“ਰਾਜ ਦੀਆਂ ਚਾਬੀਆਂ” ਕੀ ਹਨ?
ਬਾਈਬਲ ਕਹਿੰਦੀ ਹੈ
“ਰਾਜ ਦੀਆਂ ਚਾਬੀਆਂ” ਜਾਂ “ਕੁੰਜੀਆਂ” ਇਕ ਖ਼ਾਸ ਅਧਿਕਾਰ ਨੂੰ ਦਰਸਾਉਂਦੀਆਂ ਹਨ। ਕਿਹੜਾ ਅਧਿਕਾਰ? ਲੋਕਾਂ ਵਾਸਤੇ “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ” ਰਾਹ ਖੋਲ੍ਹਣ ਦਾ ਅਧਿਕਾਰ। (ਮੱਤੀ 16:19, ਪਵਿੱਤਰ ਬਾਈਬਲ, OV; ਰਸੂਲਾਂ ਦੇ ਕੰਮ 14:22)a ਯਿਸੂ ਨੇ ਪਤਰਸ ਨੂੰ “ਸਵਰਗ ਦੇ ਰਾਜ ਦੀਆਂ ਚਾਬੀਆਂ” ਦਿੱਤੀਆਂ ਯਾਨੀ ਉਸ ਨੂੰ ਇਕ ਖ਼ਾਸ ਅਧਿਕਾਰ ਦਿੱਤਾ। ਉਸ ਨੇ ਦੱਸਣਾ ਸੀ ਕਿ ਵਫ਼ਾਦਾਰ ਲੋਕ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹਾਸਲ ਕਰ ਕੇ ਕਿਵੇਂ ਸਵਰਗ ਦੇ ਰਾਜ ਵਿਚ ਜਾ ਸਕਦੇ ਹਨ।
ਇਹ ਚਾਬੀਆਂ ਕਿਨ੍ਹਾਂ ਲਈ ਵਰਤੀਆਂ ਗਈਆਂ?
ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਵਰਤ ਕੇ ਪਤਰਸ ਨੇ ਤਿੰਨ ਸਮੂਹਾਂ ਦੇ ਲੋਕਾਂ ਲਈ ਰਾਜ ਵਿਚ ਜਾਣ ਦਾ ਰਾਹ ਖੋਲ੍ਹਿਆ:
ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕ। ਯਿਸੂ ਦੀ ਮੌਤ ਤੋਂ ਕੁਝ ਸਮੇਂ ਬਾਅਦ ਪਤਰਸ ਨੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਕਿਹਾ ਕਿ ਉਹ ਯਿਸੂ ʼਤੇ ਨਿਹਚਾ ਕਰਨ ਅਤੇ ਮੰਨਣ ਕਿ ਪਰਮੇਸ਼ੁਰ ਨੇ ਉਸ ਨੂੰ ਹੀ ਆਪਣੇ ਰਾਜ ਦਾ ਰਾਜਾ ਚੁਣਿਆ ਹੈ। ਪਤਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਕਤੀ ਪਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਪਵੇਗਾ। ਇਸ ਤਰ੍ਹਾਂ ਪਤਰਸ ਨੇ ਉਨ੍ਹਾਂ ਲਈ ਰਾਜ ਵਿਚ ਜਾਣ ਦਾ ਰਾਹ ਖੋਲ੍ਹਿਆ ਅਤੇ ਹਜ਼ਾਰਾਂ ਹੀ ਲੋਕਾਂ ਨੇ ‘ਉਸ ਦੇ ਬਚਨ ਨੂੰ ਮੰਨਿਆ।’—ਰਸੂਲਾਂ ਦੇ ਕੰਮ 2:38-41.
ਸਾਮਰੀ ਲੋਕ। ਬਾਅਦ ਵਿਚ ਪਤਰਸ ਨੂੰ ਸਾਮਰੀ ਲੋਕਾਂ ਕੋਲ ਭੇਜਿਆ ਗਿਆ।b ਉੱਥੇ ਉਸ ਨੇ ਰਾਜ ਦੀ ਦੂਜੀ ਚਾਬੀ ਵਰਤੀ। ਉਸ ਨੇ ਅਤੇ ਯੂਹੰਨਾ ਰਸੂਲ ਨੇ “ਉਨ੍ਹਾਂ ਲਈ ਪਵਿੱਤਰ ਸ਼ਕਤੀ ਵਾਸਤੇ ਪ੍ਰਾਰਥਨਾ ਕੀਤੀ।” (ਰਸੂਲਾਂ ਦੇ ਕੰਮ 8:14-17) ਇਸ ਤਰ੍ਹਾਂ ਸਾਮਰੀ ਲੋਕਾਂ ਲਈ ਰਾਜ ਵਿਚ ਜਾਣ ਦਾ ਰਾਹ ਖੁੱਲ੍ਹ ਗਿਆ।
ਗ਼ੈਰ-ਯਹੂਦੀ ਲੋਕ। ਯਿਸੂ ਦੀ ਮੌਤ ਤੋਂ ਸਾਢੇ ਤਿੰਨ ਸਾਲਾਂ ਬਾਅਦ ਪਰਮੇਸ਼ੁਰ ਨੇ ਪਤਰਸ ਨੂੰ ਦੱਸਿਆ ਕਿ ਗ਼ੈਰ-ਯਹੂਦੀ ਲੋਕਾਂ ਨੂੰ ਵੀ ਰਾਜ ਵਿਚ ਜਾਣ ਦਾ ਮੌਕਾ ਮਿਲੇਗਾ। ਉਦੋਂ ਪਤਰਸ ਨੇ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰ ਕੇ ਤੀਜੀ ਚਾਬੀ ਵਰਤੀ। ਇਸ ਤਰ੍ਹਾਂ ਗ਼ੈਰ-ਯਹੂਦੀਆਂ ਲਈ ਵੀ ਪਵਿੱਤਰ ਸ਼ਕਤੀ ਹਾਸਲ ਕਰਨ, ਮਸੀਹੀ ਬਣਨ ਅਤੇ ਰਾਜ ਵਿਚ ਜਾਣ ਦਾ ਰਾਹ ਖੁੱਲ੍ਹ ਗਿਆ।—ਰਸੂਲਾਂ ਦੇ ਕੰਮ 10:30-35, 44, 45.
“ਰਾਜ ਵਿਚ ਜਾਣ” ਦਾ ਕੀ ਮਤਲਬ ਹੈ?
ਜਿਹੜੇ ਲੋਕ “ਰਾਜ ਵਿਚ” ਜਾਂਦੇ ਹਨ, ਉਹ ਅਸਲ ਵਿਚ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ “ਸਿੰਘਾਸਣਾਂ ਉੱਤੇ ਬੈਠ ਕੇ” ‘ਰਾਜਿਆਂ ਵਜੋਂ ਧਰਤੀ ਉੱਤੇ ਰਾਜ ਕਰਨਗੇ।’—ਲੂਕਾ 22:29, 30; ਪ੍ਰਕਾਸ਼ ਦੀ ਕਿਤਾਬ 5:9, 10.
ਰਾਜ ਦੀਆਂ ਚਾਬੀਆਂ ਬਾਰੇ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਪਤਰਸ ਤੈਅ ਕਰਦਾ ਹੈ ਕਿ ਕੌਣ ਸਵਰਗ ਜਾ ਸਕਦਾ ਹੈ।
ਸੱਚਾਈ: ਬਾਈਬਲ ਦੱਸਦੀ ਹੈ ਕਿ ਪਤਰਸ ਨਹੀਂ, ਸਗੋਂ ਮਸੀਹ ਯਿਸੂ “ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇਗਾ।” (2 ਤਿਮੋਥਿਉਸ 4:1, 8; ਯੂਹੰਨਾ 5:22) ਦਰਅਸਲ ਪਤਰਸ ਨੇ ਆਪ ਕਿਹਾ ਸੀ ਕਿ ਯਿਸੂ ਨੂੰ ਹੀ ‘ਪਰਮੇਸ਼ੁਰ ਨੇ ਜੀਉਂਦਿਆਂ ਅਤੇ ਮਰਿਆਂ ਦਾ ਨਿਆਂ ਕਰਨ ਲਈ ਚੁਣਿਆ ਹੈ।’—ਰਸੂਲਾਂ ਦੇ ਕੰਮ 10:34, 42.
ਗ਼ਲਤਫ਼ਹਿਮੀ: ਸਵਰਗ ਵਿਚ ਸਾਰੇ ਉਡੀਕ ਕਰ ਰਹੇ ਸਨ ਕਿ ਪਤਰਸ ਕਦੋਂ ਰਾਜ ਦੀਆਂ ਚਾਬੀਆਂ ਵਰਤੇਗਾ।
ਸੱਚਾਈ: ਜਦੋਂ ਯਿਸੂ ਰਾਜ ਦੀਆਂ ਚਾਬੀਆਂ ਬਾਰੇ ਗੱਲ ਕਰ ਰਿਹਾ ਸੀ, ਤਾਂ ਉਸ ਨੇ ਪਤਰਸ ਨੂੰ ਕਿਹਾ: “ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਸੁਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਸੁਰਗ ਵਿੱਚ ਖੋਲ੍ਹਿਆ ਜਾਵੇਗਾ।” (ਮੱਤੀ 16:19, OV) ਇਸ ਆਇਤ ਤੋਂ ਕਈ ਲੋਕਾਂ ਨੂੰ ਲੱਗਦਾ ਹੈ ਕਿ ਪਤਰਸ ਨੇ ਜੋ ਤੈਅ ਕੀਤਾ, ਉਸੇ ਹਿਸਾਬ ਨਾਲ ਸਵਰਗ ਵਿਚ ਕੰਮ ਕੀਤੇ ਗਏ। ਪਰ ਇਸ ਆਇਤ ਵਿਚ ਵਰਤੀਆਂ ਗਈਆਂ ਯੂਨਾਨੀ ਭਾਸ਼ਾ ਦੀਆਂ ਕ੍ਰਿਆਵਾਂ ਤੋਂ ਪਤਾ ਲੱਗਦਾ ਹੈ ਕਿ ਜੋ ਫ਼ੈਸਲੇ ਸਵਰਗ ਵਿਚ ਕੀਤੇ ਜਾਂਦੇ ਹਨ, ਉਨ੍ਹਾਂ ਦੇ ਹਿਸਾਬ ਨਾਲ ਪਤਰਸ ਚੱਲਦਾ ਸੀ, ਨਾ ਕਿ ਪਤਰਸ ਦੇ ਹਿਸਾਬ ਨਾਲ ਸਵਰਗ ਵਿਚ ਫ਼ੈਸਲੇ ਲਏ ਜਾਂਦੇ ਸਨ।c
ਬਾਈਬਲ ਦੀਆਂ ਦੂਜੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪਤਰਸ ਨੇ ਸਵਰਗ ਤੋਂ ਮਿਲੀ ਸੇਧ ਨਾਲ ਹੀ ਰਾਜ ਦੀਆਂ ਚਾਬੀਆਂ ਵਰਤੀਆਂ। ਮਿਸਾਲ ਲਈ, ਪਤਰਸ ਨੇ ਪਰਮੇਸ਼ੁਰ ਤੋਂ ਮਿਲੀ ਹਿਦਾਇਤਾਂ ਮੁਤਾਬਕ ਹੀ ਤੀਜੀ ਚਾਬੀ ਵਰਤੀ।—ਰਸੂਲਾਂ ਦੇ ਕੰਮ 10:19, 20.
a ਕਦੇ-ਕਦੇ ਬਾਈਬਲ ਵਿਚ “ਚਾਬੀ” ਸ਼ਬਦ ਅਧਿਕਾਰ ਜਾਂ ਜ਼ਿੰਮੇਵਾਰੀ ਦੀ ਨਿਸ਼ਾਨੀ ਵਜੋਂ ਵਰਤਿਆ ਜਾਂਦਾ ਹੈ।—ਯਸਾਯਾਹ 22:20-22; ਪ੍ਰਕਾਸ਼ ਦੀ ਕਿਤਾਬ 3:7, 8.
b ਸਾਮਰੀ ਲੋਕ ਅਜਿਹੇ ਧਰਮ ਨੂੰ ਮੰਨਦੇ ਸਨ ਜੋ ਯਹੂਦੀ ਧਰਮ ਤੋਂ ਵੱਖਰਾ ਸੀ। ਪਰ ਉਸ ਧਰਮ ਦੀਆਂ ਕੁਝ ਸਿੱਖਿਆਵਾਂ ਅਤੇ ਰੀਤੀ-ਰਿਵਾਜ ਮੂਸਾ ਦੇ ਕਾਨੂੰਨ ʼਤੇ ਆਧਾਰਿਤ ਸਨ।
c ਹਿੰਦੀ ਦੀ ਅਧਿਐਨ ਬਾਈਬਲ ਵਿੱਚੋਂ ਮੱਤੀ 16:19 ਦਾ ਸਟੱਡੀ ਨੋਟ ਦੇਖੋ।