ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2025 Watch Tower Bible and Tract Society of Pennsylvania
5-11 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 12
ਮਿਹਨਤ ਦਾ ਫਲ ਮਿੱਠਾ
ਪਰਮੇਸ਼ੁਰ ਦਾ ਗੁਣ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ
ਯਹੋਵਾਹ ਦੇ ਕੁਝ ਸੇਵਕਾਂ ਲਈ ਸ਼ਾਇਦ ਆਪਣੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾਉਣੇ ਔਖੇ ਹੋਣ। ਪਰ ਬੇਈਮਾਨੀ ਵਾਲਾ ਰਾਹ ਚੁਣਨ ਦੀ ਬਜਾਇ ਉਹ ਸਖ਼ਤ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉੱਦਮੀ ਬਣਦੇ ਹਨ। ਇਸ ਤਰ੍ਹਾਂ ਕਰਕੇ ਉਹ ਦਿਖਾਉਂਦੇ ਹਨ ਕਿ ਉਹ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਵਧੀਆ ਗੁਣਾਂ ਦੀ ਕਦਰ ਕਰਦੇ ਹਨ। ਇਨ੍ਹਾਂ ਗੁਣਾਂ ਵਿਚ ਈਮਾਨਦਾਰੀ ਵੀ ਸ਼ਾਮਲ ਹੈ।—ਕਹਾ. 12:24; ਅਫ਼. 4:28.
ਆਪਣੀ ਮਿਹਨਤ ਤੋਂ ਖ਼ੁਸ਼ੀ ਕਿਵੇਂ ਪਾਈਏ?
ਆਖ਼ਰੀ ਸਵਾਲ ʼਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਆਪਣੇ ਕੰਮ ਤੋਂ ਤਾਂ ਹੀ ਸੰਤੁਸ਼ਟੀ ਮਿਲੇਗੀ ਜਦੋਂ ਅਸੀਂ ਇਹ ਦੇਖਾਂਗੇ ਕਿ ਇਸ ਤੋਂ ਦੂਸਰੇ ਲੋਕਾਂ ਨੂੰ ਕਿੱਦਾਂ ਫ਼ਾਇਦਾ ਹੁੰਦਾ ਹੈ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਗਾਹਕਾਂ ਤੇ ਮਾਲਕਾਂ ਨੂੰ ਤਾਂ ਸਾਡੇ ਕੰਮ ਤੋਂ ਫ਼ਾਇਦਾ ਹੁੰਦਾ ਹੀ ਹੈ, ਪਰ ਹੋਰ ਲੋਕਾਂ ਨੂੰ ਵੀ ਸਾਡੀ ਮਿਹਨਤ ਤੋਂ ਫ਼ਾਇਦਾ ਹੁੰਦਾ ਹੈ। ਇਨ੍ਹਾਂ ਵਿਚ ਸਾਡੇ ਘਰਦੇ ਅਤੇ ਲੋੜਵੰਦ ਲੋਕ ਵੀ ਸ਼ਾਮਲ ਹਨ।
ਘਰਦੇ। ਜਦੋਂ ਪਰਿਵਾਰ ਦਾ ਮੁਖੀ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਿਹਨਤ ਕਰਦਾ ਹੈ, ਤਾਂ ਇਸ ਤੋਂ ਘਰਦਿਆਂ ਨੂੰ ਘੱਟੋ-ਘੱਟ ਦੋ ਤਰ੍ਹਾਂ ਫ਼ਾਇਦਾ ਹੁੰਦਾ ਹੈ। ਪਹਿਲਾ, ਉਹ ਧਿਆਨ ਰੱਖਦਾ ਹੈ ਕਿ ਘਰਦਿਆਂ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਲੋੜਾਂ ਪੂਰੀਆਂ ਹੋਣਾ। ਇਸ ਤਰ੍ਹਾਂ ਉਹ ਪਰਮੇਸ਼ੁਰ ਵੱਲੋਂ ਮਿਲੀ ਆਪਣੀ ਜ਼ਿੰਮੇਵਾਰੀ ਪੂਰੀ ਕਰਦਾ ਹੈ ਕਿ ਇਕ ਮੁਖੀ ਨੂੰ ‘ਆਪਣਿਆਂ ਦੀਆਂ ਲੋੜਾਂ ਪੂਰੀਆਂ’ ਕਰਨੀਆਂ ਚਾਹੀਦੀਆਂ ਹਨ। (1 ਤਿਮੋਥਿਉਸ 5:8) ਦੂਜਾ, ਉਹ ਆਪਣੀ ਮਿਸਾਲ ਰਾਹੀਂ ਘਰਦਿਆਂ ਨੂੰ ਸਿਖਾਉਂਦਾ ਹੈ ਕਿ ਮਿਹਨਤ ਕਰ ਕੇ ਰੋਟੀ ਕਮਾਈ ਜਾਂਦੀ ਹੈ। ਸ਼ੇਨ ਕਹਿੰਦਾ ਹੈ, “ਮੇਰੇ ਡੈਡੀ ਚੰਗੀ ਤਰ੍ਹਾਂ ਕੰਮ ਕਰਨ ਵਿਚ ਇਕ ਵਧੀਆ ਮਿਸਾਲ ਹਨ। ਉਹ ਈਮਾਨਦਾਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਾਲ ਤਰਖਾਣ ਵਜੋਂ ਕੰਮ ਕੀਤਾ। ਉਨ੍ਹਾਂ ਦੀ ਮਿਸਾਲ ਤੋਂ ਮੈਂ ਸਿੱਖਿਆ ਕਿ ਜਦੋਂ ਅਸੀਂ ਖ਼ੁਦ ਆਪਣੇ ਹੱਥੀਂ ਕੰਮ ਕਰਦੇ ਹਾਂ, ਤਾ ਅਸੀਂ ਇੱਦਾਂ ਦੀਆਂ ਚੀਜ਼ਾਂ ਬਣਾ ਸਕਦੇ ਹਾਂ ਜਿਹੜੀਆਂ ਦੂਜਿਆਂ ਦੇ ਕੰਮ ਆਉਣ।”
ਲੋੜਵੰਦ ਲੋਕ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ‘ਸਖ਼ਤ ਮਿਹਨਤ ਕਰਨ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਹੋਵੇ।’ (ਅਫ਼ਸੀਆਂ 4:28) ਜਦੋਂ ਅਸੀਂ ਆਪਣੀਆਂ ਅਤੇ ਆਪਣਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਬਿਨਾਂ ਸ਼ੱਕ ਅਸੀਂ ਲੋੜਵੰਦ ਲੋਕਾਂ ਦੀਆਂ ਵੀ ਲੋੜਾਂ ਪੂਰੀਆਂ ਕਰ ਸਕਦੇ ਹਾਂ। (ਕਹਾਉਤਾਂ 3:27) ਮਿਹਨਤ ਕਰਨ ਨਾਲ ਸਾਨੂੰ ਉਹ ਖ਼ੁਸ਼ੀ ਮਿਲ ਸਕਦੀ ਹੈ ਜੋ ਦੇਣ ਨਾਲ ਮਿਲਦੀ ਹੈ।
ਹੀਰੇ-ਮੋਤੀ
ਮੈਂ ਕਿੰਨਾ ਕੁ ਹਿੰਮਤੀ ਹਾਂ?
● ਆਪਣੀਆਂ ਸਮੱਸਿਆਵਾਂ ਬਾਰੇ ਸਹੀ ਨਜ਼ਰੀਆ ਰੱਖੋ। ਵੱਡੀਆਂ ਅਤੇ ਛੋਟੀਆਂ ਸਮੱਸਿਆਵਾਂ ਵਿਚ ਫ਼ਰਕ ਕਰਨਾ ਸਿੱਖੋ। ਬਾਈਬਲ ਕਹਿੰਦੀ ਹੈ: “ਮੂਰਖ ਝੱਟ ਚਿੜ ਜਾਂਦਾ ਹੈ, ਪਰ ਸਮਝਦਾਰ ਆਦਮੀ ਬੇਇੱਜ਼ਤੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।” (ਕਹਾਉਤਾਂ 12:16) ਤੁਹਾਨੂੰ ਹਰ ਸਮੱਸਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
“ਸਕੂਲ ਵਿਚ ਬੱਚੇ ਛੋਟੀਆਂ-ਛੋਟੀਆਂ ਗੱਲਾਂ ਬਾਰੇ ਵਧਾ-ਚੜ੍ਹਾ ਕੇ ਸ਼ਿਕਾਇਤਾਂ ਕਰਦੇ ਹਨ। ਫਿਰ ਜਦੋਂ ਸੋਸ਼ਲ ਮੀਡੀਆ ʼਤੇ ਦੋਸਤ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਕਰਨੀਆਂ ਜਾਇਜ਼ ਹਨ, ਤਾਂ ਉਹ ਹੋਰ ਵੀ ਨਿਰਾਸ਼ ਹੋ ਜਾਂਦੇ ਹਨ। ਇਸ ਕਰਕੇ ਉਨ੍ਹਾਂ ਲਈ ਆਪਣੀਆਂ ਸਮੱਸਿਆਵਾਂ ਬਾਰੇ ਸਹੀ ਨਜ਼ਰੀਆ ਰੱਖਣਾ ਔਖਾ ਹੁੰਦਾ ਹੈ।”—ਜੋਐਨ।
12-18 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 13
‘ਦੁਸ਼ਟ ਦੇ ਦੀਵੇ’ ਕਰਕੇ ਮੂਰਖ ਨਾ ਬਣੋ
it-2 196 ਪੈਰੇ 2-3
ਦੀਵਾ
ਹੋਰ ਮਤਲਬ। ਬਾਈਬਲ ਵਿਚ ਦੀਵੇ ਦਾ ਮਤਲਬ ਇੱਦਾਂ ਦਾ ਕੁਝ ਵੀ ਹੋ ਸਕਦਾ ਹੈ ਜਿਸ ਤੋਂ ਇਕ ਵਿਅਕਤੀ ਨੂੰ ਸੇਧ ਮਿਲਦੀ ਹੈ। ਇਸ ਲਈ ਕਹਾਉਤਾਂ ਦੀ ਕਿਤਾਬ ਵਿਚ ਧਰਮੀ ਅਤੇ ਦੁਸ਼ਟ ਵਿਚ ਫ਼ਰਕ ਦੱਸਦੇ ਹੋਏ ਲਿਖਿਆ ਹੈ, “ਧਰਮੀ ਦਾ ਚਾਨਣ ਤੇਜ਼ ਚਮਕਦਾ ਹੈ, ਪਰ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।” (ਕਹਾ 13:9) ਧਰਮੀ ਦਾ ਚਾਨਣ ਵਧਦਾ ਹੀ ਜਾਂਦਾ ਹੈ। ਪਰ ਦੁਸ਼ਟ ਚਾਹੇ ਕਿੰਨੇ ਹੀ ਕਿਉਂ ਨਾ ਚਮਕਣ ਅਤੇ ਕਿੰਨੇ ਹੀ ਕਾਮਯਾਬ ਕਿਉਂ ਨਾ ਨਜ਼ਰ ਆਉਣ, ਪਰ ਪਰਮੇਸ਼ੁਰ ਉਨ੍ਹਾਂ ਨੂੰ ਇਸ ਤਰ੍ਹਾਂ ਸਜ਼ਾ ਦੇਵੇਗਾ ਜਿੱਦਾਂ ਕਿ ਉਨ੍ਹਾਂ ਅੱਗੇ ਹਨੇਰਾ ਛਾ ਜਾਵੇਗਾ ਅਤੇ ਉਹ ਡਿੱਗ ਜਾਣਗੇ।
“ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ,” ਇਨ੍ਹਾਂ ਸ਼ਬਦਾਂ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ। ਇਸ ਲਈ ਕਹਾਉਤਾਂ ਦੀ ਕਿਤਾਬ ਵਿਚ ਇਹ ਵੀ ਲਿਖਿਆ ਹੈ, “ਬੁਰੇ ਇਨਸਾਨ ਦਾ ਕੋਈ ਭਵਿੱਖ ਨਹੀਂ ਹੈ; ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।”—ਕਹਾ 24:20.
ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ
3 ਜੇ ਸ਼ੈਤਾਨ ਦੋ ਮੁਕੰਮਲ ਇਨਸਾਨਾਂ ਅਤੇ ਬਹੁਤ ਸਾਰੇ ਦੂਤਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕਰ ਸਕਦਾ ਹੈ, ਤਾਂ ਉਹ ਸਾਨੂੰ ਵੀ ਆਪਣੇ ਮਗਰ ਲਾ ਸਕਦਾ ਹੈ। ਉਹ ਅੱਜ ਵੀ ਉਹੀ ਚਾਲਾਂ ਵਰਤਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਬੋਝ ਸਮਝੀਏ ਅਤੇ ਸੋਚੀਏ ਕਿ ਇਹ ਸਾਨੂੰ ਮੌਜ-ਮਸਤੀ ਕਰਨ ਤੋਂ ਰੋਕਦੇ ਹਨ। (1 ਯੂਹੰ. 5:3) ਜੇ ਅਸੀਂ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ ਜੋ ਇਸ ਤਰ੍ਹਾਂ ਸੋਚਦੇ ਹਨ, ਤਾਂ ਸਾਡੀ ਸੋਚਣੀ ਵੀ ਉਨ੍ਹਾਂ ਵਰਗੀ ਹੋ ਜਾਵੇਗੀ। ਇਕ 24 ਸਾਲਾਂ ਦੀ ਭੈਣ ʼਤੇ ਗ਼ਲਤ ਸੰਗਤ ਦਾ ਅਸਰ ਪਿਆ ਜਿਸ ਕਰਕੇ ਉਸ ਨੇ ਨਾਜਾਇਜ਼ ਸੰਬੰਧ ਰੱਖੇ। ਉਹ ਦੱਸਦੀ ਹੈ: “ਬੁਰੇ ਦੋਸਤਾਂ ਦਾ ਮੇਰੇ ʼਤੇ ਬਹੁਤ ਮਾੜਾ ਅਸਰ ਪਿਆ। ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ ਕਿਉਂਕਿ ਮੈਂ ਡਰਦੀ ਸੀ ਕਿਤੇ ਉਹ ਮੇਰੇ ਨਾਲੋਂ ਦੋਸਤੀ ਨਾ ਤੋੜ ਲੈਣ।” ਸ਼ਾਇਦ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੋਵੇ।
“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ”
ਬੁੱਧੀ ਨਾਲ ਚੱਲਣ ਵਾਲੇ ਸਮਝਦਾਰ ਅਤੇ ਧਰਮੀ ਇਨਸਾਨ ਨੂੰ ਬਰਕਤਾਂ ਮਿਲਣਗੀਆਂ। ਸੁਲੇਮਾਨ ਭਰੋਸਾ ਦਿੰਦਾ ਹੈ: “ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ।” (ਕਹਾਉਤਾਂ 13:25) ਯਹੋਵਾਹ ਸਾਨੂੰ ਦੱਸਦਾ ਹੈ ਕਿ ਪਰਿਵਾਰਕ ਮਾਮਲਿਆਂ ਨੂੰ ਨਜਿੱਠਦੇ ਵੇਲੇ, ਦੂਸਰਿਆਂ ਨਾਲ ਪੇਸ਼ ਆਉਣ ਵੇਲੇ, ਸੇਵਕਾਈ ਵਿਚ ਅਤੇ ਤਾੜਨਾ ਮਿਲਣ ਤੇ ਸਾਡੇ ਲਈ ਕੀ ਕਰਨਾ ਫ਼ਾਇਦੇਮੰਦ ਰਹੇਗਾ। ਉਸ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਉੱਤੇ ਚੱਲਣ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲੈ ਸਕਾਂਗੇ।
ਹੀਰੇ-ਮੋਤੀ
it-2 276 ਪੈਰਾ 2
ਪਿਆਰ
ਪਿਆਰ ਜ਼ਾਹਰ ਕਰਨ ਦਾ ਗ਼ਲਤ ਤਰੀਕਾ। ਜੇ ਅਸੀਂ ਸਹੀ ਤਰੀਕੇ ਨਾਲ ਪਿਆਰ ਜ਼ਾਹਰ ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਤੋਂ ਸਿੱਖੀਏ ਅਤੇ ਉਸ ਦੇ ਬਚਨ ਵਿਚ ਲਿਖੀਆਂ ਗੱਲਾਂ ਨੂੰ ਸਮਝ ਕੇ ਉਨ੍ਹਾਂ ʼਤੇ ਚੱਲੀਏ। ਜਿੱਦਾਂ ਕਿ ਇਕ ਮਾਤਾ-ਪਿਤਾ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹੋਣ, ਪਰ ਉਨ੍ਹਾਂ ਦੇ ਪਿਆਰ ਜ਼ਾਹਰ ਕਰਨ ਦਾ ਤਰੀਕਾ ਗ਼ਲਤ ਹੋ ਸਕਦਾ ਹੈ। ਉਹ ਸ਼ਾਇਦ ਆਪਣੇ ਬੱਚੇ ਦੀ ਹਰ ਫ਼ਰਮਾਇਸ਼ ਪੂਰੀ ਕਰਨ, ਉਸ ਨੂੰ ਕਿਸੇ ਵੀ ਚੀਜ਼ ਤੋਂ ਮਨ੍ਹਾ ਨਾ ਕਰਨ, ਤੇ ਉਸ ਦੇ ਗ਼ਲਤੀ ਕਰਨ ਤੇ ਉਸ ਨੂੰ ਸੁਧਾਰਨ ਵੀ ਨਾ। (ਕਹਾ 22:15) ਲੋਕ ਇਸ ਤਰੀਕੇ ਨਾ ਇਸ ਲਈ ਪਿਆਰ ਜ਼ਾਹਰ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਖ਼ਾਨਦਾਨ ਤੇ ਬਹੁਤ ਮਾਣ ਹੁੰਦਾ ਹੈ ਅਤੇ ਇਹ ਇਕ ਤਰ੍ਹਾਂ ਦਾ ਸੁਆਰਥ ਹੀ ਹੈ। ਇਸ ਲਈ ਬਾਈਬਲ ਵਿਚ ਲਿਖਿਆ ਹੈ ਕਿ ਅਜਿਹੇ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਬਲਕਿ ਨਫ਼ਰਤ ਕਰਦੇ ਹਨ। ਉਹ ਅਜਿਹੇ ਰਸਤੇ ਨਹੀਂ ਅਪਣਾਉਂਦੇ ਜਿਨ੍ਹਾਂ ਨਾਲ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਸਕਦੀ ਹੈ।—ਕਹਾ 13:24; 23:13, 14.
19-25 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 14
ਆਫ਼ਤ ਆਉਣ ਵੇਲੇ ਸੋਚ-ਸਮਝ ਕੇ ਕਦਮ ਚੁੱਕੋ
ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰੋ!
10 ਕੁਝ ਆਫ਼ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਉਣ ਤੋਂ ਅਸੀਂ ਰੋਕ ਨਹੀਂ ਸਕਦੇ, ਜਿਵੇਂ ਕਿ ਕੁਦਰਤੀ ਆਫ਼ਤਾਂ, ਮਹਾਂਮਾਰੀਆਂ ਅਤੇ ਦੰਗੇ-ਫ਼ਸਾਦ। ਪਰ ਜਦੋਂ ਇੱਦਾਂ ਦੀ ਕੋਈ ਆਫ਼ਤ ਆਉਂਦੀ ਹੈ, ਤਾਂ ਅਸੀਂ ਆਪਣੇ ਬਚਾਅ ਲਈ ਕਾਫ਼ੀ ਕੁਝ ਕਰ ਸਕਦੇ ਹਾਂ। ਉਦਾਹਰਣ ਲਈ, ਜੇ ਸਾਡੇ ਇਲਾਕੇ ਵਿਚ ਕਰਫਿਊ ਲੱਗ ਜਾਵੇ ਜਾਂ ਕੁਝ ਪਾਬੰਦੀਆਂ ਲਗਾ ਦਿੱਤੀਆਂ ਜਾਣ ਜਾਂ ਸਾਨੂੰ ਆਪਣੇ ਇਲਾਕੇ ਨੂੰ ਖਾਲੀ ਕਰਨ ਲਈ ਕਿਹਾ ਜਾਵੇ, ਤਾਂ ਸਾਨੂੰ ਉਨ੍ਹਾਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ। (ਰੋਮੀ. 13:1, 5-7) ਕੁਝ ਆਫ਼ਤਾਂ ਬਾਰੇ ਸਾਨੂੰ ਪਹਿਲਾਂ ਤੋਂ ਹੀ ਪਤਾ ਲੱਗ ਸਕਦਾ ਹੈ। ਇਸ ਲਈ ਅਧਿਕਾਰੀ ਜੋ ਹਿਦਾਇਤਾਂ ਦਿੰਦੇ ਹਨ, ਉਨ੍ਹਾਂ ਨੂੰ ਮੰਨ ਕੇ ਅਸੀਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਸਕਦੇ ਹਾਂ। ਉਦਾਹਰਣ ਲਈ, ਅਸੀਂ ਕਾਫ਼ੀ ਮਾਤਰਾ ਵਿਚ ਪਾਣੀ, ਛੇਤੀ ਖ਼ਰਾਬ ਨਾ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਜ਼ਰੂਰੀ ਦਵਾਈਆਂ ਜਾਂ ਛੋਟੀ ਜਿਹੀ ਫ਼ਸਟ-ਏਡ ਕਿੱਟ ਤਿਆਰ ਰੱਖ ਸਕਦੇ ਹਾਂ।
11 ਅਸੀਂ ਜਿਸ ਇਲਾਕੇ ਵਿਚ ਰਹਿ ਰਹੇ ਹਾਂ ਜੇ ਉੱਥੇ ਕੋਈ ਛੂਤ ਦੀ ਬੀਮਾਰੀ ਫੈਲ ਰਹੀ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਅਧਿਕਾਰੀਆਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ, ਜਿਵੇਂ ਕਿ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ, ਹੱਥ ਧੋਣੇ, ਮਾਸਕ ਪਾਉਣਾ, ਬੀਮਾਰੀ ਦੇ ਲੱਛਣ ਹੋਣ ʼਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰਨਾ। ਇਨ੍ਹਾਂ ਹਿਦਾਇਤਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਦਿਲੋਂ ਕਦਰ ਕਰਦੇ ਹਾਂ।
12 ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਸਾਨੂੰ ਆਪਣੇ ਦੋਸਤਾਂ ਜਾਂ ਗੁਆਂਢੀਆਂ ਤੋਂ ਅਤੇ ਖ਼ਬਰਾਂ ਵਿਚ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਜੋ ਸੱਚ ਨਹੀਂ ਹੁੰਦੀਆਂ। ਲੋਕਾਂ ਦੀ “ਹਰ ਗੱਲ” ਉੱਤੇ ਅੱਖਾਂ ਬੰਦ ਕਰ ਕੇ ਯਕੀਨ ਕਰਨ ਦੀ ਬਜਾਇ ਸਾਨੂੰ ਭਰੋਸੇਮੰਦ ਸਰਕਾਰੀ ਅਧਿਕਾਰੀਆਂ ਅਤੇ ਡਾਕਟਰਾਂ ਤੋਂ ਮਿਲਣ ਵਾਲੀ ਜਾਣਕਾਰੀ ʼਤੇ ਧਿਆਨ ਦੇਣਾ ਚਾਹੀਦਾ ਹੈ। (ਕਹਾਉਤਾਂ 14:15 ਪੜ੍ਹੋ।) ਪ੍ਰਬੰਧਕ ਸਭਾ ਅਤੇ ਬ੍ਰਾਂਚ ਆਫ਼ਿਸ ਦੇ ਭਰਾ ਸਹੀ ਜਾਣਕਾਰੀ ਇਕੱਠੀ ਕਰਨ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਇਸ ਤੋਂ ਬਾਅਦ ਹੀ ਉਹ ਮੀਟਿੰਗਾਂ ਜਾਂ ਪ੍ਰਚਾਰ ਬਾਰੇ ਕੋਈ ਹਿਦਾਇਤ ਦਿੰਦੇ ਹਨ। (ਇਬ. 13:17) ਜੇ ਅਸੀਂ ਇਨ੍ਹਾਂ ਹਿਦਾਇਤਾਂ ਨੂੰ ਮੰਨਾਂਗੇ, ਤਾਂ ਸਾਡੀ ਅਤੇ ਦੂਜਿਆਂ ਦੀ ਹਿਫਾਜ਼ਤ ਹੋਵੇਗੀ। ਨਾਲੇ ਹੋ ਸਕਦਾ ਹੈ ਕਿ ਇਸ ਕਰਕੇ ਸਾਡੇ ਇਲਾਕੇ ਦੇ ਲੋਕ ਯਹੋਵਾਹ ਦੇ ਗਵਾਹਾਂ ਦੀ ਹੋਰ ਵੀ ਇੱਜ਼ਤ ਕਰਨ ਲੱਗ ਪੈਣ।—1 ਪਤ. 2:12.
ਸਾਦੋਕ ਵਾਂਗ ਦਲੇਰ ਬਣੋ
11 ਜੇ ਕਿਸੇ ਖ਼ਤਰਨਾਕ ਹਾਲਾਤ ਵਿਚ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਪਵੇ, ਤਾਂ ਅਸੀਂ ਸਾਦੋਕ ਵਾਂਗ ਦਲੇਰੀ ਕਿਵੇਂ ਦਿਖਾ ਸਕਦੇ ਹਾਂ? (1) ਹਿਦਾਇਤਾਂ ਮੰਨੋ। ਅਜਿਹੇ ਹਾਲਾਤ ਵਿਚ ਏਕਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬ੍ਰਾਂਚ ਆਫ਼ਿਸ ਤੋਂ ਮਿਲਦੀ ਹਰ ਹਿਦਾਇਤ ਮੰਨੋ। (ਇਬ. 13:17) ਬਿਪਤਾ ਜਾਂ ਆਫ਼ਤ ਆਉਣ ਤੇ ਕੀ ਕੀਤਾ ਜਾਣਾ ਚਾਹੀਦਾ, ਇਸ ਬਾਰੇ ਹਰੇਕ ਮੰਡਲੀ ਵਿਚ ਕੁਝ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਸੰਗਠਨ ਵੀ ਕੁਝ ਹਿਦਾਇਤਾਂ ਦਿੰਦਾ ਹੈ। ਬਜ਼ੁਰਗਾਂ ਨੂੰ ਸਮੇਂ-ਸਮੇਂ ਤੇ ਇਨ੍ਹਾਂ ਪ੍ਰਬੰਧਾਂ ਅਤੇ ਹਿਦਾਇਤਾਂ ʼਤੇ ਗੌਰ ਕਰਨਾ ਚਾਹੀਦਾ ਹੈ। (1 ਕੁਰਿੰ. 14:33, 40) (2) ਦਲੇਰ ਬਣੋ, ਪਰ ਖ਼ਬਰਦਾਰ ਵੀ ਰਹੋ। (ਕਹਾ. 22:3) ਕੁਝ ਵੀ ਕਰਨ ਤੋਂ ਪਹਿਲਾਂ ਸੋਚੋ ਤੇ ਬਿਨਾਂ ਵਜ੍ਹਾ ਖ਼ਤਰਾ ਮੁੱਲ ਨਾ ਲਓ। (3) ਯਹੋਵਾਹ ʼਤੇ ਭਰੋਸਾ ਰੱਖੋ। ਯਾਦ ਰੱਖੋ ਕਿ ਯਹੋਵਾਹ ਨੂੰ ਤੁਹਾਡਾ ਅਤੇ ਸਾਰੇ ਭੈਣਾਂ-ਭਰਾਵਾਂ ਦਾ ਫ਼ਿਕਰ ਹੈ। ਉਨ੍ਹਾਂ ਦੀ ਹਿਫਾਜ਼ਤ ਕਰਨ ਵਿਚ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ।
ਹੀਰੇ-ਮੋਤੀ
it-2 1094
ਸੋਚਣ-ਸਮਝਣ ਦੀ ਕਾਬਲੀਅਤ
ਜਿਹੜਾ ਇਨਸਾਨ ਗਹਿਰਾਈ ਨਾਲ ਸੋਚਦਾ ਹੈ ਅਤੇ ਜਿਸ ਕੋਲ ਸੋਚਣ-ਸਮਝਣ ਦੀ ਕਾਬਲੀਅਤ ਹੁੰਦੀ ਹੈ ਉਸ ਤੋਂ ਲੋਕ ਨਫ਼ਰਤ ਕਰ ਸਕਦੇ ਹਨ। ਕਹਾਉਤਾਂ 14:17 ਵਿਚ ਸ਼ਾਇਦ ਇਹੀ ਮਤਲਬ ਹੋਵੇ ਜਿੱਥੇ ਲਿਖਿਆ ਹੈ “ਜਿਹੜਾ ਸੋਚ ਕੇ ਕੰਮ ਕਰਦਾ, ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ।” ਜਿਹੜੇ ਲੋਕ ਸਹੀ ਤਰ੍ਹਾਂ ਸੋਚਦੇ-ਸਮਝਦੇ ਨਹੀਂ ਹਨ, ਉਹ ਅਕਸਰ ਉਨ੍ਹਾਂ ਲੋਕਾਂ ਨੂੰ ਘਟੀਆ ਸਮਝਦੇ ਹਨ ਜੋ ਇੱਦਾਂ ਕਰਦੇ ਹਨ। ਉਸੇ ਤਰ੍ਹਾਂ ਜਿਹੜੇ ਲੋਕ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਬਾਰੇ ਸੋਚਦੇ ਹਨ ਅਤੇ ਉਸ ʼਤੇ ਆਪਣਾ ਪੂਰੀ ਧਿਆਨ ਲਾਉਂਦੇ ਹਨ, ਉਨ੍ਹਾਂ ਤੋਂ ਵੀ ਸ਼ਾਇਦ ਲੋਕ ਨਫ਼ਰਤ ਕਰਨ। ਯਿਸੂ ਨੇ ਕਿਹ ਸੀ, “ਤੁਸੀਂ ਦੁਨੀਆਂ ਦੇ ਨਹੀਂ ਹੋ, ਸਗੋਂ ਮੈਂ ਤੁਹਾਨੂੰ ਦੁਨੀਆਂ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।” (ਯੂਹੰ 15:19) ਮੂਲ ਭਾਸ਼ਾ ਵਿਚ ਰੁਕ ਕੇ ਸੋਚਣ ਲਈ ਜੋ ਸ਼ਬਦ ਵਰਤੇ ਗਏ ਹਨ ਉਨ੍ਹਾਂ ਦਾ ਮਤਲਬ ਸਾਜ਼ਸ਼ ਘੜਨਾ ਵੀ ਹੋ ਸਕਦਾ ਹੈ। ਇਸ ਲਈ ਕਹਾਉਤਾਂ 14:17 ਵਿਚ ਸ਼ਾਇਦ ਇੱਦਾਂ ਸਾਜ਼ਸ਼ਾਂ ਘੜਨ ਵਾਲੇ ਇਨਸਾਨ ਦੀ ਗੱਲ ਕੀਤੀ ਗਈ ਹੈ ਅਤੇ ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ।
26 ਮਈ–1 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 15
ਦੂਜਿਆਂ ਦੀ ਖ਼ੁਸ਼ ਰਹਿਣ ਵਿਚ ਮਦਦ ਕਰੋ
ਅਸੀਂ ਵਫ਼ਾਦਾਰੀ ਨਾਲ ਚੱਲਾਂਗੇ!
16 ਅੱਯੂਬ ਪਰਾਹੁਣਾਚਾਰ ਸੀ। (ਅੱਯੂ. 31:31, 32) ਅਸੀਂ ਸ਼ਾਇਦ ਅਮੀਰ ਨਾ ਹੋਈਏ, ਪਰ ਅਸੀਂ ‘ਪਰਾਹੁਣਚਾਰੀ ਪੁੱਜ ਕੇ ਕਰ’ ਸਕਦੇ ਹਾਂ। (ਰੋਮੀ. 12:13) ਅਸੀਂ ਦੂਜਿਆਂ ਨਾਲ ਸਾਦਾ ਜਿਹਾ ਖਾਣਾ ਸਾਂਝਾ ਕਰ ਸਕਦੇ ਹਾਂ। ਅਸੀਂ ਯਾਦ ਰੱਖਦੇ ਹਾਂ ਕਿ “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।” (ਕਹਾ. 15:17) ਕਿਸੇ ਵਫ਼ਾਦਾਰ ਭਰਾ ਜਾਂ ਭੈਣ ਨਾਲ ਪਿਆਰ ਭਰੇ ਮਾਹੌਲ ਵਿਚ ਸਾਦਾ ਜਿਹਾ ਖਾਣਾ ਖਾ ਕੇ ਵੀ ਮਜ਼ਾ ਆਵੇਗਾ ਅਤੇ ਸਾਡੀ ਨਿਹਚਾ ਤਕੜੀ ਹੋਵੇਗੀ।
ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ
16 ਉਦੋਂ ਕੀ ਜਦੋਂ ਤੁਹਾਨੂੰ ਦੂਜਿਆਂ ਨੂੰ ਇਹ ਦੱਸਣਾ ਔਖਾ ਲੱਗੇ ਕਿ ਤੁਸੀਂ ਉਨ੍ਹਾਂ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ? ਅਸਲ ਵਿਚ, ਦੂਜਿਆਂ ਨੂੰ ਹੌਸਲਾ ਦੇਣਾ ਇੰਨਾ ਔਖਾ ਨਹੀਂ ਹੈ। ਦੂਜਿਆਂ ਵੱਲ ਦੇਖ ਕੇ ਮੁਸਕਰਾਓ। ਜੇ ਉਹ ਤੁਹਾਡੇ ਵੱਲ ਦੇਖ ਕੇ ਨਹੀਂ ਮੁਸਕਰਾਉਂਦੇ, ਤਾਂ ਹੋ ਸਕਦਾ ਹੈ ਕਿ ਉਹ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋਣ ਅਤੇ ਉਹ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋਣ। ਤੁਸੀਂ ਸਿਰਫ਼ ਉਨ੍ਹਾਂ ਦੀ ਗੱਲ ਸੁਣ ਕੇ ਹੀ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹੋ।—ਯਾਕੂ. 1:19.
17 ਹੈਨਰੀ ਨਾਂ ਦਾ ਇਕ ਨੌਜਵਾਨ ਭਰਾ ਬਹੁਤ ਦੁਖੀ ਸੀ ਕਿਉਂਕਿ ਉਸ ਦੇ ਕਈ ਕਰੀਬੀ ਰਿਸ਼ਤੇਦਾਰਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ। ਇਨ੍ਹਾਂ ਵਿੱਚੋਂ ਇਕ ਉਸ ਦਾ ਪਿਤਾ ਸੀ ਜੋ ਬਜ਼ੁਰਗ ਦੇ ਤੌਰ ʼਤੇ ਸੇਵਾ ਕਰਦਾ ਸੀ। ਇਕ ਸਫ਼ਰੀ ਨਿਗਾਹਬਾਨ ਨੇ ਦੇਖਿਆ ਕਿ ਹੈਨਰੀ ਉਦਾਸ ਸੀ, ਇਸ ਲਈ ਉਹ ਉਸ ਨੂੰ ਆਪਣੇ ਨਾਲ ਕੌਫ਼ੀ ਪੀਣ ਲਈ ਲੈ ਗਿਆ। ਜਦੋਂ ਹੈਨਰੀ ਨੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ, ਤਾਂ ਸਫ਼ਰੀ ਨਿਗਾਹਬਾਨ ਨੇ ਉਸ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਗੱਲਬਾਤ ਕਰਨ ਤੋਂ ਬਾਅਦ, ਹੈਨਰੀ ਨੂੰ ਅਹਿਸਾਸ ਹੋਇਆ ਕਿ ਆਪਣੇ ਪਰਿਵਾਰ ਦੀ ਸੱਚਾਈ ਵਿਚ ਵਾਪਸ ਆਉਣ ਲਈ ਮਦਦ ਕਰਨ ਦਾ ਇੱਕੋ-ਇਕ ਤਰੀਕਾ ਹੈ ਕਿ ਉਹ ਆਪ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੇ। ਉਸ ਨੂੰ ਜ਼ਬੂਰ 46, ਸਫ਼ਨਯਾਹ 3:17 ਅਤੇ ਮਰਕੁਸ 10:29, 30 ਪੜ੍ਹ ਕੇ ਵੀ ਬਹੁਤ ਹੌਸਲਾ ਮਿਲਿਆ।
18 ਅਸੀਂ ਮਾਰਥਾ ਅਤੇ ਹੈਨਰੀ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਸਾਡੇ ਵਿੱਚੋਂ ਹਰ ਕੋਈ ਉਸ ਭੈਣ-ਭਰਾ ਨੂੰ ਦਿਲਾਸਾ ਅਤੇ ਹੌਸਲਾ ਦੇ ਸਕਦਾ ਹੈ ਜਿਸ ਨੂੰ ਇਸ ਦੀ ਲੋੜ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ! ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।” (ਕਹਾ. 15:23, 30) ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਉਦਾਸ ਜਾਂ ਨਿਰਾਸ਼ ਹੈ? ਕਿਉਂ ਨਾ ਉਸ ਲਈ ਪਹਿਰਾਬੁਰਜ ਜਾਂ ਵੈੱਬਸਾਈਟ ਤੋਂ ਕੁਝ ਪੜ੍ਹੋ? ਨਾਲੇ ਪੌਲੁਸ ਨੇ ਕਿਹਾ ਕਿ ਇਕੱਠੇ ਮਿਲ ਕੇ ਰਾਜ ਦੇ ਗੀਤ ਗਾਉਣ ਨਾਲ ਵੀ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਲਿਖਿਆ: “ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ ਦਿੰਦੇ ਰਹੋ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਲਈ ਗੀਤ ਗਾਉਂਦੇ ਰਹੋ।”—ਕੁਲੁ. 3:16; ਰਸੂ. 16:25.
ਹੀਰੇ-ਮੋਤੀ
ਕੀ ਇਕ ਮਸੀਹੀ ਡਾਕਟਰੀ ਇਲਾਜ ਕਰਵਾ ਸਕਦਾ ਹੈ?
2. ਕੀ ਮੈਨੂੰ ਦੋ-ਤਿੰਨ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ? ਇਲਾਜ ਦੇ ਮਾਮਲੇ ਵਿਚ “ਜੇ ਸਲਾਹ ਦੇਣ ਵਾਲੇ ਬਹੁਤੇ ਹੋਣ,” ਤਾਂ ਸਾਡੀ ਮਦਦ ਹੋ ਸਕਦੀ ਹੈ, ਖ਼ਾਸ ਕਰਕੇ ਜੇ ਸਾਡੀ ਹਾਲਤ ਜ਼ਿਆਦਾ ਖ਼ਰਾਬ ਹੋਵੇ।—ਕਹਾਉਤਾਂ 15:22.
2-8 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 16
ਤਿੰਨ ਸਵਾਲ ਜੋ ਸਹੀ ਫ਼ੈਸਲੇ ਲੈਣ ਵਿਚ ਮਦਦ ਕਰ ਸਕਦੇ ਹਨ
ਨੌਜਵਾਨੋ, ਸਹੀ ਫ਼ੈਸਲੇ ਕਰੋ
11 ਯਾਦ ਰੱਖੋ ਕਿ ਸਭ ਤੋਂ ਜ਼ਿਆਦਾ ਖ਼ੁਸ਼ੀ ਸਿਰਫ਼ ਯਹੋਵਾਹ ਦੀ ਸੇਵਾ ਕਰ ਕੇ ਮਿਲਦੀ ਹੈ। (ਕਹਾ. 16:20) ਯਿਰਮਿਯਾਹ ਦਾ ਸੈਕਟਰੀ ਬਾਰੂਕ ਇਹ ਗੱਲ ਭੁੱਲ ਗਿਆ ਸੀ। ਇਕ ਸਮੇਂ ʼਤੇ ਉਹ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਨਹੀਂ ਸੀ। ਪਰ ਜੇ ਉਹ ਪਰਮੇਸ਼ੁਰ ਦਾ ਕਹਿਣਾ ਮੰਨਦਾ, ਤਾਂ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਸਕਦਾ ਸੀ। ਸੋ ਯਹੋਵਾਹ ਨੇ ਉਸ ਨੂੰ ਕਿਹਾ: ‘ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ।’ (ਯਿਰ. 45:3, 5) ਕੀ ਬਾਰੂਕ ਨੂੰ ਆਪਣੇ ਲਈ ਵੱਡੀਆਂ ਚੀਜ਼ਾਂ ਇਕੱਠੀਆਂ ਕਰ ਕੇ ਖ਼ੁਸ਼ੀ ਮਿਲਣੀ ਸੀ? ਜਾਂ ਫਿਰ ਪਰਮੇਸ਼ੁਰ ਦਾ ਵਫ਼ਾਦਾਰ ਰਹਿ ਕੇ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲਣ ਦੀ ਖ਼ੁਸ਼ੀ ਹੋਣੀ ਸੀ?—ਯਾਕੂ. 1:12.
12 ਰਾਮੀਰੋ ਨਾਂ ਦੇ ਭਰਾ ਨੇ ਦੇਖਿਆ ਹੈ ਕਿ ਦੂਜਿਆਂ ਦੀ ਸੇਵਾ ਕਰਨ ਨਾਲ ਬੇਹੱਦ ਖ਼ੁਸ਼ੀ ਮਿਲਦੀ ਹੈ। ਉਹ ਕਹਿੰਦਾ ਹੈ: ‘ਮੇਰੀ ਪਰਵਰਿਸ਼ ਐਂਡੀਜ਼ ਪਰਬਤਾਂ ਦੇ ਇਕ ਪਿੰਡ ਵਿਚ ਹੋਈ ਤੇ ਸਾਡਾ ਪਰਿਵਾਰ ਗ਼ਰੀਬ ਸੀ। ਸੋ ਜਦ ਮੇਰੇ ਵੱਡੇ ਭਰਾ ਨੇ ਕਿਹਾ ਕਿ ਉਹ ਮੇਰੇ ਯੂਨੀਵਰਸਿਟੀ ਜਾਣ ਦਾ ਖ਼ਰਚਾ ਚੁੱਕੇਗਾ, ਤਾਂ ਇਹ ਮੇਰੇ ਲਈ ਇਕ ਬਹੁਤ ਵੱਡਾ ਮੌਕਾ ਸੀ। ਪਰ ਉਸ ਵਕਤ ਮੈਂ ਨਵਾਂ-ਨਵਾਂ ਬਪਤਿਸਮਾ ਲਿਆ ਸੀ ਅਤੇ ਮੈਨੂੰ ਇਕ ਪਾਇਨੀਅਰ ਨੇ ਆਪਣੇ ਨਾਲ ਇਕ ਛੋਟੇ ਜਿਹੇ ਇਲਾਕੇ ਵਿਚ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਸੋ ਮੈਂ ਉਸ ਪਾਇਨੀਅਰ ਨਾਲ ਉੱਥੇ ਗਿਆ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਵਾਲ਼ ਕੱਟਣੇ ਸਿੱਖੇ ਅਤੇ ਬਾਅਦ ਵਿਚ ਮੈਂ ਨਾਈ ਦੀ ਦੁਕਾਨ ਖੋਲ੍ਹੀ। ਇਸ ਜਗ੍ਹਾ ਬਹੁਤ ਸਾਰੇ ਲੋਕ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਸਨ। ਬਾਅਦ ਵਿਚ ਉੱਥੇ ਉਸ ਇਲਾਕੇ ਦੀ ਭਾਸ਼ਾ ਵਿਚ ਇਕ ਨਵੀਂ ਮੰਡਲੀ ਬਣੀ ਅਤੇ ਮੈਂ ਇਸ ਮੰਡਲੀ ਨੂੰ ਜਾਣ ਲੱਗਾ।’ ਉਹ ਅੱਗੇ ਕਹਿੰਦਾ ਹੈ: “ਮੈਂ ਇੱਥੇ 10 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਹਾਂ। ਦੂਜਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾ ਕੇ ਜੋ ਖ਼ੁਸ਼ੀ ਮੈਨੂੰ ਮਿਲੀ ਹੈ ਉਹ ਹੋਰ ਕੋਈ ਕੰਮ ਕਰ ਕੇ ਨਹੀਂ ਮਿਲ ਸਕਦੀ ਸੀ!”
ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?
ਸਾਡੇ ਸਾਰਿਆਂ ਉੱਤੇ ਸਾਡੀ ਪਰਵਰਿਸ਼, ਸਾਡੇ ਮਾਹੌਲ, ਸਭਿਆਚਾਰ ਤੇ ਸਮਾਜ ਦਾ ਕਾਫ਼ੀ ਅਸਰ ਪੈਂਦਾ ਹੈ। ਨਾਲੇ ਅਕਸਰ ਅਸੀਂ ਲੋਕਾਂ ਮੁਤਾਬਕ ਫ਼ੈਸਲੇ ਕਰਦੇ ਹਾਂ ਕਿ ਸਾਡੇ ਕੱਪੜੇ, ਤੌਰ-ਤਰੀਕੇ ਤੇ ਖਾਣਾ-ਪੀਣਾ ਕਿਹੋ ਜਿਹਾ ਹੋਵੇਗਾ।
2 ਪਰ ਜ਼ਿੰਦਗੀ ਵਿਚ ਕੱਪੜੇ ਤੇ ਖਾਣ-ਪੀਣ ਦੀਆਂ ਚੀਜ਼ਾਂ ਨਾਲੋਂ ਹੋਰ ਕਈ ਚੀਜ਼ਾਂ ਮਾਅਨੇ ਰੱਖਦੀਆਂ ਹਨ। ਮਿਸਾਲ ਲਈ, ਸਾਨੂੰ ਬਚਪਨ ਤੋਂ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਸਿਖਾਇਆ ਜਾਂਦਾ ਹੈ। ਪਰ ਸਹੀ-ਗ਼ਲਤ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਸਾਡੀ ਜ਼ਮੀਰ ਦਾ ਵੀ ਸਾਡੇ ਫ਼ੈਸਲਿਆਂ ʼਤੇ ਅਸਰ ਪੈਂਦਾ ਹੈ। ਬਾਈਬਲ ਦੱਸਦੀ ਹੈ ਕਿ ‘ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ। ਇਹ ਕਾਨੂੰਨ ਨਾ ਹੁੰਦੇ ਹੋਏ ਵੀ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ।’ (ਰੋਮੀ. 2:14) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਜੇ ਕਿਸੇ ਗੱਲ ਬਾਰੇ ਪਰਮੇਸ਼ੁਰ ਨੇ ਕੋਈ ਕਾਨੂੰਨ ਨਹੀਂ ਦਿੱਤਾ ਹੈ, ਤਾਂ ਫਿਰ ਅਸੀਂ ਉਹ ਕਰ ਸਕਦੇ ਹਾਂ ਜੋ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਜਾਂ ਜੋ ਸਾਡੇ ਇਲਾਕੇ ਵਿਚ ਲੋਕ ਆਮ ਤੌਰ ਤੇ ਕਰਦੇ ਹਨ?
3 ਪਰ ਦੋ ਕਾਰਨਾਂ ਕਰਕੇ ਮਸੀਹੀ ਆਪਣੀ ਮਨ-ਮਰਜ਼ੀ ਨਹੀਂ ਕਰ ਸਕਦੇ। ਪਹਿਲਾ, ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾ. 16:25) ਨਾਮੁਕੰਮਲ ਹੋਣ ਕਰਕੇ ਅਸੀਂ ਆਪ ਫ਼ੈਸਲਾ ਨਹੀਂ ਕਰ ਸਕਦੇ ਕਿ ਸਾਡੇ ਲਈ ਕੀ ਸਹੀ ਅਤੇ ਕੀ ਗ਼ਲਤ ਹੈ। (ਕਹਾ. 28:26; ਯਿਰ. 10:23) ਦੂਜਾ, ਬਾਈਬਲ ਮੁਤਾਬਕ ਦੁਨੀਆਂ ਦੀ ਸੋਚ ਤੇ ਤੌਰ-ਤਰੀਕੇ ਸ਼ੈਤਾਨ ਦੇ ਕੰਟ੍ਰੋਲ ਵਿਚ ਹਨ ਕਿਉਂਕਿ ਉਹੀ ‘ਇਸ ਦੁਨੀਆਂ ਦਾ ਈਸ਼ਵਰ’ ਹੈ। (2 ਕੁਰਿੰ. 4:4; 1 ਯੂਹੰ. 5:19) ਇਸ ਲਈ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਤੇ ਉਸ ਵੱਲੋਂ ਬਰਕਤਾਂ ਪਾਉਣੀਆਂ ਚਾਹੁੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਮੀਆਂ 12:2 (ਪੜ੍ਹੋ।) ਦੀ ਸਲਾਹ ਮੰਨੀਏ।
ਹੀਰੇ-ਮੋਤੀ
it-1 629
ਅਨੁਸ਼ਾਸਨ
ਅਨੁਸ਼ਾਸਨ ਕਬੂਲ ਕਰਨ ਅਤੇ ਨਾ ਕਬੂਲ ਕਰਨ ਦੇ ਨਤੀਜੇ। ਦੁਸ਼ਟ ਅਤੇ ਮੂਰਖ ਲੋਕ ਯਹੋਵਾਹ ਤੋਂ ਮਿਲਣ ਵਾਲੇ ਅਨੁਸ਼ਾਸਨ ਨੂੰ ਕਬੂਲ ਨਹੀਂ ਕਰਦੇ। (ਜ਼ਬੂ 50:16, 17; ਕਹਾ 1:7) ਨਤੀਜੇ ਵਜੋਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਗ਼ਰੀਬੀ, ਬਦਨਾਮੀ, ਬੀਮਾਰੀ ਅਤੇ ਇੱਥੋਂ ਤਕ ਕਿ ਸਮੇਂ ਤੋਂ ਪਹਿਲਾਂ ਮੌਤ ਵੀ। ਇਨ੍ਹਾਂ ਮੁਸ਼ਕਲਾਂ ਤੋਂ ਇਨ੍ਹਾਂ ਨੂੰ ਇਕ ਚੰਗਾ ਸਬਕ ਮਿਲ ਸਕਦਾ ਹੈ। ਕਈ ਵਾਰ ਤਾਂ ਇਹ ਮੁਸ਼ਕਲਾਂ ਉਨ੍ਹਾਂ ਲਈ ਸਖ਼ਤ ਸਜ਼ਾ ਸਾਬਤ ਹੋ ਸਕਦੀਆਂ ਹਨ। ਇੱਦਾਂ ਦਾ ਹੀ ਕੁਝ ਇਜ਼ਰਾਈਲੀਆਂ ਨਾਲ ਹੋਇਆ ਸੀ। ਯਹੋਵਾਹ ਨੇ ਆਪਣੇ ਨਬੀਆਂ ਦੇ ਜ਼ਰੀਏ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ ਸੀ ਪਰ ਉਨ੍ਹਾਂ ਨੇ ਕਬੂਲ ਨਹੀਂ ਕੀਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਰਾਖੀ ਕਰਨੀ ਤੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਬੰਦ ਕਰ ਦਿੱਤੀਆਂ। ਅਖ਼ੀਰ ਦੂਸਰੀਆਂ ਕੌਮਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਜਿੱਦਾਂ ਭਵਿੱਖਬਾਣੀ ਕੀਤੀ ਗਈ ਸੀ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਦੂਸਰੇ ਦੇਸ਼ ਲੈ ਜਾਇਆ ਗਿਆ।—ਯਿਰ 2:30; 5:3; 7:28; 17:23; 32:33; ਹੋਸ਼ੇ 7:12-16; 10:10; ਸਫ਼ 3:2.
9-15 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 17
ਵਿਆਹੁਤਾ ਰਿਸ਼ਤੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਮਿਹਨਤ ਕਰੋ
ਨਾਰਾਜ਼ਗੀ ਕਿਵੇਂ ਛੱਡੀਏ?
ਆਪਣੀ ਜਾਂਚ ਕਰੋ। ਬਾਈਬਲ ਇਹ ਗੱਲ ਮੰਨਦੀ ਹੈ ਕਿ ਕੁਝ ਲੋਕ ‘ਜਲਦੀ ਗੁੱਸੇ ਹੋ’ ਜਾਂਦੇ ਹਨ ਅਤੇ ‘ਛੇਤੀ ਗੁੱਸੇ ਵਿੱਚ ਆ ਜਾਂਦੇ ਹਨ।’ (ਕਹਾਉਤਾਂ 29:22, ERV) ਕੀ ਤੁਸੀਂ ਇਸ ਤਰ੍ਹਾਂ ਦੇ ਹੋ? ਆਪਣੇ ਆਪ ਨੂੰ ਪੁੱਛੋ: ‘ਕੀ ਮੇਰੇ ਮਨ ਵਿਚ ਕੁੜੱਤਣ ਭਰੀ ਰਹਿੰਦੀ ਹੈ? ਕੀ ਮੈਂ ਜਲਦੀ ਗੁੱਸੇ ਹੋ ਜਾਂਦਾ ਹਾਂ? ਕੀ ਮੈਨੂੰ ਰਾਈ ਦਾ ਪਹਾੜ ਬਣਾਉਣ ਦੀ ਆਦਤ ਹੈ?’ ਬਾਈਬਲ ਕਹਿੰਦੀ ਹੈ ਕਿ “ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।” (ਕਹਾਉਤਾਂ 17:9; ਉਪਦੇਸ਼ਕ ਦੀ ਪੋਥੀ 7:9) ਇਹ ਵਿਆਹੁਤਾ ਜ਼ਿੰਦਗੀ ਵਿਚ ਵੀ ਹੋ ਸਕਦਾ ਹੈ। ਇਸ ਲਈ ਜੇ ਤੁਸੀਂ ਜਲਦੀ ਨਾਰਾਜ਼ ਹੋ ਜਾਂਦੇ ਹੋ, ਤਾਂ ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣੇ ਸਾਥੀ ਨਾਲ ਹੋਰ ਧੀਰਜ ਨਾਲ ਪੇਸ਼ ਆ ਸਕਦਾ ਹਾਂ?’—ਬਾਈਬਲ ਦਾ ਅਸੂਲ: 1 ਪਤਰਸ 4:8.
ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ?
1. ਸਮੱਸਿਆ ਬਾਰੇ ਚਰਚਾ ਕਰਨ ਲਈ ਸਮਾਂ ਮਿੱਥੋ। “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਜਿਵੇਂ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਝਗੜੇ ਵਿਚ ਦਰਸਾਇਆ ਗਿਆ ਹੈ, ਕੁਝ ਮਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਬਾਰੇ ਗੱਲ ਕਰਦਿਆਂ ਹੀ ਸਾਡਾ ਪਾਰਾ ਚੜ੍ਹ ਜਾਂਦਾ ਹੈ। ਜੇ ਇਵੇਂ ਹੋਵੇ, ਤਾਂ ਅੱਗ ਭਬੂਕਾ ਹੋਣ ਤੋਂ ਪਹਿਲਾਂ ਆਪਣੇ ਉੱਤੇ ਕਾਬੂ ਰੱਖ ਕੇ ਚੁੱਪ ਰਹੋ। ਬਾਈਬਲ ਦੀ ਇਸ ਸਲਾਹ ʼਤੇ ਚੱਲ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਦੇ ਹੋ: “ਝਗੜੇ ਦਾ ਆਰੰਭ ਪਾਣੀ ਦੇ ਬੰਦ ਵਿਚ ਪਹਿਲੀ ਤਰੇੜ ਬਰਾਬਰ ਹੈ, ਇਸ ਲਈ ਝਗੜਾ ਸ਼ੁਰੂ ਵਿਚ ਹੀ ਖ਼ਤਮ ਕਰਨਾ ਚੰਗਾ ਹੈ।”—ਕਹਾਉਤਾਂ 17:14, CL.
ਪਰ ‘ਇੱਕ ਬੋਲਣ ਦਾ ਵੇਲਾ ਵੀ ਹੈ।’ ਜਿਵੇਂ ਜੰਗਲੀ ਝਾੜੀਆਂ ਵਧਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੱਲ ਨਾ ਕੀਤੇ ਜਾਣ ਤੇ ਮਸਲੇ ਵੀ ਵਧ ਜਾਂਦੇ ਹਨ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਉਹ ਖ਼ਤਮ ਨਹੀਂ ਹੋ ਜਾਣਗੇ। ਜੇ ਚਰਚਾ ਕਰਦਿਆਂ ਤੁਹਾਡੀ ਆਪਸ ਵਿਚ ਬਹਿਸ ਸ਼ੁਰੂ ਹੋ ਜਾਂਦੀ ਹੈ, ਤਾਂ ਤੁਸੀਂ ਗੱਲ ਉੱਥੇ ਹੀ ਰੋਕ ਕੇ ਮਸਲੇ ਦਾ ਹੱਲ ਲੱਭਣ ਲਈ ਕੋਈ ਹੋਰ ਸਮਾਂ ਮਿੱਥੋ। ਇੱਦਾਂ ਤੁਸੀਂ ਆਪਣੇ ਸਾਥੀ ਨੂੰ ਇੱਜ਼ਤ ਬਖ਼ਸ਼ਦੇ ਹੋ। ਨਾਲੇ ਤੁਸੀਂ ਦੋਵੇਂ ਬਾਈਬਲ ਦੀ ਇਸ ਸਲਾਹ ਉੱਤੇ ਚੱਲ ਸਕੋਗੇ: “ਸੂਰਜ ਡੁਬਣ ਤੋਂ ਪਹਿਲਾਂ ਆਪਣਾ ਗੁਸਾ ਖ਼ਤਮ ਕਰ ਦਿਉ।” (ਅਫ਼ਸੀਆਂ 4:26, CL) ਪਰ ਮਿੱਥੇ ਸਮੇਂ ਤੇ ਗੱਲ ਜ਼ਰੂਰ ਕਰੋ।
ਹੀਰੇ-ਮੋਤੀ
it-1 790 ਪੈਰਾ 2
ਅੱਖ
ਇਕ ਇਨਸਾਨ ਆਪਣੀਆਂ ਅੱਖਾਂ ਨਾਲ ਜੋ ਇਸ਼ਾਰਾ ਕਰਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਮਨ ਵਿਚ ਕੀ ਚੱਲ ਰਿਹਾ ਹੈ। (ਬਿਵ 19:13; ਜ਼ਬੂ 35:19; ਕਹਾ 6:13; 16:30)ਬਾਈਬਲ ਵਿਚ ਲਿਖਿਆ ਹੈ ਕਿ ਮੂਰਖਾਂ ਦੀਆਂ ਅੱਖਾਂ ਬਿਨਾਂ ਕਿਸੇ ਵਜ੍ਹਾ ਇੱਧਰ-ਉੱਧਰ ਫਿਰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀਆਂ ਨਜ਼ਰਾਂ ਇਕ ਜਗ੍ਹਾ ਤੇ ਨਹੀਂ ਟਿਕੀਆਂ ਰਹਿੰਦੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਜਿਸ ਗੱਲ ਬਾਰੇ ਸੋਚਣਾ ਚਾਹੀਦਾ ਹੈ, ਉਹ ਉਸ ਬਾਰੇ ਸੋਚਣ ਦੀ ਬਜਾਇ ਇੱਧਰ-ਉੱਧਰ ਦੀਆਂ ਬੇਕਾਰ ਦੀਆਂ ਗੱਲਾਂ ਬਾਰੇ ਸੋਚਦੇ ਰਹਿੰਦੇ ਹਨ।
16-22 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 18
ਜਿਨ੍ਹਾਂ ਨੂੰ ਕੋਈ ਸਿਹਤ ਸਮੱਸਿਆਵਾਂ ਹੈ, ਉਨ੍ਹਾਂ ਨੂੰ ਹੌਸਲਾ ਦਿਓ
ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ
17 ਸੋਚ-ਸਮਝ ਕੇ ਗੱਲ ਕਰੋ। ਜੇ ਅਸੀਂ ਬੋਲਣ ਲੱਗਿਆਂ ਧਿਆਨ ਨਹੀਂ ਰੱਖਦੇ, ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ। ਬਾਈਬਲ ਕਹਿੰਦੀ ਹੈ: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ, ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਜਦੋਂ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਕਿਸੇ ਨਾਲ ਚੁਗ਼ਲੀਆਂ ਨਹੀਂ ਕਰਦੇ, ਤਾਂ ਅਸੀਂ ਸ਼ਾਂਤੀ ਭਰਿਆ ਮਾਹੌਲ ਬਣਾਈ ਰੱਖਦੇ ਹਾਂ। (ਕਹਾ. 20:19) ਜੇ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਦੁਖੀ ਕਰਨ ਦੀ ਬਜਾਇ ਤਾਜ਼ਗੀ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਰੋਜ਼ਾਨਾ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਲੂਕਾ 6:45) ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਨਾਲ ਸਾਡੀਆਂ ਗੱਲਾਂ “ਬੁੱਧ ਦਾ ਚਸ਼ਮਾ” ਹੋਣਗੀਆਂ ਜਿਨ੍ਹਾਂ ਤੋਂ ਦੂਜਿਆਂ ਨੂੰ ਤਾਜ਼ਗੀ ਮਿਲੇਗੀ।—ਕਹਾ. 18:4.
mrt 19 ਡੱਬੀ
ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?
ਧਿਆਨ ਨਾਲ ਗੱਲ ਸੁਣੋ। ਮਦਦ ਕਰਨ ਦਾ ਇਕ ਵਧੀਆ ਤਰੀਕਾ ਹੈ, ਆਪਣੇ ਦੋਸਤ ਦੀ ਗੱਲ ਧਿਆਨ ਨਾਲ ਸੁਣਨੀ। ਇੱਦਾਂ ਨਾ ਸੋਚੋ ਕਿ ਤੁਹਾਨੂੰ ਉਸ ਦੀ ਹਰ ਗੱਲ ਦਾ ਜਵਾਬ ਦੇਣ ਦੀ ਲੋੜ ਹੈ। ਬਸ ਸੁਣਨਾ ਹੀ ਕਾਫ਼ੀ ਹੈ। ਉਸ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਨਾ ਹੀ ਉਸ ਨੂੰ ਇਹ ਕਹੋ ਕਿ ਉਹ ਜੋ ਕਹਿ ਰਿਹਾ ਹੈ, ਉਹ ਗ਼ਲਤ ਹੈ। ਇਹ ਨਾ ਸੋਚੋ ਕਿ ਤੁਸੀਂ ਆਪਣੇ ਦੋਸਤ ਦੇ ਹਾਲਾਤ ਸਮਝਦੇ ਹੋ, ਖ਼ਾਸ ਕਰਕੇ ਜੇ ਉਹ ਦੇਖਣ ਨੂੰ ਬੀਮਾਰ ਨਹੀਂ ਲੱਗਦਾ।—ਕਹਾਉਤਾਂ 11:2.
ਹੌਸਲਾ ਦੇਣ ਵਾਲੀਆਂ ਗੱਲਾਂ ਕਰੋ। ਤੁਹਾਨੂੰ ਸ਼ਾਇਦ ਪਤਾ ਨਾ ਲੱਗੇ ਕਿ ਤੁਸੀਂ ਕੀ ਕਹਿਣਾ ਹੈ। ਪਰ ਜੇ ਤੁਸੀਂ ਕੁਝ ਨਾ ਕਹਿਣ ਨਾਲੋਂ ਸਿਰਫ਼ ਇੰਨਾ ਹੀ ਕਹਿੰਦੇ ਹੋ ਕਿ ਤੁਸੀਂ ਸਮਝਦੇ ਹੋ ਕਿ ਤੁਹਾਡੇ ਲਈ ਕਿੰਨਾ ਔਖਾ ਹੈ, ਤਾਂ ਉਸ ਨੂੰ ਬਹੁਤ ਹੌਸਲਾ ਮਿਲੇਗਾ। ਜੇ ਤੁਹਾਡੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ, ਤਾਂ ਤੁਸੀਂ ਕੁਝ ਇੱਦਾਂ ਦਾ ਕਹਿ ਸਕਦੇ ਹੋ, “ਮੈਨੂੰ ਪਤਾ ਨਹੀਂ ਕਿ ਮੈਂ ਕੀ ਕਹਾਂ, ਪਰ ਮੈਨੂੰ ਤੇਰਾ ਬਹੁਤ ਫ਼ਿਕਰ ਹੈ।” ਇੱਦਾਂ ਨਾ ਕਹੋ, “ਇਹ ਬੀਮਾਰੀ ਤਾਂ ਵਧਦੀ ਰਹਿੰਦੀ ਹੈ” ਜਾਂ “ਚੱਲ ਤੈਨੂੰ ਘੱਟੋ-ਘੱਟ . . .”
ਤੁਸੀਂ ਉਸ ਬੀਮਾਰੀ ਬਾਰੇ ਜਾਣਕਾਰੀ ਲੈ ਕੇ ਆਪਣੇ ਦੋਸਤ ਵਿਚ ਦਿਲਚਸਪੀ ਦਿਖਾ ਸਕਦੇ ਹੋ। ਉਹ ਇਸ ਗੱਲ ਲਈ ਸ਼ੁਕਰਗੁਜ਼ਾਰ ਹੋਵੇਗਾ ਕਿ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ ਹੈ। ਨਾਲੇ ਤੁਸੀਂ ਉਸ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਸਕੋਗੇ। (ਕਹਾਉਤਾਂ 18:13) ਪਰ ਬਿਨਾਂ ਮੰਗੇ ਸਲਾਹਾਂ ਨਾ ਦਿਓ।
ਮਦਦ ਕਰੋ। ਇਹ ਨਾ ਸੋਚੋ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹੋ। ਇਸ ਦੀ ਬਜਾਇ, ਉਸ ਨੂੰ ਪੁੱਛੋ ਕਿ ਤੁਸੀਂ ਉਸ ਲਈ ਕੀ ਕਰ ਸਕਦੇ ਹੋ। ਪਰ ਯਾਦ ਰੱਖੋ ਕਿ ਸ਼ਾਇਦ ਤੁਹਾਡਾ ਦੋਸਤ ਤੁਹਾਨੂੰ ਨਾ ਦੱਸੇ ਕਿਉਂਕਿ ਉਹ ਤੁਹਾਡੇ ʼਤੇ ਬੋਝ ਨਹੀਂ ਪਾਉਣਾ ਚਾਹੁੰਦਾ। ਜੇ ਇਸ ਤਰ੍ਹਾਂ ਹੈ, ਤਾਂ ਕਿਉਂ ਨਾ ਉਸ ਨੂੰ ਕਹੋ ਕਿ ਤੁਸੀਂ ਖ਼ਰੀਦਾਰੀ, ਸਾਫ਼-ਸਫ਼ਾਈ ਜਾਂ ਹੋਰ ਕੰਮਾਂ ਵਿਚ ਮਦਦ ਕਰ ਸਕਦੇ ਹੋ।—ਗਲਾਤੀਆਂ 6:2.
ਹੌਸਲਾ ਨਾ ਹਾਰੋ। ਜਦੋਂ ਤੁਹਾਡਾ ਦੋਸਤ ਬੀਮਾਰੀ ਨਾਲ ਜੂਝ ਰਿਹਾ ਹੁੰਦਾ ਹੈ, ਤਾਂ ਉਹ ਸ਼ਾਇਦ ਕਦੀ-ਕਦਾਈਂ ਤੁਹਾਡੇ ਨਾਲ ਆਪਣੇ ਕੁਝ ਪਲੈਨ ਕੈਂਸਲ ਕਰ ਦੇਵੇ ਜਾਂ ਤੁਹਾਡੇ ਨਾਲ ਗੱਲ ਨਾ ਕਰਨੀ ਚਾਹੇ। ਧੀਰਜ ਰੱਖੋ ਤੇ ਉਸ ਨੂੰ ਸਮਝੋ। ਉਸ ਨੂੰ ਲੋੜੀਂਦੀ ਮਦਦ ਦਿੰਦੇ ਰਹੋ।—ਕਹਾਉਤਾਂ 18:24.
ਮਦਦ ਲਈ ਹੱਥ ਵਧਾਓ
“ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ।”—1 ਥੱਸਲੁਨੀਕੀਆਂ 5:14.
ਸ਼ਾਇਦ ਤੁਹਾਡਾ ਕੋਈ ਆਪਣਾ ਬਹੁਤ ਜ਼ਿਆਦਾ ਚਿੰਤਾ ਵਿਚ ਡੁੱਬਿਆ ਹੋਵੇ ਜਾਂ ਆਪਣੇ ਆਪ ਵਿਚ ਨਿਕੰਮਾ ਮਹਿਸੂਸ ਕਰ ਰਿਹਾ ਹੋਵੇ। ਇਨ੍ਹਾਂ ਮੌਕਿਆਂ ʼਤੇ ਜਦੋਂ ਤੁਸੀਂ ਉਸ ਨੂੰ ਯਕੀਨ ਦਿਵਾਉਂਦੇ ਹੋ ਕਿ ਤੁਹਾਨੂੰ ਉਸ ਦੀ ਪਰਵਾਹ ਹੈ, ਤਾਂ ਤੁਸੀਂ ਉਸ ਨੂੰ ਹੌਸਲਾ ਤੇ ਦਿਲਾਸਾ ਦੇ ਸਕਦੇ ਹੋ, ਭਾਵੇਂ ਤੁਹਾਨੂੰ ਉਸ ਵੇਲੇ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਤੁਸੀਂ ਕੀ ਕਹਿਣਾ ਹੈ।
“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।”—ਕਹਾਉਤਾਂ 17:17.
ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਅਜ਼ੀਜ਼ ਦੀ ਮਦਦ ਕਰੋ। ਉਸ ਦੀ ਮਦਦ ਕਰਨ ਲਈ ਆਪਣੇ ਵੱਲੋਂ ਅੰਦਾਜ਼ੇ ਨਾ ਲਾਓ। ਇਸ ਦੀ ਬਜਾਇ, ਵਧੀਆ ਹੋਵੇਗਾ ਕਿ ਤੁਸੀਂ ਉਸ ਨੂੰ ਹੀ ਪੁੱਛੋ ਕਿ ਉਸ ਨੂੰ ਕਿਹੜੇ ਕੰਮਾਂ ਵਿਚ ਮਦਦ ਦੀ ਲੋੜ ਹੈ। ਜੇ ਉਹ ਨਹੀਂ ਦੱਸ ਪਾ ਰਿਹਾ, ਤਾਂ ਤੁਸੀਂ ਉਨ੍ਹਾਂ ਨੂੰ ਕੁਝ ਇਕੱਠੇ ਮਿਲ ਕੇ ਕਰਨ ਦਾ ਸੁਝਾਅ ਦੇ ਸਕਦੇ ਹੋ, ਜਿਵੇਂ ਕਿ ਸੈਰ ʼਤੇ ਜਾਣਾ। ਜਾਂ ਉਨ੍ਹਾਂ ਨਾਲ ਖ਼ਰੀਦਦਾਰੀ ਕਰਨ ਜਾਣਾ, ਸਾਫ਼-ਸਫ਼ਾਈ ਕਰਨੀ ਜਾਂ ਹੋਰ ਇਹੋ ਜਿਹੇ ਕੰਮ।—ਗਲਾਤੀਆਂ 6:2.
“ਧੀਰਜ ਨਾਲ ਪੇਸ਼ ਆਓ।”—1 ਥੱਸਲੁਨੀਕੀਆਂ 5:14.
ਸ਼ਾਇਦ ਕਈ ਵਾਰ ਉਹ ਗੱਲ ਕਰਨੀ ਨਾ ਚਾਹੇ। ਇੱਦਾਂ ਦੇ ਮੌਕਿਆਂ ਤੇ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਜਦੋਂ ਵੀ ਉਹ ਗੱਲ ਕਰਨੀ ਚਾਹੇ, ਤੁਸੀਂ ਉਸ ਦੀ ਗੱਲ ਸੁਣਨ ਲਈ ਤਿਆਰ ਹੋ। ਆਪਣੀ ਬੀਮਾਰੀ ਕਰਕੇ ਸ਼ਾਇਦ ਉਹ ਕੁਝ ਅਜਿਹਾ ਕਹਿ ਜਾਂ ਕਰ ਦੇਵੇ ਜਿਸ ਕਰਕੇ ਤੁਹਾਨੂੰ ਦੁੱਖ ਲੱਗੇ। ਸ਼ਾਇਦ ਤੁਸੀਂ ਕੋਈ ਕੰਮ ਇਕੱਠੇ ਕਰਨਾ ਹੋਵੇ, ਪਰ ਬਾਅਦ ਵਿਚ ਉਹ ਮਨ੍ਹਾ ਕਰ ਦੇਵੇ ਜਾਂ ਫਿਰ ਉਸ ਦਾ ਮੂਡ ਹੀ ਖ਼ਰਾਬ ਹੋਵੇ। ਉਸ ਦੀ ਮਦਦ ਕਰਦੇ ਸਮੇਂ ਧੀਰਜ ਰੱਖੋ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।—ਕਹਾਉਤਾਂ 18:24.
ਹੀਰੇ-ਮੋਤੀ
it-2 271-272
ਗੁਣੇ
ਪੁਰਾਣੇ ਜ਼ਮਾਨੇ ਵਿਚ ਕੋਈ ਫ਼ੈਸਲਾ ਕਰਦੇ ਵੇਲੇ ਲੋਕ ਗੁਣੇ ਪਾਉਂਦੇ ਸੀ। ਇਹ ਗੁਣੇ ਛੋਟੇ-ਛੋਟੇ ਪੱਥਰ ਜਾਂ ਲੱਕੜੀ ਦੇ ਟੁਕੜੇ ਹੁੰਦੇ ਸੀ। ਇਨ੍ਹਾਂ ਨੂੰ ਕੱਪੜੇ ਦੀ ਇਕ ਤਹਿ ਜਾਂ ਇਕ ਭਾਂਡੇ ਵਿਚ ਪਾ ਕੇ ਹਿਲਾਇਆ ਜਾਂਦਾ ਸੀ। ਜਿਸ ਦੇ ਨਾਂ ਦਾ ਪੱਥਰ ਜਾਂ ਲੱਕੜੀ ਦਾ ਟੁਕੜਾ ਬਾਹਰ ਡਿਗਦਾ ਜਾਂ ਨਿਕਲ ਜਾਂਦਾ ਸੀ, ਉਸ ਨੂੰ ਚੁਣਿਆ ਜਾਂਦਾ ਸੀ। ਕਈ ਵਾਰ ਗੁਣੇ ਪਾਉਣ ਦਾ ਮਤਲਬ ਸੀ ਯਹੋਵਾਹ ਨੂੰ ਪ੍ਰਾਰਥਨਾ ਕਰਨਾ ਤੇ ਉਸ ਦੀ ਮਰਜ਼ੀ ਜਾਣਨੀ। (ਯਹੋ 15:1; ਜ਼ਬੂ 16:5; 125:3; ਯਸਾ 57:6; ਯਿਰ 13:25) ਪੁਰਾਣੇ ਇਜ਼ਰਾਈਲ ਵਿਚ ਜ਼ਿਆਦਾਤਰ ਝਗੜੇ ਸੁਲਝਾਉਣ ਲਈ ਗੁਣੇ ਪਾਏ ਜਾਂਦੇ ਸਨ।—ਕਹਾ 18:18; 16:33.
23-29 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 19
ਭੈਣਾਂ-ਭਰਾਵਾਂ ਦੇ ਚੰਗੇ ਦੋਸਤ ਬਣੋ
ਇਕ-ਦੂਸਰੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖੀਏ?
16 ਭੈਣਾਂ-ਭਰਾਵਾਂ ਦੀਆਂ ਚੰਗੀਆਂ ਆਦਤਾਂ ਅਤੇ ਖੂਬੀਆਂ ʼਤੇ ਧਿਆਨ ਦਿਓ, ਨਾ ਕਿ ਉਨ੍ਹਾਂ ਦੀਆਂ ਖ਼ਾਮੀਆਂ ʼਤੇ। ਸੋਚੋ ਕਿ ਤੁਸੀਂ ਕੁਝ ਭੈਣਾਂ-ਭਰਾਵਾਂ ਨਾਲ ਇਕੱਠੇ ਹੋਏ ਹੋ ਅਤੇ ਚੰਗਾ ਸਮਾਂ ਬਿਤਾ ਰਹੇ ਹੋ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਰਿਆਂ ਨਾਲ ਫੋਟੋ ਖਿੱਚਦੇ ਹੋ। ਪਰ ਤੁਸੀਂ ਇਕ ਨਹੀਂ ਸਗੋਂ ਦੋ-ਤਿੰਨ ਫੋਟੋਆਂ ਖਿੱਚ ਲੈਂਦੇ ਹੋ, ਤਾਂਕਿ ਜੇ ਕੋਈ ਫੋਟੋ ਖ਼ਰਾਬ ਆਈ, ਤਾਂ ਤੁਹਾਡੇ ਕੋਈ ਤਾਂ ਚੰਗੀ ਫੋਟੋ ਹੋਵੇ। ਫਿਰ ਬਾਅਦ ਵਿਚ ਤੁਸੀਂ ਦੇਖਦੇ ਹੋ ਕਿ ਇਕ ਫੋਟੋ ਵਿਚ ਇਕ ਭਰਾ ਦੀ ਸ਼ਕਲ ਅਜੀਬ ਜਿਹੀ ਆਈ ਹੈ। ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਉਹ ਫੋਟੋ ਡਿਲੀਟ ਕਰ ਦਿੰਦੇ ਹੋ ਕਿਉਂਕਿ ਤੁਹਾਡੇ ਕੋਲ ਹੋਰ ਦੋ ਫੋਟੋਆਂ ਹਨ ਜਿਸ ਵਿਚ ਉਹ ਭਰਾ ਅਤੇ ਬਾਕੀ ਸਾਰੇ ਭੈਣ-ਭਰਾ ਮੁਸਕਰਾ ਰਹੇ ਹਨ।
17 ਸਾਂਭੀਆਂ ਗਈਆਂ ਫੋਟੋਆਂ ਉਨ੍ਹਾਂ ਯਾਦਾਂ ਵਾਂਗ ਹਨ ਜਿਨ੍ਹਾਂ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਭੈਣਾਂ-ਭਰਾਵਾਂ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹੁੰਦੀਆਂ ਹਨ। ਪਰ ਮੰਨ ਲਓ ਇੱਦਾਂ ਦੇ ਇਕ ਮੌਕੇ ʼਤੇ ਕੋਈ ਭੈਣ ਜਾਂ ਭਰਾ ਕੁਝ ਅਜਿਹਾ ਕਹਿ ਦਿੰਦਾ ਹੈ ਜਾਂ ਕਰ ਦਿੰਦਾ ਹੈ ਜਿਸ ਨਾਲ ਤੁਹਾਨੂੰ ਬੁਰਾ ਲੱਗਦਾ ਹੈ। ਉਸ ਵੇਲੇ ਤੁਸੀਂ ਕੀ ਕਰੋਗੇ? ਕਿਉਂ ਨਾ ਉਸ ਕੌੜੀ ਯਾਦ ਨੂੰ ਭੁਲਾ ਦਿਓ ਜਿਵੇਂ ਅਸੀਂ ਖ਼ਰਾਬ ਫੋਟੋ ਨੂੰ ਡਿਲੀਟ ਕਰ ਦਿੰਦੇ ਹਾਂ। (ਕਹਾ. 19:11; ਅਫ਼. 4:32) ਅਸੀਂ ਉਸ ਭੈਣ ਜਾਂ ਭਰਾ ਦੀਆਂ ਛੋਟੀਆਂ-ਗ਼ਲਤੀਆਂ ਮਾਫ਼ ਕਰ ਸਕਦੇ ਹਾਂ ਜਾਂ ਉਸ ਕੌੜੀ ਯਾਦ ਨੂੰ ਡਿਲੀਟ ਕਰ ਸਕਦੇ ਹਾਂ ਕਿਉਂਕਿ ਉਸ ਭੈਣ ਜਾਂ ਭਰਾ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹਨ। ਅਸੀਂ ਸਾਰੇ ਜਣੇ ਇੱਦਾਂ ਦੀਆਂ ਹੀ ਚੰਗੀਆਂ ਤੇ ਮਿੱਠੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਾਂ।
ਆਪਣਾ ਪਿਆਰ ਵਧਾਉਂਦੇ ਰਹੋ
10 ਅਸੀਂ ਵੀ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਤਰੀਕੇ ਲੱਭਦੇ ਹਾਂ। (ਇਬ. 13:16) ਜ਼ਰਾ ਭੈਣ ਐਨਾ ਦੇ ਤਜਰਬੇ ʼਤੇ ਗੌਰ ਕਰੋ ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ। ਉਨ੍ਹਾਂ ਦੇ ਇਲਾਕੇ ਵਿਚ ਇਕ ਜ਼ਬਰਦਸਤ ਤੂਫ਼ਾਨ ਆਇਆ ਸੀ। ਤੂਫ਼ਾਨ ਤੋਂ ਬਾਅਦ ਐਨਾ ਤੇ ਉਸ ਦਾ ਪਤੀ ਇਕ ਗਵਾਹ ਪਰਿਵਾਰ ਨੂੰ ਮਿਲਣ ਗਏ। ਐਨਾ ਤੇ ਉਸ ਦੇ ਪਤੀ ਨੇ ਦੇਖਿਆ ਕਿ ਤੂਫ਼ਾਨ ਕਰਕੇ ਉਨ੍ਹਾਂ ਦੇ ਘਰ ਦੀ ਛੱਤ ਡਿਗ ਗਈ ਸੀ। ਇਸ ਕਰਕੇ ਉਨ੍ਹਾਂ ਕੋਲ ਪਹਿਨਣ ਲਈ ਸਾਫ਼ ਕੱਪੜੇ ਵੀ ਨਹੀਂ ਸਨ। ਐਨਾ ਦੱਸਦੀ ਹੈ: “ਅਸੀਂ ਉਨ੍ਹਾਂ ਦੇ ਕੱਪੜੇ ਲੈ ਕੇ ਗਏ। ਅਸੀਂ ਉਨ੍ਹਾਂ ਦੇ ਕੱਪੜੇ ਧੋ ਕੇ, ਪ੍ਰੈੱਸ ਕਰ ਕੇ ਅਤੇ ਫਿਰ ਤਹਿ ਲਾ ਕੇ ਵਾਪਸ ਕਰ ਦਿੱਤੇ। ਸਾਡੇ ਲਈ ਇਹ ਬਹੁਤ ਛੋਟਾ ਜਿਹਾ ਕੰਮ ਸੀ। ਪਰ ਇਸ ਕਰਕੇ ਸਾਡੀ ਉਨ੍ਹਾਂ ਨਾਲ ਦੋਸਤੀ ਹੋ ਗਈ ਤੇ ਇਹ ਦੋਸਤੀ ਅੱਜ ਤਕ ਕਾਇਮ ਹੈ।” ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਐਨਾ ਤੇ ਉਸ ਦੇ ਪਤੀ ਨੇ ਉਨ੍ਹਾਂ ਦੀ ਮਦਦ ਕੀਤੀ।—1 ਯੂਹੰ. 3:17, 18.
11 ਜਦੋਂ ਅਸੀਂ ਦੂਜਿਆਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਂਦੇ ਹਾਂ, ਤਾਂ ਉਹ ਦੇਖ ਸਕਦੇ ਹਨ ਕਿ ਅਸੀਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਸ਼ਾਇਦ ਅਹਿਸਾਸ ਹੀ ਨਾ ਹੋਵੇ ਕਿ ਅਸੀਂ ਉਨ੍ਹਾਂ ਲਈ ਜੋ ਕਰਦੇ ਹਾਂ, ਉਹ ਉਸ ਦੀ ਕਿੰਨੀ ਕਦਰ ਕਰਦੇ ਹਨ। ਜ਼ਰਾ ਫਿਰ ਤੋਂ ਭੈਣ ਕਾਇਲਾ ਦੀ ਮਿਸਾਲ ʼਤੇ ਗੌਰ ਕਰੋ। ਉਹ ਕਹਿੰਦੀ ਹੈ: “ਮੈਂ ਉਨ੍ਹਾਂ ਸਾਰੀਆਂ ਭੈਣਾਂ ਦੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜੋ ਮੈਨੂੰ ਆਪਣੇ ਨਾਲ ਪ੍ਰਚਾਰ ʼਤੇ ਲੈ ਕੇ ਜਾਂਦੀਆਂ ਸਨ। ਉਹ ਮੈਨੂੰ ਘਰੋਂ ਲੈਣ ਆਉਂਦੀਆਂ ਸਨ, ਮੈਨੂੰ ਖਾਣੇ ʼਤੇ ਬੁਲਾਉਂਦੀਆਂ ਸਨ ਅਤੇ ਘਰ ਵੀ ਛੱਡ ਜਾਂਦੀਆਂ ਸਨ। ਅੱਜ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਤੇ ਉਹ ਵੀ ਸਿਰਫ਼ ਪਿਆਰ ਕਰਕੇ।” ਪਰ ਹੋ ਸਕਦਾ ਹੈ ਕਿ ਅਸੀਂ ਜਿਨ੍ਹਾਂ ਦੀ ਮਦਦ ਕਰਦੇ ਹਾਂ, ਉਨ੍ਹਾਂ ਵਿੱਚੋਂ ਹਰ ਕੋਈ ਸਾਨੂੰ ਸ਼ੁਕਰੀਆ ਨਾ ਕਹੇ। ਜਿਨ੍ਹਾਂ ਨੇ ਕਾਇਲਾ ਦੀ ਮਦਦ ਕੀਤੀ ਸੀ, ਉਨ੍ਹਾਂ ਬਾਰੇ ਉਹ ਕਹਿੰਦੀ ਹੈ: “ਕਾਸ਼! ਮੈਂ ਉਨ੍ਹਾਂ ਭੈਣਾਂ ਲਈ ਕੁਝ ਕਰ ਸਕਦੀ, ਪਰ ਹੁਣ ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਰਹਿੰਦੀਆਂ ਹਨ। ਪਰ ਯਹੋਵਾਹ ਨੂੰ ਪਤਾ ਹੈ ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਮੇਰੇ ਵੱਲੋਂ ਉਨ੍ਹਾਂ ਲਈ ਕੁਝ-ਨਾ-ਕੁਝ ਕਰੇ।” ਕਾਇਲਾ ਨੇ ਬਿਲਕੁਲ ਸਹੀ ਕਿਹਾ। ਅਸੀਂ ਦੂਜਿਆਂ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਇਕ ਅਨਮੋਲ ਬਲੀਦਾਨ ਵਾਂਗ ਸਮਝਦਾ ਹੈ। ਉਹ ਇੱਦਾਂ ਸੋਚਦਾ ਹੈ ਕਿ ਜਿਵੇਂ ਅਸੀਂ ਉਸ ਨੂੰ ਉਧਾਰ ਦਿੱਤਾ ਹੈ ਅਤੇ ਉਹ ਉਸ ਨੂੰ ਜ਼ਰੂਰ ਚੁਕਾਵੇਗਾ।—ਕਹਾਉਤਾਂ 19:17 ਪੜ੍ਹੋ।
ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਂਦੇ ਰਹੋ
6 ਜਦੋਂ ਕੋਈ ਵਿਅਕਤੀ ਇਕ ਹੀ ਕੰਪਨੀ ਵਿਚ ਕੰਮ ਕਰਦਾ ਰਹਿੰਦਾ ਹੈ, ਤਾਂ ਉਸ ਨੂੰ ਵਫ਼ਾਦਾਰ ਕਿਹਾ ਜਾਂਦਾ ਹੈ। ਪਰ ਉਹ ਇਨ੍ਹਾਂ ਸਾਲਾਂ ਦੌਰਾਨ ਸ਼ਾਇਦ ਇਕ-ਅੱਧੀ ਵਾਰ ਹੀ ਕੰਪਨੀ ਦੇ ਮਾਲਕਾਂ ਨੂੰ ਮਿਲਿਆ ਹੋਵੇ। ਕਈ ਵਾਰ ਤਾਂ ਸ਼ਾਇਦ ਉਹ ਕੰਪਨੀ ਦੇ ਫ਼ੈਸਲਿਆਂ ਨਾਲ ਵੀ ਸਹਿਮਤ ਨਾ ਹੋਵੇ। ਤਾਂ ਫਿਰ ਉਹ ਉੱਥੇ ਕੰਮ ਕਿਉਂ ਕਰਦਾ ਰਹਿੰਦਾ ਹੈ? ਇਸ ਕਰਕੇ ਨਹੀਂ ਕਿਉਂਕਿ ਉਸ ਨੂੰ ਕੰਪਨੀ ਨਾਲ ਪਿਆਰ ਹੈ, ਸਗੋਂ ਉਸ ਨੇ ਰੋਜ਼ੀ-ਰੋਟੀ ਕਮਾਉਣੀ ਹੈ। ਜੇ ਉਸ ਨੂੰ ਕਿਤੇ ਹੋਰ ਚੰਗੀ ਤਨਖ਼ਾਹ ਵਾਲੀ ਨੌਕਰੀ ਮਿਲ ਜਾਂਦੀ ਹੈ, ਤਾਂ ਸ਼ਾਇਦ ਉਹ ਇਹ ਕੰਪਨੀ ਛੱਡ ਦੇਵੇ।
7 ਕਿਸੇ ਦੇ ਵਫ਼ਾਦਾਰ ਰਹਿਣਾ ਚੰਗੀ ਗੱਲ ਹੈ, ਪਰ ਵਫ਼ਾਦਾਰੀ ਸ਼ਾਇਦ ਫ਼ਰਜ਼ ਸਮਝ ਕੇ ਨਿਭਾਈ ਜਾਵੇ। ਇਸ ਦੇ ਉਲਟ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੇ ਲੋਕ ਇਕ-ਦੂਜੇ ਨੂੰ ਅਟੱਲ ਪਿਆਰ ਇਸ ਲਈ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਦਿਲ ਉਨ੍ਹਾਂ ਨੂੰ ਉਕਸਾਉਂਦਾ ਸੀ। ਜ਼ਰਾ ਦਾਊਦ ਦੀ ਮਿਸਾਲ ʼਤੇ ਗੌਰ ਕਰੋ। ਭਾਵੇਂ ਕਿ ਦਾਊਦ ਨੂੰ ਯੋਨਾਥਾਨ ਦਾ ਪਿਤਾ ਜਾਨੋਂ ਮਾਰਨਾ ਚਾਹੁੰਦਾ ਸੀ, ਫਿਰ ਵੀ ਦਾਊਦ ਨੇ ਆਪਣੇ ਦੋਸਤ ਯੋਨਾਥਾਨ ਨੂੰ ਦਿਲੋਂ ਪਿਆਰ ਦਿਖਾਇਆ। ਅਟੱਲ ਪਿਆਰ ਹੋਣ ਕਰਕੇ ਦਾਊਦ ਨੇ ਯੋਨਾਥਾਨ ਦੀ ਮੌਤ ਤੋਂ ਸਾਲਾਂ ਬਾਅਦ ਵੀ ਉਸ ਦੇ ਮੁੰਡੇ ਮਫ਼ੀਬੋਸ਼ਥ ਦੀ ਦੇਖ-ਭਾਲ ਕੀਤੀ।—1 ਸਮੂ. 20:9, 14, 15; 2 ਸਮੂ. 4:4; 8:15; 9:1, 6, 7.
ਹੀਰੇ-ਮੋਤੀ
it-1 515
ਸਲਾਹ, ਸਲਾਹਕਾਰ
ਯਹੋਵਾਹ ਜਿੰਨਾ ਬੁੱਧੀਮਾਨ ਕੋਈ ਨਹੀਂ ਹੈ। ਇਸ ਲਈ ਕਿਸੇ ਮਾਮਲੇ ਬਾਰੇ ਯਹੋਵਾਹ ਦੀ ਸੋਚ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਦੂਸਰਿਆਂ ਨੂੰ ਸਲਾਹ ਦੇਣੀ ਚਾਹੀਦੀ ਹੈ। (ਯਸਾ 40:13; ਰੋਮੀ 11:34) ਉਸ ਦਾ ਪੁੱਤਰ ਯਿਸੂ “ਅਦਭੁਤ ਸਲਾਹਕਾਰ” ਹੈ ਕਿਉਂਕਿ ਉਹ ਆਪਣੇ ਪਿਤਾ ਦੀ ਸਲਾਹ ਮੰਨਦਾ ਹੈ ਅਤੇ ਉਸ ਉੱਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੈ। (ਯਸਾ 9:6; 11:2; ਯੂਹੰ 5:19, 30) ਜੇ ਅਸੀਂ ਹਮੇਸ਼ਾ ਯਹੋਵਾਹ ਤੋਂ ਸੇਧ ਲੈ ਕੇ ਸਲਾਹ ਦੇਵਾਂਗੇ, ਤਾਂ ਸਾਡੀ ਸਲਾਹ ਤੋਂ ਦੂਜਿਆਂ ਨੂੰ ਫ਼ਾਇਦਾ ਹੋਵੇਗਾ। ਪਰ ਜੇ ਕੋਈ ਇਨਸਾਨ ਆਪਣੀ ਬੁੱਧ ਵਰਤਦਾ ਹੈ ਅਤੇ ਯਹੋਵਾਹ ਦੀ ਸੋਚ ਤੋਂ ਹਟ ਕੇ ਸਲਾਹ ਦਿੰਦਾ ਹੈ, ਤਾਂ ਉਸ ਦੀ ਸਲਾਹ ਬੇਕਾਰ ਹੋਵੇਗੀ।—ਕਹਾ 19:21; 21:30.
30 ਜੂਨ–6 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਕਹਾਉਤਾਂ 20
ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਰਨ ਲਈ ਸੁਝਾਅ
ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਿਵੇਂ ਕਰੀਏ?
3 ਡੇਟਿੰਗ ਦਾ ਸਫ਼ਰ ਮਜ਼ੇਦਾਰ ਤਾਂ ਹੁੰਦਾ ਹੈ, ਪਰ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਕਿਉਂ? ਕਿਉਂਕਿ ਡੇਟਿੰਗ ਕਰਕੇ ਇਕ ਕੁੜੀ ਤੇ ਮੁੰਡਾ ਫ਼ੈਸਲਾ ਕਰਦੇ ਹਨ ਕਿ ਉਹ ਵਿਆਹ ਕਰਨਗੇ ਜਾਂ ਨਹੀਂ। ਨਾਲੇ ਜੇ ਉਹ ਵਿਆਹ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਯਹੋਵਾਹ ਸਾਮ੍ਹਣੇ ਜ਼ਿੰਦਗੀ ਭਰ ਸਾਥ ਨਿਭਾਉਣ ਦੀ ਸਹੁੰ ਖਾਣਗੇ ਅਤੇ ਵਾਅਦਾ ਕਰਨਗੇ ਕਿ ਉਹ ਹਮੇਸ਼ਾ ਇਕ-ਦੂਜੇ ਨੂੰ ਪਿਆਰ ਕਰਨਗੇ ਤੇ ਇਕ-ਦੂਜੇ ਦਾ ਆਦਰ ਕਰਨਗੇ। ਯਹੋਵਾਹ ਅੱਗੇ ਇਹ ਸਹੁੰ ਖਾਣੀ ਇਕ ਗੰਭੀਰ ਗੱਲ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਹੁੰ ਖਾਣ ਤੋਂ ਪਹਿਲਾਂ ਸਾਨੂੰ ਉਸ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਕਹਾਉਤਾਂ 20:25 ਪੜ੍ਹੋ।) ਡੇਟਿੰਗ ਕਰਦਿਆਂ ਕੁੜੀ ਤੇ ਮੁੰਡੇ ਨੂੰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ। ਨਾਲੇ ਫਿਰ ਉਹ ਸੋਚ-ਸਮਝ ਕੇ ਸਹੀ ਫ਼ੈਸਲਾ ਕਰ ਸਕਦੇ ਹਨ। ਕੁਝ ਕੁੜੀਆਂ ਤੇ ਮੁੰਡੇ ਸ਼ਾਇਦ ਵਿਆਹ ਕਰਨ ਦਾ ਫ਼ੈਸਲਾ ਕਰਨ। ਦੂਜੇ ਪਾਸੇ, ਕੁਝ ਸ਼ਾਇਦ ਡੇਟਿੰਗ ਕਰਨੀ ਬੰਦ ਕਰ ਦੇਣ। ਨਾਲੇ ਇੱਦਾਂ ਕਰਨਾ ਗ਼ਲਤ ਨਹੀਂ ਹੈ। ਕਿਉਂ? ਕਿਉਂਕਿ ਡੇਟਿੰਗ ਦਾ ਮਕਸਦ ਪੂਰਾ ਹੋ ਗਿਆ ਯਾਨੀ ਉਨ੍ਹਾਂ ਨੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਅਤੇ ਫ਼ੈਸਲਾ ਕਰ ਲਿਆ ਕਿ ਉਹ ਇਕ-ਦੂਜੇ ਲਈ ਚੰਗੇ ਸਾਥੀ ਸਾਬਤ ਹੋਣਗੇ ਜਾਂ ਨਹੀਂ।
4 ਡੇਟਿੰਗ ਬਾਰੇ ਸਹੀ ਸੋਚ ਰੱਖਣੀ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਕੋਈ ਕੁੜੀ ਤੇ ਮੁੰਡਾ ਡੇਟਿੰਗ ਬਾਰੇ ਸਹੀ ਸੋਚ ਰੱਖਦੇ ਹਨ, ਤਾਂ ਉਹ ਕਿਸੇ ਵੀ ਅਜਿਹੇ ਵਿਅਕਤੀ ਨਾਲ ਡੇਟਿੰਗ ਨਹੀਂ ਕਰਨਗੇ ਜਿਸ ਨਾਲ ਵਿਆਹ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਇਸ ਬਾਰੇ ਸਿਰਫ਼ ਕੁਆਰੇ ਭੈਣਾਂ-ਭਰਾਵਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਹੈ। ਉਦਾਹਰਣ ਲਈ, ਕੁਝ ਭੈਣ-ਭਰਾ ਸੋਚਦੇ ਹਨ ਕਿ ਜੇ ਕੋਈ ਕੁੜੀ ਅਤੇ ਮੁੰਡਾ ਡੇਟਿੰਗ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਵਿਆਹ ਕਰਨਾ ਹੀ ਪੈਣਾ ਅਤੇ ਉਹ ਹੁਣ ਪਿੱਛੇ ਨਹੀਂ ਹਟ ਸਕਦੇ। ਅਜਿਹੀ ਸੋਚ ਦਾ ਕੁਆਰੇ ਭੈਣਾਂ-ਭਰਾਵਾਂ ʼਤੇ ਕੀ ਅਸਰ ਪੈ ਸਕਦਾ ਹੈ? ਅਮਰੀਕਾ ਤੋਂ ਇਕ ਕੁਆਰੀ ਭੈਣ ਮੈਲਿਸਾ ਦੱਸਦੀ ਹੈ: “ਕੁਝ ਭੈਣ-ਭਰਾ ਸੋਚਦੇ ਹਨ ਕਿ ਡੇਟਿੰਗ ਕਰਨ ਵਾਲਿਆਂ ਨੂੰ ਵਿਆਹ ਕਰਨਾ ਹੀ ਚਾਹੀਦਾ ਹੈ। ਇਸ ਕਰਕੇ ਕਈ ਵਾਰ ਦੂਜਿਆਂ ਦੇ ਡਰੋਂ ਕਈ ਜਣੇ ਡੇਟਿੰਗ ਕਰਨੀ ਬੰਦ ਨਹੀਂ ਕਰਦੇ। ਨਾਲੇ ਕੁਝ ਭੈਣ-ਭਰਾ ਤਾਂ ਕਿਸੇ ਨਾਲ ਵੀ ਡੇਟਿੰਗ ਨਹੀਂ ਕਰਨੀ ਚਾਹੁੰਦੇ। ਮੈਂ ਦੱਸ ਨਹੀਂ ਸਕਦੀ ਕਿ ਇਹ ਸਭ ਸੋਚ ਕੇ ਕੁੜੀਆਂ ਤੇ ਮੁੰਡਿਆਂ ਨੂੰ ਕਿੰਨੀ ਟੈਂਸ਼ਨ ਹੁੰਦੀ ਹੈ।”
ਚੰਗਾ ਜੀਵਨ ਸਾਥੀ ਕਿਵੇਂ ਲੱਭੀਏ?
8 ਜੇ ਤੁਹਾਨੂੰ ਕੋਈ ਪਸੰਦ ਆ ਜਾਂਦਾ ਹੈ, ਤਾਂ ਤੁਸੀਂ ਉਸ ਬਾਰੇ ਹੋਰ ਕਿਵੇਂ ਜਾਣ ਸਕਦੇ ਹੋ? ਸਭਾਵਾਂ ਵਿਚ ਜਾਂ ਹੋਰ ਮੌਕਿਆਂ ʼਤੇ ਧਿਆਨ ਦਿਓ ਕਿ ਉਹ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਂਦਾ ਹੈ ਅਤੇ ਉਸ ਦਾ ਸੁਭਾਅ ਕਿੱਦਾਂ ਦਾ ਹੈ। ਕੀ ਉਸ ਦੀਆਂ ਗੱਲਾਂ ਤੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ? ਉਸ ਦੇ ਦੋਸਤ ਕੌਣ ਹਨ? ਉਹ ਕਿਹੜੀਆਂ ਚੀਜ਼ਾਂ ਬਾਰੇ ਗੱਲਾਂ ਕਰਦਾ ਹੈ? (ਲੂਕਾ 6:45) ਉਸ ਦੇ ਟੀਚੇ ਕੀ ਹਨ? ਕੀ ਤੁਹਾਡੇ ਦੋਹਾਂ ਦੇ ਟੀਚੇ ਇਕ-ਦੂਜੇ ਨਾਲ ਮਿਲਦੇ ਹਨ? ਜੇ ਤੁਸੀਂ ਚਾਹੋ, ਤਾਂ ਉਸ ਦੀ ਮੰਡਲੀ ਦੇ ਬਜ਼ੁਰਗਾਂ ਜਾਂ ਉਨ੍ਹਾਂ ਸਮਝਦਾਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕਰ ਸਕਦੇ ਹੋ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। (ਕਹਾ. 20:18) ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਮੰਡਲੀ ਵਿਚ ਉਸ ਦਾ ਕਿਹੋ ਜਿਹਾ ਨਾਂ ਹੈ ਅਤੇ ਉਸ ਵਿਚ ਕਿਹੜੇ ਚੰਗੇ ਗੁਣ ਹਨ। (ਰੂਥ 2:11) ਪਰ ਧਿਆਨ ਰੱਖੋ ਕਿ ਤੁਸੀਂ ਉਸ ਬਾਰੇ ਹਰ ਛੋਟੀ-ਛੋਟੀ ਗੱਲ ਜਾਣਨ ਦੀ ਕੋਸ਼ਿਸ਼ ਨਾ ਕਰੋ ਅਤੇ ਨਾ ਹੀ ਚੌਵੀ ਘੰਟੇ ਉਸ ਦੇ ਆਲੇ-ਦੁਆਲੇ ਘੁੰਮਦੇ ਰਹੋ। ਕਹਿਣ ਦਾ ਮਤਲਬ ਹੈ ਕਿ ਇੱਦਾਂ ਦਾ ਕੁਝ ਵੀ ਨਾ ਕਰੋ ਜਿਸ ਕਰਕੇ ਉਸ ਨੂੰ ਬੁਰਾ ਲੱਗ ਸਕਦਾ ਹੈ।
ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਿਵੇਂ ਕਰੀਏ?
7 ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ ਉਹ ਅੰਦਰੋਂ ਕਿਹੋ ਜਿਹਾ ਇਨਸਾਨ ਹੈ? ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਕੁਝ ਵੀ ਨਾ ਲੁਕਾਓ। ਇਕ-ਦੂਜੇ ਨੂੰ ਸਵਾਲ ਪੁੱਛੋ ਅਤੇ ਫਿਰ ਧਿਆਨ ਨਾਲ ਸੁਣੋ। (ਕਹਾ. 20:5; ਯਾਕੂ. 1:19) ਇੱਦਾਂ ਕਰਨ ਲਈ ਤੁਸੀਂ ਮਿਲ ਕੇ ਕੁਝ ਅਜਿਹੇ ਕੰਮ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਇਕ-ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲੇ। ਜਿਵੇਂ, ਇਕੱਠੇ ਮਿਲ ਕੇ ਖਾਣਾ ਖਾਓ, ਸੈਰ ʼਤੇ ਜਾਓ ਅਤੇ ਇਕੱਠੇ ਪ੍ਰਚਾਰ ਕਰੋ। ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਆਪਣੇ ਦੋਸਤਾਂ ਅਤੇ ਘਰਦਿਆਂ ਨਾਲ ਇਕੱਠੇ ਸਮਾਂ ਬਿਤਾ ਸਕਦੇ ਹੋ। ਇਸ ਤੋਂ ਇਲਾਵਾ, ਮਿਲ ਕੇ ਕੁਝ ਅਜਿਹੇ ਕੰਮ ਕਰੋ ਜਿਸ ਤੋਂ ਤੁਸੀਂ ਦੇਖ ਸਕੋ ਕਿ ਉਹ ਵਿਅਕਤੀ ਵੱਖੋ-ਵੱਖਰੇ ਹਾਲਾਤਾਂ ਅਤੇ ਅਲੱਗ-ਅਲੱਗ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਹੈ। ਜ਼ਰਾ ਨੀਦਰਲੈਂਡਜ਼ ਤੋਂ ਭਰਾ ਐਸ਼ਵਿਨ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦਾ ਹੈ ਕਿ ਜਦੋਂ ਉਹ ਅਲੀਸੀਆ ਨਾਲ ਡੇਟਿੰਗ ਕਰ ਰਿਹਾ ਸੀ, ਤਾਂ ਉਨ੍ਹਾਂ ਨੇ ਕੀ ਕੀਤਾ: “ਅਸੀਂ ਇਕੱਠੇ ਮਿਲ ਕੇ ਇੱਦਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਨ੍ਹਾਂ ਕਰਕੇ ਅਸੀਂ ਇਕ-ਦੂਜੇ ਨੂੰ ਜਾਣ ਸਕੀਏ। ਜਿਵੇਂ, ਅਸੀਂ ਅਕਸਰ ਇਕੱਠੇ ਮਿਲ ਕੇ ਖਾਣਾ ਬਣਾਉਂਦੇ ਸੀ ਜਾਂ ਘਰ ਦਾ ਕੋਈ ਕੰਮ ਕਰਦੇ ਸੀ। ਇਨ੍ਹਾਂ ਛੋਟੇ-ਛੋਟੇ ਕੰਮਾਂ ਕਰਕੇ ਅਸੀਂ ਇਕ-ਦੂਜੇ ਦੀਆਂ ਖ਼ੂਬੀਆਂ ਤੇ ਕਮੀਆਂ ਜਾਣ ਸਕੇ।”
8 ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਇਕੱਠੇ ਮਿਲ ਕੇ ਬਾਈਬਲ ਦੇ ਕਿਸੇ ਵਿਸ਼ੇ ʼਤੇ ਅਧਿਐਨ ਵੀ ਕਰ ਸਕਦੇ ਹੋ। ਵੈਸੇ ਵੀ ਜੇ ਤੁਸੀਂ ਅੱਗੇ ਜਾ ਕੇ ਵਿਆਹ ਕਰਾਉਂਦੇ ਹੋ, ਤਾਂ ਵਿਆਹ ਦੇ ਬੰਧਨ ਵਿਚ ਪਰਮੇਸ਼ੁਰ ਨੂੰ ਤੀਜੀ ਡੋਰੀ ਬਣਾਈ ਰੱਖਣ ਲਈ ਤੁਸੀਂ ਪਰਿਵਾਰਕ ਸਟੱਡੀ ਤਾਂ ਕਰੋਗੇ ਹੀ। (ਉਪ. 4:12) ਤਾਂ ਫਿਰ ਕਿਉਂ ਨਾ ਹੁਣ ਤੋਂ ਹੀ ਇਕੱਠੇ ਮਿਲ ਕੇ ਅਧਿਐਨ ਕਰਨ ਲਈ ਸਮਾਂ ਕੱਢੋ? ਮੰਨਿਆ ਕਿ ਹਾਲੇ ਤੁਸੀਂ ਦੋਵੇਂ ਪਤੀ-ਪਤਨੀ ਨਹੀਂ ਬਣੇ ਹੋ ਅਤੇ ਭਰਾ ਮੁਖੀ ਨਹੀਂ ਬਣਿਆ ਹੈ, ਫਿਰ ਵੀ ਇਕੱਠੇ ਮਿਲ ਕੇ ਅਧਿਐਨ ਕਰਨ ਨਾਲ ਤੁਸੀਂ ਜਾਣ ਸਕੋਗੇ ਕਿ ਤੁਹਾਡਾ ਦੋਹਾਂ ਦਾ ਯਹੋਵਾਹ ਨਾਲ ਕਿੱਦਾਂ ਦਾ ਰਿਸ਼ਤਾ ਹੈ। ਅਮਰੀਕਾ ਤੋਂ ਮੈਕਸ ਅਤੇ ਲੀਸਾ ਨੇ ਦੱਸਿਆ ਕਿ ਇੱਦਾਂ ਕਰਨ ਦਾ ਉਨ੍ਹਾਂ ਨੂੰ ਇਕ ਹੋਰ ਫ਼ਾਇਦਾ ਹੋਇਆ ਹੈ। ਮੈਕਸ ਕਹਿੰਦਾ ਹੈ: “ਜਦੋਂ ਅਸੀਂ ਡੇਟਿੰਗ ਕਰਨੀ ਸ਼ੁਰੂ ਹੀ ਕੀਤੀ ਸੀ, ਤਾਂ ਅਸੀਂ ਇੱਦਾਂ ਦੇ ਪ੍ਰਕਾਸ਼ਨਾਂ ਦਾ ਅਧਿਐਨ ਕੀਤਾ ਜਿਨ੍ਹਾਂ ਵਿਚ ਡੇਟਿੰਗ, ਵਿਆਹ ਅਤੇ ਪਰਿਵਾਰਕ ਜ਼ਿੰਦਗੀ ਵਰਗੇ ਵਿਸ਼ਿਆਂ ʼਤੇ ਗੱਲ ਕੀਤੀ ਗਈ ਸੀ। ਇੱਦਾਂ ਕਰਨ ਨਾਲ ਅਸੀਂ ਕਈ ਜ਼ਰੂਰੀ ਮਾਮਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਸਕੇ ਜਿਨ੍ਹਾਂ ʼਤੇ ਗੱਲ ਕਰਨੀ ਸ਼ਾਇਦ ਸਾਡੇ ਲਈ ਔਖੀ ਹੋਣੀ ਸੀ।”
ਹੀਰੇ-ਮੋਤੀ
it-2 196 ਪੈਰਾ 7
ਦੀਵਾ
ਕਹਾਉਤਾਂ 20:27 ਵਿਚ ਲਿਖਿਆ ਹੈ, “ਆਦਮੀ ਦਾ ਸਾਹ ਯਹੋਵਾਹ ਦਾ ਦੀਵਾ ਹੈ ਜੋ ਉਸ ਨੂੰ ਧੁਰ ਅੰਦਰੋਂ ਜਾਂਚਦਾ ਹੈ।” ਆਦਮੀ ਦੇ ਸਾਹ ਦਾ ਮਤਲਬ ਹੈ ਕਿ ਉਸ ਦੀ ਕਹੀ ਹੋਈ ਚੰਗੀ ਤੇ ਮਾੜੀ ਗੱਲ ਜੋ ਉਸ ਦੇ ਅੰਦਰਲੇ ਇਨਸਾਨ ਤੇ ਰੌਸ਼ਨੀ ਪਾਉਂਦੀ ਹੈ। ਯਾਨੀ ਉਸ ਦੀਆਂ ਕਹੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਚ-ਮੁੱਚ ਅੰਦਰੋਂ ਕਿਹੋ ਜਿਹਾ ਇਨਸਾਨ ਹੈ।—ਰਸੂ 9:1 ਵਿਚ ਨੁਕਤਾ ਦੇਖੋ।