ਔਰਤਾਂ ਦੀ ਸੁਰੱਖਿਆ—ਧਰਮ-ਗ੍ਰੰਥ ਵਿਚ ਕੀ ਦੱਸਿਆ ਗਿਆ ਹੈ?
ਦੁਨੀਆਂ ਭਰ ਵਿਚ ਲੱਖਾਂ ਹੀ ਔਰਤਾਂ ਅਤੇ ਕੁੜੀਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਕੀ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੈ? ਜਾਣੋ ਕਿ ਰੱਬ ਲਈ ਤੁਹਾਡੀ ਸੁਰੱਖਿਆ ਮਾਅਨੇ ਕਿਉਂ ਰੱਖਦੀ ਹੈ ਅਤੇ ਉਹ ਔਰਤਾਂ ਨਾਲ ਹੁੰਦੇ ਬੁਰੇ ਸਲੂਕ ਬਾਰੇ ਕੀ ਕਰੇਗਾ।
“ਜਦੋਂ ਮੈਂ ਛੋਟੀ ਸੀ, ਤਾਂ ਮੇਰਾ ਵੱਡਾ ਭਰਾ ਹਰ ਰੋਜ਼ ਮੈਨੂੰ ਮਾਰਦਾ-ਕੁੱਟਦਾ ਸੀ ਅਤੇ ਬੁਰਾ-ਭਲਾ ਕਹਿੰਦਾ ਸੀ। ਮੇਰੇ ਵਿਆਹ ਤੋਂ ਬਾਅਦ ਮੇਰੀ ਸੱਸ ਵੀ ਮੇਰੇ ਨਾਲ ਇੱਦਾਂ ਦਾ ਹੀ ਸਲੂਕ ਕਰਦੀ ਸੀ। ਉਹ ਅਤੇ ਮੇਰਾ ਸਹੁਰਾ ਮੈਨੂੰ ਨੌਕਰਾਣੀ ਸਮਝਦੇ ਸਨ। ਮੇਰੇ ਮਨ ਵਿਚ ਖ਼ੁਦਕੁਸ਼ੀ ਕਰਨ ਦੇ ਖ਼ਿਆਲ ਆਉਂਦੇ ਸਨ।”—ਮਧੂ,a ਭਾਰਤ।
ਵਿਸ਼ਵ ਸਿਹਤ ਸੰਗਠਨ ਦੱਸਦਾ ਹੈ, “ਦੁਨੀਆਂ ਭਰ ਵਿਚ ਔਰਤਾਂ ਨਾਲ ਮਾਰ-ਕੁੱਟ ਹੋਣੀ ਆਮ ਹੈ।” ਇਸ ਸੰਗਠਨ ਨੇ ਅਨੁਮਾਨ ਲਾਇਆ ਹੈ ਕਿ ਹਰ ਤਿੰਨ ਔਰਤਾਂ ਵਿੱਚੋਂ ਇਕ ਔਰਤ ਕਦੇ-ਨਾ-ਕਦੇ ਮਾਰ-ਕੁੱਟ ਜਾਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹੁੰਦੀ ਹੈ।
ਜੇ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੈ, ਤਾਂ ਹੋ ਸਕਦਾ ਹੈ ਕਿ ਕਿਤੇ ਜਾਂਦੇ ਵੇਲੇ ਤੁਹਾਨੂੰ ਇਹੀ ਡਰ ਲੱਗਾ ਰਹੇ ਕਿ ਸ਼ਾਇਦ ਤੁਹਾਨੂੰ ਕੋਈ ਬੁਰਾ-ਭਲਾ ਕਹੇਗਾ, ਤੁਹਾਡੇ ʼਤੇ ਹੱਥ ਚੁੱਕੇਗਾ ਜਾਂ ਤੁਹਾਡਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰੇਗਾ। ਇਕ ਔਰਤ ਹੋਣ ਕਰਕੇ ਤੁਹਾਡੇ ਨਾਲ ਜੋ ਬੁਰਾ ਸਲੂਕ ਹੁੰਦਾ ਹੈ, ਉਸ ਕਰਕੇ ਸ਼ਾਇਦ ਤੁਹਾਨੂੰ ਲੱਗੇ ਕਿ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ‘ਔਰਤਾਂ ਕੋਈ ਮਾਅਨੇ ਨਹੀਂ ਰੱਖਦੀਆਂ।’ ਪਰ ਕੀ ਰੱਬ ਦੀਆਂ ਨਜ਼ਰਾਂ ਵਿਚ ਵੀ ਔਰਤਾਂ ਕੋਈ ਮਾਅਨੇ ਨਹੀਂ ਰੱਖਦੀਆਂ?
ਧਰਮ-ਗ੍ਰੰਥ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਦੀ ਸੁਰੱਖਿਆ ਪਰਮੇਸ਼ੁਰ ਲਈ ਬਹੁਤ ਮਾਅਨੇ ਰੱਖਦੀ ਹੈ
ਔਰਤਾਂ ਬਾਰੇ ਰੱਬ ਦਾ ਕੀ ਨਜ਼ਰੀਆ ਹੈ?
ਹਵਾਲਾ: “[ਪਰਮੇਸ਼ੁਰ] ਨੇ ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ।” —ਉਤਪਤ 1:27.
ਮਤਲਬ: ਰੱਬ ਨੇ ਆਦਮੀ ਅਤੇ ਔਰਤ ਦੋਵਾਂ ਨੂੰ ਬਣਾਇਆ ਹੈ। ਉਸ ਦੀਆਂ ਨਜ਼ਰਾਂ ਵਿਚ ਦੋਵੇਂ ਹੀ ਆਦਰ ਦੇ ਹੱਕਦਾਰ ਹਨ। ਰੱਬ ਨਹੀਂ ਚਾਹੁੰਦਾ ਕਿ ਇਕ ਪਤੀ ਆਪਣੀ ਪਤਨੀ ʼਤੇ ਹੁਕਮ ਚਲਾਵੇ, ਉਸ ਨੂੰ ਬੁਰਾ-ਭਲਾ ਕਹੇ ਜਾਂ ਉਸ ʼਤੇ ਹੱਥ ਚੁੱਕੇ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਪਤੀ ‘ਆਪਣੀ ਪਤਨੀ ਨਾਲ ਇਸ ਤਰ੍ਹਾਂ ਪਿਆਰ ਕਰੇ ਜਿਸ ਤਰ੍ਹਾਂ ਉਹ ਆਪਣੇ ਆਪ ਨਾਲ ਕਰਦਾ ਹੈ।’ (ਅਫ਼ਸੀਆਂ 5:33; ਕੁਲੁੱਸੀਆਂ 3:19) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਲਈ ਔਰਤਾਂ ਦੀ ਸੁਰੱਖਿਆ ਬਹੁਤ ਮਾਅਨੇ ਰੱਖਦੀ ਹੈ।
“ਜਦੋਂ ਮੈਂ ਛੋਟੀ ਸੀ, ਤਾਂ ਮੇਰੇ ਰਿਸ਼ਤੇਦਾਰ ਮੇਰੇ ਨਾਲ ਗ਼ਲਤ ਕੰਮ ਕਰਦੇ ਸਨ। 17 ਸਾਲ ਦੀ ਹੋਣ ਤੇ ਮੇਰੇ ਮਾਲਕ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਉਸ ਨਾਲ ਸੈਕਸ ਨਾ ਕੀਤਾ, ਤਾਂ ਉਹ ਮੈਨੂੰ ਕੰਮ ਤੋਂ ਕੱਢ ਦੇਵੇਗਾ। ਵੱਡੀ ਹੋਣ ਤੇ ਮੇਰਾ ਪਤੀ, ਮਾਪੇ ਅਤੇ ਗੁਆਂਢੀ ਮੈਨੂੰ ਨੀਵਾਂ ਮਹਿਸੂਸ ਕਰਾਉਣ ਲੱਗੇ। ਪਰ ਸਮੇਂ ਦੇ ਬੀਤਣ ਨਾਲ ਮੈਂ ਸਾਡੇ ਸਿਰਜਣਹਾਰ ਯਹੋਵਾਹb ਪਰਮੇਸ਼ੁਰ ਬਾਰੇ ਸਿੱਖਿਆ। ਉਹ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਹੈ। ਇਹ ਜਾਣ ਕੇ ਮੈਨੂੰ ਯਕੀਨ ਹੋ ਗਿਆ ਕਿ ਉਹ ਮੇਰੇ ਨਾਲ ਪਿਆਰ ਕਰਦਾ ਹੈ ਅਤੇ ਮੈਨੂੰ ਅਨਮੋਲ ਸਮਝਦਾ ਹੈ।”—ਮਾਰੀਆ, ਅਰਜਨਟੀਨਾ।
ਕਿਹੜੀ ਗੱਲ ਤੁਹਾਡੇ ਦਿਲ ਦੇ ਜ਼ਖ਼ਮਾਂ ਨੂੰ ਭਰ ਸਕਦੀ ਹੈ?
ਹਵਾਲਾ: “ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।”—ਕਹਾਉਤਾਂ 18:24.
ਮਤਲਬ: ਇਕ ਸੱਚਾ ਦੋਸਤ ਤੁਹਾਡੀ ਮਦਦ ਕਰੇਗਾ। ਜੇ ਤੁਹਾਨੂੰ ਸਹੀ ਲੱਗੇ, ਤਾਂ ਕਿਸੇ ਭਰੋਸੇਯੋਗ ਵਿਅਕਤੀ ਸਾਮ੍ਹਣੇ ਆਪਣਾ ਦਿਲ ਖੋਲ੍ਹੋ।
“20 ਸਾਲਾਂ ਤਕ ਮੈਂ ਕਿਸੇ ਨੂੰ ਨਹੀਂ ਦੱਸਿਆ ਸੀ ਕਿ ਮੇਰੇ ਨਾਲ ਅਸ਼ਲੀਲ ਛੇੜਖਾਨੀ ਹੋਈ ਸੀ। ਇਸ ਕਰਕੇ ਮੈਂ ਹਮੇਸ਼ਾ ਦੁਖੀ, ਡਰੀ-ਸਹਿਮੀ ਅਤੇ ਨਿਰਾਸ਼-ਪਰੇਸ਼ਾਨ ਰਹਿੰਦੀ ਸੀ। ਪਰ ਬਾਅਦ ਵਿਚ ਮੈਂ ਕਿਸੇ ਸਾਮ੍ਹਣੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਅਤੇ ਉਸ ਨੇ ਧਿਆਨ ਨਾਲ ਮੇਰੀ ਸੁਣੀ। ਮੈਂ ਦੱਸ ਨਹੀਂ ਸਕਦੀ ਕਿ ਉਦੋਂ ਮੈਨੂੰ ਕਿੰਨੀ ਰਾਹਤ ਮਿਲੀ।”—ਈਲਿਫ, ਤੁਰਕੀਏ।
ਹਵਾਲਾ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਪਰਮੇਸ਼ੁਰ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਮਤਲਬ: ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਰੱਬ ਸੱਚ-ਮੁੱਚ ਤੁਹਾਡੀ ਸੁਣਦਾ ਹੈ। (ਜ਼ਬੂਰ 55:22; 65:2) ਉਹ ਤੁਹਾਡੀ ਬਹੁਤ ਪਰਵਾਹ ਕਰਦਾ ਹੈ ਅਤੇ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਉਸ ਲਈ ਬਹੁਤ ਅਨਮੋਲ ਹੋ।
“ਯਹੋਵਾਹ ਬਾਰੇ ਸਿੱਖਣ ਕਰਕੇ ਮੇਰੇ ਦਿਲ ਦੇ ਗਹਿਰੇ ਜ਼ਖ਼ਮ ਭਰਨ ਲੱਗ ਪਏ। ਹੁਣ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਆਪਣੇ ਦਿਲ ਦਾ ਹਾਲ ਦੱਸ ਸਕਦੀ ਹਾਂ। ਉਹ ਮੇਰਾ ਅਜਿਹਾ ਦੋਸਤ ਹੈ ਜੋ ਮੇਰੀਆਂ ਭਾਵਨਾਵਾਂ ਚੰਗੀ ਤਰ੍ਹਾਂ ਸਮਝਦਾ ਹੈ।”—ਐਨਾ, ਬੇਲੀਜ਼।
ਕੀ ਔਰਤਾਂ ਨਾਲ ਹੁੰਦੀ ਬਦਸਲੂਕੀ ਖ਼ਿਲਾਫ਼ ਪਰਮੇਸ਼ੁਰ ਕੋਈ ਕਦਮ ਚੁੱਕੇਗਾ?
ਹਵਾਲਾ: ‘ਯਹੋਵਾਹ ਯਤੀਮਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਨਿਆਂ ਕਰੇਗਾ ਤਾਂਕਿ ਧਰਤੀ ਦਾ ਮਰਨਹਾਰ ਇਨਸਾਨ ਉਨ੍ਹਾਂ ਨੂੰ ਫਿਰ ਕਦੇ ਨਾ ਡਰਾ ਸਕੇ।’—ਜ਼ਬੂਰ 10:17, 18.
ਮਤਲਬ: ਰੱਬ ਛੇਤੀ ਹੀ ਹਰ ਤਰ੍ਹਾਂ ਦੀ ਬੇਇਨਸਾਫ਼ੀ ਦਾ ਖ਼ਾਤਮਾ ਕਰੇਗਾ ਜਿਸ ਵਿਚ ਔਰਤਾਂ ʼਤੇ ਹੁੰਦੇ ਜ਼ੁਲਮ ਅਤੇ ਅਤਿਆਚਾਰ ਵੀ ਸ਼ਾਮਲ ਹਨ।
“ਮੈਨੂੰ ਇਹ ਜਾਣ ਕੇ ਬਹੁਤ ਰਾਹਤ ਮਿਲੀ ਕਿ ਯਹੋਵਾਹ ਜਲਦੀ ਹੀ ਔਰਤਾਂ ਅਤੇ ਕੁੜੀਆਂ ਨਾਲ ਹੁੰਦੀ ਬਦਸਲੂਕੀ ਨੂੰ ਖ਼ਤਮ ਕਰੇਗਾ। ਇਸ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ।”—ਰੌਬਰਟਾ, ਮੈਕਸੀਕੋ।
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਸਾਨੂੰ ਹੋਰ ਕੀ ਉਮੀਦ ਦਿੰਦੀ ਹੈ, ਤੁਸੀਂ ਇਸ ਵਿਚ ਦਰਜ ਵਾਅਦਿਆਂ ʼਤੇ ਕਿਉਂ ਭਰੋਸਾ ਕਰ ਸਕਦੇ ਹੋ ਅਤੇ ਯਹੋਵਾਹ ਦੇ ਗਵਾਹ ਬਾਈਬਲ ਵਿੱਚੋਂ ਕਿਵੇਂ ਦਿਲਾਸਾ ਦਿੰਦੇ ਹਨ? ਜੇ ਹਾਂ, ਤਾਂ ਇਹ ਫਾਰਮ ਭਰੋ। ਇਸ ਲਈ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਣਗੇ।
a ਕੁਝ ਨਾਂ ਬਦਲੇ ਗਏ ਹਨ।
b ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।