ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w24 ਮਈ ਸਫ਼ੇ 26-31
  • ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਿਵੇਂ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਿਵੇਂ ਕਰੀਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਡੇਟਿੰਗ ਕਰਨ ਦਾ ਮਕਸਦ
  • ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣੋ
  • ਧਿਆਨ ਰੱਖਣ ਲਈ ਕੁਝ ਹੋਰ ਗੱਲਾਂ
  • ਦੂਜੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?
  • ਚੰਗਾ ਜੀਵਨ ਸਾਥੀ ਕਿਵੇਂ ਲੱਭੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਇਕ ਸਫ਼ਲ ਵਿਆਹ ਲਈ ਤਿਆਰੀ ਕਰਨੀ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w24 ਮਈ ਸਫ਼ੇ 26-31

ਅਧਿਐਨ ਲੇਖ 22

ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ

ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਿਵੇਂ ਕਰੀਏ?

‘ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਨ ਵਾਲਾ ਇਨਸਾਨ ਅਨਮੋਲ ਹੁੰਦਾ ਹੈ।’​—1 ਪਤ. 3:4.

ਕੀ ਸਿੱਖਾਂਗੇ?

ਡੇਟਿੰਗ ਕਰਦਿਆਂ ਕੁੜੀ ਤੇ ਮੁੰਡਾ ਕਿਵੇਂ ਆਪਣੇ ਲਈ ਸਹੀ ਫ਼ੈਸਲਾ ਕਰ ਸਕਦੇ ਹਨ? ਨਾਲੇ ਮੰਡਲੀ ਦੇ ਭੈਣ-ਭਰਾ ਇਸ ਵਿਚ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

1-2. ਡੇਟਿੰਗ ਬਾਰੇ ਕੁਝ ਭੈਣਾਂ-ਭਰਾਵਾਂ ਨੇ ਕੀ ਕਿਹਾ?

ਜਦੋਂ ਇਕ ਕੁੜੀ ਤੇ ਮੁੰਡਾ ਡੇਟਿੰਗ ਕਰਦੇ ਹਨ, ਤਾਂ ਇਹ ਉਨ੍ਹਾਂ ਲਈ ਬਹੁਤ ਹੀ ਖ਼ੁਸ਼ੀਆਂ ਭਰਿਆ ਸਮਾਂ ਹੁੰਦਾ ਹੈ। ਜੇ ਤੁਸੀਂ ਵੀ ਡੇਟਿੰਗ ਕਰ ਰਹੇ ਹੋ, ਤਾਂ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਣੇ ਅਤੇ ਚਾਹੁੰਦੇ ਹੋਣੇ ਕਿ ਡੇਟਿੰਗ ਦਾ ਇਹ ਸਫ਼ਰ ਮਜ਼ੇਦਾਰ ਰਹੇ। ਜ਼ਰਾ ਧਿਆਨ ਦਿਓ ਕਿ ਇਥੋਪੀਆ ਵਿਚ ਰਹਿਣ ਵਾਲੀ ਸਾਡੀ ਭੈਣ ਸੀਆਨa ਕੀ ਦੱਸਦੀ ਹੈ: “ਜਦੋਂ ਮੈਂ ਤੇ ਮੇਰੇ ਪਤੀ ਡੇਟਿੰਗ ਕਰ ਰਹੇ ਸੀ, ਤਾਂ ਮੈਂ ਇੰਨੀ ਖ਼ੁਸ਼ ਸੀ ਕਿ ਮੈਂ ਇਸ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ। ਅਸੀਂ ਕਈ ਜ਼ਰੂਰੀ ਮਾਮਲਿਆਂ ਬਾਰੇ ਗੱਲ ਕੀਤੀ ਅਤੇ ਮਿਲ ਕੇ ਹਾਸਾ-ਮਜ਼ਾਕ ਵੀ ਕੀਤਾ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਮੇਰਾ ਹਮਸਫ਼ਰ ਮਿਲ ਗਿਆ ਹੈ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।”

2 ਪਰ ਡੇਟਿੰਗ ਬਾਰੇ ਨੀਦਰਲੈਂਡਜ਼ ਦੇ ਭਰਾ ਅਲੈਸਿਓ ਦਾ ਅਲੱਗ ਤਜਰਬਾ ਰਿਹਾ। ਉਹ ਦੱਸਦਾ ਹੈ: “ਜਦੋਂ ਮੈਂ ਆਪਣੀ ਪਤਨੀ ਨਾਲ ਡੇਟਿੰਗ ਕਰ ਰਿਹਾ ਸੀ, ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਮੈਂ ਬਹੁਤ ਖ਼ੁਸ਼ ਸੀ। ਪਰ ਅਸੀਂ ਕੁਝ ਮੁਸ਼ਕਲਾਂ ਦਾ ਵੀ ਸਾਮ੍ਹਣਾ ਕੀਤਾ।” ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਡੇਟਿੰਗ ਕਰਦਿਆਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਸਹੀ ਫ਼ੈਸਲਾ ਕਰਨ ਲਈ ਇਕ ਕੁੜੀ ਤੇ ਮੁੰਡਾ ਬਾਈਬਲ ਦੇ ਕਿਨ੍ਹਾਂ ਅਸੂਲਾਂ ਨੂੰ ਧਿਆਨ ਵਿਚ ਰੱਖ ਸਕਦੇ ਹਨ। ਅਸੀਂ ਇਹ ਵੀ ਜਾਣਾਂਗੇ ਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ।

ਡੇਟਿੰਗ ਕਰਨ ਦਾ ਮਕਸਦ

3. ਡੇਟਿੰਗ ਕਰਨ ਦਾ ਕੀ ਮਕਸਦ ਹੈ? (ਕਹਾਉਤਾਂ 20:25)

3 ਡੇਟਿੰਗ ਦਾ ਸਫ਼ਰ ਮਜ਼ੇਦਾਰ ਤਾਂ ਹੁੰਦਾ ਹੈ, ਪਰ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਕਿਉਂ? ਕਿਉਂਕਿ ਡੇਟਿੰਗ ਕਰਕੇ ਇਕ ਕੁੜੀ ਤੇ ਮੁੰਡਾ ਫ਼ੈਸਲਾ ਕਰਦੇ ਹਨ ਕਿ ਉਹ ਵਿਆਹ ਕਰਨਗੇ ਜਾਂ ਨਹੀਂ। ਨਾਲੇ ਜੇ ਉਹ ਵਿਆਹ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਯਹੋਵਾਹ ਸਾਮ੍ਹਣੇ ਜ਼ਿੰਦਗੀ ਭਰ ਸਾਥ ਨਿਭਾਉਣ ਦੀ ਸਹੁੰ ਖਾਣਗੇ ਅਤੇ ਵਾਅਦਾ ਕਰਨਗੇ ਕਿ ਉਹ ਹਮੇਸ਼ਾ ਇਕ-ਦੂਜੇ ਨੂੰ ਪਿਆਰ ਕਰਨਗੇ ਤੇ ਇਕ-ਦੂਜੇ ਦਾ ਆਦਰ ਕਰਨਗੇ। ਯਹੋਵਾਹ ਅੱਗੇ ਇਹ ਸਹੁੰ ਖਾਣੀ ਇਕ ਗੰਭੀਰ ਗੱਲ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਹੁੰ ਖਾਣ ਤੋਂ ਪਹਿਲਾਂ ਸਾਨੂੰ ਉਸ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਕਹਾਉਤਾਂ 20:25 ਪੜ੍ਹੋ।) ਡੇਟਿੰਗ ਕਰਦਿਆਂ ਕੁੜੀ ਤੇ ਮੁੰਡੇ ਨੂੰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ। ਨਾਲੇ ਫਿਰ ਉਹ ਸੋਚ-ਸਮਝ ਕੇ ਸਹੀ ਫ਼ੈਸਲਾ ਕਰ ਸਕਦੇ ਹਨ। ਕੁਝ ਕੁੜੀਆਂ ਤੇ ਮੁੰਡੇ ਸ਼ਾਇਦ ਵਿਆਹ ਕਰਨ ਦਾ ਫ਼ੈਸਲਾ ਕਰਨ। ਦੂਜੇ ਪਾਸੇ, ਕੁਝ ਸ਼ਾਇਦ ਡੇਟਿੰਗ ਕਰਨੀ ਬੰਦ ਕਰ ਦੇਣ। ਨਾਲੇ ਇੱਦਾਂ ਕਰਨਾ ਗ਼ਲਤ ਨਹੀਂ ਹੈ। ਕਿਉਂ? ਕਿਉਂਕਿ ਡੇਟਿੰਗ ਦਾ ਮਕਸਦ ਪੂਰਾ ਹੋ ਗਿਆ ਯਾਨੀ ਉਨ੍ਹਾਂ ਨੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਅਤੇ ਫ਼ੈਸਲਾ ਕਰ ਲਿਆ ਕਿ ਉਹ ਇਕ-ਦੂਜੇ ਲਈ ਚੰਗੇ ਸਾਥੀ ਸਾਬਤ ਹੋਣਗੇ ਜਾਂ ਨਹੀਂ।

4. ਡੇਟਿੰਗ ਬਾਰੇ ਸਹੀ ਸੋਚ ਰੱਖਣੀ ਕਿਉਂ ਜ਼ਰੂਰੀ ਹੈ?

4 ਡੇਟਿੰਗ ਬਾਰੇ ਸਹੀ ਸੋਚ ਰੱਖਣੀ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਕੋਈ ਕੁੜੀ ਤੇ ਮੁੰਡਾ ਡੇਟਿੰਗ ਬਾਰੇ ਸਹੀ ਸੋਚ ਰੱਖਦੇ ਹਨ, ਤਾਂ ਉਹ ਕਿਸੇ ਵੀ ਅਜਿਹੇ ਵਿਅਕਤੀ ਨਾਲ ਡੇਟਿੰਗ ਨਹੀਂ ਕਰਨਗੇ ਜਿਸ ਨਾਲ ਵਿਆਹ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਇਸ ਬਾਰੇ ਸਿਰਫ਼ ਕੁਆਰੇ ਭੈਣਾਂ-ਭਰਾਵਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਹੈ। ਉਦਾਹਰਣ ਲਈ, ਕੁਝ ਭੈਣ-ਭਰਾ ਸੋਚਦੇ ਹਨ ਕਿ ਜੇ ਕੋਈ ਕੁੜੀ ਅਤੇ ਮੁੰਡਾ ਡੇਟਿੰਗ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਵਿਆਹ ਕਰਨਾ ਹੀ ਪੈਣਾ ਅਤੇ ਉਹ ਹੁਣ ਪਿੱਛੇ ਨਹੀਂ ਹਟ ਸਕਦੇ। ਅਜਿਹੀ ਸੋਚ ਦਾ ਕੁਆਰੇ ਭੈਣਾਂ-ਭਰਾਵਾਂ ʼਤੇ ਕੀ ਅਸਰ ਪੈ ਸਕਦਾ ਹੈ? ਅਮਰੀਕਾ ਤੋਂ ਇਕ ਕੁਆਰੀ ਭੈਣ ਮੈਲਿਸਾ ਦੱਸਦੀ ਹੈ: “ਕੁਝ ਭੈਣ-ਭਰਾ ਸੋਚਦੇ ਹਨ ਕਿ ਡੇਟਿੰਗ ਕਰਨ ਵਾਲਿਆਂ ਨੂੰ ਵਿਆਹ ਕਰਨਾ ਹੀ ਚਾਹੀਦਾ ਹੈ। ਇਸ ਕਰਕੇ ਕਈ ਵਾਰ ਦੂਜਿਆਂ ਦੇ ਡਰੋਂ ਕਈ ਜਣੇ ਡੇਟਿੰਗ ਕਰਨੀ ਬੰਦ ਨਹੀਂ ਕਰਦੇ। ਨਾਲੇ ਕੁਝ ਭੈਣ-ਭਰਾ ਤਾਂ ਕਿਸੇ ਨਾਲ ਵੀ ਡੇਟਿੰਗ ਨਹੀਂ ਕਰਨੀ ਚਾਹੁੰਦੇ। ਮੈਂ ਦੱਸ ਨਹੀਂ ਸਕਦੀ ਕਿ ਇਹ ਸਭ ਸੋਚ ਕੇ ਕੁੜੀਆਂ ਤੇ ਮੁੰਡਿਆਂ ਨੂੰ ਕਿੰਨੀ ਟੈਂਸ਼ਨ ਹੁੰਦੀ ਹੈ।”

ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣੋ

5-6. ਡੇਟਿੰਗ ਕਰਨ ਵਾਲਿਆਂ ਨੂੰ ਇਕ-ਦੂਜੇ ਬਾਰੇ ਕੀ-ਕੀ ਜਾਣਨਾ ਚਾਹੀਦਾ ਹੈ? (1 ਪਤਰਸ 3:4)

5 ਜੇ ਤੁਸੀਂ ਕਿਸੇ ਨਾਲ ਡੇਟਿੰਗ ਕਰ ਰਹੇ ਹੋ, ਤਾਂ ਤੁਸੀਂ ਇਹ ਫ਼ੈਸਲਾ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਉਸ ਨਾਲ ਵਿਆਹ ਕਰੋਗੇ ਜਾਂ ਨਹੀਂ? ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਕੇ। ਡੇਟਿੰਗ ਕਰਨ ਤੋਂ ਪਹਿਲਾਂ ਵੀ ਤੁਸੀਂ ਉਸ ਬਾਰੇ ਕੁਝ ਗੱਲਾਂ ਜਾਣੀਆਂ ਹੋਣਗੀਆਂ। ਪਰ ਹੁਣ ਤੁਹਾਡੇ ਕੋਲ ਇਹ ਮੌਕਾ ਹੈ ਕਿ ਤੁਸੀਂ ਜਾਣੋ ਕਿ ਉਹ “ਅੰਦਰੋਂ” ਕਿਹੋ ਜਿਹਾ ਇਨਸਾਨ ਹੈ। ਉਦਾਹਰਣ ਲਈ, ਉਸ ਦਾ ਯਹੋਵਾਹ ਨਾਲ ਰਿਸ਼ਤਾ, ਸੁਭਾਅ ਅਤੇ ਸੋਚ ਕਿੱਦਾਂ ਦੀ ਹੈ। (1 ਪਤਰਸ 3:4 ਪੜ੍ਹੋ।) ਫਿਰ ਕੁਝ ਸਮੇਂ ਬਾਅਦ ਤੁਹਾਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲ ਜਾਣਗੇ: ‘ਕੀ ਉਹ ਮੇਰੇ ਲਈ ਚੰਗਾ ਜੀਵਨ ਸਾਥੀ ਸਾਬਤ ਹੋਵੇਗਾ ਜਾਂ ਨਹੀਂ?’ (ਕਹਾ. 31:26, 27, 30; ਅਫ਼. 5:33; 1 ਤਿਮੋ. 5:8) ‘ਕੀ ਅਸੀਂ ਇਕ-ਦੂਜੇ ਦੀਆਂ ਭਾਵਨਾਵਾਂ ਸਮਝ ਸਕਾਂਗੇ ਅਤੇ ਇਕ-ਦੂਜੇ ਦਾ ਖ਼ਿਆਲ ਰੱਖ ਸਕਾਂਗੇ? ਕੀ ਅਸੀਂ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਨਾਲ ਜੀ ਸਕਾਂਗੇ?’b (ਰੋਮੀ. 3:23) ਤੁਸੀਂ ਇਹ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਦੋਵੇਂ ਆਪਣਾ ਵਿਆਹੁਤਾ ਰਿਸ਼ਤਾ ਨਿਭਾ ਸਕੋਗੇ ਜਾਂ ਨਹੀਂ? ਸਿਰਫ਼ ਇਹੀ ਨਾ ਦੇਖੋ ਕਿ ਤੁਸੀਂ ਕਿਸ ਹੱਦ ਤਕ ਇਕ-ਦੂਜੇ ਵਰਗੇ ਹੋ, ਸਗੋਂ ਇਹ ਦੇਖੋ ਕਿ ਤੁਸੀਂ ਕਿਸ ਹੱਦ ਤਕ ਇਕ-ਦੂਜੇ ਦੀ ਪਸੰਦ-ਨਾਪਸੰਦ ਅਪਣਾਉਣ ਲਈ ਤਿਆਰ ਹੋ।

6 ਡੇਟਿੰਗ ਕਰਦਿਆਂ ਤੁਹਾਨੂੰ ਹੋਰ ਕਿਹੜੀਆਂ ਗੱਲਾਂ ਜਾਣਨ ਦੀ ਲੋੜ ਹੈ? ਇਸ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਆਪਣਾ ਦਿਲ ਦੇ ਬੈਠੋ, ਚੰਗਾ ਹੋਵੇਗਾ ਕਿ ਤੁਸੀਂ ਕੁਝ ਜ਼ਰੂਰੀ ਮਾਮਲਿਆਂ ਬਾਰੇ ਗੱਲ ਕਰ ਲਓ। ਜਿਵੇਂ, ਉਸ ਦੇ ਟੀਚੇ ਕੀ ਹਨ? ਤੁਸੀਂ ਸ਼ਾਇਦ ਕੁਝ ਨਿੱਜੀ ਮਾਮਲਿਆਂ ਬਾਰੇ ਵੀ ਜਾਣਨਾ ਚਾਹੋ। ਜਿਵੇਂ, ਕੀ ਉਸ ਨੂੰ ਕੋਈ ਸਿਹਤ ਸਮੱਸਿਆ ਜਾਂ ਪੈਸੇ ਦੀ ਤੰਗੀ ਤਾਂ ਨਹੀਂ ਹੈ? ਕੀ ਉਸ ਨੂੰ ਕੁਝ ਬੁਰੀਆਂ ਯਾਦਾਂ ਤਾਂ ਨਹੀਂ ਸਤਾਉਂਦੀਆਂ? ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨ, ਪਰ ਇਹ ਨਾ ਸੋਚੋ ਕਿ ਤੁਹਾਨੂੰ ਡੇਟਿੰਗ ਦੀ ਸ਼ੁਰੂਆਤ ਵਿਚ ਹੀ ਇਨ੍ਹਾਂ ਬਾਰੇ ਗੱਲ ਕਰਨੀ ਚਾਹੀਦੀ ਹੈ। (ਯੂਹੰਨਾ 16:12 ਵਿਚ ਨੁਕਤਾ ਦੇਖੋ।) ਜੇ ਸਾਮ੍ਹਣੇ ਵਾਲਾ ਤੁਹਾਡੇ ਤੋਂ ਕੁਝ ਅਜਿਹੇ ਸਵਾਲ ਪੁੱਛਦਾ ਹੈ ਜਿਨ੍ਹਾਂ ਦੇ ਜਵਾਬ ਤੁਸੀਂ ਹਾਲੇ ਨਹੀਂ ਦੇਣੇ ਚਾਹੁੰਦੇ, ਤਾਂ ਉਸ ਨੂੰ ਦੱਸੋ ਕਿ ਇਸ ਬਾਰੇ ਤੁਸੀਂ ਬਾਅਦ ਵਿਚ ਗੱਲ ਕਰੋਗੇ। ਪਰ ਹਾਂ, ਬਾਅਦ ਵਿਚ ਉਸ ਬਾਰੇ ਜ਼ਰੂਰ ਤੇ ਖੁੱਲ੍ਹ ਕੇ ਗੱਲ ਕਰੋ ਕਿਉਂਕਿ ਵਿਆਹ ਤੋਂ ਪਹਿਲਾਂ ਉਸ ਲਈ ਇਹ ਜਾਣਨਾ ਜ਼ਰੂਰੀ ਹੈ।

7. ਡੇਟਿੰਗ ਕਰਨ ਵਾਲੇ ਇਕ-ਦੂਜੇ ਨੂੰ ਕਿਵੇਂ ਜਾਣ ਸਕਦੇ ਹਨ? (“ਜੇ ਤੁਸੀਂ ਵੱਖੋ-ਵੱਖਰੀਆਂ ਥਾਵਾਂ ʼਤੇ ਰਹਿੰਦੇ ਹੋ, ਤਾਂ ਡੇਟਿੰਗ ਕਿੱਦਾਂ ਕਰ ਸਕਦੇ ਹੋ?” ਨਾਂ ਦੀ ਡੱਬੀ ਦੇਖੋ।) (ਤਸਵੀਰਾਂ ਵੀ ਦੇਖੋ।)

7 ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ ਉਹ ਅੰਦਰੋਂ ਕਿਹੋ ਜਿਹਾ ਇਨਸਾਨ ਹੈ? ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਕੁਝ ਵੀ ਨਾ ਲੁਕਾਓ। ਇਕ-ਦੂਜੇ ਨੂੰ ਸਵਾਲ ਪੁੱਛੋ ਅਤੇ ਫਿਰ ਧਿਆਨ ਨਾਲ ਸੁਣੋ। (ਕਹਾ. 20:5; ਯਾਕੂ. 1:19) ਇੱਦਾਂ ਕਰਨ ਲਈ ਤੁਸੀਂ ਮਿਲ ਕੇ ਕੁਝ ਅਜਿਹੇ ਕੰਮ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਇਕ-ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲੇ। ਜਿਵੇਂ, ਇਕੱਠੇ ਮਿਲ ਕੇ ਖਾਣਾ ਖਾਓ, ਸੈਰ ʼਤੇ ਜਾਓ ਅਤੇ ਇਕੱਠੇ ਪ੍ਰਚਾਰ ਕਰੋ। ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਆਪਣੇ ਦੋਸਤਾਂ ਅਤੇ ਘਰਦਿਆਂ ਨਾਲ ਇਕੱਠੇ ਸਮਾਂ ਬਿਤਾ ਸਕਦੇ ਹੋ। ਇਸ ਤੋਂ ਇਲਾਵਾ, ਮਿਲ ਕੇ ਕੁਝ ਅਜਿਹੇ ਕੰਮ ਕਰੋ ਜਿਸ ਤੋਂ ਤੁਸੀਂ ਦੇਖ ਸਕੋ ਕਿ ਉਹ ਵਿਅਕਤੀ ਵੱਖੋ-ਵੱਖਰੇ ਹਾਲਾਤਾਂ ਅਤੇ ਅਲੱਗ-ਅਲੱਗ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਹੈ। ਜ਼ਰਾ ਨੀਦਰਲੈਂਡਜ਼ ਤੋਂ ਭਰਾ ਐਸ਼ਵਿਨ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦਾ ਹੈ ਕਿ ਜਦੋਂ ਉਹ ਅਲੀਸੀਆ ਨਾਲ ਡੇਟਿੰਗ ਕਰ ਰਿਹਾ ਸੀ, ਤਾਂ ਉਨ੍ਹਾਂ ਨੇ ਕੀ ਕੀਤਾ: “ਅਸੀਂ ਇਕੱਠੇ ਮਿਲ ਕੇ ਇੱਦਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਨ੍ਹਾਂ ਕਰਕੇ ਅਸੀਂ ਇਕ-ਦੂਜੇ ਨੂੰ ਜਾਣ ਸਕੀਏ। ਜਿਵੇਂ, ਅਸੀਂ ਅਕਸਰ ਇਕੱਠੇ ਮਿਲ ਕੇ ਖਾਣਾ ਬਣਾਉਂਦੇ ਸੀ ਜਾਂ ਘਰ ਦਾ ਕੋਈ ਕੰਮ ਕਰਦੇ ਸੀ। ਇਨ੍ਹਾਂ ਛੋਟੇ-ਛੋਟੇ ਕੰਮਾਂ ਕਰਕੇ ਅਸੀਂ ਇਕ-ਦੂਜੇ ਦੀਆਂ ਖ਼ੂਬੀਆਂ ਤੇ ਕਮੀਆਂ ਜਾਣ ਸਕੇ।”

ਤਸਵੀਰਾਂ: 1. ਡੇਟਿੰਗ ਕਰ ਰਿਹਾ ਇਕ ਜੋੜਾ ਰੈਸਟੋਰੈਂਟ ਵਿਚ ਬੈਠਾ ਖ਼ੁਸ਼ੀ-ਖ਼ੁਸ਼ੀ ਗੱਲ ਕਰ ਰਿਹਾ ਹੈ। 2. ਇਕ ਹੋਰ ਡੇਟਿੰਗ ਕਰ ਰਿਹਾ ਜੋੜਾ ਇਕ ਪਾਰਟੀ ਵਿਚ ਮਿਲ ਕੇ ਖਾਣਾ ਬਣਾ ਰਿਹਾ ਹੈ। 3. ਇਕ ਭਰਾ ਅਤੇ ਭੈਣ ਵੀਡੀਓ ਕਾਲ ʼਤੇ ਗੱਲ ਕਰ ਰਹੇ ਹਨ। ਉਹ ਦੋਵੇਂ jw.org ਵੈੱਬਸਾਈਟ ਤੋਂ “ਮੈਂ ਵਿਆਹ ਤੋਂ ਕੀ ਉਮੀਦ ਰੱਖ ਸਕਦਾ ਹਾਂ?​​—ਭਾਗ 1” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹ ਰਹੇ ਹਨ। ਭਰਾ ਦੇ ਸਾਮ੍ਹਣੇ ਖੁੱਲ੍ਹੀ ਹੋਈ ਬਾਈਬਲ ਪਈ ਹੈ।

ਜੇ ਤੁਸੀਂ ਦੋਵੇਂ ਮਿਲ ਕੇ ਕੁਝ ਇੱਦਾਂ ਦੇ ਕੰਮ ਕਰੋ ਜਿਸ ਕਰਕੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਮਿਲੇ, ਤਾਂ ਤੁਸੀਂ ਇਕ-ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੋਗੇ (ਪੈਰੇ 7-8 ਦੇਖੋ)


ਜੇ ਤੁਸੀਂ ਵੱਖੋ-ਵੱਖਰੀਆਂ ਥਾਵਾਂ ʼਤੇ ਰਹਿੰਦੇ ਹੋ, ਤਾਂ ਡੇਟਿੰਗ ਕਿੱਦਾਂ ਕਰ ਸਕਦੇ ਹੋ?

ਜੇ ਤੁਸੀਂ ਵੱਖੋ-ਵੱਖਰੀਆਂ ਥਾਵਾਂ ʼਤੇ ਰਹਿੰਦੇ ਹੋ ਅਤੇ ਫ਼ੋਨ ਜਾਂ ਵੀਡੀਓ ਕਾਲ ਰਾਹੀਂ ਹੀ ਗੱਲ ਕਰਦੇ ਹੋ, ਤਾਂ ਵੀ ਤੁਸੀਂ ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰ ਸਕਦੇ ਹੋ। ਤੁਸੀਂ ਖੁੱਲ੍ਹ ਕੇ ਇਕ-ਦੂਜੇ ਨਾਲ ਗੱਲ ਕਰ ਸਕਦੇ ਹੋ ਅਤੇ ਧਿਆਨ ਨਾਲ ਇਕ-ਦੂਜੇ ਦੀ ਗੱਲ ਸੁਣ ਸਕਦੇ ਹੋ। ਪਰ ਕੁਝ ਗੱਲਾਂ ਤੁਸੀਂ ਆਡੀਓ ਜਾਂ ਵੀਡੀਓ ਕਾਲ ʼਤੇ ਨਹੀਂ ਜਾਣ ਸਕਦੇ, ਇਨ੍ਹਾਂ ਲਈ ਤੁਹਾਨੂੰ ਆਮ੍ਹੋ-ਸਾਮ੍ਹਣੇ ਹੀ ਮਿਲਣਾ ਪੈਣਾ। ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਇਕ-ਦੂਜੇ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਪਵੇਗਾ। ਉਦਾਹਰਣ ਲਈ, ਤੁਸੀਂ ਜਿਸ ਨਾਲ ਡੇਟਿੰਗ ਕਰ ਰਹੇ ਹੋ, ਕੀ ਤੁਸੀਂ ਉਸ ਦੇ ਦੇਸ਼ ਜਾਂ ਇਲਾਕੇ ਵਿਚ ਜਾਣ ਲਈ ਤਿਆਰ ਹੋ? ਕੀ ਤੁਸੀਂ ਉੱਥੇ ਦੀ ਭਾਸ਼ਾ ਸਿੱਖਣ ਅਤੇ ਉੱਥੇ ਦੇ ਤੌਰ-ਤਰੀਕੇ ਅਪਣਾਉਣ ਲਈ ਤਿਆਰ ਹੋ? ਕੀ ਤੁਹਾਡੇ ਕੋਲ ਇੰਨੇ ਪੈਸੇ ਹਨ ਕਿ ਤੁਸੀਂ ਡੇਟਿੰਗ ਦੌਰਾਨ ਉਸ ਨੂੰ ਮਿਲਣ ਜਾ ਸਕੋ? ਨਾਲੇ ਕੀ ਵਿਆਹ ਤੋਂ ਬਾਅਦ ਤੁਸੀਂ ਉਸ ਦੇ ਦੋਸਤਾਂ ਤੇ ਘਰਦਿਆਂ ਨੂੰ ਮਿਲਣ ਜਾ ਸਕੋਗੇ?​—ਲੂਕਾ 14:28.

8. ਇਕੱਠੇ ਮਿਲ ਕੇ ਅਧਿਐਨ ਕਰਨ ਨਾਲ ਕੀ ਫ਼ਾਇਦਾ ਹੋ ਸਕਦਾ ਹੈ?

8 ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਇਕੱਠੇ ਮਿਲ ਕੇ ਬਾਈਬਲ ਦੇ ਕਿਸੇ ਵਿਸ਼ੇ ʼਤੇ ਅਧਿਐਨ ਵੀ ਕਰ ਸਕਦੇ ਹੋ। ਵੈਸੇ ਵੀ ਜੇ ਤੁਸੀਂ ਅੱਗੇ ਜਾ ਕੇ ਵਿਆਹ ਕਰਾਉਂਦੇ ਹੋ, ਤਾਂ ਵਿਆਹ ਦੇ ਬੰਧਨ ਵਿਚ ਪਰਮੇਸ਼ੁਰ ਨੂੰ ਤੀਜੀ ਡੋਰੀ ਬਣਾਈ ਰੱਖਣ ਲਈ ਤੁਸੀਂ ਪਰਿਵਾਰਕ ਸਟੱਡੀ ਤਾਂ ਕਰੋਗੇ ਹੀ। (ਉਪ. 4:12) ਤਾਂ ਫਿਰ ਕਿਉਂ ਨਾ ਹੁਣ ਤੋਂ ਹੀ ਇਕੱਠੇ ਮਿਲ ਕੇ ਅਧਿਐਨ ਕਰਨ ਲਈ ਸਮਾਂ ਕੱਢੋ? ਮੰਨਿਆ ਕਿ ਹਾਲੇ ਤੁਸੀਂ ਦੋਵੇਂ ਪਤੀ-ਪਤਨੀ ਨਹੀਂ ਬਣੇ ਹੋ ਅਤੇ ਭਰਾ ਮੁਖੀ ਨਹੀਂ ਬਣਿਆ ਹੈ, ਫਿਰ ਵੀ ਇਕੱਠੇ ਮਿਲ ਕੇ ਅਧਿਐਨ ਕਰਨ ਨਾਲ ਤੁਸੀਂ ਜਾਣ ਸਕੋਗੇ ਕਿ ਤੁਹਾਡਾ ਦੋਹਾਂ ਦਾ ਯਹੋਵਾਹ ਨਾਲ ਕਿੱਦਾਂ ਦਾ ਰਿਸ਼ਤਾ ਹੈ। ਅਮਰੀਕਾ ਤੋਂ ਮੈਕਸ ਅਤੇ ਲੀਸਾ ਨੇ ਦੱਸਿਆ ਕਿ ਇੱਦਾਂ ਕਰਨ ਦਾ ਉਨ੍ਹਾਂ ਨੂੰ ਇਕ ਹੋਰ ਫ਼ਾਇਦਾ ਹੋਇਆ ਹੈ। ਮੈਕਸ ਕਹਿੰਦਾ ਹੈ: “ਜਦੋਂ ਅਸੀਂ ਡੇਟਿੰਗ ਕਰਨੀ ਸ਼ੁਰੂ ਹੀ ਕੀਤੀ ਸੀ, ਤਾਂ ਅਸੀਂ ਇੱਦਾਂ ਦੇ ਪ੍ਰਕਾਸ਼ਨਾਂ ਦਾ ਅਧਿਐਨ ਕੀਤਾ ਜਿਨ੍ਹਾਂ ਵਿਚ ਡੇਟਿੰਗ, ਵਿਆਹ ਅਤੇ ਪਰਿਵਾਰਕ ਜ਼ਿੰਦਗੀ ਵਰਗੇ ਵਿਸ਼ਿਆਂ ʼਤੇ ਗੱਲ ਕੀਤੀ ਗਈ ਸੀ। ਇੱਦਾਂ ਕਰਨ ਨਾਲ ਅਸੀਂ ਕਈ ਜ਼ਰੂਰੀ ਮਾਮਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਸਕੇ ਜਿਨ੍ਹਾਂ ʼਤੇ ਗੱਲ ਕਰਨੀ ਸ਼ਾਇਦ ਸਾਡੇ ਲਈ ਔਖੀ ਹੋਣੀ ਸੀ।”

ਧਿਆਨ ਰੱਖਣ ਲਈ ਕੁਝ ਹੋਰ ਗੱਲਾਂ

9. ਡੇਟਿੰਗ ਬਾਰੇ ਕਿਨ੍ਹਾਂ ਨੂੰ ਦੱਸੀਏ, ਇਹ ਫ਼ੈਸਲਾ ਕਰਦੇ ਵੇਲੇ ਕੁੜੀ-ਮੁੰਡਾ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਨ?

9 ਤੁਹਾਨੂੰ ਕਿਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਡੇਟਿੰਗ ਕਰ ਰਹੇ ਹੋ? ਤੁਸੀਂ ਦੋਵੇਂ ਮਿਲ ਕੇ ਇਹ ਫ਼ੈਸਲਾ ਕਰ ਸਕਦੇ ਹੋ। ਸ਼ੁਰੂ-ਸ਼ੁਰੂ ਵਿਚ ਜੇ ਤੁਸੀਂ ਚਾਹੋ, ਤਾਂ ਸਿਰਫ਼ ਕੁਝ ਜਣਿਆਂ ਨੂੰ ਇਸ ਬਾਰੇ ਦੱਸ ਸਕਦੇ ਹੋ। (ਕਹਾ. 17:27) ਇੱਦਾਂ ਕਰਨ ਨਾਲ ਜ਼ਿਆਦਾ ਜਣੇ ਤੁਹਾਨੂੰ ਸਵਾਲ-ਜਵਾਬ ਨਹੀਂ ਕਰਨਗੇ ਅਤੇ ਨਾ ਹੀ ਤੁਹਾਨੂੰ ਚਿੰਤਾ ਹੋਵੇਗੀ ਕਿ ਤੁਹਾਨੂੰ ਤੁਰੰਤ ਕੋਈ ਫ਼ੈਸਲਾ ਕਰਨਾ ਪੈਣਾ। ਪਰ ਜੇ ਤੁਸੀਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸੋਗੇ, ਤਾਂ ਸ਼ਾਇਦ ਤੁਹਾਨੂੰ ਇਹ ਚਿੰਤਾ ਹੋਣ ਲੱਗ ਪਵੇ ਕਿ ਕਿਤੇ ਦੂਜਿਆਂ ਨੂੰ ਪਤਾ ਨਾ ਲੱਗ ਜਾਵੇ। ਇਸ ਕਰਕੇ ਸ਼ਾਇਦ ਤੁਸੀਂ ਲੁਕ-ਛਿਪ ਕੇ ਮਿਲਣ ਲੱਗ ਪਓ। ਇੱਦਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਸਮਝਦਾਰੀ ਇਸੇ ਵਿਚ ਹੋਵੇਗੀ ਕਿ ਤੁਸੀਂ ਇਸ ਬਾਰੇ ਉਨ੍ਹਾਂ ਨੂੰ ਦੱਸੋ ਜੋ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਹਨ ਅਤੇ ਤੁਹਾਡੀ ਮਦਦ ਕਰ ਸਕਦੇ ਹਨ। (ਕਹਾ. 15:22) ਜਿਵੇਂ, ਤੁਸੀਂ ਆਪਣੇ ਘਰਦੇ ਕੁਝ ਜੀਆਂ, ਕੁਝ ਸਮਝਦਾਰ ਦੋਸਤਾਂ ਜਾਂ ਬਜ਼ੁਰਗਾਂ ਨੂੰ ਦੱਸ ਸਕਦੇ ਹੋ।

10. ਡੇਟਿੰਗ ਦੌਰਾਨ ਕੁੜੀ-ਮੁੰਡਾ ਕਿਵੇਂ ਸ਼ੁੱਧ ਚਾਲ-ਚਲਣ ਬਣਾਈ ਰੱਖ ਸਕਦੇ ਹੋ? (ਕਹਾਉਤਾਂ 22:3)

10 ਤੁਸੀਂ ਡੇਟਿੰਗ ਦੌਰਾਨ ਸਹੀ ਚਾਲ-ਚਲਣ ਕਿਵੇਂ ਬਣਾਈ ਰੱਖ ਸਕਦੇ ਹੋ? ਸਮੇਂ ਦੇ ਬੀਤਣ ਨਾਲ ਤੁਸੀਂ ਇਕ-ਦੂਜੇ ਵੱਲ ਆਕਰਸ਼ਿਤ ਹੁੰਦੇ ਜਾਓਗੇ। ਪਰ ਸ਼ੁੱਧ ਚਾਲ-ਚਲਣ ਬਣਾਈ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? (1 ਕੁਰਿੰ. 6:18) ਆਪਸ ਵਿਚ ਗੰਦੀਆਂ ਗੱਲਾਂ ਨਾ ਕਰੋ, ਧਿਆਨ ਰੱਖੋ ਕਿ ਤੁਸੀਂ ਕਦੇ ਵੀ ਇਕ-ਦੂਜੇ ਨਾਲ ਇਕੱਲੇ ਨਾ ਹੋਵੋ ਅਤੇ ਨਾ ਹੀ ਬੇਹਿਸਾਬੀ ਸ਼ਰਾਬ ਪੀਓ। (ਅਫ਼. 5:3) ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਡੇ ਅੰਦਰ ਗ਼ਲਤ ਇੱਛਾਵਾਂ ਜਾਗ ਸਕਦੀਆਂ ਹਨ ਅਤੇ ਸਹੀ ਚਾਲ-ਚਲਣ ਬਣਾਈ ਰੱਖਣਾ ਤੁਹਾਡੇ ਲਈ ਔਖਾ ਹੋ ਸਕਦਾ ਹੈ। ਇਸ ਲਈ ਚੰਗਾ ਹੋਵੇਗਾ ਕਿ ਸਮੇਂ-ਸਮੇਂ ʼਤੇ ਤੁਸੀਂ ਦੋਵੇਂ ਇਹ ਚਰਚਾ ਕਰੋ ਕਿ ਤੁਸੀਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖੋਗੇ ਅਤੇ ਕਿਵੇਂ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖੋਗੇ। (ਕਹਾਉਤਾਂ 22:3 ਪੜ੍ਹੋ।) ਜ਼ਰਾ ਗੌਰ ਕਰੋ ਕਿ ਇਥੋਪੀਆ ਤੋਂ ਡਾਵੇਟ ਅਤੇ ਅਲਮਾਜ਼ ਦੀ ਕਿਸ ਗੱਲ ਨੇ ਮਦਦ ਕੀਤੀ। ਉਹ ਦੱਸਦੇ ਹਨ: “ਅਸੀਂ ਹਮੇਸ਼ਾ ਧਿਆਨ ਰੱਖਿਆ ਕਿ ਅਸੀਂ ਕਦੇ ਵੀ ਇਕੱਲੇ ਨਾ ਹੋਈਏ ਤਾਂਕਿ ਅਸੀਂ ਕੋਈ ਗ਼ਲਤ ਕੰਮ ਨਾ ਕਰ ਬੈਠੀਏ। ਅਸੀਂ ਇਕ-ਦੂਜੇ ਨਾਲ ਉੱਥੇ ਸਮਾਂ ਬਿਤਾਉਂਦੇ ਸੀ ਜਿੱਥੇ ਬਹੁਤ ਸਾਰੇ ਲੋਕ ਹੁੰਦੇ ਸਨ ਜਾਂ ਫਿਰ ਹੋਰ ਦੋਸਤਾਂ ਨਾਲ। ਅਸੀਂ ਕਦੇ ਵੀ ਕਾਰ ਵਿਚ ਇਕੱਲਿਆਂ ਨਹੀਂ ਸੀ ਜਾਂਦੇ ਅਤੇ ਨਾ ਹੀ ਘਰੇ ਇਕੱਲੇ ਹੁੰਦੇ ਸੀ।”

11. ਪਿਆਰ ਜ਼ਾਹਰ ਕਰਨ ਦੇ ਮਾਮਲੇ ਵਿਚ ਕੁੜੀ-ਮੁੰਡਾ ਕਿਹੜੀਆਂ ਗੱਲਾਂ ਧਿਆਨ ਵਿਚ ਰੱਖ ਸਕਦੇ ਹਨ?

11 ਜੇ ਤੁਹਾਡੇ ਦੋਹਾਂ ਦੀ ਗੱਲ ਅੱਗੇ ਵਧਣ ਲੱਗ ਪਈ ਹੈ, ਤਾਂ ਤੁਸੀਂ ਸ਼ਾਇਦ ਕੁਝ ਤਰੀਕਿਆਂ ਨਾਲ ਆਪਣਾ ਪਿਆਰ ਜ਼ਾਹਰ ਕਰਨਾ ਚਾਹੋ। ਪਰ ਹੱਦ ਵਿਚ ਰਹਿ ਕੇ ਇੱਦਾਂ ਕਰਨਾ ਸਹੀ ਵੀ ਹੈ। (ਸ੍ਰੇਸ਼. 1:2; 2:6) ਪਰ ਜੇ ਇੱਦਾਂ ਕਰਨ ਨਾਲ ਤੁਹਾਡੀਆਂ ਸਰੀਰਕ ਇੱਛਾਵਾਂ ਜਾਗ ਜਾਂਦੀਆਂ ਹਨ, ਤਾਂ ਸ਼ਾਇਦ ਭਾਵਨਾਵਾਂ ਵਿਚ ਵਹਿ ਕੇ ਤੁਸੀਂ ਗ਼ਲਤ ਫ਼ੈਸਲਾ ਕਰ ਬੈਠੋ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ʼਤੇ ਕਾਬੂ ਨਾ ਰੱਖ ਪਾਓ ਅਤੇ ਕੁਝ ਗ਼ਲਤ ਕਰ ਬੈਠੋ। (ਕਹਾ. 6:27) ਇਸ ਲਈ ਸ਼ੁਰੂ ਵਿਚ ਹੀ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕਰੋ ਕਿ ਤੁਸੀਂ ਇਕ-ਦੂਜੇ ਲਈ ਪਿਆਰ ਕਿਵੇਂ ਜ਼ਾਹਰ ਕਰੋਗੇ ਅਤੇ ਕੀ ਨਹੀਂ ਕਰੋਗੇ।c (1 ਥੱਸ. 4:3-7) ਤੁਸੀਂ ਦੋਵੇਂ ਇਨ੍ਹਾਂ ਸਵਾਲਾਂ ਬਾਰੇ ਸੋਚ ਸਕਦੇ ਹੋ: ‘ਜੇ ਅਸੀਂ ਇਸ ਤਰ੍ਹਾਂ ਇਕ-ਦੂਜੇ ਲਈ ਪਿਆਰ ਜ਼ਾਹਰ ਕਰਾਂਗੇ, ਤਾਂ ਇੱਥੇ ਲੋਕ ਸਾਡੇ ਬਾਰੇ ਕੀ ਕਹਿਣਗੇ? ਕੀ ਇੱਦਾਂ ਕਰਨ ਨਾਲ ਸਾਡੇ ਦੋਹਾਂ ਵਿੱਚੋਂ ਕਿਸੇ ਦੀਆਂ ਸਰੀਰਕ ਇੱਛਾਵਾਂ ਜਾਗ ਸਕਦੀਆਂ ਹਨ?’

12. ਜਦੋਂ ਕੁੜੀ-ਮੁੰਡਾ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ, ਤਾਂ ਉਨ੍ਹਾਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

12 ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ ਅਤੇ ਤੁਸੀਂ ਦੋਵੇਂ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਜੇ ਕਦੇ-ਕਦਾਈਂ ਤੁਸੀਂ ਦੋਵੇਂ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਕ-ਦੂਜੇ ਲਈ ਸਹੀ ਨਹੀਂ ਹੋ। ਸਾਰੇ ਜੋੜੇ ਹਮੇਸ਼ਾ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ। ਪਰ ਅੱਜ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਤੁਸੀਂ ਜਿੱਦਾਂ ਉਨ੍ਹਾਂ ਨੂੰ ਸੁਲਝਾਉਂਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਵਿਆਹ ਤੋਂ ਬਾਅਦ ਤੁਸੀਂ ਕੀ ਕਰੋਗੇ ਅਤੇ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੋਵੇਗਾ। ਯਾਦ ਰੱਖੋ ਵਿਆਹੁਤਾ ਰਿਸ਼ਤਾ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ ਪਤੀ-ਪਤਨੀ ਮਿਲ ਕੇ ਇਕ ਨਤੀਜੇ ʼਤੇ ਪਹੁੰਚਦੇ ਹਨ, ਫਿਰ ਚਾਹੇ ਉਨ੍ਹਾਂ ਦੀ ਰਾਇ ਇਕ-ਦੂਜੇ ਤੋਂ ਅਲੱਗ ਹੀ ਕਿਉਂ ਨਾ ਹੋਵੇ। ਇਸ ਲਈ ਮਿਲ ਕੇ ਇਸ ਬਾਰੇ ਸੋਚੋ: ‘ਕੀ ਅਸੀਂ ਸ਼ਾਂਤੀ ਨਾਲ ਮਾਮਲੇ ਨੂੰ ਸੁਲਝਾਉਂਦੇ ਹਾਂ ਅਤੇ ਇਕ-ਦੂਜੇ ਦਾ ਆਦਰ ਕਰਦੇ ਹਾਂ? ਕੀ ਅਸੀਂ ਖ਼ੁਦ ਨੂੰ ਬਦਲਣ ਲਈ ਤਿਆਰ ਰਹਿੰਦੇ ਹਾਂ? ਕੀ ਅਸੀਂ ਇਕ-ਦੂਜੇ ਦੀ ਗੱਲ ਮੰਨਣ ਲਈ ਰਾਜ਼ੀ ਹੋ ਜਾਂਦੇ ਹਾਂ, ਮਾਫ਼ੀ ਮੰਗਦੇ ਹਾਂ ਅਤੇ ਮਾਫ਼ ਕਰ ਦਿੰਦੇ ਹਾਂ?’ (ਅਫ਼. 4:31, 32) ਪਰ ਜੇ ਤੁਹਾਡੇ ਵਿਚ ਬਹਿਸ ਹੁੰਦੀ ਰਹਿੰਦੀ ਹੈ ਅਤੇ ਤੁਸੀਂ ਇਕ-ਦੂਜੇ ਨਾਲ ਸਹਿਮਤ ਹੀ ਨਹੀਂ ਹੁੰਦੇ, ਤਾਂ ਇੱਦਾਂ ਨਾ ਸੋਚੋ ਕਿ ਵਿਆਹ ਤੋਂ ਬਾਅਦ ਹਾਲਾਤ ਬਦਲ ਜਾਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ, ਉਹ ਤੁਹਾਡੇ ਲਈ ਸਹੀ ਨਹੀਂ ਰਹੇਗਾ, ਤਾਂ ਤੁਹਾਡੀ ਦੋਹਾਂ ਦੀ ਭਲਾਈ ਇਸੇ ਵਿਚ ਹੋਵੇਗੀ ਕਿ ਤੁਸੀਂ ਡੇਟਿੰਗ ਕਰਨੀ ਬੰਦ ਕਰ ਦਿਓ।d

13. ਕਿੰਨੇ ਸਮੇਂ ਤਕ ਡੇਟਿੰਗ ਕਰਨੀ ਚਾਹੀਦੀ ਹੈ, ਇਹ ਫ਼ੈਸਲਾ ਕਰਨ ਲਈ ਕੁੜੀ ਜਾਂ ਮੁੰਡਾ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਨ?

13 ਤੁਹਾਨੂੰ ਕਿੰਨੇ ਸਮੇਂ ਤਕ ਡੇਟਿੰਗ ਕਰਨੀ ਚਾਹੀਦੀ ਹੈ? ਕਾਹਲੀ ਵਿਚ ਕੀਤੇ ਗਏ ਫ਼ੈਸਲਿਆਂ ਦਾ ਅੰਜਾਮ ਅਕਸਰ ਬੁਰਾ ਹੀ ਹੁੰਦਾ ਹੈ। (ਕਹਾ. 21:5) ਤੁਹਾਨੂੰ ਉਦੋਂ ਤਕ ਇਕ-ਦੂਜੇ ਨਾਲ ਡੇਟਿੰਗ ਕਰਨੀ ਚਾਹੀਦੀ ਹੈ ਜਦ ਤਕ ਕਿ ਤੁਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਲੈਂਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਡੇਟਿੰਗ ਕਰਦੇ ਰਹੋ ਅਤੇ ਕੋਈ ਫ਼ੈਸਲਾ ਹੀ ਨਾ ਲਵੋ। ਬਾਈਬਲ ਵਿਚ ਲਿਖਿਆ ਹੈ: “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।” (ਕਹਾ. 13:12) ਨਾਲੇ ਜੇ ਤੁਸੀਂ ਲੰਬੇ ਸਮੇਂ ਤਕ ਡੇਟਿੰਗ ਕਰਦੇ ਰਹੋਗੇ, ਤਾਂ ਸਰੀਰਕ ਇੱਛਾਵਾਂ ਨੂੰ ਕਾਬੂ ਵਿਚ ਰੱਖਣਾ ਮੁਸ਼ਕਲ ਹੋ ਸਕਦਾ ਹੈ। (1 ਕੁਰਿੰ. 7:9) ਤਾਂ ਫਿਰ ਇਹ ਚਿੰਤਾ ਕਰਨ ਦੀ ਬਜਾਇ ਕਿ ਤੁਹਾਨੂੰ ਕਿੰਨੇ ਸਮੇਂ ਤਕ ਡੇਟਿੰਗ ਕਰਨੀ ਚਾਹੀਦੀ ਹੈ, ਖ਼ੁਦ ਨੂੰ ਪੁੱਛੋ, ‘ਮੇਰੇ ਲਈ ਉਸ ਬਾਰੇ ਹੋਰ ਕੀ ਜਾਣਨਾ ਬਾਕੀ ਹੈ ਤਾਂਕਿ ਮੈਂ ਫ਼ੈਸਲਾ ਕਰ ਸਕਾਂ ਕਿ ਮੈਨੂੰ ਉਸ ਨਾਲ ਵਿਆਹ ਕਰਨਾ ਚਾਹੀਦਾ ਹੈ ਜਾਂ ਨਹੀਂ?’

ਦੂਜੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?

14. ਮੰਡਲੀ ਦੇ ਭੈਣ-ਭਰਾ ਡੇਟਿੰਗ ਕਰਨ ਵਾਲਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ? (ਤਸਵੀਰ ਵੀ ਦੇਖੋ।)

14 ਜੇ ਅਸੀਂ ਜਾਣਦੇ ਹਾਂ ਕਿ ਇਕ ਕੁੜੀ ਤੇ ਮੁੰਡਾ ਡੇਟਿੰਗ ਕਰ ਰਹੇ ਹਨ, ਤਾਂ ਅਸੀਂ ਕਿੱਦਾਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਖਾਣੇ ʼਤੇ ਜਾਂ ਪਰਿਵਾਰਕ ਸਟੱਡੀ ਲਈ ਬੁਲਾ ਸਕਦੇ ਹਾਂ ਜਾਂ ਉਨ੍ਹਾਂ ਨਾਲ ਮਿਲ ਕੇ ਮਨੋਰੰਜਨ ਕਰ ਸਕਦੇ ਹਾਂ। (ਰੋਮੀ. 12:13) ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾਵਾਂਗੇ, ਤਾਂ ਉਨ੍ਹਾਂ ਨੂੰ ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ, ਜੇ ਉਹ ਕਿਤੇ ਬਾਹਰ ਜਾਣਾ ਚਾਹੁੰਦੇ ਹਨ ਜਾਂ ਕਾਰ ਵਿਚ ਇਕੱਠੇ ਸਫ਼ਰ ਕਰਨਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨਾਲ ਜਾ ਸਕਦੇ ਹਾਂ। ਜਾਂ ਜੇ ਉਹ ਇਕੱਲਿਆਂ ਗੱਲ ਕਰਨੀ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾ ਸਕਦੇ ਹਾਂ। (ਗਲਾ. 6:10) ਅਲੀਸੀਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ ਕਿ ਉਸ ਨੂੰ ਅਤੇ ਉਸ ਦੇ ਪਤੀ ਐਸ਼ਵਿਨ ਨੂੰ ਕਿਹੜੀ ਗੱਲ ਬਹੁਤ ਵਧੀਆ ਲੱਗੀ। ਉਹ ਦੱਸਦੀ ਹੈ: “ਕੁਝ ਭੈਣਾਂ-ਭਰਾਵਾਂ ਨੇ ਸਾਨੂੰ ਕਿਹਾ ਕਿ ਜਦੋਂ ਵੀ ਤੁਸੀਂ ਦੋਵਾਂ ਨੇ ਆਪਸ ਵਿਚ ਗੱਲ ਕਰਨੀ ਹੋਵੇ, ਤਾਂ ਤੁਸੀਂ ਸਾਡੇ ਘਰ ਆ ਸਕਦੇ ਹੋ। ਇਹ ਸੁਣ ਕੇ ਸਾਨੂੰ ਬਹੁਤ ਚੰਗਾ ਲੱਗਾ।” ਜਦੋਂ ਕੋਈ ਕੁੜੀ ਤੇ ਮੁੰਡਾ ਤੁਹਾਨੂੰ ਕਹਿੰਦੇ ਹਨ ਕਿ ਉਹ ਆਪਸ ਵਿਚ ਗੱਲ ਕਰਨੀ ਚਾਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਦੇ ਨਾਲ ਰਹੋ, ਤਾਂ ਸੋਚੋ ਕਿ ਇਹ ਆਪਣੇ ਦੋਸਤਾਂ ਦੀ ਮਦਦ ਕਰਨ ਦਾ ਬਹੁਤ ਵਧੀਆ ਮੌਕਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਉਹ ਤੁਹਾਡੀਆਂ ਨਜ਼ਰਾਂ ਦੇ ਸਾਮ੍ਹਣੇ ਰਹਿਣ, ਪਰ ਨਾਲ ਦੀ ਨਾਲ ਉਨ੍ਹਾਂ ਨੂੰ ਇਕੱਲਿਆਂ ਵੀ ਸਮਾਂ ਬਿਤਾਉਣ ਦਿਓ ਅਤੇ ਗੱਲ ਕਰਨ ਦਿਓ।​—ਫ਼ਿਲਿ. 2:4.

ਡੇਟਿੰਗ ਕਰ ਰਿਹਾ ਇਕ ਜੋੜਾ ਕੁਝ ਭੈਣਾਂ-ਭਰਾਵਾਂ ਨਾਲ ਪਿਕਨਿਕ ʼਤੇ ਗਿਆ ਹੋਇਆ ਹੈ। ਉਹ ਦੋਵੇਂ ਇਕੱਲਿਆਂ ਬੈਠ ਕੇ ਗੱਲਬਾਤ ਕਰ ਰਹੇ ਹਨ।

ਜੇ ਸਾਨੂੰ ਪਤਾ ਹੈ ਕਿ ਇਕ ਕੁੜੀ-ਮੁੰਡਾ ਡੇਟਿੰਗ ਕਰ ਰਹੇ ਹਨ, ਤਾਂ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ (ਪੈਰੇ 14-15 ਦੇਖੋ)


15. ਡੇਟਿੰਗ ਕਰਨ ਵਾਲਿਆਂ ਦੀ ਮਦਦ ਕਰਨ ਲਈ ਮੰਡਲੀ ਦੇ ਭੈਣ-ਭਰਾ ਹੋਰ ਕੀ ਕਰ ਸਕਦੇ ਹਨ? (ਕਹਾਉਤਾਂ 12:18)

15 ਡੇਟਿੰਗ ਕਰਨ ਵਾਲਿਆਂ ਦੀ ਅਸੀਂ ਇਕ ਹੋਰ ਤਰੀਕੇ ਨਾਲ ਮਦਦ ਕਰ ਸਕਦੇ ਹਾਂ। ਅਸੀਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਕੀ ਕਹਾਂਗੇ ਅਤੇ ਕੀ ਨਹੀਂ। ਕਦੇ-ਕਦਾਈਂ ਸਾਨੂੰ ਆਪਣੀ ਜ਼ਬਾਨ ʼਤੇ ਲਗਾਮ ਲਾਉਣੀ ਪੈ ਸਕਦੀ ਹੈ। (ਕਹਾਉਤਾਂ 12:18 ਪੜ੍ਹੋ।) ਉਦਾਹਰਣ ਲਈ, ਸ਼ਾਇਦ ਸਾਡਾ ਦੂਜਿਆਂ ਨੂੰ ਇਹ ਦੱਸਣ ਦਾ ਦਿਲ ਕਰੇ ਕਿ ਉਹ ਭੈਣ ਜਾਂ ਭਰਾ ਡੇਟਿੰਗ ਕਰ ਰਹੇ ਹਨ। ਪਰ ਜੇ ਉਹ ਖ਼ੁਦ ਇਸ ਬਾਰੇ ਦੂਜਿਆਂ ਨੂੰ ਦੱਸਣਾ ਚਾਹੁੰਦੇ ਹਨ, ਤਾਂ ਸਾਨੂੰ ਕਿਸੇ ਨੂੰ ਕੁਝ ਨਹੀਂ ਦੱਸਣਾ ਚਾਹੀਦਾ। ਡੇਟਿੰਗ ਕਰ ਰਹੇ ਕੁੜੀ-ਮੁੰਡੇ ਬਾਰੇ ਸਾਨੂੰ ਚੁਗ਼ਲੀਆਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਨਾ ਹੀ ਉਨ੍ਹਾਂ ਦੇ ਫ਼ੈਸਲਿਆਂ ਵਿਚ ਨੁਕਸ ਕੱਢਣੇ ਚਾਹੀਦੇ ਹਨ। (ਕਹਾ. 20:19; ਰੋਮੀ. 14:10; 1 ਥੱਸ. 4:11) ਇਸ ਤੋਂ ਇਲਾਵਾ, ਸਾਨੂੰ ਅਜਿਹੀ ਕੋਈ ਵੀ ਗੱਲ ਨਹੀਂ ਕਹਿਣੀ ਚਾਹੀਦੀ ਅਤੇ ਨਾ ਹੀ ਇੱਦਾਂ ਦਾ ਕੋਈ ਸਵਾਲ ਪੁੱਛਣਾ ਚਾਹੀਦਾ ਹੈ ਜਿਸ ਤੋਂ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਜਾਂ ਉਹ ਵਿਆਹ ਕਰਾ ਲੈਣਗੇ। ਇੱਦਾਂ ਦੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਬੁਰਾ ਲੱਗ ਸਕਦਾ ਹੈ। ਭੈਣ ਐਲਿਸ ਅਤੇ ਉਸ ਦਾ ਪਤੀ ਦੱਸਦੇ ਹਨ: “ਕੁਝ ਭੈਣ-ਭਰਾ ਸਾਨੂੰ ਪੁੱਛਣ ਲੱਗ ਪਏ ਕਿ ਸਾਡੇ ਵਿਆਹ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਹਨ। ਇਹ ਸੁਣ ਕੇ ਸਾਨੂੰ ਬਹੁਤ ਅਜੀਬ ਲੱਗਾ ਕਿਉਂਕਿ ਅਸੀਂ ਤਾਂ ਹਾਲੇ ਖ਼ੁਦ ਇਸ ਬਾਰੇ ਗੱਲ ਨਹੀਂ ਸੀ ਕੀਤੀ।”

16. ਜੇ ਇਕ ਕੁੜੀ-ਮੁੰਡਾ ਡੇਟਿੰਗ ਕਰਨੀ ਬੰਦ ਕਰ ਦਿੰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਜੇ ਇਕ ਕੁੜੀ ਤੇ ਮੁੰਡਾ ਡੇਟਿੰਗ ਕਰਨੀ ਬੰਦ ਕਰ ਦਿੰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ ਅਤੇ ਨਾ ਹੀ ਕੁੜੀ ਜਾਂ ਮੁੰਡੇ ʼਤੇ ਦੋਸ਼ ਲਾਉਣੇ ਚਾਹੀਦੇ ਹਨ। (1 ਪਤ. 4:15) ਭੈਣ ਲੀਆ ਦੱਸਦੀ ਹੈ: “ਜਦੋਂ ਮੈਂ ਇਕ ਭਰਾ ਨਾਲ ਡੇਟਿੰਗ ਕਰਨੀ ਬੰਦ ਕਰ ਦਿੱਤੀ, ਤਾਂ ਦੂਜੇ ਸਾਡੇ ਬਾਰੇ ਗੱਲਾਂ ਕਰਨ ਲੱਗ ਪਏ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ।” ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਡੇਟਿੰਗ ਬੰਦ ਕਰਨੀ ਗ਼ਲਤ ਨਹੀਂ ਹੈ। ਇਸ ਦਾ ਇਹ ਮਤਲਬ ਹੈ ਕਿ ਡੇਟਿੰਗ ਦਾ ਮਕਸਦ ਪੂਰਾ ਹੋ ਗਿਆ। ਜਿਵੇਂ ਇਸ ਮਾਮਲੇ ਵਿਚ ਕੁੜੀ-ਮੁੰਡਾ ਸਮਝ ਗਏ ਕਿ ਉਹ ਇਕ-ਦੂਜੇ ਲਈ ਚੰਗੇ ਜੀਵਨ ਸਾਥੀ ਨਹੀਂ ਸਾਬਤ ਹੋਣਗੇ। ਪਰ ਜਦੋਂ ਇਕ ਕੁੜੀ-ਮੁੰਡਾ ਡੇਟਿੰਗ ਕਰਨੀ ਬੰਦ ਕਰ ਦਿੰਦਾ ਹੈ, ਤਾਂ ਉਨ੍ਹਾਂ ਨੂੰ ਦੁੱਖ ਤਾਂ ਹੁੰਦਾ ਹੀ ਹੈ ਅਤੇ ਉਹ ਸ਼ਾਇਦ ਇਕੱਲੇ ਵੀ ਮਹਿਸੂਸ ਕਰਨ। ਇਸ ਲਈ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਲੱਭ ਸਕਦੇ ਹਾਂ।​—ਕਹਾ. 17:17.

17. ਡੇਟਿੰਗ ਕਰਦਿਆਂ ਕੁੜੀ-ਮੁੰਡੇ ਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?

17 ਜਿੱਦਾਂ ਅਸੀਂ ਦੇਖਿਆ ਕਿ ਡੇਟਿੰਗ ਕਰਦਿਆਂ ਕੁਝ ਮੁਸ਼ਕਲਾਂ ਵੀ ਆਉਂਦੀਆਂ ਹਨ, ਪਰ ਇਹ ਇਕ ਖ਼ੁਸ਼ਨੁਮਾ ਸਫ਼ਰ ਵੀ ਹੈ। ਭੈਣ ਜੈਸਿਕਾ ਦੱਸਦੀ ਹੈ: “ਡੇਟਿੰਗ ਕਰਦਿਆਂ ਸਾਨੂੰ ਬਹੁਤ ਕੁਝ ਕਰਨਾ ਪਿਆ, ਪਰ ਸਾਡੀ ਮਿਹਨਤ ਰੰਗ ਲਿਆਈ। ਅਸੀਂ ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੇ।” ਜੇ ਤੁਸੀਂ ਕਿਸੇ ਨਾਲ ਡੇਟਿੰਗ ਕਰ ਰਹੇ ਹੋ, ਤਾਂ ਉਸ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦੀ ਪੂਰੀ ਕੋਸ਼ਿਸ਼ ਕਰਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਇਕ ਸਹੀ ਫ਼ੈਸਲਾ ਲੈ ਸਕੋਗੇ, ਅਜਿਹਾ ਫ਼ੈਸਲਾ ਜਿਸ ਨਾਲ ਤੁਹਾਨੂੰ ਦੋਹਾਂ ਨੂੰ ਖ਼ੁਸ਼ੀ ਹੋਵੇਗੀ।

ਤੁਸੀਂ ਕੀ ਜਵਾਬ ਦਿਓਗੇ?

  • ਡੇਟਿੰਗ ਕਰਨ ਦਾ ਕੀ ਮਕਸਦ ਹੈ?

  • ਡੇਟਿੰਗ ਕਰਦਿਆਂ ਕੁੜੀ ਤੇ ਮੁੰਡਾ ਕਿਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਨ?

  • ਮੰਡਲੀ ਦੇ ਭੈਣ-ਭਰਾ ਡੇਟਿੰਗ ਕਰਨ ਵਾਲਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

ਗੀਤ 49 ਯਹੋਵਾਹ ਦਾ ਜੀਅ ਖ਼ੁਸ਼ ਕਰੋ

a ਕੁਝ ਨਾਂ ਬਦਲੇ ਗਏ ਹਨ।

b ਤੁਹਾਨੂੰ ਹੋਰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ, ਇਹ ਜਾਣਨ ਲਈ ਨੌਜਵਾਨਾਂ ਦੇ ਸਵਾਲ​—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 39-40 ਦੇਖੋ।

c ਨਾਜਾਇਜ਼ ਸਰੀਰਕ ਸੰਬੰਧਾਂ ਵਿਚ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਵੀ ਸ਼ਾਮਲ ਹੈ। ਜੇ ਕੋਈ ਇਸ ਤਰ੍ਹਾਂ ਕਰਦਾ ਹੈ, ਤਾਂ ਇਸ ਲਈ ਮੰਡਲੀ ਦੇ ਬਜ਼ੁਰਗਾਂ ਨੂੰ ਨਿਆਂ ਕਮੇਟੀ ਬਿਠਾਉਣ ਦੀ ਲੋੜ ਪੈ ਸਕਦੀ ਹੈ। ਛਾਤੀਆਂ ਨੂੰ ਪਲੋਸਣਾ ਅਤੇ ਮੈਸਿਜ ਰਾਹੀਂ ਜਾਂ ਫ਼ੋਨ ʼਤੇ ਗੰਦੀਆਂ ਗੱਲਾਂ ਕਰਨ ਲਈ ਵੀ ਨਿਆਂ ਕਮੇਟੀ ਬਿਠਾਈ ਜਾ ਸਕਦੀ ਹੈ, ਪਰ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਕੀਤਾ ਜਾਂਦਾ ਹੈ।

d ਹੋਰ ਜਾਣਕਾਰੀ ਲੈਣ ਲਈ 15 ਅਗਸਤ 1999 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ