ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2025 Watch Tower Bible and Tract Society of Pennsylvania
3-9 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਸ੍ਰੇਸ਼ਟ ਗੀਤ 1-2
ਸੱਚੇ ਪਿਆਰ ਦੀ ਕਹਾਣੀ
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
9 ਵਿਆਹ ਦਾ ਇੰਤਜ਼ਾਮ ਕਿਸੇ ਤਰ੍ਹਾਂ ਦਾ ਕਾਨਟ੍ਰੈਕਟ ਨਹੀਂ ਹੈ ਜੋ ਪਿਆਰ ਤੋਂ ਸੱਖਣਾ ਹੁੰਦਾ ਹੈ। ਦਰਅਸਲ ਮਸੀਹੀਆਂ ਦੇ ਵਿਆਹੁਤਾ ਜੀਵਨ ਵਿਚ ਪਿਆਰ ਬਹੁਤ ਅਹਿਮੀਅਤ ਰੱਖਦਾ ਹੈ। ਇਹ ਕਿਸ ਤਰ੍ਹਾਂ ਦਾ ਪਿਆਰ ਹੈ? ਕੀ ਇਹ ਪਿਆਰ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹੈ? (1 ਯੂਹੰ. 4:8) ਕੀ ਇਹ ਕੁਦਰਤੀ ਪਿਆਰ ਹੈ ਜੋ ਪਰਿਵਾਰ ਦੇ ਮੈਂਬਰਾਂ ਵਿਚ ਹੁੰਦਾ ਹੈ? ਕੀ ਇਹ ਉਹ ਪਿਆਰ ਹੈ ਜੋ ਦੋਸਤਾਂ ਨੂੰ ਇਕਮੁੱਠ ਕਰਦਾ ਹੈ? (ਯੂਹੰ. 11:3) ਕੀ ਇਹ ਰੋਮਾਂਟਿਕ ਪਿਆਰ ਹੈ? (ਕਹਾ. 5:15-20) ਅਸਲ ਵਿਚ ਪਤੀ-ਪਤਨੀ ਦੇ ਸੱਚੇ ਪਿਆਰ ਵਿਚ ਇਹ ਸਾਰਾ ਕੁਝ ਸ਼ਾਮਲ ਹੁੰਦਾ ਹੈ। ਪਿਆਰ ਦਾ ਜ਼ਿਆਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਇਸ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਸ ਲਈ ਪਤੀ-ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਹੀ ਰੁਝੇਵਿਆਂ ਭਰੀ ਕਿਉਂ ਨਾ ਹੋਵੇ! ਇਸ ਤਰ੍ਹਾਂ ਉਨ੍ਹਾਂ ਦਾ ਵਿਆਹੁਤਾ ਜੀਵਨ ਖ਼ੁਸ਼ਹਾਲ ਬਣ ਸਕਦਾ ਹੈ। ਜਿਨ੍ਹਾਂ ਸਭਿਆਚਾਰਾਂ ਵਿਚ ਮਾਪੇ ਆਪਣੇ ਬੱਚਿਆਂ ਲਈ ਜੀਵਨ ਸਾਥੀ ਚੁਣਦੇ ਹਨ, ਉਹ ਸ਼ਾਇਦ ਹੀ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਹੋਣ। ਇਸ ਲਈ ਉਨ੍ਹਾਂ ਨੂੰ ਆਪਣੀਆਂ ਗੱਲਾਂ ਰਾਹੀਂ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦਾ ਆਪਸੀ ਪਿਆਰ ਵਧੇਗਾ ਤੇ ਉਨ੍ਹਾਂ ਦਾ ਬੰਧਨ ਮਜ਼ਬੂਤ ਹੋਵੇਗਾ।
10 ਪਿਆਰ ਦਾ ਇਜ਼ਹਾਰ ਕਰਨ ਦਾ ਇਕ ਹੋਰ ਫ਼ਾਇਦਾ ਹੋ ਸਕਦਾ ਹੈ। ਰਾਜਾ ਸੁਲੇਮਾਨ ਨੇ ਕਿਹਾ ਕਿ ਉਹ ਸ਼ੂਲੰਮੀਥ ਕੁੜੀ ਨੂੰ “ਸੋਨੇ ਦੇ ਹਾਰ ਚਾਂਦੀ” ਨਾਲ ਮੜ੍ਹਾ ਕੇ ਦੇਵੇਗਾ। ਉਸ ਨੇ ਕੁੜੀ ਦੀ ਸੁੰਦਰਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਉਹ “ਚੰਦ ਵਾਂਙੁ ਰੂਪਵੰਤ ਤੇ ਸੂਰਜ ਵਾਂਙੁ ਨਿਰਮਲ” ਸੀ। (ਸਰੇ. 1:9-11; 6:10) ਪਰ ਕੁੜੀ ਆਪਣੇ ਪ੍ਰੇਮੀ ਚਰਵਾਹੇ ਪ੍ਰਤੀ ਵਫ਼ਾਦਾਰ ਰਹੀ। ਆਪਣੇ ਪ੍ਰੇਮੀ ਤੋਂ ਦੂਰ ਹੋਣ ਸਮੇਂ ਉਸ ਨੂੰ ਕਿਹੜੀ ਗੱਲ ਤੋਂ ਹਿੰਮਤ ਤੇ ਦਿਲਾਸਾ ਮਿਲਿਆ? ਉਹ ਦੱਸਦੀ ਹੈ। (ਸਰੇਸ਼ਟ ਗੀਤ 1:2, 3 ਪੜ੍ਹੋ।) ਉਹ ਚਰਵਾਹੇ ਵੱਲੋਂ “ਪ੍ਰੇਮ” ਭਰੀਆਂ ਕਹੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ। ਉਸ ਨੂੰ ਇਹ ਗੱਲਾਂ ਦਿਲ ਨੂੰ ਖ਼ੁਸ਼ ਕਰਨ ਵਾਲੀ ‘ਮਧ ਨਾਲੋਂ ਚੰਗੀਆਂ’ ਲੱਗਦੀਆਂ ਸਨ ਅਤੇ ਪ੍ਰੇਮੀ ਦਾ ਨਾਂ ਲੈ ਕੇ ਦਿਲ ਨੂੰ ਤਸੱਲੀ ਮਿਲਦੀ ਸੀ ਜਿਵੇਂ ਸਿਰ ʼਤੇ ‘ਸੁਗੰਧ ਵਾਲਾ ਤੇਲ’ ਝੱਸ ਕੇ ਆਰਾਮ ਮਿਲਦਾ ਹੈ। (ਜ਼ਬੂ. 23:5; 104:15) ਜੀ ਹਾਂ, ਪਿਆਰ ਭਰੀਆਂ ਗੱਲਾਂ ਨੂੰ ਚੇਤੇ ਕਰਨ ਨਾਲ ਪਤੀ-ਪਤਨੀ ਦਾ ਇਕ-ਦੂਜੇ ਲਈ ਪਿਆਰ ਗੂੜ੍ਹਾ ਹੋ ਸਕਦਾ ਹੈ। ਇਸ ਲਈ ਪਤੀ-ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ।
ਹੀਰੇ-ਮੋਤੀ
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
11 ਸਰੇਸ਼ਟ ਗੀਤ ਤੋਂ ਕੁਆਰੇ ਮਸੀਹੀ ਵੀ ਸਬਕ ਸਿੱਖਦੇ ਹਨ, ਖ਼ਾਸਕਰ ਉਹ ਮਸੀਹੀ ਜਿਹੜੇ ਜੀਵਨ ਸਾਥੀ ਦੀ ਭਾਲ ਕਰ ਰਹੇ ਹਨ। ਕੁੜੀ ਦੇ ਦਿਲ ਵਿਚ ਸੁਲੇਮਾਨ ਲਈ ਕੋਈ ਪਿਆਰ ਨਹੀਂ ਸੀ। ਉਸ ਨੇ ਯਰੂਸ਼ਲਮ ਦੀਆਂ ਧੀਆਂ ਨੂੰ ਸੌਂਹ ਖਿਲਾਉਂਦੇ ਹੋਏ ਕਿਹਾ: “ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!” (ਸਰੇ. 2:7; 3:5) ਕਿਉਂ? ਕਿਉਂਕਿ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਕਰਨਾ ਸਹੀ ਗੱਲ ਨਹੀਂ ਹੈ। ਇਸ ਲਈ ਵਿਆਹ ਕਰਾਉਣ ਦੇ ਇਛੁੱਕ ਮਸੀਹੀ ਨੂੰ ਅਜਿਹੇ ਜੀਵਨ ਸਾਥੀ ਦੀ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਸੱਚਾ ਪਿਆਰ ਕਰ ਸਕਦਾ ਹੈ ਜਾਂ ਕਰ ਸਕਦੀ ਹੈ।
10-16 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ ਸ੍ਰੇਸ਼ਟ ਗੀਤ 3-5
ਅੰਦਰਲੀ ਸੁੰਦਰਤਾ ਦੀ ਅਹਿਮੀਅਤ
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
8 ਗੀਤ ਵਿਚਲੀਆਂ ਪਿਆਰ ਭਰੀਆਂ ਗੱਲਾਂ ਸਿਰਫ਼ ਸਰੀਰ ਦੀ ਸੁੰਦਰਤਾ ਵੱਲ ਧਿਆਨ ਨਹੀਂ ਖਿੱਚਦੀਆਂ। ਧਿਆਨ ਦਿਓ ਕਿ ਚਰਵਾਹਾ ਉਸ ਕੁੜੀ ਦੀ ਬੋਲ-ਬਾਣੀ ਬਾਰੇ ਕੀ ਕਹਿੰਦਾ ਹੈ। (ਸਰੇਸ਼ਟ ਗੀਤ 4:7, 11 ਪੜ੍ਹੋ।) ਚਰਵਾਹੇ ਨੇ ਕਿਹਾ ਕਿ ਉਸ ਦੇ ਬੁੱਲ੍ਹਾਂ ਤੋਂ “ਸ਼ਹਿਤ ਚੋ ਰਿਹਾ” ਸੀ ਅਤੇ “[ਉਸ ਦੀ] ਜੀਭ ਦੇ ਹੇਠ ਸ਼ਹਿਤ ਤੇ ਦੁੱਧ” ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਉਸ ਦੀਆਂ ਗੱਲਾਂ ਸ਼ਹਿਦ ਅਤੇ ਦੁੱਧ ਵਾਂਗ ਸੁਹਾਵਣੀਆਂ ਅਤੇ ਸੁਆਦਲੀਆਂ ਸਨ। ਜਦੋਂ ਚਰਵਾਹੇ ਨੇ ਕੁੜੀ ਨੂੰ ਕਿਹਾ ਕਿ “ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਕਜ ਨਹੀਂ,” ਤਾਂ ਜ਼ਾਹਰ ਹੈ ਕਿ ਉਹ ਸਿਰਫ਼ ਉਸ ਦੀ ਸੁੰਦਰਤਾ ਦੀ ਹੀ ਨਹੀਂ, ਸਗੋਂ ਉਸ ਦੇ ਚੰਗੇ ਗੁਣਾਂ ਦੀ ਵੀ ਗੱਲ ਕਰ ਰਿਹਾ ਸੀ।
ਨੈਤਿਕ ਤੌਰ ਤੇ ਸ਼ੁੱਧ ਰਹਿਣ ਸੰਬੰਧੀ ਪਰਮੇਸ਼ੁਰੀ ਨਜ਼ਰੀਆ
17 ਤੀਸਰੀ ਮਿਸਾਲ ਸ਼ੂਲੰਮੀਥ ਕੁਆਰੀ ਕੁੜੀ ਦੀ ਸੀ। ਉਸ ਨੇ ਵੀ ਆਪਣੀ ਖਰਿਆਈ ਬਣਾਈ ਰੱਖੀ। ਉਸ ਦੀ ਜਵਾਨੀ ਤੇ ਖ਼ੂਬਸੂਰਤੀ ਨੇ ਨਾ ਸਿਰਫ਼ ਇਕ ਚਰਵਾਹੇ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਸਗੋਂ ਇਸਰਾਏਲ ਦੇ ਅਮੀਰ ਬਾਦਸ਼ਾਹ ਸੁਲੇਮਾਨ ਦਾ ਵੀ ਧਿਆਨ ਖਿੱਚਿਆ ਸੀ। ਸਰੇਸ਼ਟ ਗੀਤ ਕਿਤਾਬ ਵਿਚ ਦੱਸੀ ਗਈ ਦਿਲਚਸਪ ਕਹਾਣੀ ਵਿਚ ਸ਼ੂਲੰਮੀਥ ਕੁੜੀ ਪਾਕ-ਪਵਿੱਤਰ ਰਹੀ ਜਿਸ ਕਰਕੇ ਲੋਕਾਂ ਨੇ ਉਸ ਦੀ ਇੱਜ਼ਤ ਕੀਤੀ। ਭਾਵੇਂ ਕਿ ਉਸ ਨੇ ਸੁਲੇਮਾਨ ਦੇ ਪਿਆਰ ਨੂੰ ਠੁਕਰਾ ਦਿੱਤਾ ਸੀ, ਪਰ ਫਿਰ ਵੀ ਉਹ ਉਸ ਦੀ ਕਹਾਣੀ ਨੂੰ ਲਿਖਣ ਲਈ ਪ੍ਰੇਰਿਤ ਹੋਇਆ। ਜਿਸ ਚਰਵਾਹੇ ਨਾਲ ਉਹ ਪਿਆਰ ਕਰਦੀ ਸੀ, ਉਸ ਨੇ ਵੀ ਉਸ ਦੇ ਸ਼ੁੱਧ ਚਾਲ-ਚਲਣ ਕਰਕੇ ਉਸ ਦੀ ਇੱਜ਼ਤ ਕੀਤੀ। ਇਕ ਵਾਰ ਉਸ ਨੇ ਕਿਹਾ ਕਿ ਇਹ ਸ਼ੂਲੰਮੀਥ ਕੁੜੀ “ਇੱਕ ਬੰਦ ਕੀਤੀ ਹੋਈ ਬਾੜੀ” ਵਰਗੀ ਸੀ। (ਸਰੇਸ਼ਟ ਗੀਤ 4:12) ਪੁਰਾਣੇ ਇਸਰਾਏਲ ਦੇ ਸੋਹਣੇ ਬਾਗ਼ਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ, ਖੁਸ਼ਬੂਦਾਰ ਫੁੱਲ ਅਤੇ ਵੱਡੇ-ਵੱਡੇ ਦਰਖ਼ਤ ਲੱਗੇ ਹੁੰਦੇ ਸਨ। ਇਨ੍ਹਾਂ ਬਾਗ਼ਾਂ ਦੇ ਚਾਰੇ ਪਾਸੇ ਵਾੜ ਲਾਈ ਹੁੰਦੀ ਸੀ ਜਾਂ ਕੰਧ ਕੀਤੀ ਹੁੰਦੀ ਸੀ ਤੇ ਅੰਦਰ ਜਾਣ ਲਈ ਇਕ ਦਰਵਾਜ਼ਾ ਹੁੰਦਾ ਸੀ ਜਿਸ ਨੂੰ ਜਿੰਦਾ ਲਾਇਆ ਹੁੰਦਾ ਸੀ। (ਯਸਾਯਾਹ 5:5) ਉਸ ਚਰਵਾਹੇ ਦੀ ਨਜ਼ਰ ਵਿਚ ਸ਼ੂਲੰਮੀਥ ਦੀ ਪਵਿੱਤਰਤਾ ਅਤੇ ਖ਼ੂਬਸੂਰਤੀ ਅਜਿਹੇ ਹੀ ਸੋਹਣੇ ਬਾਗ਼ ਵਰਗੀ ਸੀ। ਉਹ ਪੂਰੀ ਤਰ੍ਹਾਂ ਪਾਕ ਤੇ ਪਵਿੱਤਰ ਰਹੀ। ਉਸ ਦਾ ਪਿਆਰ ਸਿਰਫ਼ ਉਸ ਦੇ ਹੋਣ ਵਾਲੇ ਪਤੀ ਲਈ ਹੀ ਸੀ।
g04 12/22 9 ਪੈਰੇ 2-5
ਅਜਿਹੀ ਸੁੰਦਰਤਾ ਜੋ ਜ਼ਿਆਦਾ ਅਹਿਮੀਅਤ ਰੱਖਦੀ ਹੈ
ਕੀ ਅੰਦਰਲੀ ਸੁੰਦਰਤਾ ਦੂਜਿਆਂ ਨੂੰ ਆਕਰਸ਼ਿਤ ਕਰ ਸਕਦੀ ਹੈ? ਜੋਰਜੀਆ ਦੇ ਵਿਆਹ ਨੂੰ ਤਕਰੀਬਨ ਦਸ ਸਾਲ ਹੋ ਗਏ ਹਨ, ਉਹ ਕਹਿੰਦੀ ਹੈ: “ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ ਮੈਂ ਆਪਣੇ ਪਤੀ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗੀ ਕਿਉਂਕਿ ਉਹ ਮੇਰੇ ਪ੍ਰਤੀ ਵਫ਼ਾਦਾਰ ਹੈ ਤੇ ਮੇਰੇ ਤੋਂ ਕੁਝ ਨਹੀਂ ਲੁਕਾਉਂਦਾ। ਉਸ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਚੀਜ਼ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਹੈ। ਇਸ ਕਰਕੇ ਉਹ ਮੈਨੂੰ ਪਿਆਰ ਕਰਦਾ ਤੇ ਮੇਰੀ ਪਰਵਾਹ ਕਰਦਾ ਹੈ। ਉਹ ਫ਼ੈਸਲੇ ਲੈਂਦੇ ਸਮੇਂ ਮੇਰੇ ਤੋਂ ਸਲਾਹ ਲੈਂਦਾ ਹੈ ਅਤੇ ਇਸ ਕਰਕੇ ਮੈਨੂੰ ਅਹਿਸਾਸ ਹੁੰਦਾ ਕਿ ਉਹ ਮੇਰੀ ਕਦਰ ਕਰਦਾ ਹੈ। ਸੱਚੀਂ! ਉਹ ਮੈਨੂੰ ਬਹੁਤ ਪਿਆਰ ਕਰਦਾ ਹੈ।”
ਡਾਨੀਏਲ ਦਾ ਵਿਆਹ 1987 ਵਿਚ ਹੋਇਆ। ਉਹ ਕਹਿੰਦਾ ਹੈ: “ਮੇਰੀ ਪਤਨੀ ਦੇਖਣ ਨੂੰ ਤਾਂ ਸੋਹਣੀ ਹੈ, ਪਰ ਉਸ ਦਾ ਦਿਲ ਵੀ ਬਹੁਤ ਚੰਗਾ ਹੈ। ਉਸ ਵਿਚ ਬਹੁਤ ਸਾਰੇ ਚੰਗੇ ਗੁਣ ਹਨ ਜਿਸ ਕਰਕੇ ਮੇਰੇ ਦਿਲ ਵਿਚ ਉਸ ਲਈ ਪਿਆਰ ਦਿਨੋ-ਦਿਨ ਵਧਦਾ ਜਾਂਦਾ ਹੈ। ਉਹ ਹਮੇਸ਼ਾ ਦੂਜਿਆਂ ਬਾਰੇ ਸੋਚਦੀ ਹੈ ਅਤੇ ਉਨ੍ਹਾਂ ਦੀ ਬਹੁਤ ਪਰਵਾਹ ਕਰਦੀ ਹੈ। ਉਸ ਵਿਚ ਬਹੁਤ ਸਾਰੇ ਮਸੀਹੀ ਗੁਣ ਹਨ। ਇਸ ਲਈ ਮੈਨੂੰ ਉਸ ਦਾ ਸਾਥ ਬਹੁਤ ਚੰਗਾ ਲੱਗਦਾ ਹੈ।”
ਦੁਨੀਆਂ ਵਿਚ ਲੋਕ ਰੰਗ-ਰੂਪ ਨੂੰ ਬਹੁਤ ਅਹਿਮੀਅਤ ਦਿੰਦੇ ਹਨ। ਪਰ ਸਾਨੂੰ ਸਿਰਫ਼ ਬਾਹਰੀ ਰੂਪ ਹੀ ਨਹੀਂ ਦੇਖਣਾ ਚਾਹੀਦਾ। ਸੁੰਦਰਤਾ ਬਾਰੇ ਦੁਨੀਆਂ ਦੇ ਜੋ ਮਿਆਰ ਹਨ, ਉਨ੍ਹਾਂ ʼਤੇ ਖ਼ਰੇ ਉਤਰਨਾ ਮੁਸ਼ਕਲ ਹੈ ਅਤੇ ਬਾਹਰੀ ਸੁੰਦਰਤਾ ਇੰਨੀ ਜ਼ਰੂਰੀ ਵੀ ਨਹੀਂ ਹੈ। ਪਰ ਅਸੀਂ ਆਪਣੇ ਵਿਚ ਅਜਿਹੇ ਗੁਣ ਪੈਦਾ ਕਰ ਸਕਦੇ ਹਾਂ ਜੋ ਸਾਨੂੰ ਸੱਚ-ਮੁੱਚ ਅੰਦਰੋਂ ਖੂਬਸੂਰਤ ਬਣਾਉਂਦੇ ਹਨ। ਇਹ ਅਜਿਹੀ ਸੁੰਦਰਤਾ ਹੈ ਜੋ ਹਰ ਕੋਈ ਹਾਸਲ ਕਰ ਸਕਦਾ ਹੈ। ਬਾਈਬਲ ਕਹਿੰਦੀ: “ਆਕਰਸ਼ਣ ਛਲ ਹੋ ਸਕਦਾ ਤੇ ਸੁੰਦਰਤਾ ਪਲ ਭਰ ਦੀ, ਪਰ ਯਹੋਵਾਹ ਦਾ ਡਰ ਮੰਨਣ ਵਾਲੀ ਔਰਤ ਦੀ ਤਾਰੀਫ਼ ਕੀਤੀ ਜਾਵੇਗੀ।” ਪਰ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ: “ਜਿਵੇਂ ਸੂਰ ਦੇ ਨੱਕ ਵਿਚ ਸੋਨੇ ਦੀ ਨੱਥ, ਉਵੇਂ ਉਹ ਸੋਹਣੀ ਔਰਤ ਹੈ ਜੋ ਅਕਲ ਦੀ ਗੱਲ ਨਹੀਂ ਸੁਣਦੀ।”—ਕਹਾਉਤਾਂ 11:22; 31:30.
ਪਰਮੇਸ਼ੁਰ ਦਾ ਬਚਨ ਇਸ ਗੱਲ ਨੂੰ ਅਹਿਮੀਅਤ ਦਿੰਦਾ ਹੈ ਕਿ “ਸ਼ਾਂਤ ਅਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਇਹ ਲਿਬਾਸ ਕਦੀ ਪੁਰਾਣਾ ਨਹੀਂ ਹੁੰਦਾ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।” (1 ਪਤਰਸ 3:4) ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਮਾਅਨੇ ਰੱਖਦੀ ਹੈ। ਇਹ ਅਜਿਹੀ ਸੁੰਦਰਤਾ ਹੈ ਜੋ ਹਰ ਕੋਈ ਹਾਸਲ ਕਰ ਸਕਦਾ ਹੈ।
ਹੀਰੇ-ਮੋਤੀ
ਸਰੇਸ਼ਟ ਗੀਤ ਦੇ ਕੁਝ ਖ਼ਾਸ ਨੁਕਤੇ
2:7; 3:5—ਦਰਬਾਰ ਦੀਆਂ ਔਰਤਾਂ ਨੂੰ “ਚਕਾਰਿਆਂ, ਅਤੇ ਖੇਤ ਦੀਆਂ ਹਰਨੀਆਂ” ਦਾ ਵਾਸਤਾ ਕਿਉਂ ਦਿੱਤਾ ਗਿਆ? ਹਿਰਨੀਆਂ ਆਪਣੀ ਸੁੰਦਰਤਾ ਲਈ ਜਾਣੀਆਂ ਜਾਂਦੀਆਂ ਹਨ। ਇਸ ਲਈ ਸ਼ੂਲੰਮੀਥ ਕੁੜੀ ਨੇ ਇਨ੍ਹਾਂ ਦਾ ਵਾਸਤਾ ਦੇ ਕੇ ਦਰਬਾਰ ਦੀਆਂ ਔਰਤਾਂ ਨੂੰ ਕਿਹਾ ਹੈ ਕਿ ਉਹ ਉਸ ਵਿਚ ਪ੍ਰੇਮ ਜਗਾਉਣ ਦੀ ਕੋਸ਼ਿਸ਼ ਨਾ ਕਰਨ।
17-23 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਸ੍ਰੇਸ਼ਟ ਗੀਤ 6-8
ਕੰਧ ਬਣੋ ਨਾ ਕਿ ਦਰਵਾਜ਼ਾ
it “ਸ੍ਰੇਸ਼ਟ ਗੀਤ” ਪੈਰਾ 11
ਸ੍ਰੇਸ਼ਟ ਗੀਤ
ਸ਼ੂਲਮੀਥ ਕੁੜੀ ਦਾ ਇਕ ਭਰਾ ਕਹਿੰਦਾ ਹੈ, “ਸਾਡੀ ਇਕ ਛੋਟੀ ਭੈਣ ਹੈ, ਉਸ ਦੀਆਂ ਛਾਤੀਆਂ ਨਹੀਂ ਉੱਭਰੀਆਂ। ਅਸੀਂ ਆਪਣੀ ਭੈਣ ਲਈ ਕੀ ਕਰਾਂਗੇ ਜਿਸ ਦਿਨ ਉਸ ਦੇ ਵਿਆਹ ਦੀ ਗੱਲ ਚੱਲੇਗੀ?” (ਸ੍ਰੇਸ਼ 8:8) ਕੁੜੀ ਦਾ ਦੂਸਰਾ ਭਰਾ ਕਹਿੰਦਾ ਹੈ, “ਜੇ ਉਹ ਕੰਧ ਹੈ, ਤਾਂ ਅਸੀਂ ਉਸ ਉੱਤੇ ਚਾਂਦੀ ਦੀ ਇਕ ਵਾੜ ਲਗਾਵਾਂਗੇ, ਪਰ ਜੇ ਉਹ ਦਰਵਾਜ਼ਾ ਹੈ, ਤਾਂ ਅਸੀਂ ਦਿਆਰ ਦੇ ਫੱਟੇ ਨਾਲ ਉਸ ਨੂੰ ਬੰਦ ਕਰ ਦਿਆਂਗੇ।” (ਸ੍ਰੇਸ਼ 8:9) ਪਰ ਸ਼ੂਲਮੀਥ ਕੁੜੀ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਜਦੋਂ ਉਸ ਨੂੰ ਕਿਸੇ ਪਰੀਖਿਆ ਦਾ ਸਾਮ੍ਹਣਾ ਕਰਨਾ ਪਵੇਗਾ, ਤਾਂ ਉਹ ਆਪਣੇ ਪ੍ਰੇਮੀ ਦੇ ਵਫ਼ਾਦਾਰ ਰਹੇਗੀ ਅਤੇ ਉਹ ਆਪਣੇ ਫ਼ੈਸਲਿਆਂ ਤੋਂ ਖ਼ੁਸ਼ ਸੀ। (ਸ੍ਰੇਸ਼ 8:6, 7, 11, 12) ਇਸ ਲਈ ਉਹ ਇਹ ਕਹਿ ਸਕੀ: “ਮੈਂ ਕੰਧ ਹਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ। ਇਸ ਲਈ ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ ਜਿਸ ਨੂੰ ਸ਼ਾਂਤੀ ਮਿਲਦੀ ਹੈ।”—ਸ੍ਰੇਸ਼ 8:10.
yp 188 ਪੈਰਾ 2
ਵਿਆਹ ਤੋਂ ਪਹਿਲਾਂ ਸੈਕਸ ਬਾਰੇ ਕੀ?
ਸ਼ੁੱਧ ਚਾਲ-ਚਲਣ ਬਣਾਈ ਰੱਖਣ ਨਾਲ ਇਕ ਨੌਜਵਾਨ ਬੁਰੇ ਨਤੀਜਿਆਂ ਤੋਂ ਤਾਂ ਬਚਦਾ ਹੀ ਹੈ, ਸਗੋਂ ਉਸ ਨੂੰ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਬਾਈਬਲ ਇਕ ਅਜਿਹੀ ਕੁਆਰੀ ਕੁੜੀ ਬਾਰੇ ਦੱਸਦੀ ਹੈ ਜੋ ਆਪਣੇ ਪ੍ਰੇਮੀ ਨਾਲ ਬੇਹੱਦ ਪਿਆਰ ਹੋਣ ਕਰਕੇ ਵੀ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਦੀ ਹੈ। ਇਸ ਕਰਕੇ ਉਹ ਪੂਰੇ ਮਾਣ ਨਾਲ ਕਹਿੰਦੀ ਹੈ: “ਮੈਂ ਕੰਧ ਹਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ।” ਉਹ ਕੁੜੀ ਇਕ ਅਜਿਹਾ ਦਰਵਾਜ਼ਾ ਨਹੀਂ ਹੈ ਜੋ ਬਹਿਕਾਏ ਜਾਣ ਤੇ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ। ਚਾਲ-ਚਲਣ ਦੇ ਮਾਮਲੇ ਵਿਚ ਉਹ ਇਕ ਕਿਲੇ ਦੀ ਕੰਧ ਵਾਂਗ ਹੈ ਅਤੇ ਉਨ੍ਹਾਂ ਬੁਰਜਾਂ ਵਾਂਗ ਹੈ ਜੋ ਪਹੁੰਚ ਤੋਂ ਬਾਹਰ ਹਨ। ਇਸ ਲਈ ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ “ਬੇਦਾਗ਼” ਹੈ ਅਤੇ ਉਸ ਕਰਕੇ ਉਹ ਆਪਣੇ ਹੋਣ ਵਾਲੇ ਪਤੀ ਨੂੰ ਕਹਿ ਸਕਦੀ ਹੈ ਕਿ “ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ ਜਿਸ ਨੂੰ ਸ਼ਾਂਤੀ ਮਿਲਦੀ ਹੈ।” ਉਸ ਦੇ ਮਨ ਦੀ ਸ਼ਾਂਤੀ ਕਰਕੇ ਦੋਨਾਂ ਵਿਚ ਖ਼ੁਸ਼ੀ ਹੈ।—ਸ੍ਰੇਸ਼ਟ ਗੀਤ 6:9, 10; 8:9, 10.
yp2 33
ਚੰਗੀ ਮਿਸਾਲ—ਸ਼ੂਲਮੀਥ ਕੁੜੀ
ਸ਼ੂਲਮੀਥ ਕੁੜੀ ਜਾਣਦੀ ਸੀ ਕਿ ਪਿਆਰ ਦੇ ਮਾਮਲੇ ਵਿਚ ਉਸ ਨੂੰ ਭਾਵਨਾਵਾਂ ਵਿਚ ਵਹਿ ਕੇ ਨਹੀਂ, ਸਗੋਂ ਸੋਚ-ਸਮਝ ਕੇ ਫ਼ੈਸਲਾ ਲੈਣ ਦੀ ਲੋੜ ਹੈ। ਇਸ ਲਈ ਉਸ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ, “ਮੈਂ ਤੁਹਾਨੂੰ ਸਹੁੰ ਖੁਆਉਂਦੀ ਹਾਂ: ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।” ਉਸ ਨੂੰ ਪਤਾ ਸੀ ਕਿ ਉਸ ਦੀਆਂ ਭਾਵਨਾਵਾਂ ਉਸ ʼਤੇ ਆਸਾਨੀ ਨਾਲ ਹਾਵੀ ਹੋ ਸਕਦੀਆਂ ਸਨ। ਉਹ ਸਮਝਦੀ ਸੀ ਕਿ ਦੂਸਰੇ ਉਸ ʼਤੇ ਅਜਿਹੇ ਆਦਮੀ ਨਾਲ ਰਿਸ਼ਤਾ ਬਣਾਉਣ ਦਾ ਦਬਾਅ ਪਾ ਸਕਦੇ ਹਨ ਜੋ ਉਸ ਲਈ ਸਹੀ ਨਹੀਂ ਹੈ। ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਹ ਆਪਣੇ ਦਿਲ ਦੀ ਸੁਣੇਗੀ, ਤਾਂ ਉਸ ਲਈ ਫ਼ੈਸਲਾ ਲੈਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।—ਸ੍ਰੇਸ਼ਟ ਗੀਤ 8:4, 10.
ਕੀ ਤੁਸੀਂ ਵੀ ਪਿਆਰ ਦੇ ਮਾਮਲੇ ਵਿਚ ਸ਼ੂਲਮੀਥ ਕੁੜੀ ਵਰਗੀ ਸੋਚ ਰੱਖਦੇ ਹੋ? ਕੀ ਤੁਸੀਂ ਦਿਲ ਦੇ ਨਾਲ-ਨਾਲ ਦਿਮਾਗ਼ ਤੋਂ ਵੀ ਕੰਮ ਲੈਂਦੇ ਹੋ? (ਕਹਾਉਤਾਂ 2:10, 11) ਕਦੇ-ਕਦੇ ਕੁਝ ਜਣੇ ਸ਼ਾਇਦ ਉਦੋਂ ਤੁਹਾਡੇ ʼਤੇ ਕਿਸੇ ਨਾਲ ਡੇਟਿੰਗ ਕਰਨ ਦਾ ਦਬਾਅ ਪਾਉਣ ਜਦੋਂ ਤੁਸੀਂ ਹਾਲੇ ਤਿਆਰ ਨਾ ਹੋਵੋ। ਸ਼ਾਇਦ ਤੁਸੀਂ ਖ਼ੁਦ ਵੀ ਦਬਾਅ ਮਹਿਸੂਸ ਕਰੋ। ਉਦਾਹਰਣ ਲਈ, ਜਦੋਂ ਤੁਸੀਂ ਕਿਸੇ ਮੁੰਡੇ-ਕੁੜੀ ਨੂੰ ਹੱਥ ਫੜ੍ਹੇ ਹੋਏ ਦੇਖਦੇ ਹੋ, ਸ਼ਾਇਦ ਤੁਹਾਡੇ ਮਨ ਵਿਚ ਆਵੇ ਕਿ ਤੁਹਾਡਾ ਵੀ ਕੋਈ ਸਾਥੀ ਹੋਣਾ ਚਾਹੀਦਾ ਹੈ। ਕੀ ਤੁਸੀਂ ਉਸ ਵਿਅਕਤੀ ਨਾਲ ਵੀ ਡੇਟਿੰਗ ਕਰਨ ਲਈ ਤਿਆਰ ਹੋ ਜਾਓਗੇ ਜੋ ਯਹੋਵਾਹ ਦਾ ਗਵਾਹ ਨਹੀਂ ਹੈ? ਤੁਸੀਂ ਵੀ ਸ਼ੂਲਮੀਥ ਕੁੜੀ ਵਾਂਗ ਪਿਆਰ ਦੇ ਮਾਮਲੇ ਵਿਚ ਸਮਝ ਤੋਂ ਕੰਮ ਲੈਂਦੇ ਹੋ!
ਹੀਰੇ-ਮੋਤੀ
ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?
3 ਸ੍ਰੇਸ਼ਟ ਗੀਤ 8:6 ਪੜ੍ਹੋ। ਪਿਆਰ ਨੂੰ “ਯਾਹ ਦੀ ਲਾਟ” ਕਿਹਾ ਗਿਆ ਹੈ। ਕਿਉਂ? ਕਿਉਂਕਿ ਯਹੋਵਾਹ ਦਾ ਸਭ ਤੋਂ ਸ਼ਾਨਦਾਰ ਗੁਣ ਪਿਆਰ ਹੈ ਅਤੇ ਉਸ ਨੇ ਸਾਨੂੰ ਆਪਣੇ ਵਰਗਾ ਪਿਆਰ ਦਿਖਾਉਣ ਦੀ ਕਾਬਲੀਅਤ ਨਾਲ ਬਣਾਇਆ ਹੈ। (ਉਤ. 1:26, 27) ਯਹੋਵਾਹ ਨੇ ਪਹਿਲੇ ਬੰਦੇ ਆਦਮ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਖੂਬਸੂਰਤ ਪਤਨੀ ਦਿੱਤੀ। ਜਦੋਂ ਆਦਮ ਨੇ ਪਹਿਲੀ ਵਾਰ ਹੱਵਾਹ ਨੂੰ ਦੇਖਿਆ, ਤਾਂ ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ਹੱਵਾਹ ਨੂੰ ਦੇਖ ਕੇ ਉਸ ਨੂੰ ਕਿਵੇਂ ਲੱਗਾ। ਬਿਨਾਂ ਸ਼ੱਕ ਹੱਵਾਹ ਨੇ ਆਦਮ ਦੇ ਬਹੁਤ ਨੇੜੇ ਮਹਿਸੂਸ ਕੀਤਾ ਕਿਉਂਕਿ ਉਹ ਉਸ ਵਿੱਚੋਂ “ਕੱਢੀ” ਗਈ ਸੀ। (ਉਤ. 2:21-23) ਸ਼ੁਰੂ ਤੋਂ ਹੀ ਯਹੋਵਾਹ ਨੇ ਮੁਮਕਿਨ ਬਣਾਇਆ ਹੈ ਕਿ ਆਦਮੀ ਤੇ ਤੀਵੀਂ ਇਕ-ਦੂਜੇ ਨੂੰ ਹਮੇਸ਼ਾ ਲਈ ਸੱਚਾ ਪਿਆਰ ਕਰਦੇ ਰਹਿਣ।
24-30 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 1–2
“ਅਪਰਾਧ ਨਾਲ ਲੱਦੇ ਹੋਏ” ਲੋਕਾਂ ਲਈ ਉਮੀਦ
ip-1 14 ਪੈਰਾ 8
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰ
8 ਯਸਾਯਾਹ ਨੇ ਯਹੂਦਾਹ ਦੀ ਕੌਮ ਲਈ ਆਪਣਾ ਸੁਨੇਹਾ ਇਨ੍ਹਾਂ ਕਰੜੇ ਸ਼ਬਦਾਂ ਨਾਲ ਜਾਰੀ ਰੱਖਿਆ: “ਹਾਇ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਤਾ, ਓਹ ਉੱਕੇ ਹੀ ਬੇਮੁਖ ਹੋ ਗਏ।” (ਯਸਾਯਾਹ 1:4) ਬੁਰੇ ਕੰਮ ਇਸ ਹੱਦ ਤਕ ਜਮ੍ਹਾ ਹੋ ਸਕਦੇ ਹਨ ਕਿ ਉਹ ਇਕ ਭਾਰਾ ਬੋਝ ਬਣ ਸਕਦੇ ਹਨ। ਅਬਰਾਹਾਮ ਦੇ ਜ਼ਮਾਨੇ ਵਿਚ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਦੇ ਪਾਪ ਨੂੰ “ਬਹੁਤ ਭਾਰੀ” ਕਿਹਾ ਸੀ। (ਉਤਪਤ 18:20) ਯਹੂਦਾਹ ਦੇ ਲੋਕਾਂ ਵਿਚ ਵੀ ਇਹੋ ਕੁਝ ਜ਼ਾਹਰ ਹੋਇਆ, ਕਿਉਂ ਜੋ ਯਸਾਯਾਹ ਨੇ ਕਿਹਾ ਕਿ ਉਹ “ਬਦੀ ਨਾਲ ਲੱਦੇ ਹੋਏ” ਸਨ। ਇਸ ਦੇ ਨਾਲ-ਨਾਲ, ਉਸ ਨੇ ਉਨ੍ਹਾਂ ਨੂੰ “ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ” ਵੀ ਸੱਦਿਆ। ਜੀ ਹਾਂ, ਯਹੂਦਾਹ ਦੇ ਲੋਕ ਵਿਗੜੇ ਹੋਏ ਬੱਚਿਆਂ ਵਰਗੇ ਸਨ। ਉਹ “ਬੇਮੁਖ ਹੋ ਗਏ” ਸਨ ਜਾਂ ਜਿਵੇਂ ਨਵਾਂ ਅਨੁਵਾਦ ਕਹਿੰਦਾ ਹੈ ਉਨ੍ਹਾਂ ਨੇ ਆਪਣੇ ਪਿਤਾ ਵੱਲੋਂ “ਮੂੰਹ ਮੋੜ ਲਿਆ” ਸੀ।
ip-1 28 ਪੈਰੇ 15-17
“ਆਓ, ਅਸੀਂ ਸਲਾਹ ਕਰੀਏ”
15 ਯਹੋਵਾਹ ਦੇ ਜਜ਼ਬਾਤ ਹੋਰ ਵੀ ਨਿੱਘੇ ਹੋਏ ਅਤੇ ਉਸ ਨੇ ਦਇਆ ਦਿਖਾਈ। “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।” (ਯਸਾਯਾਹ 1:18) ਇਸ ਸੁੰਦਰ ਆਇਤ ਦੇ ਸ਼ੁਰੂ ਵਿਚ ਪਾਏ ਜਾਣ ਵਾਲੇ ਸੱਦੇ ਦਾ ਅਕਸਰ ਗ਼ਲਤ ਅਰਥ ਕੱਢਿਆ ਜਾਂਦਾ ਹੈ। ਉਦਾਹਰਣ ਲਈ, ਹਿੰਦੀ ਦੀ ਪਵਿੱਤਰ ਬਾਈਬਲ ਕਹਿੰਦੀ ਹੈ ਕਿ “ਆਓ ਹਮ ਆਪਸ ਮੇ ਵਾਦਵਿਵਾਦ ਕਰੇਂ”—ਜਿਵੇਂ ਦੋਹਾਂ ਪਾਸਿਆਂ ਨੂੰ ਇਕਬਾਲ ਕਰ ਕੇ ਸੁਲ੍ਹਾ ਕਰਨ ਦੀ ਜ਼ਰੂਰਤ ਹੈ। ਪਰ ਗੱਲ ਇਸ ਤਰ੍ਹਾਂ ਨਹੀਂ ਸੀ! ਯਹੋਵਾਹ ਤਾਂ ਸੰਪੂਰਣ ਹੈ, ਅਤੇ ਆਪਣੇ ਵਿਗੜੇ ਅਤੇ ਪਖੰਡੀ ਲੋਕਾਂ ਨਾਲ ਪੇਸ਼ ਆਉਣ ਵਿਚ ਉਸ ਉੱਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਸੀ। (ਬਿਵਸਥਾ ਸਾਰ 32:4, 5) ਇਹ ਆਇਤ ਬਰਾਬਰ ਦੇ ਲੋਕਾਂ ਵਿਚਕਾਰ ਸਮਝੌਤਾ ਕਰਨ ਬਾਰੇ ਨਹੀਂ ਹੈ, ਬਲਕਿ ਇਨਸਾਫ਼ ਕਰਨ ਲਈ ਅਦਾਲਤ ਬਾਰੇ ਗੱਲ ਕਰ ਰਹੀ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਇਸਰਾਏਲ ਨੂੰ ਅਦਾਲਤ ਵਿਚ ਮੁਕੱਦਮਾ ਲੜਨ ਲਈ ਕਹਿ ਰਿਹਾ ਸੀ।
16 ਯਹੋਵਾਹ ਨਾਲ ਮੁਕੱਦਮਾ ਲੜਨ ਦਾ ਖ਼ਿਆਲ ਸ਼ਾਇਦ ਡਰਾਉਣਾ ਹੋਵੇ, ਪਰ ਯਹੋਵਾਹ ਸਭ ਤੋਂ ਦਿਆਲੂ ਅਤੇ ਦਇਆਵਾਨ ਨਿਆਂਕਾਰ ਹੈ। ਉਸ ਦੀ ਮਾਫ਼ ਕਰਨ ਦੀ ਯੋਗਤਾ ਬੇਮਿਸਾਲ ਹੈ। (ਜ਼ਬੂਰ 86:5) ਸਿਰਫ਼ ਉਹੀ ਇਸਰਾਏਲ ਦੇ “ਕਿਰਮਚ ਜੇਹੇ” ਪਾਪ ਦੂਰ ਕਰ ਕੇ ਉਨ੍ਹਾਂ ਨੂੰ “ਬਰਫ ਜੇਹੇ ਚਿੱਟੇ” ਕਰ ਸਕਦਾ ਸੀ। ਇਨਸਾਨ ਦੇ ਕੋਈ ਵੀ ਜਤਨ, ਕੰਮ, ਬਲੀਆਂ, ਜਾਂ ਪ੍ਰਾਰਥਨਾਵਾਂ, ਪਾਪ ਦੇ ਕਲੰਕ ਨੂੰ ਨਹੀਂ ਮਿਟਾ ਸਕਦੇ। ਸਿਰਫ਼ ਯਹੋਵਾਹ ਦੀ ਮਾਫ਼ੀ ਹੀ ਪਾਪ ਨੂੰ ਧੋ ਸਕਦੀ ਹੈ। ਪਰਮੇਸ਼ੁਰ ਇਹ ਮਾਫ਼ੀ ਸਿਰਫ਼ ਆਪਣੀਆਂ ਹੀ ਸ਼ਰਤਾਂ ਤੇ ਬਖ਼ਸ਼ਦਾ ਹੈ, ਜਿਸ ਵਿਚ ਇਕ ਇਹ ਹੈ ਕਿ ਤੋਬਾ ਸੱਚੇ ਦਿਲੋਂ ਕੀਤੀ ਜਾਵੇ।
17 ਇਹ ਸੱਚਾਈ ਇੰਨੀ ਮਹੱਤਵਪੂਰਣ ਹੈ ਕਿ ਯਹੋਵਾਹ ਨੇ ਇਸ ਨੂੰ ਇਕ ਕਵਿਤਾ ਵਿਚ ਦੁਹਰਾਇਆ—“ਮਜੀਠ” ਜਿਹੇ ਪਾਪ ਨਵੀਂ, ਬੇਰੰਗੀ, ਚਿੱਟੀ ਉੱਨ ਵਰਗੇ ਹੋ ਜਾਣਗੇ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਜਿੰਨਾ ਚਿਰ ਅਸੀਂ ਸੱਚੇ ਦਿਲੋਂ ਤੋਬਾ ਕਰਦੇ ਹਾਂ ਉਹ ਪਾਪਾਂ ਦੀ ਮਾਫ਼ੀ ਕਰਨ ਲਈ ਤਿਆਰ ਰਹਿੰਦਾ ਹੈ, ਭਾਵੇਂ ਇਹ ਘੋਰ ਪਾਪ ਵੀ ਹੋਣ। ਜਿਨ੍ਹਾਂ ਨੂੰ ਆਪਣੇ ਬਾਰੇ ਇਹ ਗੱਲ ਮੰਨਣੀ ਔਖੀ ਲੱਗਦੀ ਹੈ, ਉਨ੍ਹਾਂ ਨੂੰ ਮਨੱਸ਼ਹ ਵਰਗੀਆਂ ਉਦਾਹਰਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਕਈਆਂ ਸਾਲਾਂ ਲਈ ਬਹੁਤ ਭੈੜੇ ਪਾਪ ਕੀਤੇ ਸਨ। ਲੇਕਿਨ, ਉਸ ਨੇ ਤੋਬਾ ਕੀਤੀ ਅਤੇ ਉਸ ਨੂੰ ਮਾਫ਼ ਕੀਤਾ ਗਿਆ ਸੀ। (2 ਇਤਹਾਸ 33:9-16) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਣੇ ਜਾਣੀਏ, ਘੋਰ ਪਾਪ ਕਰਨ ਵਾਲੀ ਵੀ, ਕਿ ਉਸ ਨਾਲ ‘ਸਲਾਹ ਕਰਨ’ ਲਈ ਅਜੇ ਵੀ ਵਕਤ ਹੈ।
ਹੀਰੇ-ਮੋਤੀ
ip-1 39 ਪੈਰਾ 9
ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ
9 ਲੇਕਿਨ, ਅੱਜ, ਪਰਮੇਸ਼ੁਰ ਦੇ ਲੋਕ ਕਿਸੇ ਅਸਲੀ ਪਹਾੜ ਉੱਤੇ ਇਕੱਠੇ ਨਹੀਂ ਹੁੰਦੇ, ਜਿੱਥੇ ਇੱਟ-ਪੱਥਰ ਨਾਲ ਬਣੀ ਕੋਈ ਹੈਕਲ ਹੋਵੇ। ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ 70 ਸਾ.ਯੁ. ਵਿਚ ਰੋਮੀ ਫ਼ੌਜਾਂ ਦੁਆਰਾ ਤਬਾਹ ਕੀਤੀ ਗਈ ਸੀ। ਇਸ ਤੋਂ ਇਲਾਵਾ, ਪੌਲੁਸ ਰਸੂਲ ਨੇ ਸਪੱਸ਼ਟ ਕੀਤਾ ਕਿ ਯਰੂਸ਼ਲਮ ਦੀ ਹੈਕਲ ਅਤੇ ਉਸ ਤੋਂ ਪਹਿਲਾਂ ਉਪਾਸਨਾ ਲਈ ਡੇਹਰਾ ਕਿਸੇ ਹੋਰ ਚੀਜ਼ ਨੂੰ ਦਰਸਾਉਂਦੇ ਸਨ। ਉਹ ਇਕ ਵੱਡੀ ਰੂਹਾਨੀ ਅਸਲੀਅਤ ਨੂੰ ਦਰਸਾਉਂਦੇ ਸਨ, ਯਾਨੀ ‘ਉਹ ਅਸਲ ਡੇਹਰਾ ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।’ (ਇਬਰਾਨੀਆਂ 8:2) ਇਹ ਰੂਹਾਨੀ ਡੇਹਰਾ ਯਹੋਵਾਹ ਦੀ ਉਪਾਸਨਾ ਕਰਨ ਲਈ ਉਹ ਇੰਤਜ਼ਾਮ ਹੈ ਜੋ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਆਧਾਰਿਤ ਹੈ। (ਇਬਰਾਨੀਆਂ 9:2-10, 23) ਇਸੇ ਤਰ੍ਹਾਂ, ਯਸਾਯਾਹ 2:2 ਵਿਚ “ਯਹੋਵਾਹ ਦੇ ਭਵਨ ਦਾ ਪਰਬਤ” ਸਾਡੇ ਜ਼ਮਾਨੇ ਵਿਚ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਦਰਸਾਉਂਦਾ ਹੈ। ਸ਼ੁੱਧ ਉਪਾਸਨਾ ਕਰਨ ਵਾਲੇ ਲੋਕ ਹੁਣ ਕਿਸੇ ਖ਼ਾਸ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਪਰ ਉਹ ਆਪਣੀ ਉਪਾਸਨਾ ਵਿਚ ਇਕਮੁੱਠ ਰਹਿੰਦੇ ਹਨ।
1-7 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 3-5
ਯਹੋਵਾਹ ਦਾ ਇਹ ਉਮੀਦ ਕਰਨਾ ਸਹੀ ਸੀ ਕਿ ਉਸ ਦੇ ਲੋਕ ਉਸ ਦਾ ਕਹਿਣਾ ਮੰਨਣ
ip-1 73-74 ਪੈਰੇ 3-5
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!
3 ਚਾਹੇ ਯਸਾਯਾਹ ਨੇ ਇਹ ਦ੍ਰਿਸ਼ਟਾਂਤ ਇਕ ਗੀਤ ਗਾ ਕੇ ਸੁਣਾਇਆ ਜਾਂ ਨਹੀਂ, ਪਰ ਇਸ ਨੇ ਸੁਣਨ ਵਾਲਿਆਂ ਦਾ ਧਿਆਨ ਜ਼ਰੂਰ ਖਿੱਚਿਆ। ਯਸਾਯਾਹ ਦੇ ਸਪੱਸ਼ਟ ਅਤੇ ਅਸਲੀ ਵਰਣਨ ਤੋਂ ਕਈ ਲੋਕ ਸ਼ਾਇਦ ਜਾਣਦੇ ਸਨ ਕਿ ਅੰਗੂਰੀ ਬਾਗ਼ ਲਾਉਣ ਵਿਚ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਅੱਜ ਦੇ ਜ਼ਮਾਨੇ ਦੇ ਵੇਲਾਂ ਲਾਉਣ ਵਾਲਿਆਂ ਵਾਂਗ, ਅੰਗੂਰੀ ਬਾਗ਼ ਦੇ ਮਾਲਕ ਨੇ ਅੰਗੂਰਾਂ ਦੇ ਬੀ ਨਹੀਂ ਬੀਜੇ ਸਗੋਂ ਇਕ ‘ਚੰਗੀ’ ਦਾਖ ਵੇਲ ਲਾਈ, ਯਾਨੀ ਹੋਰ ਵੇਲ ਦੀ ਟਾਹਣੀ ਕੱਟ ਕੇ ਲਾਈ। ਇਹ ਉਚਿਤ ਸੀ ਕਿ ਉਸ ਨੇ ਇਸ ਅੰਗੂਰੀ ਬਾਗ਼ ਨੂੰ “ਇੱਕ ਫਲਦਾਰ ਟਿੱਬੇ ਉੱਤੇ” ਲਾਇਆ, ਅਜਿਹੀ ਜਗ੍ਹਾ ਜਿੱਥੇ ਇਹ ਵਧੇ-ਫੁੱਲੇਗਾ।
4 ਇਕ ਅੰਗੂਰੀ ਬਾਗ਼ ਤੋਂ ਫਲ ਹਾਸਲ ਕਰਨ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਯਸਾਯਾਹ ਨੇ ਕਿਹਾ ਕਿ ਮਾਲਕ ‘ਜ਼ਮੀਨ ਨੂੰ ਗੁੱਡਦਾ ਅਤੇ ਉਸ ਦੇ ਪੱਥਰ ਕੱਢ ਸੁੱਟਦਾ ਹੈ।’ ਵਾਕਈ, ਬੜੀ ਮਿਹਨਤ ਦੀ ਲੋੜ ਸੀ! ਉਸ ਨੇ ਸ਼ਾਇਦ ਵੱਡੇ ਪੱਥਰਾਂ ਨਾਲ “ਇੱਕ ਬੁਰਜ ਉਸਾਰਿਆ।” ਪੁਰਾਣੇ ਜ਼ਮਾਨੇ ਵਿਚ ਪਹਿਰੇਦਾਰ ਅਜਿਹੇ ਬੁਰਜਾਂ ਉੱਤੇ ਖੜ੍ਹੇ ਹੋ ਕੇ ਚੋਰਾਂ ਅਤੇ ਜਾਨਵਰਾਂ ਤੋਂ ਫ਼ਸਲ ਦੀ ਰਾਖੀ ਕਰਦੇ ਸਨ। ਇਸ ਤੋਂ ਇਲਾਵਾ, ਮਾਲਕ ਨੇ ਅੰਗੂਰੀ ਬਾਗ਼ ਦੇ ਦੁਆਲੇ ਕੰਧ ਬਣਾਈ। (ਯਸਾਯਾਹ 5:5) ਇਹ ਕੰਧ ਆਮ ਕਰਕੇ ਉਪਰਲੀ ਮਿੱਟੀ ਨੂੰ ਮੀਂਹ ਨਾਲ ਖੁਰ ਕੇ ਵਹਿਣ ਤੋਂ ਰੋਕਣ ਲਈ ਬਣਾਈ ਜਾਂਦੀ ਸੀ।
5 ਆਪਣੇ ਅੰਗੂਰੀ ਬਾਗ਼ ਦੀ ਰਾਖੀ ਕਰਨ ਲਈ ਇੰਨੀ ਮਿਹਨਤ ਕਰਨ ਤੋਂ ਬਾਅਦ, ਮਾਲਕ ਨੇ ਹਰ ਉਮੀਦ ਰੱਖੀ ਕਿ ਉਸ ਨੂੰ ਫਲ ਲੱਗੇਗਾ। ਇਸ ਦੀ ਉਡੀਕ ਵਿਚ ਉਸ ਨੇ ਅੰਗੂਰ-ਰਸ ਕੱਢਣ ਲਈ ਇਕ ਚੁਬੱਚਾ ਪੁੱਟਿਆ। ਪਰ ਜਿਸ ਫਲ ਦੀ ਉਹ ਉਮੀਦ ਰੱਖਦਾ ਸੀ ਉਸ ਦੀ ਬਜਾਇ ਅੰਗੂਰੀ ਬਾਗ਼ ਵਿਚ ਜੰਗਲੀ ਅੰਗੂਰ ਲੱਗੇ।
ip-1 76 ਪੈਰੇ 8-9
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!
8 ਯਸਾਯਾਹ ਨੇ ਅੰਗੂਰੀ ਬਾਗ਼ ਦੇ ਮਾਲਕ, ਯਹੋਵਾਹ, ਨੂੰ ‘ਮੇਰਾ ਬਾਲਮ’ ਸੱਦਿਆ। (ਯਸਾਯਾਹ 5:1) ਯਸਾਯਾਹ ਦਾ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਸੀ। ਇਸ ਲਈ ਉਹ ਪਿਆਰ ਨਾਲ ਯਹੋਵਾਹ ਬਾਰੇ ਇਹ ਕਹਿ ਸਕਦਾ ਸੀ। (ਅੱਯੂਬ 29:4; ਜ਼ਬੂਰ 25:14 ਦੀ ਤੁਲਨਾ ਕਰੋ।) ਪਰ, ਨਬੀ ਦਾ ਪ੍ਰੇਮ ਆਪਣੇ ਪਰਮੇਸ਼ੁਰ ਲਈ ਉੱਨਾ ਗੂੜ੍ਹਾ ਨਹੀਂ ਸੀ ਜਿੰਨਾ ਪਰਮੇਸ਼ੁਰ ਦਾ ਆਪਣੇ “ਅੰਗੂਰੀ ਬਾਗ,” ਲਈ ਸੀ, ਯਾਨੀ ਉਸ ਕੌਮ ਲਈ ਜਿਸ ਨੂੰ ਉਸ ਨੇ ‘ਲਾਇਆ’ ਸੀ।—ਕੂਚ 15:17; ਜ਼ਬੂਰ 80:8, 9 ਦੀ ਤੁਲਨਾ ਕਰੋ।
9 ਯਹੋਵਾਹ ਨੇ ਆਪਣੀ ਕੌਮ ਨੂੰ ਕਨਾਨ ਦੇਸ਼ ਵਿਚ ‘ਲਾਇਆ’ ਸੀ ਅਤੇ ਉਨ੍ਹਾਂ ਨੂੰ ਆਪਣੇ ਕਾਨੂੰਨ ਦਿੱਤੇ ਸਨ। ਇਕ ਕੰਧ ਜਾਂ ਵਾੜ ਦੀ ਤਰ੍ਹਾਂ ਇਹ ਕਾਨੂੰਨ ਉਨ੍ਹਾਂ ਨੂੰ ਦੂਸਰੀਆਂ ਕੌਮਾਂ ਦੁਆਰਾ ਭ੍ਰਿਸ਼ਟ ਹੋਣ ਤੋਂ ਬਚਾਉਂਦੇ ਸਨ। (ਕੂਚ 19:5, 6; ਜ਼ਬੂਰ 147:19, 20; ਅਫ਼ਸੀਆਂ 2:14) ਇਸ ਤੋਂ ਇਲਾਵਾ, ਯਹੋਵਾਹ ਨੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਨਿਆਈ, ਜਾਜਕ, ਅਤੇ ਨਬੀ ਦਿੱਤੇ। (2 ਰਾਜਿਆਂ 17:13; ਮਲਾਕੀ 2:7; ਰਸੂਲਾਂ ਦੇ ਕਰਤੱਬ 13:20) ਜਦੋਂ ਵੀ ਕਿਸੇ ਸੈਨਾ ਨੇ ਇਸਰਾਏਲ ਉੱਤੇ ਹਮਲਾ ਕੀਤਾ, ਯਹੋਵਾਹ ਨੇ ਉਸ ਨੂੰ ਬਚਾਉਣ ਵਾਲੇ ਘੱਲੇ। (ਇਬਰਾਨੀਆਂ 11:32, 33) ਇਸ ਲਈ, ਯਹੋਵਾਹ ਨੇ ਪੁੱਛਿਆ: “ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ?”
“ਇਸ ਵੇਲ ਦੀ ਸੁੱਧ ਲੈ”!
ਯਸਾਯਾਹ ਨੇ ‘ਇਸਰਾਏਲ ਦੇ ਘਰਾਣੇ’ ਦੀ ਤੁਲਨਾ ਅਜਿਹੇ ਅੰਗੂਰੀ ਬਾਗ਼ ਨਾਲ ਕੀਤੀ ਜਿਸ ਵਿਚ “ਜੰਗਲੀ ਅੰਗੂਰ” ਲੱਗੇ। ਜੰਗਲੀ ਅੰਗੂਰ ਗਲੇ-ਸੜੇ ਹੁੰਦੇ ਹਨ। ਆਮ ਬਾਗ਼ਾਂ ਵਿਚ ਲਾਏ ਜਾਂਦੇ ਅੰਗੂਰਾਂ ਦੇ ਮੁਕਾਬਲੇ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ ਤੇ ਇਨ੍ਹਾਂ ਵਿਚ ਗੁੱਦਾ ਬਹੁਤ ਘੱਟ ਤੇ ਬੀ ਵੱਡੇ ਹੁੰਦੇ ਹਨ। ਜੰਗਲੀ ਅੰਗੂਰ ਕਿਸੇ ਕੰਮ ਨਹੀਂ ਆਉਂਦੇ ਹਨ, ਨਾ ਤਾਂ ਇਨ੍ਹਾਂ ਦੀ ਸ਼ਰਾਬ ਬਣਾਈ ਜਾ ਸਕਦੀ ਹੈ ਤੇ ਨਾ ਹੀ ਲੋਕ ਇਨ੍ਹਾਂ ਨੂੰ ਖਾ ਸਕਦੇ ਹਨ। ਯਹੋਵਾਹ ਪਰਮੇਸ਼ੁਰ ਤੋਂ ਬੇਮੁਖ ਹੋਏ ਇਸਰਾਏਲੀ ਇਨ੍ਹਾਂ ਜੰਗਲੀ ਅੰਗੂਰਾਂ ਵਰਗੇ ਸਨ। ਉਨ੍ਹਾਂ ਨੇ ਚੰਗੇ ਫਲ ਪੈਦਾ ਕਰਨ ਦੀ ਬਜਾਇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜਿਆ ਸੀ। ਉਨ੍ਹਾਂ ਦੇ ਨਿਕੰਮੇਪਣ ਲਈ ਯਹੋਵਾਹ ਜ਼ਿੰਮੇਵਾਰ ਨਹੀਂ ਸੀ। ਬਾਗ਼ਬਾਨ ਹੋਣ ਦੇ ਨਾਤੇ ਯਹੋਵਾਹ ਉਸ ਕੌਮ ਨੂੰ ਫਲਦਾਇਕ ਬਣਾਉਣ ਲਈ ਜੋ ਵੀ ਕਰ ਸਕਦਾ ਸੀ, ਉਸ ਨੇ ਕੀਤਾ। ਉਸ ਨੇ ਪੁੱਛਿਆ: “ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ?”—ਯਸਾਯਾਹ 5:4.
“ਇਸ ਵੇਲ ਦੀ ਸੁੱਧ ਲੈ”!
ਇਸਰਾਏਲ ਦੀ ਵੇਲ ਨੇ ਚੰਗੇ ਫਲ ਪੈਦਾ ਨਹੀਂ ਕੀਤੇ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਉਨ੍ਹਾਂ ਦੀ ਰਾਖੀ ਕਰਨ ਲਈ ਖੜ੍ਹੀ ਕੀਤੀ ਕੰਧ ਢਾਹ ਦੇਵੇਗਾ। ਉਹ ਆਪਣੀ ਇਸ ਵੇਲ ਨੂੰ ਨਾ ਹੀ ਛਾਂਗੇਗਾ ਤੇ ਨਾ ਹੀ ਇਸ ਦੀ ਗੋਡੀ ਕਰੇਗਾ। ਬਸੰਤ ਰੁੱਤੇ ਮੀਂਹ ਨਹੀਂ ਪਵੇਗਾ ਤੇ ਇਹ ਬਾਗ਼ ਝਾੜੀਆਂ ਨਾਲ ਭਰ ਜਾਵੇਗਾ।—ਯਸਾਯਾਹ 5:5, 6.
ਹੀਰੇ-ਮੋਤੀ
ip-1 80 ਪੈਰੇ 18-19
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!
18 ਪ੍ਰਾਚੀਨ ਇਸਰਾਏਲ ਦੀ ਸਾਰੀ ਜ਼ਮੀਨ ਯਹੋਵਾਹ ਦੀ ਹੀ ਸੀ। ਪਰਮੇਸ਼ੁਰ ਨੇ ਹਰੇਕ ਪਰਿਵਾਰ ਨੂੰ ਆਪਣੀ-ਆਪਣੀ ਜ਼ਮੀਨ ਦਿੱਤੀ ਸੀ, ਜੋ ਉਹ ਕਿਰਾਏ ਤੇ ਚਾੜ੍ਹ ਸਕਦੇ ਸਨ ਪਰ ਉਹ “ਸਦਾ ਦੇ ਲਈ” ਵੇਚੀ ਨਹੀਂ ਜਾ ਸਕਦੀ ਸੀ। (ਲੇਵੀਆਂ 25:23) ਇਸ ਕਾਨੂੰਨ ਵਿਚ ਅਜਿਹਾ ਬਚਾਅ ਪਾਇਆ ਜਾਂਦਾ ਸੀ ਕਿ ਸਾਰੀ ਜ਼ਮੀਨ ਇੱਕੋ ਪਰਿਵਾਰ ਦੇ ਹੱਥ ਵਿਚ ਨਾ ਚਲੇ ਜਾਵੇ। ਇਸ ਕਾਨੂੰਨ ਨੇ ਪਰਿਵਾਰਾਂ ਨੂੰ ਸਖ਼ਤ ਗ਼ਰੀਬੀ ਵਿਚ ਪੈਣ ਤੋਂ ਵੀ ਬਚਾਇਆ। ਪਰ, ਯਹੂਦਾਹ ਵਿਚ ਕੁਝ ਲੋਕ ਲਾਲਚ ਦੇ ਕਾਰਨ ਜਾਇਦਾਦ ਬਾਰੇ ਪਰਮੇਸ਼ੁਰ ਦੇ ਕਾਨੂੰਨ ਤੋੜ ਰਹੇ ਸਨ। ਮੀਕਾਹ ਨੇ ਲਿਖਿਆ: “ਓਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਓਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰ ਵੀ ਅਤੇ ਓਹਨਾਂ ਨੂੰ ਲੈ ਲੈਂਦੇ ਹਨ। ਓਹ ਮਰਦ ਅਤੇ ਉਸ ਦੇ ਘਰ ਨੂੰ, ਮਨੁੱਖ ਅਤੇ ਉਸ ਦੀ ਮਿਲਖ ਨੂੰ ਸਤਾਉਂਦੇ ਹਨ।” (ਮੀਕਾਹ 2:2) ਲੇਕਿਨ ਕਹਾਉਤਾਂ 20:21 ਚੇਤਾਵਨੀ ਦਿੰਦਾ ਹੈ: “ਪਹਿਲਾਂ ਲੋਭ ਨਾਲ ਲੱਭੀ ਹੋਈ ਮਿਰਾਸ, ਓੜਕ ਨੂੰ ਮੁਬਾਰਕ ਨਾ ਹੋਵੇਗੀ।”
19 ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਇਨ੍ਹਾਂ ਲਾਲਚੀ ਲੋਕਾਂ ਤੋਂ ਨਾਜਾਇਜ਼ ਢੰਗ ਨਾਲ ਲਈਆਂ ਚੀਜ਼ਾਂ ਖੋਹ ਲਵੇਗਾ। ਗ਼ੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕੀਤੇ ਗਏ ਘਰ “ਬੇ ਚਰਾਗ ਹੋਣਗੇ।” ਜਿਸ ਜ਼ਮੀਨ ਦਾ ਉਹ ਲਾਲਚ ਕਰਦੇ ਸਨ ਉਹ ਪੂਰਾ ਫਲ ਪੈਦਾ ਕਰਨ ਦੀ ਬਜਾਇ ਥੋੜ੍ਹਾ ਫਲ ਪੈਦਾ ਕਰੇਗੀ। ਇਹ ਨਹੀਂ ਦੱਸਿਆ ਗਿਆ ਕਿ ਇਹ ਲਾਨ੍ਹਤ ਕਦੋਂ ਅਤੇ ਕਿਸ ਸਮੇਂ ਪੂਰੀ ਹੋਈ। ਸੰਭਵ ਹੈ ਕਿ ਅਜਿਹੇ ਹਾਲਾਤ ਕਿਸੇ ਹੱਦ ਤਕ ਬਾਬਲੀ ਗ਼ੁਲਾਮੀ ਦੌਰਾਨ ਦੇਖੇ ਗਏ ਸਨ।—ਯਸਾਯਾਹ 27:10.
8-14 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 6-8
“ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”
ip-1 93-95 ਪੈਰੇ 13-14
ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਹੈਕਲ ਵਿਚ ਹੈ
13 ਆਓ ਅਸੀਂ ਯਸਾਯਾਹ ਦੇ ਨਾਲ ਆਕਾਸ਼ ਬਾਣੀ ਸੁਣੀਏ। “ਮੈਂ ਪ੍ਰਭੁ ਦੀ ਅਵਾਜ਼ ਇਹ ਕਹਿੰਦੀ ਸੁਣੀ, ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਸਪੱਸ਼ਟ ਹੈ ਕਿ ਇਹ ਸਵਾਲ ਯਹੋਵਾਹ ਦੁਆਰਾ ਸਿਰਫ਼ ਯਸਾਯਾਹ ਨੂੰ ਪੁੱਛਿਆ ਗਿਆ ਸੀ, ਕਿਉਂਕਿ ਹੋਰ ਕੋਈ ਮਾਨਵੀ ਨਬੀ ਦਰਸ਼ਣ ਵਿਚ ਨਹੀਂ ਸੀ। ਬਿਨਾਂ ਸ਼ੱਕ ਇਹ ਯਸਾਯਾਹ ਲਈ ਇਕ ਸੱਦਾ ਸੀ ਕਿ ਉਹ ਯਹੋਵਾਹ ਦਾ ਸੰਦੇਸ਼ਵਾਹਕ ਬਣੇ। ਪਰ ਯਹੋਵਾਹ ਨੇ ਇਹ ਕਿਉਂ ਪੁੱਛਿਆ ਕਿ ‘ਕੌਣ ਸਾਡੇ ਲਈ ਜਾਵੇਗਾ?’ “ਮੇਰੇ” ਲਈ ਦੀ ਥਾਂ ਤੇ “ਸਾਡੇ” ਲਈ ਕਹਿ ਕੇ ਯਹੋਵਾਹ ਨੇ ਆਪਣੇ ਨਾਲ ਕਿਸੇ ਹੋਰ ਬਾਰੇ ਵੀ ਗੱਲ ਕੀਤੀ। ਉਹ ਕੌਣ ਸੀ? ਕੀ ਇਹ ਉਸ ਦਾ ਇਕਲੌਤਾ ਪੁੱਤਰ ਨਹੀਂ, ਜੋ ਬਾਅਦ ਵਿਚ ਮਨੁੱਖ ਯਿਸੂ ਮਸੀਹ ਬਣਿਆ? ਜੀ ਹਾਂ, ਇਹ ਉਹੀ ਪੁੱਤਰ ਸੀ ਜਿਸ ਨੂੰ ਯਹੋਵਾਹ ਨੇ ਕਿਹਾ ਸੀ ਕਿ ‘ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ।’ (ਉਤਪਤ 1:26; ਕਹਾਉਤਾਂ 8:30, 31) ਹਾਂ, ਸਵਰਗੀ ਦਰਬਾਰ ਵਿਚ ਯਹੋਵਾਹ ਦੇ ਨਾਲ ਉਸ ਦਾ ਇਕਲੌਤਾ ਪੁੱਤਰ ਸੀ।—ਯੂਹੰਨਾ 1:14.
14 ਯਸਾਯਾਹ ਜਵਾਬ ਦੇਣ ਵਿਚ ਝਿਜਕਿਆ ਨਹੀਂ! ਸੰਦੇਸ਼ ਭਾਵੇਂ ਜੋ ਵੀ ਹੋਵੇ, ਉਸ ਨੇ ਝੱਟ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” ਅਤੇ ਨਾ ਹੀ ਉਸ ਨੇ ਇਹ ਪੁੱਛਿਆ ਕਿ ਇਸ ਕੰਮ ਨੂੰ ਸਵੀਕਾਰ ਕਰਨ ਲਈ ਉਸ ਨੂੰ ਕੀ ਮਿਲੇਗਾ। ਅੱਜ ਪਰਮੇਸ਼ੁਰ ਦੇ ਸਾਰੇ ਸੇਵਕ ਉਸ ਦਾ ਚੰਗਾ ਰਵੱਈਆ ਆਪਣਾ ਸਕਦੇ ਹਨ, ਜਿਨ੍ਹਾਂ ਨੂੰ ‘ਸਾਰੀ ਦੁਨੀਆ ਵਿੱਚ ਰਾਜ ਦੀ ਇਸ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ। (ਮੱਤੀ 24:14) ਯਸਾਯਾਹ ਵਾਂਗ, ਉਹ ਵਫ਼ਾਦਾਰੀ ਨਾਲ ਆਪਣੇ ਕੰਮ ਵਿਚ ਲੱਗੇ ਰਹਿੰਦੇ ਹਨ। ਭਾਵੇਂ ਬਹੁਤ ਸਾਰੇ ਲੋਕ ਉਨ੍ਹਾਂ ਦਾ ਸੰਦੇਸ਼ ਨਹੀਂ ਸੁਣਦੇ ਹਨ ਉਹ ਫਿਰ ਵੀ “ਸਭ ਕੌਮਾਂ ਉੱਤੇ ਸਾਖੀ” ਭਰਦੇ ਹਨ। ਅਤੇ ਯਸਾਯਾਹ ਦੀ ਤਰ੍ਹਾਂ ਉਹ ਦਲੇਰੀ ਨਾਲ ਅੱਗੇ ਵਧਦੇ ਹਨ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਇਹ ਕੰਮ ਸਭ ਤੋਂ ਉੱਚੇ ਅਧਿਕਾਰ ਤੋਂ ਸੌਂਪਿਆ ਗਿਆ ਹੈ।
ip-1 95 ਪੈਰੇ 15-16
ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਹੈਕਲ ਵਿਚ ਹੈ
15 ਯਹੋਵਾਹ ਨੇ ਅੱਗੇ ਦੱਸਿਆ ਕਿ ਯਸਾਯਾਹ ਨੇ ਕੀ ਕਹਿਣਾ ਸੀ ਅਤੇ ਇਸ ਪ੍ਰਤੀ ਲੋਕ ਕੀ ਕਰਨਗੇ: “ਜਾਹ ਤੇ ਇਸ ਪਰਜਾ ਨੂੰ ਆਖ,—ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਤੇ ਵੇਖਦੇ ਰਹੋ ਪਰ ਬੁੱਝੋ ਨਾ, ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ, ਅਤੇ ਏਸ ਦੀਆਂ ਅੱਖਾਂ ਬੰਦ ਕਰ, ਮਤੇ ਓਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਤੇ ਚੰਗੇ ਹੋ ਜਾਣ।” (ਯਸਾਯਾਹ 6:9, 10) ਕੀ ਇਸ ਦਾ ਇਹ ਮਤਲਬ ਹੈ ਕਿ ਯਸਾਯਾਹ ਨੂੰ ਰੁੱਖੇ ਢੰਗ ਨਾਲ ਬੋਲਣਾ ਚਾਹੀਦਾ ਸੀ ਅਤੇ ਯਹੂਦੀਆਂ ਨੂੰ ਯਹੋਵਾਹ ਤੋਂ ਦੂਰ ਕਰ ਕੇ ਉਨ੍ਹਾਂ ਨੂੰ ਉਸ ਦੇ ਖ਼ਿਲਾਫ਼ ਰੱਖਣਾ ਚਾਹੀਦਾ ਸੀ? ਬਿਲਕੁਲ ਨਹੀਂ! ਇਹ ਯਸਾਯਾਹ ਦੇ ਆਪਣੇ ਲੋਕ ਸਨ, ਜਿਨ੍ਹਾਂ ਨਾਲ ਉਹ ਮੋਹ ਰੱਖਦਾ ਸੀ। ਪਰ ਯਹੋਵਾਹ ਦੇ ਸ਼ਬਦਾਂ ਨੇ ਸੰਕੇਤ ਕੀਤਾ ਕਿ ਲੋਕ ਉਸ ਦੇ ਸੰਦੇਸ਼ ਬਾਰੇ ਕੀ ਕਰਨਗੇ, ਭਾਵੇਂ ਯਸਾਯਾਹ ਜਿੰਨੀ ਮਰਜ਼ੀ ਵਫ਼ਾਦਾਰੀ ਨਾਲ ਆਪਣਾ ਕੰਮ ਕਿਉਂ ਨਾ ਪੂਰਾ ਕਰੇ।
16 ਗ਼ਲਤੀ ਲੋਕਾਂ ਦੀ ਸੀ। ਯਸਾਯਾਹ ਉਨ੍ਹਾਂ ਨਾਲ ਵਾਰ-ਵਾਰ ਬੋਲਿਆ, ਪਰ ਉਨ੍ਹਾਂ ਨੇ ਉਸ ਦੇ ਸੰਦੇਸ਼ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਸਮਝਿਆ। ਜ਼ਿਆਦਾਤਰ ਲੋਕ ਜ਼ਿੱਦੀ ਅਤੇ ਨਾ ਸੁਣਨ ਵਾਲੇ ਸਨ, ਜਿਵੇਂ ਕਿ ਉਹ ਪੂਰੀ ਤਰ੍ਹਾਂ ਅੰਨ੍ਹੇ ਜਾਂ ਬੋਲ਼ੇ ਹੋਣ। “ਏਸ ਪਰਜਾ” ਕੋਲ ਵਾਰ-ਵਾਰ ਜਾਣ ਨਾਲ, ਯਸਾਯਾਹ ਨੇ ਉਸ ਨੂੰ ਇਹ ਦਿਖਾਉਣ ਦਾ ਮੌਕਾ ਦਿੱਤਾ ਕਿ ਉਹ ਸਮਝਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਲੋਕਾਂ ਨੇ ਸਾਬਤ ਕੀਤਾ ਕਿ ਉਹ ਯਸਾਯਾਹ ਦੇ ਸੁਨੇਹੇ, ਯਾਨੀ ਪਰਮੇਸ਼ੁਰ ਦੇ ਸੁਨੇਹੇ ਨੂੰ ਆਪਣੇ ਮਨਾਂ ਅਤੇ ਦਿਲਾਂ ਤਕ ਪਹੁੰਚਾਉਣਾ ਨਹੀਂ ਚਾਹੁੰਦੇ ਸਨ। ਇਹ ਅੱਜ ਦੇ ਲੋਕਾਂ ਬਾਰੇ ਵੀ ਸੱਚ ਹੈ! ਜਿਉਂ-ਜਿਉਂ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਕਈ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ।
ip-1 99 ਪੈਰਾ 23
ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਹੈਕਲ ਵਿਚ ਹੈ
23 ਯਸਾਯਾਹ ਦੀ ਪੁਸਤਕ ਤੋਂ ਹਵਾਲਾ ਦੇ ਕੇ, ਯਿਸੂ ਦਿਖਾ ਰਿਹਾ ਸੀ ਕਿ ਇਸ ਭਵਿੱਖਬਾਣੀ ਦੀ ਪੂਰਤੀ ਉਸ ਦੇ ਜ਼ਮਾਨੇ ਵਿਚ ਵੀ ਹੋਈ ਸੀ। ਆਮ ਤੌਰ ਤੇ ਯਿਸੂ ਦੇ ਜ਼ਮਾਨੇ ਦੇ ਲੋਕ ਯਸਾਯਾਹ ਦੇ ਜ਼ਮਾਨੇ ਦੇ ਯਹੂਦੀ ਲੋਕਾਂ ਵਰਗੇ ਸਨ। ਉਨ੍ਹਾਂ ਨੇ ਉਸ ਦਾ ਸੰਦੇਸ਼ ਨਾ ਸੁਣਿਆ ਅਤੇ ਨਾ ਹੀ ਸਮਝਿਆ ਅਤੇ ਉਨ੍ਹਾਂ ਦਾ ਵੀ ਨਾਸ਼ ਕੀਤਾ ਗਿਆ। (ਮੱਤੀ 23:35-38; 24:1, 2) ਇਹ 70 ਸਾ.ਯੁ. ਵਿਚ ਵਾਪਰਿਆ ਜਦੋਂ ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਯਰੂਸ਼ਲਮ ਦੇ ਵਿਰੁੱਧ ਆਈਆਂ। ਉਨ੍ਹਾਂ ਨੇ ਸ਼ਹਿਰ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ। ਫਿਰ ਵੀ, ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਯਿਸੂ ਦੀ ਸੁਣੀ ਅਤੇ ਉਸ ਦੇ ਚੇਲੇ ਬਣੇ। ਯਿਸੂ ਨੇ ਇਨ੍ਹਾਂ ਨੂੰ “ਧੰਨ” ਆਖਿਆ। (ਮੱਤੀ 13:16-23, 51) ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਦੋਂ ਉਹ “ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ” ਦੇਖਣ, ਤਾਂ ਉਹ “ਪਹਾੜਾਂ ਨੂੰ ਭੱਜ ਜਾਣ।” (ਲੂਕਾ 21:20-22) ਇਸ ਤਰ੍ਹਾਂ ਉਹ “ਪਵਿੱਤ੍ਰ ਵੰਸ” ਜਿਸ ਨੇ ਨਿਹਚਾ ਕੀਤੀ ਅਤੇ ਜਿਸ ਨੂੰ “ਪਰਮੇਸ਼ੁਰ ਦੇ ਇਸਰਾਏਲ” ਵਜੋਂ ਇਕ ਰੂਹਾਨੀ ਕੌਮ ਬਣਾਇਆ ਗਿਆ ਸੀ, ਬਚਾਈ ਗਈ।—ਗਲਾਤੀਆਂ 6:16.
ਹੀਰੇ-ਮੋਤੀ
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
7:3, 4—ਦੁਸ਼ਟ ਰਾਜਾ ਆਹਾਜ਼ ਨੂੰ ਯਹੋਵਾਹ ਨੇ ਕਿਉਂ ਬਚਾਇਆ ਸੀ? ਸੀਰੀਆ ਤੇ ਇਸਰਾਏਲ ਦੇ ਰਾਜਿਆਂ ਨੇ ਮਿਲ ਕੇ ਯਹੂਦਾਹ ਦੇ ਰਾਜਾ ਆਹਾਜ਼ ਨੂੰ ਰਾਜ ਗੱਦੀ ਤੋਂ ਲਾਹੁਣ ਦੀ ਸਕੀਮ ਬਣਾਈ। ਉਹ ਉਸ ਦੀ ਜਗ੍ਹਾ ਤੇ ਟਾਬਲ ਦੇ ਪੁੱਤਰ ਜੋ ਉਨ੍ਹਾਂ ਦੇ ਹੱਥਾਂ ਵਿਚ ਕਠਪੁਤਲੀ ਸੀ ਤੇ ਦਾਊਦ ਦੇ ਘਰਾਣੇ ਵਿੱਚੋਂ ਨਹੀਂ ਸੀ, ਨੂੰ ਰਾਜ ਗੱਦੀ ਤੇ ਬਿਠਾਉਣਾ ਚਾਹੁੰਦੇ ਸੀ। ਅਸਲ ਵਿਚ ਇਸ ਸਕੀਮ ਪਿੱਛੇ ਸ਼ਤਾਨ ਦਾ ਹੱਥ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਦਾਊਦ ਨਾਲ ਬੰਨ੍ਹਿਆ ਪਰਮੇਸ਼ੁਰ ਦਾ ਨੇਮ ਪੂਰਾ ਨਾ ਹੋਵੇ। ਪਰ ਯਹੋਵਾਹ ਨੇ ਰਾਜਾ ਆਹਾਜ਼ ਨੂੰ ਬਚਾ ਕੇ ਦਾਊਦ ਦੇ ਘਰਾਣੇ ਨੂੰ ਬਚਾਇਆ ਜਿਸ ਦੀ ਪੀੜ੍ਹੀ ਵਿਚ ਅੱਗੇ ਜਾ ਕੇ ‘ਸ਼ਾਂਤੀ ਦੇ ਰਾਜ ਕੁਮਾਰ’ ਨੇ ਜਨਮ ਲੈਣਾ ਸੀ।—ਯਸਾਯਾਹ 9:6.
15-21 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 9-10
‘ਵੱਡੇ ਚਾਨਣ’ ਦੀ ਭਵਿੱਖਬਾਣੀ
ip-1 125-126 ਪੈਰੇ 16-17
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ
16 ਜੀ ਹਾਂ, ਯਸਾਯਾਹ ਦੁਆਰਾ ਦੱਸਿਆ ਗਿਆ ‘ਆਖਰੀ ਸਮਾਂ’ ਧਰਤੀ ਉੱਤੇ ਮਸੀਹ ਦੀ ਸੇਵਕਾਈ ਦਾ ਸਮਾਂ ਸੀ। ਧਰਤੀ ਉੱਤੇ ਯਿਸੂ ਨੇ ਲਗਭਗ ਆਪਣਾ ਸਾਰਾ ਜੀਵਨ ਗਲੀਲ ਵਿਚ ਗੁਜ਼ਾਰਿਆ ਸੀ। ਗਲੀਲ ਦੇ ਬੰਨਿਆਂ ਵਿਚ ਉਸ ਨੇ ਆਪਣੀ ਸੇਵਕਾਈ ਸ਼ੁਰੂ ਕਰ ਕੇ ਐਲਾਨ ਕੀਤਾ ਸੀ ਕਿ “ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਗਲੀਲ ਵਿਚ ਉਸ ਨੇ ਆਪਣਾ ਮਸ਼ਹੂਰ ਪਹਾੜੀ ਉਪਦੇਸ਼ ਦਿੱਤਾ, ਆਪਣੇ ਰਸੂਲ ਚੁਣੇ, ਆਪਣਾ ਪਹਿਲਾ ਚਮਤਕਾਰ ਕੀਤਾ, ਅਤੇ ਜੀ ਉੱਠਣ ਤੋਂ ਬਾਅਦ ਕੁਝ 500 ਚੇਲਿਆਂ ਨੂੰ ਦਰਸ਼ਣ ਦਿੱਤਾ। (ਮੱਤੀ 5:1–7:27; 28:16-20; ਮਰਕੁਸ 3:13, 14; ਯੂਹੰਨਾ 2:8-11; 1 ਕੁਰਿੰਥੀਆਂ 15:6) ਇਸ ਤਰ੍ਹਾਂ ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਪੂਰੀ ਕੀਤੀ ਅਤੇ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ਨੂੰ ਸਨਮਾਨ ਦਿੱਤਾ। ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਸਿਰਫ਼ ਗਲੀਲ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ। ਸਗੋਂ ਸਾਰੇ ਦੇਸ਼ ਵਿਚ ਪ੍ਰਚਾਰ ਕਰ ਕੇ ਯਿਸੂ ਨੇ ਯਹੂਦਾਹ ਸਮੇਤ ਇਸਰਾਏਲ ਦੀ ਸਾਰੀ ਕੌਮ ‘ਨੂੰ ਪਰਤਾਪਵਾਨ ਕੀਤਾ’ ਸੀ।
17 ਪਰ, ਉਹ “ਵੱਡਾ ਚਾਨਣ” ਕੀ ਸੀ ਜੋ ਮੱਤੀ ਨੇ ਕਿਹਾ ਕਿ ਗਲੀਲ ਵਿਚ ਦੇਖਿਆ ਜਾਵੇਗਾ? ਇਹ ਹਵਾਲਾ ਵੀ ਯਸਾਯਾਹ ਦੀ ਭਵਿੱਖਬਾਣੀ ਤੋਂ ਲਿਆ ਗਿਆ ਸੀ। ਯਸਾਯਾਹ ਨੇ ਲਿਖਿਆ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾਯਾਹ 9:2) ਪਹਿਲੀ ਸਦੀ ਤਕ, ਸੱਚਾਈ ਦਾ ਚਾਨਣ ਅਧਰਮੀ ਅਤੇ ਝੂਠੀਆਂ ਗੱਲਾਂ ਨਾਲ ਲੁਕਾਇਆ ਗਿਆ ਸੀ। ਯਹੂਦੀ ਧਾਰਮਿਕ ਆਗੂਆਂ ਨੇ ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਸੀ, ਜਿਸ ਦੇ ਕਾਰਨ ਉਨ੍ਹਾਂ ਨੇ “ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।” (ਮੱਤੀ 15:6) ਨਿਮਰ ਲੋਕ ‘ਅੰਨ੍ਹੇ ਆਗੂਆਂ’ ਦੇ ਪਿੱਛੇ ਲੱਗ ਕੇ ਦੁਖੀ ਅਤੇ ਗੁਮਰਾਹ ਹੋਏ ਸਨ। (ਮੱਤੀ 23:2-4, 16) ਜਦੋਂ ਮਸੀਹਾ ਵਜੋਂ ਯਿਸੂ ਆਇਆ, ਤਾਂ ਅਸਚਰਜ ਢੰਗ ਨਾਲ ਨਿਮਰ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਗਈਆਂ। (ਯੂਹੰਨਾ 1:9, 12) ਧਰਤੀ ਉੱਤੇ ਯਿਸੂ ਦਾ ਕੰਮ ਅਤੇ ਉਸ ਦੇ ਬਲੀਦਾਨ ਤੋਂ ਆਈਆਂ ਬਰਕਤਾਂ ਉਚਿਤ ਢੰਗ ਨਾਲ ਯਸਾਯਾਹ ਦੀ ਭਵਿੱਖਬਾਣੀ ਵਿਚ ‘ਵੱਡੇ ਚਾਨਣ’ ਵਜੋਂ ਬਿਆਨ ਕੀਤੀਆਂ ਗਈਆਂ।—ਯੂਹੰਨਾ 8:12.
ip-1 126-128 ਪੈਰੇ 18-19
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ
18 ਜਿਨ੍ਹਾਂ ਲੋਕਾਂ ਨੇ ਚਾਨਣ ਦਾ ਫ਼ਾਇਦਾ ਉਠਾਇਆ ਉਨ੍ਹਾਂ ਕੋਲ ਖ਼ੁਸ਼ੀ ਮਨਾਉਣ ਦਾ ਵੱਡਾ ਕਾਰਨ ਸੀ। ਯਸਾਯਾਹ ਨੇ ਅੱਗੇ ਕਿਹਾ: “ਤੈਂ ਕੌਮ ਨੂੰ ਵਧੇਰੇ ਕੀਤਾ, ਤੈਂ ਉਹ ਦੀ ਖੁਸ਼ੀ ਨੂੰ ਵਧਾਇਆ, ਓਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਤੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਓਹ ਬਾਗ ਬਾਗ ਹੁੰਦੇ ਹਨ।” (ਯਸਾਯਾਹ 9:3) ਯਿਸੂ ਅਤੇ ਉਸ ਦੇ ਚੇਲਿਆਂ ਦੇ ਪ੍ਰਚਾਰ ਦੇ ਕੰਮ ਦੇ ਨਤੀਜੇ ਵਜੋਂ, ਨੇਕਦਿਲ ਲੋਕਾਂ ਨੇ ਯਹੋਵਾਹ ਦੀ ਉਪਾਸਨਾ ਆਤਮਾ ਅਤੇ ਸੱਚਾਈ ਨਾਲ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ। (ਯੂਹੰਨਾ 4:24) ਲਗਭਗ ਚਾਰ ਸਾਲਾਂ ਦੇ ਅੰਦਰ-ਅੰਦਰ, ਬਹੁਤ ਸਾਰੇ ਲੋਕ ਮਸੀਹੀ ਬਣੇ। ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਤਿੰਨ ਹਜ਼ਾਰ ਲੋਕਾਂ ਨੇ ਬਪਤਿਸਮਾ ਲਿਆ। ਥੋੜ੍ਹੀ ਦੇਰ ਬਾਅਦ, “ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।” (ਰਸੂਲਾਂ ਦੇ ਕਰਤੱਬ 2:41; 4:4) ਜਿਉਂ-ਜਿਉਂ ਚੇਲਿਆਂ ਨੇ ਜੋਸ਼ ਨਾਲ ਚਾਨਣ ਚਮਕਾਇਆ, ‘ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।’—ਰਸੂਲਾਂ ਦੇ ਕਰਤੱਬ 6:7.
19 ਲੋਕ ਵਾਢੀ ਵਿਚ ਬਹੁਤ ਸਾਰਾ ਫਲ ਇਕੱਠਾ ਕਰ ਕੇ ਖ਼ੁਸ਼ ਹੁੰਦੇ ਹਨ। ਵੱਡੀ ਸੈਨਿਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਲੁੱਟੇ ਗਏ ਕੀਮਤੀ ਮਾਲ ਨੂੰ ਵੰਡ ਕੇ ਖ਼ੁਸ਼ੀ ਹੁੰਦੀ ਹੈ। ਉਸ ਤਰ੍ਹਾਂ ਯਿਸੂ ਦੇ ਚੇਲੇ ਇਹ ਵਾਧਾ ਦੇਖ ਕੇ ਬਹੁਤ ਖ਼ੁਸ਼ ਹੋਏ। (ਰਸੂਲਾਂ ਦੇ ਕਰਤੱਬ 2:46, 47) ਸਮੇਂ ਸਿਰ, ਯਹੋਵਾਹ ਨੇ ਪਰਾਈਆਂ ਕੌਮਾਂ ਉੱਤੇ ਵੀ ਚਾਨਣ ਪਾਇਆ। (ਰਸੂਲਾਂ ਦੇ ਕਰਤੱਬ 14:27) ਇਸ ਲਈ ਸਾਰੀਆਂ ਜਾਤਾਂ ਦੇ ਲੋਕਾਂ ਨੇ ਖ਼ੁਸ਼ੀ ਮਨਾਈ ਕਿ ਉਨ੍ਹਾਂ ਲਈ ਵੀ ਯਹੋਵਾਹ ਦੀ ਉਪਾਸਨਾ ਕਰਨ ਦਾ ਰਾਹ ਖੋਲ੍ਹਿਆ ਗਿਆ।—ਰਸੂਲਾਂ ਦੇ ਕਰਤੱਬ 13:48.
ip-1 128-129 ਪੈਰੇ 20-21
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ
20 ਮਸੀਹ ਦੇ ਕੰਮ ਦੇ ਨਤੀਜੇ ਸਦਾ ਲਈ ਕਾਇਮ ਰਹਿਣਗੇ, ਜਿਵੇਂ ਅਸੀਂ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਦੇਖਦੇ ਹਾਂ: “ਉਸ ਦੇ ਭਾਰ ਦੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੈਂ ਟੋਟੇ ਟੋਟੇ ਕੀਤਾ ਜਿਵੇਂ ਮਿਦਯਾਨ ਦੇ ਦਿਨ ਵਿੱਚ।” (ਯਸਾਯਾਹ 9:4) ਯਸਾਯਾਹ ਦੇ ਜ਼ਮਾਨੇ ਤੋਂ ਸਦੀਆਂ ਪਹਿਲਾਂ, ਮਿਦਯਾਨੀ ਲੋਕਾਂ ਨੇ ਮੋਆਬੀ ਲੋਕਾਂ ਨਾਲ ਮਿਲ ਕੇ ਸਾਜ਼ਸ਼ ਘੜੀ ਸੀ ਕਿ ਉਹ ਇਸਰਾਏਲੀਆਂ ਨੂੰ ਪਾਪ ਕਰਨ ਲਈ ਲੁਭਾਉਣ। (ਗਿਣਤੀ 25:1-9, 14-18; 31:15, 16) ਬਾਅਦ ਵਿਚ, ਮਿਦਯਾਨੀਆਂ ਨੇ ਸੱਤਾਂ ਸਾਲਾਂ ਤਕ ਇਸਰਾਏਲੀਆਂ ਦੇ ਪਿੰਡਾਂ ਅਤੇ ਖੇਤਾਂ ਉੱਤੇ ਹਮਲੇ ਅਤੇ ਲੁੱਟਮਾਰ ਕਰ ਕੇ ਉਨ੍ਹਾਂ ਵਿਚ ਡਰ ਪੈਦਾ ਕੀਤਾ ਸੀ। (ਨਿਆਈਆਂ 6:1-6) ਪਰ ਫਿਰ ਯਹੋਵਾਹ ਨੇ ਆਪਣੇ ਸੇਵਕ ਗਿਦਾਊਨ ਰਾਹੀਂ ਮਿਦਯਾਨ ਦੀਆਂ ਫ਼ੌਜਾਂ ਨੂੰ ਹਰਾਇਆ। ‘ਮਿਦਯਾਨ ਦੇ ਇਸ ਦਿਨ’ ਤੋਂ ਬਾਅਦ, ਯਹੋਵਾਹ ਦੇ ਲੋਕਾਂ ਨੇ ਫਿਰ ਕਦੀ ਵੀ ਮਿਦਯਾਨੀਆਂ ਦੇ ਹੱਥੋਂ ਦੁੱਖ ਨਹੀਂ ਝੱਲੇ। (ਨਿਆਈਆਂ 6:7-16; 8:28) ਨੇੜਲੇ ਭਵਿੱਖ ਵਿਚ, ਮਹਾਨ ਗਿਦਾਊਨ, ਯਿਸੂ ਮਸੀਹ, ਯਹੋਵਾਹ ਦੇ ਲੋਕਾਂ ਦੇ ਵੈਰੀਆਂ ਦਾ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 17:14; 19:11-21) ਫਿਰ, “ਜਿਵੇਂ ਮਿਦਯਾਨ ਦੇ ਦਿਨ ਵਿੱਚ” ਹੋਇਆ ਸੀ, ਇਕ ਪੂਰੀ ਅਤੇ ਹਮੇਸ਼ਾ ਦੀ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਹ ਇਨਸਾਨਾਂ ਦੀ ਬਹਾਦਰੀ ਨਾਲ ਨਹੀਂ, ਸਗੋਂ ਯਹੋਵਾਹ ਦੀ ਸ਼ਕਤੀ ਨਾਲ ਪ੍ਰਾਪਤ ਹੋਵੇਗੀ। (ਨਿਆਈਆਂ 7:2-22) ਪਰਮੇਸ਼ੁਰ ਦੇ ਲੋਕਾਂ ਉੱਤੇ ਫਿਰ ਕਦੀ ਵੀ ਜ਼ੁਲਮ ਨਹੀਂ ਕੀਤੇ ਜਾਣਗੇ!
21 ਪਰਮੇਸ਼ੁਰ ਦੀ ਸ਼ਕਤੀ ਦੇ ਪ੍ਰਗਟਾਵੇ ਯੁੱਧ ਦੀ ਵਡਿਆਈ ਨਹੀਂ ਕਰਦੇ। ਜੀ ਉਠਾਇਆ ਗਿਆ ਯਿਸੂ ਸ਼ਾਂਤੀ ਦਾ ਰਾਜਕੁਮਾਰ ਹੈ, ਅਤੇ ਜਦੋਂ ਉਹ ਆਪਣੇ ਦੁਸ਼ਮਣਾਂ ਦਾ ਨਾਸ਼ ਕਰੇਗਾ ਉਹ ਸਦਾ ਦੀ ਸ਼ਾਂਤੀ ਕਾਇਮ ਕਰੇਗਾ। ਫਿਰ ਯਸਾਯਾਹ ਨੇ ਫ਼ੌਜੀ ਕੱਪੜਿਆਂ ਨੂੰ ਅੱਗ ਨਾਲ ਤਬਾਹ ਕੀਤੇ ਜਾਣ ਬਾਰੇ ਗੱਲ ਕੀਤੀ: “ਹਰ ਸ਼ੋਰ ਨਾਲ ਪੌੜ ਮਾਰਨ ਵਾਲਾ ਫੌਜੀ ਬੂਟ, ਅਤੇ ਹਰ ਲਹੂ ਲੁਹਾਣ ਕੱਪੜਾ, ਅੱਗ ਦੇ ਬਾਲਣ ਵਾਂਙੁ ਸਾੜਿਆ ਜਾਵੇਗਾ।” (ਯਸਾਯਾਹ 9:5) ਫ਼ੌਜੀ ਚਾਲ ਵਿਚ ਚੱਲਣ ਵਾਲੇ ਸਿਪਾਹੀਆਂ ਦੇ ਬੂਟਾਂ ਦਾ ਸ਼ੋਰ ਫਿਰ ਕਦੀ ਵੀ ਨਹੀਂ ਸੁਣਿਆ ਜਾਵੇਗਾ। ਲੜਾਈ ਕਰ ਰਹੇ ਸਿਪਾਹੀਆਂ ਦੀਆਂ ਲਹੂ-ਲੁਹਾਨ ਵਰਦੀਆਂ ਫਿਰ ਕਦੀ ਨਹੀਂ ਦੇਖੀਆਂ ਜਾਣਗੀਆਂ। ਲੜਾਈਆਂ ਖ਼ਤਮ ਕੀਤੀਆਂ ਜਾਣਗੀਆਂ!—ਜ਼ਬੂਰ 46:9.
ਹੀਰੇ-ਮੋਤੀ
ip-1 130 ਪੈਰੇ 23-24
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ
23 ਸਲਾਹੂ ਉਹ ਵਿਅਕਤੀ ਹੁੰਦਾ ਹੈ ਜੋ ਸਲਾਹ ਜਾਂ ਰਾਇ ਦਿੰਦਾ ਹੈ। ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਵਧੀਆ ਸਲਾਹਾਂ ਦਿੱਤੀਆਂ ਸਨ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ “ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।” (ਮੱਤੀ 7:28) ਉਹ ਬੁੱਧੀਮਾਨ ਅਤੇ ਹਮਦਰਦ ਸਲਾਹਕਾਰ ਹੈ, ਜੋ ਇਨਸਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਸ ਦੀ ਸਲਾਹ ਸਿਰਫ਼ ਤਾੜਦੀ ਜਾਂ ਸਜ਼ਾ ਹੀ ਨਹੀਂ ਦਿੰਦੀ। ਅਕਸਰ ਇਹ ਸਲਾਹ ਸਿੱਖਿਆ ਅਤੇ ਪ੍ਰੇਮ ਨਾਲ ਦਿੱਤੀ ਗਈ ਰਾਇ ਦੇ ਰੂਪ ਵਿਚ ਹੁੰਦੀ ਹੈ। ਯਿਸੂ ਦੀ ਸਲਾਹ ਅਸਚਰਜ ਹੈ ਕਿਉਂਕਿ ਇਹ ਹਮੇਸ਼ਾ ਚੰਗੀ, ਸੰਪੂਰਣ, ਅਤੇ ਭਰੋਸੇਯੋਗ ਹੁੰਦੀ ਹੈ। ਜਦੋਂ ਅਸੀਂ ਇਸ ਦੇ ਅਨੁਸਾਰ ਚੱਲਦੇ ਹਾਂ, ਤਾਂ ਇਹ ਸਾਨੂੰ ਸਦਾ ਦੇ ਜੀਵਨ ਦੇ ਰਸਤੇ ਤੇ ਪਾਉਂਦੀ ਹੈ।—ਯੂਹੰਨਾ 6:68.
24 ਯਿਸੂ ਦੀ ਸਲਾਹ ਉਸ ਦੇ ਵਧੀਆ ਦਿਮਾਗ਼ ਤੋਂ ਹੀ ਨਹੀਂ ਦਿੱਤੀ ਜਾਂਦੀ ਸੀ। ਬਲਕਿ, ਉਸ ਨੇ ਕਿਹਾ ਕਿ “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਜਿਵੇਂ ਸੁਲੇਮਾਨ ਬਾਰੇ ਇਹ ਗੱਲ ਸੱਚ ਸੀ, ਉਵੇਂ ਯਿਸੂ ਦੀ ਬੁੱਧ ਯਹੋਵਾਹ ਪਰਮੇਸ਼ੁਰ ਤੋਂ ਹੈ। (1 ਰਾਜਿਆਂ 3:7-14; ਮੱਤੀ 12:42) ਮਸੀਹੀ ਕਲੀਸਿਯਾ ਵਿਚ ਯਿਸੂ ਦੀ ਮਿਸਾਲ ਨੂੰ ਉਪਦੇਸ਼ਕਾਂ ਅਤੇ ਸਲਾਹਕਾਰਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਸਿੱਖਿਆ ਹਮੇਸ਼ਾ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਕਰਨ।—ਕਹਾਉਤਾਂ 21:30.
22-28 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 11-13
ਮਸੀਹੀ ਦੀ ਪਛਾਣ ਕਿਵੇਂ ਹੋਣੀ ਸੀ?
ip-1 159 ਪੈਰੇ 4-5
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
4 ਯਸਾਯਾਹ ਦੇ ਜ਼ਮਾਨੇ ਤੋਂ ਕਈ ਸਦੀਆਂ ਪਹਿਲਾਂ, ਬਾਈਬਲ ਦੇ ਹੋਰ ਇਬਰਾਨੀ ਲਿਖਾਰੀਆਂ ਨੇ ਵੀ ਮਸੀਹਾ ਦੇ ਆਉਣ ਬਾਰੇ ਦੱਸਿਆ ਸੀ, ਯਾਨੀ ਉਹ ਅਸਲੀ ਹਾਕਮ ਜਿਸ ਨੂੰ ਯਹੋਵਾਹ ਇਸਰਾਏਲ ਵਿਚ ਭੇਜੇਗਾ। (ਉਤਪਤ 49:10; ਬਿਵਸਥਾ ਸਾਰ 18:18; ਜ਼ਬੂਰ 118:22, 26) ਹੁਣ ਯਸਾਯਾਹ ਰਾਹੀਂ ਯਹੋਵਾਹ ਨੇ ਹੋਰ ਗੱਲਾਂ ਵੀ ਦੱਸੀਆਂ। ਯਸਾਯਾਹ ਨੇ ਲਿਖਿਆ: “ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।” (ਯਸਾਯਾਹ 11:1. ਜ਼ਬੂਰ 132:11 ਦੀ ਤੁਲਨਾ ਕਰੋ।) “ਲਗਰ” ਅਤੇ “ਟਹਿਣਾ” ਦੋਵੇਂ ਸੰਕੇਤ ਕਰਦੇ ਹਨ ਕਿ ਮਸੀਹਾ ਦਾਊਦ ਰਾਹੀਂ ਯੱਸੀ ਦੀ ਸੰਤਾਨ ਵਿੱਚੋਂ ਹੋਵੇਗਾ। ਦਾਊਦ ਇਸਰਾਏਲ ਦੇ ਰਾਜੇ ਵਜੋਂ ਤੇਲ ਨਾਲ ਮਸਹ ਕੀਤਾ ਗਿਆ ਸੀ। (1 ਸਮੂਏਲ 16:13; ਯਿਰਮਿਯਾਹ 23:5; ਪਰਕਾਸ਼ ਦੀ ਪੋਥੀ 22:16) ਜਦੋਂ ਸੱਚਾ ਮਸੀਹਾ ਆਵੇਗਾ, ਦਾਊਦ ਦੇ ਘਰਾਣੇ ਵਿੱਚੋਂ ਇਹ “ਟਹਿਣਾ” ਚੰਗਾ ਫਲ ਉਤਪੰਨ ਕਰੇਗਾ।
5 ਯਿਸੂ ਵਾਅਦਾ ਕੀਤਾ ਗਿਆ ਮਸੀਹਾ ਹੈ। ਇੰਜੀਲ ਦੇ ਲਿਖਾਰੀ ਮੱਤੀ ਨੇ ਯਸਾਯਾਹ 11:1 ਦੇ ਸ਼ਬਦਾਂ ਵੱਲ ਸੰਕੇਤ ਕੀਤਾ ਸੀ ਜਦੋਂ ਉਸ ਨੇ ਕਿਹਾ ਕਿ ਯਿਸੂ ਦੇ “ਨਾਸਰੀ” ਸੱਦੇ ਜਾਣ ਨੇ ਨਬੀਆਂ ਦੇ ਬਚਨ ਨੂੰ ਪੂਰਾ ਕੀਤਾ। ਯਿਸੂ ਨਾਸਰਤ ਦੇ ਨਗਰ ਵਿਚ ਪਲਿਆ ਸੀ, ਇਸ ਲਈ ਉਸ ਨੂੰ ਇਕ ਨਾਸਰੀ ਸੱਦਿਆ ਗਿਆ। ਜ਼ਾਹਰਾ ਤੌਰ ਤੇ ਇਹ ਨਾਂ ਯਸਾਯਾਹ 11:1 ਵਿਚ ‘ਟਹਿਣੇ’ ਲਈ ਵਰਤੇ ਗਏ ਇਬਰਾਨੀ ਸ਼ਬਦ ਨਾਲ ਮਿਲਦਾ-ਜੁਲਦਾ ਹੈ।—ਮੱਤੀ 2:23; ਲੂਕਾ 2:39, 40.
ip-1 159 ਪੈਰਾ 6
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
6 ਮਸੀਹਾ ਕਿਹੋ ਜਿਹਾ ਹਾਕਮ ਹੋਵੇਗਾ? ਕੀ ਉਹ ਬੇਰਹਿਮ ਅਤੇ ਜ਼ਿੱਦੀ ਅੱਸ਼ੂਰ ਵਰਗਾ ਹੋਵੇਗਾ ਜਿਸ ਨੇ ਦਸ-ਗੋਤੀ ਉੱਤਰੀ ਰਾਜ ਦਾ ਨਾਸ਼ ਕੀਤਾ ਸੀ? ਬਿਲਕੁਲ ਨਹੀਂ। ਯਸਾਯਾਹ ਨੇ ਮਸੀਹਾ ਬਾਰੇ ਕਿਹਾ ਕਿ “ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ। ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।” (ਯਸਾਯਾਹ 11:2, 3ੳ) ਮਸੀਹਾ ਤੇਲ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਜਾਂ ਸ਼ਕਤੀ ਨਾਲ ਮਸਹ ਕੀਤਾ ਗਿਆ ਸੀ। ਇਹ ਯਿਸੂ ਦੇ ਬਪਤਿਸਮੇ ਤੇ ਹੋਇਆ ਸੀ, ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉਤਰਦੀ ਦੇਖਿਆ। (ਲੂਕਾ 3:22) ਯਹੋਵਾਹ ਦੀ ਸ਼ਕਤੀ ਯਿਸੂ ‘ਉੱਤੇ ਠਹਿਰੀ’ ਅਤੇ ਉਸ ਨੇ ਇਸ ਦਾ ਸਬੂਤ ਦਿੱਤਾ ਜਦੋਂ ਉਸ ਨੇ ਬੁੱਧ, ਸਮਝ, ਸਲਾਹ, ਸਮਰਥਾ, ਅਤੇ ਗਿਆਨ ਨਾਲ ਕੰਮ ਕੀਤਾ। ਇਕ ਹਾਕਮ ਲਈ ਇਹ ਕਿੰਨੇ ਵਧੀਆ ਗੁਣ ਹਨ!
ip-1 160 ਪੈਰਾ 8
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
8 ਯਹੋਵਾਹ ਦਾ ਭੈ ਕੀ ਹੈ ਜੋ ਮਸੀਹਾ ਨੇ ਦਿਖਾਇਆ? ਯਿਸੂ ਲਈ ਪਰਮੇਸ਼ੁਰ ਡਰਾਉਣਾ ਨਹੀਂ ਹੈ; ਉਸ ਨੂੰ ਇਹ ਡਰ ਨਹੀਂ ਕਿ ਉਹ ਉਸ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸ ਦੀ ਬਜਾਇ, ਮਸੀਹਾ ਨੇ ਪਰਮੇਸ਼ੁਰ ਦਾ ਸ਼ਰਧਾ ਭਰਿਆ ਭੈ ਰੱਖਿਆ, ਉਸ ਨੇ ਪ੍ਰੇਮ ਨਾਲ ਉਸ ਦਾ ਸਤਿਕਾਰ ਕੀਤਾ। ਪਰਮੇਸ਼ੁਰ ਦਾ ਭੈ ਰੱਖਣ ਵਾਲਾ ਵਿਅਕਤੀ ਯਿਸੂ ਵਾਂਗ ਹਮੇਸ਼ਾ ‘ਓਹ ਕੰਮ ਕਰਨੇ ਚਾਹੁੰਦਾ ਹੈ ਜਿਹੜੇ ਪਰਮੇਸ਼ੁਰ ਨੂੰ ਭਾਉਂਦੇ ਹਨ।’ (ਯੂਹੰਨਾ 8:29) ਆਪਣੀ ਕਹਿਣੀ ਅਤੇ ਕਰਨੀ ਰਾਹੀਂ, ਯਿਸੂ ਨੇ ਸਿਖਾਇਆ ਕਿ ਹਰ ਰੋਜ਼ ਯਹੋਵਾਹ ਦੇ ਭੈ ਵਿਚ ਚੱਲਣ ਨਾਲੋਂ ਹੋਰ ਕੋਈ ਵੱਡੀ ਖ਼ੁਸ਼ੀ ਨਹੀਂ ਹੋ ਸਕਦੀ।
ip-1 160 ਪੈਰਾ 9
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
9 ਯਸਾਯਾਹ ਨੇ ਮਸੀਹਾ ਦੇ ਹੋਰ ਗੁਣਾਂ ਬਾਰੇ ਭਵਿੱਖਬਾਣੀ ਕੀਤੀ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।” (ਯਸਾਯਾਹ 11:3ਅ) ਜੇਕਰ ਤੁਹਾਨੂੰ ਅਦਾਲਤ ਵਿਚ ਖੜ੍ਹੇ ਹੋਣਾ ਪਵੇ, ਤਾਂ ਕੀ ਤੁਸੀਂ ਅਜਿਹੇ ਨਿਆਂਕਾਰ ਲਈ ਧੰਨਵਾਦੀ ਨਹੀਂ ਹੋਵੋਗੇ? ਸਾਰੀ ਮਨੁੱਖਜਾਤੀ ਦੇ ਨਿਆਂਕਾਰ ਹੋਣ ਦੀ ਹੈਸੀਅਤ ਵਿਚ, ਮਸੀਹਾ ਅਦਾਲਤ ਵਿਚ ਚਲਾਕ ਤਰੀਕਿਆਂ, ਝੂਠੀਆਂ ਦਲੀਲਾਂ, ਸੁਣੀਆਂ-ਸੁਣਾਈਆਂ ਗੱਲਾਂ, ਜਾਂ ਪੈਸੇ ਦੇ ਦਿਖਾਵੇ ਵਰਗੀਆਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਧੋਖੇਬਾਜ਼ੀ ਪਛਾਣ ਸਕਦਾ ਹੈ ਅਤੇ ਬਾਹਰਲੇ ਰੂਪ ਨੂੰ ਹੀ ਨਹੀਂ ਦੇਖਦਾ, ਪਰ “ਮਨ ਦੀ ਗੁਪਤ ਇਨਸਾਨੀਅਤ” ਪਛਾਣਦਾ ਹੈ। (1 ਪਤਰਸ 3:4) ਯਿਸੂ ਦੀ ਉੱਤਮ ਮਿਸਾਲ ਉਨ੍ਹਾਂ ਲਈ ਇਕ ਨਮੂਨਾ ਹੈ ਜਿਨ੍ਹਾਂ ਨੂੰ ਮਸੀਹੀ ਕਲੀਸਿਯਾ ਵਿਚ ਨਿਆਉਂ ਕਰਨਾ ਪੈਂਦਾ ਹੈ।—1 ਕੁਰਿੰਥੀਆਂ 6:1-4.
ip-1 161 ਪੈਰੇ 11
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
11 ਜਦੋਂ ਯਿਸੂ ਦੇ ਚੇਲਿਆਂ ਨੂੰ ਤਾੜਨਾ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਅਜਿਹੇ ਤਰੀਕੇ ਨਾਲ ਤਾੜਦਾ ਹੈ ਜਿਸ ਤੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਇਹ ਮਸੀਹੀ ਬਜ਼ੁਰਗਾਂ ਲਈ ਇਕ ਵਧੀਆ ਮਿਸਾਲ ਹੈ। ਦੂਜੇ ਪਾਸੇ, ਜਿਹੜੇ ਬੁਰੇ ਕੰਮਾਂ ਵਿਚ ਲੱਗੇ ਰਹਿੰਦੇ ਹਨ ਉਹ ਸਖ਼ਤ ਸਜ਼ਾ ਦੀ ਉਮੀਦ ਰੱਖ ਸਕਦੇ ਹਨ। ਜਦੋਂ ਪਰਮੇਸ਼ੁਰ ਇਸ ਦੁਨੀਆਂ ਤੋਂ ਲੇਖਾ ਲਵੇਗਾ, ਤਾਂ ਮਸੀਹਾ ਆਪਣੀ ਰੋਹਬਦਾਰ ਆਵਾਜ਼ ਨਾਲ ‘ਧਰਤੀ ਨੂੰ ਮਾਰੇਗਾ,’ ਯਾਨੀ ਸਾਰੇ ਦੁਸ਼ਟ ਲੋਕਾਂ ਦੇ ਨਾਸ਼ ਦਾ ਹੁਕਮ ਦੇਵੇਗਾ। (ਜ਼ਬੂਰ 2:9. ਪਰਕਾਸ਼ ਦੀ ਪੋਥੀ 19:15 ਦੀ ਤੁਲਨਾ ਕਰੋ।) ਅੰਤ ਵਿਚ, ਮਨੁੱਖਜਾਤੀ ਦੀ ਸ਼ਾਂਤੀ ਵਿਗਾੜਨ ਲਈ ਕੋਈ ਦੁਸ਼ਟ ਲੋਕ ਨਹੀਂ ਰਹਿਣਗੇ। (ਜ਼ਬੂਰ 37:10, 11) ਯਿਸੂ ਕੋਲ ਇਹ ਕਰਨ ਦੀ ਸ਼ਕਤੀ ਹੈ ਕਿਉਂਕਿ ਉਸ ਦੀ ਕਮਰ ਅਤੇ ਉਸ ਦਾ ਲੱਕ ਧਰਮ ਅਤੇ ਵਫ਼ਾਦਾਰੀ ਨਾਲ ਬੰਨ੍ਹੇ ਹੋਏ ਹਨ।—ਜ਼ਬੂਰ 45:3-7.
ਹੀਰੇ-ਮੋਤੀ
ip-1 165-166 ਪੈਰੇ 16-18
ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ
16 ਅਦਨ ਦੇ ਬਾਗ਼ ਵਿਚ ਸ਼ੁੱਧ ਉਪਾਸਨਾ ਉੱਤੇ ਪਹਿਲੀ ਵਾਰ ਹਮਲਾ ਹੋਇਆ ਸੀ ਜਦੋਂ ਸ਼ਤਾਨ ਨੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਜਾਣ ਲਈ ਸਫ਼ਲਤਾ ਨਾਲ ਭਰਮਾਇਆ ਸੀ। ਸ਼ਤਾਨ ਨੇ ਅੱਜ ਤਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦਾ ਆਪਣਾ ਇਰਾਦਾ ਨਹੀਂ ਬਦਲਿਆ। ਪਰ ਯਹੋਵਾਹ ਧਰਤੀ ਤੋਂ ਸ਼ੁੱਧ ਉਪਾਸਨਾ ਨੂੰ ਕਦੀ ਵੀ ਖ਼ਤਮ ਨਹੀਂ ਹੋਣ ਦੇਵੇਗਾ। ਇਹ ਉਸ ਦੇ ਨਾਂ ਦਾ ਸਵਾਲ ਹੈ, ਅਤੇ ਉਹ ਉਸ ਦੀ ਸੇਵਾ ਕਰਨ ਵਾਲਿਆਂ ਦੀ ਪਰਵਾਹ ਕਰਦਾ ਹੈ। ਇਸ ਲਈ, ਯਸਾਯਾਹ ਰਾਹੀਂ ਉਹ ਇਕ ਕਮਾਲ ਦਾ ਵਾਅਦਾ ਕਰਦਾ ਹੈ ਕਿ “ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,—ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ।” (ਯਸਾਯਾਹ 11:10) ਦਾਊਦ ਨੇ ਯਰੂਸ਼ਲਮ ਨੂੰ ਦੇਸ਼ ਦੀ ਰਾਜਧਾਨੀ ਬਣਾਇਆ ਸੀ। ਸੰਨ 537 ਸਾ.ਯੁ.ਪੂ. ਵਿਚ, ਯਰੂਸ਼ਲਮ ਇਕ ਝੰਡੇ ਵਾਂਗ ਖਿੰਡੇ ਹੋਏ ਯਹੂਦੀਆਂ ਦੇ ਵਫ਼ਾਦਾਰ ਬਕੀਏ ਨੂੰ ਵਾਪਸ ਬੁਲਾ ਰਿਹਾ ਸੀ ਕਿ ਉਹ ਹੈਕਲ ਨੂੰ ਦੁਬਾਰਾ ਉਸਾਰਨ।
17 ਪਰ ਭਵਿੱਖਬਾਣੀ ਇਸ ਤੋਂ ਵੀ ਵੱਧ ਗੱਲ ਦਾ ਸੰਕੇਤ ਦਿੰਦੀ ਹੈ। ਜਿਵੇਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ, ਇਹ ਉਸ ਮਸੀਹਾ ਦੇ ਰਾਜ ਵੱਲ ਧਿਆਨ ਖਿੱਚ ਰਹੀ ਹੈ ਜੋ ਸਾਰੀਆਂ ਕੌਮਾਂ ਦੇ ਲੋਕਾਂ ਦਾ ਅਸਲੀ ਹਾਕਮ ਹੈ। ਪੌਲੁਸ ਰਸੂਲ ਨੇ ਯਸਾਯਾਹ 11:10 ਦਾ ਹਵਾਲਾ ਦੇ ਕੇ ਦਿਖਾਇਆ ਕਿ ਉਸ ਦੇ ਜ਼ਮਾਨੇ ਵਿਚ ਕੌਮਾਂ ਦੇ ਲੋਕਾਂ ਲਈ ਮਸੀਹੀ ਕਲੀਸਿਯਾ ਵਿਚ ਜਗ੍ਹਾ ਹੋਵੇਗੀ। ਬਾਈਬਲ ਦੇ ਸੈਪਟੁਜਿੰਟ ਤਰਜਮੇ ਤੋਂ ਇਸ ਆਇਤ ਦਾ ਹਵਾਲਾ ਦਿੰਦੇ ਹੋਏ, ਉਸ ਨੇ ਲਿਖਿਆ: “ਯਸਾਯਾਹ ਆਖਦਾ ਹੈ,—ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸਾ ਰੱਖਣਗੀਆਂ।” (ਰੋਮੀਆਂ 15:12) ਇਸ ਤੋਂ ਇਲਾਵਾ, ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਤਕ ਪਹੁੰਚਦੀ ਹੈ ਜਦੋਂ ਕੌਮਾਂ ਦੇ ਲੋਕ ਮਸੀਹਾ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਹਾਰਾ ਦੇ ਕੇ ਯਹੋਵਾਹ ਲਈ ਆਪਣਾ ਪ੍ਰੇਮ ਦਿਖਾਉਂਦੇ ਹਨ।—ਯਸਾਯਾਹ 61:5-9; ਮੱਤੀ 25:31-40.
18 ਅੱਜ ਦੇ ਜ਼ਮਾਨੇ ਦੀ ਪੂਰਤੀ ਵਿਚ, ‘ਉਹ ਦਿਨ’ ਜਿਸ ਬਾਰੇ ਯਸਾਯਾਹ ਨੇ ਗੱਲ ਕੀਤੀ ਸੀ 1914 ਵਿਚ ਸ਼ੁਰੂ ਹੋਇਆ ਜਦੋਂ ਮਸੀਹਾ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ। (ਲੂਕਾ 21:10; 2 ਤਿਮੋਥਿਉਸ 3:1-5; ਪਰਕਾਸ਼ ਦੀ ਪੋਥੀ 12:10) ਉਸ ਸਮੇਂ ਤੋਂ, ਯਿਸੂ ਮਸੀਹ ਰੂਹਾਨੀ ਇਸਰਾਏਲ ਲਈ ਅਤੇ ਧਰਮੀ ਹਕੂਮਤ ਚਾਹੁਣ ਵਾਲੇ ਲੋਕਾਂ ਲਈ ਇਕੱਠੇ ਹੋਣ ਦਾ ਝੰਡਾ ਜਾਂ ਇਕ ਸਾਫ਼ ਨਿਸ਼ਾਨ ਬਣਿਆ ਹੈ। ਮਸੀਹਾ ਦੇ ਨਿਰਦੇਸ਼ਨ ਅਧੀਨ, ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਤਕ ਪਹੁੰਚਾਈ ਗਈ ਹੈ, ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ। (ਮੱਤੀ 24:14; ਮਰਕੁਸ 13:10) ਲੋਕਾਂ ਉੱਤੇ ਇਸ ਖ਼ੁਸ਼ ਖ਼ਬਰੀ ਦਾ ਡੂੰਘਾ ਅਸਰ ਪੈਂਦਾ ਹੈ। “ਹਰੇਕ ਕੌਮ ਵਿੱਚੋਂ . . . ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਸ਼ੁੱਧ ਉਪਾਸਨਾ ਵਿਚ ਮਸਹ ਕੀਤੇ ਹੋਏ ਬਕੀਏ ਨਾਲ ਮਿਲ ਕੇ ਮਸੀਹਾ ਦੇ ਅਧੀਨ ਆ ਰਹੀ ਹੈ। (ਪਰਕਾਸ਼ ਦੀ ਪੋਥੀ 7:9) ਜਿਉਂ-ਜਿਉਂ ਕਈ ਨਵੇਂ ਵਿਅਕਤੀ ਯਹੋਵਾਹ ਦੇ ‘ਪ੍ਰਾਰਥਨਾ ਦੇ ਰੂਹਾਨੀ ਘਰ’ ਵਿਚ ਬਕੀਏ ਨਾਲ ਮਿਲ ਰਹੇ ਹਨ, ਉਹ ਮਸੀਹਾ ਦੇ “ਅਰਾਮ ਅਸਥਾਨ,” ਯਾਨੀ ਪਰਮੇਸ਼ੁਰ ਦੀ ਵੱਡੀ ਰੂਹਾਨੀ ਹੈਕਲ ਨੂੰ ਹੋਰ ਪਰਤਾਪਵਾਨ ਬਣਾਉਂਦੇ ਹਨ।—ਯਸਾਯਾਹ 56:7; ਹੱਜਈ 2:7.
29 ਦਸੰਬਰ–4 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 14-16
ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੂੰ ਸਜ਼ਾ ਮਿਲ ਕੇ ਹੀ ਰਹੇਗੀ
ip-1 180 ਪੈਰਾ 16
ਯਹੋਵਾਹ ਨੇ ਬਾਬਲ ਦਾ ਘਮੰਡ ਤੋੜਿਆ
16 ਇਹ ਪੂਰੀ ਬਰਬਾਦੀ ਇਕਦਮ 539 ਸਾ.ਯੁ.ਪੂ. ਵਿਚ ਨਹੀਂ ਹੋਈ ਸੀ। ਫਿਰ ਵੀ, ਅੱਜ ਇਹ ਸਪੱਸ਼ਟ ਹੈ ਕਿ ਯਸਾਯਾਹ ਨੇ ਬਾਬਲ ਬਾਰੇ ਜੋ ਵੀ ਭਵਿੱਖਬਾਣੀ ਕੀਤੀ ਸੀ ਉਹ ਪੂਰੀ ਹੋ ਕੇ ਰਹੀ। ਬਾਈਬਲ ਦੇ ਇਕ ਟੀਕਾਕਾਰ ਨੇ ਕਿਹਾ ਕਿ ਬਾਬਲ “ਸਦੀਆਂ ਤੋਂ ਉਜੜਿਆ ਹੋਇਆ ਖੰਡਰ ਰਿਹਾ ਹੈ ਅਤੇ ਹੁਣ ਵੀ ਇਵੇਂ ਹੀ ਹੈ।” ਫਿਰ ਉਸ ਨੇ ਅੱਗੇ ਕਿਹਾ: “ਜਦੋਂ ਅਸੀਂ ਇਹ ਦ੍ਰਿਸ਼ ਦੇਖਦੇ ਹਾਂ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਸਾਯਾਹ ਅਤੇ ਯਿਰਮਿਯਾਹ ਦੀਆਂ ਭਵਿੱਖਬਾਣੀਆਂ ਐਨ ਸਹੀ ਤਰ੍ਹਾਂ ਪੂਰੀਆਂ ਹੋਈਆਂ ਹਨ।” ਇਹ ਸਪੱਸ਼ਟ ਹੈ ਕਿ ਯਸਾਯਾਹ ਦੇ ਜ਼ਮਾਨੇ ਵਿਚ ਕੋਈ ਵੀ ਮਨੁੱਖ ਬਾਬਲ ਦੇ ਡਿੱਗਣ ਅਤੇ ਉਸ ਦੀ ਆਖ਼ਰੀ ਵਿਰਾਨੀ ਬਾਰੇ ਨਹੀਂ ਦੱਸ ਸਕਦਾ ਸੀ। ਦਰਅਸਲ, ਬਾਬਲ ਦਾ ਮਾਦੀਆਂ ਅਤੇ ਫ਼ਾਰਸੀਆਂ ਦੇ ਹੱਥੀਂ ਪੈਣਾ ਯਸਾਯਾਹ ਦੀ ਪੁਸਤਕ ਲਿਖਣ ਤੋਂ ਕੁਝ 200 ਸਾਲ ਬਾਅਦ ਹੋਇਆ ਸੀ! ਅਤੇ ਬਾਬਲ ਦੀ ਆਖ਼ਰੀ ਵਿਰਾਨੀ ਸਦੀਆਂ ਬਾਅਦ ਹੋਈ ਸੀ। ਕੀ ਇਹ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਜੋਂ ਬਾਈਬਲ ਵਿਚ ਸਾਡੀ ਨਿਹਚਾ ਨੂੰ ਮਜ਼ਬੂਤ ਨਹੀਂ ਕਰਦਾ? (2 ਤਿਮੋਥਿਉਸ 3:16) ਇਸ ਤੋਂ ਇਲਾਵਾ, ਕਿਉਂਕਿ ਯਹੋਵਾਹ ਨੇ ਪਿਛਲਿਆਂ ਸਮਿਆਂ ਵਿਚ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਸਮੇਂ ਸਿਰ ਬਾਈਬਲ ਦੀਆਂ ਬਾਕੀ ਭਵਿੱਖਬਾਣੀਆਂ ਵੀ ਪੂਰੀਆਂ ਹੋਣਗੀਆਂ।
ip-1 184 ਪੈਰਾ 24
ਕੌਮਾਂ ਦੇ ਵਿਰੁੱਧ ਯਹੋਵਾਹ ਦਾ ਮਤਾ
24 ਬਾਈਬਲ ਵਿਚ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜਿਆਂ ਦੀ ਤੁਲਨਾ ਤਾਰਿਆਂ ਨਾਲ ਕੀਤੀ ਗਈ ਹੈ। (ਗਿਣਤੀ 24:17) ਦਾਊਦ ਤੋਂ ਲੈ ਕੇ ਉਨ੍ਹਾਂ “ਤਾਰਿਆਂ” ਨੇ ਸੀਯੋਨ ਪਰਬਤ ਉੱਤੋਂ ਰਾਜ ਕੀਤਾ ਸੀ। ਸੁਲੇਮਾਨ ਦੇ ਯਰੂਸ਼ਲਮ ਵਿਚ ਹੈਕਲ ਬਣਾਉਣ ਤੋਂ ਬਾਅਦ, ਪੂਰੇ ਸ਼ਹਿਰ ਨੂੰ ਸੀਯੋਨ ਸੱਦਿਆ ਗਿਆ ਸੀ। ਬਿਵਸਥਾ ਦੇ ਨੇਮ ਅਧੀਨ ਸਾਰੇ ਇਸਰਾਏਲੀ ਆਦਮੀਆਂ ਨੂੰ ਸਾਲ ਵਿਚ ਤਿੰਨ ਵਾਰ ਯਰੂਸ਼ਲਮ ਨੂੰ ਜਾਣਾ ਪੈਂਦਾ ਸੀ। ਇਸ ਤਰ੍ਹਾਂ, ਇਹ ‘ਮੰਡਲੀ ਦਾ ਪਰਬਤ’ ਬਣਿਆ। ਨਬੂਕਦਨੱਸਰ ਨੇ ਠਾਣਿਆ ਕਿ ਉਹ ਯਹੂਦਿਯਾ ਦੇ ਰਾਜਿਆਂ ਉੱਤੇ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਉਸ ਪਰਬਤ ਤੋਂ ਹਟਾ ਦੇਵੇਗਾ। ਉਹ ਆਪਣੇ ਆਪ ਨੂੰ ਉਨ੍ਹਾਂ “ਤਾਰਿਆਂ” ਤੋਂ ਉੱਚਾ ਕਰਨਾ ਚਾਹੁੰਦਾ ਸੀ। ਉਸ ਨੇ ਆਪਣੀ ਜਿੱਤ ਲਈ ਯਹੋਵਾਹ ਨੂੰ ਵਡਿਆਈ ਨਹੀਂ ਦਿੱਤੀ। ਸਗੋਂ, ਉਸ ਨੇ ਘਮੰਡ ਨਾਲ ਆਪਣੇ ਆਪ ਨੂੰ ਯਹੋਵਾਹ ਦੇ ਬਰਾਬਰ ਕੀਤਾ।
ip-1 189 ਪੈਰਾ 1
ਕੌਮਾਂ ਦੇ ਵਿਰੁੱਧ ਯਹੋਵਾਹ ਦਾ ਮਤਾ
ਯਹੋਵਾਹ ਆਪਣੇ ਲੋਕਾਂ ਨੂੰ ਬੁਰਿਆਈ ਦੀ ਸਜ਼ਾ ਦੇਣ ਲਈ ਕੌਮਾਂ ਨੂੰ ਇਸਤੇਮਾਲ ਕਰ ਸਕਦਾ ਹੈ। ਤਾਂ ਵੀ ਉਹ ਕੌਮਾਂ ਦੀ ਕਰੂਰਤਾ, ਹੰਕਾਰ, ਅਤੇ ਵੈਰ ਮਾਫ਼ ਨਹੀਂ ਕਰਦਾ ਜੋ ਉਹ ਸੱਚੀ ਉਪਾਸਨਾ ਪ੍ਰਤੀ ਰੱਖਦੀਆਂ ਹਨ। ਇਸ ਲਈ, ਬਹੁਤ ਚਿਰ ਪਹਿਲਾਂ ਉਸ ਨੇ ਯਸਾਯਾਹ ਨੂੰ “ਬਾਬਲ ਦਾ ਅਗੰਮ ਵਾਕ” ਲਿਖਣ ਲਈ ਪ੍ਰੇਰਿਤ ਕੀਤਾ ਸੀ। (ਯਸਾਯਾਹ 13:1) ਪਰ, ਬਾਬਲ ਦਾ ਖ਼ਤਰਾ ਤਾਂ ਭਵਿੱਖ ਵਿਚ ਹੋਣਾ ਸੀ। ਯਸਾਯਾਹ ਦੇ ਜ਼ਮਾਨੇ ਵਿਚ, ਅੱਸ਼ੂਰ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਉੱਤੇ ਜ਼ੁਲਮ ਕਰ ਰਿਹਾ ਸੀ। ਅੱਸ਼ੂਰ ਨੇ ਉੱਤਰੀ ਰਾਜ ਇਸਰਾਏਲ ਦਾ ਨਾਸ਼ ਕੀਤਾ ਸੀ ਅਤੇ ਯਹੂਦਾਹ ਦਾ ਵੱਡਾ ਹਿੱਸਾ ਤਬਾਹ ਕੀਤਾ ਸੀ। ਪਰ ਅੱਸ਼ੂਰ ਦੀ ਕਾਮਯਾਬੀ ਦੀ ਹੱਦ ਸੀ। ਯਸਾਯਾਹ ਨੇ ਲਿਖਿਆ: “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ . . . ਭਈ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਫੰਡ ਸੁੱਟਾਂਗਾ, ਅਤੇ ਆਪਣੇ ਪਹਾੜ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਓਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਓਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ।” (ਯਸਾਯਾਹ 14:24, 25) ਯਸਾਯਾਹ ਦੇ ਇਸ ਭਵਿੱਖਬਾਣੀ ਕਰਨ ਤੋਂ ਥੋੜ੍ਹੀ ਦੇਰ ਬਾਅਦ, ਯਹੂਦਾਹ ਤੋਂ ਅੱਸ਼ੂਰ ਦਾ ਖ਼ਤਰਾ ਦੂਰ ਕੀਤਾ ਗਿਆ ਸੀ।—2 ਰਾਜਿਆਂ 19:35-37.
ip-1 194 ਪੈਰਾ 12
ਕੌਮਾਂ ਦੇ ਵਿਰੁੱਧ ਯਹੋਵਾਹ ਦਾ ਮਤਾ
12 ਇਹ ਭਵਿੱਖਬਾਣੀ ਕਦੋਂ ਪੂਰੀ ਹੋਈ? ਥੋੜ੍ਹੀ ਹੀ ਦੇਰ ਵਿਚ। “ਏਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ। ਪਰ ਹੁਣ ਯਹੋਵਾਹ ਐਉਂ ਬੋਲਦਾ ਹੈ ਕਿ ਤਿੰਨਾਂ ਵਰਿਹਾਂ ਦੇ ਵਿੱਚ ਮਜਦੂਰ ਦਿਆਂ ਵਰਿਹਾਂ ਵਾਂਙੁ ਮੋਆਬ ਦਾ ਪਰਤਾਪ ਉਹ ਦੀ ਸਾਰੀ ਵੱਡੀ ਭੀੜ ਸਣੇ ਤੁੱਛ ਕੀਤਾ ਜਾਵੇਗਾ ਅਤੇ ਬਕੀਆ ਬਹੁਤ ਥੋੜਾ ਅਤੇ ਨਿਕੰਮਾ ਹੋਵੇਗਾ।” (ਯਸਾਯਾਹ 16:13, 14) ਇਸ ਦੇ ਅਨੁਸਾਰ, ਪੁਰਾਣੀਆਂ ਲੱਭਤਾਂ ਤੋਂ ਸਬੂਤ ਮਿਲਦਾ ਹੈ ਕਿ ਅੱਠਵੀਂ ਸਦੀ ਸਾ.ਯੁ.ਪੂ. ਵਿਚ ਮੋਆਬ ਨੇ ਬਹੁਤ ਕਸ਼ਟ ਝੱਲੇ ਅਤੇ ਉਸ ਦੇ ਕਈ ਸਥਾਨ ਵਿਰਾਨ ਕੀਤੇ ਗਏ। ਤਿਗਲਥ ਪਿਲਸਰ ਤੀਜੇ ਨੂੰ ਕਈਆਂ ਹਾਕਮਾਂ ਨੇ ਕਰ ਭਰਿਆ ਸੀ ਜਿਨ੍ਹਾਂ ਵਿਚ ਮੋਆਬ ਦੇ ਸਲਮਾਨੂ ਦਾ ਨਾਂ ਵੀ ਲਿਆ ਗਿਆ ਸੀ। ਸਨਹੇਰੀਬ ਨੂੰ ਮੋਆਬ ਦੇ ਰਾਜੇ, ਕਮੂਸੁਨਾਦਬੀ ਤੋਂ ਕਰ ਮਿਲਿਆ ਸੀ। ਅੱਸ਼ੂਰ ਦੇ ਸ਼ਹਿਨਸ਼ਾਹਾਂ ਏਸਰ-ਹੱਦੋਨ ਅਤੇ ਐਸ਼ਰਬਾਨਿਪਾਲ ਨੇ ਮੋਆਬੀ ਰਾਜੇ ਮਸੂਰੀ ਅਤੇ ਕਮਾਸ਼ਲਟੁ ਨੂੰ ਆਪਣੇ ਸੇਵਕ ਕਿਹਾ। ਅੱਜ ਤੋਂ ਕਈ ਸਦੀਆਂ ਪਹਿਲਾਂ, ਮੋਆਬੀ ਇਕ ਕੌਮ ਵਜੋਂ ਖ਼ਤਮ ਹੋ ਗਏ ਸਨ। ਉਨ੍ਹਾਂ ਸ਼ਹਿਰਾਂ ਦੇ ਖੰਡਰਾਤ ਲੱਭੇ ਗਏ ਹਨ ਜਿਨ੍ਹਾਂ ਨੂੰ ਮੋਆਬੀ ਸ਼ਹਿਰ ਸਮਝਿਆ ਜਾਂਦਾ ਹੈ, ਪਰ ਹੁਣ ਤਕ ਇਸਰਾਏਲ ਦੇ ਇਸ ਸ਼ਕਤੀਸ਼ਾਲੀ ਦੁਸ਼ਮਣ ਦੀ ਹੋਂਦ ਦਾ ਬਹੁਤ ਘੱਟ ਸਬੂਤ ਲੱਭਿਆ ਗਿਆ ਹੈ।
ਹੀਰੇ-ਮੋਤੀ
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
14:1, 2—ਯਹੋਵਾਹ ਦੇ ਲੋਕਾਂ ਨੇ ਕਿਵੇਂ ‘ਉਨ੍ਹਾਂ ਨੂੰ ਕੈਦੀ ਬਣਾਇਆ ਜਿਨ੍ਹਾਂ ਦੇ ਓਹ ਕੈਦੀ ਸਨ’ ਅਤੇ ਕਿਵੇਂ ਉਨ੍ਹਾਂ ਨੇ “ਆਪਣੇ ਦੁਖ ਦੇਣ ਵਾਲਿਆਂ ਉੱਤੇ ਰਾਜ” ਕੀਤਾ? ਇਹ ਗੱਲ ਯਹੋਵਾਹ ਦੇ ਭਗਤ ਦਾਨੀਏਲ ਬਾਰੇ ਸੱਚ ਸਾਬਤ ਹੋਈ, ਜਿਸ ਨੇ ਮਾਦੀ-ਫ਼ਾਰਸੀ ਰਾਜ ਅਧੀਨ ਬਾਬਲ ਵਿਚ ਮੰਤਰੀ ਵਜੋਂ ਕੰਮ ਕੀਤਾ ਅਤੇ ਅਸਤਰ ਬਾਰੇ ਵੀ ਜੋ ਫ਼ਾਰਸੀਆਂ ਦੀ ਰਾਣੀ ਬਣੀ ਅਤੇ ਮਾਰਦਕਈ ਜੋ ਫ਼ਾਰਸੀਆਂ ਦਾ ਪ੍ਰਧਾਨ ਮੰਤਰੀ ਬਣਿਆ।