ਸ਼ਬਦਾਂ ਦੀ ਸਮਝ
‘ਪਰਮੇਸ਼ੁਰ ਵੱਲੋਂ ਮਿਲੇ ਤੋਹਫ਼ੇ’ ਦੀ ਵਧੀਆ ਵਰਤੋਂ ਕਰੋ
ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਸਾਰਿਆਂ ਨੂੰ ਹੌਸਲਾ ਮਿਲਦਾ ਹੈ। ਪਰ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ਸਿਰਫ਼ ਨਾਲ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਕੁਝ ਹੋਰ ਵੀ ਕਰਨਾ ਪਵੇਗਾ। ਇਕ-ਦੂਜੇ ਦੀ ਨਿਹਚਾ ਮਜ਼ਬੂਤ ਕਰਨ ਦੀ ਕਾਬਲੀਅਤ ਨੂੰ ਬਾਈਬਲ ਵਿਚ ‘ਪਰਮੇਸ਼ੁਰ ਵੱਲੋਂ ਮਿਲਿਆ ਤੋਹਫ਼ਾ’ ਕਿਹਾ ਗਿਆ ਹੈ। (ਰੋਮੀ. 1:11, 12) ਅਸੀਂ ਇਸ ਤੋਹਫ਼ੇ ਦੀ ਵਧੀਆ ਤਰੀਕੇ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ?
ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰੋ। ਮਿਸਾਲ ਲਈ, ਸਭਾਵਾਂ ਵਿਚ ਅਸੀਂ ਇਸ ਤਰ੍ਹਾਂ ਜਵਾਬ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਸ ਤੋਂ ਭੈਣਾਂ-ਭਰਾਵਾਂ ਦਾ ਧਿਆਨ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਲੋਕਾਂ ʼਤੇ ਜਾਵੇ, ਨਾ ਕਿ ਸਾਡੇ ʼਤੇ। ਭੈਣਾਂ-ਭਰਾਵਾਂ ਨਾਲ ਗੱਲ ਕਰਦਿਆਂ ਵੀ ਅਸੀਂ ਅਜਿਹੇ ਮੁੱਦਿਆਂ ʼਤੇ ਗੱਲ ਕਰ ਸਕਦੇ ਹਾਂ ਜਿਨ੍ਹਾਂ ਨਾਲ ਉਨ੍ਹਾਂ ਦਾ ਹੌਸਲਾ ਵਧੇ।
ਆਪਣੇ ਫ਼ੈਸਲਿਆਂ ਅਤੇ ਕੰਮਾਂ ਰਾਹੀਂ ਦੂਜਿਆਂ ਦਾ ਹੌਸਲਾ ਵਧਾਓ। ਮਿਸਾਲ ਲਈ, ਕੁਝ ਭੈਣ-ਭਰਾ ਮੁਸ਼ਕਲਾਂ ਦੇ ਬਾਵਜੂਦ ਵੀ ਪੂਰੇ ਸਮੇਂ ਦੀ ਸੇਵਾ ਕਰਦੇ ਰਹਿਣ ਦਾ ਫ਼ੈਸਲਾ ਕਰਦੇ ਹਨ। ਕੁਝ ਅਜਿਹੇ ਭੈਣ-ਭਰਾ ਵੀ ਹਨ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਜਿਨ੍ਹਾਂ ਨੂੰ ਕੰਮ ਦੀ ਥਾਂ ʼਤੇ ਇੰਨਾ ਕੰਮ ਹੁੰਦਾ ਹੈ ਕਿ ਉਹ ਥੱਕ ਕੇ ਚੂਰ ਹੋ ਜਾਂਦੇ ਹਨ, ਫਿਰ ਵੀ ਉਹ ਹਫ਼ਤੇ ਦੌਰਾਨ ਹੋਣ ਵਾਲੀ ਸਭਾ ʼਤੇ ਆਉਂਦੇ ਹਨ।
ਕੀ ਤੁਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹੋ? ਨਾਲੇ ਜਦੋਂ ਦੂਜੇ ਤੁਹਾਨੂੰ ਪਰਮੇਸ਼ੁਰ ਵੱਲੋਂ ਕੋਈ ਤੋਹਫ਼ਾ ਦਿੰਦੇ ਹਨ, ਤਾਂ ਕੀ ਤੁਸੀਂ ਉਸ ਨੂੰ ਕਬੂਲ ਕਰਦੇ ਹੋ?