ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 4/8 ਸਫ਼ੇ 22-24
  • ਮੈਨੂੰ ਇੰਨਾ ਬੀਮਾਰ ਕਿਉਂ ਹੋਣਾ ਪੈਂਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਨੂੰ ਇੰਨਾ ਬੀਮਾਰ ਕਿਉਂ ਹੋਣਾ ਪੈਂਦਾ ਹੈ?
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਮੇਰੇ ਨਾਲ ਇਸ ਤਰਾਂ ਕਿਉਂ ਹੋ ਰਿਹਾ ਹੈ?’
  • ਡਰ ਦਾ ਸਾਮ੍ਹਣਾ ਕਰਨਾ
  • ਬੀਮਾਰ ਹੋਣ ਦੀ ਚੁਣੌਤੀ
  • ਡਾਕਟਰੀ ਮੁਲਾਕਾਤਾਂ—ਆਨੰਦਦਾਇਕ ਨਹੀਂ
  • ਜੇਸਨ ਵਰਲਡਸ: ਜੇ ਅਸੀਂ ਯਹੋਵਾਹ ਦੀ ਟੀਮ ਵਿਚ ਹਾਂ, ਤਾਂ ਅਸੀਂ ਹਮੇਸ਼ਾ ਜਿੱਤਾਂਗੇ
    ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਜਾਗਰੂਕ ਬਣੋ!—1997
g97 4/8 ਸਫ਼ੇ 22-24

ਨੌ ਜਵਾਨ ਪੁੱਛਦੇ ਹਨ . . .

ਮੈਨੂੰ ਇੰਨਾ ਬੀਮਾਰ ਕਿਉਂ ਹੋਣਾ ਪੈਂਦਾ ਹੈ?

ਜਦੋਂ ਜੇਸਨ 13 ਸਾਲਾਂ ਦਾ ਸੀ, ਉਸ ਨੇ ਆਪਣਾ ਮਨ ਇਸ ਉਮੀਦ ਉੱਤੇ ਲਾ ਲਿਆ ਕਿ ਇਕ ਦਿਨ ਉਹ ਇਕ ਪੂਰਣ-ਕਾਲੀ ਸੇਵਕ ਦੇ ਤੌਰ ਤੇ ਬੈਥਲ, ਅਰਥਾਤ ਬਰੁਕਲਿਨ, ਨਿਊਯਾਰਕ, ਵਿਚ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਵਿਚ ਸੇਵਾ ਕਰੇਗਾ। ਉਸ ਨੇ ਆਪਣੇ ਵਾਸਤੇ ਇਕ ਲੱਕੜ ਦਾ ਡੱਬਾ ਬਣਾਇਆ ਅਤੇ ਉਸ ਨੂੰ ਆਪਣਾ ਬੈਥਲ ਦਾ ਡੱਬਾ ਸੱਦ ਲਿਆ। ਉਹ ਉਸ ਵਿਚ ਉਨ੍ਹਾਂ ਚੀਜ਼ਾਂ ਨੂੰ ਜਮ੍ਹਾ ਕਰਨ ਲੱਗ ਪਿਆ ਜੋ ਉਹ ਸੋਚਦਾ ਸੀ ਕਿ ਉਸ ਦੇ ਬੈਥਲ ਕੈਰੀਅਰ ਸ਼ੁਰੂ ਕਰਨ ਦੇ ਸਮੇਂ ਲਾਭਦਾਇਕ ਹੋਣਗੀਆਂ।

ਲੇਕਿਨ, ਉਸ ਦੇ 18ਵੇਂ ਜਨਮ-ਦਿਨ ਤੋਂ ਸਿਰਫ਼ ਤਿੰਨ ਮਹੀਨੇ ਬਾਅਦ, ਜੇਸਨ ਵਿਚ ਕਰੋਨਜ਼ ਦੇ ਰੋਗ ਦੀ ਤਸ਼ਖੀਸ ਕੀਤੀ ਗਈ, ਜੋ ਇਕ ਨਾ ਘਟਣ ਵਾਲੀ, ਕਸ਼ਟਦਾਇਕ ਆਂਦਰਾਂ ਦੀ ਬੀਮਾਰੀ ਹੈ। “ਇਸ ਨੇ ਮੈਨੂੰ ਕੁਚਲ ਦਿੱਤਾ,” ਉਹ ਯਾਦ ਕਰਦਾ ਹੈ। “ਮੈਂ ਕੇਵਲ ਆਪਣੇ ਪਿਤਾ ਨੂੰ ਕੰਮ ਤੇ ਟੈਲੀਫ਼ੋਨ ਕਰ ਕੇ ਰੋ ਹੀ ਸਕਿਆ। ਮੈਂ ਜਾਣਦਾ ਸੀ ਕਿ, ਘਟੋ-ਘੱਟ, ਇਸ ਦਾ ਮਤਲਬ ਇਹ ਸੀ ਕਿ ਮੇਰੇ ਬੈਥਲ ਜਾਣ ਦੇ ਸੁਪਨੇ ਦੇ ਸੰਬੰਧ ਵਿਚ ਇਕ ਰੁਕਾਵਟ ਖੜ੍ਹੀ ਹੋ ਗਈ ਸੀ।”

ਬੀਮਾਰੀ ਇਕ ਬੁਨਿਆਦੀ ਕਾਰਨ ਹੈ ਜਿਸ ਕਰਕੇ “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਅਣਗਿਣਤ ਲੱਖਾਂ ਹੀ ਨੌਜਵਾਨ ਬੀਮਾਰਾਂ ਵਿਚ ਸ਼ਾਮਲ ਹਨ। ਅਨੇਕ ਨੌਜਵਾਨ ਆਖ਼ਰਕਾਰ ਰਾਜ਼ੀ ਹੋ ਜਾਂਦੇ ਹਨ। ਲੇਕਿਨ ਦੂਜਿਆਂ ਨੂੰ ਉਹ ਬੀਮਾਰੀਆਂ ਸਹਿਣੀਆਂ ਪੈਂਦੀਆਂ ਹਨ ਜੋ ਚਿਰਕਾਲੀ ਹਨ ਜਾਂ ਜੋ, ਕੁਝ ਮਾਮਲਿਆਂ ਵਿਚ, ਜਾਨਲੇਵਾ ਹੁੰਦੀਆਂ ਹਨ। ਉਨ੍ਹਾਂ ਦੁੱਖਾਂ ਵਿਚ ਜੋ ਨੌਜਵਾਨ ਅਕਸਰ ਸਹਿੰਦੇ ਹਨ ਦਮਾ, ਸ਼ੱਕਰ ਰੋਗ, ਸਿਕਲ-ਸੈੱਲ ਰੋਗ, ਛੂਤ-ਰੋਗ, ਮਿਰਗੀ, ਮਾਨਸਿਕ ਰੋਗ, ਅਤੇ ਕੈਂਸਰ ਸ਼ਾਮਲ ਹਨ। ਕੁਝ ਨੌਜਵਾਨਾਂ ਨੂੰ ਇਕ ਤੋਂ ਵੱਧ ਬੀਮਾਰੀਆਂ ਹੁੰਦੀਆਂ ਹਨ।

‘ਮੇਰੇ ਨਾਲ ਇਸ ਤਰਾਂ ਕਿਉਂ ਹੋ ਰਿਹਾ ਹੈ?’

ਬੀਮਾਰੀ ਅਕਸਰ ਸਰੀਰਕ ਕਸ਼ਟ ਦੇ ਨਾਲ-ਨਾਲ ਮਾਨਸਿਕ ਅਤੇ ਭਾਵਾਤਮਕ ਤਣਾਉ ਪੈਦਾ ਕਰਦੀ ਹੈ। ਉਦਾਹਰਣ ਦੇ ਲਈ, ਜੇ ਬੀਮਾਰੀ ਤੁਹਾਨੂੰ ਕਈ ਮਹੀਨਿਆਂ ਲਈ ਸਕੂਲ ਜਾਣ ਤੋਂ ਰੋਕੇ, ਤਾਂ ਹੋ ਸਕਦਾ ਹੈ ਕਿ ਤੁਸੀਂ ਨਾ ਸਿਰਫ਼ ਆਪਣੀ ਸਕੂਲ ਦੀ ਪੜ੍ਹਾਈ ਵਿਚ ਪਿੱਛੇ ਰਹਿੰਦੇ ਹੋ, ਲੇਕਿਨ ਸਮਾਜ ਤੋਂ ਕੱਟੇ ਹੋਏ ਵੀ ਮਹਿਸੂਸ ਕਰ ਸਕਦੇ ਹੋ। ਜਦੋਂ 12-ਸਾਲਾ ਸਨੀ ਨੂੰ ਸਮੇਂ ਸਮੇਂ ਤੇ ਹਸਪਤਾਲ ਰਹਿਣ ਦੇ ਕਾਰਨ ਸਕੂਲ ਖੁੰਝਣਾ ਪੈਂਦਾ ਹੈ, ਤਾਂ ਉਹ ਚਿੰਤਾ ਕਰਦਾ ਹੈ, ‘ਮੇਰੇ ਸਹਿਪਾਠੀ ਕੀ ਕਰ ਰਹੇ ਹੋਣਗੇ? ਮੈਂ ਅੱਜ ਕੀ ਕੁਝ ਖੁੰਝ ਰਿਹਾ ਹਾਂ?’

ਇਸੇ ਤਰ੍ਹਾਂ, ਅਧਿਆਤਮਿਕ ਵਾਧੇ ਵਿਚ ਘਾਟ ਜਾਪ ਸਕਦੀ ਹੈ ਜਦੋਂ ਤੁਸੀਂ ਇੰਨੇ ਬੀਮਾਰ ਹੁੰਦੇ ਹੋ ਕਿ ਮਸੀਹੀ ਸਭਾਵਾਂ ਵਿਚ ਹਾਜ਼ਰ ਨਹੀਂ ਹੋ ਸਕਦੇ ਹੋ ਜਾਂ ਇੱਥੋਂ ਤਕ ਕਿ ਬਾਈਬਲ ਵੀ ਨਹੀਂ ਪੜ੍ਹ ਸਕਦੇ ਹੋ। ਇਨ੍ਹਾਂ ਹਾਲਤਾਂ ਦੇ ਅਧੀਨ ਤੁਹਾਨੂੰ ਵਧੀਕ ਭਾਵਾਤਮਕ ਅਤੇ ਅਧਿਆਤਮਿਕ ਸਹਾਇਤਾ ਦੀ ਲੋੜ ਹੈ। ਆਰੰਭ ਵਿਚ ਤੁਸੀਂ ਸ਼ਾਇਦ ਤਸ਼ਖੀਸ ਨੂੰ ਸੱਚ ਨਾ ਮੰਨੋ। ਬਾਅਦ ਵਿਚ, ਤੁਸੀਂ ਸ਼ਾਇਦ ਆਪਣੇ ਆਪ ਉੱਤੇ ਬਹੁਤ ਗੁੱਸੇ ਹੋਵੋ, ਇਹ ਸੋਚਦੇ ਹੋਏ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਬੀਮਾਰੀ ਤੋਂ ਬਚ ਸਕਦੇ ਸੀ। ਤੁਸੀਂ ਸ਼ਾਇਦ ਉੱਚੀ ਆਵਾਜ਼ ਵਿਚ ਇਹ ਪੁੱਛਣਾ ਚਾਹੋ, ‘ਪਰਮੇਸ਼ੁਰ ਨੇ ਮੇਰੇ ਨਾਲ ਇਹ ਕਿਉਂ ਹੋਣ ਦਿੱਤਾ?’ (ਤੁਲਨਾ ਕਰੋ ਮੱਤੀ 27:46.) ਅਸਲ ਵਿਚ, ਘਟੋ-ਘੱਟ ਥੋੜ੍ਹੀ-ਬਹੁਤੀ ਉਦਾਸੀ ਅਨੁਭਵ ਕਰਨੀ ਆਮ ਹੈ।

ਨਾਲ ਹੀ, ਇਕ ਨੌਜਵਾਨ ਸ਼ਾਇਦ ਇਹ ਸੋਚੇ ਕਿ ਜੇ ਉਹ ਕੋਈ ਵਿਸ਼ੇਸ਼ ਜਤਨ ਕਰੇ, ਜਿਵੇਂ ਕਿ ਵਧੀਕ ਚੰਗਾ ਬਣਨ ਦੀ ਕੋਸ਼ਿਸ਼ ਕਰਨੀ, ਤਾਂ ਪਰਮੇਸ਼ੁਰ ਉਸ ਦੀ ਬੀਮਾਰੀ ਨੂੰ ਹਟਾ ਦੇਵੇਗਾ। ਮਗਰ, ਇਸ ਤਰ੍ਹਾਂ ਸੋਚਣਾ ਨਿਰਾਸ਼ਾ ਵੱਲ ਲਿਜਾ ਸਕਦਾ ਹੈ, ਕਿਉਂਕਿ ਪਰਮੇਸ਼ੁਰ ਇਸ ਸਮੇਂ ਚਮਤਕਾਰੀ ਚੰਗਾਈ ਕਰਨ ਦਾ ਵਾਅਦਾ ਨਹੀਂ ਕਰਦਾ ਹੈ।—1 ਕੁਰਿੰਥੀਆਂ 12:30; 13:8, 13.

ਸ਼ਾਇਦ ਤੁਸੀਂ ਇਹ ਉਮੀਦ ਕਰਦੇ ਸੀ ਕਿ ਤੁਹਾਨੂੰ ਕਦੇ ਵੀ ਮਰਨਾ ਨਾ ਪਵੇਗਾ—ਕਿ ਤੁਸੀਂ ਉਦੋਂ ਜੀਉਂਦੇ ਹੋਵੋਗੇ ਜਦੋਂ ਪਰਮੇਸ਼ੁਰ “ਵੱਡੀ ਬਿਪਤਾ” ਲਿਆਵੇਗਾ। (ਪਰਕਾਸ਼ ਦੀ ਪੋਥੀ 7:14, 15; ਯੂਹੰਨਾ 11:26) ਤਾਂ ਫਿਰ, ਇਹ ਜਾਣਨਾ ਕਿ ਤੁਹਾਨੂੰ ਇਕ ਜਾਨਲੇਵਾ ਬੀਮਾਰੀ ਹੈ, ਤੁਹਾਨੂੰ ਖ਼ਾਸ ਤੌਰ ਤੇ ਠੇਸ ਪਹੁੰਚਾ ਸਕਦਾ ਹੈ। ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਯਹੋਵਾਹ ਨੂੰ ਨਾਰਾਜ਼ ਕਰਨ ਲਈ ਕੁਝ ਕੀਤਾ ਹੈ, ਜਾਂ ਤੁਸੀਂ ਸ਼ਾਇਦ ਸੋਚੋ ਕਿ ਪਰਮੇਸ਼ੁਰ ਨੇ ਤੁਹਾਨੂੰ ਕਿਸੇ ਖ਼ਾਸ ਖਰਿਆਈ ਦੀ ਅਜ਼ਮਾਇਸ਼ ਦੇ ਲਈ ਚੁਣਿਆ ਹੈ। ਮਗਰ, ਅਜਿਹੇ ਸਿੱਟੇ ਕੱਢਣੇ ਉਚਿਤ ਨਹੀਂ ਹਨ। “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ,” ਪਰਮੇਸ਼ੁਰ ਦਾ ਬਚਨ, ਬਾਈਬਲ ਕਹਿੰਦੀ ਹੈ। (ਯਾਕੂਬ 1:13) ਬੀਮਾਰੀ ਅਤੇ ਮੌਤ ਇਸ ਵਰਤਮਾਨ ਮਾਨਵੀ ਹਾਲਤ ਦੇ ਬਿਪਤਾਜਨਕ ਹਿੱਸੇ ਹਨ, ਅਤੇ ਸਾਡੇ ਸਾਰਿਆਂ ਉੱਤੇ ‘ਸਮੇਂ ਅਤੇ ਅਣਚਿਤਵੀ ਘਟਨਾ,’ ਵਾਪਰ ਸਕਦੀ ਹੈ।—ਉਪਦੇਸ਼ਕ ਦੀ ਪੋਥੀ 9:11, ਨਿ ਵ.

ਡਰ ਦਾ ਸਾਮ੍ਹਣਾ ਕਰਨਾ

ਇਕ ਖ਼ਤਰਨਾਕ ਬੀਮਾਰੀ ਲੱਗਣ ਨਾਲ ਤੁਹਾਨੂੰ ਸ਼ਾਇਦ ਪਹਿਲੀ ਵਾਰ ਗਹਿਰਾ ਡਰ ਵੀ ਮਹਿਸੂਸ ਹੋਵੇ। ਕਿਤਾਬ ਆਪਣੇ ਜੀਵਨ ਲਈ ਸੰਘਰਸ਼ ਕਰਨਾ ਕਿਵੇਂ ਮਹਿਸੂਸ ਹੁੰਦਾ ਹੈ (ਅੰਗ੍ਰੇਜ਼ੀ), 14 ਨੌਜਵਾਨਾਂ, ਜੋ ਖ਼ਤਰਨਾਕ ਬੀਮਾਰੀਆਂ ਦੇ ਮਰੀਜ਼ ਹਨ, ਦੀਆਂ ਟਿੱਪਣੀਆਂ ਦਰਜ ਕਰਦੀ ਹੈ। ਉਦਾਹਰਣ ਦੇ ਲਈ, ਦਸ-ਸਾਲਾ ਐਂਟਾਨ ਡਰਦਾ ਸੀ ਕਿ ਇਕ ਗੰਭੀਰ ਦਮੇ ਦੇ ਦੌਰੇ ਦੌਰਾਨ ਉਹ ਮਰ ਜਾਵੇਗਾ। ਅਤੇ 16-ਸਾਲਾ ਇਲੀਸਬਤ ਜੋ ਹੱਡੀਆਂ ਦੇ ਕੈਂਸਰ ਨਾਲ ਸੰਘਰਸ਼ ਕਰ ਰਹੀ ਸੀ, ਡਰਦੀ ਸੀ ਕਿ ਉਹ ਸੁੱਤੀ ਰਹਿ ਜਾਵੇਗੀ।

ਪਰੰਤੂ, ਕੁਝ ਨੌਜਵਾਨ ਵੱਖਰੇ ਕਿਸਮ ਦੇ ਡਰ ਮਹਿਸੂਸ ਕਰਦੇ ਹਨ—ਡਰ ਕਿ ਉਨ੍ਹਾਂ ਦੇ ਨਾਲ ਕੋਈ ਵਿਆਹ ਕਰਨਾ ਨਹੀਂ ਚਾਹੇਗਾ ਜਾਂ ਡਰ ਕਿ ਭਵਿੱਖ ਵਿਚ ਉਨ੍ਹਾਂ ਦੇ ਤੰਦਰੁਸਤ ਬੱਚੇ ਨਹੀਂ ਹੋਣਗੇ। ਹੋਰ ਨੌਜਵਾਨ ਡਰਦੇ ਹਨ ਕਿ ਉਹ ਆਪਣੀ ਬੀਮਾਰੀ ਆਪਣੇ ਪਰਿਵਾਰ ਦੇ ਜੀਆਂ ਨੂੰ ਦੇ ਦੇਣਗੇ, ਚਾਹੇ ਉਨ੍ਹਾਂ ਦੀ ਬੀਮਾਰੀ ਛੂਤਕ ਹੋਵੇ ਜਾਂ ਨਹੀਂ।

ਭਾਵੇਂ ਕਿ ਬੀਮਾਰੀ ਵੱਧਣੋਂ ਰੁਕ ਗਈ ਹੈ ਜਾਂ ਘੱਟ ਰਹੀ ਹੈ, ਪਰੰਤੂ ਉਸ ਦੀ ਹਾਲਤ ਫਿਰ ਤੋਂ ਖ਼ਰਾਬ ਹੋਣ ਨਾਲ ਡਰ ਦੁਬਾਰਾ ਪ੍ਰਗਟ ਹੋ ਸਕਦੇ ਹਨ। ਜੇਕਰ ਤੁਸੀਂ ਅਜਿਹੇ ਡਰ ਅਨੁਭਵ ਕੀਤੇ ਹਨ, ਤਾਂ ਤੁਸੀਂ ਜਾਣਦੇ ਹੋ ਕਿ ਇਹ ਵਾਸਤਵਿਕ ਹਨ। ਇਹ ਚੰਗੀ ਗੱਲ ਹੈ ਕਿ ਨਕਾਰਾਤਮਕ ਭਾਵਨਾਵਾਂ ਦਾ ਆਰੰਭਕ ਵਾਧਾ ਸਮਾਂ ਬੀਤਣ ਤੇ ਘੱਟ ਜਾਂਦਾ ਹੈ। ਫਿਰ ਤੁਸੀਂ ਆਪਣੇ ਹਾਲਾਤ ਦਾ ਤਾਰਕਿਕ ਢੰਗ ਨਾਲ ਮੁੱਲਾਂਕਣ ਕਰਨਾ ਸ਼ੁਰੂ ਕਰ ਸਕਦੇ ਹੋ।

ਬੀਮਾਰ ਹੋਣ ਦੀ ਚੁਣੌਤੀ

“ਜਦੋਂ ਤੁਸੀਂ ਜਵਾਨ ਹੁੰਦੇ ਹੋ, ਤੁਸੀਂ ਅਜਿੱਤ ਮਹਿਸੂਸ ਕਰਦੇ ਹੋ,” ਜੇਸਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਸੀ, ਟਿੱਪਣੀ ਕਰਦਾ ਹੈ। “ਫਿਰ, ਅਚਾਨਕ ਹੀ, ਗੰਭੀਰ ਤੌਰ ਤੇ ਬੀਮਾਰ ਹੋਣ ਦੇ ਕਾਰਨ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਅਜਿੱਤ ਨਹੀਂ ਹੋ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰਾਤੋ-ਰਾਤ ਹੀ ਬਿਰਧ ਹੋ ਗਏ ਹੋ, ਕਿਉਂਕਿ ਤੁਹਾਨੂੰ ਆਪਣੀਆਂ ਸਰਗਰਮੀਆਂ ਨੂੰ ਘਟਾਉਣਾ ਪੈਂਦਾ ਹੈ।” ਜੀ ਹਾਂ, ਨਵੀਆਂ ਪਾਬੰਦੀਆਂ ਦਾ ਸਾਮ੍ਹਣਾ ਕਰਨਾ ਇਕ ਚੁਣੌਤੀ ਹੈ।

ਜੇਸਨ ਨੇ ਪਾਇਆ ਕਿ ਇਕ ਹੋਰ ਚੁਣੌਤੀ ਉਸ ਵੇਲੇ ਆਉਂਦੀ ਹੈ ਜਦੋਂ ਦੂਜੇ ਤੁਹਾਡੀ ਹਾਲਤ ਨੂੰ ਸਮਝਣ ਵਿਚ ਅਸਫ਼ਲ ਹੁੰਦੇ ਹਨ। ਜੇਸਨ ਨੂੰ ਅਜਿਹੀ ਬੀਮਾਰੀ ਹੈ ਜਿਸ ਨੂੰ “ਅਦ੍ਰਿਸ਼ਟ ਬੀਮਾਰੀ” ਕਿਹਾ ਜਾ ਸਕਦਾ ਹੈ। ਉਸ ਦੀ ਬਾਹਰੀ ਦਿੱਖ ਉਸ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਲੁਕੋ ਲੈਂਦੀ ਹੈ। “ਮੇਰਾ ਸਰੀਰ ਉਵੇਂ ਖ਼ੁਰਾਕ ਨੂੰ ਹਜ਼ਮ ਨਹੀਂ ਕਰਦਾ ਜਿਵੇਂ ਉਸ ਨੂੰ ਕਰਨਾ ਚਾਹੀਦਾ ਹੈ,” ਜੇਸਨ ਵਿਆਖਿਆ ਕਰਦਾ ਹੈ, “ਇਸ ਲਈ ਮੈਨੂੰ ਅਕਸਰ ਖਾਣਾ ਪੈਂਦਾ ਹੈ ਅਤੇ ਮੈਂ ਕਈਆਂ ਨਾਲੋਂ ਬਹੁਤ ਜ਼ਿਆਦਾ ਖਾਂਦਾ ਹਾਂ। ਫਿਰ ਵੀ, ਮੈਂ ਪਤਲਾ ਰਹਿੰਦਾ ਹਾਂ। ਅਤੇ ਕਿਸੇ ਕਿਸੇ ਵੇਲੇ ਮੈਂ ਇੰਨਾ ਥੱਕ ਜਾਂਦਾ ਹਾਂ ਕਿ ਦਿਨ ਦਿਹਾੜੇ ਮੈਂ ਆਪਣੀਆਂ ਅੱਖਾਂ ਖੁੱਲ੍ਹੀਆਂ ਨਹੀਂ ਰੱਖ ਸਕਦਾ। ਲੇਕਿਨ ਲੋਕ ਟਿੱਪਣੀਆਂ ਕਰਦੇ ਹਨ ਜੋ ਦਿਖਾਉਂਦੀਆਂ ਹਨ ਕਿ ਉਹ ਮੈਨੂੰ ਪੇਟੂ ਅਤੇ ਆਲਸੀ ਸਮਝਦੇ ਹਨ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ: ‘ਤੈਨੂੰ ਪਤਾ ਹੈ ਕਿ ਤੂੰ ਹੋਰ ਜਤਨ ਕਰ ਸਕਦਾ ਹੈਂ। ਤੂੰ ਤਾਂ ਕੋਸ਼ਿਸ਼ ਵੀ ਨਹੀਂ ਕਰ ਰਿਹਾ!’”

ਜੇਸਨ ਦੇ ਛੋਟੇ ਭੈਣ-ਭਰਾ ਹਨ ਜੋ ਸਮਝ ਨਹੀਂ ਸਕਦੇ ਕਿ ਉਹ ਉਨ੍ਹਾਂ ਕੰਮਾਂ ਨੂੰ ਕਿਉਂ ਨਹੀਂ ਕਰ ਸਕਦਾ ਜੋ ਉਹ ਪਹਿਲਾਂ ਕਰਦਾ ਸੀ, ਜਿਵੇਂ ਕਿ ਉਨ੍ਹਾਂ ਨੂੰ ਬਾਹਰ ਲੈ ਜਾ ਕੇ ਗੇਂਦ ਖੇਡਣਾ। “ਲੇਕਿਨ ਮੈਂ ਜਾਣਦਾ ਹਾਂ ਕਿ ਜੇ ਮੈਨੂੰ ਚੋਟ ਲੱਗੀ,” ਜੇਸਨ ਟਿੱਪਣੀ ਕਰਦਾ ਹੈ, “ਤਾਂ ਠੀਕ ਹੋਣ ਲਈ ਮੈਨੂੰ ਕਈ ਹਫ਼ਤੇ ਲੱਗ ਸਕਦੇ ਹਨ। ਉਹ ਮੇਰੇ ਦਰਦ ਨੂੰ ਆਪਣੇ ਦਰਦ ਦੇ ਨਾਲ ਤੁਲਨਾ ਕਰਦੇ ਹਨ ਅਤੇ ਕਹਿੰਦੇ ਹਨ, ‘ਉਹ ਸਿਰਫ਼ ਆਪਣੇ ਵੱਲ ਧਿਆਨ ਖਿੱਚਣ ਵਾਸਤੇ ਹੂੰਗਦਾ ਹੈ।’ ਉਨ੍ਹਾਂ ਦੇ ਲਈ ਸਭ ਤੋਂ ਕਸ਼ਟਦਾਇਕ ਦਰਦ ਸ਼ਾਇਦ ਪੈਰ ਨੂੰ ਮਚਕੋੜ ਆਉਣ ਵਰਗਾ ਹੈ, ਇਸ ਲਈ ਅਸਲ ਵਿਚ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੇਰਾ ਦਰਦ ਕਿਹੋ ਜਿਹਾ ਹੈ।”

ਜੇ ਤੁਹਾਡੀ ਬੀਮਾਰੀ ਤੁਹਾਡੇ ਪਰਿਵਾਰ ਉੱਤੇ ਬੋਝ ਪਾਉਂਦੀ ਜਾਪਦੀ ਹੈ, ਤਾਂ ਤੁਹਾਨੂੰ ਸ਼ਾਇਦ ਦੋਸ਼-ਭਾਵਨਾ ਦੇ ਨਾਲ ਸੰਘਰਸ਼ ਕਰਨਾ ਪਵੇ। ਤੁਹਾਡੇ ਮਾਪੇ ਵੀ ਸ਼ਾਇਦ ਆਪਣੇ ਆਪ ਨੂੰ ਦੋਸ਼ੀ ­ਸਮਝਣ। “ਮੇਰੇ ਮਾਤਾ-ਪਿਤਾ ਦੋਨੋਂ ਸਮਝਦੇ ਹਨ ਕਿ ਉਨ੍ਹਾਂ ਨੇ ਵਿਰਸੇ ਵਿਚ ਮੈਨੂੰ ਇਹ ਬੀਮਾਰੀ ਦਿੱਤੀ ਹੈ,” ਜੇਸਨ ਕਹਿੰਦਾ ਹੈ। “ਬੱਚੇ ਅਕਸਰ ਬੀਮਾਰੀ ਦੀ ਵਾਸਤਵਿਕਤਾ ਸਵੀਕਾਰ ਕਰਨ ਤੋਂ ਬਾਅਦ ਉਸ ਦੇ ਅਨੁਕੂਲ ਬਣ ਜਾਂਦੇ ਹਨ। ਲੇਕਿਨ ਮਾਪਿਆਂ ਵਾਸਤੇ ਜ਼ਿਆਦਾ ਔਖਾ ਹੈ। ਉਹ ਮੇਰੇ ਕੋਲੋਂ ਵਾਰ-ਵਾਰ ਮਾਫ਼ੀ ਮੰਗਦੇ ਹਨ। ਉਨ੍ਹਾਂ ਦੀਆਂ ਦੋਸ਼-ਭਾਵਨਾਵਾਂ ਦੂਰ ਕਰਨ ਦੀ ਕੋਸ਼ਿਸ਼ ਵਿਚ ਮੈਨੂੰ ਲਗਾਤਾਰ ਆਪਣੀ ਸਾਰੀ ਵਾਹ ਲਾਉਣੀ ਪੈਂਦੀ ਹੈ।”

ਡਾਕਟਰੀ ਮੁਲਾਕਾਤਾਂ—ਆਨੰਦਦਾਇਕ ਨਹੀਂ

ਲਗਾਤਾਰ ਡਾਕਟਰ ਨਾਲ ਮੁਲਾਕਾਤਾਂ ਚਿੰਤਾ ਦਾ ਸ੍ਰੋਤ ਹੋ ਸਕ­ਦੀਆਂ ਹਨ। ਉਹ ਤੁਹਾਨੂੰ ਮਾਮੂਲੀ ਅਤੇ ਲਾਚਾਰ ਮਹਿਸੂਸ ਕਰਵਾ ਸਕਦੀਆਂ ਹਨ। ਸਿਰਫ਼ ਹਸਪਤਾਲ ਦੇ ਵੇਟਿੰਗ ਰੂਮ ਵਿਚ ਬੈਠਿਆਂ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਭੈਦਾਇਕ ਹੋ ਸਕਦਾ ਹੈ। “ਤੁਸੀਂ . . . ਬਹੁਤ ਇਕੱਲੇ ਮਹਿਸੂਸ ਕਰਦੇ ਹੋ ਅਤੇ ਕਿੰਨਾ ਚੰਗਾ ਹੁੰਦਾ ਜੇਕਰ ਤੁਹਾਡੇ ਨਾਲ ਕੋਈ ਸਾਥ ਦੇਣ ਵਾਲਾ ਹੁੰਦਾ,” 14-ਸਾਲਾ ਜੋਸਫ਼ ਕਹਿੰਦਾ ਹੈ, ਜੋ ਇਕ ਦਿਲ ਦਾ ਮਰੀਜ਼ ਹੈ। ਅਫ਼ਸੋਸ ਦੀ ਗੱਲ ਹੈ ਕਿ ਕੁਝ ਨੌਜਵਾਨਾਂ ਨੂੰ ਇਸ ਤਰ੍ਹਾਂ ਦਾ ਸਹਾਰਾ ਉਨ੍ਹਾਂ ਦੇ ਮਾਪਿਆਂ ਤੋਂ ਵੀ ਨਹੀਂ ਮਿਲਦਾ।

ਡਾਕਟਰੀ ਟੈੱਸਟ ਵੀ ਚਿੰਤਾ ਪੈਦਾ ਕਰ ਸਕਦੇ ਹਨ। ਸਪੱਸ਼ਟ ਰੂਪ ਵਿਚ, ਕੁਝ ਟੈੱਸਟ ਸਰਾਸਰ ਦੁਖਦਾਈ ਹੋ ਸਕਦੇ ਹਨ। ਫਿਰ, ਉਸ ਤੋਂ ਬਾਅਦ, ਨਤੀਜਿਆਂ ਦੇ ਇੰਤਜ਼ਾਰ ਵਿਚ ਤੁਹਾਨੂੰ ਸ਼ਾਇਦ ਕਈ ਦਿਨ ਜਾਂ ਹਫ਼ਤੇ ਚਿੰਤਾ ਵਿਚ ਗੁਜ਼ਾਰਨੇ ਪੈਣ। ਲੇਕਿਨ ਇਹ ਗੱਲ ਯਾਦ ਰੱਖੋ: ਡਾਕਟਰੀ ਟੈੱਸਟ ਕਰਵਾਉਣਾ ਸਕੂਲ ਵਿਚ ਪਰੀਖਿਆ ਦੇਣ ਦੇ ਵਰਗਾ ਨਹੀਂ ਹੈ; ਚਿਕਿਤਸਾ ਸੰਬੰਧੀ ਸਮੱਸਿਆ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਤਰ੍ਹਾਂ ਅਸਫ਼ਲ ਹੋ ਗਏ ਹੋ।

ਦਰਅਸਲ, ਇਕ ਟੈੱਸਟ ਬਹੁਤ ਸਹਾਇਕ ਜਾਣਕਾਰੀ ਮੁਹੱਈਆ ਕਰ ਸਕਦਾ ਹੈ। ਟੈੱਸਟ ਇਹ ਦਿਖਾ ਸਕਦਾ ਹੈ ਕਿ ਤੁਹਾਨੂੰ ਇਕ ਚਿਕਿਤਸਾ ਸੰਬੰਧੀ ਸਮੱਸਿਆ ਹੈ ਜੋ ਆਸਾਨੀ ਨਾਲ ਇਲਾਜਯੋਗ ਹੈ। ਜਾਂ, ਅਗਰ ਇਲਾਜ ਨਹੀਂ ਹੋ ਸਕਦਾ, ਤਾਂ ਟੈੱਸਟ ਦਿਖਾ ਸਕਦਾ ਹੈ ਕਿ ਤੁਸੀਂ ਰੋਗ ਦੇ ਨਾਲ ਜੀਵਨ ਬਿਤਾਉਣ ਵਾਸਤੇ ਕੀ ਕਰ ਸਕਦੇ ਹੋ। ਟੈੱਸਟ ਇਹ ਵੀ ਦਿਖਾ ਸਕਦਾ ਹੈ ਕਿ ਆਖ਼ਰਕਾਰ ਤੁਹਾਨੂੰ ਉਹ ਬੀਮਾਰੀ ਹੈ ਹੀ ਨਹੀਂ ਜਿਸ ਦਾ ਤੁਹਾਨੂੰ ਸ਼ੱਕ ਸੀ। ਇਸ ਲਈ ਆਪਣੀ ਹਾਲਤ ਬਾਰੇ ਕਿਸੇ ਨਤੀਜੇ ਤੇ ਪਹੁੰਚਣ ਦੀ ਕਾਹਲੀ ਨਾ ਕਰਨ ਦੀ ਕੋਸ਼ਿਸ਼ ਕਰੋ।

ਜ਼ਿਆਦਾ ਚਿੰਤਾ ਕਰਨ ਨਾਲ ਤੁਸੀਂ ਕੇਵਲ ਥੱਕ ਜਾਵੋਗੇ। ਬਾਈਬਲ ਕਹਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।” (ਕਹਾਉਤਾਂ 12:25) ਇਸ ਦੀ ਬਜਾਇ, ਪਰਮੇਸ਼ੁਰ ਸਾਨੂੰ ਆਪਣੀਆਂ ਚਿੰਤਾਵਾਂ ਦੇ ਬਾਰੇ ਉਸ ਨੂੰ ਦੱਸਣ ਲਈ ਨਿਮੰਤ੍ਰਣ ਦਿੰਦਾ ਹੈ। ਸਾਨੂੰ ਉਸ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਸਾਡੀ ਪਰਵਾਹ ਕਰਦਾ ਹੈ ਅਤੇ ਕਿ ਉਹ ਸਮੱਸਿਆ ਨਾਲ ਸਭ ਤੋਂ ਉੱਤਮ ਢੰਗ ਨਾਲ ਨਿਪਟਣ ਲਈ ਸਾਨੂੰ ਆਪਣਾ ਨਿਰਦੇਸ਼ਨ ਅਤੇ ਬੁੱਧ ਦੇਵੇਗਾ।—ਜ਼ਬੂਰ 41:3; ਕਹਾਉਤਾਂ 3:5, 6; ਫ਼ਿਲਿੱਪੀਆਂ 4:6, 7; ਯਾਕੂਬ 1:5.

ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਸਾਡੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਨੇ ਧਾਰਮਿਕਤਾ ਦਾ ਇਕ ਨਵਾਂ ਸੰਸਾਰ ਲਿਆਉਣ ਦਾ ਪ੍ਰਬੰਧ ਕੀਤਾ ਹੈ। ਉਹ ਉਨ੍ਹਾਂ ਨੂੰ ਵੀ ਪੁਨਰ-ਉਥਿਤ ਕਰੇਗਾ ਜੋ ਮਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਸ ਨਵੇਂ ਸੰਸਾਰ ਦਾ ਆਨੰਦ ਮਾਣਨ ਦਾ ਮੌਕਾ ਦੇਵੇਗਾ। ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਉਸ ਸਮੇਂ, “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.

ਉਸ ਸਮੇਂ ਤਕ, ਤੁਹਾਨੂੰ ਸ਼ਾਇਦ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰਨਾ ਪਵੇਗਾ। ਫਿਰ ਵੀ, ਬਹੁਤ ਸਾਰੇ ਵਿਵਹਾਰਕ ਕਦਮ ਹਨ ਜੋ ਤੁਸੀਂ ਆਪਣੀ ਸਥਿਤੀ ਦਾ ਪੂਰਾ ਫ਼ਾਇਦਾ ਉਠਾਉਣ ਦੇ ਲਈ ਚੁੱਕ ਸਕਦੇ ਹੋ। ਅਸੀਂ ਇਨ੍ਹਾਂ ਦੀ ਚਰਚਾ ਭਵਿੱਖ ਵਿਚ ਕਿਸੇ ਲੇਖ ਵਿਚ ਕਰਾਂਗੇ।

[ਸਫ਼ੇ 23 ਉੱਤੇ ਤਸਵੀਰ]

ਤੁਸੀਂ ਸ਼ਾਇਦ ਪੁੱਛੋ, ‘ਪਰਮੇਸ਼ੁਰ ਨੇ ਮੇਰੇ ਨਾਲ ਇਹ ਕਿਉਂ ਹੋਣ ਦਿੱਤਾ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ