ਬਦਸਲੂਕੀ ਝੱਲ ਰਹੀਆਂ ਔਰਤਾਂ ਲਈ ਮਦਦ
“ਦੁਨੀਆਂ ਭਰ ਵਿਚ ਲੱਖਾਂ ਹੀ ਔਰਤਾਂ ਅਤੇ ਕੁੜੀਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਕੀ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੈ? ਜਾਣੋ ਕਿ ਰੱਬ ਲਈ ਤੁਹਾਡੀ ਸੁਰੱਖਿਆ ਮਾਅਨੇ ਕਿਉਂ ਰੱਖਦੀ ਹੈ ਅਤੇ ਉਹ ਔਰਤਾਂ ਨਾਲ ਹੁੰਦੇ ਬੁਰੇ ਸਲੂਕ ਬਾਰੇ ਕੀ ਕਰੇਗਾ।”
jw.org/pa ʼਤੇ “ਔਰਤਾਂ ਦੀ ਸੁਰੱਖਿਆ—ਧਰਮ-ਗ੍ਰੰਥ ਵਿਚ ਕੀ ਦੱਸਿਆ ਗਿਆ ਹੈ?” ਨਾਂ ਦਾ ਲੇਖ ਇਨ੍ਹਾਂ ਲਾਈਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਲੇਖ ਦੇ ਅਖ਼ੀਰ ਵਿਚ ਇਕ ਲਿੰਕ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਲੇਖ ਨੂੰ ਪ੍ਰਿੰਟ ਕਰਨ ਲਈ ਇਸ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ। ਪ੍ਰਿੰਟ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਮੋੜ ਸਕਦੇ ਹੋ ਅਤੇ ਚਾਰ ਸਫ਼ਿਆਂ ਵਾਲਾ ਇਕ ਪਰਚਾ ਬਣਾ ਸਕਦੇ ਹੋ। ਅਮਰੀਕਾ ਵਿਚ ਰਹਿਣ ਵਾਲੀ ਭੈਣ ਸਟੇਸੀ ਦੱਸਦੀ ਹੈ: “ਮੈਂ ਇਸ ਲੇਖ ਦੀਆਂ ਕਾਪੀਆਂ ਪ੍ਰਿੰਟ ਕੀਤੀਆਂ ਅਤੇ ਇਕ ਭੈਣ ਨਾਲ ਆਪਣੀ ਮੰਡਲੀ ਦੇ ਉਸ ਇਲਾਕੇ ਵਿਚ ਗਈ ਜਿੱਥੇ ਔਰਤਾਂ ਲਈ ਆਸ਼ਰਮ ਸੀ।”
ਉਸ ਆਸ਼ਰਮ ਵਿਚ ਕੰਮ ਕਰਨ ਵਾਲੀ ਇਕ ਔਰਤ ਨੇ ਭੈਣਾਂ ਕੋਲੋਂ ਪਰਚੇ ਦੀਆਂ ਹੋਰ ਕਾਪੀਆਂ ਮੰਗੀਆਂ ਤਾਂਕਿ ਉਹ ਉੱਥੇ ਰਹਿਣ ਵਾਲੀਆਂ ਔਰਤਾਂ ਨੂੰ ਇਹ ਪਰਚੇ ਵੰਡ ਸਕੇ। ਇਸ ਕਰਕੇ ਇਨ੍ਹਾਂ ਭੈਣਾਂ ਨੇ ਪਰਚੇ ਦੀਆਂ 40 ਹੋਰ ਕਾਪੀਆਂ ਅਤੇ 30 jw.org ਸੰਪਰਕ ਕਾਰਡ ਦਿੱਤੇ। ਜਦੋਂ ਅਗਲੀ ਵਾਰ ਉਹ ਭੈਣਾਂ ਦੁਬਾਰਾ ਉੱਥੇ ਗਈਆਂ, ਤਾਂ ਉਸ ਆਸ਼ਰਮ ਦੀ ਮੈਨੇਜਰ ਚਾਹੁੰਦੀ ਸੀ ਕਿ ਉਹ ਆਸ਼ਰਮ ਦੀਆਂ ਔਰਤਾਂ ਨੂੰ ਦੱਸਣ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ।
ਸਟੇਸੀ ਅਤੇ ਦੋ ਹੋਰ ਭੈਣਾਂ ਕਿਸੇ ਹੋਰ ਆਸ਼ਰਮ ਵਿਚ ਵੀ ਗਈਆਂ। ਉੱਥੇ ਇਸ ਪਰਚੇ ਦੀਆਂ ਪੰਜ ਕਾਪੀਆਂ ਲੈ ਲਈਆਂ ਗਈਆਂ ਅਤੇ ਹੋਰ ਕਾਪੀਆਂ ਦੀ ਵੀ ਮੰਗ ਕੀਤੀ ਗਈ। ਉੱਥੇ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ: “ਇਸ ਪਰਚੇ ਤੋਂ ਇੱਥੇ ਰਹਿੰਦੀਆਂ ਔਰਤਾਂ ਦੀ ਮਦਦ ਹੋਵੇਗੀ। ਸਾਨੂੰ ਇਸ ਪਰਚੇ ਦੀ ਲੋੜ ਹੈ।” ਜਦੋਂ ਉਹ ਭੈਣਾਂ ਦੁਬਾਰਾ ਉੱਥੇ ਆਈਆਂ, ਤਾਂ ਉੱਥੇ ਰਹਿਣ ਵਾਲੀਆਂ ਕਈ ਔਰਤਾਂ ਇਕੱਠੀਆਂ ਹੋ ਗਈਆਂ। ਉਹ ਇਹ ਜਾਣਨਾ ਚਾਹੁੰਦੀਆਂ ਸਨ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ। ਨਾਲੇ ਉਨ੍ਹਾਂ ਵਿੱਚੋਂ ਦੋ ਔਰਤਾਂ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਸ਼ਨੀ-ਐਤਵਾਰ ਵਾਲੀ ਸਭਾ ʼਤੇ ਵੀ ਆਉਣਗੀਆਂ।
ਸਟੇਸੀ ਦੱਸਦੀ ਹੈ: “ਅਸੀਂ ਇਹ ਦੇਖ ਕੇ ਹੈਰਾਨ ਰਹਿ ਗਈਆਂ ਕਿ ਲੋਕ ਇਹ ਪਰਚਾ ਪੜ੍ਹ ਕੇ ਕਿੰਨੇ ਖ਼ੁਸ਼ ਹੋਏ। ਜਦੋਂ ਅਸੀਂ ਇਸ ਨੂੰ ਪ੍ਰਿੰਟ ਕਰ ਕੇ ਅਤੇ ਮੋੜ ਕੇ ਇਕ ਪਰਚਾ ਬਣਾ ਲਿਆ, ਤਾਂ ਇਸ ਨਾਲ ਅਸੀਂ ਅਜਿਹੀਆਂ ਔਰਤਾਂ ਨੂੰ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾ ਸਕੇ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਸੀ। ਜਦੋਂ ਅਸੀਂ ਦੇਖਿਆ ਕਿ ਔਰਤਾਂ ਨੇ ਖ਼ੁਸ਼ੀ-ਖ਼ੁਸ਼ੀ ਇਹ ਪਰਚਾ ਲਿਆ, ਤਾਂ ਸਾਨੂੰ ਬਹੁਤ ਵਧੀਆ ਲੱਗਾ। ਸਾਨੂੰ ਇਸ ਗੱਲ ਦੀ ਵੀ ਬਹੁਤ ਖ਼ੁਸ਼ੀ ਹੈ ਕਿ ਜਦੋਂ ਅਸੀਂ ਅੱਗੇ ਵੀ ਇਸ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾਉਣ ਵਿਚ ਮਿਹਨਤ ਕਰਾਂਗੇ, ਤਾਂ ਯਹੋਵਾਹ ਉਸ ʼਤੇ ਬਰਕਤ ਪਾਵੇਗਾ।”