ਮਲੇਰੀਏ—ਵਿਰੁੱਧ ਲੜਨ ਲਈ ਬੁਨਿਆਦੀ ਉਪਾਉ ਦੀ ਮੁੜ-ਵਰਤੋਂ
ਕਿਉਂ ਜੋ ਦੁਨੀਆਂ ਦਾ ਧਿਆਨ ਅਸੈਨਿਕ ਜੰਗ, ਅਪਰਾਧ, ਬੇਰੋਜ਼ਗਾਰੀ, ਅਤੇ ਹੋਰ ਸੰਕਟਾਂ ਉੱਤੇ ਕੇਂਦ੍ਰਿਤ ਹੈ, ਮਲੇਰੀਏ ਤੋਂ ਹੋਣ ਵਾਲੀਆਂ ਮੌਤਾਂ ਕੋਈ ਖ਼ਾਸ ਸਮਾਚਾਰ ਨਹੀਂ ਹੁੰਦਾ ਹੈ। ਫਿਰ ਵੀ, ਵਿਸ਼ਵ ਸਿਹਤ ਸੰਗਠਨ (WHO [World Health Organisation]) ਕਹਿੰਦਾ ਹੈ ਕਿ ਅੱਜ ਦੁਨੀਆਂ ਦੀ ਆਬਾਦੀ ਦਾ ਤਕਰੀਬਨ ਅੱਧਾ ਹਿੱਸਾ ਮਲੇਰੀਆ ਦੇ ਖ਼ਤਰੇ ਦੇ ਅਧੀਨ ਰਹਿੰਦਾ ਹੈ, ਅਤੇ ਹਰ ਸਾਲ ਕੁਝ 30 ਕਰੋੜ ਤੋਂ 50 ਕਰੋੜ ਲੋਕ ਉਸ ਤੋਂ ਬੀਮਾਰ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਮਲੇਰੀਆ “ਗਰਮ-ਦੇਸ਼ੀ ਰੋਗਾਂ ਵਿੱਚੋਂ ਸਭ ਤੋਂ ਵਿਆਪਕ ਹੈ ਅਤੇ ਸਭ ਤੋਂ ਮਾਰੂ ਰੋਗਾਂ ਵਿੱਚੋਂ ਇਕ ਹੈ।” ਇਹ ਕਿੰਨਾ ਕੁ ਘਾਤਕ ਹੈ?
ਹਰ 20 ਸੈਕਿੰਡ ਵਿਚ ਇਕ ਵਿਅਕਤੀ ਮਲੇਰੀਏ ਤੋਂ ਮਰ ਜਾਂਦਾ ਹੈ। ਇਸ ਦਾ ਅਰਥ ਹੈ ਕਿ ਹਰ ਸਾਲ 15 ਲੱਖ ਤੋਂ ਵੱਧ ਸ਼ਿਕਾਰਾਂ ਦੀ ਮੌਤ ਹੁੰਦੀ ਹੈ—ਜੋ ਕਿ ਅਫ਼ਰੀਕੀ ਕੌਮ, ਬਾਤਸਵਾਨਾ ਦੀ ਕੁੱਲ ਆਬਾਦੀ ਦੇ ਬਰਾਬਰ ਹੈ। ਦਸਾਂ ਵਿੱਚੋਂ ਨੌਂ ਮੌਤਾਂ ਅਫ਼ਰੀਕਾ ਦੇ ਗਰਮ ਦੇਸ਼ਾਂ ਵਿਚ ਹੁੰਦੀਆਂ ਹਨ, ਜਿੱਥੇ ਅਧਿਕਤਰ ਸ਼ਿਕਾਰ ਛੋਟੇ ਬੱਚੇ ਹੁੰਦੇ ਹਨ। ਉੱਤਰੀ ਅਤੇ ਦੱਖਣੀ ਅਮਰੀਕਾ ਵਿਚ, WHO ਦੇ ਰਿਕਾਰਡ ਅਨੁਸਾਰ ਐਮੇਜ਼ਨ ਦੇ ਖੇਤਰ ਵਿਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਮਲੇਰੀਆ ਹੁੰਦਾ ਹੈ। ਵਣ-ਕਟਾਈ ਅਤੇ ਦੂਜੀਆਂ ਵਾਤਾਵਰਣ ਸੰਬੰਧੀ ਤਬਦੀਲੀਆਂ ਦੇ ਕਾਰਨ ਸੰਸਾਰ ਦੇ ਉਸ ਹਿੱਸੇ ਵਿਚ ਮਲੇਰੀਏ ਦੇ ਸ਼ਿਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬ੍ਰਾਜ਼ੀਲ ਦੇ ਕੁਝ ਐਮੇਜ਼ਨੀ ਸਮੂਹਾਂ ਵਿਚ, ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਕਿ ਹਰ 1,000 ਵਾਸੀਆਂ ਵਿੱਚੋਂ 500 ਵਾਸੀ ਰੋਗਗ੍ਰਸਤ ਹਨ।
ਚਾਹੇ ਅਫ਼ਰੀਕਾ ਵਿਚ, ਉੱਤਰੀ ਜਾਂ ਦੱਖਣੀ ਅਮਰੀਕਾ ਵਿਚ, ਏਸ਼ੀਆ ਵਿਚ, ਜਾਂ ਹੋਰ ਕੀਤੇ ਹੋਵੇ, ਮਲੇਰੀਆ ਮੁੱਖ ਤੌਰ ਤੇ ਸਭ ਤੋਂ ਗ਼ਰੀਬ ਆਬਾਦੀ ਵਾਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੈ। WHO ਟਿੱਪਣੀ ਕਰਦਾ ਹੈ ਕਿ ਇਨ੍ਹਾਂ ਲੋਕਾਂ ਦੀ “ਸਿਹਤ ਸੇਵਾਵਾਂ ਤਕ ਬਹੁਤ ਘੱਟ ਪਹੁੰਚ ਹੁੰਦੀ ਹੈ, ਉਨ੍ਹਾਂ ਕੋਲ ਨਿੱਜੀ ਬਚਾਉ ਲਈ ਬਹੁਤ ਘੱਟ ਪੈਸੇ ਹੁੰਦੇ ਹਨ ਅਤੇ ਉਹ ਮਲੇਰੀਆ-ਰੋਕੂ ਵਿਵਸਥਿਤ ਸਰਗਰਮੀਆਂ ਤੋਂ ਸਭ ਤੋਂ ਦੂਰ ਵਸਦੇ ਹਨ।” ਫਿਰ ਵੀ, ਇਨ੍ਹਾਂ ਗ਼ਰੀਬਾਂ ਦੀ ਮੰਦੀ ਹਾਲਤ ਬੇਉਮੀਦ ਨਹੀਂ ਹੈ। ਗਰਮ-ਦੇਸ਼ੀ ਰੋਗ ਦੀ ਖੋਜ ਬਾਰੇ ਇਕ ਸਮਾਚਾਰ-ਪੱਤ੍ਰਿਕਾ, ਟੀ. ਡੀ. ਆਰ. ਨਿਊਜ਼ ਕਹਿੰਦੀ ਹੈ ਕਿ ਹਾਲ ਹੀ ਦੇ ਸਾਲਾਂ ਵਿਚ, ਮਲੇਰੀਏ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦਾ ਇਕ ਸਭ ਤੋਂ ਵੱਧ ਆਸ਼ਾਜਨਕ ਤਰੀਕਾ ਜ਼ਿਆਦਾ ਉਪਲਬਧ ਹੋ ਗਿਆ ਹੈ। ਉਸ ਜਾਨ-ਬਚਾਊ ਤਰੀਕੇ ਦਾ ਨਾਂ? ਕੀੜੇ-ਮਾਰ ਦਵਾਈ ਦਾ ਛਿੜਕਾਅ ਕੀਤੀ ਗਈ ਮੱਛਰਦਾਨੀ।
ਮੱਛਰਦਾਨੀ ਦੇ ਲਾਭ
ਭਾਵੇਂ ਮੱਛਰਦਾਨੀਆਂ ਨੂੰ ਇਸਤੇਮਾਲ ਕਰਨਾ ਇਕ ਬੁਨਿਆਦੀ ਉਪਾਉ ਹੈ, WHO ਦੇ ਅਫ਼ਰੀਕੀ ਦਫ਼ਤਰ ਦੇ ਨਿਰਦੇਸ਼ਕ, ਡਾ. ਇਬਰਾਹੀਮ ਸਾਂਬਾ ਨੇ ਪਾਨੋਸ ਸੰਸਥਾ ਦੀ ਇਕ ਸਮਾਚਾਰ-ਪੱਤ੍ਰਿਕਾ, ਪਾਨੋਸ ਫੀਚਰਸ ਨੂੰ ਦੱਸਿਆ ਕਿ ਮਲੇਰੀਏ ਵਿਰੁੱਧ ਲੜਨ ਵਿਚ ਮੱਛਰਦਾਨੀਆਂ ਦੀ ਪ੍ਰਭਾਵਕਤਾ ਨੂੰ ਪਰਖਣ ਲਈ ਕੀਤੇ ਗਏ ਤਜਰਬਿਆਂ ਦੇ “ਬਹੁਤ ਰੋਮਾਂਚਕ ਨਤੀਜੇ” ਨਿਕਲੇ ਹਨ। ਉਦਾਹਰਣ ਲਈ, ਕੀਨੀਆ ਵਿਚ ਜੀਵਾਂ ਦੁਆਰਾ ਵਿਘਟਨਸ਼ੀਲ ਕੀੜੇ-ਮਾਰ ਦਵਾਈ ਦਾ ਛਿੜਕਾਅ ਕੀਤੀਆਂ ਗਈਆਂ ਮੱਛਰਦਾਨੀਆਂ ਇਸਤੇਮਾਲ ਕਰਨ ਨਾਲ ਨਾ ਕੇਵਲ ਮਲੇਰੀਏ ਤੋਂ ਹੋਈਆਂ ਮੌਤਾਂ ਨੂੰ, ਬਲਕਿ ਪੰਜ ਸਾਲ ਦੀ ਉਮਰ ਤੋਂ ਛੋਟੇ ਬੱਚਿਆਂ ਦੀਆਂ ਕੁੱਲ ਮੌਤਾਂ ਨੂੰ ਵੀ ਇਕ ਤਿਹਾਈ ਘਟਾ ਦਿੱਤਾ ਹੈ। ਜਾਨਾਂ ਬਚਾਉਣ ਤੋਂ ਇਲਾਵਾ, “ਮੱਛਰਦਾਨੀਆਂ ਸਿਹਤ ਸੇਵਾਵਾਂ ਉੱਤੇ ਬੋਝ ਨੂੰ ਬਹੁਤ ਹੱਦ ਤਕ ਘਟਾ ਸਕਦੀਆਂ ਹਨ” ਕਿਉਂਕਿ ਮਲੇਰੀਏ ਲਈ ਘੱਟ ਮਰੀਜ਼ਾਂ ਨੂੰ ਹਸਪਤਾਲ ਵਿਚ ਇਲਾਜ ਦੀ ਜ਼ਰੂਰਤ ਹੋਵੇਗੀ।
ਲੇਕਿਨ, ਇਕ ਸਮੱਸਿਆ ਦਾ ਹੱਲ ਲੱਭਣਾ ਹਾਲੇ ਬਾਕੀ ਹੈ: ਮੱਛਰਦਾਨੀਆਂ ਲਈ ਪੈਸੇ ਕੌਣ ਦੇਵੇਗਾ? ਜਦੋਂ ਇਕ ਅਫ਼ਰੀਕੀ ਕੌਮ ਵਿਚ ਲੋਕਾਂ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ, ਤਾਂ ਅਨੇਕਾਂ ਨੇ ਇਨਕਾਰ ਕੀਤਾ। ਅਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਇਕ ਸਾਲ ਵਿਚ ਸਿਹਤ ਸੰਭਾਲ ਵਾਸਤੇ ਹਰ ਵਿਅਕਤੀ ਉੱਤੇ ਪੰਜ ਅਮਰੀਕੀ ਡਾਲਰ ਤੋਂ ਘੱਟ ਪੈਸੇ ਖ਼ਰਚ ਕੀਤੇ ਜਾਂਦੇ ਹਨ, ਉੱਥੇ ਲੋਕਾਂ ਲਈ ਇਕ ਮੱਛਰਦਾਨੀ ਵੀ—ਭਾਵੇਂ ਕੀੜੇ-ਮਾਰ ਦਵਾਈ ਦਾ ਛਿੜਕਾਅ ਕੀਤੀਆਂ ਗਈਆਂ ਹੋਣ ਜਾਂ ਨਹੀਂ—ਇਕ ਮਹਿੰਗਾ ਸੁਖ-ਸਾਧਨ ਹੈ। ਫਿਰ ਵੀ, ਕਿਉਂਕਿ ਰੋਗ ਰੋਕਣ ਦਾ ਇਹ ਤਰੀਕਾ ਮਲੇਰੀਏ ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਖ਼ਰਚ ਨਾਲੋਂ ਸਸਤਾ ਪਵੇਗਾ, ਯੂ. ਐੱਨ. ਮਾਹਰ ਟਿੱਪਣੀ ਕਰਦੇ ਹਨ ਕਿ “ਦਵਾਈ ਦਾ ਛਿੜਕਾਅ ਕੀਤੀਆਂ ਗਈਆਂ ਮੱਛਰਦਾਨੀਆਂ ਨੂੰ ਵੰਡਣਾ ਅਤੇ ਉਨ੍ਹਾਂ ਦਾ ਖ਼ਰਚਾ ਚੁੱਕਣਾ, ਨਾਕਾਫ਼ੀ ਸਰਕਾਰੀ ਫ਼ੰਡਾਂ ਦਾ ਇਕ ਬਹੁਤ ਹੀ ਸਰਫ਼ੇ ਵਾਲਾ ਇਸਤੇਮਾਲ ਹੋਵੇਗਾ।” ਸੱਚ-ਮੁੱਚ, ਸਰਕਾਰਾਂ ਲਈ, ਮੱਛਰਦਾਨੀਆਂ ਨੂੰ ਮੁਹੱਈਆ ਕਰਨਾ ਪੈਸੇ ਬਚਾਉਣ ਦਾ ਇਕ ਤਰੀਕਾ ਹੋ ਸਕਦਾ ਹੈ। ਮਗਰ, ਉਨ੍ਹਾਂ ਦੀ ਪਰਜਾ ਵਿੱਚੋਂ ਲੱਖਾਂ ਹੀ ਗ਼ਰੀਬ ਲੋਕਾਂ ਲਈ, ਇਹ ਇਸ ਤੋਂ ਬਹੁਤ ਜ਼ਿਆਦਾ ਕੁਝ ਕਰਦਾ ਹੈ—ਇਹ ਉਨ੍ਹਾਂ ਦੀਆਂ ਜਾਨਾਂ ਨੂੰ ਬਚਾਉਣ ਦਾ ਇਕ ਸਾਧਨ ਹੈ।
[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
CDC, Atlanta, Ga.