਇਕ ਲਿਖਾਰੀ ਮੂਸਾ ਨੇ ਇਹ ਗੱਲ ਲਿਖੀ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰਾਂ ਦੀ ਪੋਥੀ 90:10) ਚਾਹੇ ਇਨਸਾਨ ਜ਼ਿੰਦਗੀ ਦੀ ਲੰਬਾਈ ਵਧਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਸਲ ਵਿਚ ਔਸਤਨ ਉਮਰ ਉੱਨੀ ਹੀ ਹੈ ਜਿੰਨੀ ਮੂਸਾ ਨੇ ਦੱਸੀ ਹੈ।

ਦੂਸਰੇ ਪਾਸੇ, ਕੁਝ ਕੱਛੂਕੁੰਮੇ 150 ਤੋਂ ਜ਼ਿਆਦਾ ਸਾਲ ਜੀਉਂਦੇ ਰਹਿ ਸਕਦੇ ਹਨ ਅਤੇ ਦਿਆਰ ਵਗੈਰਾ ਦੇ ਦਰਖ਼ਤ ਹਜ਼ਾਰਾਂ ਸਾਲ ਜੀਉਂਦੇ ਰਹਿ ਸਕਦੇ ਹਨ। ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਇਨ੍ਹਾਂ ਨਾਲ ਕਰਦੇ ਹਾਂ, ਤਾਂ ਅਸੀਂ ਸੋਚਦੇ ਹਾਂ, ‘ਸਾਡੀ ਉਮਰ ਸਿਰਫ਼ 70 ਜਾਂ 80 ਸਾਲਾਂ ਦੀ ਕਿਉਂ ਹੈ?’

wp19.1 5, ਡੱਬੀ

ਰੱਬ ਦਾ ਨਾਮ ਕੀ ਹੈ?

ਬਹੁਤ ਸਾਰੇ ਲੋਕ ਇਸ ਸਵਾਲ ਬਾਰੇ ਸੋਚਦੇ ਹਨ। ਸ਼ਾਇਦ ਤੁਹਾਡੇ ਮਨ ਵਿਚ ਵੀ ਇਹ ਸਵਾਲ ਆਇਆ ਹੋਵੇ। ਇਹ ਸਵਾਲ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ: ਜੇ ਬ੍ਰਹਿਮੰਡ ਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਗਿਆ ਹੈ, ਤਾਂ ਰੱਬ ਨੂੰ ਕਿਸ ਨੇ ਬਣਾਇਆ?

ਵਿਗਿਆਨੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। ਬਾਈਬਲ ਦੀ ਪਹਿਲੀ ਆਇਤ ਤੋਂ ਵੀ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਜਿੱਥੇ ਲਿਖਿਆ: ‘ਆਦ ਯਾਨੀ ਸ਼ੁਰੂ ਵਿਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।’​—ਉਤਪਤ 1:1.

ਤਾਰੇ ਅਤੇ ਗ੍ਰਹਿ ਆਪਣੇ ਆਪ ਨਹੀਂ ਬਣ ਗਏ। ਕੋਈ ਚੀਜ਼ ਤਾਂ ਹੀ ਹੋਂਦ ਵਿਚ ਆ ਸਕਦੀ ਹੈ ਜੇ ਕੋਈ ਇਸ ਨੂੰ ਬਣਾਵੇਗਾ। ਸ੍ਰਿਸ਼ਟੀਕਰਤਾ ਤੋਂ ਬਿਨਾਂ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ, ਇੱਥੋਂ ਤਕ ਕਿ ਅਸੀਂ ਵੀ ਹੋਂਦ ਵਿਚ ਨਹੀਂ ਆ ਸਕਦੇ ਸੀ। ਹਾਂ, ਜੇ ਕਿਸੇ ਚੀਜ਼ ਦੀ ਕੋਈ ਸ਼ੁਰੂਆਤ ਨਹੀਂ, ਤਾਂ ਉਹ ਚੀਜ਼ ਵਜੂਦ ਵਿਚ ਨਹੀਂ ਆ ਸਕਦੀ। ਇਸ ਲਈ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਜ਼ਰੂਰ ਕੋਈ ਹੈ। ਉਹ ਬਹੁਤ ਹੀ ਸ਼ਕਤੀਸ਼ਾਲੀ ਹੈ ਅਤੇ ਉਸ ਦਾ ਨਾਮ ਯਹੋਵਾਹ ਹੈ।​—ਯੂਹੰਨਾ 4:24.

ਬਾਈਬਲ ਰੱਬ ਬਾਰੇ ਕਹਿੰਦੀ ਹੈ: ‘ਇਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਰ ਜਗਤ ਨੂੰ ਤੈਂ ਰਚਿਆ, ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।’ (ਜ਼ਬੂਰਾਂ ਦੀ ਪੋਥੀ 90:2) ਇਸ ਤੋਂ ਪਤਾ ਲੱਗਦਾ ਹੈ ਕਿ ਰੱਬ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਸ਼ੁਰੂਆਤ ਤੋਂ ਹੀ ਹੋਂਦ ਵਿਚ ਹੈ ਅਤੇ ਉਸ ਨੇ ‘ਸ਼ੁਰੂ ਵਿਚ’ ਬ੍ਰਹਿਮੰਡ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਸਨ।​—ਪ੍ਰਕਾਸ਼ ਦੀ ਕਿਤਾਬ 4:11

w22.06 18 ਪੈਰੇ 16-17

ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਆਪਣੇ ਡਰ ʼਤੇ ਕਾਬੂ ਪਾਓ

16 ਸ਼ੈਤਾਨ ਜਾਣਦਾ ਹੈ ਕਿ ਅਸੀਂ ਜੀਉਣਾ ਚਾਹੁੰਦੇ ਹਾਂ। ਉਹ ਦਾਅਵਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਕੋਈ ਵੀ ਚੀਜ਼ ਦਾਅ ʼਤੇ ਲਾਉਣ ਲਈ ਤਿਆਰ ਹੋ ਜਾਵਾਂਗੇ, ਇੱਥੋਂ ਤਕ ਕਿ ਯਹੋਵਾਹ ਨਾਲ ਆਪਣੇ ਰਿਸ਼ਤਾ ਵੀ। (ਅੱਯੂ. 2:4, 5) ਸ਼ੈਤਾਨ ਦਾ ਇਹ ਦਾਅਵਾ ਸਰਾਸਰ ਗ਼ਲਤ ਹੈ! “ਸ਼ੈਤਾਨ ਕੋਲ ਮੌਤ ਦੇ ਹਥਿਆਰ ਹਨ,” ਇਸ ਕਰਕੇ ਉਹ ਮੌਤ ਦਾ ਡਰਾਵਾ ਦੇ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। (ਇਬ. 2:14, 15) ਜਿਨ੍ਹਾਂ ਲੋਕਾਂ ʼਤੇ ਸ਼ੈਤਾਨ ਦਾ ਪ੍ਰਭਾਵ ਹੁੰਦਾ ਹੈ, ਕਈ ਵਾਰ ਉਹ ਸਾਨੂੰ ਧਮਕਾਉਂਦੇ ਹਨ ਕਿ ਜੇ ਅਸੀਂ ਨਿਹਚਾ ਕਰਨੀ ਨਾ ਛੱਡੀ, ਤਾਂ ਉਹ ਸਾਨੂੰ ਜਾਨੋਂ ਮਾਰ ਦੇਣਗੇ। ਕਈ ਵਾਰ ਜਦੋਂ ਅਸੀਂ ਅਚਾਨਕ ਬਹੁਤ ਜ਼ਿਆਦਾ ਬੀਮਾਰ ਹੋ ਜਾਂਦੇ ਹਾਂ, ਤਾਂ ਸ਼ੈਤਾਨ ਉਸ ਮੌਕੇ ਦਾ ਵੀ ਫ਼ਾਇਦਾ ਉਠਾਉਂਦਾ ਹੈ। ਉਹ ਡਾਕਟਰਾਂ ਅਤੇ ਅਵਿਸ਼ਵਾਸੀ ਰਿਸ਼ਤੇਦਾਰਾਂ ਰਾਹੀਂ ਸਾਡੇ ʼਤੇ ਖ਼ੂਨ ਲੈਣ ਦਾ ਦਬਾਅ ਪਾਉਂਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਤੋੜ ਦੇਈਏ। ਜਾਂ ਕਈ ਜਣੇ ਸਾਡੇ ʼਤੇ ਅਜਿਹੇ ਤਰੀਕੇ ਨਾਲ ਇਲਾਜ ਕਰਾਉਣ ਦਾ ਜੋਰ ਪਾਉਣ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇ।

17 ਚਾਹੇ ਅਸੀਂ ਮਰਨਾ ਨਹੀਂ ਚਾਹੁੰਦੇ, ਪਰ ਸਾਨੂੰ ਪਤਾ ਹੈ ਕਿ ਜੇ ਅਸੀਂ ਮਰ ਵੀ ਗਏ, ਤਾਂ ਵੀ ਯਹੋਵਾਹ ਸਾਨੂੰ ਪਿਆਰ ਕਰਨਾ ਨਹੀਂ ਛੱਡੇਗਾ। (ਰੋਮੀਆਂ 8:37-39 ਪੜ੍ਹੋ।) ਜੇ ਯਹੋਵਾਹ ਦਾ ਕੋਈ ਦੋਸਤ ਮਰ ਜਾਂਦਾ ਹੈ, ਤਾਂ ਵੀ ਉਹ ਉਸ ਨੂੰ ਭੁੱਲਦਾ ਨਹੀਂ। ਉਹ ਉਸ ਦੀ ਯਾਦ ਵਿਚ ਹਮੇਸ਼ਾ ਮਹਿਫੂਜ਼ ਰਹਿੰਦਾ ਹੈ। (ਲੂਕਾ 20:37, 38) ਉਹ ਉਸ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:15) ਯਹੋਵਾਹ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਤਾਂਕਿ ਅਸੀਂ “ਹਮੇਸ਼ਾ ਦੀ ਜ਼ਿੰਦਗੀ ਪਾ” ਸਕੀਏ। (ਯੂਹੰ. 3:16) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਇਸ ਲਈ ਜਦੋਂ ਅਸੀਂ ਬੀਮਾਰ ਪੈਂਦੇ ਹਾਂ ਜਾਂ ਸਾਨੂੰ ਮੌਤ ਦਾ ਡਰ ਹੁੰਦਾ ਹੈ, ਤਾਂ ਯਹੋਵਾਹ ਨੂੰ ਛੱਡਣ ਦੀ ਬਜਾਇ ਸਾਨੂੰ ਦਿਲਾਸੇ, ਬੁੱਧ ਅਤੇ ਤਾਕਤ ਲਈ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਵੈਲੇਰੀ ਤੇ ਉਸ ਦੇ ਪਤੀ ਨੇ ਵੀ ਬਿਲਕੁਲ ਇਸੇ ਤਰ੍ਹਾਂ ਕੀਤਾ।​—ਜ਼ਬੂ. 41:3.

ਹੀਰੇ-ਮੋਤੀ

wp17.5 5

ਕੀ ਹਰ ਇਨਸਾਨ ਦੀ ਹਿਫਾਜ਼ਤ ਕਰਨ ਲਈ ਇਕ ਦੂਤ ਹੁੰਦਾ ਹੈ?

ਬਾਈਬਲ ਇਹ ਨਹੀਂ ਸਿਖਾਉਂਦੀ ਕਿ ਹਰ ਇਕ ਇਨਸਾਨ ਦੀ ਹਿਫਾਜ਼ਤ ਕਰਨ ਲਈ ਇਕ ਦੂਤ ਹੁੰਦਾ ਹੈ। ਇਕ ਵਾਰ ਯਿਸੂ ਨੇ ਕਿਹਾ: “ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਨਿਮਾਣਿਆਂ [ਯਾਨੀ ਮਸੀਹ ਦੇ ਚੇਲਿਆਂ] ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝੋ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਵਰਗ ਵਿਚ ਇਨ੍ਹਾਂ ਦੇ ਦੂਤ ਹਮੇਸ਼ਾ ਮੇਰੇ ਸਵਰਗੀ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ।” (ਮੱਤੀ 18:10) ਇੱਥੇ ਯਿਸੂ ਇਹ ਨਹੀਂ ਕਹਿ ਰਿਹਾ ਕਿ ਹਰ ਇਨਸਾਨ ਦੀ ਹਿਫਾਜ਼ਤ ਲਈ ਇਕ ਦੂਤ ਹੁੰਦਾ ਹੈ, ਸਗੋਂ ਯਿਸੂ ਇਹ ਕਹਿ ਰਿਹਾ ਸੀ ਕਿ ਦੂਤ ਉਸ ਦੇ ਹਰੇਕ ਚੇਲੇ ਵਿਚ ਦਿਲਚਸਪੀ ਲੈਂਦੇ ਹਨ। ਇਸ ਲਈ ਸੱਚੇ ਸੇਵਕ ਬਿਨਾਂ ਸੋਚ-ਸਮਝੇ ਆਪਣੀ ਜਾਨ ਖ਼ਤਰੇ ਵਿਚ ਪਾਉਣ ਦੀ ਬੇਵਕੂਫ਼ੀ ਨਹੀਂ ਕਰਦੇ ਕਿ ਦੂਤ ਉਨ੍ਹਾਂ ਨੂੰ ਬਚਾ ਲੈਣਗੇ।

ਕੀ ਇਸ ਦਾ ਮਤਲਬ ਇਹ ਹੈ ਕਿ ਦੂਤ ਇਨਸਾਨਾਂ ਦੀ ਮਦਦ ਨਹੀਂ ਕਰਦੇ? ਨਹੀਂ, ਇੱਦਾਂ ਨਹੀਂ ਹੈ। (ਜ਼ਬੂਰ 91:11) ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਜ਼ਰੀਏ ਉਨ੍ਹਾਂ ਦੀ ਰਾਖੀ ਅਤੇ ਅਗਵਾਈ ਕੀਤੀ ਹੈ। ਕੈਨਥ, ਜਿਸ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਸੀ, ਉਸ ਨੇ ਇੱਦਾਂ ਹੀ ਮਹਿਸੂਸ ਕੀਤਾ। ਚਾਹੇ ਅਸੀਂ ਉਸ ਦੇ ਦਾਅਵੇ ਨੂੰ ਸਹੀ ਨਹੀਂ ਕਹਿੰਦੇ, ਪਰ ਸ਼ਾਇਦ ਉਹ ਸਹੀ ਵੀ ਹੋਵੇ। ਯਹੋਵਾਹ ਦੇ ਗਵਾਹਾਂ ਨੇ ਇਸ ਗੱਲ ਦੇ ਸਬੂਤ ਦੇਖੇ ਹਨ ਕਿ ਦੂਤਾਂ ਨੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ। ਅਸੀਂ ਦੂਤਾਂ ਨੂੰ ਦੇਖ ਨਹੀਂ ਸਕਦੇ, ਇਸ ਲਈ ਅਸੀਂ ਕਹਿ ਨਹੀਂ ਸਕਦੇ ਕਿ ਯਹੋਵਾਹ ਅਲੱਗ-ਅਲੱਗ ਮਾਮਲਿਆਂ ਵਿਚ ਉਨ੍ਹਾਂ ਨੂੰ ਕਿਸ ਹੱਦ ਤਕ ਇਨਸਾਨਾਂ ਦੀ ਮਦਦ ਕਰਨ ਲਈ ਵਰਤਦਾ ਹੈ। ਪਰ ਅਸੀਂ ਆਪਣੇ ਸਰਬਸ਼ਕਤੀਮਾਨ ਪਰਮੇਸ਼ੁਰ ਵੱਲੋਂ ਮਿਲਦੀ ਹਰ ਮਦਦ ਲਈ ਉਸ ਦੇ ਸ਼ੁਕਰਗੁਜ਼ਾਰ ਹਾਂ।​—ਕੁਲੁੱਸੀਆਂ 3:15; ਯਾਕੂਬ 1:17, 18.

7-13 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 92-95

ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!

w18.04 26 ਪੈਰਾ 5

ਨੌਜਵਾਨੋ, ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ʼਤੇ ਆਪਣਾ ਧਿਆਨ ਲਾਓ?

5 ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦਾ ਸਭ ਤੋਂ ਅਹਿਮ ਕਾਰਨ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਅਤੇ ਉਸ ਨੇ ਜੋ ਸਾਡੇ ਲਈ ਕੀਤਾ ਹੈ, ਉਸ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਨੇ ਲਿਖਿਆ: ‘ਯਹੋਵਾਹ ਦਾ ਧੰਨਵਾਦ ਕਰਨਾ ਭਲਾ ਹੈ, ਤੈਂ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਦੇ ਕਾਰਨ ਮੈਂ ਜੈਕਾਰਾ ਗਜਾਵਾਂਗਾ।’ (ਜ਼ਬੂ. 92:1, 4) ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੋਚੋ ਜੋ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ, ਜਿਵੇਂ ਜ਼ਿੰਦਗੀ, ਨਿਹਚਾ, ਬਾਈਬਲ, ਮੰਡਲੀ ਅਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਰਹਿਣ ਦੀ ਉਮੀਦ। ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਅਤੇ ਇਸ ਕਰਕੇ ਤੁਸੀਂ ਉਸ ਦੇ ਹੋਰ ਨੇੜੇ ਜਾਂਦੇ ਹੋ।

w18.11 20 ਪੈਰਾ 8

ਤੁਹਾਡੀ ਸੋਚ ʼਤੇ ਕਿਸ ਦਾ ਅਸਰ ਹੈ?

8 ਇਕ ਚੰਗੇ ਪਿਤਾ ਵਾਂਗ ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਦੇ ਬੱਚੇ ਖ਼ੁਸ਼ਹਾਲ ਜ਼ਿੰਦਗੀ ਜੀਉਣ। (ਯਸਾ. 48:17, 18) ਇਸ ਲਈ ਉਹ ਸਾਨੂੰ ਵਧੀਆ ਚਾਲ-ਚਲਣ ਅਤੇ ਦੂਜਿਆਂ ਨਾਲ ਪੇਸ਼ ਆਉਣ ਸੰਬੰਧੀ ਬੁਨਿਆਦੀ ਅਸੂਲ ਸਿਖਾਉਂਦਾ ਹੈ। ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਹਰ ਮਾਮਲੇ ਨੂੰ ਉਸ ਦੇ ਨਜ਼ਰੀਏ ਤੋਂ ਦੇਖੀਏ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਏ। ਇਸ ਤਰ੍ਹਾਂ ਸਾਡੇ ʼਤੇ ਬੰਦਸ਼ਾਂ ਲਾਉਣ ਦੀ ਬਜਾਇ ਉਹ ਸਾਨੂੰ ਹਰ ਮਾਮਲੇ ʼਤੇ ਸਹੀ ਤਰੀਕੇ ਨਾਲ ਤਰਕ ਕਰਨਾ ਸਿਖਾਉਂਦਾ ਹੈ। (ਜ਼ਬੂ. 92:5; ਕਹਾ. 2:1-5; ਯਸਾ. 55:9) ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਆਪਣੀ ਪਸੰਦ ਛੱਡੇ ਬਿਨਾਂ ਸਹੀ ਫ਼ੈਸਲੇ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ। (ਜ਼ਬੂ. 1:2, 3) ਯਹੋਵਾਹ ਵਰਗੀ ਸੋਚ ਰੱਖ ਕੇ ਸਾਨੂੰ ਕਈ ਤਰੀਕਿਆਂ ਨਾਲ ਫ਼ਾਇਦਾ ਹੁੰਦਾ ਹੈ।

w20.01 19 ਪੈਰਾ 18

ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!

18 ਵਧਦੀ ਉਮਰ ਦੇ ਬਾਵਜੂਦ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਕੋਲ ਹਾਲੇ ਵੀ ਸਾਡੇ ਲਈ ਬਹੁਤ ਕੰਮ ਹੈ। (ਜ਼ਬੂ. 92:12-15) ਯਿਸੂ ਨੇ ਸਾਨੂੰ ਸਿਖਾਇਆ ਕਿ ਚਾਹੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤੇ ਕਾਬਲ ਨਹੀਂ ਹਾਂ ਜਾਂ ਅਸੀਂ ਜ਼ਿਆਦਾ ਨਹੀਂ ਕਰ ਪਾ ਰਹੇ, ਪਰ ਫਿਰ ਵੀ ਯਹੋਵਾਹ ਸਾਡੇ ਹਰੇਕ ਕੰਮ ਨੂੰ ਕੀਮਤੀ ਸਮਝਦਾ ਹੈ। (ਲੂਕਾ 21:2-4) ਸੋ ਉਨ੍ਹਾਂ ਕੰਮਾਂ ʼਤੇ ਧਿਆਨ ਲਾਓ ਜੋ ਤੁਸੀਂ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸ ਸਕਦੇ ਹੋ, ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਅਤੇ ਦੂਸਰਿਆਂ ਨੂੰ ਵਫ਼ਾਦਾਰ ਰਹਿਣ ਦਾ ਹੌਸਲਾ ਦੇ ਸਕਦੇ ਹੋ। ਯਹੋਵਾਹ ਤੁਹਾਨੂੰ ਆਪਣੇ ਨਾਲ ਮਿਲ ਕੇ ਕੰਮ ਕਰਨ ਵਾਲੇ ਸਮਝਦਾ ਹੈ ਕਿਉਂਕਿ ਤੁਸੀਂ ਉਸ ਦੀ ਆਗਿਆ ਖ਼ੁਸ਼ੀ-ਖ਼ੁਸ਼ੀ ਮੰਨਦੇ ਹੋ, ਨਾ ਕਿ ਇਸ ਲਈ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਹੋ।​—1 ਕੁਰਿੰ. 3:5-9.

ਹੀਰੇ-ਮੋਤੀ

cl 176 ਪੈਰਾ 18

‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’

18 ਧਿਆਨ ਦਿਓ ਕਿ ਪੌਲੁਸ ਰਸੂਲ ਨੇ ਯਹੋਵਾਹ ਦੀ ਨਿਰਾਲੀ ਬੁੱਧ ਬਾਰੇ ਕੀ ਕਿਹਾ ਸੀ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” (ਰੋਮੀਆਂ 11:33) “ਵਾਹ” ਸ਼ਬਦ ਨਾਲ ਆਪਣੀ ਗੱਲ ਸ਼ੁਰੂ ਕਰ ਕੇ ਪੌਲੁਸ ਨੇ ਆਪਣੀ ਸ਼ਰਧਾ ਪ੍ਰਗਟ ਕੀਤੀ ਸੀ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਡੂੰਘਾ” ਕੀਤਾ ਗਿਆ ਹੈ, ਉਹ “ਡੂੰਘੀ ਖਾਈ” ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਪੌਲੁਸ ਦੇ ਸ਼ਬਦ ਸਾਡੇ ਮਨ ਵਿਚ ਇਕ ਤਸਵੀਰ ਖਿੱਚਦੇ ਹਨ। ਜਦੋਂ ਅਸੀਂ ਯਹੋਵਾਹ ਦੀ ਬੁੱਧ ਬਾਰੇ ਸੋਚਦੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਇੰਨੀ ਡੂੰਘੀ ਖਾਈ ਵਿਚ ਦੇਖ ਰਹੇ ਹੁੰਦੇ ਹਾਂ ਜਿਸ ਦਾ ਥੱਲਾ ਨਜ਼ਰ ਨਹੀਂ ਆਉਂਦਾ, ਜੋ ਇੰਨੀ ਵਿਸ਼ਾਲ ਹੈ ਕਿ ਅਸੀਂ ਉਸ ਦਾ ਨਕਸ਼ਾ ਨਹੀਂ ਬਣਾ ਸਕਦੇ ਅਤੇ ਨਾ ਹੀ ਉਸ ਬਾਰੇ ਸਭ ਕੁਝ ਜਾਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 92:5) ਕੀ ਇਹ ਸੋਚ ਕੇ ਯਹੋਵਾਹ ਅੱਗੇ ਨਿਮਰਤਾ ਨਾਲ ਸਾਡਾ ਸਿਰ ਝੁੱਕ ਨਹੀਂ ਜਾਂਦਾ?

14-20 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 96-99

“ਖ਼ੁਸ਼ ਖ਼ਬਰੀ ਸੁਣਾਓ”!

w11 3/1 6 ਪੈਰੇ 1-2

ਖ਼ੁਸ਼ ਖ਼ਬਰੀ ਕੀ ਹੈ?

ਮਸੀਹੀ ਲੋਕਾਂ ਨੂੰ “ਰਾਜ ਦੀ ਖ਼ੁਸ਼ ਖ਼ਬਰੀ” ਸੁਣਾਉਂਦੇ ਹਨ ਕਿ ਭਵਿੱਖ ਵਿਚ ਪੂਰੀ ਧਰਤੀ ʼਤੇ ਇਕ ਸਰਕਾਰ ਧਾਰਮਿਕਤਾ ਨਾਲ ਰਾਜ ਕਰੇਗੀ। ਬਾਈਬਲ ਵਿਚ ਖ਼ੁਸ਼ ਖ਼ਬਰੀ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵਰਤਿਆ ਗਿਆ ਹੈ, ਜਿਵੇਂ ਕਿ “ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ” (ਜ਼ਬੂ 96:2); “ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ” (ਰੋਮੀ 15:16) ਅਤੇ “ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ।”​—ਮਰ 1:1.

ਸੌਖੇ ਸ਼ਬਦਾਂ ਵਿਚ ਕਹੀਏ ਤਾਂ ਖ਼ੁਸ਼ ਖ਼ਬਰੀ ਵਿਚ ਉਹ ਸਾਰੀਆਂ ਸੱਚਾਈਆਂ ਸ਼ਾਮਲ ਹਨ ਜੋ ਯਿਸੂ ਦੁਆਰਾ ਦੱਸੀਆਂ ਅਤੇ ਉਸ ਦੇ ਚੇਲਿਆਂ ਦੁਆਰਾ ਲਿਖੀਆਂ ਗਈਆਂ ਹਨ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।” (ਮੱਤੀ 28:19, 20) ਸੱਚੇ ਮਸੀਹੀਆਂ ਨੂੰ ਦੂਜਿਆਂ ਨੂੰ ਇਸ ਰਾਜ ਬਾਰੇ ਸਿਰਫ਼ ਦੱਸਣਾ ਹੀ ਨਹੀਂ ਚਾਹੀਦਾ, ਸਗੋਂ ਉਨ੍ਹਾਂ ਨੂੰ ਚੇਲੇ ਬਣਾਉਣ ਲਈ ਪੂਰੀ ਵਾਹ ਵੀ ਲਾਉਣੀ ਚਾਹੀਦੀ ਹੈ।

wp12 09/1 16 ਪੈਰਾ 1

ਨਿਆਂ ਦੇ ਦਿਨ ਕੀ ਹੋਵੇਗਾ?

ਜਿਵੇਂ ਸੱਜੇ ਪਾਸੇ ਦਿੱਤੀ ਤਸਵੀਰ ਵਿਚ ਦਿਖਾਇਆ ਗਿਆ ਹੈ, ਅੱਜ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਅਰਬਾਂ ਹੀ ਲੋਕਾਂ ਨੂੰ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਲਿਆਂਦਾ ਜਾਵੇਗਾ ਤਾਂਕਿ ਉਨ੍ਹਾਂ ਦੇ ਕੰਮਾਂ ਮੁਤਾਬਕ ਉਨ੍ਹਾਂ ਦਾ ਨਿਆਂ ਕੀਤਾ ਜਾ ਸਕੇ। ਕੁਝ ਲੋਕਾਂ ਨੂੰ ਸਵਰਗ ਵਿਚ ਜ਼ਿੰਦਗੀ ਮਿਲੇਗੀ ਤੇ ਬਾਕੀ ਲੋਕਾਂ ਨੂੰ ਨਰਕ ਵਿਚ ਤੜਫਾਇਆ ਜਾਵੇਗਾ। ਪਰ ਬਾਈਬਲ ਦੱਸਦੀ ਹੈ ਕਿ ਨਿਆਂ ਦੇ ਦਿਨ ਦਾ ਮਕਸਦ ਲੋਕਾਂ ਨੂੰ ਅਨਿਆਂ ਤੋਂ ਮੁਕਤੀ ਦਿਵਾਉਣਾ ਹੈ। (ਜ਼ਬੂਰ 96:13) ਪਰਮੇਸ਼ੁਰ ਨੇ ਯਿਸੂ ਨੂੰ ਨਿਆਂਕਾਰ ਨਿਯੁਕਤ ਕੀਤਾ ਹੈ ਜੋ ਇਨਸਾਨਾਂ ਨੂੰ ਨਿਆਂ ਦਿਵਾਏਗਾ।​—ਯਸਾਯਾਹ 11:1-5; ਰਸੂਲਾਂ ਦੇ ਕੰਮ 17:31 ਪੜ੍ਹੋ।

w12 9/15 12 ਪੈਰੇ 18-19

ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!

18 ਪਰਮੇਸ਼ੁਰ ਨਾਲੋਂ ਇਨਸਾਨਾਂ ਦਾ ਰਿਸ਼ਤਾ ਉਦੋਂ ਟੁੱਟ ਗਿਆ ਜਦੋਂ ਉਨ੍ਹਾਂ ਨੇ ਸ਼ੈਤਾਨ ਦੀਆਂ ਗੱਲਾਂ ਵਿਚ ਆ ਕੇ ਪਰਮੇਸ਼ੁਰ ਦੇ ਰਾਜ ਦੇ ਖ਼ਿਲਾਫ਼ ਬਗਾਵਤ ਕੀਤੀ। ਪਰ 1914 ਤੋਂ ਪਰਮੇਸ਼ੁਰ ਦਾ ਰਾਜ ਇਸ ਰਿਸ਼ਤੇ ਨੂੰ ਮੁੜ ਕਾਇਮ ਕਰਨ ਲਈ ਕਦਮ ਚੁੱਕ ਰਿਹਾ ਹੈ। (ਅਫ਼. 1:9, 10) ਹਜ਼ਾਰ ਸਾਲ ਦੌਰਾਨ ਅੱਜ “ਨਾ ਦਿਸਣ ਵਾਲੀਆਂ” ਸ਼ਾਨਦਾਰ ਚੀਜ਼ਾਂ ਹਕੀਕਤ ਬਣ ਜਾਣਗੀਆਂ। ਫਿਰ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ “ਅਖ਼ੀਰ ਵਿਚ” ਕੀ ਹੋਵੇਗਾ? ਭਾਵੇਂ ਯਿਸੂ ਕੋਲ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਹੈ, ਪਰ ਫਿਰ ਵੀ ਉਸ ਵਿਚ ਯਹੋਵਾਹ ਦੀ ਪਦਵੀ ʼਤੇ ਕਬਜ਼ਾ ਕਰਨ ਦੀ ਕੋਈ ਲਾਲਸਾ ਨਹੀਂ ਹੈ। ਉਹ ਨਿਮਰਤਾ ਨਾਲ “ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ।” ਉਹ ਆਪਣੀ ਪਦਵੀ ਅਤੇ ਅਧਿਕਾਰ ਨੂੰ “ਪਿਤਾ ਪਰਮੇਸ਼ੁਰ ਦੀ ਵਡਿਆਈ” ਕਰਨ ਲਈ ਵਰਤੇਗਾ।​—ਮੱਤੀ 28:18; ਫ਼ਿਲਿ. 2:9-11.

19 ਉਸ ਸਮੇਂ ਤਕ ਧਰਤੀ ਉੱਤੇ ਸਾਰੇ ਲੋਕਾਂ ਨੂੰ ਮੁਕੰਮਲ ਬਣਾ ਦਿੱਤਾ ਜਾਵੇਗਾ। ਉਹ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਨਿਮਰਤਾ ਅਤੇ ਖ਼ੁਸ਼ੀ ਨਾਲ ਯਹੋਵਾਹ ਦੇ ਅਧਿਕਾਰ ਦੇ ਅਧੀਨ ਹੋ ਜਾਣਗੇ। ਆਖ਼ਰੀ ਪਰੀਖਿਆ ਨੂੰ ਪਾਸ ਕਰ ਕੇ ਉਹ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇਣਗੇ। (ਪ੍ਰਕਾ. 20:7-10) ਇਸ ਤੋਂ ਬਾਅਦ ਸ਼ੈਤਾਨ, ਦੁਸ਼ਟ ਦੂਤਾਂ ਅਤੇ ਧਰਤੀ ਉੱਤੇ ਸਾਰੇ ਬਾਗ਼ੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਉਸ ਵੇਲੇ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਸਵਰਗ ਅਤੇ ਧਰਤੀ ਉੱਤੇ ਯਹੋਵਾਹ ਦਾ ਪੂਰਾ ਪਰਿਵਾਰ ਖ਼ੁਸ਼ੀ-ਖ਼ੁਸ਼ੀ ਉਸ ਦੀ ਮਹਿਮਾ ਕਰੇਗਾ ਅਤੇ ਉਹ “ਸਾਰਿਆਂ ਦਾ ਰਾਜਾ” ਹੋਵੇਗਾ।​—ਜ਼ਬੂਰਾਂ ਦੀ ਪੋਥੀ 99:1-3 ਪੜ੍ਹੋ।

ਹੀਰੇ-ਮੋਤੀ

it-2 994

ਗੀਤ

ਜ਼ਬੂਰ ਅਤੇ ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ‘ਨਵੇਂ ਗੀਤਾਂ’ ਦਾ ਜ਼ਿਕਰ ਆਉਂਦਾ ਹੈ। (ਜ਼ਬੂ 33:3; 40:3; 96:1; 98:1; 144:9; 149:1; ਯਸਾ 42:10; ਪ੍ਰਕਾ 5:9; 14:3) ਇਨ੍ਹਾਂ ਆਇਤਾਂ ਦੀਆਂ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਨਵੇਂ ਗੀਤ ਉਦੋਂ ਗਾਏ ਜਾਂਦੇ ਸਨ ਜਦੋਂ ਯਹੋਵਾਹ ਪੂਰੇ ਜਹਾਨ ਦਾ ਮਾਲਕ ਹੋਣ ਦੇ ਨਾਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਕੇ ਕੁਝ ਨਵਾਂ ਕਰਦਾ ਸੀ। ਯਹੋਵਾਹ ਕੀ ਨਵਾਂ ਕਰਦਾ ਹੈ ਅਤੇ ਉਸ ਦਾ ਸਵਰਗ ਤੇ ਧਰਤੀ ਉੱਤੇ ਕੀ ਅਸਰ ਹੁੰਦਾ ਹੈ, ਇਸ ਵਿਸ਼ੇ ʼਤੇ ‘ਨਵੇਂ ਗੀਤ’ ਬਣਾਏ ਜਾਂਦੇ ਸਨ।​—ਜ਼ਬੂ 96:11-13; 98:9; ਯਸਾ 42:10, 13.

21-27 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 100-102

ਯਹੋਵਾਹ ਦੇ ਅਟੱਲ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਓ

w23.03 12 ਪੈਰੇ 18-19

ਬਪਤਿਸਮਾ ਲੈਣ ਲਈ ਕਿਵੇਂ ਤਿਆਰੀ ਕਰੀਏ?

18 ਤੁਹਾਡੇ ਵਿਚ ਬਹੁਤ ਸਾਰੇ ਗੁਣ ਹਨ, ਪਰ ਯਹੋਵਾਹ ਲਈ ਤੁਹਾਡਾ ਪਿਆਰ, ਤੁਹਾਡਾ ਸਭ ਤੋਂ ਵਧੀਆ ਗੁਣ ਹੈ। (ਕਹਾਉਤਾਂ 3:3-6 ਪੜ੍ਹੋ।) ਪਰਮੇਸ਼ੁਰ ਲਈ ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਹਰ ਮੁਸ਼ਕਲ ਸਹਿ ਸਕਦੇ ਹੋ। ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਨਾਲ ਅਟੱਲ ਪਿਆਰ ਕਰਦਾ ਹੈ। ਅਟੱਲ ਪਿਆਰ ਦਾ ਮਤਲਬ ਹੈ ਕਿ ਉਹ ਆਪਣੇ ਸੇਵਕਾਂ ਨੂੰ ਤਿਆਗਦਾ ਨਹੀਂ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਪਿਆਰ ਕਰਨਾ ਛੱਡਦਾ ਹੈ। (ਜ਼ਬੂ. 100:5) ਤੁਹਾਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ। (ਉਤ. 1:26) ਤਾਂ ਫਿਰ ਤੁਸੀਂ ਉਸ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹੋ?

19 ਸਭ ਤੋਂ ਪਹਿਲਾਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਵੋ। (1 ਥੱਸ. 5:18) ਹਰ ਰੋਜ਼ ਆਪਣੇ ਆਪ ਤੋਂ ਪੁੱਛੋ, ‘ਅੱਜ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਮੇਰੇ ਨਾਲ ਪਿਆਰ ਕਰਦਾ ਹੈ?’ ਫਿਰ ਪ੍ਰਾਰਥਨਾ ਵਿਚ ਯਹੋਵਾਹ ਦਾ ਖ਼ਾਸ ਕਰਕੇ ਉਨ੍ਹਾਂ ਗੱਲਾਂ ਲਈ ਧੰਨਵਾਦ ਕਰੋ ਜੋ ਉਸ ਨੇ ਤੁਹਾਡੇ ਲਈ ਕੀਤੀਆਂ ਹਨ। ਪੌਲੁਸ ਰਸੂਲ ਵਾਂਗ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਖ਼ਾਸ ਕਰਕੇ ਤੁਹਾਡੇ ਲਈ ਕੀ ਕੁਝ ਕੀਤਾ ਹੈ। (ਗਲਾਤੀਆਂ 2:20 ਪੜ੍ਹੋ।) ਖ਼ੁਦ ਨੂੰ ਪੁੱਛੋ, ‘ਕੀ ਮੈਂ ਬਦਲੇ ਵਿਚ ਯਹੋਵਾਹ ਨੂੰ ਆਪਣਾ ਪਿਆਰ ਜ਼ਾਹਰ ਕਰਾਂਗਾ?’ ਯਹੋਵਾਹ ਲਈ ਪਿਆਰ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਕਿਸੇ ਵੀ ਪਰੀਖਿਆ ਵਿੱਚੋਂ ਨਿਕਲ ਸਕੋ ਅਤੇ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕੋ। ਇਸੇ ਪਿਆਰ ਕਰਕੇ ਤੁਸੀਂ ਬਾਕਾਇਦਾ ਪਰਮੇਸ਼ੁਰ ਦੀ ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿ ਸਕੋਗੇ ਅਤੇ ਹਰ ਰੋਜ਼ ਦਿਖਾ ਸਕੋਗੇ ਕਿ ਤੁਸੀਂ ਆਪਣੇ ਪਿਤਾ ਨੂੰ ਪਿਆਰ ਕਰਦੇ ਹੋ।

w23.02 17 ਪੈਰਾ 10

“ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!”

10 ਜਿਨ੍ਹਾਂ ਗੱਲਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ, ਉਨ੍ਹਾਂ ਵਿੱਚੋਂ ਕੁਝ ਹਨ: ਇਸ਼ਕਬਾਜ਼ੀ ਜਾਂ ਫਲਰਟ ਕਰਨਾ, ਬੇਹਿਸਾਬੀ ਸ਼ਰਾਬ ਪੀਣੀ, ਹੱਦੋਂ ਵੱਧ ਖਾਣਾ-ਪੀਣਾ, ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕਹਿਣੀਆਂ, ਮਾਰ-ਧਾੜ ਵਾਲੇ ਪ੍ਰੋਗ੍ਰਾਮ ਜਾਂ ਫ਼ਿਲਮਾਂ ਦੇਖਣੀਆਂ, ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਅਤੇ ਹੋਰ ਇਹੋ ਜਿਹੇ ਕੰਮ। ਸਾਨੂੰ ਅਜਿਹੇ ਸਾਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। (ਜ਼ਬੂ. 101:3) ਸਾਡਾ ਦੁਸ਼ਮਣ ਸ਼ੈਤਾਨ ਹਮੇਸ਼ਾ ਇਸੇ ਤਾਕ ਵਿਚ ਰਹਿੰਦਾ ਹੈ ਕਿ ਉਹ ਕਿਸੇ ਤਰ੍ਹਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਦੇਵੇ। (1 ਪਤ. 5:8) ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਸ਼ੈਤਾਨ ਸਾਡੇ ਮਨ ਵਿਚ ਜ਼ਹਿਰੀਲੇ ਬੀ ਬੀਜ ਸਕਦਾ ਹੈ, ਜਿਵੇਂ ਕਿ ਸ਼ਾਇਦ ਅਸੀਂ ਦੂਜਿਆਂ ਨਾਲ ਈਰਖਾ ਕਰਨ ਲੱਗ ਪਈਏ, ਝੂਠ ਬੋਲਣ ਜਾਂ ਬੇਈਮਾਨੀ ਕਰਨ ਲੱਗ ਪਈਏ, ਲਾਲਚ ਕਰਨ ਲੱਗ ਪਈਏ, ਘਮੰਡੀ ਬਣ ਜਾਈਏ, ਦੂਜਿਆਂ ਪ੍ਰਤੀ ਨਾਰਾਜ਼ਗੀ ਪਾਲ਼ੀ ਰੱਖੀਏ ਜਾਂ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪਈਏ। (ਗਲਾ. 5:19-21) ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਲੱਗੇ ਕਿ ਇਹ ਇੰਨੇ ਵੀ ਖ਼ਤਰਨਾਕ ਨਹੀਂ ਹਨ, ਪਰ ਜੇ ਅਸੀਂ ਉਸੇ ਵੇਲੇ ਆਪਣੇ ਮਨ ਵਿੱਚੋਂ ਇਨ੍ਹਾਂ ਨੂੰ ਨਹੀਂ ਕੱਢਦੇ, ਤਾਂ ਇਹ ਜ਼ਹਿਰੀਲੇ ਬੀ ਵਧਦੇ ਜਾਣਗੇ ਅਤੇ ਇਨ੍ਹਾਂ ਨਾਲ ਸਾਡਾ ਬਹੁਤ ਨੁਕਸਾਨ ਹੋ ਸਕਦਾ ਹੈ।​—ਯਾਕੂ. 1:14, 15.

w11 7/15 16 ਪੈਰੇ 7-8

ਕੀ ਤੁਸੀਂ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਮੰਨੋਗੇ?

7 ਸਾਨੂੰ ਝੂਠੇ ਗੁਰੂਆਂ ਤੋਂ ਦੂਰ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਅਸੀਂ ਨਾ ਤਾਂ ਉਨ੍ਹਾਂ ਨਾਲ ਗੱਲ ਕਰਦੇ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਹਾਂ। ਨਾ ਅਸੀਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ, ਨਾ ਉਨ੍ਹਾਂ ਨੂੰ ਟੀ. ਵੀ. ʼਤੇ ਦੇਖਦੇ, ਨਾ ਇੰਟਰਨੈੱਟ ʼਤੇ ਉਨ੍ਹਾਂ ਦੀਆਂ ਲਿਖੀਆਂ ਗੱਲਾਂ ਪੜ੍ਹਦੇ ਜਾਂ ਇਨ੍ਹਾਂ ਬਾਰੇ ਆਪਣੀ ਰਾਇ ਦਿੰਦੇ। ਅਸੀਂ ਉਨ੍ਹਾਂ ਤੋਂ ਦੂਰ ਰਹਿਣ ਦੀ ਕਿਉਂ ਠਾਣੀ ਹੋਈ ਹੈ? ਕਿਉਂਕਿ ਸਾਨੂੰ “ਸਚਿਆਈ ਦੇ ਪਰਮੇਸ਼ੁਰ” ਨਾਲ ਪਿਆਰ ਹੈ। ਇਸ ਲਈ ਅਸੀਂ ਝੂਠੀਆਂ ਸਿੱਖਿਆਵਾਂ ਨੂੰ ਨਹੀਂ ਸੁਣਨਾ ਚਾਹੁੰਦੇ ਜੋ ਪਰਮੇਸ਼ੁਰ ਦੇ ਬਚਨ ਵਿਚਲੀ ਸੱਚਾਈ ਦੇ ਉਲਟ ਹਨ। (ਜ਼ਬੂ. 31:5; ਯੂਹੰ. 17:17) ਅਸੀਂ ਯਹੋਵਾਹ ਦੇ ਸੰਗਠਨ ਨਾਲ ਵੀ ਪਿਆਰ ਕਰਦੇ ਹਾਂ ਜੋ ਸਾਨੂੰ ਸ਼ਾਨਦਾਰ ਸੱਚਾਈਆਂ ਸਿਖਾਉਂਦਾ ਹੈ। ਯਹੋਵਾਹ ਦੇ ਸੰਗਠਨ ਨੇ ਹੀ ਸਾਨੂੰ ਯਹੋਵਾਹ ਦੇ ਨਾਂ, ਇਸ ਦੇ ਮਤਲਬ, ਧਰਤੀ ਬਾਰੇ ਉਸ ਦੇ ਮਕਸਦ, ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਮੁੜ ਜੀ ਉੱਠਣ ਦੀ ਆਸ ਬਾਰੇ ਸਿਖਾਇਆ ਹੈ। ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਪਹਿਲਾਂ-ਪਹਿਲਾਂ ਇਹ ਸੱਚਾਈਆਂ ਸਿੱਖੀਆਂ ਸਨ? ਤੁਸੀਂ ਕਿੰਨੇ ਖ਼ੁਸ਼ ਸੀ। ਤਾਂ ਫਿਰ ਝੂਠੇ ਗੁਰੂਆਂ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਉਸ ਸੰਗਠਨ ਵਿਰੁੱਧ ਨਾ ਜਾਓ ਜਿਸ ਨੇ ਤੁਹਾਨੂੰ ਇਹ ਸੱਚਾਈਆਂ ਸਿਖਾਈਆਂ ਸਨ।​—ਯੂਹੰ. 6:66-69.

8 ਕੋਈ ਸ਼ੱਕ ਨਹੀਂ ਕਿ ਅਸੀਂ ਝੂਠੇ ਗੁਰੂਆਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੁੰਦੇ। ਸਾਡੇ ਕੋਲ ਇਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਨ ਦਾ ਕੋਈ ਕਾਰਨ ਨਹੀਂ ਹੈ ਜੋ ਸੁੱਕੇ ਖੂਹ ਵਰਗੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣਨ ਵਾਲੇ ਨਿਰਾਸ਼ ਹੀ ਹੋਣਗੇ। ਅਸੀਂ ਯਹੋਵਾਹ ਤੇ ਉਸ ਦੇ ਸੰਗਠਨ ਦੇ ਵਫ਼ਾਦਾਰ ਰਹਿਣ ਦੀ ਠਾਣੀ ਹੋਈ ਹੈ। ਇਸ ਸੰਗਠਨ ਨੇ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ ਅਤੇ ਹਮੇਸ਼ਾ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਦਾ ਬਹੁਤ ਸਾਰਾ ਸ਼ੁੱਧ ਪਾਣੀ ਦਿੱਤਾ ਹੈ।​—ਯਸਾ. 55:1-3; ਮੱਤੀ 24:45-47.

ਹੀਰੇ-ਮੋਤੀ

it-2 596

ਪੇਇਣ

ਪੇਇਣ ਅਕਸਰ ਢੇਰ ਸਾਰਾ ਖਾਣਾ ਖਾਣ ਤੋਂ ਬਾਅਦ ਉੱਡ ਕੇ ਕਿਸੇ ਸ਼ਾਂਤ ਜਗ੍ਹਾ ʼਤੇ ਚਲਾ ਜਾਂਦਾ ਹੈ ਅਤੇ ਆਪਣੇ ਮੋਢਿਆਂ ʼਤੇ ਸਿਰ ਸੁੱਟ ਕੇ ਬੈਠ ਜਾਂਦਾ ਹੈ। ਕਈ ਵਾਰ ਤਾਂ ਉਹ ਘੰਟਿਆਂ ਬੱਧੀ ਉੱਥੇ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ, ਜਿਵੇਂ ਕਿ ਉਹ ਬਹੁਤ ਦੁਖੀ ਹੋਵੇ। ਜਦੋਂ ਜ਼ਬੂਰ ਦਾ ਲਿਖਾਰੀ ਆਪਣੀ ਤੁਲਨਾ ਪੇਇਣ ਨਾਲ ਕਰਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਹ ਕਿੰਨਾ ਦੁਖੀ ਹੈ।​—ਜ਼ਬੂ 102:6.

28 ਅਕਤੂਬਰ–3 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 103-104

“ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ”

w23.07 21 ਪੈਰਾ 5

ਯਹੋਵਾਹ ਦੀ ਰੀਸ ਕਰੋ​—ਸਮਝਦਾਰ ਬਣੋ

5 ਯਹੋਵਾਹ ਨਿਮਰ ਅਤੇ ਹਮਦਰਦ ਹੈ। ਇਸ ਕਰਕੇ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। ਉਦਾਹਰਣ ਲਈ, ਯਹੋਵਾਹ ਨੇ ਸਦੂਮ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵੇਲੇ ਨਿਮਰਤਾ ਦਿਖਾਈ। ਉਸ ਨੇ ਆਪਣੇ ਦੂਤਾਂ ਰਾਹੀਂ ਲੂਤ ਨੂੰ ਪਹਾੜੀ ਇਲਾਕੇ ਵੱਲ ਭੱਜਣ ਦੀ ਹਿਦਾਇਤ ਦਿੱਤੀ। ਪਰ ਲੂਤ ਉੱਥੇ ਜਾਣ ਤੋਂ ਡਰਦਾ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੋਆਰ ਜਾਣ ਦੀ ਇਜਾਜ਼ਤ ਦੇਵੇ। ਯਹੋਵਾਹ ਨੇ ਇਸ ਛੋਟੇ ਜਿਹੇ ਸ਼ਹਿਰ ਨੂੰ ਵੀ ਨਾਸ਼ ਕਰਨਾ ਸੀ। ਇਸ ਲਈ ਜੇ ਯਹੋਵਾਹ ਚਾਹੁੰਦਾ, ਤਾਂ ਉਹ ਲੂਤ ʼਤੇ ਆਪਣੀਆਂ ਹਿਦਾਇਤਾਂ ਮੰਨਣ ਦਾ ਜ਼ੋਰ ਪਾ ਸਕਦਾ ਸੀ। ਪਰ ਉਸ ਨੇ ਲੂਤ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਸੋਆਰ ਦਾ ਨਾਸ਼ ਨਹੀਂ ਕੀਤਾ। (ਉਤ. 19:18-22) ਸਦੀਆਂ ਬਾਅਦ ਯਹੋਵਾਹ ਨੇ ਨੀਨਵਾਹ ਦੇ ਲੋਕਾਂ ਲਈ ਵੀ ਹਮਦਰਦੀ ਦਿਖਾਈ। ਯਹੋਵਾਹ ਨੇ ਯੂਨਾਹ ਨਬੀ ਨੂੰ ਨੀਨਵਾਹ ਦੇ ਲੋਕਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਉਹ ਨੀਨਵਾਹ ਅਤੇ ਇਸ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲਾ ਸੀ। ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੂੰ ਉਨ੍ਹਾਂ ʼਤੇ ਤਰਸ ਆਇਆ ਅਤੇ ਉਸ ਨੇ ਸ਼ਹਿਰ ਦਾ ਨਾਸ਼ ਨਹੀਂ ਕੀਤਾ।​—ਯੂਨਾ. 3:1, 10; 4:10, 11.

w23.09 6-7 ਪੈਰੇ 16-18

ਸਮਸੂਨ ਵਾਂਗ ਯਹੋਵਾਹ ʼਤੇ ਭਰੋਸਾ ਰੱਖੋ

16 ਭਾਵੇਂ ਕਿ ਸਮਸੂਨ ਨੂੰ ਆਪਣੀ ਗ਼ਲਤੀ ਦੇ ਦੁਖਦਾਈ ਨਤੀਜੇ ਭੁਗਤਣੇ ਪਏ, ਫਿਰ ਵੀ ਉਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨੀ ਨਹੀਂ ਛੱਡੀ। ਜੇ ਸਾਡੇ ਤੋਂ ਵੀ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਸਾਨੂੰ ਤਾੜਨਾ ਦਿੱਤੀ ਜਾਂਦੀ ਹੈ ਜਾਂ ਸਾਡੇ ਤੋਂ ਕੋਈ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ, ਤਾਂ ਵੀ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਾਦ ਰੱਖੋ ਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 103:8-10) ਸਾਡੀਆਂ ਗ਼ਲਤੀਆਂ ਦੇ ਬਾਵਜੂਦ ਯਹੋਵਾਹ ਸਮਸੂਨ ਵਾਂਗ ਸਾਨੂੰ ਵੀ ਉਸ ਦੀ ਇੱਛਾ ਪੂਰੀ ਕਰਨ ਲਈ ਤਾਕਤ ਦੇ ਸਕਦਾ ਹੈ।

17 ਜ਼ਰਾ ਇਕ ਨੌਜਵਾਨ ਭਰਾ ਮਾਈਕਲ ਦੀ ਮਿਸਾਲ ʼਤੇ ਗੌਰ ਕਰੋ। ਉਹ ਯਹੋਵਾਹ ਦੀ ਸੇਵਾ ਵਿਚ ਬਿਜ਼ੀ ਸੀ। ਉਹ ਸਹਾਇਕ ਸੇਵਕ ਅਤੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦਾ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਇਕ ਗ਼ਲਤੀ ਕੀਤੀ ਜਿਸ ਕਰਕੇ ਉਸ ਤੋਂ ਮੰਡਲੀ ਦੀਆਂ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ। ਉਹ ਦੱਸਦਾ ਹੈ: “ਉਸ ਸਮੇਂ ਤਕ ਮੈਂ ਯਹੋਵਾਹ ਦੀ ਸੇਵਾ ਵਿਚ ਬਹੁਤ ਬਿਜ਼ੀ ਸੀ। ਫਿਰ ਅਚਾਨਕ ਮੈਨੂੰ ਲੱਗਾ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਕੁਝ ਨਹੀਂ ਕਰ ਸਕਦਾ। ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਯਹੋਵਾਹ ਮੈਨੂੰ ਛੱਡ ਦੇਵੇਗਾ। ਪਰ ਕਈ ਵਾਰ ਮੇਰੇ ਮਨ ਵਿਚ ਇਹ ਖ਼ਿਆਲ ਜ਼ਰੂਰ ਆਉਂਦੇ ਸੀ ਕਿ ਪਤਾ ਨਹੀਂ ਯਹੋਵਾਹ ਨਾਲ ਮੇਰਾ ਰਿਸ਼ਤਾ ਪਹਿਲਾਂ ਵਰਗਾ ਬਣੇਗਾ ਵੀ ਕਿ ਨਹੀਂ। ਜਾਂ ਮੈਂ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਕਰ ਸਕਾਂਗਾ ਕਿ ਨਹੀਂ।”

18 ਖ਼ੁਸ਼ੀ ਦੀ ਗੱਲ ਹੈ ਕਿ ਮਾਈਕਲ ਨੇ ਹਾਰ ਨਹੀਂ ਮੰਨੀ। ਉਹ ਅੱਗੇ ਦੱਸਦਾ ਹੈ: “ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜਨ ਲਈ ਮਿਹਨਤ ਕੀਤੀ। ਮੈਂ ਵਾਰ-ਵਾਰ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦਾ ਸੀ, ਅਧਿਐਨ ਅਤੇ ਸੋਚ-ਵਿਚਾਰ ਕਰਦਾ ਸੀ।” ਸਮੇਂ ਦੇ ਬੀਤਣ ਨਾਲ, ਮਾਈਕਲ ਨੂੰ ਮੰਡਲੀ ਵਿਚ ਦੁਬਾਰਾ ਤੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਹ ਹੁਣ ਬਜ਼ੁਰਗ ਤੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦਾ ਹੈ। ਉਹ ਦੱਸਦਾ ਹੈ: “ਮੈਨੂੰ ਭੈਣਾਂ-ਭਰਾਵਾਂ ਤੇ ਖ਼ਾਸ ਕਰਕੇ ਬਜ਼ੁਰਗਾਂ ਤੋਂ ਜੋ ਮਦਦ ਤੇ ਹੌਸਲਾ ਮਿਲਿਆ, ਉਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਹਾਲੇ ਵੀ ਮੈਨੂੰ ਪਿਆਰ ਕਰਦਾ ਹੈ। ਮੈਂ ਇਕ ਵਾਰ ਫਿਰ ਤੋਂ ਮੰਡਲੀ ਵਿਚ ਸਾਫ਼ ਜ਼ਮੀਰ ਨਾਲ ਸੇਵਾ ਕਰ ਸਕਦਾ ਹਾਂ। ਇਸ ਤਜਰਬੇ ਤੋਂ ਮੈਂ ਸਿੱਖਿਆ ਕਿ ਯਹੋਵਾਹ ਦਿਲੋਂ ਪਛਤਾਵਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ।” ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਕੋਈ ਗ਼ਲਤੀ ਹੋਣ ਤੇ ਵੀ ਜੇ ਅਸੀਂ ਉਸ ਨੂੰ ਸੁਧਾਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ ਅਤੇ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਦੇਵੇਗਾ ਅਤੇ ਬਰਕਤਾਂ ਵੀ ਦੇਵੇਗਾ।​—ਜ਼ਬੂ. 86:5, ਕਹਾ. 28:13.

w23.05 26 ਪੈਰਾ 2

ਤੁਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰ ਸਕਦੇ ਹੋ

2 ਜੇ ਤੁਸੀਂ ਹਾਲ ਹੀ ਵਿਚ ਕੋਈ ਟੀਚਾ ਰੱਖਿਆ ਹੈ ਜਿਸ ਨੂੰ ਤੁਸੀਂ ਹਾਸਲ ਨਹੀਂ ਕਰ ਸਕੇ, ਤਾਂ ਨਿਰਾਸ਼ ਨਾ ਹੋਵੋ। ਇਕ ਛੋਟੇ ਜਿਹੇ ਟੀਚੇ ਨੂੰ ਵੀ ਹਾਸਲ ਕਰਨ ਵਿਚ ਅਕਸਰ ਸਮਾਂ ਅਤੇ ਮਿਹਨਤ ਲੱਗਦੀ ਹੈ। ਜੇ ਤੁਸੀਂ ਅਜੇ ਵੀ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ। ਨਾਲੇ ਤੁਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ਦੀ ਬਹੁਤ ਕਦਰ ਕਰਦਾ ਹੈ। ਬਿਨਾਂ ਸ਼ੱਕ, ਜਿੰਨਾ ਤੁਸੀਂ ਕਰ ਸਕਦੇ ਹੋ, ਯਹੋਵਾਹ ਤੁਹਾਡੇ ਤੋਂ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰਦਾ। (ਜ਼ਬੂ. 103:14; ਮੀਕਾ. 6:8) ਇਸ ਲਈ ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਟੀਚਾ ਰੱਖੋ। ਇਸ ਟੀਚੇ ਨੂੰ ਹਾਸਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਆਓ ਆਪਾਂ ਕੁਝ ਸੁਝਾਵਾਂ ʼਤੇ ਗੌਰ ਕਰੀਏ।

ਹੀਰੇ-ਮੋਤੀ

cl 55 ਪੈਰਾ 18

ਸ੍ਰਿਸ਼ਟ ਕਰਨ ਦੀ ਸ਼ਕਤੀ​—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

18 ਯਹੋਵਾਹ ਜਿਸ ਤਰ੍ਹਾਂ ਸ੍ਰਿਸ਼ਟੀ ਵਿਚ ਆਪਣੀ ਸ਼ਕਤੀ ਨੂੰ ਵਰਤਦਾ ਹੈ, ਅਸੀਂ ਉਸ ਤੋਂ ਕੀ ਸਿੱਖਦੇ ਹਾਂ? ਅਸੀਂ ਉਸ ਦੀ ਸ੍ਰਿਸ਼ਟੀ ਦੀ ਵੰਨਸੁਵੰਨਤਾ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਹੇ ਯਹੋਵਾਹ, . . . ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਇਸ ਵਿਚ ਕਿੰਨੀ ਸੱਚਾਈ ਹੈ! ਜੀਵ-ਵਿਗਿਆਨੀਆਂ ਨੇ ਧਰਤੀ ਤੇ ਜੀਵ-ਜੰਤੂਆਂ ਦੀਆਂ 10 ਲੱਖ ਤੋਂ ਜ਼ਿਆਦਾ ਕਿਸਮਾਂ ਪਛਾਣੀਆਂ ਹਨ; ਪਰ ਕਈ ਕਹਿੰਦੇ ਹਨ ਕਿ ਜੀਵ-ਜੰਤੂਆਂ ਦੀਆਂ ਦੋ-ਤਿੰਨ ਕਰੋੜ ਜਾਂ ਇਸ ਤੋਂ ਵੀ ਜ਼ਿਆਦਾ ਕਿਸਮਾਂ ਹੋ ਸਕਦੀਆਂ ਹਨ। ਕਦੀ-ਕਦੀ ਇਕ ਮਾਨਵੀ ਕਲਾਕਾਰ ਸ਼ਾਇਦ ਦੇਖੇ ਕਿ ਉਸ ਨੂੰ ਕੁਝ ਨਵਾਂ ਨਹੀਂ ਸੁੱਝਦਾ। ਇਸ ਤੋਂ ਉਲਟ ਯਹੋਵਾਹ ਵਿਚ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਬਣਾਉਂਦੇ ਰਹਿਣ ਦੀ ਕਾਬਲੀਅਤ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ