ਇਕ ਸਮੱਸਿਆ-ਰਹਿਤ ਪਰਾਦੀਸ—ਕੇਵਲ ਇਕ ਸੁਪਨਾ ਹੀ ਹੈ?
“ਇੱਥੇ ਕਿੰਨੀ ਸ਼ਾਂਤੀ ਹੈ!” ਇਡਾਹੋ, ਯੂ. ਐੱਸ. ਏ., ਦੇ ਰਾਜ ਵਿਚ ਰੈੱਡਫਿਸ਼ ਝੀਲ ਤੋਂ ਉਤਾਂਹ ਦੇ ਦਿਆਰ ਦੇ ਬਿਰਛਾਂ ਦੇ ਬਣ ਤੋਂ ਦਿਖਾਈ ਦਿੰਦਾ ਇਹ ਦ੍ਰਿਸ਼ ਵਾਕਈ ਹੀ ਸ਼ਾਂਤ ਸੀ। “ਇਹ ਬਿਲਕੁਲ ਉਸ ਪਰਾਦੀਸ ਵਰਗਾ ਹੈ ਜਿਸ ਦੀ ਮੈਂ ਕਲਪਨਾ ਕਰਦਾ ਹਾਂ,” ਮੁਸਾਫ਼ਰ ਨੇ ਕਿਹਾ।
ਸਾਈਪ੍ਰਸ ਦੇ ਭੂਮੱਧ-ਸਾਗਰੀ ਟਾਪੂ ਦੇ ਦੱਖਣੀ ਕਿਨਾਰੇ ਉੱਤੇ ਨਿੱਘੀ ਧੁੱਪ ਪੈ ਰਹੀ ਸੀ। ਸਮੁੰਦਰ ਦੇ ਰੇਤਲੇ ਕੰਢੇ ਉੱਤੇ ਪਾਣੀ ਦੀਆਂ ਲਹਿਰਾਂ ਸਹਿਜੇ-ਸਹਿਜੇ ਟਕਰਾ ਰਹੀਆਂ ਸਨ। ਇਸ ਨਜ਼ਾਰੇ ਨੂੰ ਟਿੱਲੇ ਉੱਤੇ ਸਥਿਤ ਇਕ ਰੈਸਤੋਰਾਂ ਵਿਚ ਬੈਠੇ ਦੇਖ ਰਹੇ ਸੈਲਾਨੀ ਨੇ ਉੱਚੀ ਆਵਾਜ਼ ਵਿਚ ਕਿਹਾ: “ਇਹ ਵਾਕਈ ਹੀ ਇਕ ਪਰਾਦੀਸ ਹੈ!”
ਸਾਡੇ ਵਿੱਚੋਂ ਅਨੇਕ ਅਜਿਹੇ ਦ੍ਰਿਸ਼ਾਂ ਦੀਆਂ ਯਾਦਾਂ ਨੂੰ ਮਨ ਵਿਚ ਸਾਂਭ ਕੇ ਰੱਖਦੇ ਹਨ। ਪਰੰਤੂ ਇੱਥੋਂ ਦੇ ਨਿਵਾਸੀ ਇਹ ਜਾਣਦੇ ਹਨ ਕਿ ਅਜਿਹਾ ਪਰਾਦੀਸੀ ਵਾਤਾਵਰਣ ਅਕਸਰ ਰੋਜ਼ਾਨਾ ਜੀਵਨ ਦੀਆਂ ਕਠੋਰ ਅਸਲੀਅਤਾਂ ਦੇ ਬਿਲਕੁਲ ਉਲਟ ਹੁੰਦਾ ਹੈ: ਰਾਕੀ ਪਹਾੜਾਂ ਦੇ ਹੇਠਲੇ ਜੰਗਲਾਂ ਦਾ ਜਲਾਇਆ ਜਾਣਾ, ਸਮੁੰਦਰ ਦਾ ਪ੍ਰਦੂਸ਼ਣ ਜੋ ਮੱਛੀਆਂ ਅਤੇ ਆਖ਼ਰਕਾਰ ਮਾਨਵ ਉੱਤੇ ਅਸਰ ਪਾਉਂਦਾ ਹੈ—ਜਾਨ-ਲੇਵਾ ਅੰਤਰ-ਰਾਸ਼ਟਰੀ ਅਤੇ ਅੰਤਰ-ਸਮੁਦਾਇਕ ਝਗੜਿਆਂ ਦੀ ਤਾਂ ਗੱਲ ਹੀ ਛੱਡੋ।
ਪਰਾਦੀਸ—ਉਹ ਹੈ ਕੀ?
ਤੁਸੀਂ ਪਰਾਦੀਸ ਦੀ ਕਿਵੇਂ ਕਲਪਨਾ ਕਰਦੇ ਹੋ? ਦ ਨਿਊ ਸ਼ੌਰਟਰ ਆਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਇਹ ਪਹਿਲੀ ਵਿਆਖਿਆ ਪੇਸ਼ ਕਰਦੀ ਹੈ: “ਉਤ[ਪਤ] 2, 3 ਵਿਚ ਵਰਣਨ ਕੀਤਾ ਗਿਆ ਅਦਨ ਦਾ ਬਾਗ਼।” ਇਹ ਬਾਈਬਲ ਦੀ ਪਹਿਲੀ ਪੋਥੀ ਵਿਚ ਉਸ ਇਲਾਕੇ ਦੇ ਵਰਣਨ ਦਾ ਜ਼ਿਕਰ ਹੈ ਜਿੱਥੇ ਪਰਮੇਸ਼ੁਰ ਨੇ ਪਹਿਲੇ ਮਨੁੱਖ, ਆਦਮ ਨੂੰ ਵਸਾਇਆ ਸੀ। ਉਸ ਮੁਢਲੇ ਪਰਾਦੀਸ ਵਿਚ, ‘ਵੇਖਣ ਵਿੱਚ ਸੁੰਦਰ ਅਰ ਖਾਣ ਵਿੱਚ ਚੰਗੇ’ ਬਿਰਛ ਥਾਂ-ਥਾਂ ਉੱਗਦੇ ਸਨ।—ਉਤਪਤ 2:9.
ਉਸ ਡਿਕਸ਼ਨਰੀ ਵਿਚ ਦਰਜ ਦੂਜੀ ਵਿਆਖਿਆ, “ਪਰਾਦੀਸ” ਨੂੰ “ਈਸਾਈਆਂ ਅਤੇ ਮੁਸਲਮਾਨਾਂ ਦੇ ਧਰਮ-ਸ਼ਾਸਤਰ ਵਿਚ ਸਵਰਗ” ਦੇ ਨਾਲ ਜੋੜਦੀ ਹੈ, ਪਰੰਤੂ ਅੱਗੇ ਕਹਿੰਦੀ ਹੈ: “ਹੁਣ ਮੁੱਖ ਤੌਰ ਤੇ ਕਾਵਿ[ਕ]।” ਲੇਕਿਨ, ਸਾਡੇ ਮੁਸਾਫ਼ਰ ਅਤੇ ਸੈਲਾਨੀ ਦੇ ਲਈ ਪਰਾਦੀਸ, “ਬੇਮਿਸਾਲ ਸੁੰਦਰਤਾ ਜਾਂ ਆਨੰਦ ਦਾ ਇਲਾਕਾ” ਸੀ, ਅਥਵਾ, ਡਿਕਸ਼ਨਰੀ ਦੀ ਤੀਜੀ ਵਿਆਖਿਆ।
16ਵੀਂ ਸਦੀ ਦੇ ਬਰਤਾਨਵੀ ਸਿਆਸਤਦਾਨ ਸਰ ਟੌਮਸ ਮੋਰ ਨੇ ਕਾਲਪਨਿਕ ਸੰਸਾਰ (ਅੰਗ੍ਰੇਜ਼ੀ) ਨਾਮਕ ਇਕ ਪੁਸਤਕ ਲਿਖੀ, ਜਿਸ ਵਿਚ ਉਸ ਨੇ ਇਕ ਖ਼ਿਆਲੀ ਦੇਸ਼ ਦਾ ਵਰਣਨ ਦਿੱਤਾ ਜਿੱਥੇ ਕਾਨੂੰਨ, ਸਰਕਾਰ, ਅਤੇ ਸਮਾਜਕ ਹਾਲਾਤ ਸੰਪੂਰਣ ਸਨ। ਉਹ ਇੰਨਾ ਕਲਪਿਤ ਜਾਪਿਆ ਸੀ ਕਿ ਅੱਜ ਵੈਬਸਟਰਸ ਨਿਊ ਕੌਲੀਜੀਏਟ ਡਿਕਸ਼ਨਰੀ “ਕਾਲਪਨਿਕ ਸੰਸਾਰ” ਲਈ ਅੰਗ੍ਰੇਜ਼ੀ ਸ਼ਬਦ “ਯੂਟੋਪੀਆ” ਦਾ ਵਰਣਨ “ਸਮਾਜਕ ਬਿਹਤਰੀ ਲਈ ਇਕ ਵਿਅਰਥ ਸਕੀਮ” ਵਜੋਂ ਕਰਦੀ ਹੈ।
ਲੋਕਾਂ ਦਾ ਮੰਦਰ (People’s Temple) ਪੰਥ ਦੇ ਆਗੂ ਜਿਮ ਜੋਨਸ ਦੇ ਪੈਰੋਕਾਰਾਂ ਦੇ ਲਈ, ਕਾਲਪਨਿਕ ਸੰਸਾਰ, ਗੀਆਨਾ ਦੇ ਜੰਗਲ ਵਿਚ ਇਕ ਪੱਧਰੀ ਥਾਂ ਸੀ। ਅਫ਼ਸੋਸ ਦੀ ਗੱਲ ਹੈ ਕਿ 1978 ਵਿਚ 900 ਤੋਂ ਵੱਧ ਪੈਰੋਕਾਰਾਂ ਦੇ ਲਈ ਇਹ ਉਡੀਕਿਆ ਗਿਆ ਪਰਾਦੀਸ, ਮੌਤ ਦਾ ਦ੍ਰਿਸ਼ ਬਣ ਗਿਆ—ਵਾਕਈ ਹੀ ਇਕ ਡਰਾਉਣਾ ਸੁਪਨਾ! ਨਤੀਜੇ ਵਜੋਂ, ਕਦੇ-ਕਦਾਈਂ ਲੋਕ ਪਰਾਦੀਸ ਦੇ ਖ਼ਿਆਲ ਨੂੰ ਅਜੀਬ ਪੰਥਾਂ ਨਾਲ ਜੋੜਦੇ ਹਨ ਜਿਨ੍ਹਾਂ ਦੇ ਅਭਿਆਸ ਹੈਰਾਨੀ ਅਤੇ ਪਰੇਸ਼ਾਨੀ ਦਾ ਕਾਰਨ ਹੁੰਦੇ ਹਨ।
ਇਕ ਅਜਿਹੇ ਸੰਸਾਰ ਵਿਚ ਜਿੱਥੇ ਜੁਰਮ ਅਤੇ ਹਿੰਸਾ ਦਾ ਖ਼ਤਰਾ ਰਹਿੰਦਾ ਹੈ, ਜਿੱਥੇ ਬੀਮਾਰੀ ਸਿਆਣਿਆਂ ਅਤੇ ਨਿਆਣਿਆਂ ਦੋਹਾਂ ਦਾ ਪਿੱਛਾ ਕਰਦੀ ਹੈ, ਜਿੱਥੇ ਨਫ਼ਰਤ ਅਤੇ ਧਾਰਮਿਕ ਮਤਭੇਦ ਸਮਾਜਾਂ ਨੂੰ ਵਿਭਾਜਿਤ ਕਰਦੇ ਹਨ, ਸੁੰਦਰ ਵਾਤਾਵਰਣ ਅਕਸਰ ਮਹਿਜ਼ ਇਕ ਬਾਹਰੀ ਦਿਖਾਵਾ ਹੀ ਹੁੰਦਾ ਹੈ। ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਪਰਾਦੀਸ ਨੂੰ ਇਕ ਸੁਪਨਾ ਹੀ ਵਿਚਾਰਦੇ ਹਨ! ਫਿਰ ਵੀ, ਇਸ ਗੱਲ ਨੇ ਕੁਝ ਲੋਕਾਂ ਨੂੰ ਆਪਣੇ ਲਈ ਪਰਾਦੀਸ ਭਾਲਣ ਜਾਂ ਇੱਥੋਂ ਤਕ ਕਿ ਉਸ ਨੂੰ ਬਣਾਉਣ ਦੇ ਜਤਨਾਂ ਤੋਂ ਨਹੀਂ ਰੋਕਿਆ ਹੈ। ਉਹ ਕਿੰਨੇ ਕੁ ਕਾਮਯਾਬ ਹੋਏ ਹਨ?