ਪਾਠਕਾਂ ਵੱਲੋਂ ਸਵਾਲ
ਯਹੋਵਾਹ ਛੇਤੀ ਹੀ ਦੇਸ਼ਾਂ ਦੇ ਦਿਲਾਂ ਵਿਚ ਕਿਹੜਾ “ਵਿਚਾਰ” ਪਾਵੇਗਾ?
ਮਹਾਂਕਸ਼ਟ ਸ਼ੁਰੂ ਹੋਣ ਬਾਰੇ ਪ੍ਰਕਾਸ਼ ਦੀ ਕਿਤਾਬ 17:16, 17 ਵਿਚ ਲਿਖਿਆ ਹੈ: “ਤੂੰ ਜਿਹੜੇ ਦਸ ਸਿੰਗ ਅਤੇ ਵਹਿਸ਼ੀ ਦਰਿੰਦਾ ਦੇਖਿਆ ਸੀ, ਉਹ ਉਸ ਵੇਸਵਾ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਅਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ। ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ ਯਾਨੀ ਕਿ ਉਹ ਸਾਰੇ ਆਪਣੇ ਸਾਂਝੇ ਇਰਾਦੇ ਨੂੰ ਪੂਰਾ ਕਰਨ ਲਈ ਉਸ ਵਹਿਸ਼ੀ ਦਰਿੰਦੇ ਨੂੰ . . . ਆਪਣਾ ਅਧਿਕਾਰ ਦੇਣਗੇ।” ਸਾਡੇ ਪ੍ਰਕਾਸ਼ਨਾਂ ਵਿਚ ਪਹਿਲਾਂ ਦੱਸਿਆ ਗਿਆ ਸੀ ਕਿ ਯਹੋਵਾਹ ਦੇਸ਼ਾਂ ਦੇ ਦਿਲਾਂ ਵਿਚ ਇਹ “ਵਿਚਾਰ” ਪਾਵੇਗਾ ਕਿ ਉਹ ਝੂਠੇ ਧਰਮਾਂ ਨੂੰ ਨਾਸ਼ ਕਰ ਦੇਣ।
ਪਰ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਯਹੋਵਾਹ ਦੇਸ਼ਾਂ ਦੇ ਦਿਲਾਂ ਵਿਚ ਇਹ “ਵਿਚਾਰ” ਪਾਵੇਗਾ ਕਿ ਉਹ ‘ਆਪਣਾ ਅਧਿਕਾਰ ਵਹਿਸ਼ੀ ਦਰਿੰਦੇ ਨੂੰ ਦੇ ਦੇਣ।’ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ? ਇਹ ਸਮਝਣ ਲਈ ਆਓ ਆਪਾਂ ਹੇਠਾਂ ਦਿੱਤੇ ਸਵਾਲਾਂ ʼਤੇ ਗੌਰ ਕਰੀਏ।
ਭਵਿੱਖਬਾਣੀ ਵਿਚ ਦੱਸੇ ਮੁੱਖ ਪਾਤਰ ਕੌਣ ਹਨ? ਇਸ ਵਿਚ ਜ਼ਿਕਰ ਕੀਤੀ ਗਈ “ਵੇਸਵਾ,” ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦੀ ਹੈ। ਇਸ ਨੂੰ “ਮਹਾਂ ਬਾਬਲ” ਵੀ ਕਿਹਾ ਜਾਂਦਾ ਹੈ। ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਸੰਯੁਕਤ ਰਾਸ਼ਟਰ-ਸੰਘ ਨੂੰ ਦਰਸਾਉਂਦਾ ਹੈ। ਇਹ ਸੰਗਠਨ ਦੁਨੀਆਂ ਵਿਚ ਸ਼ਾਂਤੀ ਕਾਇਮ ਕਰਨ ਲਈ 1919 ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਨੂੰ ਉਦੋਂ ਰਾਸ਼ਟਰ-ਸੰਘ ਕਿਹਾ ਜਾਂਦਾ ਸੀ। (ਪ੍ਰਕਾ. 17:3-5) “ਦਸ ਸਿੰਗ” ਦੁਨੀਆਂ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ ਜੋ ਵਹਿਸ਼ੀ ਦਰਿੰਦੇ ਦਾ ਸਮਰਥਨ ਕਰਦੀਆਂ ਹਨ।
ਵੇਸਵਾ ਅਤੇ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਦਾ ਆਪਸ ਵਿਚ ਕੀ ਸੰਬੰਧ ਹੈ? ਇਹ ਵੇਸਵਾ ਵਹਿਸ਼ੀ ਦਰਿੰਦੇ ਉੱਤੇ “ਬੈਠੀ” ਹੈ। ਇਸ ਦਾ ਮਤਲਬ ਹੈ ਕਿ ਇਹ ਵਹਿਸ਼ੀ ਦਰਿੰਦੇ ਦਾ ਸਾਥ ਦੇ ਰਹੀ ਹੈ ਅਤੇ ਉਸ ʼਤੇ ਆਪਣਾ ਰੋਹਬ ਜਮਾਉਣ ਦੀ ਕੋਸ਼ਿਸ਼ ਕਰਦੀ ਹੈ।
ਵੇਸਵਾ ਦਾ ਕੀ ਹੋਵੇਗਾ? ਵਹਿਸ਼ੀ ਦਰਿੰਦਾ ਅਤੇ ਉਸ ਦਾ ਸਾਥ ਦੇਣ ਵਾਲੇ ਦਸ ਸਿੰਗ “ਉਸ ਵੇਸਵਾ ਨਾਲ ਨਫ਼ਰਤ ਕਰਨਗੇ।” ਉਹ ਵੇਸਵਾ ਦੀ ਸਾਰੀ ਧਨ-ਦੌਲਤ ਲੈ ਲੈਣਗੇ ਅਤੇ ਉਸ ਦੀ ਦੁਸ਼ਟਤਾ ਦਾ ਪਰਦਾਫ਼ਾਸ਼ ਕਰ ਦੇਣਗੇ। ਫਿਰ ਉਹ ਉਸ ਦਾ ਨਾਸ਼ ਕਰ ਦੇਣਗੇ ਜਿੱਦਾਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ। (ਪ੍ਰਕਾ. 17:1; 18:8) ਇਸ ਤਰ੍ਹਾਂ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਦਾ ਖ਼ਾਤਮਾ ਕੀਤਾ ਜਾਵੇਗਾ। ਪਰ ਇਸ ਤਰ੍ਹਾਂ ਹੋਣ ਤੋਂ ਪਹਿਲਾਂ ਯਹੋਵਾਹ ਦੇਸ਼ਾਂ ਨੂੰ ਕੁਝ ਅਜਿਹਾ ਕਰਨ ਲਈ ਉਕਸਾਵੇਗਾ ਜੋ ਇਨਸਾਨੀ ਹਕੂਮਤ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ।
ਯਹੋਵਾਹ ਦੇਸ਼ਾਂ ਨੂੰ ਕੀ ਕਰਨ ਲਈ ਉਕਸਾਵੇਗਾ? ਉਹ ਦਸ ਸਿੰਗਾਂ ਯਾਨੀ ਸਰਕਾਰਾਂ ਦੇ ਦਿਲਾਂ ਵਿਚ ਆਪਣਾ ਇਹ “ਵਿਚਾਰ” ਪਾਵੇਗਾ ਕਿ ਉਹ “ਆਪਣਾ ਅਧਿਕਾਰ” ਵਹਿਸ਼ੀ ਦਰਿੰਦੇ ਨੂੰ ਯਾਨੀ ਸੰਯੁਕਤ ਰਾਸ਼ਟਰ-ਸੰਘ ਨੂੰ ਦੇ ਦੇਣ। (ਪ੍ਰਕਾ. 17:13) ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ। ਕੀ ਸਰਕਾਰਾਂ ਆਪਣੇ ਆਪ ਹੀ ਵਹਿਸ਼ੀ ਦਰਿੰਦੇ ਨੂੰ ਸਾਰਾ ਅਧਿਕਾਰ ਦੇਣ ਦਾ ਫ਼ੈਸਲਾ ਕਰ ਲੈਣਗੀਆਂ? ਨਹੀਂ! ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ। (ਕਹਾ. 21:1; ਯਸਾਯਾਹ 44:28 ਵਿਚ ਨੁਕਤਾ ਦੇਖੋ।) ਕੀ ਇਹ ਬਦਲਾਅ ਹੌਲੀ-ਹੌਲੀ ਹੋਵੇਗਾ? ਨਹੀਂ। ਇਹ ਅਚਾਨਕ ਹੋਵੇਗਾ! ਜਦੋਂ ਵਹਿਸ਼ੀ ਦਰਿੰਦੇ ਕੋਲ ਬਹੁਤ ਸਾਰੀ ਤਾਕਤ ਤੇ ਅਧਿਕਾਰ ਹੋਵੇਗਾ, ਉਦੋਂ ਉਹ ਯਹੋਵਾਹ ਦੀ ਮਰਜ਼ੀ ਅਨੁਸਾਰ ਸਾਰੇ ਝੂਠੇ ਧਰਮਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।
ਅਸੀਂ ਭਵਿੱਖ ਵਿਚ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਾਂ? ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਖ਼ਬਰਾਂ ਵਿਚ ਦੱਸਿਆ ਜਾਵੇਗਾ ਕਿ ਸਰਕਾਰਾਂ ਹੌਲੀ-ਹੌਲੀ ਸੰਯੁਕਤ ਰਾਸ਼ਟਰ-ਸੰਘ ਦਾ ਹੋਰ ਵੀ ਸਾਥ ਦੇਣ ਲੱਗ ਪਈਆਂ ਹਨ। ਇਸ ਦੀ ਬਜਾਇ, ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਯਹੋਵਾਹ ਅਚਾਨਕ ਦੇਸ਼ਾਂ ਦੇ ਦਿਲਾਂ ਵਿਚ ਇਹ ਗੱਲ ਪਾਵੇਗਾ ਕਿ ਉਹ ਆਪਣਾ ਅਧਿਕਾਰ ਵਹਿਸ਼ੀ ਦਰਿੰਦੇ ਯਾਨੀ ਸੰਯੁਕਤ ਰਾਸ਼ਟਰ-ਸੰਘ ਨੂੰ ਦੇਣ। ਇੱਦਾਂ ਹੋਣ ਤੇ ਅਸੀਂ ਸਮਝ ਜਾਵਾਂਗੇ ਕਿ ਮਹਾਂਕਸ਼ਟ ਬੱਸ ਸ਼ੁਰੂ ਹੀ ਹੋਣ ਵਾਲਾ ਹੈ। ਪਰ ਉਦੋਂ ਤਕ “ਆਓ ਆਪਾਂ ਜਾਗਦੇ ਰਹੀਏ ਅਤੇ ਹੋਸ਼ ਵਿਚ ਰਹੀਏ” ਕਿਉਂਕਿ ਬਹੁਤ ਜਲਦੀ ਅਚਾਨਕ ਕਈ ਬਦਲਾਅ ਹੋਣ ਵਾਲੇ ਹਨ।—1 ਥੱਸ. 5:6.